ਕੌਣ ਹਨ ਸੁਵਿੰਦਰ ਵਿੱਕੀ ਜਿਨ੍ਹਾਂ ਦੀ ਕੋਹਰਾ ਸੀਰੀਜ਼ ’ਚ ਅਦਾਕਾਰੀ ਦੇ ਕਾਇਲ ਕਰਨ ਜੌਹਰ ਵੀ ਹੋਏ

ਸੁਵਿੰਦਰ ਵਿੱਕੀ

ਤਸਵੀਰ ਸਰੋਤ, Netflix

    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਪਹਿਲਾਂ ਕਦੇ ਵੀ ਨਹੀਂ ਕਿਹਾ ਕਿ ਮੈਂ ਅਦਾਕਾਰ ਨਹੀਂ ਬਣਨਾ। ਮੈਂ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦਾ ਸੀ। ਮੈਂ ਸਕੂਲ ਵੇਲੇ ਤੋਂ ਸੋਚ ਲਿਆ ਸੀ ਕਿ ਮੈਂ ਸਿਰਫ਼ ਅਦਾਕਾਰ ਹੀ ਬਣਾਂਗਾ।"

ਇਹ ਸ਼ਬਦ ਅਦਾਕਾਰ ਸੁਵਿੰਦਰ ਵਿੱਕੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਹੇ। ਇਸ ਦੌਰਾਨ ਉਨ੍ਹਾਂ ਦਾ ਦ੍ਰਿੜ ਇਰਾਦਾ ਨਜ਼ਰ ਆ ਰਿਹਾ ਸੀ।

ਸੁਵਿੰਦਰ ਵਿੱਕੀ ਅੱਜਕਲ 'ਕੋਹਰਾ' ਸੀਰੀਜ਼ ਵਿੱਚ ਕੀਤੀ ਅਦਾਕਾਰੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ।

ਸੁਵਿੰਦਰ ਵਿੱਕੀ ਅਤੇ ਕਰਨ ਜੌਹਰ

ਤਸਵੀਰ ਸਰੋਤ, Suvinder vicky/insta

ਤਸਵੀਰ ਕੈਪਸ਼ਨ, ਕੋਰਨ ਜੌਹਰ ਨੇ ਵੀ ਸੁਵਿੰਦਰ ਦੀ ਸ਼ਲਾਘਾ ਕੀਤੀ ਹੈ

'ਕੋਹਰਾ' ਓਟੀਟੀ ਪਲੈਟਫਾਰਮ ਨੈੱਟਫਲਿਕਸ ’ਤੇ ਦੀ ਸੀਰੀਜ਼ ਹੈ ਅਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

ਇਸ ਵਿੱਚ ਅਦਾਕਾਰ ਸੁਵਿੰਦਰ ਵਿੱਕੀ ਨੇ ਅਹਿਮ ਕਿਰਦਾਰ ਅਦਾ ਕੀਤਾ ਹੈ। ਜਿਸ ਦੀ ਸ਼ਲਾਘਾ ਫਿਲਮ ਨਿਰਮਾਤਾ ਕਰਨ ਜੌਹਰ ਤੱਕ ਨੇ ਕੀਤੀ ਹੈ।

ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਕੋਹਰਾ' ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ ਨੈੱਟਫਲਿਕਸ 'ਤੇ ਟਾਇਲ ਬਾਇ ਫਾਇਰ ਤੋਂ ਬਾਅਦ ਸਭ ਤੋਂ ਬਿਹਤਰੀਨ ਸੀਰੀਜ਼ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਸੁਵਿੰਦਰ ਬਾਰੇ ਲਿਖਦਿਆਂ ਕਿਹਾ, "ਮੈਂ ਸੁਵਿੰਦਰ ਵਿੱਕੀ ਦੀ ਕਾਰਗੁਜ਼ਾਰੀ ਤੋਂ ਕਾਫੀ ਪ੍ਰਭਾਵਿਤ ਹੋਇਆ ਹਾਂ ਅਤੇ 2023 ਦੇ ਫਿਲਮ ਅਤੇ ਸਟ੍ਰੀਮਿੰਗ ਜਗਤ ਵਿੱਚ ਉਹ ਸਭ ਤੋਂ ਹੈਰਾਨ ਕਰ ਦੇਣ ਵਾਲਾ ਅਦਾਕਾਰ ਸਾਬਿਤ ਹੋਵੇਗਾ। ਉਸ ਦੀ ਚੁੱਪ ਲੱਖਾਂ ਸਕ੍ਰਿਪਟਾਂ ਨੂੰ ਲਿਖ ਸਕਦੀ ਹੈ!"

