ਪੰਜਾਬ 'ਚ ਹੜ੍ਹ: ਜੇ ਤੁਹਾਡਾ ਵਾਹਨ ਨੁਕਸਾਨਿਆਂ ਗਿਆ ਹੈ ਤਾਂ ਕਿਵੇਂ ਅਤੇ ਕਿੰਨਾ ਮਿਲੇਗਾ ਬੀਮਾ

ਕਾਰ ਹੜ੍ਹ
ਤਸਵੀਰ ਕੈਪਸ਼ਨ, ਬੀਮਾ ਕੰਪਨੀ ਪਾਲਿਸੀ ਬਜ਼ਾਰ ਦੀ ਵੈੱਬਸਾਈਟ ’ਤੇ ਵੀ ਕੁਦਰਤੀ ਆਫ਼ਤਾਂ ਦੌਰਾਨ ਖ਼ਰਾਬ ਹੋਏ ਵਾਹਨਾਂ ਦਾ ਬੀਮਾ ਮਿਲਣ ਨਾਲ ਜੁੜੀਆਂ ਸੰਭਾਵਨਾਂ ਬਾਰੇ ਵਿਸਥਾਰ ਵਿੱਚ ਦਿੱਤਾ ਗਿਆ ਹੈ।
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਬੀਤੇ ਦਿਨੀਂ ਲਗਾਤਾਰ ਪਏ ਭਾਰੀ ਮੀਂਹ ਤੋਂ ਬਾਅਦ ਉੱਤਰੀ ਭਾਰਤ ਦੇ ਕਈ ਸੂਬੇ ਹੜ੍ਹਾਂ ਦੀ ਮਾਰ ਹੇਠ ਆ ਗਏ।

ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ, ਹਿਮਾਚਲ ਅਤੇ ਪੰਜਾਬ ਵਿੱਚ ਕਈ ਥਾਈਂ ਪਾਣੀ ਭਰ ਗਿਆ। ਅਜਿਹੇ ਵਿੱਚ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ। ਜਿਸ ਵਿੱਚ ਫ਼ਸਲਾਂ, ਘਰਾਂ ਦਾ ਸਮਾਨ, ਇਲੈਕਟ੍ਰੋਨਿਕ ਵਸਤਾਂ ਦੇ ਨਾਲ-ਨਾਲ ਵੱਖ-ਵੱਖ ਵਾਹਨ ਵੀ ਨੁਕਸਾਨੇ ਗਏ।

ਪਰ ਸਵਾਲ ਹੈ ਕਿ ਜੇ ਤੁਹਾਡਾ ਵਾਹਨ ਹੜ੍ਹ ਵਰਗੀ ਕੁਦਰਤੀ ਮਾਰ ਹੇਠ ਖ਼ਰਾਬ ਹੋ ਜਾਂਦਾ ਹੈ ਜਾਂ ਉਸ ਦਾ ਕੋਈ ਹਿੱਸਾ ਟੁੱਟ ਜਾਂਦਾ ਹੈ ਤਾਂ ਕੀ ਉਹ ਇੰਸ਼ੋਰੈਂਸ ਕੰਪਨੀ ਜਿਸਨੂੰ ਤੁਸੀਂ ਖ਼ਰੀਦ ਦੇ ਪਹਿਲੇ ਦਿਨ ਤੋਂ ਲੈ ਕੇ ਸਾਲ ਦਰ ਸਾਲ ਭੁਗਤਾਨ ਕੀਤਾ ਤੁਹਾਡੀ ਬਾਂਹ ਫੜੇਗੀ?

ਤੁਹਾਨੂੰ ਬਣਦਾ ਬੀਮਾ ਦੇਵੇਗੀ?

