ਏਪੀ ਢਿੱਲੋਂ : ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਮਸ਼ਹੂਰ ਪੌਪ ਗਾਇਕ

ਤਸਵੀਰ ਸਰੋਤ, ap dhillon/fb
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਏਪੀ ਢਿੱਲੋਂ ਨੂੰ ਦੁਨੀਆਂ ਅੱਜ ਇੱਕ ਮਸ਼ਹੂਰ ਪੌਪ ਗਾਇਕ, ਰੈਪਰ, ਸੰਗੀਤਕਾਰ, ਲੇਖਕ ਤੇ ਪ੍ਰੋਡਿਊਸਰ ਵਜੋਂ ਜਾਣਦੀ ਹੈ । ਏਪੀ ਢਿੱਲੋਂ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਦੀ ਦੁਨੀਆਂ ਵਿੱਚ ਵੱਡਾ ਨਾਮ ਕਮਾਇਆ ਹੈ।
ਏਪੀ ਢਿੱਲੋਂ ਨੇ ਬਾਲੀਵੁਡ ਦੇ ਸਿਤਾਰਿਆਂ ਦੇ ਨਾਲ ਵੀ ਗਾਣੇ ਕੀਤੇ ਹਨ। ਉ ਆਪਣੇ ਵੱਖਰੇ ਅੰਦਾਜ਼ ਨਾਲ ਕੀਤੀ ਗਾਇਕੀ ਲਈ ਜਾਣੇ ਜਾਂਦੇ ਹਨ।
ਕੁਝ ਸਮਾਂ ਪਹਿਲਾਂ ਜਦੋਂ ਏਪੀ ਢਿੱਲੋਂ ਬਾਰੇ ਇੱਕ ਦਸਤਾਵੇਜ਼ੀ ਫਿਲਮ ਆਈ ਸੀ, ਉਦੋਂ ਬੀਬੀਸੀ ਪੰਜਾਬੀ ਨੇ ਉਨ੍ਹਾਂ ਦੇ ਸੰਗੀਤਕ ਸਫ਼ਰ ਬਾਰੇ ਇੱਕ ਰਿਪੋਰਟ ਛਾਪੀ ਸੀ, ਜਿਸ ਨੂੰ ਹੂਬਹੂ ਇੱਥੇ ਮੁੜ ਛਾਪਿਆ ਜਾ ਰਿਹਾ ਹੈ।

ਤਸਵੀਰ ਸਰੋਤ, AP DHillon/Insta
‘ਲੈਟਸ ਸ਼ੁਕ ਦਿ ਵਰਲਡ’... ਕਹਿ ਕੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਏਪੀ ਢਿੱਲੋਂ ਨੇ ਕੁਝ ਹੀ ਸਾਲਾਂ ਵਿੱਚ ਇਨ੍ਹਾਂ ਸ਼ਬਦਾਂ ਨੂੰ ਸੱਚ ਕਰ ਵਿਖਾਇਆ ਹੈ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਏਪੀ ਢਿੱਲੋਂ ਦਾ ਅਸਲ ਨਾਮ ਅੰਮ੍ਰਿਤਪਾਲ ਸਿੰਘ ਹੈ।
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਏਪੀ ਢਿੱਲੋਂ ਨੂੰ ਉਨ੍ਹਾਂ ਦਾ ਪਰਿਵਾਰ ਤੇ ਪਿੰਡ ਦੇ ਲੋਕ ਹੈਰੀ ਕਹਿ ਕੇ ਬੁਲਾਉਂਦੇ ਹਨ।
ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ਼ ਹੈਰੀ ਨੇ ਸਿਰਫ਼ ਚਾਰ ਸਾਲਾਂ ਵਿੱਚ ਹੀ ਅਜਿਹਾ ਮੁਕਾਮ ਹਾਸਲ ਕਰ ਲਿਆ ਕਿ ਅੱਜ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਚਰਚੇ ਹਨ।
10 ਜਨਵਰੀ 1993 ਨੂੰ ਜੰਮੇ ਏਪੀ ਢਿੱਲੋਂ ਨੂੰ ਦੁਨੀਆਂ ਅੱਜ ਇੱਕ ਮਸ਼ਹੂਰ ਪੌਪ ਗਾਇਕ, ਰੈਪਰ, ਸੰਗੀਤਕਾਰ, ਲੇਖਕ ਤੇ ਪ੍ਰੋਡਿਊਸਰ ਵਜੋਂ ਜਾਣਦੀ ਹੈ।
ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਉਨ੍ਹਾਂ ਦੀ ਆਉਣ ਵਾਲੀ ਡਾਕੂਮੈਂਟਰੀ ਸੀਰੀਜ਼ ਤੋਂ ਹੀ ਲਗਾਇਆ ਜਾ ਸਕਦਾ ਹੈ।

