ਸਤਲੁਜ ਦੇ ਪਾਣੀਆਂ ’ਚ ਮਿਲੀ ਇੱਕ ਕੀਮਤੀ ਧਾਤ, ਜਾਣੋ ਇਸ ਦੇ ਕੀ ਫ਼ਾਇਦੇ ਹਨ

ਟੈਂਟਲਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਤਲੁਜ ਦਰਿਆ ਵਿੱਚ ਮਿਲੀ ਧਾਤ ਟੈਂਟਲਮ ਇਲਕਟ੍ਰਾਨਿਕਸ ਵਿੱਚ ਵਰਤੀ ਜਾਂਦੀ ਹੈ

ਪੰਜਾਬ ’ਚ ਸਤਲੁਜ ਦਰਿਆ ਦੇ ਪਾਣੀਆਂ ਵਿੱਚ ਹਾਲ ਹੀ ਵਿੱਚ ਇੱਕ ਅਜਿਹੀ ਧਾਤੂ ਮਿਲੀ ਹੈ ਜੋ ਬਹੁਤ ਦੁਰਲੱਭ ਹੈ। ਇਲੈਕਟ੍ਰੋਨਿਕਸ ਲਈ ਮਹੱਤਵਪੂਰਨ ਮੰਨੀ ਜਾਣ ਵਾਲੀ ਇਸ ਧਾਂਤ ਟੈਂਟਲਮ ਨਾਲ ਕਈ ਦਿਲਚਸਪ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ।

ਇਹ ਇੱਕ ਕੀਮਤੀ ਧਾਤ ਹੈ ਜਿਸਦਾ ਜ਼ਿਕਰ ਯੂਨਾਨੀ ਮਿਥਿਹਾਸ ਵਿੱਚ ਵੀ ਮਿਲਦਾ ਹੈ।

ਇਸ ਦੀ ਮਦਦ ਨਾਲ ਕਈ ਜੰਗਾਂ ਲੜੀਆਂ ਗਈਆਂ ਹਨ। ਜੇਕਰ ਇਹ ਧਾਤ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਭਾਰਤ ਨੂੰ ਇਲੈਕਟ੍ਰੋਨਿਕਸ ਉਦਯੋਗ ਵਿੱਚ ਬਹੁਤ ਅੱਗੇ ਲੈ ਜਾ ਸਕਦਾ ਹੈ

ਹੁਣ, ਟੈਂਟਲਮ ਨਾਮ ਦੀ ਇਸ ਧਾਤ ਦੇ ਪਿੱਛੇ ਦੀ ਦਿਲਚਸਪ ਕਹਾਣੀ 'ਤੇ ਇੱਕ ਨਜ਼ਰ ਮਾਰਦੇ ਹਾਂ।

ਸਤਲੁਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਂਟਲਮ ਪੰਜਾਬ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਮਿਲੀ ਹੈ।

ਟੈਂਟਲਮ ਕੀ ਹੈ?

ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੂੰ ਪੰਜਾਬ ਦੇ ਸਤਲੁਜ ਦਰਿਆ ਵਿੱਚ ਦੁਰਲੱਭ ਧਾਤ ਦੇ ਟੈਂਟਲਮ ਦੇ ਨਿਸ਼ਾਨ ਮਿਲੇ ਹਨ।

ਇਹ ਧਾਤ ਸਲੇਟੀ ਰੰਗ ਦੀ ਹੈ ਅਤੇ ਬਹੁਤ ਹੀ ਸਖ਼ਤ ਹੈ ਜੋ ਕਿ ਕੁਦਰਤੀ ਤੌਰ 'ਤੇ ਖਰਾਬ ਨਹੀਂ ਹੁੰਦੀ ਹੈ।

ਜਦੋਂ ਇਹ ਧਾਤ ਹਵਾ ਦੇ ਸੰਪਰਕ ਵਿੱਚ ਆਉਂਦੀ ਹੈ, ਇਹ ਇੱਕ ਸੁਰੱਖਿਆ ਆਕਸਾਈਡ ਪਰਤ ਬਣਾਉਂਦਾ ਹੈ, ਜੋ ਜੰਗਾਲ ਜਾਂ ਖੋਰੇ ਤੋਂ ਇਸ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਕਿਉਂਕਿ ਇਹ ਧਾਤ ਖ਼ੁਰਦੀ ਨਹੀਂ ਇਸ ਲਈ ਸ਼ੁਰੂਆਤ ਵਿੱਚ ਇਸ ਦੀ ਵਰਤੋਂ ਪੁਲ ਤੇ ਪਾਣੀ ਦੀਆਂ ਟੈਂਕੀਆਂ ਬਣਾਉਣ ਲਈ ਕੀਤੀ ਜਾਂਦੀ ਸੀ।

