ਫੁਲਵਹਿਰੀ- ਇੱਕ ਬਹੁਤ ਆਮ ਬੀਮਾਰੀ ਪਰ ਜਿਸ ਬਾਰੇ ਜਾਣਕਾਰੀ ਬਹੁਤ ਥੋੜ੍ਹੀ ਹੈ

ਫੁਲਵਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਕਰੋਨਿਕ ਬੀਮਾਰੀ ਹੈ ਜਿਸ ਵਿੱਚ ਚਮੜੀ ਉੱਤੇ ਸਫੇਦ ਧੱਬੇ ਨਜ਼ਰ ਆਉਣ ਲਗਦੇ ਹਨ, ਅਜਿਹਾ ਚਮੜੀ ਦੇ ਉਸ ਹਿੱਸੇ ਵਿੱਚ ਮੇਲੇਨਿਨ ਖਤਮ ਹੋ ਜਾਣ ਕਾਰਨ ਹੁੰਦਾ ਹੈ

ਫੁਲਵਹਿਰੀ ਜਾਂ ਵਿਟਿਲਿਗੋ ਚਮੜੀ ਦੀ ਇੱਕ ਆਮ ਬੀਮਾਰੀ ਹੈ। ਫਿਰ ਵੀ ਆਮ ਲੋਕਾਂ ਵਿੱਚ ਇਸ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਹੈ ਜਿਸ ਕਾਰਨ ਇਸਦੇ ਮਰੀਜ਼ਾਂ ਨੂੰ ਅਕਸਰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨਆਈਐੱਚ) ਦੇ ਮੁਤਾਬਕ ਇਹ ਇੱਕ ਆਮ ਬੀਮਾਰੀ ਹੈ ਜਿਸ ਨਾਲ ਦੁਨੀਆਂ ਦੀ ਲਗਭਗ 0.5 ਤੋਂ ਇੱਕ ਫੀਸਦੀ ਤੱਕ ਅਬਾਦੀ ਪ੍ਰਭਾਵਿਤ ਹੈ।

ਹਾਲਾਂਕਿ ਕਈ ਮਾਮਲੇ ਰਿਪੋਰਟ ਨਹੀਂ ਕੀਤੇ ਜਾਂਦੇ ਅਤੇ ਕੁਝ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਦੀ ਮੌਜੂਦਗੀ 1.5 ਫੀਸਦੀ ਅਬਾਦੀ ਵਿੱਚ ਹੋ ਸਕਦੀ ਹੈ।

ਇਸ ਬੀਮਾਰੀ ਵਿੱਚ ਚਮੜੀ ਅਤੇ ਕੁਝ ਮਾਮਲਿਆਂ ਵਿੱਚ ਵਾਲਾਂ ਦਾ ਪਿਗਮੈਂਟੇਸ਼ਨ (ਗੂੜ੍ਹਾ ਰੰਗ) ਖਤਮ ਹੋ ਜਾਂਦਾ ਅਤੇ ਇਹ ਚਿੱਟੇ ਧੱਬੇ ਪੈ ਜਾਂਦੇ ਹਨ, ਇਹ ਕਾਲੇ ਲੋਕਾਂ ਵਿੱਚ ਜਲਦੀ ਨਜ਼ਰ ਆਉਂਦੀ ਹੈ।

ਫੁਲਵਹਿਰੀ ਲਾਗ ਦਾ ਰੋਗ ਨਹੀਂ ਹੈ। ਹਾਲਾਂਕਿ ਇਹ ਇੱਕ ਅਜਿਹਾ ਡਿਸਆਰਡਰ ਹੈ ਜੋ ਆਪਣੇ ਮਰੀਜ਼ਾਂ ਲਈ ਕਾਫ਼ੀ ਚਿੰਤਾ ਅਤੇ ਪਰੇਸ਼ਾਨੀ ਦਾ ਕਾਰਨ ਬਣਦਾ ਹੈ।

ਫੁਲਵਹਿਰੀ ਕੀ ਹੈ?

ਫੁਲਵਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਲਾਨੋਸਾਈਟਸ ਖਤਮ ਹੋ ਜਾਣ ਤਾਂ ਪਿਗਮਿੰਟ ਚਲਿਆ ਜਾਂਦਾ ਹੈ ਅਤੇ ਫੁਲਵਹਿਰੀ ਰੋਗ ਹੋ ਜਾਂਦਾ ਹੈ

ਆਮ ਧਾਰਨਾ ਤੋਂ ਉਲਟ ਕੋਈ ਵੀ ਵਿਅਕਤੀ ਭਾਵੇਂ ਉਹ ਇਸਤਰੀ ਹੋਵੇ ਜਾਂ ਮਰਦ, ਉਸਦੀ ਚਮੜੀ ਦਾ ਰੰਗ ਭਾਵੇਂ ਕੁਝ ਵੀ ਹੋਵੇ, ਉਹ ਫੁਲਵਹਿਰੀ ਜਾਂ ਵਿਟਿਲਿਗੋ ਤੋਂ ਪੀੜਤ ਹੋ ਸਕਦਾ ਹੈ।

ਇਹ ਕਰੋਨਿਕ ਬੀਮਾਰੀ ਹੈ ਜਿਸ ਵਿੱਚ ਚਮੜੀ ਉੱਤੇ ਸਫੇਦ ਧੱਬੇ ਨਜ਼ਰ ਆਉਣ ਲਗਦੇ ਹਨ, ਅਜਿਹਾ ਚਮੜੀ ਦੇ ਉਸ ਹਿੱਸੇ ਵਿੱਚ ਮੇਲੇਨਿਨ ਖਤਮ ਹੋ ਜਾਣ ਕਾਰਨ ਹੁੰਦਾ ਹੈ।

ਚਮੜੀ ਨੂੰ ਰੰਗ ਦੇਣ ਵਾਲੇ ਮੇਲਾਨੋਸਾਈਟਸ, ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦੇ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੇਕਿਨ ਜਦੋਂ ਮੇਲਾਨੋਸਾਈਟਸ ਖਤਮ ਹੋ ਜਾਣ ਤਾਂ ਪਿਗਮਿੰਟ ਚਲਿਆ ਜਾਂਦਾ ਹੈ ਅਤੇ ਫੁਲਵਹਿਰੀ ਰੋਗ ਹੋ ਜਾਂਦਾ ਹੈ।

ਇਹੀ ਬੀਮਾਰੀ ਚਮੜੀ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ, ਲੇਕਿਨ ਆਮ ਤੌਰ ਉੱਤੇ ਉਸ ਹਿੱਸੇ ਵਿੱਚ ਹੁੰਦੀ ਹੈ ਜੋ ਸੂਰਜ ਦੀਆਂ ਕਿਰਨਾਂ ਦੇ ਸੰਪਰਕ ਵਿੱਚ ਆਉਂਦਾ ਹੈ। ਜਿਵੇਂ-ਚਿਹਰਾ, ਗਰਦਨ ਅਤੇ ਹੱਥ।

ਇਹ ਸਮੱਸਿਆ ਕਾਲੀ ਜਾਂ ਸਾਂਵਲੀ ਚਮੜੀ ਵਾਲੇ ਲੋਕਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ ਅਤੇ ਹਰ ਵਿਅਕਤੀ ਵਿੱਚ ਵੱਖੋ-ਵੱਖ ਹੋ ਸਕਦੀ ਹੈ।

ਵਿਟਿਲਿਗੋ ਦੀਆਂ ਕਿਸਮਾਂ

ਫੁਲਵਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਟੋਇਮਿਊਨ ਡਿਸਆਰਡਰ ਹੈ ਅਤੇ ਸਿਰਫ ਚਮੜੀ ਤੱਕ ਸੀਮਤ ਨਹੀਂ ਹੈ

ਇਸ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਵਰਗੀਕਰਣ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿਵੇਂ ਅਤੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਡੀਪਿਗਮੈਂਟੇਸ਼ਨ (ਪਿਗਮੈਂਟਸ ਦਾ ਖਤਮ ਹੋਣਾ) ਹੋਇਆ ਹੈ।

ਸੇਗਮੈਂਟਲ - ਇਸ ਨੂੰ ਇੱਕ ਪਾਸੜ ਫੁਲਵਹਿਰੀ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ ਉੱਤੇ ਛੋਟੀ ਉਮਰ ਵਿੱਚ ਹੀ ਦਿਖਾਈ ਦਿੰਦੀ ਹੈ ਅਤੇ ਸਰੀਰ ਦੇ ਸਿਰਫ ਇੱਕ ਹਿੱਸੇ ਵਿੱਚ ਹੀ ਚਿੱਟੇ ਧੱਬੇ ਹੁੰਦੇ ਹਨ।

