ਟਾਈਮ ਮਸ਼ੀਨ ਰਾਹੀ ਕੀ ਭੂਤ ਤੇ ਭਵਿੱਖ ਵਿੱਚ ਜਾਣਾ ਸੰਭਵ ਹੈ, ਜਾਂ ਮਰ ਚੁੱਕੇ ਵਡੇਰਿਆਂ ਨਾਲ ਮੁਲਾਕਾਤ ਹੋ ਸਕਦੀ ਹੈ

ਤਸਵੀਰ ਸਰੋਤ, Bastien pourtout and edouard taufenbach
- ਲੇਖਕ, ਮਾਈਕਲ ਮਾਰਸ਼ਲ
- ਰੋਲ, ਬੀਬੀਸੀ ਨਿਊਜ਼
ਸਮੇਂ ਵਿੱਚ ਛਾਲ੍ਹ ਮਾਰ ਕੇ ਅਤੀਤ ਅਤੇ ਭਵਿੱਖ ਵਿੱਚ ਪਹੁੰਚ ਜਾਣ ਦੇ ਵਿਚਾਰ ਵਿੱਚ ਹਮੇਸ਼ਾ ਹੀ ਵਿਗਿਆਨੀਆਂ ਅਤੇ ਗਲਪ ਲੇਖਕਾਂ ਦੀ ਇੱਕੋ ਜਿਹੀ ਦਿਲਚਸਪੀ ਰਹੀ ਹੈ।
ਹਾਲਾਂਕਿ, ਕੀ ਸਮੇਂ ਦੀ ਸੈਰ ਵਾਕਈ ਸੰਭਵ ਹੈ, ਅਸੀਂ ਆਪਣੇ ਭਵਿੱਖ ਨੂੰ ਜਾ ਕੇ ਬਦਲ ਸਕਦੇ ਹਾਂ ਜਾਂ ਅਤੀਤ ਵਿੱਚ ਜਾ ਕੇ ਆਪਣੀਆਂ ਭੁੱਲਾਂ ਠੀਕ ਕਰ ਸਕਦੇ ਹਾਂ ? ਕੀ ਅਸੀਂ ਦੁਨੀਆਂ ਛੱਡ ਚੁੱਕੇ ਆਪਣੇ ਚਹੇਤਿਆਂ ਨੂੰ ਮੁੜ ਮਿਲ ਸਕਦੇ ਹਾਂ?
ਅੰਗਰੇਜ਼ੀ ਵਿੱਚ ਲਿਖੀ ਡਾਕਟਰ ਕਹਾਣੀ ਸਮੇਂ ਦੀ ਸੈਰ ਬਾਰੇ ਲਿਖੀਆਂ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ।
ਟੀਵੀ ਸ਼ੋਅ ਵਿੱਚ ਡਾਕਟਰ ਨਾਮ ਦਾ ਪਾਤਰ ਇੱਕ ਖ਼ਾਸ ਪੁਲਾੜੀ ਯਾਨ ਟਾਰਡਿਸ ਰਾਹੀਂ ਸਮੇਂ ਤੇ ਸਥਾਨ ਵਿੱਚ ਕਿਤੇ ਵੀ ਆ-ਜਾ ਸਕਦਾ ਹੈ।
ਟਰਾਡਿਸ ਸਾਡੀ ਭੌਤਿਕ ਸਥਾਨ ਦੀ ਸਮਝ ਨੂੰ ਚੁਣੌਤੀ ਦਿੰਦਾ ਹੈ। ਇਹ ਯਾਨ ਅੰਦਰੋਂ ਖੁੱਲ੍ਹਾ ਹੈ ਪਰ ਬਾਹਰੋਂ ਛੋਟਾ ਨਜ਼ਰ ਆਉਂਦਾ ਹੈ।
ਭਾਵੇਂ ਕਿ ਇਸ ਮਸ਼ੀਨ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜੋ ਅਸਲੇ ਦੁਨੀਆਂ ਨਾਲ ਮੇਲ ਖਾਂਦਾ ਹੋਵੇ।