ਹੜ੍ਹ
ਤਸਵੀਰ ਕੈਪਸ਼ਨ, ਹੜ੍ਹਾਂ ਕਾਰਨ ਹੋਇਆ ਨੁਕਸਾਨ ਤਾਂ ਪੂਰਿਆ ਜਾਵੇਗਾ ਜੇਕਰ ਤੁਸੀਂ ਪਲਾਨ ਵਿੱਚ ਕੰਪਰੀਹੈਂਸਿਵ ਕਵਰੇਜ਼ ਦਾ ਵਿਕਲਪ ਚੁਣਿਆ ਹੋਵੇ।

ਹੜ੍ਹ ਕਾਰਨ ਖ਼ਰਾਬ ਹੋਈ ਕਾਰ ਦਾ ਬੀਮਾ

ਵੀਡੀਓ ਕੈਪਸ਼ਨ, ਹੜ੍ਹ ਵਿੱਚ ਨੁਕਸਾਨੀ ਗਈ ਕਾਰ ਬੀਮਾ ਕਿਵੇਂ ਅਤੇ ਕਿਸ ਤਰ੍ਹਾਂ ਲਿਆ ਜਾ ਸਕਦਾ ਹੈ

ਤੁਹਾਡੀ ਕਾਰ ਦੀ ਬੀਮਾ ਪਾਲਿਸੀ ’ਤੇ ਨਿਰਭਰ ਕਰਦਾ ਹੈ ਕਿ ਹੜ੍ਹਾਂ ਵਿੱਚ ਖ਼ਰਾਬ ਹੋਈ ਤੁਹਾਡੀ ਕਾਰ ਲਈ ਤੁਹਾਨੂੰ ਇੰਸ਼ੋਰੈਂਸ ਦੇ ਪੈਸੇ ਮਿਲਣਗੇ ਜਾਂ ਨਹੀਂ।

ਹੜ੍ਹਾਂ ਕਾਰਨ ਹੋਇਆ ਨੁਕਸਾਨ ਤਾਂ ਪੂਰਿਆ ਜਾਵੇਗਾ ਜੇਕਰ ਤੁਸੀਂ ਪਲਾਨ ਵਿੱਚ ਕੰਪਰੀਹੈਂਸਿਵ ਕਵਰੇਜ਼ ਦਾ ਵਿਕਲਪ ਚੁਣਿਆ ਹੋਵੇ।

ਆਮ ਤੌਰ ’ਤੇ ਅਸੀਂ ਕੋਸ਼ਿਸ਼ ਕਰਦੇ ਹਾਂ, ਉਹ ਪਾਲਿਸੀ ਲੈਣ ਦੀ ਜੋ ਲਾਜ਼ਮੀ ਹੋਵੇ। ਜਿਵੇਂ ਕਿ ਥਰਡ ਪਾਰਟੀ ਇੰਸ਼ੋਰੈਂਸ।

ਅਜਿਹੇ ਵਿੱਚ ਹੜ੍ਹਾਂ ’ਚ ਨੁਕਸਾਨੇ ਵਾਹਨ ਲਈ ਬੀਮਾ ਵਜੋਂ ਕੋਈ ਵੀ ਪੈਸੇ ਜਾਂ ਭਰਪਾਈ ਨਹੀਂ ਹੋਵੇਗੀ।

ਬੀਮਾ ਕੰਪਨੀ ਪਾਲਿਸੀ ਬਜ਼ਾਰ ਦੀ ਵੈੱਬਸਾਈਟ ’ਤੇ ਵੀ ਕੁਦਰਤੀ ਆਫ਼ਤਾਂ ਦੌਰਾਨ ਖ਼ਰਾਬ ਹੋਏ ਵਾਹਨਾਂ ਦਾ ਬੀਮਾ ਮਿਲਣ ਨਾਲ ਜੁੜੀਆਂ ਸੰਭਾਵਨਾਂ ਬਾਰੇ ਵਿਸਥਾਰ ਵਿੱਚ ਦਿੱਤਾ ਗਿਆ ਹੈ।

