ਦਿਲਜੀਤ ਨਾਲ ਸਟੇਜ 'ਤੇ ਪੰਜਾਬੀ ’ਚ ਗਾਉਣ ਨਾਲ ਚਰਚਾ ਵਿੱਚ ਆਏ ਅੰਗਰੇਜ਼ੀ ਪੌਪ ਸਟਾਰ ਐੱਡ ਸ਼ੀਰਨ ਕੌਣ ਹਨ?

ਐੱਡ ਸ਼ੀਰਨ, ਦਿਲਜੀਤ ਦੋਸਾਂਝ

ਤਸਵੀਰ ਸਰੋਤ, Instagram/teddysphotos

ਤਸਵੀਰ ਕੈਪਸ਼ਨ, ਐੱਡ ਸ਼ੀਰਨ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁੰਬਈ ਵਿੱਚ ਆਪਣੇ ਸ਼ੋਅ ਦੌਰਾਨ ਪੰਜਾਬੀ ਭਾਸ਼ਾ ਵਿੱਚ ਗੀਤ ਗਾਇਆ।

ਐੱਡ-ਸ਼ੀਰਨ... ਇਹ ਉਹ ਨਾਮ ਹੈ ਜੋ ਅੱਜਕੱਲ੍ਹ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਸਟੇਜ ਸਾਂਝੀ ਕਰਨ ਅਤੇ ਪੰਜਾਬੀ ਵਿੱਚ ਗਾਣਾ ਗਾਉਣ ਤੋਂ ਬਾਅਦ ਉਹ ਹੋਰ ਵੀ ਸੁਰਖ਼ੀਆਂ ਵਿੱਚ ਆ ਗਏ ਹਨ।

ਐੱਡ-ਸ਼ੀਰਨ ਇੱਕ ਪ੍ਰਸਿੱਧ ਅੰਗਰੇਜ਼ੀ ਪੌਪ ਗਾਇਕ ਹਨ ਅਤੇ ਅੱਜਕੱਲ੍ਹ ਆਪਣੇ ਏਸ਼ੀਆ ਤੇ ਯੂਰਪ ਦੇ ਮਿਊਜ਼ੀਕਲ ਟੂਰ ਉੱਤੇ ਹਨ।

ਦਿਲਜੀਤ ਨਾਲ ਗਾਉਣ ਮਗਰੋਂ ਐੱਡ ਸ਼ੀਰਨ ਨੇ ਇੰਸਟਾ 'ਤੇ ਲਿਖਿਆ, “ਮੈਨੂੰ ਦਿਲਜੀਤ ਨਾਲ ਮੁੰਬਈ ਵਿੱਚ ਗਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ ਪੰਜਾਬੀ ਵਿੱਚ... ਮੇਰਾ ਭਾਰਤ ਵਿੱਚ ਬਹੁਤ ਚੰਗਾ ਸਮਾਂ ਲੰਘਿਆ ਹੈ ਅਤੇ ਅਗਲਾ ਵੀ ਚੰਗਾ ਹੋਵੇਗਾ।''

ਇਸ ਮਗਰੋਂ ਦਿਲਜੀਤ ਦੋਸਾਂਝ ਨੇ ਇਸ ਕੌਂਸਰਟ ਲਈ ਐੱਡ ਸ਼ੀਰਨ ਨਾਲ ਕੀਤੀ ਤਿਆਰੀ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ।

ਦਿਲਜੀਤ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਐਡ ਸ਼ੀਰਨ ਦੇ ਸੁਭਾਅ ਅਤੇ ਉਨ੍ਹਾਂ ਦੇ ਮਿਲਣਸਾਰ ਵਤੀਰੇ ਦੀ ਪ੍ਰਸ਼ੰਸਾ ਵੀ ਕੀਤੀ।

ਆਪਣੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੇ ਮੁੰਬਈ ਵਿੱਚ ਕੌਂਸਰਟ ਵੀ ਕੀਤਾ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹੋਏ ਸਨ।

