ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਪਾਣੀ ਵਿੱਚ ਯੂਰੇਨੀਅਮ ਕਾਰਨ ਲੋਕਾਂ ਦੀ ਸਿਹਤ 'ਤੇ ਕੀ ਹੋ ਰਿਹਾ ਅਸਰ - ਗਰਾਉਂਡ ਰਿਪੋਰਟ

ਪੰਜਾਬ ਚੋਣਾਂ
ਤਸਵੀਰ ਕੈਪਸ਼ਨ, ਕੋਟਕਪੁਰੇ ਦੀ ਦੀਕਸ਼ਾ 19 ਸਾਲ ਦੀ ਹੋ ਚੁੱਕੀ ਹੈ ਬਸ ਦੋ ਸ਼ਬਦ ਸਮਝਦੀ ਹੈ, ਸਿਟ ਅਤੇ ਸਟੈਂਡ
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਪਿਤਾ ਬਣਨ ਤੋਂ ਬਾਅਦ ਵੀ ਕਈ ਸਾਲ ਮੈਂ ਉਹ ਸ਼ਬਦ ਨਹੀਂ ਸੁਣ ਸਕਿਆ ਜੋ ਇੱਕ ਪਿਤਾ ਸੁਣਨਾ ਚਾਹੁੰਦਾ ਹੈ।"

ਆਪਣੀ 19 ਸਾਲਾ ਧੀ ਦੀਕਸ਼ਾ ਦੀ ਗੱਲ ਕਰਦਿਆਂ ਮਨਿੰਦਰ ਆਹੂਜਾ ਦਾ ਗੱਚ ਭਰ ਆਉਂਦਾ ਹੈ।

ਆਹੂਜਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕਸਬੇ ਕੋਟਕਪੂਰਾ ਦੇ ਰਹਿਣ ਵਾਲੇ ਹਨ।

2002 ਵਿੱਚ ਉਨ੍ਹਾਂ ਦੇ ਘਰ ਜਦੋਂ ਬੇਟੀ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਚਾਅ ਨਾਲ ਉਸਦਾ ਨਾਂ ਰੱਖਿਆ ਦੀਕਸ਼ਾ।

ਪਰ ਦੀਕਸ਼ਾ ਨੂੰ ਨਾ ਕਦੇ ਆਪਣੇ ਨਾਂ ਦੀ ਸਮਝ ਲੱਗ ਸਕੀ ਅਤੇ ਨਾ ਹੀ ਉਹ ਆਪਣੇ ਪਿਤਾ ਨੂੰ ਪਾਪਾ ਜਾਂ ਡੈਡੀ ਕਹਿ ਸਕੀ।

ਦੀਕਸ਼ਾ ਆਪਣੇ ਮਾਤਾ- ਪਿਤਾ ਮਨਿੰਦਰ ਅਤੇ ਮੋਨਾ ਅਹੂਜਾ ਨਾਲ

ਤਸਵੀਰ ਸਰੋਤ, ARSHDEEP/BBC

ਤਸਵੀਰ ਕੈਪਸ਼ਨ, ਦੀਕਸ਼ਾ ਆਪਣੇ ਮਾਤਾ- ਪਿਤਾ ਮਨਿੰਦਰ ਅਤੇ ਮੋਨਾ ਅਹੂਜਾ ਨਾਲ

ਆਹੂਜਾ ਪਰਿਵਾਰ ਦੇ ਧੀ ਜੰਮਣ ਦੇ ਚਾਵਾਂ ਨੂੰ ਉਦੋਂ ਗ੍ਰਹਿਣ ਲੱਗ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੱਚੀ ਨਾ ਬੋਲ ਸਕਦੀ ਹੈ ਅਤੇ ਨਾ ਹੀ ਦਿਮਾਗੀ ਤੌਰ ਉੱਤੇ ਤੰਦਰੁਸਤ ਹੈ।

ਦੀਕਸ਼ਾ ਦੇ ਮਾਪੇ ਜਦੋਂ ਆਪਣੇ ਅਤੇ ਧੀ ਦੇ ਭਾਗਾਂ ਨੂੰ ਕੋਸ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਕਈ ਅਜਿਹੇ ਬੱਚਿਆਂ ਬਾਰੇ ਪਤਾ ਲੱਗਿਆ ਜਿਹੜੇ ਦੀਕਸ਼ਾ ਵਾਂਗ ਜਮਾਂਦਰੂ ਹੀ ਬਿਮਾਰ ਸਨ।

ਕੁਝ ਦੇਰ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਮਾਲਵੇ ਤੋਂ ਅਜਿਹੀਆਂ ਖ਼ਬਰਾਂ ਵੱਡੇ ਪੱਧਰ ਉੱਤੇ ਆਉਣ ਲੱਗੀਆਂ।

ਸਾਲ 2008-2009 ਦੌਰਾਨ ਇਹ ਮਸਲਾ ਉਦੋਂ ਹੋਰ ਵੀ ਚਰਚਾ ਵਿੱਚ ਆਇਆ ਸੀ। ਇਸ ਹਾਲਤ ਨੂੰ ਬਿਹਤਰ ਸਮਝਣ ਲਈ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਨੇ ਜਰਮਨੀ ਦੀ ਹਰਜ਼ਬਰੂਕ ਵਿਖੇ ਮਾਈਕਰੋ ਟਰੇਸ ਮਿਨਰਲਜ਼ ਲੈਬ ਵਿੱਚ ਸੌ ਤੋਂ ਵੱਧ ਬੱਚਿਆਂ ਦੇ ਸੈਂਪਲ ਭੇਜੇ।