ਹਾਲਾਂਕਿ ਇਹ ਨਾਵਲ ਤੇ ਨਾਟਕ ਇੱਕ ਪਰੀ ਕਥਾ, ਇੱਕ ਅਸਲੀਅਤ ਦਾ ਭੁਲੇਖਾ ਪਾਉਣ ਵਾਲਾ ਗਲਪ ਹੈ। ਵਿਗਿਆਨਕ ਤੇ ਸਟੀਕਤਾ ਉਸਦਾ ਟੀਚਾ ਨਹੀਂ ਹੈ।
ਅਸਲੀ ਦੁਨੀਆਂ ਦਾ ਫਿਰ ਕੀ? ਕੀ ਅਸੀਂ ਕਦੇ ਵਾਕਈ ਅਜਿਹੀ ਕੋਈ ਮਸ਼ੀਨ ਬਣਾ ਸਕਾਂਗੇ ਜਿਸ ਰਾਹੀਂ ਅਸੀਂ ਸਮੇਂ ਦੀ ਸੈਰ ’ਤੇ ਨਿਕਲ ਸਕੀਏ? ਕੀ ਅਸੀਂ ਆਪਣੇ ਫੌਤ ਹੋ ਚੁੱਕੇ ਵਡੇਰਿਆਂ ਤੋਂ ਲੈ ਕੇ ਅਜੇ ਅਣਜੰਮੇ ਪੜਪੋਤਿਆਂ ਤੱਕ ਨੂੰ ਮਿਲ ਸਕਾਂਗੇ?
ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਸਮਾਂ ਅਸਲ ਵਿੱਚ ਕੰਮ ਕਿਵੇਂ ਕਰਦਾ ਹੈ। ਇਹ ਸਮਝਣਾ ਪਵੇਗਾ।
ਸਾਇੰਸਦਾਨ ਇਸ ਬਾਰੇ ਕੁਝ ਸਹੀ-ਸਹੀ ਨਹੀਂ ਦੱਸ ਸਕੇ।

ਤਸਵੀਰ ਸਰੋਤ, Getty Images
'ਤੁਹਾਡਾ ਸਿਰ ਪੈਰਾਂ ਨਾਲੋਂ ਜ਼ਿਆਦਾ ਜਲਦੀ ਬੁੱਢਾ ਹੋ ਰਿਹਾ ਹੈ'
ਆਪਣੀ ਮੌਜੂਦਾ ਸਮਝ ਨਾਲ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਜਾਣਾ ਤਾਂ ਸ਼ਾਇਦ ਸੰਭਵ ਵੀ ਹੋਵੇ ਪਰ ਅਤੀਤ ਬਾਰੇ ਤਾਂ ਕੋਰੀ ਨਾਂਹ ਹੀ ਸਮਝੋ।
ਆਪਣੀ ਗੱਲ ਐਲਬਰਟ ਆਈਨਸਟਾਈਨ ਦੇ ਰਿਲੇਟੀਵਿਟੀ (ਸਾਪੇਖਕਤਾ) ਦੇ ਸਿਧਾਂਤਾਂ ਤੋਂ ਸ਼ੁਰੂ ਕਰਦੇ ਹਾਂ। ਇਸ ਨੇ ਸਾਨੂੰ ਸਥਾਨ, ਸਮਾਂ, ਪੁੰਜ ਅਤੇ ਗੁਰੂਤਾ ਖਿੱਚ ਬਾਰੇ ਦੱਸਿਆ।
ਸਾਪੇਖਕਤਾ ਦੇ ਸਿਧਾਂਤ ਮੁਤਾਬਕ ਸਮਾਂ ਹਰ ਥਾਂ ਇੱਕੋ-ਜਿਹਾ ਨਹੀਂ ਹੈ ਸਗੋਂ ਹਾਲਾਤ ਮੁਤਾਬਕ ਤੇਜ਼ ਜਾਂ ਧੀਮਾ ਵੀ ਹੋ ਸਕਦਾ ਹੈ।
