ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਕਿਹੜੀ ਖੇਡ ਲੱਗਦੀ ਹੈ ਔਖੀ?

ਤਸਵੀਰ ਸਰੋਤ, JEWEL SAMAD/AFP/GETTYIMAGES
ਦਿਲਜੀਤ ਦੋਸਾਂਝ ਜਲਦ ਵੱਡੇ ਪਰਦੇ 'ਤੇ ''ਸੂਰਮਾ'' ਫਿਲਮ ਵਿੱਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਬਾਰੇ ਪੁੱਛਣ 'ਤੇ ਦਿਲਜੀਤ ਨੇ ਦੱਸਿਆ ਕਿ ਹਾਕੀ ਇੱਕ ਔਖਾ ਖੇਡ ਹੈ ਅਤੇ ਇਹ ਵੀ ਕ੍ਰਿਕੇਟ ਵਰਗਾ ਹੀ ਮਸ਼ਹੂਰ ਹੋਣਾ ਚਾਹੀਦਾ ਹੈ।
ਦਿਲਜੀਤ ਨੇ ਕਿਹਾ, ''ਹਾਕੀ ਖੇਡਣਾ ਸੌਖਾ ਨਹੀਂ ਹੈ। ਇਸ ਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਮੈਂ ਕਦੇ ਕੋਈ ਗੇਮ ਨਹੀਂ ਖੇਡੀ ਪਰ ਲੋਕ ਇਸ ਨੂੰ ਬਹੁਤ ਪਿਆਰ ਕਰਦੇ ਹਨ ਖ਼ਾਸ ਕਰ ਪੰਜਾਬ ਵਿੱਚ। ਕ੍ਰਿਕੇਟ ਵਾਂਗ ਇਸ ਖੇਡ ਨੂੰ ਵੀ ਪਿਆਰ ਮਿਲਣਾ ਚਾਹੀਦਾ ਹੈ।''

ਤਸਵੀਰ ਸਰੋਤ, STR/AFP/GETTYIMAGES
''ਸੂਰਮਾ'' ਦਿਲਜੀਤ ਦੀ ਤੀਜੀ ਬਾਲੀਵੁੱਡ ਫਿਲਮ ਹੈ ਅਤੇ ਪਹਿਲੀ ਬਾਓਪਿਕ ਹੈ।
ਉਨ੍ਹਾਂ ਦੱਸਿਆ ਕਿ ਕਿਸੇ ਦੇ ਜੀਵਨ 'ਤੇ ਬਣੀ ਫਿਲਮ ਹੋਣ ਕਰਕੇ ਕਿਸੇ ਵੀ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕੀਤਾ।
ਦਿਲਜੀਤ ਸਵੈਗ ਫੈਸਟ ਲਈ ਦਿੱਲੀ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਜਦ ਵੀ ਉਹ ਸਵੈਗ ਸੁਣਦੇ ਹਨ, ਉਨ੍ਹਾਂ ਨੂੰ ਸਾਗ ਦੀ ਯਾਦ ਆਉਂਦੀ ਹੈ।
ਦਿਲਜੀਤ ਨੇ ਕਿਹਾ, ''ਸਵੈਗ ਸੁਣ ਕੇ ਪਤਾ ਨਹੀਂ ਕਿਉਂ ਸਾਗ ਯਾਦ ਆਉਂਦਾ ਹੈ। ਸ਼ਾਇਦ ਮੈਂ ਕਾਫੀ ਦਿਨਾਂ ਤੋਂ ਪਰਹੇਜ਼ ਕਰ ਰਿਹਾ ਸੀ, ਇਸ ਕਰਕੇ। ਪਰ ਕੁਝ ਦਿਨਾਂ ਤੋਂ ਮੈਂ ਕਾਫੀ ਸਾਗ ਖਾ ਰਿਹਾ ਹਾਂ।''
ਹਾਲ ਹੀ ਵਿੱਚ ਦਿਲਜੀਤ ਦਾ ਨਵਾਂ ਗਾਣਾ 'ਰਾਤ ਦੀ ਗੇੜੀ' ਰਿਲੀਜ਼ ਹੋਇਆ ਹੈ। ਇਸ ਵਿੱਚ ਉਹ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, STR/AFP/GETTYIMAGES
ਦਿਲਜੀਤ ਦੋਸਾਂਝ ਨੇ ਆਪਣਾ ਬਾਲੀਵੁੱਡ ਸਫ਼ਰ ਫਿਲਮ ''ਉੜਤਾ ਪੰਜਾਬ'' ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ ਅਨੁਸ਼ਕਾ ਸ਼ਰਮਾ ਨਾਲ ਫਿਲਮ ''ਫਿਲੌਰੀ'' ਵਿੱਚ ਨਜ਼ਰ ਆਏ।
ਬਾਲੀਵੁੱਡ ਤੋਂ ਪਹਿਲਾਂ ਦਿਲਜੀਤ ਨੇ ਕਈ ਹਿੱਟ ਪੰਜਾਬੀ ਫਿਲਮਾਂ ਦਿੱਤੀਆਂ, ਹਾਲਾਂਕਿ ਉਨ੍ਹਾਂ ਦੇ ਸਫਰ ਦੀ ਸ਼ੁਰੂਆਤ ਗਾਇਕੀ ਤੋਂ ਹੋਈ ਸੀ।