ਤਸਵੀਰ ਸਰੋਤ, getty images
ਏਪੀ ਢਿੱਲੋਂ ਦੀ ਜ਼ਿੰਦਗੀ ਉੱਤੇ ਵੈੱਬ ਸੀਰੀਜ਼
ਓਟੀਟੀ ਪਲੇਟਫਾਰਮ ਐਮੇਜ਼ਨ ਪ੍ਰਾਈਮ ਏਪੀ ਢਿੱਲੋਂ ਦੀ ਜ਼ਿੰਦਗੀ ਉੱਤੇ ਇੱਕ ਵੈੱਬ ਸੀਰੀਜ਼ ਲੈ ਕੇ ਆਇਆ ਸੀ।
ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਐਮੇਜ਼ਨ ਪ੍ਰਾਈਮ ਨੇ ਲਿਖਿਆ ਸੀ, "ਤੁਸੀਂ ਉਸ ਦਾ ਸੰਗੀਤ ਜਾਣਦੇ ਹੋ ਪਰ ਆਦਮੀ ਨੂੰ ਨਹੀਂ। ਕੈਨੇਡਾ ਜਾਣ ਤੋਂ ਪਹਿਲਾਂ ਇਹ ਏਪੀ ਢਿੱਲੋਂ ਦੀ ਭਾਰਤ ਵਿੱਚ ਆਖ਼ਰੀ ਰਾਤ ਸੀ। ਵੱਡੇ ਸੁਪਨਿਆਂ ਦੇ ਨਾਲ, ਉਹ ਸੱਭਿਆਚਾਰਕ ਅੰਤਰਾਂ ਤੋਂ ਲੈ ਕੇ ਭਾਸ਼ਾ ਦੀਆਂ ਰੁਕਾਵਟਾਂ ਤੱਕ, ਆਉਣ ਵਾਲੀਆਂ ਚੁਣੌਤੀਆਂ ਬਾਰੇ ਬਹੁਤ ਘੱਟ ਜਾਣਦਾ ਸੀ।"
"ਪਰ ਉਹ ਹਰ ਰੁਕਾਵਟ ਨੂੰ ਪਾਰ ਕਰਕੇ ਅੱਜ ਸ਼ਾਨਦਾਰ ਕਾਮਯਾਬੀ ਹਾਸਿਲ ਕਰ ਗਏ ਹਨ। ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦਾ ਸੰਘਰਸ਼ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਹਮੇਸ਼ਾ ਇੱਕ ਰਹੱਸ ਰਿਹਾ ਹੈ। ਹੁਣ ਤੱਕ!"
"ਏਪੀ ਢਿੱਲੋਂ ਦੀ ਪ੍ਰਸਿੱਧੀ ਦਾ ਸਫ਼ਰ – ਡੌਕਸੀਰੀਜ਼, ਜੋ ਪ੍ਰਾਈਮ ਵੀਡੀਓ 'ਤੇ 'ਏਪੀ ਢਿੱਲੋਂ: ਫਰਸਟ ਆਫ਼ ਏ ਕਾਇਨਡ'!, 18 ਅਗਸਤ ਨੂੰ ਰਿਲੀਜ਼ ਹੋਵੇਗੀ।"
ਏਪੀ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਇੱਕ ਪੁਰਾਣੇ ਗਾਣੇ ਨੂੰ ਪੋਸਟ ਕਰਦਿਆਂ ਇਸ ਸੀਰੀਜ਼ ਬਾਰੇ ਜਾਣਕਾਰੀ ਦਿੱਤੀ ਸੀ।

ਤਸਵੀਰ ਸਰੋਤ, ap dhillon/instagram
ਉਨ੍ਹਾਂ ਨੇ ਲਿਖਿਆ ਇਹ ਵੀਡੀਓ ਮੇੇਰੇ ਕੈਨੇਡਾ ਜਾਣ ਤੋਂ ਇੱਕ ਰਾਤ ਪਹਿਲਾਂ ਦਾ ਹੈ।
''ਹਰ ਰੋਜ਼ ਹਜ਼ਾਰਾਂ ਹੀ ਲੋਕ ਮੇਰੀ ਤਰ੍ਹਾਂ ਚੰਗੇ ਭਵਿੱਖ ਦੀ ਉਮੀਦ ਵਿੱਚ ਆਪਣੇ ਪਰਿਵਾਰ ਛੱਡ ਕੇ ਬਾਹਰਲੇ ਮੁਲਕਾਂ ਨੂੰ ਜਾਂਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਅੱਗੇ ਦੇ ਸੰਘਰਸ਼ ਬਾਰੇ ਅਹਿਸਾਸ ਨਹੀਂ ਹੁੰਦਾ।''
''ਸੱਭਿਆਚਾਰਕ ਵਖਰੇਵਾਂ, ਭਾਸ਼ਾ, ਪੈਸੇ ਦੀ ਔਖਿਆਈ ਅਤੇ ਆਪਣੇ ਹੀ ਭਾਈਚਾਰੇ ਤੋਂ ਘੱਟ ਸਾਥ ਮਿਲਣਾ।''
''ਅਸੀਂ ਸਾਰੇ ਉਸ ਦੁਨੀਆਂ ਵਿੱਚ ਆਪਣਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਨੂੰ ਨਹੀਂ ਸਮਝਦਾ।''
''ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮੇਰੇ ਮਿਊਜ਼ਿਕ ਬਾਰੇ ਤਾਂ ਜਾਣਦੇ ਹਨ ਪਰ ਮੇਰੇ ਤੇ ਮੇਰੇ ਸਫ਼ਰ ਬਾਰੇ ਨਹੀਂ।''

