ਦਿਲਜੀਤ ਦੋਸਾਂਝ ਦਾ ਇੱਕ ਪ੍ਰਸਿੱਧ ਅਮਰੀਕੀ ਸ਼ੋਅ ਵਿੱਚ ਆਉਣਾ ਲੱਖਾਂ ਲੋਕਾਂ ਲਈ ਮਾਣ ਵਾਲੀ ਗੱਲ ਕਿਉਂ ਹੈ

ਦਿਲਜੀਤ ਦੋਸਾਂਝ

ਤਸਵੀਰ ਸਰੋਤ, Getty Images

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸਿੱਧ ਅਮਰੀਕੀ ਚੈਟ ਸ਼ੋਅ 'ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ' ਵਿੱਚ ਆਉਣ ਦੀ ਚਰਚਾ ਕੌਮਾਂਤਰੀ ਪੱਧਰ 'ਤੇ ਛਿੜੀ ਹੋਈ ਹੈ।

ਇਸ ਸ਼ੋਅ ਉੱਤੇ ਦਿਲਜੀਤ ਦੋਸਾਂਝ ਦੀ ਚਿੱਟੇ ਕੁੜਤੇ-ਚਾਦਰੇ ਅਤੇ ਤੁਰਲੇ ਵਾਲੀ ਪੱਗ ਵਿੱਚ ਦਿੱਤੀ ਪਰਫਾਰਮੈਂਸ ਦੀ ਪੰਜ ਮਿੰਟ ਦੀ ਵੀਡੀਓ ਵੀ ਯੂਟਿਊਬ ਉੱਤੇ ਟ੍ਰੈਂਡਿੰਗ ਵੀਡੀਓਜ਼ 'ਚ ਹੈ।

ਦਿਲਜੀਤ ਦੋਸਾਂਝ ਨੇ ਇਹ ਪਰਫਾਰਮੰਸ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਆਪਣੇ ਗੀਤ ‘ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ’ ਤੇ ‘ਤੂੰ ਤਾਂ ਫਿਰ ਜੱਟ ਦਾ ਪਿਆਰ’ ਗੀਤ ਉੱਤੇ ਦਿੱਤੀ ਹੈ।

ਸ਼ੋਅ ਦੇ ਹੋਸਟ ਜਿੰਮੀ ਫੈਲਨ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਵਿੱਚ ‘ਪੰਜਾਬੀ ਆਗੇ ਓਏ’ ਤੇ ‘ਸਤਿ ਸ੍ਰੀ ਅਕਾਲ’ ਬੋਲਦਿਆਂ ਇੰਸਟਾਗ੍ਰਾਮ ’ਤੇ ਵੀਡੀਓ ਵੀ ਪੋਸਟ ਕੀਤੀ ਹੈ। ਉਨ੍ਹਾਂ ਨੇ ਵੀਡੀਓ ਉੱਤੇ ਲਿਖਿਆ - 'ਲਰਨਿੰਗ ਪੰਜਾਬੀ ਵਿੱਚ ਦਿਲਜੀਤ ਦੋਸਾਂਝ'।

ਦਿਲਜੀਤ ਦੋਸਾਂਝ ਦੀ ਜਾਣ ਪਛਾਣ ਕਰਵਾਉਂਦਿਆਂ ਜਿੰਮੀ ਫੈਲਨ ਨੇ ਆਪਣੇ ਸ਼ੋਅ ਉੱਤੇ ਕਿਹਾ, “ਤੁਸੀਂ ਸਾਡੇ ਅਗਲੇ ਮਹਿਮਾਨ ਨੂੰ ਉਨ੍ਹਾਂ ਦੇ ਦਿਲ-ਲੂਮੀਨਾਟੀ ਵਰਲਡ ਟੂਅਰ ਉੱਤੇ ਵੇਖ ਸਕਦੇ ਹੋ, ਉਹ ਅਮਰੀਕੀ ਟੀਵੀ ਉੱਤੇ ਪਹਿਲੀ ਵਾਰੀ ਪਰਫਾਰਮ ਕਰ ਰਹੇ ਹਨ, ਉਹ ਬੌਰਨ ਟੂ ਸ਼ਾਈਨ ਅਤੇ 'ਜੀ.ਓ.ਏ.ਟੀ' ਪੇਸ਼ ਕਰਨਗੇ।

ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ‘ਇਸ ਗ੍ਰਹਿ ਉੱਤੇ ਸਭ ਤੋਂ ਵੱਡਾ ਪੰਜਾਬੀ ਕਲਾਕਾਰ’ ਵੀ ਕਿਹਾ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, Instagram/Diljit Dosanjh

ਤਸਵੀਰ ਕੈਪਸ਼ਨ, ਸ਼ੋਅ ਦੇ ਹੋਸਟ ਜਿੰਮੀ ਫੈਲਨ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਵਿੱਚ ‘ਪੰਜਾਬੀ ਆਗੇ ਓਏ’ ਤੇ ‘ਸਤਿ ਸ੍ਰੀ ਅਕਾਲ’ ਬੋਲਦਿਆਂ ਇੰਸਟਾਗ੍ਰਾਮ ’ਤੇ ਵੀਡੀਓ ਵੀ ਪੋਸਟ ਕੀਤੀ ਹੈ

ਇਸ ਰਿਪੋਰਟ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਜਿੰਮੀ ਫੈਲਨ ਕੌਣ ਹੈ ਅਤੇ ‘ਦਿ ਟੂਨਾਇਟ ਸ਼ੋਅ’ ਇੰਨਾ ਚਰਚਿਤ ਕਿਉਂ ਹੈ?

 ਦਿਲਜੀਤ ਦੋਸਾਂਝ ਜਿੰਮੀ ਫੈਲਨ

ਤਸਵੀਰ ਸਰੋਤ, Instagram/Jimmy fallon

ਤਸਵੀਰ ਕੈਪਸ਼ਨ, ਇਸ ਸ਼ੋਅ ਉੱਤੇ ਦਿਲਜੀਤ ਦੋਸਾਂਝ ਦੀ ਚਿੱਟੇ ਕੁੜਤੇ-ਚਾਦਰੇ ਅਤੇ ਤੁਰਲੇ ਵਾਲੀ ਪੱਗ ਵਿੱਚ ਦਿੱਤੀ ਪਰਫਾਰਮੈਂਸ ਦੀ ਪੰਜ ਮਿੰਟ ਦੀ ਵੀਡੀਓ ਵੀ ਯੂਟਿਊਬ ਉੱਤੇ ਟ੍ਰੈਂਡਿੰਗ ਵੀਡੀਓਜ਼ 'ਚ ਹੈ

ਜਿੰਮੀ ਫੈਲਨ ਕੌਣ ਹੈ?

ਐੱਨਬੀਸੀ ਦੀ ਅਧਿਕਾਰਤ ਵੈੱਬਸਾਇਟ ਮੁਤਾਬਕ ਜਿੰਮੀ ਫੈਲਨ ਇੱਕ 'ਐੱਮੀ' ਤੇ 'ਗ੍ਰੈਮੀ' ਐਵਾਰਡ ਜੇਤੂ ਕਾਮੇਡੀਅਨ ਹਨ।

ਜਿੰਮੀ ਫੈਲਨ ਆਪਣੇ ਪੇਸ਼ਕਾਰੀ ਦੇ ਹੁਨਰ ਲਈ ਸਭ ਤੋਂ ਪਸੰਦ ਕੀਤੇ ਜਾਣ ਵਾਲੇ ਸ਼ੋਅ ਮੇਜ਼ਬਾਨਾਂ ਵਿੱਚੋਂ ਇੱਕ ਹਨ।

ਉਹ ਪਿਛਲੇ 10 ਸਾਲਾਂ ਤੋਂ ‘ਦਿ ਟੂਨਾਈਟ ਸ਼ੋਅ' ਦੀ ਮੇਜ਼ਬਾਨੀ ਕਰ ਰਹੇ ਹਨ।

ਜਿੰਮੀ ਫੈਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਨਬੀਸੀ ਦੀ ਅਧਿਕਾਰਤ ਵੈੱਬਸਾਇਟ ਮੁਤਾਬਕ ਜਿੰਮੀ ਫੈਲਨ ਇੱਕ 'ਐੱਮੀ' ਤੇ 'ਗ੍ਰੈਮੀ' ਐਵਾਰਡ ਜੇਤੂ ਕਾਮੇਡੀਅਨ ਹਨ

ਇਸ ਸ਼ੋਅ ਦੀ ਮੇਜ਼ਬਾਨੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਰੀਬ ਚਾਰ ਸਾਲ ‘ਲੇਟ ਨਾਈਟ’ ਨਾਮ ਦੇ ਐੱਨਬੀਸੀ ਦੇ ਸ਼ੋਅ ਦੀ ਵੀ ਮੇਜ਼ਬਾਨੀ ਕਰਦੇ ਰਹੇ ਹਨ।

ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਵਿੱਚ ਜਿੱਥੇ ਉਹ ਮਹਿਮਾਨਾਂ ਦਾ ਇੰਟਰਵਿਊ ਲੈਂਦੇ ਹਨ ਉੱਥੇ ਹੀ ਇਕੱਲਿਆਂ ਵੀ ਵੱਖ-ਵੱਖ ਮੁੱਦਿਆਂ ਉੱਤੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਪੇਸ਼ਕਾਰੀ ਦਿੰਦੇ ਹਨ।

 ਦਿਲਜੀਤ ਦੋਸਾਂਝ ਜਿੰਮੀ ਫੈਲਨ

ਤਸਵੀਰ ਸਰੋਤ, Insta/Jimmy Fallon

ਉਹ ਆਪਣੇ ਇੰਟਰਵਿਊ ਲੈਣ ਦੇ ਸਰਲ ਅੰਦਾਜ਼, ਦਰਸ਼ਕਾਂ ਨੂੰ ਸ਼ੋਅ ਵਿੱਚ ਸ਼ਾਮਲ ਕਰਕੇ ਅਤੇ ਮੌਕੇ ਉੱਤੇ ਆਪਣੇ ਹੁਨਰ ਦੀ ਵਰਤੋਂ ਕਰਕੇ ਜਾਣੇ ਜਾਂਦੇ ਹਨ।

ਇਸ ਤੋਂ ਪਹਿਲਾਂ ਕਈ ਟੀਵੀ ਪ੍ਰੋਗਰਾਮਾਂ ਨਾਲ ਜੁੜੇ ਰਹਿ ਚੁੱਕੇ ਜਿੰਮੀ ਫੈਲਨ ਨੇ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਦੇ ਮੁੱਖ ਮੇਜ਼ਬਾਨ ਵਜੋਂ ਫਰਵਰੀ 2014 ਤੋਂ ਸ਼ੁਰੂਆਤ ਕੀਤੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐੱਨਬੀਸੀ ਦੀ ਵੈੱਬਸਾਈਟ ਮੁਤਾਬਕ ਆਪਣੇ ਤੋਂ ਪਹਿਲਾਂ ਸ਼ੋਅ ਹੋਸਟ ਕਰਨ ਵਾਲੇ ਜੋਹਨੀ ਕਾਰਸਨ ਅਤੇ ਜੈ ਲੈਨੋ ਦੀਆਂ ਪੈੜਾਂ ਉੱਤੇ ਤੁਰਦਿਆਂ ਉਹ ਅਜਿਹੀ ਰਵਾਇਤ ਨੂੰ ਅੱਗੇ ਤੋਰ ਰਹੇ ਹਨ ਜਿਸ ਨੂੰ ਕਿ ਦਰਸ਼ਕ ਪਛਾਣਦੇ ਹਨ ਅਤੇ ਪਿਆਰ ਕਰਦੇ ਹਨ।

ਜਿੰਮੀ ਫੈਲਨ ਦੇ ਸ਼ੋਅ ਉੱਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਮਹਿਮਾਨ ਵਜੋਂ ਆ ਚੁੱਕੇ ਹਨ, ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਉਮਦਿਵਾਰ ਹੁੰਦਿਆਂ ਡੋਨਲਡ ਟਰੰਪ ਵੀ ਉਨ੍ਹਾਂ ਦੇ ਸ਼ੋਅ ਵਿੱਚ ਆਏ ਸਨ।

ਜਿੰਮੀ ਫੈਲਨ ਗੋਲਡਨ ਗਲੋਬ ਐਵਾਰਡਜ਼ ਦੀ ਮੇਜ਼ਬਾਨੀ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਜਿੰਮੀ ਫੈਲਨ ਦੀਆਂ ਤਿੰਨ ਫਿਲਮਾਂ ਵਿੱਚ ਵੀ ਆ ਚੁੱਕੀਆਂ ਹਨ।

ਜਿੰਮੀ ਫੈਲਨ ਦੇ ਇੰਸਟਾਗ੍ਰਾਮ ਉੱਤੇ 27.1 ਮਿਲੀਅਨ ਫੋਲੋਅਰ ਹਨ।

'ਦਿ ਟੂਨਾਈਟ ਸ਼ੋਅ'

