ਸਤਲੁਜ ਦਰਿਆ ਦਾ ਕੂੜਾ ਕਿਉਂ ਚੁੱਕ ਰਹੇ ਹਨ ਇਹ ਪੜ੍ਹੇ-ਲਿਖੇ ਨੌਜਵਾਨ ?

ਤਸਵੀਰ ਸਰੋਤ, Navdeep kaur Garewal/BBC
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਵਿੱਚ ਪੈਂਦੇ ਚੀਕਾ ਦੇ ਰਹਿਣ ਵਾਲੇ ਮਨਜੀਤ ਨੇ ਜਦੋਂ ਬਾਰ੍ਹਵੀਂ ਪਾਸ ਕੀਤੀ, ਤਾਂ ਮਾਪੇ ਚਾਹੁੰਦੇ ਸੀ ਕਿ ਉਹ ਵਿਦੇਸ਼ ਚਲੇ ਜਾਣ।
ਮਨਜੀਤ ਨੇ ਦੋ ਵਾਰ ਆਈਲੈਟਸ ਦਾ ਟੈਸਟ ਤਾਂ ਪਾਸ ਕਰ ਲਿਆ, ਪਰ ਵਿਦੇਸ਼ ਜਾਣ ਲਈ ਕਦੇ ਉਨ੍ਹਾਂ ਦਾ ਮਨ ਰਾਜ਼ੀ ਨਾ ਹੋਇਆ। ਇੱਥੇ ਰਹਿੰਦਿਆਂ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਦੱਖਣੀ ਭਾਰਤ ਦੇ ਇੱਕ ਵਿੱਦਿਅਕ ਅਦਾਰੇ ਵਿੱਚ ਪੀਐੱਚਡੀ ਕਰਨ ਲਈ ਚਲੇ ਗਏ।
ਪੜ੍ਹਾਈ ਦੌਰਾਨ ਉੱਥੇ ਬਿਤਾਏ ਸਾਲਾਂ ਵਿੱਚ ਮਨਜੀਤ ਨੇ ਦੇਖਿਆ ਕਿ ਪੀਣ ਵਾਲੇ ਪਾਣੀ ਦੀ ਉੱਥੇ ਕਿੰਨੀ ਕਿੱਲਤ ਹੈ, ਕਿਉਂਕਿ ਉੱਥੇ ਸਿਰਫ਼ ਬਰਸਾਤੀ ਦਰਿਆ ਹਨ ਅਤੇ ਪੰਜਾਬ ਵਾਂਗ ਸਾਰਾ ਸਾਲ ਵਗਣ ਵਾਲੇ ਦਰਿਆ ਨਹੀਂ ਹਨ।
ਪੰਜਾਬ, ਹਰਿਆਣਾ ਦੇ ਮੁਕਾਬਲੇ ਪੀਣ ਵਾਲੇ ਪਾਣੀ ਦੇ ਕੁਦਰਤੀ ਸਰੋਤਾਂ ਦੀ ਕਮੀ ਹੋਣ ਕਰਕੇ ਪਾਣੀ ਦੀ ਬੋਤਲ ਮਹਿੰਗੀ ਖ਼ਰੀਦਣੀ ਪੈਂਦੀ ਸੀ।
ਮਨੋਵਿਗਿਆਨ ਵਿੱਚ ਪੀਐੱਚਡੀ ਪੂਰੀ ਕਰਨ ਮਗਰੋਂ ਉਹ ਜਲੰਧਰ ਦੀ ਇੱਕ ਨਿੱਜੀ ਯੁਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗ ਗਏ ।
ਮਨਜੀਤ ਸਿੰਘ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਸੀ ਕਿ ਕਿਤੇ ਪੰਜਾਬ ਵਿੱਚ ਵੀ ਅਜਿਹੇ ਹੀ ਹਾਲਾਤ ਨਾ ਬਣ ਜਾਣ।
ਮਨਜੀਤ ਸਿੰਘ ਨੂੰ ਲੱਗਾ ਕਿ ਪੰਜਾਬ ਦੇ ਦਰਿਆ ਜੋ ਸਾਡੇ ਵਜੂਦ ਦਾ ਅਧਾਰ ਹਨ ਕਿਤੇ ਖ਼ਤਮ ਨਾ ਹੋ ਜਾਣ।
ਮਨਜੀਤ ਦੱਸਦੇ ਹਨ ਕਿ ਜਦੋਂ ਸਤਲੁਜ ਦੇ ਪੁਲ ਤੋਂ ਲੰਘਦਿਆਂ ਲੋਕਾਂ ਨੇ ਇਸ ਵਿੱਚ ਕੂੜਾ ਅਤੇ ਹੋਰ ਸਮਾਨ ਸੁੱਟਦਿਆਂ ਵੇਖਦੇ ਸਨ ਤਾਂ ਚਿੰਤਾ ਵਧ ਜਾਂਦੀ ਸੀ।