ਬੀਬੀਸੀ

ਸੁਦੀਪ ਸ਼ਰਮਾ ਵੱਲੋਂ ਨਿਰਦੇਸ਼ਿਤ ਇਸ ਸੀਰੀਜ਼ ਵਿੱਚ ਵਿੱਕੀ ਬਲਬੀਰ ਸਿੰਘ ਨਾਮ ਦੇ ਪੁਲਿਸ ਵਾਲੇ ਦੀ ਭੂਮਿਕਾ ਨਿਭਾ ਰਹੇ ਹਨ। ਇਸ ਵਿੱਚ ਮੁੱਖ ਕਲਾਕਾਰ ਵਜੋਂ ਬਰੁਨ ਸੋਬਤੀ ਅਤੇ ਹਰਲੀਨ ਸੇਠੀ ਨਜ਼ਰ ਆ ਰਹੇ ਹਨ।

ਹਾਲਾਂਕਿ, ਸੀਰੀਜ਼ ਵਿੱਚ ਸੁਵਿੰਦਰ ਵਿੱਕੀ ਦਾ ਕਿਰਦਾਰ ਕਾਫੀ ਮਜ਼ਬੂਤ ਦੱਸਿਆ ਜਾ ਰਿਹਾ ਹੈ।

ਇਸ ਸੀਰੀਜ਼ ਦੀ ਕਹਾਣੀ ਇੱਕ ਐੱਨਆਰਆਈ ਦੇ ਕਤਲ ਦੇ ਰਹੱਸ ਦੇ ਆਲੇ-ਦੁਆਲੇ ਸਿਰਜੀ ਗਈ ਹੈ, ਜਿਸ ਦੀ ਜਾਂਚ ਦੋ ਪੁਲਸੀਆਂ (ਬਰੁਨ ਸੋਬਤੀ ਅਤੇ ਸੁਵਿੰਦਰ ਵਿੱਕੀ) ਵੱਲੋਂ ਕੀਤੀ ਜਾਂਦੀ ਹੈ।

ਇਸ ਫਿਲਮ ਵਿੱਚ ਕਤਲ ਦੇ ਰਹੱਸ ਨੂੰ ਸੁਲਝਾਉਣ ਦੇ ਨਾਲ-ਨਾਲ ਕਈ ਤਰੀਕਿਆਂ ਦੇ ਸਮਾਜਿਕ ਮਸਲਿਆਂ ਬਾਰੇ ਗੱਲ ਕੀਤੀ ਗਈ ਹੈ।

ਸੁਵਿੰਦਰ ਵਿੱਕੀ

ਤਸਵੀਰ ਸਰੋਤ, Suvinder vicky/insta

ਤਸਵੀਰ ਕੈਪਸ਼ਨ, ਸੁਵਿੰਦਰ ਵਿੱਕੀ ਨੇ ਕਈ ਫਿਲਮਾਂ ਅਤੇ ਵੈਬ ਸੀਰੀਜ਼ ਵਿੱਚ ਕੰਮ ਕੀਤਾ ਹੈ

ਸੁਵਿੰਦਰ ਵਿੱਕੀ ਦੀ ਨਜ਼ਰ ਵਿੱਚ 'ਕੋਹਰਾ'

ਸੁਵਿੰਦਰ ਵਿੱਕੀ ਕੋਹਰਾ ਸੀਰੀਜ਼ ਨੂੰ ਬਿਲਕੁਲ ਵੱਖਰੀ ਤਰ੍ਹਾਂ ਦੀ ਸੀਰੀਜ਼ ਕਹਿੰਦੇ ਹਨ। ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ ਉਹ ਆਖਦੇ ਹਨ, "ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੂੰ ਅਕਸਰ ਸਰੋਂ ਦੇ ਖੇਤ, ਸਰੋਂ ਦਾ ਸਾਗ ਅਤੇ ਭੰਗੜਾ ਆਦਿ ਨਾਲ ਦਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਆਮ ਜ਼ਿੰਦਗੀ ਵੀ ਪੰਜਾਬ ਵਿੱਚ ਵਸਦੀ ਹੈ। ਲੋਕ ਆਮ ਕੰਮ ਵੀ ਕਰਦੇ ਹਨ। ਇਸ ਤਰ੍ਹਾਂ ਇਹ ਇੱਕ ਵੱਖਰੀ ਤਰ੍ਹਾਂ ਦੀ ਫਿਲਮ ਹੈ। ਜੋ ਆਪਣਾ ਖ਼ਾਸਾ ਪ੍ਰਭਾਵ ਛੱਡੇਗੀ।"