 ਬਰਾਕ ਓਬਾਮਾ

ਤਸਵੀਰ ਸਰੋਤ, Getty Images/NBC

ਤਸਵੀਰ ਕੈਪਸ਼ਨ, ਜਿੰਮੀ ਫੈਲਨ ਦੇ ਸ਼ੋਅ ਉੱਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਮਹਿਮਾਨ ਵਜੋਂ ਆ ਚੁੱਕੇ ਹਨ

'ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' ਨੈਸ਼ਨਲ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ।

ਐੱਨਬੀਸੀ ਯਾਨਿ ਨੈਸ਼ਨਲ ਬਰਾਡਕਾਸਟਿੰਗ ਕਾਰਪੋਰੇਸ਼ਨ ਇੱਕ ਅਮਰੀਕੀ ਵਪਾਰਕ ਕੰਪਨੀ ਹੈ ਜਿਸ ਵੱਲੋਂ ਮਨੋਰੰਜਨ, ਖ਼ਬਰਾਂ ਸਣੇ ਹੋਰ ਪ੍ਰੋਗਰਾਮ ਬਣਾਏ ਅਤੇ ਪ੍ਰਸਾਰਿਤ ਕੀਤੇ ਜਾਂਦੇ ਹਨ।

ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ 'ਰੌਕਫੈਲਰ ਪਲਾਜ਼ਾ' ਵਿੱਚ ਹੈ।

ਇਹ ਸ਼ੋਅ ਲਾਈਵ ਰਿਕਾਰਡ ਕੀਤਾ ਜਾਂਦਾ ਹੈ ਜਿਸ ਵਿੱਚ ਸਟੇਜ ਦੇ ਸਾਹਮਣੇ ਦਰਸ਼ਕ ਬੈਠੇ ਹੁੰਦੇ ਹਨ।

ਐੱਨਬੀਸੀ ਦੀ ਵੈੱਬਸਾਈਟ ਮੁਤਾਬਕ ‘ਦਿ ਟੂਨਾਇਟ ਸ਼ੋਅ’ ਅਮਰੀਕੀ ਟੈਲੀਵਿਜ਼ਨ ਜਗਤ ਵਿੱਚ ਇੱਕ ਵੱਡਾ ਨਾਮ ਰਿਹਾ ਹੈ, ਜਿਸ ਵਿੱਚ ਵੱਡੇ ਸੈਲੀਬ੍ਰਿਟੀ, ਗਾਇਕ ਅਤੇ ਕਾਮੇਡੀਅਨ ਆ ਚੁੱਕੇ ਹਨ।

‘ਦਿ ਟੂਨਾਈਟ ਸ਼ੋਅ’ ਦੇ ਜਿੱਥੇ ਯੂਟਿਊਬ ਉੱਤੇ ਕਰੀਬ 31.6 ਮਿਲੀਅਨ ਫੋਲੌਅਰ ਹਨ ਉੱਥੇ ਹੀ ਇੰਸਟਾਗ੍ਰਾਮ ਉੱਤੇ ਇਸ ਦੇ 16.1 ਮਿਲੀਅਨ ਫੋਲੋਅਰ ਹਨ।

ਪਿਛਲੇ ਦਿਨਾਂ ਤੋਂ ਦਿਲਜੀਤ ਦੀ ਚਰਚਾ

ਦਿਲਜੀਤ

ਤਸਵੀਰ ਸਰੋਤ, FB/Diljit Dosanjh

ਤਸਵੀਰ ਕੈਪਸ਼ਨ, ਕੋਚੇਲਾ ਨੂੰ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫ਼ੈਸਟੀਵਲ ਕਿਹਾ ਜਾਂਦਾ ਹੈ

ਬੀਤੇ ਸਾਲ ਅਪ੍ਰੈਲ 2023 ਵਿੱਚ ਦਿਲਜੀਤ ਨੇ 'ਕੋਚੈਲਾ ਸੰਗੀਤ ਫੈਸਟੀਵਲ' ਵਿੱਚ ਗਾਇਆ ਸੀ। ਉਹ ਇਸ ਫੈਸਟੀਵਲ ਵਿੱਚ ਗਾਉਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਸਨ।

ਉਨ੍ਹਾਂ ਨੇ ਕਾਲਾ ਕੁੜਤਾ ਚਾਦਰਾ ਪਾ ਕੇ ਇਸ ਵਿੱਚ ਪਰਫਾਰਮ ਕੀਤਾ ਸੀ।

ਕੋਚੇਲਾ ਨੂੰ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫ਼ੈਸਟੀਵਲ ਕਿਹਾ ਜਾਂਦਾ ਹੈ।

