ਕਿਸਾਨ ਅੰਦੋਲਨ: 'ਪੁਲਿਸ ਵਾਲੇ ਗੱਡੀਆਂ ਲੈ ਕੇ ਆਉਂਦੇ ਹਨ, ਤਲਾਸ਼ੀ ਲੈਂਦੇ ਹਨ, ਜੋ ਵੇਖ ਬੱਚੇ ਡਰ ਜਾਂਦੇ'

ਕਿਸਾਨ ਅੰਦੋਲਨ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਮਰਦ ਕਿਸਾਨਾਂ ਦੇ ਅੰਦੋਲਨ ਵਿੱਚ ਹੋਣ ਕਾਰਨ ਕੰਮਕਾਰ ਦੀ ਜ਼ਿੰਮੇਵਾਰੀ ਔਰਤਾਂ ਨੇ ਸੰਭਾਲੀ ਹੋਈ ਹੈ
    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

2020-21 ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਕਿਸਾਨ ਅੰਦੋਲਨ ਵਿੱਚ ਅੰਬਾਲਾ ਦੇ ਪਿੰਡ ਜਲਬੇੜਾ ਦੇ ਰਹਿਣ ਵਾਲੇ ਕਿਸਾਨ ਨਵਦੀਪ ਸਿੰਘ ਚਰਚਾ ਦੇ ਵਿੱਚ ਆਏ ਸਨ।

ਨਵਦੀਪ ਸਿੰਘ ਨੇ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਉੱਤੇ ਵਰਤੀ ਜਾ ਰਹੀ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ।

ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋਈ ਸੀ ਅਤੇ ਲੋਕਾਂ ਨੇ ਉਨ੍ਹਾਂ ਦੇ ਇਸ ਕੰਮ ਨੂੰ 'ਦਲੇਰਾਨਾ ਕਾਰਵਾਈ' ਕਿਹਾ ਸੀ।

ਨਵਦੀਪ ਸਿੰਘ
ਤਸਵੀਰ ਕੈਪਸ਼ਨ, ਨਵਦੀਪ ਸਿੰਘ ਨੇ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਉੱਤੇ ਵਰਤੀ ਜਾ ਰਹੀ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ

ਉਸ ਵੇਲੇ ਕਿਸਾਨ ਨਵੰਬਰ 2020 ਵਿੱਚ ਪੰਜਾਬ ਹਰਿਆਣਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਸਨ।

ਕਈ ਮਹੀਨੇ ਅੰਦੋਲਨ ਚੱਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ।

ਬੀਬੀਸੀ

ਇਸ ਐਲਾਨ ਤੋਂ ਕਰੀਬ ਤਿੰਨ ਸਾਲਾਂ ਬਾਅਦ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਨਵਾਂ ਅੰਦੋਲਨ ਸ਼ੁਰੂ ਕੀਤਾ ਹੈ।

ਦਿੱਲੀ ਵੱਲ ਵੱਧ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ ਰੋਕ ਦਿੱਤਾ ਗਿਆ ਹੈ।

ਇਸ ਵਾਰੀ ਵੀ ਜਲਬੇੜਾ ਦੇ ਨਵਦੀਪ ਸਿੰਘ ਆਪਣੇ ਪਿਤਾ ਦੇ ਨਾਲ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ।

ਉਹ ਪਿਛਲੇ ਕਈ ਦਿਨਾਂ ਤੋਂ ਘਰ ਨਹੀਂ ਗਏ ਹਨ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਉਨ੍ਹਾਂ ਦੀ ਮਾਤਾ ਨਰਿੰਦਰ ਕੌਰ ਹੀ ਘਰ ਦੀ ਸਾਰੀ ਜ਼ਿਮੇਵਾਰੀ ਨਿਭਾਅ ਰਹੇ ਹਨ।

ਨਰਿੰਦਰ ਕੌਰ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਨਵਦੀਪ ਸਿੰਘ ਦੀ ਮਾਤਾ ਨਰਿੰਦਰ ਕੌਰ