ਇਹ ਇੱਕ ਪੈਰ, ਚਿਹਰੇ ਦੇ ਇੱਕ ਪਾਸੇ ਜਾਂ ਸਰੀਰ ਦੇ ਇੱਕ ਪਾਸੇ ਹੋ ਸਕਦਾ ਹੈ।

ਇਸ ਤਰ੍ਹਾਂ ਦੀ ਫੁਲਵਹਿਰੀ ਤੋਂ ਪੀੜਤ ਲਗਭਗ ਅੱਧੇ ਲੋਕਾਂ ਨੂੰ ਵਿਟਿਲਿਗੋ ਵਾਲੀ ਥਾਂ ਤੋਂ ਵਾਲ ਝੜਨ ਦੀ ਸ਼ਿਕਾਇਤ ਵੀ ਹੁੰਦੀ ਹੈ।

ਨਾਨ-ਸੇਗਮੈਂਟਲ - ਇਹ, ਜ਼ਿਆਦਾਤਰ ਲੋਕਾਂ ਵਿੱਚ ਹੋਣ ਵਾਲਾ, ਵਿਟਿਲਿਗੋ ਦਾ ਸਭ ਤੋਂ ਆਮ ਰੂਪ ਹੈ। ਇਸ ਵਿੱਚ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਚਿੱਟੇ ਰੰਗੇ ਦੇ ਧੱਬੇ ਬਣਨ ਲਗਦੇ ਹਨ।

ਐਕਰੋਫੇਸ਼ੀਅਲ - ਚਿਹਰੇ, ਸਿਰ, ਹੱਥ ਅਤੇ ਪੈਰਾਂ ਉੱਤੇ ਅਸਰ ਕਰਦਾ ਹੈ।

ਮਿਊਕੋਸਲ - ਮੂੰਹ ਦੇ ਕੋਲ ਅਤੇ ਜਨਣ ਅੰਗ ਇਸ ਤੋਂ ਪ੍ਰਭਾਵਿਤ ਹੁੰਦੇ ਹਨ।

ਯੂਨੀਵਰਸਲ - ਇਹ ਸਭ ਤੋਂ ਗੰਭੀਰ ਸਥਿਤੀ ਹੈ। ਲੇਕਿਨ ਦੁਰਲਭ ਵੀ ਹੈ। ਇਹ ਚਮੜੀ ਦੇ 80 ਤੋਂ 90 ਫੀਸਦੀ ਹਿੱਸੇ ਤੱਕ ਫੈਲ ਜਾਂਦੀ ਹੈ।

ਕੌਣ ਹੁੰਦਾ ਹੈ ਇਸ ਤੋਂ ਪੀੜਤ

ਇਸ ਬੀਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਕੰਮ ਕਰਨ ਵਾਲੀ ਸੰਸਥਾ ਵਿਟਿਲਿਗੋ ਸੋਸਾਇਟੀ ਦੇ ਮੁਤਾਬਕ ਦੁਨੀਆਂ ਵਿੱਚ ਸੱਤ ਕਰੋੜ ਲੋਕ ਇਸ ਤੋਂ ਪੀੜਤ ਹਨ ਅਤੇ ਇਸਦੇ 20-25% ਮਰੀਜ਼ ਬੱਚੇ ਹਨ।

ਵਿਟਿਲਿਗੋ ਆਮ ਤੌਰ ਉੱਤੇ 20 ਸਾਲ ਦੀ ਉਮਰ ਵਿੱਚ ਦਿਖਾਈ ਦੇਣੀ ਸ਼ੁਰੂ ਹੁੰਦੀ ਹੈ। ਹਾਲਾਂਕਿ ਇਹ ਕਿਸੇ ਵੀ ਸਮੇਂ ਹੋ ਸਕਦੀ ਹੈ। ਇਹ ਔਰਤਾਂ ਤੇ ਮਰਦਾਂ ਦੋਵਾਂ ਨੂੰ ਹੋ ਸਕਦੀ ਹੈ।

ਇਹ ਇੱਕ ਆਟੋਇਮਿਊਨ ਡਿਸਆਰਡਰ ਹੈ ਅਤੇ ਸਿਰਫ ਚਮੜੀ ਤੱਕ ਸੀਮਤ ਨਹੀਂ ਹੈ।

ਹੁਣ ਤੱਕ ਵਿਲਿਟਿਗੋ ਦੇ ਕਾਰਨ ਦਾ ਪਤਾ ਨਹੀਂ ਲਾਇਆ ਜਾ ਸਕਿਆ। ਲੇਕਿਨ ਇਹ ਕੋਈ ਲਾਗ ਨਹੀਂ ਹੈ ਅਤੇ ਇੱਕ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲ ਸਕਦਾ।