ਬ੍ਰਿਟੇਨ ਦੀ ਯੋਰਕ ਯੂਨੀਵਰਸਿਟੀ ਦੇ ਖ਼ਗੋਲ ਭੌਤਿਕ ਵਿਗਿਆਨੀ (ਐਸਟਰੋਫਿਜ਼ਸਟ) ਐਮਾ ਓਸਬੋਰਨ ਕਹਿੰਦੇ, “ਇੱਥੇ ਹੀ ਸਮੇਂ ਦੇ ਸਫ਼ਰ ਦਾ ਵਿਚਾਰ ਆਉਂਦਾ ਹੈ ਅਤੇ ਇਹ ਵਿਗਿਆਨਕ ਤੌਰ ’ਤੇ ਸਟੀਕ ਹੈ ਅਤੇ ਇਸ ਦੇ ਅਸਲੀ ਦੁਨੀਆਂ ਵਿੱਚ ਨਤੀਜੇ ਵੀ ਹਨ।”
ਮਿਸਾਲ ਵਜੋਂ, ਜੇ ਤੁਸੀਂ ਪ੍ਰਕਾਸ਼ ਦੀ ਗਤੀ ਨਾਲ ਸਫ਼ਰ ਕਰਦੇ ਹੋ ਤਾਂ ਸਮਾਂ ਵੀ ਤੇਜ਼ੀ ਨਾਲ ਲੰਘਦਾ ਹੈ।
ਇਹ ਦੋ ਵਿਰੋਧਾਭਾਸ ਹਨ। ਦੋ ਸਮਰੂਪ ਜੌੜੇ ਹਨ। ਇੱਕ ਜਣਾਂ ਤਾਂ ਪੁਲਾੜ ਯਾਤਰੀ ਬਣ ਕੇ ਪ੍ਰਕਾਸ਼ ਦੀ ਗਤੀ ਨਾਲ ਪੁਲਾੜ ਦੀਆਂ ਸੈਰਾਂ ਕਰਦਾ ਹੈ ਜਦਕਿ ਦੂਜਾ ਧਰਤੀ ’ਤੇ ਹੀ ਰਹਿੰਦਾ ਹੈ।
ਪੁਲਾੜ ਯਾਤਰੀ ਧਰਤੀ ’ਤੇ ਰਹਿਣ ਵਾਲੇ ਆਪਣੇ ਭਰਾ ਨਾਲੋਂ ਧੀਮੀ ਗਤੀ ਨਾਲ ਬੁੱਢਾ ਹੋਵੇਗਾ।
ਆਕਸਫੋਰਡ ਯੂਨੀਵਰਸਿਟੀ ਦੇ ਕੁਆਂਟਮ ਭੌਤਿਕਵਾਦੀ ਵਲਾਟਕੋ ਵੈਡਰਲ ਕਹਿੰਦੇ ਹਨ, “ਜੇ ਤੁਸੀਂ ਪੁਲਾੜ ਦੀ ਸੈਰ ’ਤੇ ਨਿਕਲੋਂ ਅਤੇ ਵਾਪਸ ਪਰਤੋਂ ਤਾਂ ਤੁਸੀਂ ਆਪਣੇ ਭਰਾ ਨਾਲੋਂ ਜ਼ਿਆਦਾ ਜਵਾਨ ਪਰਤੋਗੇ।”
ਇਹ ਪ੍ਰਯੋਗ ਦੋ ਜੌੜੇ ਭਰਾਵਾਂ ਸਕੌਟ ਅਤੇ ਮਾਰਕ ਕੈਲੀ ’ਤੇ ਕੀਤਾ ਗਿਆ। ਸਕੌਟ ਨੇ ਕੁਝ ਮਹੀਨੇ ਪੁਲਾੜ ਵਿੱਚ ਜ਼ਰੂਰ ਬਿਤਾਏ ਪਰ ਉਨ੍ਹਾਂ ਦੀ ਨਿਸ਼ਚਿਤ ਹੀ ਰੌਸ਼ਨੀ ਨਾਲੋਂ ਘੱਟ ਸੀ।