ਐੱਡ ਸ਼ੀਰਨ ਆਪਣੇ ਮੁੰਬਈ ਦੌਰੇ ਦੌਰਾਨ ਸ਼ਾਹਰੁਖ ਖ਼ਾਨ ਦੇ ਘਰ ‘ਮੰਨਤ’ ਵੀ ਗਏ, ਜਿੱਥੇ ਉਨ੍ਹਾਂ ਨੇ ਪਰਫੌਰਮ ਕੀਤਾ ਸੀ।

ਜਿਸ ਐੱਡ ਸ਼ੀਰਨ ਦੀ ਭਾਰਤ ਵਿੱਚ ਇੰਨੀ ਚਰਚਾ ਹੋ ਰਹੀ ਹੈ, ਆਖਿਰ ਉਹ ਹੈ ਕੌਣ?

ਵੀਡੀਓ ਕੈਪਸ਼ਨ, ਦਿਲਜੀਤ ਨਾਲ ਪੰਜਾਬੀ ਵਿੱਚ ਗੀਤ ਗਾਉਣ ਵਾਲੇ ਐੱਡ ਸ਼ੀਰਨ ਕੌਣ ਹਨ

14 ਸਾਲਾਂ ਦੀ ਉਮਰ ਵਿੱਚ ਪਹਿਲਾ ਗੀਤ ਰਿਲੀਜ਼

ਬਿੱਲਬੋਰਡ ਉੱਤੇ ਐਡ ਸ਼ੀਰਨ ਦੇ ਪ੍ਰੋਫਾਈਲ ਦੇ ਮੁਤਾਬਕ ਉਨ੍ਹਾਂ ਦਾ ਜਨਮ ਇੰਗਲੈਂਡ ਦੇ ਯੌਰਕਸ਼ਾਇਰ ਵਿੱਚ ਹੋਇਆ ਸੀ।

ਉਨ੍ਹਾਂ ਨੇ ਆਪਣਾ ਸ਼ੁਰੂਆਤੀ ਸਮਾਂ ਸਫੌਲਕ ਵਿੱਚ ਬਿਤਾਇਆ ਅਤੇ 17 ਸਾਲਾਂ ਦੀ ਉਮਰ ਵਿੱਚ ਉਹ ਲੰਡਨ ਆ ਗਏ ਸਨ।

ਬਿੱਲਬੋਰਡ ਸੰਸਾਰ ਭਰ ਦੇ ਕਲਾਕਾਰਾਂ ਦੇ ਗੀਤਾਂ ਦੀ ਰੈਕਿੰਗ ਲਈ ਜਾਣਿਆਂ ਜਾਂਦਾ ਪਲੇਟਫਾਰਮ ਹੈ।

ਐੱਡ ਸ਼ੀਰਨ ਦਾ ਜਨਮ 17 ਫਰਵਰੀ 1991 ਨੂੰ ਹੋਇਆ ਸੀ।

ਐਡ ਸ਼ੀਰਨ ਨੇ ਆਪਣਾ ਪਹਿਲਾ ਗੀਤ ‘ਦਿ ਓਰੈਂਜ ਰੂਮ’ 2005 ਵਿੱਚ ਰਿਲੀਜ਼ ਕੀਤਾ ਸੀ।ਉਸ ਵੇਲੇ ਉਨ੍ਹਾਂ ਦੀ ਉਮਰ 14 ਸਾਲ ਸੀ।

ਉਨ੍ਹਾਂ ਦੀ ਪਹਿਲੀ ਸਟੂਡੀਓ ਐਲਬਮ ‘ਪਲੱਸ’ 2011 ਵਿੱਚ ਆਈ ਸੀ। ਇਸ ਐਲਬਮ ਦਾ ਮੁੱਖ ਗਾਣਾ ‘ਦੀ ਏ ਟੀਮ’ ਉਸ ਵੇਲੇ ਦੇ ਚੋਟੀ ਦੇ ਗੀਤਾਂ ਵਿੱਚ ਸ਼ੁਮਾਰ ਰਿਹਾ ਸੀ।