ਏਪੀ ਢਿੱਲੋਂ ਦਾ ਨਿੱਜੀ ਤੇ ਗਾਇਕੀ ਸਫ਼ਰ--
- ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਦੀ ਜ਼ਿੰਦਗੀ ਉੱਤੇ ਡਾਕੂਮੈਂਟਰੀ ਸੀਰੀਜ਼ ਆਈ ਸੀ
- ਏਪੀ ਢਿੱਲੋਂ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਹਨ
- ਸਾਲ 2019 ਵਿੱਚ ਉਨ੍ਹਾਂ ਦਾ ਪਹਿਲਾ ਗੀਤ ਫੇਕ ਰਿਲੀਜ਼ ਹੋਇਆ ਸੀ, ਇਹ ਸਿਰਫ਼ ਆਡੀਓ ਗੀਤ ਸੀ ਜਿਸ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ
- 2020 ਵਿੱਚ ਰਿਲੀਜ਼ ਹੋਏ ਉਨ੍ਹਾਂ ਦੇ ਗਾਣੇ ‘ਡੈਡਲੀ’ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦੁਆਈ ਤੇ ‘ਬ੍ਰਾਊਨ ਮੁੰਡੇ’ ਗਾਣੇ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ
- ਉੁਨ੍ਹਾਂ ਦੇ ਕਈ ਗਾਣੇ ਜਿਵੇਂ ਇਨਸੇਨ, ਮਝੇਲ, ਬ੍ਰਾਊਨ ਮੁੰਡੇ ਤੇ ਸਮਰ ਹਾਈ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟਸ ਵਿੱਚ ਵੀ ਆਪਣੀ ਥਾਂ ਬਣਾ ਚੁੱਕੇ ਹਨ