ਇਸ ਬੀਮਾਰੀ ਦਾ ਕਰਨ ਅਜੇ ਤੱਕ ਪਤਾ ਨਾ ਹੋਣ ਕਾਰਨ ਅੰਦਾਜ਼ਾ ਲਾਉਣਾ ਅਸੰਭਵ ਹੈ ਕਿ ਪਹਿਲੀ ਵਾਰ ਵਿਟਿਲਿਗੋ ਦਾ ਧੱਬਾ ਦਿਖਾਈ ਦੇਣ ਤੋਂ ਬਾਅਦ ਚਮੜੀ ਦਾ ਕਿੰਨਾ ਹਿੱਸਾ ਉਸਦੇ ਅਸਰ ਹੇਠ ਆਵੇਗਾ।

ਇਸ ਵਿੱਚ ਜੋ ਧੱਬੇ ਚਮੜੀ ਉੱਤੇ ਪੈ ਜਾਂਦੇ ਹਨ ਉਹ ਸਦਾ ਲਈ ਹੁੰਦੇ ਹਨ।

ਫੁਲਵਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਧੱਬੇ ਮਰੀਜ਼ ਲਈ ਬਹੁਤ ਜ਼ਿਆਦਾ ਮਨੋਵਿਗਿਆਨਕ ਪਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ।

ਫੁਲਵਹਿਰੀ ਦੇ ਲੱਛਣ ਕੀ ਹਨ

ਫੁਲਵਹਿਰੀ ਜਾਂ ਵਿਟਿਲਿਗੋ ਦਾ ਕੋਈ ਸਰੀਰਕ ਲੱਛਣ ਨਹੀਂ ਹੁੰਦਾ, ਜੇ ਦਾਗ ਧੁੱਪ ਤੋਂ ਬਚਾ ਕੇ ਨਾ ਰੱਖੇ ਜਾਣ ਤਾਂ ਉਹ ਧੁੱਪ ਵਿੱਚ ਸੜ ਵੀ ਸਕਦੇ ਹਨ।

ਲੇਕਿਨ ਇਹ ਧੱਬੇ ਮਰੀਜ਼ ਲਈ ਬਹੁਤ ਜ਼ਿਆਦਾ ਮਨੋਵਿਗਿਆਨਕ ਪਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਖਾਸ ਕਰ ਜੇ ਇਹ ਸਫੇਦ ਦਾਗ ਚਿਹਰੇ, ਗਰਦਨ ਜਾਂ ਜਨਣ ਅੰਗਾਂ ਉੱਤੇ ਉਭਰ ਆਉਣ।

ਬ੍ਰਿਟਿਸ਼ ਐਸੋਸਿਏਸ਼ਨ ਆਫ ਡਰਮਿਟਾਲੋਜਿਸਟਸ ਦੇ ਨੀਨਾ ਗੋਏਡ ਨੇ ਬੀਬੀਸੀ ਨੂੰ ਦੱਸਿਆ, “ਵਿਟਿਲਿਗੋ ਇੱਕ ਅਜਿਹੀ ਬੀਮਾਰੀ ਹੈ, ਜੋ ਮਨੋਵਿਗਿਆਨਕ ਅਤੇ ਭਾਵਨਾਤਮਿਕ ਰੂਪ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ।”

ਜਾਣਕਾਰਾਂ ਦੇ ਅੰਦਾਜ਼ੇ ਮੁਤਾਬਕ ਭਾਵੇਂ ਵਿਟਿਲਿਗੋ ਕਾਲੀ ਚਮੜੀ ਵਾਲਿਆਂ ਵਿੱਚ ਜ਼ਿਆਦਾ ਸਪਸ਼ਟ ਨਜ਼ਰ ਆਉਂਦੀ ਹੈ ਪਰ ਇਸ ਤੋਂ ਪੈਦਾ ਹੋਣ ਵਾਲੀ ਮਨੋਵਿਗਿਆਨਕ ਸਮੱਸਿਆ ਦਾ ਚਮੜੀ ਦੇ ਰੰਗ ਜਾਂ ਬੀਮਾਰੀ ਦੇ ਫੈਲਾਅ ਨਾਲ ਕੋਈ ਸੰਬੰਧ ਨਹੀਂ ਹੈ।

ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਜਦੋਂ ਇਹ ਡਿਸਆਰਡਰ ਸਰੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫੈਲ ਜਾਂਦਾ ਹੈ ਤਾਂ ਕੁਝ ਨਸਲੀ ਸਮੂਹ ਆਪਣੀ ਪਛਾਣ ਗੁਆਚ ਜਾਣ ਦੇ ਡਰ ਤੋਂ ਹੋਰ ਵੀ ਜ਼ਿਆਦਾ ਘਬਰਾ ਜਾਂਦੇ ਹਨ।

ਇਹ ਅੰਦਾਜ਼ਾ ਲਾਉਣਾ ਅਸੰਭਵ ਹੈ ਕਿ ਬੀਮਾਰੀ ਕਿਵੇਂ ਵਿਕਸਿਤ ਹੁੰਦੀ ਹੈ। ਕੁਝ ਲੋਕ ਨੂੰ ਸਾਲਾਂ ਤੱਕ ਚਮੜੀ ਦੇ ਧੱਬਿਆਂ ਵਿੱਚ ਬਦਲਾਅ ਨਜ਼ਰ ਨਹੀਂ ਆਉਂਦਾ ਜਦਕਿ ਕੁਝ ਅਜਿਹੇ ਵੀ ਮਾਮਲੇ ਹਨ ਜਿਨ੍ਹਾਂ ਵਿੱਚ ਇਹ ਧੱਬੇ ਤੇਜ਼ੀ ਨਾਲ ਫੈਲ ਜਾਂਦੇ ਹਨ।

ਕਈ ਵਾਰ ਚਿੱਟੇ ਧੱਬਿਆਂ ਵਿੱਚ ਪਿਗਮੈਂਟ ਵਾਪਸ ਵੀ ਆ ਜਾਂਦਾ ਹੈ, ਖਾਸ ਕਰਕੇ ਬੱਚਿਆਂ ਵਿੱਚ ਅਜਿਹਾ ਦੇਖਿਆ ਗਿਆ ਹੈ।

ਫੁਲਵਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਬੀਮਾਰੀ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਨਵੇਂ ਤਰੀਕੇ ਦੇ ਇਲਾਜਾਂ ਨੂੰ ਵਿਕਸਿਤ ਕਰਨ ਲਈ ਬਹੁਤ ਥੋੜ੍ਹੇ ਫੰਡ ਜਾਰੀ ਕੀਤੇ ਜਾਂਦੇ ਹਨ।

ਫੁਲਵਹਿਰੀ ਦਾ ਇਲਾਜ ਕੀ ਹੈ

ਆਮ ਤੌਰ ਉੱਤੇ ਸਪੈਸ਼ਲਿਸਟ ਮਿਲੇ-ਜੁਲੇ ਇਲਾਜ ਦੀ ਸਲਾਹ ਦਿੰਦੇ ਹਨ। ਜਿਵੇਂ ਕਿ ਫੋਟੋਥੈਰਿਪੀ (ਪਰਾ ਬੈਂਗਣੀ ਰੌਸ਼ਨੀ ਨਾਲ ਇਲਾਜ) ਦੇ ਨਾਲ ਦਵਾਈ ਅਤੇ ਚਮੜੀ ਉੱਤੇ ਕਾਰਟਿਕੋਸਟੇਰੌਇਡਸ ਲਾਉਣ ਦੀ ਸਲਾਹ ਦਿੰਦੇ ਹਨ।

ਲੇਕਿਨ ਕਾਰਟਿਕੋਸਟੇਰੌਇਡਸ ਸਿਰਫ਼ 25% ਤੋਂ ਘੱਟ ਮਰੀਜ਼ਾਂ ਉੱਤੇ ਹੀ ਅਸਰਦਾਰ ਹੁੰਦੇ ਹਨ ਅਤੇ ਪਰਾ ਬੈਂਗਣੀ ਰੌਸ਼ਨੀ ਚਮੜੀ ਦੇ ਰੰਗ ਵਿੱਚ ਅਸਾਵਾਂ ਬਦਲਾਅ ਕਰਦੀ ਹੈ ਅਤੇ ਲੰਬੇ ਸਮੇਂ ਦੌਰਾਨ ਚਮੜੀ ਦੇ ਕੈਂਸਰ ਦਾ ਖ਼ਤਰਾ ਵੀ ਪੈਦਾ ਕਰ ਸਕਦੀ ਹੈ।