ਅਪ੍ਰੈਲ 2024 ਤੋਂ ਮਨਜੀਤ ਸਿੰਘ ਨੇ ਇਕੱਲਿਆਂ ਹੀ ਹਰ ਐਤਵਾਰ ਦੀ ਸਵੇਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੈਂਦੇ ਸਤਲੁਜ ਪੁਲ ਕੋਲ ਦਰਿਆ ਦੀ ਸਫ਼ਾਈ ਕਰਕੇ ਬਿਤਾਉਣ ਦਾ ਫ਼ੈਸਲਾ ਲਿਆ।
ਇਸ ਮੁਹਿੰਮ ਵਿੱਚ ਉਨ੍ਹਾਂ ਦੀ ਦੋਸਤ ਅਮਨਦੀਪ ਨੇ ਵੀ ਉੁਨ੍ਹਾਂ ਦਾ ਸਾਥ ਦਿੱਤਾ।
ਦੋਵਾਂ ‘ਵਾਟਰ ਵਾਰੀਅਰਜ਼’ ਦੇ ਨਾਮ ਤੋਂ ਆਪਣਾ ਗਰੁੱਪ ਸ਼ੁਰੂ ਕੀਤਾ ਅਤੇ ਇੰਸਟਾਗ੍ਰਾਮ ’ਤੇ ਵੀ ਇਸ ਬਾਰੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਮਨਦੀਪ ਇੱਕ ਮਨੁੱਖੀ ਅਧਿਕਾਰ ਸੰਸਥਾ ਨਾਲ ਵੀ ਕੰਮ ਕਰਦੇ ਹਨ।

ਤਸਵੀਰ ਸਰੋਤ, Navdeep kaur Garewal/BBC
ਅਮਨਦੀਪ ਦੱਸਦੇ ਹਨ, “ਬਚਪਨ ਤੋਂ ਦਰਿਆਵਾਂ ਨੂੰ ਦੇਖਦਿਆਂ ਮੇਰਾ ਦਿਲ ਕੀਤਾ ਕਿ ਇਨ੍ਹਾਂ ਦੀ ਸਾਂਭ ਸੰਭਾਲ ਵੱਲ ਧਿਆਨ ਦਿੱਤਾ ਜਾਵੇ।”
“ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਪਹਿਲਾਂ ਹੀ ਹੇਠਾਂ ਡਿੱਗ ਰਿਹਾ ਹੈ, ਅਜਿਹੇ ਵਿੱਚ ਦਰਿਆਵਾਂ ਦੇ ਆਲੇ-ਦੁਆਲੇ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ।”
ਅਮਨਦੀਪ ਬਟਾਲਾ ਦੇ ਰਹਿਣ ਵਾਲੇ ਹਨ, ਹਰ ਐਤਵਾਰ ਤਿੰਨ-ਚਾਰ ਘੰਟੇ ਦਾ ਸਫਰ ਬੱਸ ਉੱਤੇ ਤੈਅ ਕਰਕੇ ਲੁਧਿਆਣਾ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਹਨ।
ਇੰਸਟਾਗ੍ਰਾਮ ਉੱਤੇ ਉਨ੍ਹਾਂ ਦੀ ਵੀਡੀਓ ਪੈਣ ਤੋਂ ਬਾਅਦ ਲੋਕ ਉਨ੍ਹਾਂ ਨਾਲ ਜੁੜਨੇ ਸ਼ੁਰੂ ਹੋ ਗਏ।
ਮਨਜੀਤ ਸਿੰਘ ਦਾ ਦਾਅਵਾ ਹੈ ਕਿ ਅਪ੍ਰੈਲ ਤੋਂ ਲੈ ਕੇ ਜੂਨ ਦੇ ਆਖ਼ਰੀ ਹਫ਼ਤੇ ਤੱਕ ਪੰਜਾਬ ਭਰ ਤੋਂ ਕਰੀਬ 200 ਵਾਲੰਟੀਅਰ ਉਨ੍ਹਾਂ ਨਾਲ ਜੁੜ ਚੁੱਕੇ ਹਨ ਅਤੇ ਇੰਸਟਾਗ੍ਰਾਮ ਉੱਤੇ 55 ਹਜ਼ਾਰ ਤੋਂ ਵੱਧ ਫਾਲੌਅਰ ਉਨ੍ਹਾਂ ਨਾਲ ਜੁੜ ਚੁੱਕੇ ਹਨ।
ਕੀ ਕਰਦੇ ਹਨ ਵਾਟਰ ਵਾਰੀਅਰਜ਼ ਪੰਜਾਬ ?