ਆਪਣੇ ਖਿਡੌਣਿਆਂ ਨਾਲ ਦੀਕਸ਼ਾ

ਤਸਵੀਰ ਸਰੋਤ, ARSHDEEP/BBC

ਤਸਵੀਰ ਕੈਪਸ਼ਨ, ਆਪਣੇ ਖਿਡੌਣਿਆਂ ਨਾਲ ਦੀਕਸ਼ਾ

ਰਿਪੋਰਟ ਮੁਤਾਬਕ ਜਿਨ੍ਹਾਂ ਬੱਚਿਆਂ ਦੇ ਸੈਂਪਲ ਟੈਸਟ ਕੀਤੇ ਗਏ ਸਨ, ਉਨ੍ਹਾਂ ਵਿਚੋਂ 149 ਬੱਚਿਆਂ ਵਿੱਚ 87 ਫ਼ੀਸਦ ਵਿੱਚ ਯੂਰੇਨੀਅਮ ਸੀ, 86 ਫ਼ੀਸਦ ਵਿੱਚ ਅਲੂਮੀਨੀਅਮ ਅਤੇ 36 ਬੱਚਿਆਂ ਵਿੱਚ ਕੈਡਮੀਅਮ।

ਜਦੋਂ ਜਰਮਨੀ ਤੋਂ ਰਿਪੋਰਟ ਆਈ ਤਾਂ ਸਾਰੇ ਪਾਸੇ ਹੜਕੰਪ ਮੱਚ ਗਿਆ, ਕਿਉਂਕਿ ਦੀਕਸ਼ਾ ਸਮੇਤ ਜ਼ਿਆਦਾਤਰ ਬੱਚਿਆਂ ਵਿੱਚ ਯੂਰੇਨੀਅਮ, ਆਰਸੈਨਿਕ, ਲੈੱਡ, ਨਿਕਲ ਵਰਗੇ ਤੱਤ ਤੈਅ ਮਾਤਰਾ ਤੋਂ ਕਿਤੇ ਜ਼ਿਆਦਾ ਗੁਣਾ ਪਾਏ ਗਏ।

ਜਿਨ੍ਹਾਂ ਬੱਚਿਆਂ ਦੇ ਸੈਂਪਲ ਜਰਮਨੀ ਦੀ ਲੈਬ ਵਿੱਚ ਭੇਜੇ ਗਏ ਦੀਕਸ਼ਾ ਉਨ੍ਹਾਂ ਵਿੱਚੋਂ ਇੱਕ ਸੀ। ਦੀਕਸ਼ਾ ਦੀ ਰਿਪੋਰਟ ਮੁਤਾਬਕ ਉਸ ਦੇ ਸਰੀਰ ਵਿੱਚ ਯੂਰੇਨੀਅਮ ਦੀ ਮਾਤਰਾ ਤੈਅ ਪੈਮਾਨਿਆਂ ਨਾਲੋਂ ਲਗਭਗ 28 ਗੁਣਾ ਵੱਧ ਸੀ।

ਇਹ ਵੀ ਪੜ੍ਹੋ :

ਮਾਲਵੇ ਦੇ ਹੁਣ ਕੀ ਹਨ ਹਾਲਾਤ

ਇਸ ਅਧਿਐਨ ਵਿੱਚ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਦੇ ਮਾਹਰ ਸ਼ਾਮਲ ਸਨ।

ਫਾਜ਼ਲਿਕਾ ਦੀ ਪਿੰਡ ਤੇਜਾ ਰੁਹੇਲਾ
ਤਸਵੀਰ ਕੈਪਸ਼ਨ, ਫ਼ਾਜ਼ਿਲਕਾ,ਅਬੋਹਰ ਦੇ ਕੁਝ ਹਿੱਸਿਆਂ ਵਿੱਚ ਇਹ ਮਾਤਰਾ ਪੰਜ ਗੁਣਾ ਵੱਧ ਤੱਕ ਪਾਈ ਗਈ ਹੈ।

ਇਸ ਸੰਸਥਾ ਦੇ ਮਾਹਰਾਂ ਵਿੱਚੋਂ ਇੱਕ ਪ੍ਰਿਤਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਤ ਕੋਈ ਜ਼ਿਆਦਾ ਬਦਲੇ ਨਹੀਂ ਹਨ।

ਇੱਕ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਸ ਦੇ ਸਭ ਤੋਂ ਵੱਧ ਫ਼ੀਸਦ ਪਾਣੀ ਦੇ ਨਮੂਨਿਆਂ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਤੈਅ ਪੈਮਾਨਿਆਂ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਹੈ।

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਸਾਲ 2020 ਵਿੱਚ ਜਾਰੀ ਕੀਤੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ 30 ਪਾਰਟਸ ਪਰ ਬਿਲੀਅਨ ਤਕ ਯੂਰੇਨਿਅਮ ਦੇ ਪੈਮਾਨੇ ਤੈਅ ਕੀਤੇ ਗਏ ਹਨ ਪਰ ਰਿਪੋਰਟ ਮੁਤਾਬਕ ਫ਼ਾਜ਼ਿਲਕਾ, ਅਬੋਹਰ ਦੇ ਕੁਝ ਹਿੱਸਿਆਂ ਵਿੱਚ ਇਹ ਮਾਤਰਾ ਪੰਜ ਗੁਣਾ ਵੱਧ ਤੱਕ ਪਾਈ ਗਈ ਹੈ।