ਏਪੀ ਢਿੱਲੋਂ ਦਾ ਗਾਇਕੀ ਸਫ਼ਰ

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਗਾਇਕੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਦਿਆਂ ਏਪੀ ਢਿੱਲੋਂ ਨੇ ‘ਫੇਕ’ ਗਾਣੇ ਦੇ ਨਾਲ ਸਾਲ 2019 ਵਿੱਚ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ।
ਇਸ ਗਾਣੇ ਦਾ ਸਿਰਫ਼ ਆਡੀਓ ਹੀ ਰਿਲੀਜ਼ ਕੀਤਾ ਗਿਆ ਸੀ। ਹਾਲਾਂਕਿ ਉਸ ਵੇਲੇ ਇਸ ਗਾਣੇ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ ਪਰ ਏਪੀ ਢਿੱਲੋਂ ਦੇ ਮਸ਼ਹੂਰ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਗਾਣਾ ਵੀ ਕਾਫ਼ੀ ਸੁਣਿਆ ਗਿਆ।
ਉਨ੍ਹਾਂ ਦਾ ਦੂਜਾ ਗਾਣਾ ਫਰਾਰ ਵੀ ਕੋਈ ਖਾਸ ਕਮਾਲ ਨਾ ਦਿਖਾ ਸਕਿਆ। ਹਾਲਾਂਕਿ ਉਨ੍ਹਾਂ ਦੇ ਡੈਡਲੀ ਗਾਣੇ ਨੇ ਉਨ੍ਹਾਂ ਨੂੰ ਪ੍ਰਸਿੱਧੀ ਜ਼ਰੂਰ ਦੁਆਈ।
ਇਹ ਉਨ੍ਹਾਂ ਦਾ ਉਹ ਪਹਿਲਾਂ ਗਾਣਾ ਸੀ ਜਿਸ ਨੂੰ ਯੂਕੇ ਏਸ਼ੀਅਨ ਚਾਰਟ ਉੱਤੇ 11ਵਾਂ ਅਤੇ ਯੂਕੇ ਪੰਜਾਬੀ ਚਾਰਟ ਉੱਤੇ 5ਵਾਂ ਨੰਬਰ ਮਿਲਿਆ... ਇੱਕ ਨਵੇਂ ਮਿਊਜ਼ਿਕ ਬੈਂਡ ਲਈ ਯੂਕੇ ਚਾਰਟ ਉੱਪਰ ਆਉਣਾ ਵੱਡੀ ਗੱਲ ਸੀ।
ਫਿਰ 2020 ਵਿੱਚ ਰਿਲੀਜ਼ ਹੋਇਆ ‘ਬ੍ਰਾਊਨ ਮੁੰਡੇ’ ਗਾਣਾ, ਜਿਸ ਨੇ ਕੁਝ ਹੀ ਦਿਨਾਂ ਵਿੱਚ ਏਪੀ ਢਿੱਲੋਂ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਇਹ ਗਾਣਾ ਹਰ ਪਾਸੇ ਚਰਚਾ ਵਿੱਚ ਸੀ। ਯੂਟਿਊਬ ਉੱਤੇ ਇਸ ਗਾਣੇ ਨੂੰ 600 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਇਸ ਗਾਣੇ ਤੋਂ ਮਿਲੀ ਪ੍ਰਸਿੱਧੀ ਨੇ ਏਪੀ ਢਿੱਲੋਂ ਨੂੰ ਇੱਕ ਨਵਾਂ ਮੁਕਾਮ ਦਿੱਤਾ ਤੇ ਫਿਰ ਉਨ੍ਹਾਂ ਦਾ ਹਰ ਗਾਣਾ ਸੈਂਸੇਸ਼ਨ ਬਣਦਾ ਗਿਆ। ਭਾਵੇਂ ਉਹ ਐਕਸਕਿਊਜ਼ਿਸ ਹੋਵੇ, ਤੇਰੇ ’ਤੇ, ਮਝੇਲ, ਮਾਝੇ ਆਲੇ ਜਾਂ ਫਿਰ ਇਨਸੇਨ।
ਇਹ ਤਾਂ ਗੱਲ ਹੋ ਗਈ ਏਪੀ ਢਿੱਲੋਂ ਦੀ ਗਾਇਕੀ ਦੁਨੀਆਂ ਦੀ, ਹੁਣ ਇੱਕ ਝਾਤ ਮਾਰਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਪੰਜਾਬ ਤੋਂ ਕੈਨੇਡਾ ਪਹੁੰਚਣ ਦੇ ਸਫ਼ਰ ਉੱਤੇ।
ਏਪੀ ਢਿੱਲੋਂ ਦਾ ਪਰਿਵਾਰ ਤੇ ਪਿੰਡ

ਤਸਵੀਰ ਸਰੋਤ, rashpal singh
ਏਪੀ ਢਿੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਪੀਡਬਲਿਊਡੀ ਵਿੱਚ ਐਸਡੀਓ ਹਨ ਅਤੇ ਉਨ੍ਹਾਂ ਦੇ ਦਾਦਾ ਬਿਜਲੀ ਬੋਰਡ ਵਿੱਚ ਜੂਨੀਅਰ ਇੰਜੀਨੀਅਰ ਰਹਿ ਚੁੱਕੇ ਹਨ।
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕਰਨ ਵਾਲੇ ਹੈਰੀ ਦਾ ਝੁਕਾਅ ਬਚਪਨ ਤੋਂ ਗਾਉਣ ਵੱਲ ਸੀ।
ਏਪੀ ਬਚਪਨ ਵਿੱਚ ਹੀ ਗਿਟਾਰ ਤੇ ਪਿਆਨੋ ਵਰਗੇ ਸਾਜ਼ ਵਜਾਉਣ ਲੱਗ ਗਏ ਸਨ।

ਤਸਵੀਰ ਸਰੋਤ, rashpal singh
ਉਨ੍ਹਾਂ ਦੇ ਪਿਤਾ ਰਸ਼ਪਾਲ ਸਿੰਘ ਨੇ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਦੱਸਿਆ, ''ਏਪੀ ਦੇ ਦਾਦਾ ਜੀ ਦੀ ਸੋਚ ਸੀ ਕਿ ਘਰ ਦੇ ਬੱਚੇ ਚੰਗੀ ਪੜ੍ਹਾਈ ਕਰਨ, ਉਹ ਪੜ੍ਹਾਈ ਵਿੱਚ ਚੰਗਾ ਸੀ ਪਰ ਉਸਦਾ ਜ਼ਿਆਦਾ ਝੁਕਾਅ ਗਾਉਣ ਅਤੇ ਬਾਸਕਟਬਾਲ ਖੇਡਣ ਵੱਲ ਸੀ।''
ਏਪੀ ਢਿੱਲੋਂ ਨੇ ਗੁਰੂ ਤੇਗ ਬਹਾਦੁਰ ਟੈਕਨੀਕਲ ਕਾਲਜ ਆਨੰਦਪੁਰ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਹੈ। ਕਾਲਜ ਦੇ ਪ੍ਰੋਗਰਾਮਾਂ ਵਿੱਚ ਵੀ ਏਪੀ ਢਿੱਲੋਂ ਇੱਕ ਗਾਇਕ ਦੇ ਤੌਰ ’ਤੇ ਹਿੱਸਾ ਲੈਂਦੇ ਸਨ।
ਅੱਗੇ ਦੀ ਪੜ੍ਹਾਈ ਲਈ ਏਪੀ ਢਿੱਲੋਂ ਵੀਜ਼ਾ ਲਗਵਾ ਕੇ ਕੈਨੇਡਾ ਚਲੇ ਗਏ।

