ਆਪਣੇ ਸੰਗੀਤ ਲਈ ਮੈਨੂੰ ਬਾਲੀਵੁੱਡ ਦੀ ਲੋੜ ਨਹੀਂ: ਦਿਲਜੀਤ ਦੋਸਾਂਝ

ਤਸਵੀਰ ਸਰੋਤ, SPICE PR
"ਮੈਨੂੰ ਹਾਲ ਹੀ ਵਿੱਚ ਪਤਾ ਲੱਗਿਆ ਕਿ ਭਾਰਤ ਦਾ ਕੋਈ ਕੌਮੀ ਖੇਡ ਨਹੀਂ ਹੈ ਹਾਕੀ ਕੌਮੀ ਖੇਡ ਹੋਣੀ ਚਾਹੀਦੀ ਹੈ।"
ਇਹ ਵਿਚਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੀਬੀਸੀ ਨਾਲ ਮੁੰਬਈ ਵਿੱਚ ਇੱਕ ਖ਼ਾਸ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਉੱਤੇ ਬਣ ਰਹੀ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਾਕੀ ਨੂੰ ਕੌਮੀ ਖੇਡ ਵਾਲਾ ਮਾਣ-ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਗਲੈਮਰ ਦੀ ਘਾਟ ਕਰਕੇ ਇਹ ਖੇਡ ਪਿੱਛੇ ਰਹਿ ਗਈ ਹੈ।
ਹਾਕੀ ਦੇ ਪਿੱਛੇ ਰਹਿਣ ਬਾਰੇ ਦਿਲਜੀਤ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਗਲੈਮਰ ਦੀ ਘਾਟ ਹੀ ਇਸ ਦਾ ਕਾਰਨ ਹੈ ਕਿਉਂਕਿ ਅਸੀਂ ਸਾਰੇ ਬਾਹਰੋਂ (ਪੱਛਮ) ਬੜੇ ਪ੍ਰਭਾਵਿਤ ਹਾਂ। ਸੰਗੀਤ ਵਿੱਚ ਵੀ ਬਾਹਰੀ ਕਲਾਕਾਰਾਂ ਦੀਆਂ ਟਿਕਟਾਂ ਮਹਿੰਗੀਆਂ ਹੁੰਦੀਆਂ ਹਨ। ਆਪਣੇ ਦੇਸ ਦੀ ਫੁੱਟਬਾਲ ਟੀਮ ਨੂੰ ਐਨੀ ਹਮਾਇਤ ਨਹੀਂ ਮਿਲਦੀ ਪਰ ਬਾਹਰਲੀ ਫੁੱਟਬਾਲ ਟੀਮ ਦੇ ਮੈਚ ਦਿਖਾਏ ਜਾਂਦੇ ਹਨ। ਸ਼ਾਇਦ ਸਾਡੇ ਦੇਸ ਦੇ ਪੂਰੇ ਢਾਂਚੇ ਵਿੱਚ ਹੀ ਬਾਹਰਲੀਆਂ ਚੀਜ਼ਾਂ ਦਾ ਅਸਰ ਹੈ।"