ਉਹ ਦੱਸਦੇ ਹਨ ਨਵਦੀਪ ਅਤੇ ਉਨ੍ਹਾਂ ਦੇ ਪਿਤਾ 5 ਜਨਵਰੀ ਤੋਂ ਘਰ ਨਹੀਂ ਆਏ ਹਨ, ਉਨ੍ਹਾਂ ਦੇ ਘਰ ਨਾ ਹੋਣ ਕਾਰਨ ਖੇਤੀ ਦਾ ਕਾਫੀ ਨੁਕਸਾਨ ਹੋਇਆ ਹੈ।

ਉਹ ਕਹਿੰਦੇ ਹਨ, "ਸਾਡੀ ਖੇਤੀ ਅਤੇ ਘਰ ਦਾ ਸਾਰਾ ਕੰਮ ਰੁਲ ਗਿਆ ਹੈ, ਸਾਡੇ ਗੁਆਂਢੀ ਆ ਕੇ ਸਾਡਾ ਘਰ ਦਾ ਕੰਮ ਕਰਦੇ ਹਨ, ਅਸੀਂ ਸਿਰਫ਼ ਆਪਣੇ ਹੱਕ ਪੱਛੇ ਲੜ ਰਹੇ ਹਾਂ।"

ਉਹ ਦੱਸਦੇ ਹਨ, "ਪੁਲਿਸ ਆ ਕੇ ਸਾਨੂੰ ਪੁੱਛਦੀ ਹੈ ਨਵਦੀਪ ਅਤੇ ਉਨ੍ਹਾਂ ਦੇ ਪਿਤਾ ਕਿੱਥੇ ਹਨ, ਮੈਂ ਕਹਿੰਦੀ ਹਾਂ ਉਹ ਅੰਦੋਲਨ ਵਿੱਚ ਗਏ ਹਨ, ਉਹ ਫਿਰ ਝਿੜਕਾਂ ਦਿੰਦੇ ਹਨ, ਉਹ ਸਾਡੇ ਘਰ ਦੀ ਤਲਾਸ਼ੀ ਲੈਂਦੇ ਹਨ।"

ਉਹ ਕਹਿੰਦੇ ਹਨ ਮੀਂਹ ਕਾਰਨ ਉਨ੍ਹਾਂ ਦੀ ਫ਼ਸਲ ਡਿੱਗ ਗਈ ਹੈ ਅਤੇ ਕੋਈ ਵੀ ਸਾਂਭਣ ਵਾਲਾ ਨਹੀਂ ਹੈ, ਇਸ ਕਾਰਨ ਕਾਫੀ ਤਣਾਅ ਵੀ ਰਹਿੰਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਗੁਆਂਢੀ ਅਤੇ ਰਿਸ਼ਤੇਦਾਰ ਉਨ੍ਹਾਂ ਦੀ ਕਾਫੀ ਮਦਦ ਕਰਦੇ ਹਨ।

ਉਹ ਅੱਗੇ ਕਹਿੰਦੇ ਹਨ, "ਪੁਲਿਸ ਵਾਲੇ ਦੋ ਦੋ ਗੱਡੀਆਂ ਲੈ ਕੇ ਆ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਘਬਰਾਅ ਜਾਂਦੇ ਹਨ।"

ਵੀਡੀਓ ਕੈਪਸ਼ਨ, ਕਿਸਾਨ ਧਰਨੇ ਉੱਤੇ ਡਟੇ ਤੇ ਬੀਬੀਆਂ ਨੇ ਪਿੱਛੇ ਘਰ ਤੇ ਖੇਤੀ ਦਾ ਮੋਰਚਾ ਸਾਂਭਿਆ

64 ਸਾਲਾ ਮਾਤਾ ਸਿਰ ਘਰ ਦੀ ਜ਼ਿੰਮੇਵਾਰੀ

ਇਸੇ ਤਰ੍ਹਾਂ ਅੰਬਾਲਾ ਜ਼ਿਲ੍ਹੇ ਦੇ ਹੀ ਪਿੰਡ ਗਰਨਾਲਾ ਦੇ ਗੁਰਮੀਤ ਕੌਰ ਦਾ ਪੁੱਤਰ ਮਨਜੀਤ ਸਿੰਘ 13 ਫਰਵਰੀ ਨੂੰ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਚਲਦਿਆਂ ਪਿਛਲੇ 22 ਦਿਨਾਂ ਤੋਂ ਘਰ ਨਹੀਂ ਆਇਆ।