ਤਸਵੀਰ ਸਰੋਤ, Navdeep kaur Garewal/BBC
ਮਨਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਐਤਵਾਰ ਦਰਿਆ ਦੇ ਕੰਢੇ ਸਾਫ਼ ਕਰਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਪਾਣੀ ਵਿੱਚ ਕੁਝ ਨਾ ਸੁੱਟਿਆ ਜਾਵੇ।
ਇਹ ਵਾਲੰਟੀਅਰ ਸਤਲੁਜ ਦਰਿਆ ‘ਤੇ ਦੋ ਥਾਂਵਾਂ- ਲੁਧਿਆਣਾ ਦੇ ਲਾਢੋਵਾਲ ਟੋਲ਼ ਪਲਾਜ਼ਾ ਨੇੜੇ ਅਤੇ ਰੋਪੜ ਵਾਟਰ ਵਰਕਸ ਹੈੱਡ ਨੇੜੇ ਤੈਨਾਤ ਰਹਿੰਦੇ ਹਨ।
ਇਸ ਤੋਂ ਇਲਾਵਾ ਬਿਆਸ ਵਿੱਚ ਬਿਆਸ ਦੇ ਮੁੱਖ ਪੁਲ ਕੋਲ ਅਤੇ ਰਾਵੀ ਉੱਤੇ ਪਠਾਨਕੋਟ ਦੇ ਕਥਲੌਰ ਵਿੱਚ ਉਨ੍ਹਾਂ ਦੀ ਟੀਮ ਦੇ ਵਾਲੰਟੀਅਰ ਕੰਮ ਕਰਦੇ ਹਨ।
‘ਵਾਟਰ ਵਾਰੀਅਰਜ਼’ ਦੀ ਟੀਮ ਦਾ ਕਹਿਣਾ ਹੈ ਕਿ ਕਈ ਆਮ ਲੋਕ ਪੁਲ ਉੱਤੋਂ ਦਰਿਆ ਵਿੱਚ ਕੂੜਾ ਕਰਕਟ ਸੁੱਟ ਜਾਂਦੇ ਹਨ ਤੇ ਕਈ ਵਾਰ ਧਾਰਮਿਕ ਸਮੱਗਰੀ ਵੀ ਸੁੱਟੀ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ, “ਅਸੀਂ ਜਦੋਂ ਗਰਾਊਂਡ ’ਤੇ ਗਏ ਤਾਂ ਦੇਖਿਆ ਕਿ ਲੋਕ ਅਨਾਜ, ਮਠਿਆਈਆਂ, ਮੇਕਅੱਪ ਦਾ ਸਮਾਨ, ਨਾਰੀਅਲ, ਘੜੇ, ਕਾਗਜ਼ ਦੀਆਂ ਕਿਸ਼ਤੀਆਂ, ਕਿੱਲਾਂ ਸਮੇਤ ਲੋਹੇ ਦਾ ਹੋਰ ਸਮਾਨ, ਕੱਪੜੇ , ਪਲਾਸਿਟਕ, ਲਿਫ਼ਾਫ਼ੇ ਪਾਣੀ ਵਿੱਚ ਸੁੱਟਣ ਜਾਂ ਤਾਰਨ ਆ ਰਹੇ ਸੀ। ਇੱਥੋਂ ਤੱਕ ਕਿ ਕੁਝ ਲੋਕ ਪੁਲ ਉੱਤੋਂ ਕੂੜੇ ਦੀਆਂ ਭਰੀਆਂ ਬੋਰੀਆਂ ਵੀ ਸੁੱਟ ਰਹੇ ਸੀ।”
ਵਾਟਰ ਵਾਰੀਅਰਜ਼ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦੇ ਹਨ।
ਕਿਉਂ ਸ਼ੁਰੂ ਕੀਤੀ ਮੁਹਿੰਮ ?