ਅਮਰੀਕੀ ਅਤੇ ਯੂਰਪੀ ਸੰਘ ਨੇ ਨਾਨ-ਸੇਗਮੈਂਟਲ ਵਿਟਿਲਿਗੋ ਦੇ ਇਲਾਜ ਲਈ ਓਜ਼ਪੇਲੁਰਾ ਨਾਮ ਦੀ ਇੱਕ ਦਵਾਈ ਨੂੰ ਮਾਨਤਾ ਦਿੱਤੀ ਹੈ। ਇਸ ਦਵਾਈ ਦਾ ਸਰਗਰਮ ਤੱਤ ਰੁਕਸੋਲਿਟਿਨਿਬ ਹੈ।

ਮੱਲ੍ਹਮ ਦੇ ਰੂਪ ਵਿੱਚ ਆਉਣ ਵਾਲੀ ਇਹ ਦਵਾਈ ਫੁਲਵਹਿਰੀ ਨਾਲ ਪ੍ਰਭਾਵਿਤ ਹਿੱਸੇ ਉੱਤੇ ਸਿੱਧਾ ਲਾਈ ਜਾਂਦੀ ਹੈ।

ਦਿਲ ਵਿੱਚ ਵਾਰ-ਵਾਰ ਇਸ ਦੀ ਵਰਤੋਂ ਕਰਨ ਵਾਲੇ ਅੱਧੇ ਮਰੀਜ਼ਾਂ ਨੇ ਅਸਰਦਾਰ ਸੁਧਾਰ ਦੀ ਗੱਲ ਕਹੀ ਹੈ। ਛੇ ਵਿੱਚੋਂ ਇੱਕ ਮਰੀਜ਼ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨਾਲ ਚਿੱਟੇ ਧੱਬਿਆਂ ਵਿੱਚ ਪਿਗਮੈਂਟੇਸ਼ਨ ਵਾਪਸ ਆਈ ਹੈ।

ਹਾਲਾਂਕਿ ਇਸ ਫਾਰਮੂਲੇ ਬਾਰੇ ਕਈ ਮਤਭੇਦ ਹਨ ਇਸ ਨਾਲ ਇਮਿਊਨ ਸਿਸਟਮ ਉੱਤੇ ਅਸਰ ਪੈਂਦਾ ਹੈ ਅਤੇ ਜਿੱਥੇ ਇਹ ਲਾਇਆ ਜਾਂਦਾ ਹੈ ਉੱਥੇ ਮੁਹਾਸੇ ਅਤੇ ਸਾੜ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਓਪਜ਼ੋਲੁਰਾ ਦੀ ਇੱਕ ਟਿਊਬ ਦੀ ਕੀਮਤ 2000 ਅਮਰੀਕੀ ਡਾਲਰ ਹੈ।

ਜਰਨਲ ਆਫ਼ ਡਰਮੇਟੌਲੋਜੀ ਵਿੱਚ ਛਪੇ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕਾਲੀ ਮਿਰਤ ਦੇ ਤਿੱਖੇ ਸਵਾਦ ਲਈ ਜ਼ਿੰਮੇਵਾਰ ਪਿਪੇਰਿਨ, ਪਿਗਮੈਂਟੇਸ਼ਨ ਨੂੰ ਵਧਾਉਂਦਾ ਹੈ। ਲੇਕਿਨ ਹੁਣ ਤੱਕ ਸਾਬਤ ਨਹੀਂ ਹੋਇਆ ਕਿ ਕੀ ਪਿਪੇਰਿਨ ਦੀ ਵਰਤੋਂ ਲੋਕਾਂ ਵਿੱਚ ਫੁਲਵਹਿਰੀ ਦੇ ਇਲਾਜ ਲਈ ਇਸ ਖ਼ਤਰਨਾਕ ਅਸਰ ਤੋਂ ਬਿਨਾਂ ਕੀਤੀ ਜਾ ਸਕਦੀ ਹੈ।

ਅਮਰੀਕਾ ਦੀ ਗਲੋਬਲ ਵਿਟਿਲਿਗੋ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਸ ਬੀਮਾਰੀ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਨਵੇਂ ਤਰੀਕੇ ਦੇ ਇਲਾਜਾਂ ਨੂੰ ਵਿਕਸਿਤ ਕਰਨ ਲਈ ਬਹੁਤ ਥੋੜ੍ਹੇ ਫੰਡ ਜਾਰੀ ਕੀਤੇ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)