ਇਸੇ ਤਰ੍ਹਾਂ ਜਦੋਂ ਤੁਸੀਂ ਤੀਬਰ ਗੁਰੂਤਾ ਖਿੱਚ ਵਾਲੀ, ਬਲੈਕ ਹੋਲ ਵਰਗੀ ਥਾਂ ’ਤੇ ਹੁੰਦੇ ਹੋ ਤਾਂ ਸਮਾਂ ਹੋਲੀ ਚਲਦਾ ਹੈ।
ਓਸਬੋਰਨ ਦਸਦੇ ਹਨ, “ਤੁਹਾਡਾ ਸਿਰ ਪੈਰਾਂ ਨਾਲੋਂ ਜ਼ਿਆਦਾ ਜਲਦੀ ਬੁੱਢਾ ਹੋ ਰਿਹਾ ਹੈ। ਕਿਉਂਕਿ ਧਰਤੀ ਦੀ ਖਿੱਚ ਤੁਹਾਡੇ ਪੈਰਾਂ ਕੋਲ ਜ਼ਿਆਦਾ ਤੀਬਰ ਹੈ।”
ਇਸੇ ਤਰ੍ਹਾਂ ਇੱਕ ਵਾਰ ਜਦੋਂ ਡਾਕਟਰ ਅਤੇ ਉਸਦੇ ਦੋਸਤ ਇੱਕ ਬਲੈਕ ਹੋਲ ਦੇ ਨਜ਼ਦੀਕ ਇੱਕ ਪੁਲਾੜੀ ਯਾਨ ਵਿੱਚ ਫਸ ਜਾਂਦੇ ਹਨ ਤਾਂ ਡਾਕਟਰ ਇਹੀ ਤਰਕੀਬ ਵਰਤਦਾ ਹੈ।
ਉਸਦੇ ਯਾਨ ਦੇ ਮੂਹਰਲੇ ਹਿੱਸੇ ਵਿੱਚ ਸਮਾਂ ਪਿੱਛਲੇ ਹਿੱਸੇ ਨਾਲੋਂ ਜ਼ਿਆਦਾ ਹੋਲੀ ਬੀਤਦਾ ਹੈ।

ਤਸਵੀਰ ਸਰੋਤ, Getty Images
ਡਾਕਟਰ ਦੱਸਦਾ ਹੈ ਕਿ ਇਸ ਤਰੀਕੇ ਨਾਲ ਸੇਪਸ ਕ੍ਰਾਫਟ ਦੇ ਪਿੱਛਲੇ ਹਿੱਸੇ ਵਿੱਚ ਕੁਝ ਮਿੰਟਾਂ ਵਿੱਚ ਹੀ ਇੱਕ ਸਾਈਬਰ ਫੌਜ ਖੜ੍ਹੀ ਹੋ ਸਕਦੀ ਹੈ।
ਸਮੇਂ ਉੱਪਰ ਗੁਰੂਤਾ ਖਿੱਚ ਦੇ ਅਸਰ ਦਾ ਵਿਚਾਰ ਇੰਟਰਸਟੈਲਰ ਫ਼ਿਲਮ ਦੀ ਪਟਕਥਾ ਵਿੱਚ ਵੀ ਮਿਲਦਾ ਹੈ।
ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਰਿਲੇਟੀਵਿਟੀ ਦੇ ਅਸਰ ਇੰਨੇ ਮਹੀਨ ਹੁੰਦੇ ਹਨ ਕਿ ਸਾਡਾ ਧਿਆਨ ਵੀ ਨਹੀਂ ਜਾਂਦਾ।
ਹਾਲਾਂਕਿ, ਰਿਲੇਟੀਵਿਟੀ ਸਾਡੇ ਉਪ-ਗ੍ਰਹਿਆਂ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਉਹੀ ਉਪ-ਗ੍ਰਹਿ ਜਿਨ੍ਹਾਂ ਦੀ ਵਰਤੋਂ ਅਸੀਂ ਗਲੋਬਲ ਪੁਜ਼ੀਸ਼ਨਿੰਗ ਲਈ ਕਰਦੇ ਹਾਂ।