ਹੜ੍ਹ

ਪਾਲਿਸੀ ਬਜ਼ਾਰ ਮੁਤਾਬਕ ਸਾਨੂੰ ਕਿਸੇ ਵੀ ਵਾਹਨ ਦਾ ਬੀਮਾ ਕਰਵਾਉਣ ਤੋਂ ਪਹਿਲਾਂ ਭਵਿੱਖੀ ਸੰਭਾਵਨਾਵਾਂ ਬਾਰੇ ਸੋਚਨਾ ਚਾਹੀਦਾ ਹੈ।

ਉਨ੍ਹਾਂ ਮੁਤਬਾਕ, ਹੜ੍ਹਾਂ ਵਿੱਚ ਤੁਹਾਡੀ ਕਾਰ ਦਾ ਨੁਕਸਾਨ ਹੋ ਸਕਦਾ ਹੈ, ਕਾਰ ਦੀ ਮਹਿੰਗੀ ਰੀਪੇਅਰ ਕਰਵਾਉਣੀ ਪੈ ਸਕਦੀ ਹੈ ਤੇ ਕਈ ਮਾਮਲਿਆਂ ਵਿੱਚ ਮੁਕੰਮਲ ਤੌਰ ’ਤੇ ਖ਼ਰਾਬ ਵੀ ਹੋ ਸਕਦੀ ਹੈ।

ਅਜਿਹੇ ਵਿੱਚ ਜੇ ਤੁਸੀਂ ਕੰਪਰੀਹੈਂਸਿਵ ਬੀਮਾ ਯੋਜਨਾ ਲਈ ਹੋਵੇ ਤਾਂ ਤੁਹਾਨੂੰ ਨੁਕਸਾਨ ਦੇ ਮੁਕਾਬਲੇ ਵੱਧ ਪੈਸੇ ਵੀ ਮਿਲ ਸਕਦੇ ਹਨ।

ਤੁਹਾਨੂੰ ਬੀਮਾ ਕੰਪਨੀ ਨੂੰ ਦਿੱਤੇ ਪੈਸਿਆਂ ਨਾਲੋਂ ਕਿਤੇ ਵੱਧ ਪੈਸੇ ਮਿਲ ਸਕਦੇ ਹਨ।

ਹੜ੍ਹ
  • ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ ਕਈ ਦਿਨਾਂ ਦੇ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ
  • ਪੰਜਾਬ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ, ਜਿੱਥੇ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ
  • ਸਤਲੁਜ, ਘੱਗਰ ਅਤੇ ਬਿਆਸ ਦੇ ਪਾਣੀ ਨੇ ਲੋਕਾਂ ਦੀ ਭਾਰੀ ਆਰਥਿਕ ਨੁਕਸਾਨ ਕੀਤਾ ਹੈ
  • ਲੋਕ ਘਰਾਂ ਦੀਆਂ ਛੱਤਾਂ ਤੇ ਦਿਨ-ਰਾਤ ਕੱਟ ਰਹੇ ਹਨ
  • ਭਾਰਤੀ ਸੈਨਾ, ਐੱਨਡੀਆਰਐੱਫ, ਪੰਜਾਬ ਪੁਲਿਸ ਤੇ ਆਮ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਕਰ ਰਹੇ ਹਨ
ਹੜ੍ਹ

ਕੰਪਰੀਹੈਂਸਿਵ ਬੀਮਾ ਕੀ ਹੈ ?

ਕੰਪਰੀਹੈਂਸਿਵ ਕਾਰ ਬੀਮਾ, ਨਿੱਜੀ ਕਾਰ ਮਾਲਕਾਂ ਲਈ ਮੋਟਰ ਬੀਮਾ ਪਾਲਿਸੀ ਹੈ ਜਿਸ ਵਿੱਚ ਤੁਹਾਡੇ ਵਾਹਨ ਦਾ ਮੁਕੰਮਲ ਤੌਰ ’ਤੇ ਬੀਮਾ ਕੀਤਾ ਜਾਂਦਾ ਹੈ।

ਇਸ ਵਿੱਚ ਚੋਰੀ, ਐਕਸੀਡੈਂਟ, ਕੁਦਰਤੀ ਆਫ਼ਤਾਂ ਵਗੈਰਾ ਵਿੱਚ ਤੁਹਾਡੇ ਵਾਹਨ ਦੇ ਨੁਕਸਾਨ ਦਾ ਪੂਰਾ ਬੀਮਾ ਮਿਲਦਾ ਹੈ।