ਤਸਵੀਰ ਸਰੋਤ, Navdeep kaur Garewal/BBC
ਮਨਜੀਤ ਸਿੰਘ ਦੱਸਦੇ ਹਨ ਕਿ ਪੰਜਾਬ ਦੀ ਪਛਾਣ ਦਰਿਆਵਾਂ ਕਰਕੇ ਹੀ ਹੈ।
ਉਹ ਦੱਸਦੇ ਹਨ ਕਿ ਦਰਿਆਵਾਂ ਦੀ ਮੌਜੂਦਾ ਦਸ਼ਾ ਬਹੁਤ ਖ਼ਰਾਬ ਹੈ ਤੇ ਇਸ ਦੇ ਆਲੇ ਦੁਆਲੇ ਪਲਾਸਟਿਕ ਸਣੇ ਹੋਰ ਕੂੜਾ ਕਰਕਟ ਵੱਡੀ ਮਾਤਰਾ ਵਿੱਚ ਦੇਖਿਆ ਜਾ ਸਕਦਾ ਹੈ।
ਉਹ ਦੱਸਦੇ ਹਨ ਕਿ ਇਸ ਲਈ ਦਰਿਆਵਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
ਵਲੰਟੀਅਰ ਅਮਨਦੀਪ ਕਹਿੰਦੇ ਹਨ ਕਿ ਪੰਜਾਬ ਦੇ ਪਾਣੀਆਂ ਦੀ ਧੜੱਲੇ ਨਾਲ ਹੋ ਰਹੀ ਬਰਬਾਦੀ ਕਈ ਮੁਸ਼ਕਲਾਂ ਨੂੰ ਜਨਮ ਦੇ ਰਹੀ ਹੈ ਤੇ ਬੀਮਾਰੀਆਂ ਨੂੰ ਜਨਮ ਦੇ ਰਹੀ ਹੈ। ਇਸ ਲਈ ਪਾਣੀਆਂ ਨੂੰ ਬਚਾਉਣ ਲਈ ਉਹ ਮੁਹਿੰਮ ਚਲਾ ਰਹੇ ਹਨ।
ਮੁਹਿੰਮ ਦਾ ਕੀ ਅਸਰ ਦੇਖ ਰਹੇ ਹਨ ‘ਵਾਟਰ ਵਾਰੀਅਰਜ਼’ ?

ਤਸਵੀਰ ਸਰੋਤ, Navdeep kaur Garewal/BBC
ਵਾਟਰ ਵਾਰੀਅਰਜ਼ ਟੀਮ ਵਿੱਚੋਂ ਮਨਜੀਤ ਸਿੰਘ ਦੱਸਦੇ ਹਨ ਕਿ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਨੂੰ ਕਾਫ਼ੀ ਹੌਸਲਾ ਅਫਜ਼ਾਈ ਮਿਲ ਰਹੀ ਹੈ। ਸੋਸ਼ਲ ਮੀਡੀਆ ਜ਼ਰੀਏ ਨਵੇਂ ਲੋਕ ਉਨ੍ਹਾਂ ਦੇ ਨਾਲ ਜੁੜ ਰਹੇ ਹਨ। ਦਰਿਆ ਵਿੱਚ ਸਫਾਈ ਲਈ ਲੋੜੀਂਦੇ ਦਸਤਾਨੇ ਜਾਂ ਔਜਾਰ ਵੀ ਵਾਲੰਟੀਅਰ ਹੀ ਮੁਹੱਈਆ ਕਰਵਾ ਰਹੇ ਹਨ ਜੋ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਦੇ ਰਾਬਤੇ ਵਿੱਚ ਆਏ।
ਉਹ ਦੱਸਦੇ ਹਨ ਕਿ ਲੁਧਿਆਣਾ ਦੇ ਲਾਡੋਵਾਲ ਨੇੜੇ ਸਤਲੁਜ ਦਰਿਆ ਦੇ ਜਿਸ ਕੰਢੇ ਦੀ ਉਹ ਸਫ਼ਾਈ ਕਰਦੇ ਹਨ, ਉੱਥੇ ਪਲਾਸਟਿਕ ਦੀ ਮਾਤਰਾ ਪਹਿਲੇ ਦਿਨ ਦੇ ਮੁਕਾਬਲੇ ਕਾਫ਼ੀ ਘੱਟ ਹੋਈ ਜਾਪਦੀ ਹੈ।