ਤਸਵੀਰ ਸਰੋਤ, rashpal singh
ਏਪੀ ਨੇ ਜਦੋਂ ਪਿਤਾ ਨੂੰ ਕੀਤਾ ਫੋਨ

ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕੀਤੀ ਪਰ ਸ਼ੌਂਕ ਅੱਗੇ ਸਭ ਫਿੱਕਾ ਪੈ ਗਿਆ। ਆਖ਼ਰ ਉਨ੍ਹਾਂ ਨੇ ਹਿੰਮਤ ਕਰ ਪਿਤਾ ਨੂੰ ਫੋਨ ਕੀਤਾ ਤੇ ਆਪਣੀ ਇੱਛਾ ਜ਼ਾਹਰ ਕੀਤੀ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੇ ਪਿਤਾ ਨੇ ਗਾਇਕੀ ਤੇ ਲਿਖਣ ਪ੍ਰਤੀ ਆਪਣਾ ਸ਼ੌਂਕ ਵੀ ਜ਼ਾਹਰ ਕੀਤਾ ਸੀ। ਉਹ ਕਹਿੰਦੇ ਹਨ ਕਿ ਇੱਕ ਸਮੇਂ ਉਨ੍ਹਾਂ ਨੂੰ ਵੀ ਗਾਉਣ ਤੇ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਸੀ।
ਉਹ ਕਹਿੰਦੇ ਹਨ ਕਿ ਘਰ ਦੇ ਮਾਹੌਲ ਵਿੱਚ ਉਨ੍ਹਾਂ ਦਾ ਇਹ ਸ਼ੌਂਕ ਦੱਬ ਗਿਆ ਪਰ ਫਿਰ ਇਹ ਸ਼ੌਂਕ ਉਨ੍ਹਾਂ ਨੂੰ ਆਪਣੇ ਪੁੱਤ ਵਿੱਚ ਨਜ਼ਰ ਆਇਆ।
ਏਪੀ ਬਾਰੇ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਉਹ ਸਕੂਲ ਤੇ ਕਾਲਜ ਦੇ ਗਾਇਕ ਪ੍ਰੋਗਰਾਮਾਂ ਵਿੱਚ ਹਿੱਸਾ ਵੀ ਲੈਂਦੇ ਹੁੰਦੇ ਸੀ।
ਏਪੀ ਢਿੱਲੋਂ ਦੇ ਫੋਨ ਦਾ ਕਿੱਸਾ ਸੁਣਾਉਂਦੇ ਉਨ੍ਹਾਂ ਦੇ ਪਿਤਾ ਦੱਸਦੇ ਹਨ, “ਏਪੀ ਨੇ ਫੋਨ ਕਰਕੇ ਕਿਹਾ, ਪਾਪਾ ਮੈਂ ਗਾਇਕੀ ਨੂੰ ਪ੍ਰੋਫੈਸ਼ਨ ਦੇ ਤੌਰ ’ਤੇ ਅਪਣਾਉਣਾ ਚਾਹੰਦਾ ਹਾਂ, ਤਾਂ ਮੇਰਾ ਜਵਾਬ ਸੀ ਕਿ ਕਿਉਂ ਨਹੀਂ।”
“ਮੈਂ ਅਤੇ ਪਰਿਵਾਰ ਤੇਰੇ ਨਾਲ ਹਾਂ”,ਤਾਂ ਉਹ ਭਾਵੁਕ ਹੋ ਗਿਆ ਅਤੇ ਅਗੋਂ ਉਸਦਾ ਜਵਾਬ ਸੀ ਜੋ ਅੱਜ ਵੀ ਮੈਨੂੰ ਯਾਦ ਹੈ "ਲੈੱਟਸ ਸ਼ੁਕ ਦਿ ਵਰਲਡ“ (ਚਲੋ ਦੁਨੀਆਂ ਨੂੰ ਹਿਲਾਈਏ)।‘’
ਰਸ਼ਪਾਲ ਸਿੰਘ ਦੱਸਦੇ ਹਨ ਕਿ ਅਮ੍ਰਿਤਪਾਲ ਨੇ ਉਦੋਂ ਕਿਹਾ ਸੀ ਕਿ ਮੈਂ ਕੁਝ ਵੱਖਰਾ ਕਰਾਂਗਾ ਅਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਗਾਇਕੀ ਨੂੰ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਲੈਕੇ ਜਾਵਾਂਗਾ।