ਗੁਰਮੀਤ ਕੌਰ ਦੀ ਉਮਰ 64 ਸਾਲ ਦੇ ਕਰੀਬ ਹੈ। ਆਪਣੇ ਪੁੱਤਰ ਦੀ ਗ਼ੈਰ ਹਾਜ਼ਰੀ ਵਿੱਚ ਉਹ ਘਰ ਵਿੱਚ ਰੱਖੇ ਪਸ਼ੂਆਂ ਲਈ ਪੱਠੇ ਵੱਢਣ ਤੋਂ ਲੈ ਕੇ ਖੇਤੀ ਦੀ ਸਾਰੀ ਜ਼ਿੰਮੇਵਾਰੀ ਆਪ ਸਾਂਭ ਰਹੇ ਹਨ।

ਗੁਰਮੀਤ ਕੌਰ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਗੁਰਮੀਤ ਕੌਰ ਅਤੇ ਉਨ੍ਹਾਂ ਦੀ ਨੂੰਹ ਜਸਵਿੰਦਰ ਕੌਰ

ਗੁਰਮੀਤ ਕੌਰ ਦੱਸਦੇ ਹਨ ਕਿ ਘਰ ਦੀ ਇਕੱਲੀ-ਇਕੱਲੀ ਚੀਜ਼ ਦਾ ਖਿਆਲ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੀ ਪੁੱਛਗਿੱਛ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਸ ਕਾਰਨ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਉਹ ਕਹਿੰਦੇ ਹਨ, "ਮੇਰੇ ਪਰਿਵਾਰ ਨੂੰ ਗਏ ਨੂੰ 22 ਦਿਨ ਹੋ ਗਏ ਹਨ, ਸਾਡੇ ਘਰ ਦੇ ਆਲੇ-ਦੁਆਲੇ ਚਾਰ ਦੀਵਾਰੀ ਨਹੀਂ ਹੈ ਜਦੋਂ ਪੁਲਿਸ ਆ ਜਾਵੇ ਤਾਂ ਉਹ ਪੁੱਛਗਿੱਛ ਕਰਦੀ ਹੈ।"

"ਕੱਖ ਵੱਢ ਕੇ ਲਿਆਉਣੇ ਪੈਂਦੇ ਹਨ, ਗੁਡਾਈ, ਵਢਾਈ ਸਣੇ ਸਾਰਾ ਕੰਮ ਆਪ ਕਰਨਾ ਪੈਂਦਾ ਹੈ।"

"ਪਹਿਲਾਂ ਮਜ਼ਦੂਰਾਂ ਕੋਲੋਂ ਕੰਮ ਕਰਵਾ ਕੇ ਫਿਰ ਹੋਰਾਂ ਨੂੰ ਮੰਡੀ ਵਿੱਚ ਵੇਚਣ ਲਈ ਭੇਜਣਾ ਪੈਂਦਾ ਹੈ।

ਗੁਰਮੀਤ ਕੌਰ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਗੁਰਮੀਤ ਕੌਰ ਆਪਣੇ ਪੁੱਤਰ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਦੇ ਹੋਏ

ਉਹ ਕਹਿੰਦੇ ਹਨ "ਮੇਰਾ ਇੱਕ ਹੀ ਬੱਚਾ ਹੈ ਉਹ ਵੀ ਆਪਣੀ ਰੋਜ਼ੀ ਰੋਟੀ ਲਈ ਘਰੋਂ ਬਾਹਰ ਭੇਜਿਆ ਹੋਇਆ ਹੈ।, ਮੈਂ ਇਸ ਉਮਰ ਵਿੱਚ ਕਿੰਨੀ ਔਖਿਆਈ ਵਿੱਚ ਹਾਂ।"

ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਉਹ ਕਹਿੰਦੇ ਹਨ ਕਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦਾ ਪੁੱਤਰ ਧਰਨੇ ਤੋਂ ਨਹੀਂ ਉੱਠੇਗਾ।

ਗੁਰਮੀਤ ਕੌਰ ਅਤੇ ਉਨ੍ਹਾਂ ਦੀ ਨੂੰਹ ਜਸਵਿੰਦਰ ਕੌਰ

ਤਸਵੀਰ ਸਰੋਤ, BBC/ Kamal Saini

ਗੁਰਮੀਤ ਕੌਰ ਦੀ ਨੂੰਹ ਅਤੇ ਮਨਜੀਤ ਕੌਰ ਦੀ ਪਤਨੀ ਜਸਵਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਪਤੀ ਨਾਲ ਉਨ੍ਹਾਂ ਦੀ ਫੋਨ ਉੱਤੇ ਗੱਲ ਕਰਦੇ ਹਨ।

ਉਹ ਦੱਸਦੇ ਹਨ, "ਅਸੀਂ ਉਨ੍ਹਾਂ(ਮਨਜੀਤ) ਨੂੰ ਵੀ ਕਹਿੰਦੇ ਹਾਂ ਕਿ ਅਸੀਂ ਆਪਣਾ ਆਪ ਗੁਜ਼ਾਰਾ ਕਰਾਂਗੇ ਪਰ ਐੱਮਐੱਸਪੀ ਲਏ ਬਗ਼ੈਰ ਨਹੀਂ ਹਟਣਾ ਹੈ।"

ਪੁਲਿਸ ਦੀ ਪੁੱਛਗਿੱਛ ਬਾਰੇ ਉਹ ਕਹਿੰਦੇ ਹਨ ਕਿ ਇਸ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਅਸਰ ਪਿਆ ਹੈ। ਉਹ ਦੱਸਦੇ ਹਨ ਮਨਜੀਤ ਦੇ ਪਿਤਾ ਡਿਪਰੈਸ਼ਨ ਦੇ ਮਰੀਜ਼ ਹਨ ਉਹ ਪੁਲਿਸ ਦੇ ਆਉਣ ਕਾਰਨ ਡਰ ਗਏ ਸਨ।

ਜਸਵਿੰਦਰ ਦੱਸਦੇ ਹਨ, "ਬੱਚੇ ਪੁੱਛਦੇ ਹਨ ਮੰਮਾ ਪਾਪਾ ਘਰ ਨਹੀਂ ਹਨ ਅਤੇ ਪੁਲਿਸ ਸਾਡੇ ਘਰ ਆਉਂਦੀ ਹੈ ਆਪਾਂ ਕਿਵੇਂ ਰਹਾਂਗੇ ਮੈਂ ਆਖਦੀ ਹਾਂ ਰਹਿਣਾ ਪਵੇਗਾ ਜਦੋਂ ਤੱਕ ਸਰਕਾਰ ਨਹੀਂ ਮੰਨਦੀ।"