ਬੀਮਾ ਕੰਪਨੀ ਵਾਹਨ ਨੂੰ ਰਿਪੇਅਰ ਕਰਵਾਉਣ ਤੇ ਬਦਲਣ ਵਿੱਚ ਹੋਏ ਨੁਕਸਾਨ ਦੀ ਭਰਵਾਈ ਵੀ ਕਰਦੀ ਹੈ।

ਇਸ ਵਿੱਚ ਮਨੁੱਖੀ ਗ਼ਲਤੀਆਂ ਨਾਲ ਹੋਏ ਨੁਕਸਾਨ ਵਿੱਚ ਦਾ ਬੀਮਾ ਵੀ ਮੁਹੱਈਆ ਕਰਵਾਇਆ ਜਾਦਾਂ ਹੈ।

ਕੰਪਰੀਹੈਂਸਿਵ ਬੀਮਾ ਪਾਲਿਸੀ ਵਿੱਚ ਨਾ ਸਿਰਫ਼ ਵਾਹਨ ਬਲਕਿ ਉਸਦੇ ਮਾਲਕ ਦਾ ਨੁਕਸਾਨ ਵੀ ਕਵਰ ਕੀਤਾ ਜਾਂਦਾ ਹੈ।

ਜੇ ਬੀਮਾਕਾਰ ਦੀ ਕਿਸੇ ਹਾਦਸੇ ਵਿੱਚ ਮੌਤ ਹੋ ਜਾਵੇ ਜਾਂ ਫ਼ਿਰ ਜਖ਼ਮੀ ਹੋਣ ਦੀ ਸੂਰਤ ਵਿੱਚ ਇਲਾਜ ਕਰਵਾਉਣਾ ਪਵੇ ਤਾਂ ਵੀ ਕੰਪਰੀਹੈਂਸਿਵ ਪਾਲਿਸੀ ਅਧੀਨ ਬੀਮੇ ਦਾ ਕਲੇਮ ਕੀਤਾ ਜਾ ਸਕਦਾ ਹੈ।

ਹੜ੍ਹਾਂ ਦੌਰਾਨ ਕਿਸ ਕਿਸਮ ਦਾ ਨੁਕਸਾਨ ਹੋ ਸਕਦਾ ਹੈ

ਹੜ੍ਹਾਂ ਦੌਰਾਨ ਵਾਹਨ ਨੂੰ ਵੱਖ-ਵੱਖ ਪੱਧਰ ਦਾ ਨੁਕਸਾਨ ਹੋ ਸਕਦਾ ਹੈ।

ਇੰਜਨ ਦਾ ਨੁਕਸਾਨ: ਕਾਰ ਦੇ ਇੰਜਨ ਵਿੱਚ ਪਾਣੀ ਭਰ ਜਾਣ ਨਾਲ ਇਹ ਅੰਸ਼ਿਕ ਜਾਂ ਮੁਕੰਮਲ ਤੌਰ ’ਤੇ ਖ਼ਰਾਬ ਹੋ ਸਕਦਾ ਹੈ। ਪਾਣੀ ਇੰਜਨ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚ ਸਕਦਾ ਹੈ ਤੇ ਖ਼ਰਾਬੀ ਦਾ ਕਾਰਨ ਬਣ ਸਕਦਾ ਹੈ।

ਗੀਅਰਬਾਕਸ ਦਾ ਨੁਕਸਾਨ: ਪਾਣੀ ਗੀਅਰਬਾਕਸ ਨੂੰ ਵੀ ਪੂਰੀ ਤਰ੍ਹਾਂ ਖ਼ਰਾਬ ਕਰ ਸਕਦਾ ਹੈ ਜਾਂ ਫ਼ਿਰ ਇਸ ਦੇ ਕੰਮ ਵਿੱਚ ਵਿਘਨ ਪਾ ਸਕਦਾ ਹੈ।