ਤਸਵੀਰ ਸਰੋਤ, rashpal singh
ਬਾਲੀਵੁੱਡ ਸਿਤਾਰਿਆਂ ਵਿੱਚ ਵੀ ਮਸ਼ਹੂਰ ਏਪੀ ਢਿੱਲੋਂ
ਏਪੀ ਢਿੱਲੋਂ ਨੇ ਆਪਣੇ ਪਿਤਾ ਨੂੰ ਕਹੇ ਸ਼ਬਦਾਂ ਨੂੰ ਸੱਚ ਕਰਕੇ ਵਿਖਾਇਆ। ਕੈਨੇਡਾ ਵਿੱਚ ਉਨ੍ਹਾਂ ਨੇ ਆਪਣੀ ਮਿਊਜ਼ਿਕ ਕੰਪਨੀ ਰਨ-ਅਪ ਰਿਕਾਰਡ ਬਣਾਈ ਤੇ ਉਸ ਦੇ ਲੇਬਲ ਹੇਠ ਹੀ ਸਾਰੇ ਗਾਣੇ ਗਾਏ।
ਏਪੀ ਨੇ ਸਾਲ 2021 ਵਿੱਚ ਚੰਡੀਗੜ੍ਹ, ਦਿੱਲੀ ਤੇ ਗੋਆ ਸਣੇ ਭਾਰਤ ਦੇ 7 ਸ਼ਹਿਰਾਂ ਵਿੱਚ ਲਾਈਵ ਕੌਂਸਰਟ ਕੀਤੇ ਸਨ, ਜਿਸ ਨੂੰ ਵੇਖਣ ਲਈ ਰਣਵੀਰ ਸਿੰਘ, ਆਲੀਆ ਭੱਟ ਤੇ ਸਾਰਾ ਅਲੀ ਖ਼ਾਨ ਸਣੇ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ।
ਏਪੀ ਦੇ ਇਸ ‘ਟੇਕਓਵਰ ਟੂਰ’ ਦੇ ਭਾਰਤ ਵਿੱਚ ਖਾਸੇ ਚਰਚੇ ਹੋਏ ਸਨ।
ਇਸ ਟੂਰ ਬਾਰੇ ਏਪੀ ਢਿੱਲੋਂ ਨੇ ਫੋਰਬਸ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਸਿਰਫ਼ ਇੱਕ ਮਹੀਨੇ ਵਿੱਚ ਇਸ ਟੂਰ ਦੀ ਸਾਰੀ ਯੋਜਨਾ ਬਣਾਈ ਗਈ ਸੀ।
ਉਹ ਕਹਿੰਦੇ ਹਨ, “ਮੈਂ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿੱਚ ਲੋਕਾਂ ਸਾਹਮਣੇ ਪ੍ਰਫੋਰਮ ਕੀਤਾ, ਪਰ ਜਿਸ ਤਰ੍ਹਾਂ ਦਾ ਪਿਆਰ ਮੈਨੂੰ ਮਿਲਿਆ ਉਸਦੀ ਤਾਂ ਮੈਂ ਕਦੇ ਉਮੀਦ ਵੀ ਨਹੀਂ ਕੀਤੀ ਸੀ।”
ਏਪੀ ਦੇ ਟੂਰ ਤੋਂ ਬਾਅਦ ਉਹ ਲਗਾਤਾਰ ਬਾਲੀਵੁੱਡ ਵਿੱਚ ਚਰਚਾ ਵਿੱਚ ਆਉਂਦੇ ਰਹੇ।