 ਬੀਬੀਸੀ

ਮੌਜੂਦਾ ਕਿਸਾਨ ਅੰਦੋਲਨ ਵਿੱਚ ਕੀ-ਕੀ ਹੋਇਆ

  • ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਝੰਡੇ ਹੇਠ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।
  • ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਅਤੇ ਸ਼ੰਭੂ ਸਰਹੱਦ ਉੱਤੇ ਭਾਰੀ ਰੋਕਾਂ ਲਗਾਈਆਂ ਅਤੇ ਕਿਸਾਨਾਂ ਨੂੰ ਰੋਕਣ ਲਈ ਬਲ ਦੀ ਵੀ ਵਰਤੋਂ ਕੀਤੀ।
  • ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਹੋਈ ਕਈ ਗੇੜ ਦੀ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ, ਉਨ੍ਹਾਂ ਨੇ ਕੇਂਦਰ ਸਰਕਾਰ ਦਾ 5 ਸਾਲਾਂ ਲਈ ਐੱਮਐੱਸਪੀ ਵਾਲਾ ਪ੍ਰਸਤਾਵ ਵੀ ਠੁਕਰਾ ਦਿੱਤਾ ਸੀ।
  • ਕਿਸਾਨ ਆਗੂਆਂ ਨੇ ਇਸ ਮਗਰੋਂ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।
  • ਇਸੇ ਵਿਚਾਲੇ 22 ਸਾਲਾ ਕਿਸਾਨ ਸ਼ੁਭ ਕਰਨ ਸਿੰਘ ਦੀ ਕਥਿਤ ਤੌਰ 'ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ।
  • ਕਿਸਾਨ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਕਈ ਮੰਗਾਂ ਲਈ ਅੰਦੋਲਨ ਕਰ ਰਹੇ ਹਨ।

11 ਸਾਲਾਂ ਦੇ ਪੁੱਤ ਨਾਲ ਸਾਂਭੀ ਜ਼ਿੰਮੇਵਾਰੀ

ਮਨਿੰਦਰ ਕੌਰ

ਤਸਵੀਰ ਸਰੋਤ, Kamal Saini/BBC

ਧਮੋਲੀ ਪਿੰਡ ਦੇ ਮਨਿੰਦਰ ਕੌਰ ਵੀ ਆਪਣੇ 11 ਸਾਲਾ ਪੁੱਤਰ ਨਾਲ 7 ਏਕੜ ਜ਼ਮੀਨ ਦੀ ਖੇਤੀ ਸਾਂਭ ਰਹੇ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੇ 2020-21 ਦੇ ਕਿਸਾਨ ਅੰਦੋਲਨ ਤੋਂ ਕਾਫੀ ਕੁਝ ਸਿੱਖਿਆ ਹੈ।

ਮਨਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ 3 ਫਰਵਰੀ ਨੂੰ ਹੀ ਘਰੋਂ ਹੀ ਚਲੇ ਗਏ ਸਨ।

ਉਹ ਕਹਿੰਦੇ ਹਨ, "ਪੁਲਿਸ ਸਾਡੇ ਘਰ ਕਈ ਵਾਰੀ ਆ ਚੁੱਕੀ ਹੈ, ਇਸ ਨਾਲ ਸਾਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ, ਪੁਲਿਸ ਇਹ ਵੀ ਕਹਿੰਦੀ ਹੈ ਕਿ ਸਾਡੇ ਖਾਤੇ ਵੀ ਬੰਦ ਕਰ ਦਿੱਤੇ ਜਾਣਗੇ ਅਤੇ ਜ਼ਮੀਨ ਕੁਰਕ ਹੋਵੇਗੀ।"

ਮਨਿੰਦਰ ਕੌਰ

ਤਸਵੀਰ ਸਰੋਤ, Kamal Saini/BBC

ਉਹ ਦੱਸਦੇ ਹਨ ਕਿ ਜਦੋਂ ਵੀ ਉਨ੍ਹਾਂ ਦੇ ਪਤੀ ਦਾ ਫੋਨ ਆਉਂਦਾ ਹੈ ਤਾਂ ਉਹ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਡਟੇ ਹੋਏ ਹਾਂ ਅਤੇ ਘਰ ਅਤੇ ਖੇਤੀ ਦਾ ਕੰਮ ਅਸੀਂ ਸੰਭਾਲਦੇ ਰਹਾਂਗੇ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ 2020-21 ਦੇ ਦੌਰਾਨ ਵੀ ਹਿੱਸਾ ਲਿਆ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੇ ਜ਼ਿੰਮੇਵਾਰੀ ਸਾਂਭੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)