ਐੱਡ ਸ਼ੀਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡ ਸ਼ੀਰਨ ਨੇ ਆਪਣਾ ਪਹਿਲਾ ਗੀਤ ‘ਦਿ ਓਰੈਂਜ ਰੂਮ’ 2005 ਵਿੱਚ ਰਿਲੀਜ਼ ਕੀਤਾ ਸੀ

ਐੱਡ ਸ਼ੀਰਨ ਹੋਰ ਕਈ ਐਵਾਰਡਜ਼ ਦੇ ਨਾਲ-ਨਾਲ ਚਾਰ ਵਾਰੀ ਗ੍ਰੈਮੀ ਐਵਾਰਡ ਵੀ ਜਿੱਤ ਚੁੱਕੇ ਸਨ।

ਸਫੌਲਕ ਦੇ ਫਰਾਮਲਿੰਘਮ ਵਿੱਚ ਵੱਡੇ ਹੋਏ ਐੱਡ ਸ਼ੀਰਨ ਦਾ ਅੱਜ ਵੀ ਇਸੇ ਇਲਾਕੇ ਵਿੱਚ ਇੱਕ ਘਰ ਹੈ ਅਤੇ ਉਹ ਆਪਣੇ ਇਲਾਕੇ ਨਾਲ ਜੁੜੇ ਹੋਏ ਹਨ।

ਉਹ ਇਪਸਵਿਚ ਟਾਊਨ ਦੇ ਫੁੱਟਬਾਲ ਕਲੱਬ ਅਤੇ ਸਥਾਨਕ ਭਾਈਚਾਰੇ ਪ੍ਰਤੀ ਆਪਣਾ ਯੋਗਦਾਨ ਵੀ ਪਾਉਂਦੇ ਰਹੇ ਹਨ।

ਉਨ੍ਹਾਂ ਨੇ ਅਕਤੂਬਰ 2022 ਵਿੱਚ ਬਿਨਾ ਐਲਾਨ ਕੀਤੇ ਅਤੇ ਬਿਨਾ ਟਿਕਟਾਂ ਦੇ ਇਪਸਵਿਚ ਵਿੱਚ ਗਾਇਆ, ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਥਾਂ ਨਾਲ ਬਹੁਤ ਪਿਆਰ ਹੈ।

ਆਫੀਸ਼ੀਅਲ ਚਾਰਟਸ ਕੰਪਨੀ ਨੇ ਐੱਡ ਸ਼ੀਰਨ ਨੂੰ ਸਾਲ 2019 ਵਿੱਚ ਯੂਕੇ ਵਿੱਚ “ਆਰਟਿਸਟ ਆਫ ਦ ਡੈਕੇਡ” ਯਾਨਿ ਦਹਾਕੇ ਦੇ ਸਭ ਦਾ ਉੱਤਮ ਕਲਾਕਾਰ ਹੋਣ ਦਾ ਖ਼ਿਤਾਬ ਦਿੱਤਾ ਸੀ।

ਸਾਰੀਆਂ ਐਲਬਮਜ਼ ਰਹੀਆਂ ਹਿੱਟ

ਐੱਡ ਸ਼ੀਰਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਸਾਲ 2023 ਵਿੱਚ ਹੀ ਉਨ੍ਹਾਂ ਨੇ ਆਪਣੀ ਛੇਵੀਂ ਐਲਬਮ ‘ਸਬਟ੍ਰੈਕਟ’ ਰਿਲੀਜ਼ ਕੀਤੀ ਸੀ

ਐੱਡ ਸ਼ੀਰਨ ਨੇ 2023 ਵਿੱਚ ਆਪਣੀ ਸੱਤਵੀਂ ਐਲਬਮ ‘ਔਟਮ ਵੇਰੀਏਸ਼ਨਜ਼’ ਲਾਂਚ ਕੀਤੀ ਸੀ।

ਪੌਲ ਜਿਨ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਕਿਹਾ ਸੀ, “ਇਹ ਸਫ਼ਲਤਾ ਹੋਰ ਪੁਰਸਕਾਰਾਂ ਨਾਲੋਂ ਵੱਧ ਮਾਅਨੇ ਰੱਖਦੀ ਹੈ ਕਿਉਂਕਿ ਅਜਿਹਾ ਪਹਿਲੀ ਵਾਰੀ ਹੈ ਕਿ ਮੈਂ ਐਲਬਮ ਆਪਣੇ ਲੇਬਲ ਹੇਠ ਰਿਲੀਜ਼ ਕੀਤੀ ਹੈ।”