ਅਮਨਦੀਪ ਕਹਿੰਦੇ ਹਨ ਕਿ ਭਾਵੇਂ 10-20 ਫੀਸਦੀ ਹੀ ਸਹੀ, ਪਰ ਇਸ ਮੁਹਿੰਮ ਦਾ ਉਹ ਅਸਰ ਦੇਖ ਰਹੇ ਹਨ। ਉਹ ਕਹਿੰਦੇ ਹਨ ਕਿ ਕਈ ਰਾਹਗੀਰ ਅਜਿਹੇ ਵੀ ਹੁੰਦੇ ਹਨ ਜੋ ਸਾਡੇ ਨਾਲ ਹੀ ਤਖ਼ਤੀਆਂ ਫੜ੍ਹ ਕੇ ਖੜ੍ਹੇ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਮਹਿਜ਼ ਤਿੰਨ ਮਹੀਨੇ ਅੰਦਰ ਜਿਸ ਤਰ੍ਹਾਂ ਦਾ ਹੌਸਲਾ ਉਨ੍ਹਾਂ ਨੂੰ ਮਿਲ ਰਿਹਾ ਹੈ, ਉਹ ਆਸਵੰਦ ਹਨ ਕਿ ਕੁਝ ਨਾ ਕੁਝ ਜ਼ਰੂਰ ਕਰ ਸਕਣਗੇ।
ਟੀਮ ਦੱਸਦੀ ਹੈ ਕਿ ਕੁਝ ਹੱਦ ਤੱਕ ਉਹ ਦਰਿਆ ਵਿੱਚ ਪ੍ਰਦੂਸ਼ਕ ਸੁੱਟਣ ਜਾਂ ਧਾਰਮਿਕ ਸਮੱਗਰੀ ਤਾਰਨ ਆਉਂਦੇ ਲੋਕਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋ ਰਹੇ ਹਨ, ਪਰ ਹਾਲੇ ਵੀ ਕਈ ਲੋਕ ਉਨ੍ਹਾਂ ਨੂੰ ਰੋਕੇ ਜਾਣ ਦਾ ਵਿਰੋਧ ਕਰਦੇ ਹਨ।
'ਤੁਸੀਂ ਕੁਝ ਨਹੀਂ ਸੁਧਾਰ ਸਕਦੇ'

ਤਸਵੀਰ ਸਰੋਤ, Navdeep kaur Garewal/BBC
ਜਦੋਂ ਅਸੀਂ ਗਰਾਊਂਡ ‘ਤੇ ਗਏ ਤਾਂ ਦੇਖਿਆ ਕਿ ਗਰਮੀ ਵਿੱਚ ਪਸੀਨੋ-ਪਸੀਨੀ ਹੋਏ ਨੌਜਵਾਨ ਦਰਿਆ ਦੇ ਕੰਢਿਆਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
ਇਸ ਤੋਂ ਇੱਕ ਹਫਤਾ ਪਹਿਲਾਂ ਇੰਸਟਾਗ੍ਰਾਮ ਦੀ ਵੀਡੀਓ ਯਾਦ ਆ ਗਈ, ਜਿਸ ਦਿਨ ਪੰਜਾਬ ਦਾ ਤਾਪਮਾਨ 45-46 ਡਿਗਰੀ ਦੇ ਨੇੜੇ ਸੀ ਅਤੇ ਉਸ ਦਿਨ ਵੀ ਮੁਟਿਆਰਾਂ ਸਤਲੁਜ ਦੇ ਪੁਲ ‘ਤੇ ਦਰਿਆ ਵਿੱਚ ਪ੍ਰਦੂਸ਼ਕ ਨਾ ਸੁੱਟਣ ਦੀਆਂ ਅਪੀਲਾਂ ਲਿਖੇ ਬੋਰਡ ਲੈ ਕੇ ਖੜ੍ਹੀਆਂ ਸਨ।
ਨੌਜਵਾਨ ਕੂੜਾ ਇਕੱਠਾ ਕਰਕੇ ਬੋਰੀਆਂ ਵਿੱਚ ਪਾ ਰਹੇ ਸੀ ਤਾਂ ਸਾਡੇ ਵੇਖਦਿਆਂ ਵੇਖਦਿਆਂ ਕੂੜੇ ਵਿੱਚੋਂ ਇੱਕ ਸੱਪ ਦਾ ਬੱਚਾ ਵੀ ਨਿੱਕਲਿਆ।