ਇਲੈਕਟਿਕ ਤੇ ਇਲੈਕਟ੍ਰੋਨਿਕ ਨੁਕਸਾਨ: ਪਾਣੀ ਸ਼ੌਰਟ ਸਰਕਟ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਵਾਹਨ ਵਿੱਚ ਊਰਜਾ ਦਾ ਸਿਸਟਮ ਖ਼ਰਾਬ ਹੋ ਸਕਦਾ ਹੈ। ਜਿਸ ਨਾਲ ਲਾਈਟਾਂ ਤੇ ਡੈਸ਼ਬੋਰਡ ਵਿੱਚ ਖ਼ਰਾਬੀ ਹੋ ਸਕਦੀ ਹੈ।

ਸੀਟਾਂ, ਸਪ੍ਰਿੰਗਾਂ ਆਦਿ ਦਾ ਨੁਕਸਾਨ: ਪਾਣੀ ਨਾਲ ਕਾਰ ਦੇ ਅੰਦਰ ਲੱਗੀਆਂ ਸੀਟਾਂ, ਕਾਰਪੈਟ ਜਾਂ ਹੋਰ ਕੱਪੜੇ ਦਾ ਨੁਕਸਾਨ ਕਰ ਸਕਦਾ ਹੈ।

ਬੀਮਾ
ਤਸਵੀਰ ਕੈਪਸ਼ਨ, ਕਈ ਬੀਮਾ ਕੰਪਨੀਆਂ ਤੁਹਾਡੇ ਲਈ ਸਹਿਯੋਗੀ ਜਾਂ ਹਰ ਵਕਤ ਲਈ ਐਮਰਜੈਂਸੀ ਮਦਦ ਵੀ ਮੁਹੱਈਆ ਕਰਵਾਉਂਦੀਆਂ ਹਨ।

ਕਿਹੜੀ ਬੀਮਾ ਪਾਲਿਸੀ ਬਹਿਤਰ ਹੋ ਸਕਦੀ ਹੈ

ਕੰਪਰੀਹੈਂਸਿਵ ਬੀਮਾ ਪਾਲਿਸੀ ਸਭ ਤੋਂ ਬਹਿਤਰ ਬਦਲ ਹੋ ਸਕਦਾ ਹੈ। ਖ਼ਾਸਕਰ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ। ਪਰ ਇਸ ਦੀਆਂ ਵੀ ਕੁਝ ਸੀਮਾਵਾਂ ਹਨ।

ਬੇਸ ਪਲਾਨ ਦੇ ਨਾਲ-ਨਾਲ ਤੁਸੀਂ ਇਸ ਪਾਲਿਸੀ ਵਿੱਚ ਕੁਝ ਹੋਰ ਚੀਜ਼ਾਂ ਵੀ ਜੋੜ ਸਕਦੇ ਹੋ ਜੋ ਤੁਹਾਡੀ ਬੀਮਾ ਪਾਲਿਸੀ ਨੂੰ ਹੋਰ ਮਜ਼ਬੂਤ ਬਣਾ ਸਕਦੀਆਂ ਹਨ ਜਿਸ ਨਾਲ ਤੁਸੀਂ ਬੀਮਾ ਕਲੇਮ ਕਰ ਸਕਦੇ ਹੋ।

ਤੁਸੀਂ ਇੰਜਨ ਸੁਰੱਖਿਆ ਚੁਣ ਸਕਦੇ ਹੋ। ਇਸੇ ਤਰ੍ਹਾਂ ਜੇ ਤੁਸੀਂ ਰਿਟਰਨ ਇਨਵਾਇਸ ਕਵਰ ਚੁਣਦੇ ਹੋ ਤਾਂ ਕਾਰ ਦੇ ਖ਼ਰਾਬ ਹੋਣ ਜਾਂ ਗੁਆਚਣ ਦੀ ਸੂਰਤ ਵਿੱਚ ਤੁਸੀਂ ਜਿਸ ਕੀਮਤ ’ਤੇ ਵਾਹਨ ਖ਼ਰੀਦਿਆ ਸੀ, ਉਸ ਕੀਮਤ ਦੇ ਆਧਾਰ ’ਤੇ ਬੀਮਾ ਕਲੇਮ ਕਰ ਸਕਦੇ ਹੋ।

ਜ਼ੀਰੋ ਡੈਪਰੀਸੇਸ਼ਨ ਕਵਰ ਵੀ ਇੱਕ ਬਦਲ ਹੋ ਸਕਦੀ ਹੈ।

ਸਮੇਂ ਦੇ ਨਾਲ-ਨਾਲ ਟਾਇਰਾਂ ਜਾਂ ਹੋਰ ਚੀਜ਼ਾਂ ਦੀ ਘਿਸਾਵਟ ਦੀ ਕੀਮਤ ਜੋੜੀ ਜਾਂਦੀ ਹੈ ਜਿਸ ਨੂੰ ਡੈਪਰੀਸੇਸ਼ਨ ਕਿਹਾ ਜਾਂਦਾ ਹੈ। ਪਰ ਜੇ ਤੁਹਾਡੀ ਬੀਮਾ ਪਾਲਿਸੀ ਵਿੱਚ ਇਸ ਨੂੰ ਕਵਰ ਕਰ ਲਿਆ ਜਾਵੇ ਤਾਂ ਨੁਕਸਾਨ ਬਦਲੇ ਤੁਹਾਨੂੰ ਪੈਸੇ ਕਟਵਾਉਣੇ ਨਹੀਂ ਪੈਣਗੇ।

ਖ਼ਪਤਯੋਗ ਕਵਰ ਵਿੱਚ ਜਿਨ੍ਹਾਂ ਚੀਜ਼ਾਂ ਦੀ ਸਮੇਂ ਨਾਲ ਖ਼ਪਤ ਹੁੰਦੀ ਹੈ ਜਿਵੇਂ ਕਿ ਇੰਜਨ ਆਇਲ, ਪੇਚ, ਗਰੀਸ ਵਗੈਰਾ ਉਨ੍ਹਾਂ ਲਈ ਤੁਸੀਂ ਬੀਮੇ ਦੀ ਮੰਗ ਕਰ ਸਦੇ ਹੋ।

ਕਈ ਬੀਮਾ ਕੰਪਨੀਆਂ ਤੁਹਾਡੇ ਲਈ ਸਹਿਯੋਗੀ ਜਾਂ ਹਰ ਵਕਤ ਲਈ ਐਮਰਜੈਂਸੀ ਮਦਦ ਵੀ ਮੁਹੱਈਆ ਕਰਵਾਉਂਦੀਆਂ ਹਨ। ਜਿਨ੍ਹਾਂ ਵਿੱਚ ਖ਼ਰਾਬ ਗੱਡੀ ਨੂੰ ਇੱਕ ਥਾਂ ਤੋਂ ਦੂਜੀ ਤੱਕ ਪਹੁੰਚਾਉਣ, ਜੇ ਕਦੇ ਸਫ਼ਰ ਦਰਮਿਆਨ ਤੇਲ ਮੁੱਕ ਜਾਵੇ ਤਾਂ ਮਦਦ ਕਰਨਾ ਤੇ ਛੋਟੀਆਂ ਮੋਟੀਆਂ ਰਿਪੇਰਜ਼ ਮੁਹੱਈਆ ਕਰਵਾਉਣਾ।

ਬੀਮਾ
ਤਸਵੀਰ ਕੈਪਸ਼ਨ, ਥੋੜ੍ਹਾ ਧਿਆਨ ਰੱਖਣ ਨਾਲ ਤੁਸੀਂ ਆਪਣੇ ਵਾਹਨ ਦਾ ਬਚਾਅ ਕਰ ਸਕਦੇ ਹੋ ਪਰ ਨੁਕਸਾਨ ਦੀ ਸੂਰਤ ਵਿੱਚ ਸਹੀ ਬੀਮਾ ਪਾਲਿਸੀ ਤੁਹਾਡੀ ਮਦਦਗਾਰ ਵੀ ਸਾਬਤ ਹੋ ਸਕਦੀ ਹੈ।