ਸਾਲ 2023 ਵਿੱਚ ਹੀ ਉਨ੍ਹਾਂ ਨੇ ਆਪਣੀ ਛੇਵੀਂ ਐਲਬਮ ‘ਸਬਟ੍ਰੈਕਟ’ ਰਿਲੀਜ਼ ਕੀਤੀ ਸੀ।

ਇਸ ਐਲਬਲ ਵਿਚਲੇ ਗੀਤ ਸਾਲ 2022 ਵਿੱਚ ਉਨ੍ਹਾਂ ਦੀ ਆਪਣੀ ਜ਼ਿੰਦਗੀ ਵਿੱਚ ਆਏ ਉਤਰਾਅ ਚੜ੍ਹਾਅ ਤੋਂ ਪ੍ਰੇਰਿਤ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਰਿਲੀਜ਼ ਕੀਤੀਆਂ ਗਈਆਂ ਐਲਬਮਜ਼ ਦੇ ਨਾਮ ਸਨ – ਮਲਟੀਪਲਾਈ, ਡਿਵਾਈਡ, ਨੰਬਰ 6 ਕੋਲੈਬੋਰੇਸ਼ਨ ਪ੍ਰੌਜੈਕਟ, ਇਕੁਅਲਜ਼ ਅਤੇ ਪਲੱਸ।

ਉਨ੍ਹਾਂ ਦੀਆਂ ਸੰਗੀਤਕ ਕੈਸੇਟਜ਼ ਦੀ ਵਿਕਰੀ ਅਤੇ ਮਿਊਜ਼ਿਕ ਪਲੇਟਫਾਰਮਜ਼ ਉੱਤੇ ਸਰੋਤਿਆਂ ਦੀ ਗਿਣਤੀ ਨੇ ਕਈ ਰਿਕਾਰਡ ਬਣਾਏ ਹਨ।

ਉਨ੍ਹਾਂ ਦੇ ਕਈ ਗੀਤ ਕਈ ਕਈ ਹਫ਼ਤਿਆਂ ਤੱਕ ਬਿੱਲਬੋਰਡ 'ਤੇ ਨੰਬਰ ਇੱਕ ਉੱਤੇ ਰਹਿ ਚੁੱਕੇ ਹਨ।

‘ਪਿਤਾ ਬਣਨ ਮਗਰੋਂ ਮੇਰੀ ਜ਼ਿੰਦਗੀ ਬਦਲੀ’

ਐੱਡ ਸ਼ੀਰਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਐੱਡ ਸ਼ੀਰਨ ਨੇ ਚੈਰੀ ਸੀਬੌਰਨ ਨਾਲ ਸਾਲ 2019 ਵਿੱਚ ਵਿਆਹ ਕਰਵਾਇਆ ਸੀ।

ਐੱਡ ਸ਼ੀਰਨ ਸਾਲ 2020 ਵਿੱਚ ਆਪਣੀ ਪਹਿਲੀ ਧੀ ਦੇ ਪਿਤਾ ਬਣੇ ਸਨ, ਉਨ੍ਹਾਂ ਦੀਆਂ ਦੋ ਧੀਆਂ ਹਨ।

ਬੀਬੀਸੀ ਮਿਊਜ਼ਿਕ ਰਿਪੋਰਟਰ ਮਾਰਕ ਸੈਵੇਜ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ 2021 ਵਿੱਚ ਐਪਲ ਮਿਊਜ਼ਿਕ ਨੂੰ ਕਿਹਾ, “ਜਦੋਂ ਹੀ ਮੈਨੂੰ ਚੈਰੀ (ਐੱਡ ਸ਼ੀਰਨ ਦੀ ਪਤਨੀ) ਨੇ ਦੱਸਿਆ ਕਿ ਉਹ ਗਰਭਵਤੀ ਹੈ, ਮੇਰੀ ਜ਼ਿੰਦਗੀ ਕੰਮ ਅਤੇ ਸਿਹਤ ਪ੍ਰਤੀ ਬਦਲ ਗਈ, ਮੈਂ ਇਸ ਵੱਲ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ।”