“ਉੱਪਰ ਘੜੀਆਂ ਧਰਤੀ ਨਾਲੋਂ ਤੇਜ਼ ਚਲਦੀਆਂ ਹਨ” ਅਤੇ ਉਨ੍ਹਾਂ ਨੂੰ ਲਗਾਤਾਰ ਸਹੀ ਕਰਦੇ ਰਹਿਣਾ ਪੈਂਦਾ ਹੈ।
“ਜੇ ਅਜਿਹਾ ਨਾ ਕਰੀਏ ਤਾਂ ਗੂਗਲ ਮੈਪ ਇੱਕ ਦਿਨ ਵਿੱਚ 10 ਕਿੱਲੋਮੀਟਰ ਦਾ ਫਰਕ ਪਾ ਦੇਵੇਗਾ।”
ਸਾਪੇਖਕਤਾ ਦਾ ਮਤਲਬ ਹੈ ਕਿ ਅਸੀਂ ਭਵਿੱਖ ਵਿੱਚ ਜਾ ਸਕਦੇ ਹਾਂ। ਇਸ ਲਈ ਸਾਨੂੰ ਕਿਸੇ ਸਮਾਂ-ਮਸ਼ੀਨ ਦੀ ਵੀ ਲੋੜ ਨਹੀਂ।
ਇਸ ਖਾਤਰ ਜਾਂ ਤਾਂ ਸਾਡੀ ਗੀਤ ਪ੍ਰਕਾਸ਼ ਨਾਲੋਂ ਤੇਜ਼ ਹੋਣੀ ਚਾਹੀਦੀ ਹੈ ਜਾਂ ਅਸੀਂ ਬਹੁਤ ਤੀਬਰ ਗੁਰੂਤਾ ਖਿੱਚ ਵਿੱਚ ਖੜ੍ਹੇ ਹੋਈਏ।
ਦੋਵੇਂ ਤਰੀਕਿਆਂ ਨਾਲ ਜਿੱਥੇ ਬਾਕੀ ਦੁਨੀਆਂ ਵਿੱਚ ਦਹਾਕੇ ਤੇ ਸਦੀਆਂ ਬੀਤ ਜਾਣਗੀਆਂ। ਪਰ ਤੁਸੀਂ ਉਸ ਦਾ ਬਹੁਤ ਥੋੜ੍ਹਾ ਹਿੱਸਾ ਅਨੁਭਵ ਕਰੋਗੇ।
ਸੌ ਸਾਲ ਮਗਰੋਂ ਕੀ ਹੋਵੇਗਾ, ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਇਹੀ ਤਰੀਕਾ ਹੈ।
ਇਸ ਦੇ ਮੁਕਾਬਲੇ ਸਮੇਂ ਵਿੱਚ ਪਿੱਛੇ ਭਾਵ ਅਤੀਤ ਵਿੱਚ ਜਾਣਾ ਕਿਤੇ-ਕਿਤੇ ਮੁਸ਼ਕਲ ਹੈ।

ਤਸਵੀਰ ਸਰੋਤ, Getty Images
ਬਰਾਕ ਸ਼ੌਸ਼ਨੇ ਸੈਂਟ ਕੈਥਰੀਨਜ਼ ਕੈਨੇਡਾ ਦੀ ਬਰੋਕ ਯੂਨੀਵਰਸਿਟੀ ਵਿੱਚ ਇੱਕ ਸਿਧਾਂਤਕ ਭੌਤਿਕ ਵਿਗਿਆਨੀ ਹਨ।
ਉਹ ਕਹਿੰਦੇ ਹਨ, “ਇਹ ਸੰਭਵ ਹੋ ਵੀ ਸਕਦਾ ਹੈ, ਨਹੀਂ ਵੀ। ਫਿਲਾਹਲ ਸਾਡੇ ਕੋਲ ਸਿਰਫ਼ ਅਧੂਰਾ ਗਿਆਨ ਤੇ ਅਧੂਰੇ ਸਿਧਾਂਤ ਹਨ।”
ਸਿਧਾਂਤਕ ਤੌਰ ’ਤੇ ਸਮੇਂ ਅਤੇ ਸਥਾਨ ਨੂੰ ਕਿਸੇ ਕਾਗਜ਼ ਵਾਂਗ ਮੋੜਿਆ ਜਾ ਸਕਦਾ ਹੈ। ਇਸ ਨਾਲ ਇੱਕ ਸਰੁੰਗ ਬਣ ਜਾਵੇਗੀ ਜਿਸ ਵਿੱਚ ਲੰਘਿਆ ਜਾ ਸਕੇ।
ਸਾਪੇਖਕਤਾ ਦਾ ਸਿਧਾਂਤ ਅਤੀਤ ਵਿੱਚ ਜਾਣ ਲਈ ਕੁਝ ਜ਼ਰੂਰ ਬਦਲ ਦਿੰਦਾ ਹੈ ਜੋ ਕਿ ਅਤਿ ਦੇ ਸਿਧਾਂਤਕ ਅਤੇ ਗ਼ੈਰ ਅਮਲੀ ਹਨ।
ਸਮੇਂ ਅਤੇ ਸਥਾਨ ਵਿਚਕਾਰ ਦੀ ਇੱਕ ਲਾਂਘਾ ਕੁਝ ਅਜਿਹਾ ਹੋਵੇਗਾ ਕਿ ਤੁਸੀਂ ਜਿੱਥੋਂ ਤੁਰਨਾ ਸ਼ੁਰੂ ਕਰੋਗੇ ਪੰਧ ਮੁਕਾ ਕੇ ਆਪਣੇ-ਆਪ ਨੂੰ ਉੱਥੇ ਹੀ ਪਾਓਗੇ।
ਅਜਿਹੇ ਰਸਤੇ ਦੀ ਗਣਿਤ ਵਿੱਚ ਇੱਕ ਵਿਆਖਿਆ ਕੁਰਟ ਗੂਡੇਲ ਨੇ 1949 ਦੇ ਆਪਣੇ ਇੱਕ ਅਧਿਐਨ ਵਿੱਚ ਪ੍ਰਕਾਸ਼ਿਤ ਕੀਤੀ ਸੀ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉਸ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਕਈ ਕਾਰਨਾਂ ਕਰਕੇ ਇਹ ਕੋਈ ਜ਼ਿਆਦਾ ਉਮੀਦ ਨਜ਼ਰ ਨਹੀਂ ਜਗਾਉਂਦੀ।
ਵੈਡਰਲ ਮੁਤਾਬਕ, “ਸਾਨੂੰ ਨਹੀਂ ਪਤਾ ਕਿ ਅਜਿਹਾ ਰਸਤਾ ਬ੍ਰਹਿਮੰਡ ਵਿੱਚ ਕਿਤੇ ਮੌਜੂਦ ਵੀ ਹੈ ਜਾਂ ਨਹੀਂ। ਇਹ ਬਿਨਾਂ ਸਬੂਤੋਂ ਸ਼ੁੱਧ ਸਿਧਾਂਤਿਕ ਹੈ।”
ਐਮਿਲੀ ਐਡਲਮ ਅਮਰੀਕਾ ਦੇ ਕੈਲੀਫੋਰਨੀਆ ਦੀ ਸ਼ੈਪਮੈਨ ਯੂਨੀਵਰਸਿਟੀ ਵਿੱਚ ਫਿਲਾਸਫ਼ਰ ਹਨ।
ਉਹ ਕਹਿੰਦੇ ਹਨ, “ਜੇ ਸਾਡੇ ਕੋਲ ਸਾਡੀ ਮੌਜੂਦਾ ਤਕਨੀਕੀ ਤਾਕਤ ਤੋਂ ਵੀ ਕਿਤੇ ਜ਼ਿਆਦਾ ਉੱਨਤ ਤਕਨੀਕੀ ਤਾਕਤ ਵੀ ਹੋਵੇ ਤਾਂ ਕੁਝ ਪਤਾ ਨਹੀਂ ਅਸੀਂ ਅਜਿਹਾ ਰਾਹ ਕਿਵੇਂ ਬਣਾਵਾਂਗੇ।”
ਐਮਿਲੀ ਕਹਿੰਦੇ ਹਨ ਕਿ ਪਹਿਲਾਂ ਤਾਂ ਜੇ ