ਜਦੋਂ ਹੈਲਮੈਟ ’ਤੇ ਕੀਤੇ ਜਾਂਦੇ ਟੈਸਟ ਦਸਤਾਰ ਉੱਤੇ ਹੋਏ ਤਾਂ ਅਜਿਹੇ ਕਿਹੜੇ ਨਤੀਜੇ ਆਏ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕੀਤਾ

ਦਸਤਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਦੇਸ਼ਾਂ ’ਚ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਭਾਵੇਂ ਤੁਸੀਂ ਦਸਤਾਰ ਬੰਨ੍ਹਦੇ ਹੋ ਤਾਂ ਵੀ ਹੈਲਮੇਟ ਪਾਉਣਾ ਹੀ ਹੈ।
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਿੱਖ ਲਈ ਦਸਤਾਰ ਇੱਕ ਪਛਾਣ ਚਿੰਨ੍ਹ ਹੈ ਪਰ ਜਦੋਂ ਵੀ ਕੋਈ ਸਿੱਖ ਕਿਸੇ ਵੀ ਤਰ੍ਹਾਂ ਦੀ ਡਰਾਇਵਿੰਗ ਕਰਦਾ ਹੈ, ਖਾਸ ਕਰਕੇ ਦੋ-ਪਹੀਆ ਵਾਹਨ ਚਲਾਉਣ ਮੌਕੇ ਤਾਂ ਹੈਲਮੇਟ ਨੂੰ ਲੈ ਕੇ ਬਹੁਤ ਹੀ ਚਰਚਾ ਹੁੰਦੀ ਹੈ।

ਕਈ ਵਾਰ ਕੁਝ ਦੇਸ਼ਾਂ ’ਚ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਭਾਵੇਂ ਤੁਸੀਂ ਦਸਤਾਰ ਬੰਨ੍ਹਦੇ ਹੋ ਤਾਂ ਵੀ ਹੈਲਮੇਟ ਪਾਉਣਾ ਹੀ ਹੈ।

ਹਲਾਂਕਿ, ਭਾਰਤ ਦੇ ਕੁਝ ਹਿੱਸਿਆਂ ਵਿੱਚ ਸਿੱਖਾਂ ਨੂੰ ਇਸ ਸਬੰਧ ’ਚ ਰਿਆਇਤ ਦਿੱਤੀ ਗਈ ਹੈ ਕਿ ਜਿੰਨ੍ਹਾਂ ਨੇ ਦਸਤਾਰ ਬੰਨ੍ਹੀ ਹੋਈ ਹੈ, ਉਨ੍ਹਾਂ ਨੂੰ ਹੈਲਮੇਟ ਪਾਉਣ ਦੀ ਜ਼ਰੂਰਤ ਨਹੀਂ ਹੈ।

ਪਰ ਕਈ ਥਾਵਾਂ ’ਤੇ ਅਜੇ ਵੀ ਕਾਫ਼ੀ ਪਾਬੰਦੀਆਂ ਜਾਰੀ ਹਨ।

ਹਾਲ ਹੀ ਵਿੱਚ ਇੱਕ ਆਧਿਐਨ ਸਾਹਮਣੇ ਆਇਆ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਸਿੱਖ ਦਸਤਾਰ ਸਕੱਲ (ਖੋਪੜੀ) ਫਰੈਕਚਰ ਤੋਂ ਬਚਾ ਸਕਦੀ ਹੈ।

ਕਰੈਸ਼ ਟੈਸਟਿੰਗ

ਤਸਵੀਰ ਸਰੋਤ, Imperial college

ਤਸਵੀਰ ਕੈਪਸ਼ਨ, ਹਾਲ ਹੀ ਦੇ ਵਿੱਚ ਦਸਤਾਰ ਉੱਤੇ ਹੈਲਮੇਟ ਦੀ ਤਰਜ਼ ਉੱਤੇ ਪ੍ਰੀਖਣ ਕੀਤਾ ਗਿਆ

ਇਹ ਸਟੱਡੀ ਕਿਉਂ ਖਾਸ ਹੈ ਅਤੇ ਇਸ ਦੇ ਕਿਹੜੇ ਨਤੀਜੇ ਸਾਹਮਣੇ ਆਏ ਹਨ ਅਤੇ ਇਹ ਕਿਉਂ ਕੀਤੀ ਗਈ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਇਸ ਲੇਖ ’ਚ ਜਾਣਨ ਦੀ ਕੋਸ਼ਿਸ਼ ਕਰਾਂਗੇ।

ਇਸ ਦੇ ਲਈ ਬੀਬੀਸੀ ਪੰਜਾਬੀ ਨੇ ਡਾ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ, ਜੋ ਕਿ ਇਸ ਆਧਿਐਨ ਦਾ ਹਿੱਸਾ ਰਹੇ ਹਨ।