ਮਾਲਵੇ ਦੇ ਦੂਜੇ ਜ਼ਿਲ੍ਹੇ ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਸੰਗਰੂਰ, ਫਿਰੋਜ਼ਪੁਰ, ਪਟਿਆਲਾ ਸਮੇਤ ਕਈ ਜ਼ਿਲ੍ਹੇ ਪ੍ਰਭਾਵਿਤ ਹਨ।

ਬੀਬੀਸੀ ਪੰਜਾਬੀ ਦੀ ਟੀਮ ਨੇ ਮਾਲਵੇ ਦੇ ਕੁਝ ਪਿੰਡਾਂ ਵਿੱਚ ਜਾਕੇ ਸਿਹਤ ਦੇ ਹਾਲਾਤ ਬਾਰੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ।

ਕਈ ਗੰਭੀਰ ਬਿਮਾਰੀਆਂ ਅਤੇ ਮੌਤ ਦਾ ਕਾਰਨ ਬਣਨ ਵਾਲੇ ਇਹ ਰਸਾਇਣ ਚੋਣਾਂ ਦਾ ਕਈ ਵਾਰ ਮੁੱਦਾ ਵੀ ਬਣੇ ਹਨ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।

ਅੱਜ ਵੀ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੱਖਾਂ ਲੋਕ ਪ੍ਰਭਾਵਿਤ ਹਨ।

ਇਨ੍ਹਾਂ ਪ੍ਰਭਾਵਿਤ ਖੇਤਰਾਂ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਸੰਬੰਧੀ ਵੱਖ ਵੱਖ ਪ੍ਰਾਜੈਕਟਾਂ ਉੱਪਰ ਕੰਮ ਜਾਰੀ ਹੈ।

ਕੀ ਕਹਿੰਦੇ ਹਨ ਮਾਹਰ

ਡਾ. ਅਮਰ ਸਿੰਘ, ਐਮਡੀ ਮੈਡੀਸਨ ਹਨ ਅਤੇ ਲੰਬੇ ਸਮੇਂ ਤੋਂ ਅਜਿਹੇ ਲੋਕਾਂ ਦੇ ਇਲਾਜ ਨਾਲ ਜੁੜੇ ਹੋਏ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਕੁਦਰਤੀ ਸੋਮਿਆਂ ਖ਼ਾਸ ਕਰ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਲਈ ਕਈ ਸਰੋਤ ਜ਼ਿੰਮੇਵਾਰ ਹਨ।

ਡਾ. ਅਮਰ ਸਿੰਘ ਮੁਤਾਬਕ ਕੀਟਨਾਸ਼ਕ, ਰਸਾਇਣਕ ਖਾਦਾਂ ਖ਼ਾਸ ਕਰ ਡੀਏਪੀ ਫਾਸਫੇਟ, ਥਰਮਲ ਪਲਾਂਟ ਦੀ ਸਵਾਹ ਆਦਿ ਇਸ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ।

ਫਾਜ਼ਲਿਕਾ ਦੀ ਪਿੰਡ ਤੇਜਾ ਰੁਹੇਲਾ
ਤਸਵੀਰ ਕੈਪਸ਼ਨ, ਫਾਜ਼ਿਲਕਾ ਦਾ ਪਿੰਡ ਤੇਜਾ ਰੁਹੇਲਾ ਜਿੱਥੋਂ ਦੇ ਇੱਕ ਘਰ ਦੇ ਦੋਵੇਂ ਭਰਾ ਹੋਲੀ ਹੋਲੀ ਜੋਤਹੀਣ ਹੋ ਗਏ

ਉਨ੍ਹਾਂ ਮੁਤਾਬਕ ਇਨ੍ਹਾਂ ਰਸਾਇਣਕ ਤੱਤਾਂ ਦਾ ਮਨੁੱਖੀ ਸਿਹਤ ਉੱਪਰ ਬੇਹੱਦ ਮਾੜਾ ਤੇ ਗੰਭੀਰ ਅਸਰ ਪੈਂਦਾ ਹੈ।

ਇਹ ਦਿਲ, ਜਿਗਰ, ਫੇਫੜੇ, ਗੁਰਦੇ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ।

ਡਾ. ਅਮਰ ਸਿੰਘ ਮੁਤਾਬਕ ਯੂਰੇਨੀਅਮ ਇੱਕ ਰੇਡੀਓ ਐਕਟਿਵ ਪਦਾਰਥ ਵੀ ਹੈ। ਜਿਸ ਕਰਕੇ ਉਸ ਦਾ ਬੁਰਾ ਪ੍ਰਭਾਵ ਹੋਰ ਵੀ ਵਧ ਜਾਂਦਾ ਹੈ।

ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਲੈੱਡ ਦੀ ਮੌਜੂਦਗੀ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਅਬੋਹਰ ਫ਼ਾਜ਼ਿਲਕਾ ਦੇ ਕਈ ਇਲਾਕਿਆਂ ਵਿੱਚ ਦੇਖਿਆ ਗਿਆ ਕਿ ਕੁਝ ਪਿੰਡਾਂ ਦੇ ਬੱਚੇ ਮਾਨਸਿਕ ਤੇ ਸਰੀਰਿਕ ਰੂਪ ਵਿੱਚ ਆਪਣੀ ਉਮਰ ਤੋਂ ਘੱਟ ਵਿਕਸਿਤ ਹਨ। ਕੁਝ ਬੱਚੇ ਤੁਰ ਫਿਰ ਨਹੀਂ ਸਕਦੇ ਅਤੇ ਕੁਝ ਦੇਖ- ਬੋਲ ਨਹੀਂ ਸਕਦੇ।