ਇਸ ਈਵੈਂਟ ਦਾ ਮਕਸਦ ਸੰਗੀਤ ਅਤੇ ਕਲਾ ਦਾ ਜਸ਼ਨ ਮਨਾਉਣਾ ਹੈ। 1999 ਵਿੱਚ ਇਸ ਦੀ ਸ਼ੁਰੂਆਤ ਹੋਈ ਸੀ।

ਐੱਡ ਸ਼ੀਰਨ ਦਿਲਜੀਤ ਦੋਸਾਂਝ

ਤਸਵੀਰ ਸਰੋਤ, INSTAGRAM/TEDDYSPHOTOS

ਤਸਵੀਰ ਕੈਪਸ਼ਨ, ਐੱਡ ਸ਼ੀਰਨ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁੰਬਈ ਵਿੱਚ ਆਪਣੇ ਸ਼ੋਅ ਦੌਰਾਨ ਪੰਜਾਬੀ ਭਾਸ਼ਾ ਵਿੱਚ ਗੀਤ ਗਾਇਆ ਸੀ

ਮਾਰਚ 2024 ਵਿੱਚ ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਪੌਪ ਗਾਇਕ ਐੱਡ ਸ਼ੀਰਨ ਵੀ ਸਟੇਜ ਸਾਂਝੀ ਕੀਤੀ ਸੀ।

ਦਿਲਜੀਤ ਨਾਲ ਗਾਉਣ ਮਗਰੋਂ ਐੱਡ ਸ਼ੀਰਨ ਨੇ ਇੰਸਟਾ 'ਤੇ ਲਿਖਿਆ ਸੀ, “ਮੈਨੂੰ ਦਿਲਜੀਤ ਨਾਲ ਮੁੰਬਈ ਵਿੱਚ ਗਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ ਪੰਜਾਬੀ ਵਿੱਚ... ਮੇਰਾ ਭਾਰਤ ਵਿੱਚ ਬਹੁਤ ਚੰਗਾ ਸਮਾਂ ਲੰਘਿਆ ਹੈ ਅਤੇ ਅਗਲਾ ਵੀ ਚੰਗਾ ਹੋਵੇਗਾ।''

ਐੱਡ ਸ਼ੀਰਨ ਦੇ ਦਿਲਜੀਤ ਦੋਸਾਂਝ ਦਾ ਗੀਤ ਪੰਜਾਬੀ ਵਿੱਚ ਵੀ ਗਾਇਆ ਸੀ।

ਇਸ ਮਗਰੋਂ ਦਿਲਜੀਤ ਦੋਸਾਂਝ ਨੇ ਇਸ ਕੌਂਸਰਟ ਲਈ ਐੱਡ ਸ਼ੀਰਨ ਨਾਲ ਕੀਤੀ ਤਿਆਰੀ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸੀ।

ਦਿਲਜੀਤ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਐਡ ਸ਼ੀਰਨ ਦੇ ਸੁਭਾਅ ਅਤੇ ਉਨ੍ਹਾਂ ਦੇ ਮਿਲਣਸਾਰ ਵਤੀਰੇ ਦੀ ਪ੍ਰਸ਼ੰਸਾ ਵੀ ਕੀਤੀ ਸੀ।

ਹਾਲ ਹੀ ਵਿੱਚ ਦਿਲਜੀਤ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਚਮਕੀਲਾ ਵੀ ਨੈੱਟਫਲਿਕਸ ਉੱਤੇ ਰਿਲੀਜ਼ ਹੋਈ ਹੈ।

ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਜੋੜੀ ਉੱਤੇ ਸੀ। ਇਸ ਵਿੱਚ ਦਿਲਜੀਤ ਦੀ ਐਕਟਿੰਗ ਨੂੰ ਕਾਫੀ ਸਰਾਹਿਆ ਗਿਆ ਸੀ।

ਬੀਬੀਸੀ ਏਸ਼ੀਅਨ ਨੈੱਟਵਰਕ ਦੇ ਪੇਸ਼ਕਾਰ ਹਾਰੂਨ ਰਸ਼ੀਦ ਦਾ ਵਿਸ਼ਲੇਸ਼ਣ

ਜਿੰਮੀ ਫੈਲਨ ਦੇ ਸ਼ੋਅ 'ਤੇ ਦਿਲਜੀਤ ਦੀ ਮੌਜੂਦਗੀ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ ਲਈ ਯਾਦਗਾਰੀ ਪਲ ਹੈ।