ਡਾ. ਗੁਰਪ੍ਰੀਤ ਸਿੰਘ ਨੇ ਇੰਗਲੈਂਡ ਵਿੱਚ ਨਿਊਕਲੀਅਰ ਕੈਮਿਸਟਰੀ ਵਿੱਚ ਪੀਐੱਚਡੀ ਕੀਤੀ ਹੋਈ ਹੈ।

ਉਹ ਦਿੱਲੀ ਦੇ ਜੰਮਪਲ ਹਨ ਅਤੇ ਉਨ੍ਹਾਂ ਨੇ ਕੁਵੈਤ ਵਿੱਚ ਪੜ੍ਹਾਈ ਕੀਤੀ। ਉਹ ਆਪਣੀ ਮਾਸਟਰ ਡਿਗਰੀ ਹਾਸਲ ਕਰਨ ਲਈ ਇੰਗਲੈਂਡ ਗਏ ਸਨ।

ਦਸਤਾਰ ਉੱਤੇ ਪਹਿਲੀ ਵਾਰ ਕ੍ਰੈਸ਼ ਟੈੱਸਟਿੰਗ

ਕਰੈਸ਼ ਟੈਸਟਿੰਗ

ਤਸਵੀਰ ਸਰੋਤ, Imperial college

ਤਸਵੀਰ ਕੈਪਸ਼ਨ, ਇਸ ਅਧਿਐਨ ਨੂੰ ਪੂਰਾ ਕਰਨ ਵਿੱਚ 1 ਸਾਲ ਲੱਗਾ

ਗੁਰਪ੍ਰੀਤ ਦੱਸਦੇ ਹਨ ਕਿ ਜਦੋਂ ਉਹ ਲੰਡਨ ਦੇ ਇੰਪੀਰੀਅਲ ਕਾਲਜ ਵਿਖੇ ਆਏ ਤਾਂ ਉਨ੍ਹਾਂ ਨੇ ਉੱਥੋਂ ਦੇ ਹੀ ਇੱਕ ਸੀਨੀਅਰ ਲੈਕਚਰਾਰ ਵੱਲੋਂ ਪ੍ਰਕਾਸ਼ਿਤ ਕੀਤਾ ਹੋਇਆ ਪੇਪਰ ਪੜ੍ਹਿਆ, ਜੋ ਕਿ ਹੈਲਮੇਟ ਦੀ ਟੈਸਟਿੰਗ ਨਾਲ ਸਬੰਧਤ ਸੀ।

ਦਰਅਸਲ ਯੂਕੇ ਸਾਈਕਲ ਲਈ ਬਣੇ ਹੈਲਮੇਟ ਦੀ ਟੈਸਟਿੰਗ ਲਈ ਦੋ ਪ੍ਰਮੁੱਖ ਟੈਸਟਿੰਗ ਰਿੰਗਜ਼ ਹਨ, ਜਿਨ੍ਹਾਂ ’ਚੋਂ ਇੱਕ ਲੰਡਨ ਦੇ ਇੰਪੀਰੀਅਲ ਕਾਲਜ ’ਚ ਮੌਜੂਦ ਹੈ। ਇਸ ਮਗਰੋਂ ਉਨ੍ਹਾਂ ਨੇ ਇਸ ਬਾਰੇ ਅਧਿਐਨ ਕੀਤਾ ਕਿ ਦਸਤਾਰ ਕਿਸੇ ਵੀ ਤਰ੍ਹਾਂ ਦੇ ਝਟਕੇ ਜਾਂ ਫੋਰਸ ਨੂੰ ਸਹਿਣ ’ਚ ਕਿੰਨੀ ਕਾਮਯਾਬ ਹੈ?

ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਪੇਪਰ ਤੋਂ ਸੇਧ ਲੈ ਕੇ ਆਪਣੇ ਵਿਭਾਗ ਦੇ ਸੀਨੀਅਰ ਲੈਕਚਰਾਰ ਅੱਗੇ ਆਪਣਾ ਪ੍ਰਸਤਾਵ ਰੱਖਿਆ ਤਾਂ ਉਨ੍ਹਾਂ ਨੇ ਇੱਕ ਟ੍ਰਾਇਲ ਟੈਸਟ ਕੀਤਾ, ਜੋ ਕਿ ਬਹੁਤ ਹੱਦ ਤੱਕ ਸਫਲ ਵੀ ਰਿਹਾ।

ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੇ ਰੋਡ ਸੇਫਟੀ ਟਰੱਸਟ ਤੋਂ ਗ੍ਰਾਂਟ ਹਾਸਲ ਕਰਨ ਲਈ ਉਨ੍ਹਾਂ ਅੱਗੇ ਆਪਣਾ ਪ੍ਰਸਤਾਵ ਰੱਖਿਆ ਅਤੇ ਉਨ੍ਹਾਂ ਨੇ ਵੀ ਸਾਨੂੰ ਹਰੀ ਝੰਡੀ ਦਿੱਤੀ।

ਜਿਸ ਤੋਂ ਬਾਅਦ ਇਸ ਸਟੱਡੀ ਨੂੰ ਮੁਕੰਮਲ ਕਰਨ ’ਚ 1 ਸਾਲ ਦਾ ਸਮਾਂ ਲੱਗਿਆ।

ਹੈਲਮੇਟ ਟੈਸਟਿੰਗ ਕਿਵੇਂ ਹੁੰਦੀ ਹੈ?

ਸੈਂਸਰ

ਤਸਵੀਰ ਸਰੋਤ, Imperial college

ਤਸਵੀਰ ਕੈਪਸ਼ਨ, ਸੈਂਸਰ ਇਹ ਮਾਪਦੇ ਹਨ ਕਿ ਸਿਰ ਦੇ ਕਿਹੜੇ ਹਿੱਸੇ ਉੱਤੇ ਕਿੰਨਾ ਦਬਾਅ ਪਿਆ ਹੈ।

ਉਹ ਦੱਸਦੇ ਹਨ ਹੈਲਮੈਟ ਟੈਸਟਿੰਗ ਲਈ ਇੱਕ ਪੁਤਲੇ ਦੇ ਸਿਰ ’ਤੇ ਹੈਲਮੇਟ ਪਾ ਕੇ ਉਸ ਨੂੰ ਇੱਕ ਮਸ਼ੀਨ ਰਾਹੀਂ ਇੱਕ ਨਿਰਧਾਰਤ ਉੱਚਾਈ ਤੋਂ ਹੇਠਾਂ ਵੱਲ ਸੁੱਟਿਆ ਜਾਂਦਾ ਹੈ।

ਪੁਤਲੇ ਦੇ ਅੰਦਰ ਸੈਂਸਰ ਲੱਗੇ ਹੁੰਦੇ ਹਨ ਅਤੇ ਨਾਲ ਹੀ ਜਿਸ ਹਿੱਸੇ ਉੱਤੇ ਉਹ ਆ ਕੇ ਡਿੱਗਦਾ ਹੈ, ਉਸ ਹਿੱਸੇ ’ਚ ਵੀ ਸੈਂਸਰ ਲੱਗੇ ਹੁੰਦੇ ਹਨ।

ਸੈਂਸਰ ਇਹ ਮਾਪਦੇ ਹਨ ਕਿ ਸਿਰ ਦੇ ਕਿਹੜੇ ਹਿੱਸੇ ਉੱਤੇ ਕਿੰਨਾ ਦਬਾਅ ਪਿਆ ਹੈ।

ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ “ਜਦੋਂ ਇਸ ਟੈਸਟਿੰਗ ਨੂੰ ਕੀਤਾ ਜਾਂਦਾ ਹੈ ਤਾਂ ਪੁਤਲੇ ’ਚ ਲੱਗੇ ਸੈਂਸਰ ਇਸ ਗੱਲ ਨੂੰ ਮਾਪਦੇ ਹਨ ਕਿ ਸਿਰ ਦੇ ਕਿਸ ਹਿੱਸੇ ’ਚ ਕਿੰਨਾ ਦਬਾਅ ਪਿਆ ਹੈ।”

ਦਸਤਾਰ

ਦਸਤਾਰ ਟੈਸਟਿੰਗ ਕਿਵੇਂ ਹੋਈ ?

ਗੁਰਪ੍ਰੀਤ ਦੱਸਦੇ ਹਨ, “ਅਧਿਐਨ ਵਿੱਚ ਇਹ ਸਭ ਤੋਂ ਅਹਿਮ ਸੀ ਕਿ ਰੂਬੀਆਂ ਫੁੱਲ ਵੋੲਲ ਜਿਹੀਆਂ ਵੱਖ-ਵੱਖ ਕਿਸਮ ਦੀਆਂ ਪੱਗਾਂ ਵਿੱਚੋਂ ਕਿਹੜਾ ਕੱਪੜਾ ਚੰਗਾ ਹੈ, ਵੱਖ-ਵੱਖ ਤਰੀਕਿਆਂ ਅਤੇ ਆਕਾਰਾਂ ਦੀਆਂ ਪੱਗਾਂ ਵੀ ਇਸ ਪ੍ਰੀਖਣ ਵਿੱਚ ਵਰਤੀਆਂ ਗਈਆਂ।”

ਉਹ ਦੱਸਦੇ ਹਨ, “ਇਸ ਪੀਖਣ ਵਿੱਚ ਸਰਕਾਰ ਵੱਲੋਂ ਤੈਅ 6.3 ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਡੰਮੀ ਨੂੰ ਉਪਰੋਂ ਹੇਠਾਂ ਵੱਲ ਨੂੰ ਸੁੱਟਿਆ ਜਾਂਦਾ ਹੈ।”

ਸਟੱਡੀ ਦੇ ਨਤੀਜੇ ਕੀ ਹਨ?

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਇਸ ਪ੍ਰੀਖਣ ਦੇ ਨਤੀਜੇ ਹੈਰਾਨੀਜਨਕ ਸਨ।

ਉਹ ਦੱਸਦੇ ਹਨ, “ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਦਸਤਾਰ ਸਿਰ ਨੂੰ ਹੈਲਮੈਟ ਦੇ ਮੁਕਾਬਲੇ ਵੱਖ-ਵੱਖ ਹਾਦਸਿਆਂ ਤੋਂ ਬਚਾਉਣ ਦੇ ਸਮਰੱਥ ਨਹੀਂ ਹੈ, ਪਰ ਇਸ ਪ੍ਰੀਖਣ ਨੇ ਇਸ ਦੇ ਉਲਟ ਨਤੀਜੇ ਦਿੱਤੇ।”

ਗੁਰਪ੍ਰੀਤ ਕਹਿੰਦੇ, “ਇਸ ਟੈਸਟਿੰਗ ’ਚ ਸਾਹਮਣੇ ਆਇਆ ਕਿ ਸਿਰ ਦੇ ਜਿਸ ਹਿੱਸੇ ’ਚ ਪੱਗੜੀ ਦਾ ਕੱਪੜਾ ਵੱਧ ਹੁੰਦਾ ਹੈ ਅਤੇ ਕੱਪੜੇ ਦੇ ਲੜਾਂ ਨੂੰ ਇੱਕ ਦੇ ਉੱਪਰ ਇੱਕ ਕਰਕੇ ਸੈੱਟ ਕੀਤਾ ਜਾਂਦਾ ਹੈ, ਉਸ ਹਿੱਸੇ ’ਚ ਦਬਾਅ ਪੈਣ ਦੀ ਸੂਰਤ ’ਚ ਉਹ ਕੱਪੜਾ ਹੈਲਮੇਟ ਵਾਂਗ ਹੀ ਕਾਰਗਰ ਸਿੱਧ ਹੁੰਦਾ ਹੈ।”

ਉਨ੍ਹਾਂ ਨੇ ਅੱਗੇ ਦੱਸਿਆ, “ਇਸੇ ਤਰ੍ਹਾਂ ਜੇਕਰ ਕੋਈ ਦਸਤਾਰਧਾਰੀ ਇਨਸਾਨ ਮੂੰਹ ਦੇ ਭਾਰ ਡਿੱਗਦਾ ਹੈ ਅਤੇ ਉਸ ਦੇ ਫਰੰਟ ਹੈੱਡ ਨੂੰ ਵੀ ਦਸਤਾਰ ਸੁਰੱਖਿਅਤ ਕਰਦੀ ਹੈ, ਕਿਉਂਕਿ ਪੱਗ ਦੀ ਚੁੰਝ ਵਾਲੀ ਥਾਂ ਭਾਵ ਮੱਥੇ ’ਤੇ ਜਿੱਥੇ ‘ਵੀ’ ਬਣਦੀ ਹੈ, ਉੱਥੇ ਵੀ ਕੱਪੜਾ ਜ਼ਿਆਦਾ ਹੁੰਦਾ ਹੈ ਅਤੇ ਉਹ ਕਿਸੇ ਵੀ ਦਬਾਅ ਨੂੰ ਸਿਰ ਤੱਕ ਪਹੁੰਚਣ ਤੋਂ ਰੋਕਦੀ ਹੈ। ਇਸ ਸਥਿਤੀ ’ਚ ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸਾਈਕਲ ਹੈਲਮੇਟ ਵਾਂਗਰ ਹੀ ਦਸਤਾਰ ਕਾਰਗਰ ਹੁੰਦੀ ਹੈ।”

ਉਨ੍ਹਾਂ ਨੇ ਅੱਗੇ ਦੱਸਿਆ ਕਿ “ਸਿਰ ਦੇ ਜਿਸ ਪਾਸੇ ਸਿੰਗਲ ਕੱਪੜਾ ਹੁੰਦਾ ਹੈ, ਉੱਥੇ ਕਾਰਗੁਜ਼ਾਰੀ ਵੀ ਘੱਟ ਜਾਂਦੀ ਹੈ, ਜਿਵੇਂ ਕਿ ਸਿਰ ਦੇ ਉਪਰਲੇ ਪਾਸੇ ਅਤੇ ਜਿਸ ਪਾਸੇ ਕੱਪੜੇ ਦਾ ਪੱਲਾ ਖੋਲ੍ਹ ਕੇ ਬੰਨ੍ਹਿਆ ਜਾਂਦਾ ਹੈ। ਜਿੰਨਾ ਕੱਪੜਾ ਘੱਟਦਾ ਜਾਵੇਗਾ ਉੱਨੀ ਹੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਵੇਗੀ।”

ਕਰੈਸ਼ ਟੈਸਟਿੰਗ

ਤਸਵੀਰ ਸਰੋਤ, Imperial College

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਇਸ ਪ੍ਰੀਖਣ ਦੇ ਨਤੀਜੇ ਹੈਰਾਨੀਜਨਕ ਸਨ।

ਦੁਮਾਲੇ ਦੀ ਟੈਸਟਿੰਗ ਦੇ ਕੀ ਨਤੀਜੇ ਰਹੇ ਹਨ

ਦਸਤਾਰ
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੱਸਦੇ ਹਨ, "ਦੁਮਾਲਾ ਬਣਦੇ ਸਮੇਂ ਪਹਿਲਾਂ ਕੇਸਕੀ ਬੰਨਣੀ ਜ਼ਰੂਰੀ ਹੁੰਦੀ ਹੈ, ਜਿਸ ਕਰਕੇ ਖੋਪੜੀ ਦਾ ਵਿਚਕਾਰਲਾ ਹਿੱਸਾ ਵੀ ਸੁਰੱਖਿਅਤ ਰਹਿੰਦਾ ਹੈ।”

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਦੁਮਾਲੇ ਦੇ ਪ੍ਰੀਖਣ ’ਚ ਸਾਹਮਣੇ ਆਇਆ ਕਿ ਇਹ ਦੁਨੀਆਂ ਦੇ ਸਰਬੋਤਮ ਹੈਲਮੇਟ ਨੂੰ ਵੀ ਮਾਤ ਦੇ ਸਕਦਾ ਹੈ।

ਉਹ ਦੱਸਦੇ ਹਨ, ਦੁਨੀਆਂ ਦਾ ਸਭ ਤੋਂ ਉੱਤਮ ਹੈਲਮੇਟ ਜੋ ਮਾਨਕ ਸੈੱਟ ਕਰਦਾ ਹੈ, ਸਿੱਖਾਂ ਦੇ ਦੁਮਾਲੇ ਨੇ ਉਸ ਤੋਂ ਦੁੱਗਣੀ ਕਾਰਗੁਜ਼ਾਰੀ ਵਿਖਾਈ ਹੈ।

ਉਨ੍ਹਾਂ ਨੇ ਦੱਸਿਆ, “ਦੁਮਾਲੇ ਦੇ ਪ੍ਰੀਖਣ ਦੇ ਨਤੀਜਿਆਂ ਨੇ ਜਿੱਥੇ ਆਪਣੀ ਕਾਰਗੁਜ਼ਾਰੀ ਨਾਲ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ, ਉੱਥੇ ਹੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਗੈਰ-ਸਿੱਖ ਖੋਜਕਰਤਾ ਵੀ ਬਹੁਤ ਹੈਰਾਨ ਅਤੇ ਖੁਸ਼ ਹੋਏ ਹਨ। ਇਨ੍ਹਾਂ ਨਤੀਜਿਆਂ ਤੋਂ ਉਨ੍ਹਾਂ ਨੂੰ ਸੇਧ ਵੀ ਮਿਲੀ ਹੈ ਕਿ ਭਵਿੱਖ ’ਚ ਹੈਲਮੇਟ ਬਣਾਉਣ ਮੌਕੇ ਪੱਗ ਅਤੇ ਦੁਮਾਲੇ ਦੇ ਲੇਅਰ ਸਟਾਈਲ ਨੂੰ ਧਿਆਨ ’ਚ ਰੱਖਿਆ ਜਾਵੇ।”

ਪੱਗ ਅਤੇ ਦੁਮਾਲੇ ’ਚੋਂ ਕਿਹੜੀ ਦਸਤਾਰ ਵਧੇਰੇ ਕਾਰਗਰ ਰਹੀ?

ਪੱਗ ਅਤੇ ਦੁਮਾਲਾ
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸਿਰ ਉੱਤੇ ਬੰਨ੍ਹੀ ਪੱਗ ਕਰੈਸ਼ ਹੋਣ ਉੱਤੇ ਉਤਰਦੀ ਨਹੀਂ ਹੈ ਜਦਕਿ ਕਈ ਵਾਰੀ ਹੈਲਮੇਟ ਉੱਤਰ ਜਾਂਦਾ ਹੈ

ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ , “ਇਸ ਪ੍ਰੀਖਣ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਦੁਮਾਲਾ ਜ਼ਿਆਦਾ ਕਾਰਗਰ ਹੈ, ਕਿਉਂਕਿ ਦੁਮਾਲੇ ’ਚ ਸਿਰ ਚਾਰੇ ਪਾਸਿਆਂ ਤੋਂ ਬਰਾਬਰ ਕੱਪੜੇ ਨਾਲ ਢੱਕਿਆ ਹੁੰਦਾ ਹੈ ਅਤੇ ਸਿਰ ਦੇ ਉਪੱਰਲੇ ਹਿੱਸੇ ’ਚ ਵੀ ਲੋੜੀਂਦਾ ਕੱਪੜਾ ਮੌਜੂਦ ਹੁੰਦਾ ਹੈ।"

ਉਹ ਦੱਸਦੇ ਹਨ, "ਦੁਮਾਲਾ ਬਣਦੇ ਸਮੇਂ ਪਹਿਲਾਂ ਕੇਸਕੀ ਬੰਨਣੀ ਜ਼ਰੂਰੀ ਹੁੰਦੀ ਹੈ, ਜਿਸ ਕਰਕੇ ਖੋਪੜੀ ਦਾ ਵਿਚਕਾਰਲਾ ਹਿੱਸਾ ਵੀ ਸੁਰੱਖਿਅਤ ਰਹਿੰਦਾ ਹੈ।”

“ਪਰ ਦੁਮਾਲਾ ਕਿਸ ਕੱਪੜੇ ਦਾ ਬੰਨ੍ਹਿਆ ਜਾ ਰਿਹਾ ਹੈ, ਉਸ ਦਾ ਸਟਾਈਲ ਕੀ ਹੈ ਅਤੇ ਉਸ ਦੀ ਲੰਬਾਈ ਕੀ ਹੈ, ਇਹ ਸਾਰੇ ਤੱਤ ਵੀ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।”

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸਿਰ ਉੱਤੇ ਬੰਨ੍ਹੀ ਪੱਗ ਕਰੈਸ਼ ਹੋਣ ਉੱਤੇ ਉਤਰਦੀ ਨਹੀਂ ਹੈ ਜਦਕਿ ਕਈ ਵਾਰੀ ਹੈਲਮੇਟ ਉਤਰ ਜਾਂਦਾ ਹੈ।

ਇਹ ਪ੍ਰੀਖਣ ਸਾਈਕਲ ਦੇ ਹੈਲਮੇਟ ਦੀ ਤਰਜ਼ ਉੱਤੇ ਕੀਤਾ ਗਿਆ, ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਹ ਅਗਲੇ ਪ੍ਰੀਖਣ ਵਿੱਚ ਮੋਟਰਸਾਈਕਲ ਦੇ ਹੈਲਮੇਟ ਦੀ ਤਰਜ਼ ਉੱਤੇ ਕਰਨਗੇ।

ਬੀਬੀਸੀ

ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਡੇਟਾ ਵੱਖ-ਵੱਖ ਦੇਸ਼ਾਂ ਵਿੱਚ ਦਸਤਾਰ ਬੰਨ੍ਹ ਕੇ ਵਾਹਨ ਚਲਾਉਣ ਦੇ ਮਾਮਲਿਆਂ ਵਿੱਚ ਇੱਕ ਵਿਗਿਆਨਕ ਅਧਾਰ ਪੇਸ਼ ਕਰ ਸਕਦਾ ਹੈ।

"ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਦਸਤਾਰ ਭਾਵੇਂ 100 ਫੀਸਦੀ ਨਾ ਸਹੀ ਪਰ ਕਿਸੇ ਵਧੀਆ ਹੈਲਮੇਟ ਦੀ ਤਰ੍ਹਾਂ 70-75 ਫੀਸਦੀ ਸੁਰੱਖਿਅਤ ਜ਼ਰੂਰ ਪ੍ਰਦਾਨ ਕਰਦੀ ਹੈ।"

ਉਨ੍ਹਾਂ ਅੱਗੇ ਦੱਸਿਆ ਕਿ ਇਹ ਨਤੀਜੇ ਅਜੇ ਸਾਈਕਲ ਹੈਲਮੇਟ ਲਈ ਆਏ ਹਨ। ਕਈ ਦੇਸ਼ਾਂ ’ਚ ਕਾਨੂੰਨ ਬਣ ਰਹੇ ਹਨ ਕਿ ਸਾਈਕਲ ਚਲਾਉਂਦੇ ਸਮੇਂ ਵੀ ਹੈਲਮੇਟ ਜ਼ਰੂਰੀ ਹੈ। ਯੂਕੇ ’ਚ ਅਜੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ, ਪਰ ਅਮਰੀਕਾ ਅਤੇ ਕੈਨੇਡਾ ’ਚ ਅਜਿਹੇ ਕਾਨੂੰਨ ਬਣ ਰਹੇ ਹਨ। ਯੂਰਪ ਦੇ ਕਈ ਦੇਸ਼ਾਂ ’ਚ ਇਸ ਸਬੰਧੀ ਕਾਨੂੰਨ ਬਣ ਵੀ ਗਏ ਹਨ।

ਉਹ ਕਹਿੰਦੇ ਹਨ, "ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਇਸ ਖੋਜ ਨੂੰ ਜਾਰੀ ਰੱਖੀਏ ਅਤੇ ਦਸਤਾਰ ਦੇ ਕੱਪੜੇ ਨਾਲ ਸਬੰਧਤ ਹੋਰ ਤੱਥ ਇਕੱਠੇ ਕਰੀਏ।"

ਡਾ. ਗੁਰਪ੍ਰੀਤ ਸਿੰਘ ਨੇ ਕੱਪੜੇ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਬੁਲੇਟ ਪਰੂਫ਼ ਕਮੀਜ਼ਾਂ ਬਣ ਚੁੱਕੀਆਂ ਹਨ, ਉਨ੍ਹਾਂ ’ਚ ਵੀ ਤਾਂ ਕੱਪੜੇ ਦੀ ਹੀ ਵਰਤੋਂ ਹੁੰਦੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਧਾਤ ਦੀ। ਜੇਕਰ ਕੱਪੜਾ ਬੁਲੇਟ ਨੂੰ ਰੋਕ ਸਕਦਾ ਹੈ ਤਾਂ ਸਾਡੀ ਦਸਤਾਰ ਅਜਿਹਾ ਕਿਉਂ ਨਹੀਂ ਕਰ ਸਕਦੀ ਹੈ। ਇਸ ਲਈ ਸਾਨੂੰ ਦਸਤਾਰ ਦੇ ਕੱਪੜੇ ਦੀ ਗੁਣਵੱਤਾ ’ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।

ਦਸਤਾਰ ਨੂੰ ਹੋਰ ਕਿਹੜੇ ਖੇਤਰਾਂ ’ਚ ਵਰਤਿਆ ਜਾ ਸਕਦਾ ਹੈ?

ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਸਤਾਰ ਨੂੰ ਹੋਰ ਖੇਤਰਾਂ ’ਚ ਵੀ ਵਰਤਿਆ ਜਾ ਸਕਦਾ ਹੈ।

ਉਨ੍ਹਾਂ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਨਰਸਿੰਗ ਹੋਮਾਂ ’ਚ ਬਜ਼ੁਰਗ ਮਰੀਜਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਵਾਰ ਉਹ ਚੱਕਰ ਖਾ ਕੇ ਡਿੱਗ ਵੀ ਜਾਂਦੇ ਹਨ। ਅਜਿਹੀ ਸੂਰਤ ’ਚ ਉਨ੍ਹਾਂ ਦੇ ਸਿਰ ’ਤੇ ਇੱਕ ਨਰਮ ਟੋਪੀ ਪਹਿਣਾਈ ਜਾਂਦੀ ਹੈ ਤਾਂ ਜੋ ਜਦੋਂ ਉਹ ਕਿਸੇ ਕਾਰਨ ਡਿੱਗਣ ਤਾਂ ਉਨ੍ਹਾਂ ਦੇ ਸਿਰ ’ਤੇ ਦਬਾਅ ਨਾ ਆਵੇ।

ਜੇਕਰ ਸਾਡਾ ਦਸਤਾਰ ਦਾ ਕੱਪੜਾ ਕਾਮਯਾਬ ਹੋ ਜਾਂਦਾ ਹੈ ਤਾਂ ਅਸੀਂ ਮੰਡਾਨੇ ਬਣਾ ਕੇ ਵੀ ਇਨ੍ਹਾਂ ਨਰਸਿੰਗ ਹੋਮਾਂ ਨੂੰ ਦੇ ਸਕਦੇ ਹਾਂ।

ਰਗਬੀ ਖੇਡ ’ਚ ਵੀ ਹਾਰਡ ਹੈਲਮੇਟ ਨਹੀਂ ਵਰਤਿਆ ਜਾਂਦਾ ਹੈ। ਉਸ ਦੀ ਥਾਂ ’ਤੇ ਫੋਮ ਵਾਲੇ ਨਰਮ ਹੈਲਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਸਿੱਖ ਰਗਬੀ ਖੇਡਣਾ ਚਾਹੁੰਦੇ ਹਨ ਤਾਂ ਉਹ ਦੁਮਾਲੇ ਸਜਾ ਕੇ ਖੇਡ ਸਕਦੇ ਹਨ, ਬਾਸ਼ਰਤ ਇਹ ਹੈ ਕਿ ਦੁਮਾਲੇ ਦਾ ਕੱਪੜਾ ਦਬਾਅ ਸਹਿਣ ਦੇ ਯੋਗ ਹੋਵੇ।

ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਤੋਂ ਤੱਥ ਇੱਕਠੇ ਕਰਕੇ ਸਾਨੂੰ ਆਪਣੀ ਦਸਤਾਰ ਦੀ ਗੁਣਵੱਤਾ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਦਸਤਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪੱਗ ਨੂੰ ਕਵਰ ਕਰਨ ਬਾਰੇ ਹੈਲਮੇਟ ਬਾਰੇ ਕੀ ਰਾਇ

ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਮਾਨਤਾਵਾਂ ਮੁਤਾਬਕ ਜੇਕਰ ਤੁਸੀਂ ਪੱਗ ਸਜਾ ਲੈਂਦੇ ਹੋ ਤਾਂ ਉਸ ਦੇ ਉੱਪਰੋਂ ਕੋਈ ਹੈਲਮੇਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਚੀਜ਼ ਨਹੀਂ ਆਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ "ਮੈਂ ਇਸ ਗੱਲ ਨੂੰ ਪੂਰੇ ਪ੍ਰਮਾਣ ਅਤੇ ਸਤਿਕਾਰ ਮੰਨਦਾ ਵੀ ਹਾਂ। ਦੂਜੀ ਗੱਲ ਕੈਨੇਡਾ ’ਚ ਕੁਝ ਸਮਾਂ ਪਹਿਲਾਂ ਜੋ ਸਿੱਖਾਂ ਲਈ ਹੈਲਮੇਟ ਜਾਰੀ ਕੀਤੇ ਗਏ ਸਨ, ਉਹ ਅਸਲ ’ਚ ਜੂੜਾ ਕਰਕੇ ਪਟਕਾ ਬਨ੍ਹਣ ਵਾਲੇ ਸਿੱਖ ਬੱਚਿਆਂ ਲਈ ਸਨ।"

ਉਨ੍ਹਾਂ ਅੱਗੇ ਦੱਸਿਆ ਕਿ ਦੁਨੀਆ ਭਰ ’ਚ ਕੋਈ ਅਜਿਹਾ ਹੈਲਮੇਟ ਨਹੀਂ ਬਣ ਸਕਦਾ ਹੈ ਜੋ ਕਿ ਵਿਗਿਆਨਕ ਤੌਰ ’ਤੇ ਦਸਤਾਰ ਦੇ ਉੱਤੇ ਫਿੱਟ ਹੋ ਸਕਦਾ ਹੋਵੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿੱਖ ਵੱਖ-ਵੱਖ ਸਟਾਈਲ ਅਤੇ ਲੰਬਾਈ ਦੀ ਪੱਗ ਬੰਨ੍ਹਦੇ ਹਨ ਇਸ ਲਈ ਦਸਤਾਰ ਦੇ ਵੱਖ-ਵੱਖ ਰੂਪਾਂ ’ਤੇ ਕਿਸੇ ਇੱਕ ਹੈਲਮੇਟ ਨੂੰ ਫਿੱਟ ਨਹੀਂ ਕੀਤਾ ਜਾ ਸਕਦਾ ਹੈ।

ਉਹ ਅੱਗੇ ਦੱਸਦੇ ਹਨ, "ਇਸ ਤੋਂ ਇਲਾਵਾ ਜੇਕਰ ਪੱਗ ਦੇ ਉੱਪਰ ਹੈਲਮੇਟ ਪਾਇਆ ਵੀ ਜਾਂਦਾ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜਦੋਂ ਵੀ ਕੋਈ ਦਬਾਅ ਪਵੇਗਾ ਤਾਂ ਸਭ ਤੋਂ ਪਹਿਲਾਂ ਹੈਲਮੇਟ ਪੱਗ ਨੂੰ ਹਿਲਾ ਦੇਵੇਗਾ ਅਤੇ ਦਸਤਾਰ ਦੀ ਜੋ ਆਪਣੀ ਯੋਗਤਾ ਹੈ ਉਸ ਨੂੰ ਵੀ ਖਰਾਬ ਕਰ ਦੇਵੇਗਾ। ਇਸ ਲਈ ਹੈਲਮੇਟ ਦਸਤਾਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਤ ਕਰ ਸਕਦਾ ਹੈ।"

ਕੈਨੇਡਾ ’ਚ ਜੋ ਸਿੱਖ ਬੱਚਿਆਂ ਦੀ ਸੇਫਟੀ ਲਈ ਹੈਲਮੇਟ ਬਣਾਏ ਗਏ ਹਨ, ਉਨ੍ਹਾਂ ਦੀ ਕਦੇ ਵੀ ਟੈਸਟਿੰਗ ਨਹੀਂ ਹੋਈ ਹੈ।

ਇਸ ਲਈ ਜੇਕਰ ਸਾਨੂੰ ਮੌਕਾ ਹਾਸਲ ਹੋਇਆ ਜਾਂ ਸਾਨੂੰ ਉਨ੍ਹਾਂ ਹੈਲਮੇਟਾਂ ਦੇ ਸੈਂਪਲ ਭੇਜੇ ਜਾਣ ਤਾਂ ਅਸੀਂ ਉਨ੍ਹਾਂ ਹੈਲਮੇਟਾਂ ਨੂੰ ਵੀ ਟੈਸਟ ਕਰਨ ਲਈ ਤਿਆਰ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)