ਬੱਚਿਆਂ ਦੇ ਨਾਲ ਨਾਲ ਵੱਡੀ ਉਮਰ ਦੇ ਲੋਕ ਪ੍ਰਭਾਵਿਤ ਨਜ਼ਰ ਆਏ। ਕੁਝ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ, ਕਈਆਂ ਦੇ ਗੁਰਦੇ ਖਰਾਬ ਹਨ ਅਤੇ ਕਈਆਂ ਨੂੰ ਕੈਂਸਰ ਹੈ।

ਕਈਆਂ ਨੂੰ ਚਮੜੀ ਨਾਲ ਸਬੰਧਿਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਲ 2012 ਵਿੱਚ ਭਾਬਾ ਐਟੋਮਿਕ ਰਿਸਰਚ ਸੈਂਟਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਰਿਸਰਚ ਦੌਰਾਨ ਫਾਸਫੇਟ ਵਾਲੇ ਰਸਾਇਣਿਕ ਖਾਦਾਂ, ਐਲਕੇਲਾਨਿਟੀ ਅਤੇ ਸਿਲੈਨਿਟੀ ਨੂੰ ਇਸ ਲਈ ਸੰਭਾਵਿਤ ਕਾਰਨ ਮੰਨਿਆ ਗਿਆ ਸੀ।

ਪੰਜਾਬ ਦੇ ਸਿਹਤ ਸੰਕਟ ਦੇ ਜ਼ਮੀਨੀ ਹਾਲਾਤ

2012 ਵਿੱਚ ਹੀ ਪੰਜਾਬ ਦੇ ਲੁਧਿਆਣਾ ਅਤੇ ਫਤਿਹਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੁਖਦੇਵ ਸਿੰਘ ਲਿਬੜਾ ਨੇ ਵੀ ਸੰਸਦ ਵਿੱਚ ਇਸ ਬਾਰੇ ਪੁੱਛਿਆ ਸੀ।

ਜਿਸ ਦਾ ਜਵਾਬ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਆਫ਼ ਐਟੋਮਿਕ ਐਨਰਜੀ ਵੱਲੋਂ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਯੂਰੇਨੀਅਮ ਹੋਣ ਦੀ ਪੁਸ਼ਟੀ ਕੀਤੀ ਗਈ ਸੀ।

ਫਾਜ਼ਲਿਕਾ ਦਾ ਪਿੰਡ
ਤਸਵੀਰ ਕੈਪਸ਼ਨ, ਰਿਸਰਚ ਦੇ ਇੱਕ ਦਹਾਕੇ ਬਾਅਦ ਜਦੋਂ ਅਸੀਂ ਇਨ੍ਹਾਂ ਪਿੰਡਾਂ ਵਿੱਚ ਗਏ ਤਾਂ ਦੱਸਿਆ ਗਿਆ ਕਿ ਪਿੰਡ ਤੇਜਾ ਰੁਹੇਲਾ ਦਾ ਆਰਓ ਤਿੰਨ ਸਾਲ ਤੋਂ ਖਰਾਬ ਹੈ।

ਉਸ ਸਮੇਂ ਮੀਡਿਆ ਵਿੱਚ ਖਬਰਾਂ ਮੁਤਾਬਕ ਫ਼ਾਜ਼ਿਲਕਾ ਦੇ ਡੋਨਾ ਨਾਨਕਾ, ਤੇਜਾ ਰਹੇਲਾ, ਝੰਗੜ ਭੈਣੀ, ਗੁਲਾਬਾ ਭੈਣੀ, ਰਾਮ ਸਿੰਘ ਭੈਣੀ, ਮਹਾਤਮ ਨਗਰ ਅਤੇ ਗੁਲਾਮ ਰਸੂਲ ਵਰਗੇ ਕਈ ਪਿੰਡ ਪ੍ਰਭਾਵਿਤ ਪਾਏ ਗਏ ਸਨ।

ਕਈ ਜਗ੍ਹਾ ਸਰਕਾਰੀ ਵਿਭਾਗ ਵੱਲੋਂ ਲਿਖ ਕੇ ਲਗਾ ਦਿੱਤਾ ਗਿਆ ਸੀ ਕਿ ਇਨ੍ਹਾਂ ਨਲਕਿਆਂ ਦਾ ਪਾਣੀ ਪੀਣਯੋਗ ਨਹੀਂ ਹੈ।

ਇਸ ਰਿਸਰਚ ਦੇ ਇੱਕ ਦਹਾਕੇ ਬਾਅਦ ਜਦੋਂ ਅਸੀਂ ਇਨ੍ਹਾਂ ਪਿੰਡਾਂ ਵਿੱਚ ਗਏ ਤਾਂ ਦੱਸਿਆ ਗਿਆ ਕਿ ਪਿੰਡ ਤੇਜਾ ਰੁਹੇਲਾ ਦਾ ਆਰਓ ਤਿੰਨ ਸਾਲ ਤੋਂ ਖਰਾਬ ਹੈ।

ਪਿੰਡ ਦੇ ਸਰਪੰਚ ਬੱਗੂ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਹੁਣ ਵੀ ਕਾਇਮ ਹੈ।

ਪਿੰਡ ਦੋਨਾ ਨਾਨਕਾ ਵਿੱਚ ਇਕ ਅਜਿਹਾ ਪਰਿਵਾਰ ਮਿਲਿਆ ਜਿਸ ਦੇ ਦੋਹੇਂ ਜਵਾਨ ਬੱਚੇ ਆਪਣੀ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹਨ।

ਖੇਤੀ ਅਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨ ਵਾਲਾ ਇਹ ਪਰਿਵਾਰ ਆਪਣੀਆਂ ਮੱਝਾਂ ਵੀ ਬੱਚਿਆਂ ਦੇ ਇਲਾਜ ਪਿੱਛੇ ਵੇਚ ਚੁੱਕਿਆ ਹੈ।

ਆਪਣੀ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸ਼ੰਕਰ ਸਿੰਘ ਨੇ ਦੱਸਿਆ, "ਪੰਜਵੀਂ ਜਮਾਤ ਤੱਕ ਨਜ਼ਰ ਸਹੀ ਸੀ ਅਤੇ ਫਿਰ ਹੌਲੀ ਹੌਲੀ ਬਾਰਾਂ ਸਾਲ ਦੀ ਉਮਰ ਤੋਂ ਬਾਅਦ ਇਹ ਘੱਟ ਹੋਣੀ ਸ਼ੁਰੂ ਹੋਈ ਅਤੇ 18 ਸਾਲ ਤੱਕ ਦਿਖਣਾ ਬੰਦ ਹੋ ਗਿਆ।"

ਫਾਜ਼ਲਿਕਾ ਦਾ ਪਿੰਡ
ਤਸਵੀਰ ਕੈਪਸ਼ਨ, ਫ਼ਾਜ਼ਿਲਕਾ ਦੇ ਡੋਨਾ ਨਾਨਕਾ, ਤੇਜਾ ਰਹੇਲਾ, ਝੰਗੜ ਭੈਣੀ, ਗੁਲਾਬਾ ਭੈਣੀ, ਰਾਮ ਸਿੰਘ ਭੈਣੀ, ਮਹਾਤਮ ਨਗਰ ਅਤੇ ਗੁਲਾਮ ਰਸੂਲ ਵਰਗੇ ਕਈ ਪਿੰਡ ਪ੍ਰਭਾਵਿਤ ਪਾਏ ਗਏ

"ਅਜਿਹਾ ਪਾਣੀ ਕਰਕੇ ਹੋਇਆ ਹੈ। ਹੁਣ ਮੈਂ ਆਪਣੇ ਮਾਤਾ ਪਿਤਾ ਨੂੰ ਵੀ ਨਹੀਂ ਦੇਖ ਸਕਦਾ। ਨੇਤਾ ਆ ਕੇ ਵੋਟਾਂ ਲੈ ਜਾਂਦੇ ਹਨ ਪਰ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ।"

ਪਾਣੀ ਦੀ ਸਮੱਸਿਆ ਕਾਰਨ ਪਿੰਡ ਵਿੱਚ ਛੋਟੀ ਉਮਰ ਦੇ ਲੋਕਾਂ ਦੇ ਧੌਲੇ ਆਉਣੇ ਸ਼ੁਰੂ ਹੋ ਗਏ ਹਨ। ਸ਼ੰਕਰ ਨੇ ਵੀ ਸਾਡੇ ਨਾਲ ਗੱਲਬਾਤ ਕਰਨ ਦੌਰਾਨ ਆਪਣੀ ਵਾਲਾਂ ਉੱਪਰ ਡਾਈ ਲਗਾਈ ਹੋਈ ਸੀ।

ਸ਼ੰਕਰ ਦੀ ਮਾਤਾ ਕਸ਼ਮੀਰਾ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਦੂਸਰੇ ਬੇਟੇ ਵਿਸਾਖਾ ਸਿੰਘ ਦੀ ਰੌਸ਼ਨੀ ਵੀ ਹੌਲੀ ਹੌਲੀ ਘਟ ਗਈ ਹੈ।

ਉਸ ਦੇ ਸਰੀਰ ਉੱਪਰ ਦਾਗ ਵੀ ਹਨ ਅਤੇ ਉਸ ਦਾ ਤੁਰਨਾ ਫਿਰਨਾ ਵੀ ਮੁਸ਼ਕਲ ਹੈ। ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਹਾਇਤਾ ਵੀ ਨਹੀਂ ਕੀਤੀ ਗਈ।

ਸ਼ੰਕਰ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ, "ਸਾਡੇ ਕੋਲ ਦੋ ਕਿੱਲੇ ਜ਼ਮੀਨ ਹੈ ਅਤੇ ਫਸਲ ਵੀ ਗੜ੍ਹੇਮਾਰੀ, ਮੌਸਮ ਕਰਕੇ ਖ਼ਰਾਬ ਹੋ ਜਾਂਦੀ ਹੈ।"

"ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ ਅਤੇ ਬੱਚਿਆਂ ਦੀ ਰੋਸ਼ਨੀ ਚਲੀ ਗਈ ਹੈ। ਪਿੰਡ ਵਿੱਚ ਪਹਿਲਾਂ ਆਰ ਓ ਲਗਾਏ ਗਏ ਸਨ ਪਰ ਉਸ ਪਾਣੀ ਨਾਲ ਲੋਕਾਂ ਨੂੰ ਤਕਲੀਫ ਹੋਈ ਜਿਸ ਤੋਂ ਬਾਅਦ ਲੋਕਾਂ ਨੇ ਵਰਤੋਂ ਬੰਦ ਕਰ ਦਿੱਤੀ।"

ਕੈਂਸਰ, ਗੁਰਦੇ ਅਤੇ ਫੇਫੜਿਆਂ ਵਰਗੇ ਮਾਰੂ ਰੋਗ

ਡਾ. ਸੌਰਭ ਨਾਰੰਗ, ਅਬੋਹਰ ਦੇ ਡੀਏਵੀ ਕਾਲਜ ਵਿਖੇ ਐਸੋਸੀਏਟ ਪ੍ਰੋਫੈਸਰ ਹਨ।

ਉਨ੍ਹਾਂ ਨੇ ਆਪਣੀ ਪੀਐੱਚਡੀ ਦੌਰਾਨ ਫ਼ਾਜ਼ਿਲਕਾ ਦੇ 20 ਪਿੰਡਾਂ ਵਿੱਚ ਯੂਰੇਨੀਅਮ ਦੇ ਉੱਪਰ ਅਧਿਐਨ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਪਾਈ ਗਈ ਹੈ। ਕੁਝ ਜਗ੍ਹਾ 'ਤੇ ਆਰਸੈਨਿਕ ਅਤੇ ਲੈੱਡ ਵੀ ਮੌਜੂਦ ਹਨ।

ਫਾਜ਼ਲਿਕਾ ਦਾ ਪਿੰਡ
ਤਸਵੀਰ ਕੈਪਸ਼ਨ, ਧਰਤੀ ਦੇ ਲਗਭਗ 500 ਫੁੱਟ ਹੇਠ ਪਾਏ ਜਾਣ ਵਾਲੇ ਰਸਾਇਣਕ ਤੱਤਾਂ ਨੂੰ ਖ਼ਤਮ ਕਰਨਾ ਤਾਂ ਮੁਸ਼ਕਿਲ ਹੈ

ਡਾ. ਨਾਰੰਗ ਮੁਤਾਬਕ ਇਹ ਸਾਰੇ ਤੱਤ ਸਿਹਤ ਲਈ ਖ਼ਤਰਨਾਕ ਹਨ ਅਤੇ ਕੈਂਸਰ ਵਿੱਚ ਵਾਧੇ ਦਾ ਕਾਰਨ ਵੀ ਬਣ ਸਕਦੇ ਹਨ।

ਇਸ ਦਾ ਜ਼ਿਆਦਾ ਅਸਰ ਗੁਰਦਿਆਂ ਅਤੇ ਫੇਫੜਿਆਂ ਉੱਪਰ ਹੋ ਸਕਦਾ ਹੈ।

ਡਾ. ਨਾਰੰਗ ਮੁਤਾਬਕ ਧਰਤੀ ਦੇ ਲਗਭਗ 500 ਫੁੱਟ ਹੇਠ ਪਾਏ ਜਾਣ ਵਾਲੇ ਰਸਾਇਣਕ ਤੱਤਾਂ ਨੂੰ ਖ਼ਤਮ ਕਰਨਾ ਤਾਂ ਮੁਸ਼ਕਿਲ ਹੈ ਪਰ ਜੇਕਰ ਉਨ੍ਹਾਂ ਦੀ ਮੌਜੂਦਗੀ ਪਤਾ ਲੱਗ ਸਕੇ ਜਾਂ ਉਸ ਜਗ੍ਹਾ ਤੋਂ ਪਾਣੀ ਦੀ ਵਰਤੋਂ ਬੰਦ ਕਰ ਕੇ ਇਸ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਕੀ ਕਰਨ ਦੀ ਲੋੜ ਹੈ

ਡਾ. ਅਮਰ ਸਿੰਘ ਮੁਤਾਬਕ ਇਸ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਹਾਲਾਤਾਂ ਨੂੰ ਐਮਰਜੈਂਸੀ ਵਾਂਗ ਸਮਝਿਆ ਜਾਣਾ ਚਾਹੀਦਾ ਹੈ। ਪੰਜਾਬ ਇੱਕ ਛੋਟਾ ਸੂਬਾ ਹੈ ਤੇ ਇਸ ਨੂੰ ਹਵਾ ਅਤੇ ਪਾਣੀ ਵਰਗੇ ਸਰੋਤਾਂ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਕੋਲੇ ਉਪਰ ਨਿਰਭਰਤਾ ਨੂੰ ਘਟਾਇਆ ਜਾ ਸਕੇ।

ਰਾਜਨੀਤਿਕ ਪਾਰਟੀਆਂ ਨੂੰ ਇਹ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਰੱਖਣਾ ਚਾਹੀਦਾ ਹੈ।

ਡਾ. ਸਿੰਘ ਮੰਨਦੇ ਹਨ ਕਿ ਮਨੁੱਖੀ ਸਰੀਰ ਅਤੇ ਕੁਦਰਤ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਨ ਵਿੱਚ ਸਮਰੱਥ ਹੈ ਪਰ ਸਭ ਤੋਂ ਪਹਿਲਾਂ ਇਨ੍ਹਾਂ ਪਦਾਰਥਾਂ ਦੇ ਸਰੋਤਾਂ ਉਪਰ ਨਿਰਭਰਤਾ ਨੂੰ ਘਟਾਉਣਾ ਪਵੇਗਾ।

ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਪਾਣੀ ਦੀ ਸ਼ੁੱਧਤਾ ਬਾਰੇ ਆਖਦੇ ਹਨ, "ਗੁਰਬਾਣੀ ਵਿੱਚ ਆਖਿਆ ਗਿਆ ਹੈ ਕਿ ਜੇਕਰ ਹਵਾ ਧਰਤੀ ਪਾਣੀ ਨੂੰ ਸੰਭਾਲਿਆ ਜਾਵੇਗਾ ਤਾਂ ਸੰਸਾਰ ਖੇਡੇਗਾ ਅਤੇ ਜੇਕਰ ਇਸ ਨੂੰ ਗੰਦਾ ਕਰਾਂਗੇ ਤਾਂ ਸੰਸਾਰ ਰੋਵੇਗਾ। ਅੱਜ ਗਲਾਸਗੋ ਵਿੱਚ ਵੀ ਵਾਤਾਵਰਣ ਬਾਰੇ ਗੱਲਬਾਤ ਹੋ ਰਹੀ ਹੈ।"

ਸੰਤ ਬਲਬੀਰ ਸਿੰਘ ਸੀਚੇਵਾਲ

ਤਸਵੀਰ ਸਰੋਤ, Seechewal times

ਤਸਵੀਰ ਕੈਪਸ਼ਨ, ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਨਾ ਅਸੀਂ ਗੁਰੂ ਸਾਹਿਬ ਦੀ ਗੱਲ ਮੰਨੀ ਹੈ ਅਤੇ ਨਾ ਹੀ ਸੰਵਿਧਾਨ ਦੀ ਜੋ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਕਰਨ ਤੋਂ ਰੋਕਦਾ ਹੈ

"ਨਾ ਅਸੀਂ ਗੁਰੂ ਸਾਹਿਬ ਦੀ ਗੱਲ ਮੰਨੀ ਹੈ ਅਤੇ ਨਾ ਹੀ ਸੰਵਿਧਾਨ ਦੀ ਜੋ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਕਰਨ ਤੋਂ ਰੋਕਦਾ ਹੈ। ਵਿਗਿਆਨ ਵਿੱਚ ਵੀ ਕਿਤੇ ਨਹੀਂ ਹੈ ਕਿ ਪਹਿਲਾਂ ਕੁਦਰਤੀ ਸੋਮਿਆਂ ਨੂੰ ਗੰਧਲਾ ਕੀਤਾ ਜਾਵੇ ਅਤੇ ਫਿਰ ਆਰ ਓ ਨਾਲ ਉਨ੍ਹਾਂ ਦੀ ਸਫਾਈ ਕੀਤੀ ਜਾਵੇ। 1974 ਦਾ ਵਾਤਾਵਰਣ ਐਕਟ ਚੋਣਾਂ ਦਾ ਵੀ ਮੁੱਦਾ ਬਣਨਾ ਚਾਹੀਦਾ ਹੈ। "

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਬਰ ਭਗਵੰਤ ਮਾਨ ਨੇ ਕਈ ਵਾਰ ਇਸ ਮੁੱਦੇ ਨੂੰ ਚੁੱਕਿਆ ਹੈ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਸ ਸਮੱਸਿਆ ਨਾਲ ਲੜਨ ਲਈ ਵਿਸ਼ੇਸ਼ ਫੰਡ ਲਈ ਅਪੀਲ ਵੀ ਕੀਤੀ ਸੀ।

ਪੰਜਾਬ ਸਰਕਾਰ ਕੀ ਕਰ ਹੀ ਹੈ

ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ਵੀ ਮੌਜੂਦਾ ਸਮੇਂ ਵਿੱਚ ਇਲਾਕੇ ਵਿੱਚ ਯੂਰੇਨੀਅਮ ਅਤੇ ਆਰਸੈਨਿਕ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਬਾਰੇ ਸਰਕਾਰ ਨੂੰ ਜਾਣਕਾਰੀ ਸੀ ਉਨ੍ਹਾਂ ਵਿੱਚ ਆਰ ਓ ਲਗਾਏ ਗਏ ਸਨ ਤਾਂ ਜੋ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ।

ਬਬੀਤਾ ਕਲੇਰ ਮੁਤਾਬਕ ਖ਼ਰਾਬ ਹੋਏ ਆਰਓ ਦੀ ਮੁਰੰਮਤ ਲਈ ਸਰਕਾਰ ਤੋਂ ਫੰਡ ਦੀ ਮੰਗ ਕੀਤੀ ਗਈ ਸੀ ਜੋ ਉਨ੍ਹਾਂ ਨੂੰ ਮਿਲ ਗਿਆ ਹੈ ਤੇ ਛੇਤੀ ਹੀ ਇਨ੍ਹਾਂ ਆਰਓ ਨੂੰ ਠੀਕ ਕਰਵਾ ਦਿੱਤਾ ਜਾਵੇਗਾ।

ਭਾਵੇਂ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਆਰਓ ਲਗਾਏ ਗਏ ਸਨ ਪਰ ਡਾ. ਅਮਰ ਸਿੰਘ ਮੰਨਦੇ ਹਨ ਕਿ ਇਹ ਇਸ ਸਥਿਤੀ ਲਈ ਇੱਕ ਆਰਜ਼ੀ ਉਪਾਅ ਹੈ।

ਆਰਓ ਦੀ ਵਰਤੋਂ ਨਾਲ ਕਈ ਅਜਿਹੇ ਖਣਿਜ ਪਦਾਰਥ ਪਾਣੀ 'ਚੋਂ ਬਾਹਰ ਹੋ ਜਾਂਦੇ ਹਨ ਜੋ ਜ਼ਰੂਰੀ ਹੁੰਦੇ ਹਨ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, charanjeet singh Channi