ਉਨ੍ਹਾਂ ਦਾ ਆਪਣੇ ਆਪ ਨੂੰ ਬਿਨਾ ਕਿਸੇ ਮਿਲਾਵਟ ਦੇ ਪੇਸ਼ ਕਰਨਾ ਉਨ੍ਹਾਂ ਨੂੰ ਪ੍ਰਸ਼ੰਸਕਾ ਨਾਲ ਜੋੜਦਾ ਹੈ।

ਉਹ ਆਪਣੀ ਪਛਾਣ ਪ੍ਰਤੀ ਸੁਹਿਰਦ ਹਨ ਜਿਸ ਕਰਕੇ ਉਹ ਮਸ਼ਹੂਰ ਹੋਏ ਉਹ ਪੰਜਾਬੀ ਵਿੱਚ ਗੱਲ ਕਰਦੇ ਹਨ, ਉਹ ਕੌਮਾਂਤਰੀ ਪਲੇਟਫਾਰਮਾਂ 'ਤੇ ਰਵਾਇਤੀ ਪੰਜਾਬੀ ਪਹਿਰਾਵੇ ਪਾਉਂਦੇ ਅਤੇ ਲਗਾਤਾਰ ਆਪਣੇ ਵਿਸ਼ਵਾਸ ਅਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਬਾਰੇ ਗੱਲ ਕਰਦੇ ਹਨ।

ਨਾਲ ਹੀ, ਉਹ ਪ੍ਰਤੱਖ ਤੌਰ 'ਤੇ ਪੱਗ ਵਾਲੇ ਸਿੱਖ ਵਿਅਕਤੀ ਹਨ - ਅਜਿਹੀ ਦਿੱਖ ਨੂੰ ਲੰਬੇ ਸਮੇਂ ਤੋਂ ਮਨੋਰੰਜਨ ਉਦਯੋਗ ਵਿੱਚ, ਇੱਥੋਂ ਤੱਕ ਕਿ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਵੀ ਇੱਕ ਕਿਸਮ ਦੀ ਦਿੱਕਤ ਮੰਨਿਆ ਜਾਂਦਾ ਸੀ। ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਉਨ੍ਹਾਂ ਨੇ ਆਪਣੀ ਦਸਤਾਰ ਨੂੰ ਪੰਜਾਬੀਆਂ ਲਈ ਮਾਣ ਦੀ ਨਿਸ਼ਾਨੀ ਬਣਾ ਕੇ ਪਹਿਲਾ ਦਸਤਾਰਧਾਰੀ ਵਿਅਕਤੀ ਬਣ ਕੇ ਇੱਕ ਬਾਲੀਵੁੱਡ ਫਿਲਮ ਵਿੱਚ ਲੀਡ ਕੀਤਾ ਜੋ ਪੂਰੀ ਸੰਸਾਰ ਵਿੱਚ ਚੱਲੀ।

ਸਭ ਤੋਂ ਮੂਲ ਗੱਲ ਗੱਲ ਇਹ ਹੈ ਉਹ ਇੱਕ ਸ਼ਾਨਦਾਰ ਅਵਾਜ਼ ਅਤੇ ਸੰਗੀਤ ਅਤੇ ਸ਼ੈਲੀ ਵੰਨਸੁਵੰਨਤਾ ਵਾਲੇ ਪ੍ਰਤਿਭਾਸ਼ਾਲੀ ਕਲਾਕਾਰ ਹਨ।

ਇਸ ਨਾਲ ਜੋੜ ਲਓ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਫੈਸ਼ਨ ਗੇਮ ਅਤੇ ਜਿਸ ਨਿੱਘ ਨਾਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੈ।

ਇਸ ਤੋਂ ਪੂਰੀ ਤਰ੍ਹਾਂ ਸਮਝ ਲੱਗਦਾ ਹੈ ਕਿਉਂ ਲੱਖਾਂ ਲੋਕ ਉਨ੍ਹਾਂ ਦੇ ਇਸ ਚੈਟ ਸ਼ੋਅ ਵਿੱਚ ਆਉਣ ਦਾ ਜਸ਼ਨ ਮਾਣ ਨਾਲ ਮਨਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)