ਤਸਵੀਰ ਸਰੋਤ, SPICE PR
ਖੇਡਾਂ ਨਾਲ ਬਿਲਕੁਲ ਵੀ ਵਾਸਤਾ ਨਾ ਰੱਖਣ ਵਾਲੇ ਦਲਜੀਤ ਲਈ ਹਾਕੀ ਸਿੱਖਣਾ ਬਹੁਤ ਔਖਾ ਕੰਮ ਸੀ।
ਭਾਵੇਂ ਨਿੱਜੀ ਤੌਰ 'ਤੇ ਦਿਲਜੀਤ ਨੂੰ ਇਹ ਪਸੰਦ ਨਹੀਂ ਪਰ ਸੂਰਮਾ ਫ਼ਿਲਮ ਲਈ ਉਨ੍ਹਾਂ ਸਿਕਸ ਪੈਕ ਐਬ ਵੀ ਬਣਾਏ।
ਉਨ੍ਹਾਂ ਮੁਤਾਬਕ ਧੱਕੇ ਨਾਲ ਸਿਕਸ ਪੈਕ ਐਬ ਬਣਾਉਣਾ ਸਿਹਤ ਲਈ ਖ਼ਤਰਨਾਕ ਹੈ।
ਹਿੰਦੀ ਫਿਲਮਾਂ ਸ਼ੌਂਕ ਲਈ ਕਰਦੇ ਹਨ
ਦਿਲਜੀਤ ਨੇ ਦੱਸਿਆ ਕਿ ਹਿੰਦੀ ਫਿਲਮਾਂ ਤਾਂ ਉਹ ਸ਼ੌਂਕ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਉਨ੍ਹਾਂ ਨੂੰ ਇੱਕ ਇੱਕ ਹਿੰਦੀ ਫ਼ਿਲਮ ਦੇ ਮਿਲਦੇ ਹਨ ਉਨੇ ਤਾਂ ਉਹ 2-3 ਸ਼ੋਅ ਕਰਕੇ ਕਮਾ ਸਕਦੇ ਹਨ।
ਉਹ ਤਾਂ ਸਿਰਫ਼ ਇਹ ਦੇਖ ਰਹੇ ਹਨ ਕਿ ਉਹ ਕਿਸ ਤਰ੍ਹਾਂ ਦੀਆਂ ਫਿਲਮਾਂ ਕਰ ਸਕਦੇ ਹਨ ਅਤੇ ਲੋਕ ਉਨ੍ਹਾਂ ਨੂੰ ਕਿਹੋ-ਜਿਹੀਆਂ ਫਿਲਮਾਂ ਵਿੱਚ ਵਧੇਰੇ ਪਸੰਦ ਕਰਨਗੇ।

ਤਸਵੀਰ ਸਰੋਤ, SPICE PR
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਬਾਲੀਵੁੱਡ ਵਿੱਚ ਉਹ ਮਹਿਜ਼ ਅਦਾਕਾਰੀ ਕਰਨ ਆਏ ਹਨ। ਆਪਣੇ ਸੰਗੀਤ ਵਿੱਚ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ।
ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਾਲੀਵੁੱਡ ਵਿੱਚ ਗਾਉਣ ਨਾਲ ਕਲਾਕਾਰ ਵੱਡਾ ਹੋ ਜਾਂਦਾ ਹੈ ਪਰ ਉਹ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਡੇ ਬਣਨਾ ਚਾਹੁੰਦੇ ਹਨ।
ਦਿਲਜੀਤ ਦੋਸਾਂਝ ਆਪਣੀ ਪੱਗ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਇੱਕ ਹਿੰਦੀ ਫ਼ਿਲਮ ਇਸੇ ਕਰਕੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਪੱਗ ਲਾਹੁਣੀ ਪੈਣੀ ਸੀ।

ਤਸਵੀਰ ਸਰੋਤ, STR/AFP/GETTYIMAGES
ਪੰਜਾਬ ਦੀ ਮਿੱਟੀ ਨਾਲ ਜੁੜੇ ਦਿਲਜੀਤ ਅਜਿਹੀ ਕੋਈ ਭੂਮਿਕਾ ਨਹੀਂ ਨਿਭਾਉਣਗੇ ਜਿਸ ਲਈ ਉਨ੍ਹਾਂ ਨੂੰ ਆਪਣੀ ਪੱਗ ਲਾਹੁਣੀ ਪਵੇ।
ਨਿਰਦੇਸ਼ਕ ਸ਼ਾਦ ਅਲੀ ਦੀ ਫ਼ਿਲਮ ਸੂਰਮਾ ਵਿੱਚ ਦਿਲਜੀਤ ਨਾਲ ਤਾਪਸੀ ਪੰਨੂੰ ਵੀ ਨਜ਼ਰ ਆਉਣਗੇ। ਇਹ ਫ਼ਿਲਮ 13 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਆਵੇਗੀ।