ਅਸਲ ਮੁੱਦਿਆਂ ਦੇ ਬਣਦੀਆਂ ਫਿਲਮਾਂ ਬਾਰੇ ਸੁਵਿੰਦਰ ਕਹਿੰਦੇ ਹਨ, "ਕੁਝ ਸੌਖਾ ਹੋ ਜਾਂਦਾ ਹੈ ਕਿਉਂਕਿ ਅਸੀਂ ਇਨਸਾਨ ਹੁੰਦੇ ਹਾਂ ਤੇ ਕਿਤੇ ਨਾ ਕਿਤੇ ਤੁਸੀਂ ਵੀ ਉਸ ਨਾਲ ਜੁੜੇ ਹੁੰਦੇ ਹੋ। ਇਸ ਲਈ ਆਪਣੀ ਕਲਾ ਵਿੱਚ ਉਸ ਢਾਲਣਾ ਸੌਖਾ ਹੋ ਜਾਂਦਾ ਹੈ।

ਬੀਬੀਸੀ

ਸੁਵਿੰਦਰ ਵਿੱਕੀ ਦੀ ਜ਼ਿੰਦਗੀ

  • ਸੁਵਿੰਦਰ ਵਿੱਕੀ ਦਾ ਜਨਮ 4 ਮਾਰਚ, 1973 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਇਆ ਹੈ।
  • ਉਨ੍ਹਾਂ ਦੀ ਪੜ੍ਹਾਈ-ਲਿਖਾਈ ਚੰਡੀਗੜ੍ਹ ਵਿੱਚ ਹੋਈ।
  • ਅਦਾਕਾਰੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ।
  • ਉਨ੍ਹਾਂ ਦੇ ਪਿਤਾ ਵੀ ਥਿਏਟਰ ਕਰਦੇ ਹੁੰਦੇ ਸਨ।
  • ਸੁਵਿੰਦਰ ਵਿੱਕੀ ਨੇ ਕਈ ਪੰਜਾਬੀ-ਹਿੰਦੀ ਫਿਲਮਾਂ ਤੋਂ ਇਲਾਵਾ, ਵੈਬ ਸੀਰੀਜ਼ ਵਿੱਚ ਵੀ ਕੰਮ ਕੀਤਾ ਹੈ।
ਬੀਬੀਸੀ
ਇਹ ਵੀ ਪੜ੍ਹੋ-
ਬੀਬੀਸੀ

ਸੁਵਿੰਦਰ ਨੂੰ ਬਚਪਨ ਤੋਂ ਹੀ ਸੀ ਅਦਾਕਾਰੀ ਦਾ ਸ਼ੌਕ

ਸੁਵਿੰਦਰ ਵਿੱਕੀ ਦਾ ਜਨਮ 4 ਮਾਰਚ, 1973 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਇਆ ਹੈ ਪਰ ਛੋਟੀ ਉਮਰ ਵਿੱਚ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਵਿੱਚ ਆ ਗਿਆ ਸੀ।

ਉਨ੍ਹਾਂ ਨੇ 2000 ਦੇ ਦਹਾਕੇ ਦੇ ਅੱਧ ਵਿੱਚ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸਾਲ 2021 ਵਿੱਚ ਵਿੱਕੀ ਨੇ ਅਦਾਕਾਰ ਬਣਨ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਬਾਰੇ ਦੱਸਿਆ ਸੀ।

ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, "ਜਦੋਂ ਮੈਂ ਸਕੂਲ ਵਿੱਚ ਨਾਟਕਾਂ ਵਿੱਚ ਕੰਮ ਕਰਦਾ ਸੀ ਤਾਂ ਮੈਨੂੰ ਚੰਗਾ ਲੱਗਣ ਗਿਆ ਸੀ। ਸਟੇਜ ਦੌਰਾਨ ਜਦੋਂ ਤਾੜੀਆਂ ਮਿਲਦੀਆਂ ਸਨ ਤਾਂ ਉਹ ਬਹੁਤ ਵਧੀਆ ਅਹਿਸਾਸ ਹੁੰਦਾ ਸੀ।"

“ਤਾੜੀਆਂ ਕਿਸੇ ਵੀ ਅਦਾਕਾਰ ਲਈ ਖ਼ੁਰਾਕ ਦਾ ਕੰਮ ਕਰਦੀਆਂ ਹਨ।”

ਵਿੱਕੀ ਦੱਸਦੇ ਹਨ, "ਅਦਾਕਾਰੀ ਦੀ ਗੁੜਤੀ ਮੈਨੂੰ ਮੇਰੇ ਪਿਤਾ ਕੋਲੋਂ ਹੀ ਮਿਲੀ ਹੈ।"

ਉਨ੍ਹਾਂ ਨੇ ਦੱਸਿਆ, "ਜਦੋਂ ਪਿਤਾ ਜੀ ਡਿਊਟੀ ਤੋਂ ਇਲਾਵਾ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਨਾਟਕ ਕਰਨ ਜਾਂਦੇ ਸੀ ਤਾਂ ਮੈਂ ਵੀ ਉਨ੍ਹਾਂ ਨਾਲ ਜਾਂਦਾ ਹੁੰਦਾ ਸੀ।"

ਸੁਵਿੰਦਰ ਵਿੱਕੀ

ਤਸਵੀਰ ਸਰੋਤ, Suvinder vicky/insta

ਤਸਵੀਰ ਕੈਪਸ਼ਨ, ਸੁਵਿੰਦਰ ਵਿੱਕੀ ਦੀਆਂ ਦੋ ਧੀਆਂ ਹਨ

ਉਹ ਆਖਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਾਥ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਸੀ, "ਬਚਪਨ ਤੋਂ ਹੀ ਇਹ ਸੋਚ ਲੈ ਕੇ ਤੁਰਿਆ ਸੀ ਕਿ ਇੱਕ ਅਦਾਕਾਰ ਵਜੋਂ ਹੀ ਕੰਮ ਕਰਨਾ ਹੈ। ਜਦੋਂ ਅਜਿਹੀ ਸੋਚ ਨਾਲ ਕੋਈ ਵੀ ਆਉਂਦਾ ਹੈ ਤੇ ਦੁਨੀਆਂ ਨਾਲ ਲੜਦਾ ਹੈ।"

"ਦਰਅਸਲ, ਲੜਾਈ ਤਾਂ ਵੈਸੇ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਵੱਡੇ ਹੁੰਦੇ ਹੋ ਤੇ ਇੱਕ ਉਮਰ ਤੱਕ ਪਹੁੰਚ ਜਾਂਦੇ ਹੋ ਤਾਂ ਜਦੋਂ ਤੁਹਾਨੂੰ ਸੈੱਟ ਹੋ ਜਾਣਾ ਚਾਹੀਦਾ ਹੈ। ਆਰਥਿਕ ਤੌਰ 'ਤੇ ਤੁਸੀਂ ਮਜ਼ਬੂਤ ਹੋ ਜਾਣੇ ਚਾਹੀਦੇ ਹੋ ਜੇ ਨਹੀਂ ਤਾਂ ਫਿਰ ਲੜਾਈਆਂ ਹੀ ਹੁੰਦੀਆਂ ਹਨ।"

ਅਦਾਕਾਰੀ ਤੋਂ ਇਲਾਵਾ ਵਿੱਕੀ ਨੂੰ ਖੇਡਾਂ ਵਿੱਚ ਕ੍ਰਿਕਟ ਅਤੇ ਸੰਗੀਤ ਦਾ ਬਹੁਤ ਸ਼ੌਕ ਹੈ।

ਦਿ ਸਟੇਟਸਮੈਨ ਮੁਤਾਬਕ, ਵਿੱਕੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਕੀਤੀ ਹੈ।

ਸਾਲ 2002 ਵਿੱਚ ਵਿੱਕੀ ਦਾ ਇੱਕ ਆਰਟ ਅਧਿਆਪਿਕਾ ਗੁਰਸ਼ਾਨ ਕੌਰ ਮਾਨ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ ਹਨ।

ਸੁਵਿੰਦਰ ਵਿੱਕੀ ਦਾ ਫਿਲਮੀ ਕਰੀਅਰ

2004 ਵਿੱਚ ਉਨ੍ਹਾਂ ਨੇ ਗੁਰਦਾਸ ਮਾਨ ਅਤੇ ਜੂਹੀ ਚਾਵਲਾ ਦੀ ਭੂਮਿਕਾ ਵਾਲੀ ਪੰਜਾਬੀ ਫਿਲਮ 'ਦੇਸ ਹੋਇਆ ਪਰਦੇਸ' ਵਿੱਚ ਕੰਮ ਕੀਤਾ ਸੀ।