ਤਸਵੀਰ ਸਰੋਤ, getty images
ਇਸੇ ਸਾਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੇ ਘਰ, ਆਪਣੀ ਕਰੀਬੀ ਦੋਸਤ ਤੇ ਬਾਲੀਵੁੱਡ ਅਦਾਕਾਰਾ ਅਮ੍ਰਿਤਾ ਅਰੋੜਾ ਦੀ ਜਨਮ ਦਿਨ ਪਾਰਟੀ ਰੱਖੀ ਸੀ।
ਇਸ ਪਾਰਟੀ ਵਿੱਚ ਏਪੀ ਢਿੱਲੋਂ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੇ ਪ੍ਰਫੋਰਮ ਵੀ ਕੀਤਾ ਸੀ। ਕਰੀਨਾ ਨੇ ਇੰਸਟਾਗ੍ਰਾਮ ਸਟੋਰੀ ਵਿੱਚ ਤਸਵੀਰ ਸ਼ੇਅਰ ਕਰਕੇ ਲਿਖਿਆ ਸੀ, ਏਪੀ ਢਿੱਲੋਂ ਇਨ ਦਿ ਹਾਊਸ’।
ਜਨਵਰੀ 2022 ਵਿੱਚ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਨੇ ਦਿੱਲੀ ਵਿੱਚ ਏਪੀ ਢਿੱਲੋਂ ਦੇ ਇੱਕ ਸ਼ੋਅ ਨੂੰ ਹੋਸਟ ਕੀਤਾ ਸੀ। ਇਸ ਦੌਰਾਨ ਕਰਨ ਜੌਹਰ ਨੇ ਏਪੀ ਢਿੱਲੋਂ ਨੂੰ ਲੀਜੈਂਡ ਕਹਿ ਕੇ ਸਟੇਜ ਉੱਤੇ ਬੁਲਾਇਆ ਸੀ।
ਇਸੇ ਸਾਲ ਮੁੰਬਈ ਵਿੱਚ ਵਰਲਡ ਪ੍ਰੀਮੀਅਮ ਲੀਗ ਦੀ ਓਪਨਿੰਗ ਸੈਰੇਮਨੀ ਵਿੱਚ ਵੀ ਏਪੀ ਢਿੱਲੋਂ ਨੇ ਪ੍ਰਫੋਰਮ ਕੀਤਾ ਸੀ। ਜਿੱਥੇ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਤੇ ਕ੍ਰਿਤੀ ਸੈਨਨ ਉਨ੍ਹਾਂ ਨਾਲ ਨੱਚਦੇ ਨਜ਼ਰ ਆਏ ਸਨ।
ਸਾਲ 2023 ਵਿੱਚ ਏਪੀ ਢਿੱਲੋਂ ਦਾ ਇੱਕ ਗਾਣਾ ‘ਟਰੂ ਸਟੋਰੀਜ਼’ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਇਹ ਚਰਚਾਵਾਂ ਰਹੀਆਂ ਕਿ ਉਹ ਮਰਹੂਮ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੂੰ ਡੇਟ ਕਰ ਰਹੇ ਹਨ। ਦਰਅਸਲ ਇਸ ਗਾਣੇ ਦੇ ਬੋਲ ਸਨ- ‘ਜਦੋਂ ਹੱਸੇਂ ਤਾਂ ਲੱਗੇ ਤੂੰ ਖੁਸ਼ੀ ਕਪੂਰ’...

ਤਸਵੀਰ ਸਰੋਤ, kareena kapoor/instagram
ਕਾਮਯਾਬੀ ਤੋਂ ਪਹਿਲਾਂ ਲਗਾਤਾਰ ਮਿਲੀ ਅਸਫ਼ਲਤਾ
ਸਾਲ 2022 ਵਿੱਚ ਏਪੀ ਢਿੱਲੋਂ ਨੇ ਆਪਣਾ ਪਹਿਲਾ ਅਧਿਕਾਰਤ ਇੰਟਰਵਿਊ ਫੋਰਬਜ਼ ਇੰਡੀਆ ਨੂੰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਨਾਕਾਮਯਾਬੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
ਏਪੀ ਢਿੱਲੋਂ ਕਹਿੰਦੇ ਸਨ, “ਪਹਿਲਾਂ ਇੱਕ ਸਾਲ ਸਾਨੂੰ ਲਗਾਤਾਰ ਅਸਫ਼ਲਤਾ ਮਿਲੀ। ਮੈਂ ਤੇ ਮੇਰੀ ਟੀਮ ਮਿਊਜ਼ਿਕ ਬਣਾਉਣ ਵਿੱਚ ਇੱਕ ਸਾਲ ਤੱਕ ਫੇਲ੍ਹ ਰਹੇ। ਅਸੀਂ ਵੱਖੋ-ਵੱਖਰੇ ਟਰੈਕਸ ਤੇ ਕਈ ਤਰ੍ਹਾਂ ਦੇ ਸਾਊਂਡ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਅਸੀਂ ਚਾਹੁੰਦੇ ਸੀ, ਉਹ ਨਾ ਬਣਾ ਸਕੇ।”
“ਮੈਂ ਤੇ ਮੇਰੀ ਟੀਮ ਟਰੈਕਸ ਉੱਪਰ ਕੰਮ ਕਰ ਰਹੇ ਹਾਂ, ਅਸੀਂ ਪੰਜਾਬੀ ਮਿਊਜ਼ਿਕ ਵਿੱਚ ਸਾਊਂਡ ਨੂੰ ਬਦਲਣਾ ਚਾਹੁੰਦੇ ਹਾਂ ਤੇ ਇੱਕ ਸੀਮਤ ਦਾਇਰੇ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੁੰਦੇ ਹਾਂ।”