ਇੱਕ ਮੁਟਿਆਰ ਹਰਜੋਤ ਕੌਰ ਦਰਿਆ ਦੇ ਅੰਦਰ ਵੜ ਕੇ ਉੱਥੇ ਸੁੱਟੇ ਗਏ ਕੱਪੜੇ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਦੇ ਬੂਟਾਂ ਅੰਦਰ ਪੂਰਾ ਪਾਣੀ ਚਲਿਆ ਗਿਆ।

ਪਾਣੀ ਵਿੱਚ ਕੁਝ ਨਾ ਸੁੱਟਣ ਦੀ ਅਪੀਲ ਕਰਨ ‘ਤੇ ਤਿੰਨ ਘੰਟਿਆਂ ਵਿੱਚ ਪੰਜ-ਛੇ ਲੋਕ ਉਨ੍ਹਾਂ ਨਾਲ ਬਹਿਸ ਕਰਨ ਬਾਅਦ ਪਾਣੀ ਅੰਦਰ ਕੁਝ ਨਾ ਕੁਝ ਸੁੱਟ ਕੇ ਗਏ ਅਤੇ ਦੋ ਜਣਿਆਂ ਨੇ ਬਹਿਸ ਤੋਂ ਬਾਅਦ ਕਿਹਾ, “ਤੁਸੀਂ ਕੁਝ ਨਹੀਂ ਕਰ ਸਕਦੇ। ਕੁਝ ਨਹੀਂ ਸੁਧਾਰ ਸਕਦੇ।”
ਲੇਕਿਨ ਇਨ੍ਹਾਂ ਨੌਜਵਾਨਾਂ ਵਿੱਚ ਕੁਝ ਕਰਨ ਦਾ ਜਜ਼ਬਾ ਇੰਨਾ ਦਿਸਦਾ ਹੈ ਕਿ ਅਜਿਹੀਆਂ ਗੱਲਾਂ ਤੋਂ ਨਿਰਾਸ਼ ਨਹੀਂ ਹੁੰਦੇ ਅਤੇ ਫਿਰ ਉਸੇ ਤਰ੍ਹਾਂ ਕਿਸੇ ਹੋਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ।
ਅਮਨਦੀਪ ਕਹਿੰਦੇ ਹਨ, “ਹਰ ਹਫ਼ਤੇ ਨਵੇਂ ਲੋਕਾਂ ਨਾਲ ਵਾਹ ਪੈਂਦਾ ਹੈ। ਕੁਝ ਸਮਝ ਜਾਂਦੇ ਹਨ, ਕੁਝ ਨਹੀਂ ਸਮਝਦੇ। ਉਨ੍ਹਾਂ ਦੀ ਵੀ ਗਲਤੀ ਨਹੀਂ। ਕਈ ਧਰਮ ਗੁਰੂਆਂ ਜਾਂ ਅਖੌਤੀ ਬਾਬਿਆਂ ਕਾਰਨ ਉਨ੍ਹਾਂ ਦੇ ਮਨ ਵਿੱਚ ਵੀ ਡਰ ਬੈਠਿਆ ਹੁੰਦਾ ਹੈ ਕਿ ਜੇ ਉਨ੍ਹਾਂ ਦੇ ਕਹੇ ਮੁਤਾਬਕ ਪਾਣੀ ਵਿੱਚ ਉਕਤ ਸਮੱਗਰੀ ਨਾ ਤਾਰੀ ਤਾਂ ਉਨ੍ਹਾਂ ਨਾਲ ਕੁਝ ਗਲਤ ਹੋ ਜਾਏਗਾ, ਹਾਲਾਂਕਿ ਲੋਕ ਖੁਦ ਵੀ ਦਰਿਆ ਦੀ ਪੂਜਾ ਕਰਦੇ ਹਨ, ਉਨ੍ਹਾਂ ਦੀ ਮਨਸ਼ਾ ਵੀ ਦਰਿਆ ਨੂੰ ਗੰਦਾ ਕਰਨ ਦੀ ਨਹੀਂ ਹੁੰਦੀ। ਲੋਕਾਂ ਦੇ ਮਨਾਂ ਅੰਦਰੋਂ ਇਹ ਡਰ ਹੌਲੀ-ਹੌਲੀ ਜਾਏਗਾ। ਇਸੇ ਡਰ ਨੂੰ ਖਤਮ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।”