ਹੜ੍ਹ ਪ੍ਰਭਾਵਿਤ ਕਾਰਾਂ ਲਈ ਬੀਮਾ ਪੰਜੀਕਰਨ ਕਿਵੇਂ ਕਰੀਏ

ਵੱਖ-ਵੱਖ ਕੰਪਨੀਆਂ ਵਲੋਂ ਬੀਮਾ ਕਲੇਮ ਕਰਨ ਦੇ ਵੱਖੋ-ਵੱਖ ਤਰੀਕੇ ਹਨ। ਪਰ ਕੁਝ ਚੀਜ਼ਾਂ ਲਾਜ਼ਮੀ ਤੌਰ ’ਤੇ ਇਹ ਹਨ..

  • ਜਦੋਂ ਹੀ ਕਾਰ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਹੋਵੇ ਆਪਣੇ ਏਜੰਟ ਨੂੰ ਦੱਸੋ ਜਾਂ ਕੰਪਨੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਜ਼ਰੀਏ ਵੀ ਕੰਪਨੀ ਨੂੰ ਦੱਸ ਸਕਦੇ ਹੋ
  • ਜਿੰਨਾਂ ਸੰਭਵ ਹੋਵੇ ਨੁਕਸਾਨ ਅਤੇ ਉਸ ਦੇ ਕਾਰਨ ਦੇ ਸਬੂਤ ਇਕੱਤਰ ਕਰੋ। ਵੀਡੀਓ ਬਣਾਓ, ਤਸਵੀਰਾਂ ਖਿੱਚੋਂ। ਪਾਣੀ ਦੀਆਂ ਤਸਵੀਰਾਂ ਵੀ ਲਓ।
  • ਪੰਜੀਕਰਨ ਤੋਂ ਪਹਿਲਾਂ ਆਪਣੇ ਕੋਲ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਕਾਰ ਦਾ ਰਜਿਸਟ੍ਰੇਸ਼ਨ ਸਰਟੀਫ਼ਿਕੇਟ, ਮਾਲਕ ਦਾ ਡਰਾਈਵਿੰਗ ਲਾਇਸੈਂਸ, ਆਪਣੀ ਪਾਲਿਸੀ ਦੇ ਦਸਤਾਵੇਜ਼ ਵਗੈਰਾ ਕੋਲ ਰੱਖੋ ਤਾਂ ਜੋ ਪੁੱਛੇ ਜਾਣ ਉੱਤੇ ਤੁਸੀਂ ਦੱਸ ਸਕੋ।
  • ਆਪਣਾ ਕਲੇਮ ਫ਼ੌਰੀ ਤੌਰ ’ਤੇ ਵੈੱਬਸਾਈਟ ਜਾਂ ਮੋਬਾਇਲ ਐਪ ਜ਼ਰੀਏ ਤੁਰੰਤ ਕਲੇਮ ਕਰੋ। ਇਸ ਦੇ ਨਾਲ ਹੀ ਪਾਲਿਸੀ ਦੀ ਕਾਪੀ ਤੇ ਹੋਰ ਦਸਤਾਵੇਜ਼ ਅਪਲੋਡ ਕਰੋ।

ਥੋੜ੍ਹਾ ਧਿਆਨ ਰੱਖਣ ਨਾਲ ਤੁਸੀਂ ਆਪਣੇ ਵਾਹਨ ਦਾ ਬਚਾਅ ਕਰ ਸਕਦੇ ਹੋ ਪਰ ਨੁਕਸਾਨ ਦੀ ਸੂਰਤ ਵਿੱਚ ਸਹੀ ਬੀਮਾ ਪਾਲਿਸੀ ਤੁਹਾਡੀ ਮਦਦਗਾਰ ਵੀ ਸਾਬਤ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)