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੇਰ ਰਾਤ ਤੱਕ ਕੰਮ ਕਰਨ ਦੀ ਥਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਗੀਤ ਬਹੁਤੇ ਪਸੰਦ ਨਹੀਂ ਹਨ ਅਤੇ ਉਹ ਜਦੋਂ ਵੀ ਗਾਉਣ ਲੱਗਦੇ ਸਨ ਉਹ ਰੋਣਾ ਸ਼ੁਰੂ ਕਰ ਦਿੰਦੀ ਸੀ।

ਇਹ ਵੀ ਪੜ੍ਹੋ-

ਕੀ ਇਲਜ਼ਾਮ ਲੱਗੇ ਸਨ?

ਐੱਡ ਸ਼ੀਰਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਐੱਡ ਸ਼ੀਰਨ ਉੱਤੇ ਕੋਪੀਰਾਈਟ ਇਨਫਰਿੰਜਮੈਂਟ ਦਾ ਕੇਸ ਨਿਊ ਯਾਰਕ ਵਿੱਚ ਚੱਲਿਆ ਸੀ

ਐੱਡ ਸ਼ੀਰਨ ਉੱਤੇ ਇਹ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਗੀਤ ਥਿੰਕਿੰਗ ਆਊਟ ਲਾਊਡ ਵਿੱਚ ਮਾਰਵਿਨ ਗੇਅ ਦੇ ਲੈਟਸ ਗੈੱਟ ਇਟ ਦੀਆਂ ਧੁਨਾਂ ਦੀ ਨਕਲ ਕੀਤੀ ਸੀ।

ਸ਼ੀਰਨ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਦੋਸ਼ ਸਿੱਧ ਹੁੰਦਾ ਹੈ ਤਾਂ ਉਹ ਆਪਣੇ ਸੰਗੀਤਕ ਕਰੀਅਰ ਨੂੰ ਛੱਡ ਦੇਣਗੇ।

ਐੱਡ ਸ਼ੀਰਨ ਉੱਤੇ ਕੋਪੀਰਾਈਟ ਇਨਫਰਿੰਜਮੈਂਟ ਦਾ ਕੇਸ ਨਿਊ ਯਾਰਕ ਵਿੱਚ ਚੱਲਿਆ ਸੀ।

ਜਿਊਰੀ ਨੇ ਫ਼ੈਸਲਾ ਸੁਣਾਉਂਦਿਆਂ ਐਡ ਸ਼ੀਰਨ ਨੂੰ ਬੇਕਸੂਰ ਦੱਸਿਆ ਸੀ।

ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ, “ਹੁਣ ਲੱਗਦਾ ਹੈ ਕਿ ਮੈਨੂੰ ਆਪਣੇ ਕੰਮ ਤੋਂ ਰਿਟਾਇਰ ਨਹੀਂ ਹੋਣਾ ਪਵੇਗਾ।”

ਦੋਸਤ ਦੀ ਮੋਤ ਤੋਂ ਬਾਅਦ ਮਾਨਸਿਕ ਤਣਾਅ

ਐੱਡ ਸ਼ੀਰਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, 32 ਸਾਲਾਂ ਦੇ ਐੱਡ ਸ਼ੀਰਨ ਯੂਕੇ ਦੇ 35 ਸਾਲਾਂ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਸਨ।