ਤਸਵੀਰ ਕੈਪਸ਼ਨ, ਫਾਜ਼ਿਲਕਾ ਬਲਾਕ ਦੇ ਪਿੰਡ ਸ਼ਮਸ਼ਾਬਾਦ ਵਿੱਚ ਇਸ ਪਾਇਲਟ ਪ੍ਰੋਜੈਕਟ ਲਈ ਸਰਕਾਰ ਵੱਲੋਂ ਲਾਗੂ ਕੀਤਾ ਜਾਵੇਗਾ ਜਿਸ ਅਧੀਨ ਹਰ ਘਰ ਵਿੱਚ ਪਿਊਰੀਫਾਇਰ ਵੰਡੇ ਜਾਣਗੇ।

ਉਨ੍ਹਾਂ ਮੁਤਾਬਕ ਭਾਵੇਂ ਪੀਣ ਵਾਲੇ ਪਾਣੀ ਨੂੰ ਸਾਫ ਕਰ ਲਿਆ ਜਾਵੇ ਪਰ ਨਹਾਉਣ ਲਈ ਵਰਤੋਂ ਹੋਣ ਵਾਲੇ ਪਾਣੀ ਕਾਰਨ ਵੀ ਇਹ ਰਸਾਇਣ ਖ਼ਤਰਨਾਕ ਸਾਬਿਤ ਹੋ ਸਕਦੇ ਹਨ।

ਫ਼ਾਜ਼ਿਲਕਾ ਦੇ ਚੀਫ ਮੈਡੀਕਲ ਅਫਸਰ ਡਾ. ਦਵਿੰਦਰ ਢਾਂਡਾ ਮੁਤਾਬਕ, "ਯੂਰੇਨੀਅਮ ਨਾਲ ਸਬੰਧਿਤ ਕੋਈ ਖ਼ਾਸ ਰਿਪੋਰਟ ਉਨ੍ਹਾਂ ਕੋਲ ਨਹੀਂ ਹੈ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਉਹ ਕੰਮ ਕਰ ਰਹੇ ਹਨ। ਜੇਕਰ ਕੋਈ ਮਰੀਜ਼ ਮਿਲਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਇਲਾਜ ਲਈ ਭੇਜਿਆ ਜਾਂਦਾ ਹੈ।"

205 ਪਿੰਡਾਂ ਲਈ ਲਾਹੇਵੰਦ ਪ੍ਰੋਜੈਕਟ

ਸਰਕਾਰ ਵੱਲੋਂ ਇਸ ਸਥਿਤੀ ਨੂੰ ਨਜਿੱਠਣ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਮੁਤਾਬਕ ਪਾਣੀ ਨੂੰ ਲੈ ਕੇ ਕਈ ਬੈਠਕਾਂ ਹੋ ਚੁੱਕੀਆਂ ਹਨ ਅਤੇ ਪਿੰਡ ਗੱਟਿਆਂਵਾਲੀ ਵਿਖੇ ਇੱਕ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਫ਼ਾਇਦਾ 205 ਪਿੰਡਾਂ ਨੂੰ ਹੋਵੇਗਾ।

ਇਸ ਪ੍ਰੋਜੈਕਟ ਲਈ ਵਿਸ਼ਵ ਬੈਂਕ ਵੱਲੋਂ ਵੀ ਸਰਕਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਟੈਂਡਰ ਖੋਲ੍ਹੇ ਜਾ ਚੁੱਕੇ ਹਨ।

ਫਾਜ਼ਿਲਕਾ ਬਲਾਕ ਦੇ ਪਿੰਡ ਸ਼ਮਸ਼ਾਬਾਦ ਵਿੱਚ ਇਸ ਪਾਇਲਟ ਪ੍ਰੋਜੈਕਟ ਲਈ ਸਰਕਾਰ ਵੱਲੋਂ ਲਾਗੂ ਕੀਤਾ ਜਾਵੇਗਾ ਜਿਸ ਅਧੀਨ ਹਰ ਘਰ ਵਿੱਚ ਪਿਊਰੀਫਾਇਰ ਵੰਡੇ ਜਾਣਗੇ।

ਜਲਾਲਾਬਾਦ ਬਲਾਕ ਦੇ ਪਿੰਡ ਢਾਣੀ ਫੂਲਾ ਸਿੰਘ ਅਤੇ ਢਾਂਡੀ ਕਦੀਮ ਵਿਖੇ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟ ਲਗਾਏ ਗਏ ਹਨ।

ਪੰਜਾਬ ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਯੂਰੇਨੀਅਮ ਵਰਗੇ ਜ਼ਹਿਰੀਲੇ ਰਸਾਇਣਕ ਤੱਤਾਂ ਨੂੰ ਘੱਟ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਇਲਾਕੇ ਦੇ ਲੋਕ ਸੰਤਾਪ ਭੋਗ ਰਹੇ ਹਨ ਅਤੇ ਚੋਣਾਂ ਵਿੱਚ ਲੋਕਾਂ ਦੀ ਸਿਹਤ ਦਾ ਇਹ ਮੁੱਦਾ ਕਦੇ ਗੰਭੀਰਤਾ ਨਾਲ ਵਿਚਾਰਿਆ ਨਹੀਂ ਗਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)