ਤਸਵੀਰ ਸਰੋਤ, getty images
ਵਿਦੇਸ਼ਾਂ ਵਿੱਚ ਵੀ ਛਾਏ ਏਪੀ ਢਿੱਲੋਂ
ਭਾਰਤ ਤੇ ਕੈਨੇਡਾ ਤੋਂ ਇਲਾਵਾ ਕਈ ਮੁਲਕਾਂ ਵਿੱਚ ਏਪੀ ਢਿੱਲੋਂ ਦੇ ਗਾਣਿਆਂ ਨੂੰ ਪਿਆਰ ਮਿਲਦਾ ਹੈ। ਯੂਕੇ ਤੇ ਅਮਰੀਕਾ ਤੋਂ ਇਲਾਵਾ ਹੋਰ ਮੁਲਕਾਂ ਵਿੱਚ ਵੀ ਉਨ੍ਹਾਂ ਦੇ ਕੌਂਸਰਟ ਹੁੰਦੇ ਹਨ, ਜਿਨ੍ਹਾਂ ਦੇ ਵੀਡੀਓਜ਼ ਕਈ ਵਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ ਦੇਖੇ ਗਏ ਹਨ।
ਉੁਨ੍ਹਾਂ ਦੇ ਕਈ ਗਾਣੇ ਜਿਵੇਂ ਇਨਸੇਨ, ਮਝੇਲ, ਬ੍ਰਾਊਨ ਮੁੰਡੇ ਤੇ ਸਮਰ ਹਾਈ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟਸ ਵਿੱਚ ਵੀ ਆਪਣੀ ਥਾਂ ਬਣਾ ਚੁੱਕੇ ਹਨ।

ਤਸਵੀਰ ਸਰੋਤ, ap dhillon/instagram
ਡਿਜੀਟਲ ਮਿਊਜ਼ਿਕ ਸਰਵਿਸ ਸਪੋਟੀਫਾਈ ਦੇ ਭਾਰਤ ਵਿੱਚ ਲੇਬਲ ਪਾਰਟਨਰਸ਼ਿਪ ਹੈੱਡ ਨੇ ਸਾਲ 2022 ਵਿੱਚ ਕਿਹਾ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਏਪੀ ਢਿੱਲੋਂ ਇਸ ਸਾਲ ਦੇ ਨੰਬਰ ਵਨ ਮਿਊਜ਼ਿਕ ਆਈਕਨ ਹਨ।
ਸਾਲ 2022 ਵਿੱਚ ਹੀ ਫੋਰਬਜ਼ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਏਪੀ ਢਿੱਲੋਂ ਨੇ ਕਿਹਾ ਸੀ, “ਅਸੀਂ ਅਜਿਹਾ ਮਿਊਜ਼ਿਕ ਬਣਾਉਣਾ ਚਾਹੁੰਦੇ ਹਾਂ ਜਿਸ ਨੂੰ ਸਿਰਫ਼ ਭਾਰਤ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕਾਂ ਦਾ ਪਿਆਰ ਮਿਲੇ, ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆਂ ਸਾਡੇ ਰੰਗ ਨੂੰ ਸਰਾਹੇ।”
'ਪੰਜਾਬੀ ਕਲਾਕਾਰਾਂ ਦੀ ਜ਼ਿੰਦਗੀ ਦੀ ਸੱਚਾਈ'
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਏਪੀ ਢਿੱਲੋਂ ਨੇ ਇੰਸਟਾਗ੍ਰਾਮ ਸਟੋਰੀ ਪੋਸਟ ਕਰਕੇ ਲਿਖਿਆ ਸੀ, “ਬਹੁਤ ਸਾਰੇ ਇਹਨਾਂ ਲੋਕਾਂ ਨੂੰ ਇਹ ਕਦੇ ਨਹੀਂ ਪਤਾ ਲੱਗੇਗਾ ਕਿ ਇੱਕ ਪੰਜਾਬੀ ਕਲਾਕਾਰ ਦੇ ਤੌਰ ਉੱਤੇ ਪਰਦੇ ਦੇ ਪਿੱਛੇ ਤੁਹਾਨੂੰ ਕਿਸ ਹੱਦ ਤੱਕ ਝੱਲਣਾ ਪੈਂਦਾ ਹੈ।''
''ਸਾਡੇ ਵਰਗੇ ਲੋਕਾਂ ਪ੍ਰਤੀ ਲਗਾਤਾਰ ਆਲੋਚਨਾ, ਨਫ਼ਰਤ ਭਰੀਆਂ ਟਿੱਪਣੀਆਂ, ਧਮਕੀਆਂ ਤੇ ਨਕਾਰਾਤਮਕ ਊਰਜਾ ਦੇ ਨਾਲ ਅਸੀਂ ਉਹੀ ਕਰ ਰਹੇ ਹਾਂ ਜੋ ਸਾਨੂੰ ਕਰਨਾ ਪਸੰਦ ਹੈ।''
ਏਪੀ ਢਿੱਲੋਂ ਸਿੱਧੂ ਮੂਸੇਵਾਲਾ ਦੇ ਨਾਮ ਬਿਲਬੋਰਡ ਗਾਣਾ ਵੀ ਗਾ ਚੁੱਕੇ ਹਨ।
ਸਿੱਧੂ ਮੂਸੇਵਾਲਾ ਦਾ ਮਈ 2022 ਵਿੱਚ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)