ਇੱਕ ਵਾਲੰਟੀਅਰ ਲੜਕੀ ਨੇ ਕਿਹਾ, “ਉਹ ਦਰਿਆ ਵਿੱਚ ਕੁਝ ਸੁੱਟ ਕੇ ਆਪਣਾ ਕੰਮ ਕਰ ਰਹੇ ਹਨ, ਅਸੀਂ ਪ੍ਰਦੂਸ਼ਕ ਪਦਾਰਥ ਦਰਿਆ ਵਿੱਚੋਂ ਕੱਢ ਕੇ ਆਪਣਾ ਕੰਮ ਕਰ ਰਹੇ ਹਾਂ।”
ਹਿਮਾਚਲ ਜਾਂ ਕਸ਼ਮੀਰ ਦੇ ਦਰਿਆ ਸੋਹਣੇ ਹੋ ਸਕਦੇ ਹਨ, ਤਾਂ ਪੰਜਾਬ ਦੇ ਕਿਉਂ ਨਹੀਂ ?

ਤਸਵੀਰ ਸਰੋਤ, Navdeep kaur Garewal/BBC
ਲੁਧਿਆਣਾ ਦੇ ਰਾੜਾ ਸਾਹਿਬ ਨੇੜਲੇ ਇੱਕ ਪਿੰਡ ਦੀ ਰਹਿਣ ਵਾਲੀ ਹਰਜੋਤ ਕੌਰ ਵੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਟੀਮ ਦਾ ਹਿੱਸਾ ਬਣੇ ਹਨ। ਉਹ ਇੱਕ ਇੰਸਟੀਚਿਉਟ ਵਿੱਚ ਪੜ੍ਹਾਉਂਦੇ ਹਨ ਅਤੇ ਐਤਵਾਰ ਨੂੰ ਸਤਲੁਜ ਦੀ ਸਫਾਈ ਵਿੱਚ ਯੋਗਦਾਨ ਪਾਉਣ ਲਈ ਇੱਥੇ ਪਹੁੰਚਦੇ ਹਨ।
ਹਰਜੋਤ ਕਹਿੰਦੇ ਹਨ ਕਿ ਜਦੋਂ ਅਸੀਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਜਾਂ ਹੋਰ ਕਿਸੇ ਇਲਾਕੇ ਵਿੱਚ ਜਾਂਦੇ ਹਾਂ ਤਾਂ ਉੱਥੋਂ ਦੇ ਦਰਿਆਵਾਂ, ਨਦੀਆਂ ਦਾ ਪਾਣੀ ਸਾਨੂੰ ਬਹੁਤ ਸੋਹਣਾ ਲਗਦਾ ਹੈ।
ਉਹ ਕਹਿੰਦੇ ਹਨ, “ ਅਸੀਂ ਉੱਥੇ ਦਰਿਆਵਾਂ ਕੰਢੇ ਬੈਠ ਕੇ ਆਨੰਦ ਮਾਣਦੇ ਹਾਂ, ਪਾਣੀ ਵਿੱਚ ਮੂੰਹ ਵੀ ਧੋ ਲੈਂਦੇ ਹਾਂ, ਪੀ ਵੀ ਲੈੰਦੇ ਹਾਂ। ਸਾਡੇ ਪੰਜਾਬ ਵਿੱਚ ਵੀ ਦਰਿਆ ਹਨ। ਇਹ ਕਿਉਂ ਨਾ ਇੰਨੇ ਸਾਫ਼ ਹੋਣ ਕੇ ਅਸੀਂ ਇੱਥੇ ਬੈਠ ਕੇ ਆਨੰਦ ਮਾਣ ਸਕੀਏ ? ਸਾਡਾ ਖੇਤਰ, ਸਾਡੇ ਦਰਿਆ ਵੀ ਇੰਨੇ ਸੋਹਣੇ ਹੋਣ ਕਿ ਲੋਕ ਇਨ੍ਹਾਂ ਨੂੰ ਦੇਖਣ ਆਉਣ।”
ਉਹ ਕਹਿੰਦੇ ਹਨ ਕਿ ਪੰਜਾਬ ਤਾਂ ਜਾਣਿਆ ਹੀ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਂਦਾ ਹੈ, ਫਿਰ ਪੰਜਾਬ ਦੇ ਦਰਿਆ ਸੋਹਣੇ ਕਿਉਂ ਨਾ ਹੋਣ ?