ਸਾਲ 2022 ਵਿੱਚ ਐੱਡ ਸ਼ੀਰਨ ਦੇ ਦੋਸਤਾਂ ਜੈਮਲ ਐਡਵਰਜ਼ ਅਤੇ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ ਹੋ ਗਈ ਸੀ

ਮਾਰਚ 2023 ਦੀ ਬੀਬੀਸੀ ਮਾਰਕ ਸੈਵੈਜ ਦੀ ਰਿਪੋਰਟ ਦੇ ਮੁਤਾਬਕ ਐੱਡ ਸ਼ੀਰਨ ਨੇ ਰੋਲਿੰਗ ਸਟੋਨ ਮੈਗਜ਼ੀਨ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਾਨਸਿਕ ਤਣਾਅ ਦਾ ਸਾਹਮਣਾ ਕੀਤਾ।

ਐਡਵਰਡ ਦੀ ਮੌਤ ਫਰਵਰੀ 2022 ਵਿੱਚ ਕੋਕੇਨ ਅਤੇ ਸ਼ਰਾਬ ਪੀਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਗਈ ਸੀ।

ਐਡਵਰਡ ਦੀ ਮੌਤ ਤੋਂ ਬਾਅਦ ਸ਼ੀਰਨ ਦੀ ਪਤਨੀ ਨੂੰ ਟਿਊਮਰ ਹੋਣ ਦੀ ਦਿੱਕਤ ਆਈ ਸੀ ਅਤੇ ਇਸ ਦਾ ਆਪ੍ਰੇਸ਼ਨ ਉਦੋਂ ਤੱਕ ਹੋਣਾ ਸੰਭਵ ਨਹੀਂ ਸੀ ਜਦੋਂ ਤੱਕ ਉਨ੍ਹਾਂ ਦੀ ਦੂਜੀ ਬੱਚੀ (ਨਾਮ ਜੁਪੀਟਰ) ਦਾ ਜਨਮ ਨਹੀਂ ਹੋਇਆ ਸੀ।

ਉਨ੍ਹਾਂ ਦੀ ਧੀ ਜੁਪੀਟਰ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਪਤਨੀ ਦਾ ਜੂਨ 2022 ਵਿੱਚ ਸਫ਼ਲ ਆਪ੍ਰੇਸ਼ਨ ਹੋਇਆ ਸੀ।

ਸਭ ਤੋਂ ਵੱਧ ਟੈਕਸ ਦੇਣ ਵਾਲੇ ਵਿਅਕਤੀਆਂ ਦੀ ਸੂਚੀ 'ਚ

ਐੱਡ ਸ਼ੀਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਡ ਸ਼ੀਰਨ ਯੂਕੇ ਦੇ ਸਭ ਤੋਂ ਵੱਧ ਟੈਕਸ ਦੇਣ ਵਾਲੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਸਨ।

ਜਨਵਰੀ 2024 ਵਿੱਚ ਛਪੀ ਬੀਬੀਸੀ ਦੀ ਰਿਪੋਰਟ ਮੁਤਾਬਕ ਸੰਡੇ ਟਾਈਮਜ਼ ਅਖ਼ਬਾਰ ਦੇ ਅੰਦਾਜ਼ੇ ਮੁਤਾਬਕ ਐੱਡ ਸ਼ੀਰਨ ਯੂਕੇ ਦੇ ਸਭ ਤੋਂ ਵੱਧ ਟੈਕਸ ਦੇਣ ਵਾਲੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਸਨ।

ਉਨ੍ਹਾਂ ਨੇ 36 ਮਿਲੀਅਨ ਪਾਊਂਡ ਤੋਂ ਵੱਧ ਟੈਕਸ ਵਿੱਚ ਦਿੱਤੇ।

ਮਈ 2023 ਦੀ ਬੀਬੀਸੀ ਦੀ ਰਿਪੋਰਟ ਮੁਤਾਬਕ ਉਸ ਵੇਲੇ 32 ਸਾਲਾਂ ਦੇ ਐੱਡ ਸ਼ੀਰਨ ਯੂਕੇ ਦੇ 35 ਸਾਲਾਂ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਸਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)