ਪਰ 20ਵੀਂ ਸਦੀ ਦੇ ਸ਼ੁਰੂ ਤੋਂ, ਇਸ ਦੇ ਗੁਣਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਅਤੇ ਇਸ ਦੀ ਸਮਰੱਥਾ ਦਾ ਪੂਰਾ ਫ਼ਾਇਦਾ ਲੈ ਸਕਣ ਲਈ ਖੋਜ ਕੀਤੀ ਗਈ ਸੀ।

ਟੈਂਟਲਮ ਤੋਂ ਬਣੇ ਕਪੈਸੀਟਰ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਵਰਤੇ ਜਾਣ ਲੱਗੇ। ਕਪੈਸੀਟਰ ਬਹੁਤ ਹੀ ਮਹੀਨ ਤਾਰਾਂ ਨੂੰ ਜੋੜਨ ਲਈ ਵਰਤੇ ਜਾਂਦੇ ਹਨ।

ਇਨ੍ਹਾਂ ਨਾਲ ਛੋਟੇ ਤੋਂ ਛੋਟੇ ਯੰਤਰ ਜਿਵੇਂ ਕਿ ਫ਼ੋਨ, ਲੈਪਟਾਪ ਦਾ ਹਾਰਡ ਡਰਾਈਵ ਬਣਾਏ ਜਾ ਸਕਦੇ ਹਨ ਜੋ ਕਿ ਬਹੁਤ ਥੋੜ੍ਹੀ ਜਗ੍ਹਾ ਬਚਾਉਂਦੇ ਹਨ।

ਇਹ ਵੀ ਪੜ੍ਹੋ-
ਟੈਂਟਲਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੁਨਾਨੀ ਮਿਥਿਹਾਸਕ ਕਿਰਦਾਰ ਟੈਂਟਲਸ

ਟੈਂਟਲਮ ਦੀ ਖੋਜ

1802 ਵਿੱਚ, ਸਵੀਡਿਸ਼ ਕੈਮਿਸਟ ਐਂਡਰਸ ਗੁਸਤਾਫ ਏਕੇਬਰਗ ਨੇ ਇਸ ਧਾਤ ਦੀ ਖੋਜ ਕੀਤੀ ਸੀ। ਸ਼ੁਰੂ ਵਿੱਚ, ਇਸਨੂੰ ਇੱਕ ਨਵੇਂ ਤੱਤ ਵਜੋਂ ਵਿਆਪਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਸੀ।

ਬਹੁਤ ਸਾਰੇ ਮਾਹਰ ਇਸ ਨੂੰ ਨਿਓਬੀਅਮ ਦਾ ਇੱਕ ਜ਼ਰੂਰੀ ਹਿੱਸਾ ਮੰਨਦੇ ਹਨ ਜੋ ਕਿ ਟੈਂਟਲਮ ਵਰਗਾ ਦਿਖਾਈ ਦਿੰਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਇਸ ਧਾਤ ਦਾ ਨਾਮ ਕਿਵੇਂ ਪਿਆ?

ਯੂਨਾਨੀ ਮਿਥਿਹਾਸ ਵਿੱਚ, ਟੈਂਟਲਸ ਇੱਕ ਬਹੁਤ ਹੀ ਅਮੀਰ ਪਰ ਦੁਸ਼ਟ ਰਾਜਾ ਸੀ।

ਯੂਨਾਨੀ ਦੇਵਤਾ ਜ਼ੀਅਸ ਨੇ ਉਸ ਰਾਜੇ ਨੂੰ ਸਜ਼ਾ ਦੇਣ ਲਈ ਇੱਕ ਅਜਿਹੇ ਤਲਾਅ ਵਿੱਚ ਲਟਕਾਅ ਦਿੱਤਾ ਸੀ ਜਿਸ ਵਿੱਚ ਫ਼ਲਾਂ ਦੀਆਂ ਟਾਹਣੀਆਂ ਬਹੁਤ ਘੱਟ ਮੌਜੂਦ ਸਨ।