ਇਸ ਤੋਂ ਬਾਅਦ ਮੁੰਡੇ ਯੂਕੇ ਦੇ, ਯਾਰਾਂ ਨਾਲ ਬਹਾਰਾਂ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਪੰਜਾਬੀ ਇੰਡਸਟਰੀ ਵਿੱਚ ਇੱਕ ਦਹਾਕਾ ਕੰਮ ਕਰਨ ਤੋਂ ਬਾਅਦ, ਵਿੱਕੀ ਨੇ ਸਾਲ 2016 ਵਿੱਚ ਅਭਿਸ਼ੇਕ ਚੌਬੇ ਦੀ ਫਿਲਮ 'ਉੜਤਾ ਪੰਜਾਬ' ਤੋਂ ਬੌਲੀਵੁੱਡ ਦਾ ਸਫ਼ਰ ਸ਼ੁਰੂ ਕੀਤਾ ਸੀ, ਜਿਸ ਵਿੱਚ ਉਹ ਕੁਕੂ ਦੇ ਕਿਰਦਾਰ ਵਿੱਚ ਨਜ਼ਰ ਆਏ।

ਪਰ ਸੁਵਿੰਦਰ ਵਿੱਕੀ ਨੂੰ ਪਛਾਣ ਸਾਲ 2019 ਵਿੱਚ ਆਈ ਫਿਲਮ 'ਕੇਸਰੀ' ਵਿੱਚ ਨਿਭਾਏ ਨਾਇਕ ਲਾਲ ਸਿੰਘ ਦੇ ਰੋਲ ਤੋਂ ਮਿਲੀ ਸੀ।

ਸੁਵਿੰਦਰ ਵਿੱਕੀ

ਤਸਵੀਰ ਸਰੋਤ, Suvinder vicky/insta

ਤਸਵੀਰ ਕੈਪਸ਼ਨ, ਸੁਵਿੰਦਰ ਵਿੱਕੀ ਵੱਲੋਂ ਕੋਹਰਾ ਸੀਰੀਜ਼ ਵਿੱਚ ਨਿਭਾਏ ਗਏ ਰੋਲ ਕਾਫੀ ਚਰਚਾ ਹੋ ਰਹੀ ਹੈ

ਸੁਵਿੰਦਰ ਨੇ ਕਈ ਸੀਰੀਜ਼ ਅਤੇ ਬੌਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 'ਮਾਈਲਸਟੋਨ' ਸੀਰੀਜ਼ ਵਿੱਚ ਉਨ੍ਹਾਂ ਨੇ ਡਰਾਈਵਰ ਗ਼ਾਲਿਬ ਦਾ ਕਿਰਦਾਰ ਨਿਭਾਇਆ ਸੀ, ਜੋ ਕਾਫੀ ਪਸੰਦ ਕੀਤਾ ਗਿਆ ਸੀ।

ਦਰਅਸਲ, ਕਿਰਦਾਰ ਗ਼ਾਲਿਬ ਦਾ ਟਰੱਕ ਇਸ ਸੀਰੀਜ਼ ਵਿੱਚ 5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, ਜੋ ਉਸ ਦੀ ਕੰਪਨੀ ਲਈ ਇੱਕ ਰਿਕਾਰਡ ਹੁੰਦਾ ਹੈ।

ਇਸ ਦੌਰਾਨ ਗ਼ਾਲਿਬ ਇੱਕ ਸਰੀਰਕ ਦਰਦ ਨਾਲ ਜੂਝਦਾ ਹੈ ਤੇ ਉਸ ਨੂੰ ਇੱਕ ਇੱਕ ਨੌਜਵਾਨ ਨਵੇਂ ਡਰਾਈਵਰ ਨੂੰ ਸਿਖਲਾਈ ਦੇਣ ਲਈ ਕਿਹਾ ਜਾਂਦਾ ਹੈ। ਜਿਸ ਕਾਰਨ ਉਸ ਨੂੰ ਆਪਣੀ ਹੋਂਦ ਖ਼ਤਰੇ ਵਿੱਚ ਜਾਪਣ ਲਗਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਰਣਦੀਪ ਹੁੱਡਾ ਦੇ ਮੁੱਖ ਕਿਰਦਾਰ ਵਾਲੀ 'ਕੈਟ' ਸੀਰੀਜ਼ ਵਿੱਚ ਸਹਿਤਾਭ ਸਿੰਘ ਨਾਮ ਦੇ ਪੁਲਿਸ ਵਾਲੇ ਦਾ ਕਿਰਦਾਰ ਵੀ ਨਿਭਾਇਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਐਮਾਜ਼ੋਨ ਦੀ ਸੀਰੀਜ਼ 'ਪਾਤਾਲ ਲੋਕ' ਵਿੱਚ ਬਲਬੀਰ ਸਿੰਘ ਸੈਖੋਂ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)