ਅਮਨਦੀਪ ਇਹ ਵੀ ਕਹਿੰਦੇ ਹਨ, “ਜੇ ਅੱਜ ਅਸੀਂ ਪਾਣੀ ਬਚਾ ਲਏ, ਤਾਂ ਕੱਲ੍ਹ ਨੂੰ ਸਾਨੂੰ ਪਾਣੀ ਖਰੀਦ ਕੇ ਪੀਣਾ ਨਹੀਂ ਪਵੇਗਾ।”
ਪ੍ਰਸ਼ਾਸਨ ਨੂੰ ਅਪੀਲ

ਤਸਵੀਰ ਸਰੋਤ, Navdeep kaur Garewal/BBC
ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਜ਼ਰੀਏ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕੇ ਅਤੇ ਹੁਣ ਅਧਿਕਾਰਿਤ ਤੌਰ ‘ਤੇ ਪ੍ਰਸ਼ਾਸਨ ਦਾ ਸਹਿਯੋਗ ਮੰਗਣਗੇ ਤਾਂ ਕਿ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਸਬੰਧੀ ਕਾਨੂੰਨ ਮੁਤਾਬਕ ਦੋਸ਼ੀ ਲੋਕਾਂ ਉੱਤੇ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ।
ਉਹ ਕਹਿੰਦੇ ਹਨ ਕਿ ਜੇ ਪ੍ਰਸ਼ਾਸਨ ਕਾਨੂੰਨ ਲਾਗੂ ਕਰਵਾਵੇ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਹੋਏਗੀ ਕਿ ਪੰਜਾਬ ਦੇ ਦਰਿਆਵਾਂ ਵਿੱਚ ਕੁਝ ਵੀ ਸੁੱਟ ਸਕੇ।
ਮਨਜੀਤ ਕਹਿੰਦੇ ਹਨ ਕਿ ਪੰਜਾਬ ਦੇ ਪਾਣੀਆਂ ਦੇ ਗੰਧਲਾ ਹੋਣ ਵਿੱਚ ਸਭ ਤੋਂ ਵੱਡਾ ਕਾਰਨ ਉਦਯੋਗਾਂ ਦਾ ਪ੍ਰਦੂਸ਼ਣ ਹੈ, ਜਿਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਵਾ ਕੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਹ ਪ੍ਰਸ਼ਾਸਨ ਹੀ ਕਰ ਸਕਦਾ ਹੈ।
ਅਮਨਦੀਪ ਨੇ ਕਿਹਾ, “ਅਸੀਂ ਕੁਝ ਹੱਦ ਤੱਕ ਬਿਨ੍ਹਾਂ ਪ੍ਰਸ਼ਾਸਨ ਦੀ ਮਦਦ ਕੰਮ ਕਰ ਸਕਦੇ ਹਾਂ, ਪਰ ਪੂਰੀ ਤਰ੍ਹਾਂ ਨਹੀਂ। ਦਰਿਆਵਾਂ ਨੂੰ ਮੁੜ ਸੁਰਜੀਤ ਕਰਨਾ ਹੈ, ਨਵੇਂ ਦਰਖ਼ਤ ਲਗਾਉਣਗੇ ਹਨ, ਉਦਯੋਗਿਕ ਪ੍ਰਦੂਸ਼ਣ ਦਾ ਪਾਣੀ ਵਿੱਚ ਮਿਲਣਾ ਰੋਕਣਾ ਹੈ। ਅਸੀਂ ਪ੍ਰਸ਼ਾਸਨ ਦੀ ਮਦਦ ਬਿਨ੍ਹਾਂ ਆਪਣਾ ਸੁਫਨਾ ਪੂਰਾ ਨਹੀਂ ਕਰ ਸਕਦੇ।”