ਉਸ ਦੇ ਗੋਡੇ ਗੋਡੇ ਪਾਣੀ ਵੀ ਸੀ।

ਜਦੋਂ ਵੀ ਟੈਂਟਲਸ ਫਲ ਲੈਣ ਦੀ ਕੋਸ਼ਿਸ਼ ਕਰਦਾ ਟਾਹਣੀਆਂ ਉਸ ਦੀ ਪਕੜ ਤੋਂ ਬਾਹਰ ਹੋ ਜਾਂਦੀਆਂ ਸਨ।

ਇਸੇ ਤਰ੍ਹਾਂ, ਜਦੋਂ ਉਹ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਇਹ ਘੱਟ ਜਾਂਦਾ ਸੀ, ਜਿਸ ਨਾਲ ਉਸ ਲਈ ਭੁੱਖ-ਪਿਆਸ ਬੁਝਾਉਣਾ ਅਸੰਭਵ ਹੋ ਜਾਂਦਾ ਸੀ।

ਧਾਤ ਨੂੰ ਟੈਂਟਲਮ ਦਾ ਨਾਂ ਵੀ ਇਸ ਦੇ ਉਸ ਰਾਜੇ ਵਰਗੇ ਗੁਣਾ ਕਰਕੇ ਹੀ ਦਿੱਤਾ ਗਿਆ ਹੈ ਕਿਉਂਕਿ ਇਹ ਮਾੜੇ ਹਾਲਾਤ ਵਿੱਚ ਵੀ ਪਾਣੀ ਵਿੱਚ ਬਚ ਜਾਂਦੀ ਹੈ।

ਯੂਨਾਨੀ ਦੇਵਤਾ ਜ਼ੀਅਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨਾਨੀ ਦੇਵਤਾ ਜ਼ੀਅਸ

ਧਾਂਤ ’ਤੇ ਤੇਜ਼ਾਬ ਵੀ ਬੇਅਸਰ

ਟੈਂਟਲਮ ਇੱਕ ਅਜਿਹੀ ਧਾਂਤ ਹੈ ਜਿਸ ਨੂੰ ਤੇਜ਼ ਐਸਿਡ ਵੀ ਖੋਰ ਨਹੀਂ ਸਕਦੇ।

ਨਿਓਬੀਅਮ ਅਤੇ ਟੈਂਟਲਮ ਅਕਸਰ ਕੁਦਰਤੀ ਤੌਰ ’ਤੇ ਇਕੱਠੇ ਮਿਲਦੇ ਹਨ ਅਤੇ ਕੋਲਟਨ ਨਾਮਕ ਮਿਸ਼ਰਤ ਬਣਾਉਂਦੇ ਹਨ।

ਕੋਲਟਨ ਕਾਂਗੋ ਘਾਟੀ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਗ਼ੈਰ-ਕਾਨੂੰਨੀ ਅਤੇ ਅਨੈਤਿਕ ਮਾਈਨਿੰਗ ਕਾਰਨ ਇਹ ਅਕਸਰ ਹੀ ਵਿਵਾਦਾਂ ਦਾ ਕਾਰਨ ਬਣਦਾ ਰਿਹਾ ਹੈ, ਖਾਸ ਕਰਕੇ ਕਾਂਗੋ ਯੁੱਧ ਦੇ ਸੰਦਰਭ ਵਿੱਚ।

ਗੈਰ-ਕਾਨੂੰਨੀ ਤੌਰ 'ਤੇ ਮਾਈਨਿੰਗ ਕੀਤੀ ਗਈ ਕੋਲਟਨ ਨੂੰ ਚੀਨ 'ਚ ਵੇਚਿਆ ਜਾਂਦਾ ਸੀ।

ਟੈਂਟਲਮ ਪੁਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤ ਵਿੱਚ ਟੈਂਟਲਮ ਦੀ ਵਰਤੋਂ ਪੁਲ ਬਣਾਉਣ ਲਈ ਕੀਤੀ ਜਾਂਦੀ ਸੀ

ਟੈਂਟਲਮ ਦੀ ਵਰਤੋਂ

ਇਤਿਹਾਸ ਦੇ ਪੱਖ ਤੋਂ ਟੈਂਟਲਮ ਦੀ ਅਹਿਮੀਅਤ ਸਮਝਣ ਤੋਂ ਬਾਅਦ ਇਸ ਦੀ ਅਸਲ ਵਰਤੋਂ ਬਾਰੇ ਜਾਣਦੇ ਹਾਂ।

ਟੈਂਟਲਮ ਦੀ ਵਰਤੋਂ ਕਪੈਸੀਟਰ ਦੇ ਉਤਪਾਦਨ ਵਿੱਚ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ ਜੋ ਇਲੈਕਟ੍ਰਾਨਿਕ ਉਪਕਰਣਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੇ ਹਨ।

ਟੈਂਟਲਮ ਤੋਂ ਬਣੇ ਇਹ ਕਪੈਸੀਟਰ, ਹੋਰ ਧਾਤਾਂ ਤੋਂ ਬਣੇ ਕੈਪੇਸੀਟਰਾਂ ਦੇ ਮੁਕਾਬਲੇ ਵਧੇਰੇ ਊਰਜਾ ਵਾਲੇ ਹੁੰਦੇ ਹਨ ਅਤੇ ਛੋਟੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਿਹਤਰੀਨ ਬਣਾਉਂਦੇ ਹਨ।

ਇਸ ਤੋਂ ਇਲਾਵਾ, ਟੈਂਟਲਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ ਇਸ ਦਾ ਉੱਚ ਪਿਘਲਣ ਵਾਲਾ ਬਿੰਦੂ 3017 ਡਿਗਰੀ ਸੈਲਸੀਅਸ ਹੈ। ਇਸੇ ਲਈ ਇਸ ਨੂੰ ਵੱਖ-ਵੱਖ ਉਦਯੋਗਿਕ ਉਪਯੋਗਾਂ ਲਈ ਢੁਕਵਾਂ ਮੰਨਿਆਂ ਜਾਂਦਾ ਹੈ।

ਕੈਪੀਸਟੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਂਟਲਮ ਦੀ ਵਰਤੋਂ ਇਲੈਕਟ੍ਰਾਨਿਕ ਕੈਪੀਸਟੀਰ ਬਣਾਉਣ ਲਈ ਕੀਤੀ ਜਾਂਦੀ ਹੈ

ਇਸਦੀ ਵਰਤੋਂ ਰਸਾਇਣਕ ਪਲਾਂਟਾਂ, ਪ੍ਰਮਾਣੂ ਊਰਜਾ ਪ੍ਰੋਜੈਕਟਾਂ, ਹਵਾਈ ਉਪਕਰਣਾਂ ਅਤੇ ਇੱਥੋਂ ਤੱਕ ਕਿ ਮਿਜ਼ਾਈਲਾਂ ਵਿੱਚ ਵੀ ਕੀਤੀ ਜਾਂਦੀ ਹੈ।

ਇਹ ਕਈ ਵਾਰ ਮਹਿੰਗੇ ਪਲੈਟੀਨਮ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਖੋਰ ਰੋਧਕ ਤੱਤ ਇਸ ਨੂੰ ਮੈਡੀਕਲ ਇਮਪਲਾਂਟ ਵਿੱਚ ਵਰਤੋਂਯੋਗ ਬਣਾਉਂਦਾ ਹੈ, ਜਿਵੇਂ ਕਿ ਹਿਪ ਰਿਪਲੇਸਮੈਂਟ ਸਮੇਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਸਤਲੁਜ ਦਰਿਆ ਵਿੱਚ ਟੈਂਟਲਮ ਦੀ ਤਾਜ਼ਾ ਖੋਜ ਨੂੰ ਅਹਿਮ ਮੰਨਿਆ ਜਾਂਦਾ ਹੈ ਇਹ ਇਸ ਧਾਤ ਨਾਲ ਸਬੰਧਿਤ ਹੋਰ ਖੋਜਾਂ ਨੂੰ ਵੀ ਉਤਸ਼ਾਹਿਤ ਕਰੇਗੀ।

ਸਤਲੁਜ ਦਰਿਆ ਵਿੱਚ ਇਸ ਧਾਤ ਦੀ ਖੋਜ ਕਰਨ ਵਾਲੀ ਆਈਆਈਟੀ ਰੋਪੜ ਦੀ ਟੀਮ ਦੀ ਅਗਵਾਈ ਸਿਵਲ ਇੰਜਨੀਅਰਿੰਗ ਵਿੱਚ ਸਹਾਇਕ ਪ੍ਰੋਫੈਸਰ ਡਾਕਟਰ ਰੇਸਮੀ ਸੇਬੇਸਟੀਅਨ ਕਰ ਰਹੇ ਹਨ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਖੋਜ 'ਤੋਂ ਧਾਤ ਬਾਰੇ ਹੋਰ ਜਾਣਕਾਰੀਆਂ ਵੀ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਇਸ ਖੋਜ ਦੇ ਸੰਭਾਵੀ ਲਾਭ ਨਾ ਸਿਰਫ਼ ਪੰਜਾਬ ਨੂੰ ਬਲਕਿ ਭਾਰਤ ਦੇ ਸਮੁੱਚੇ ਇਲੈਕਟ੍ਰੋਨਿਕਸ ਉਦਯੋਗ ਨੂੰ ਵੀ ਮਿਲ ਸਕਦੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)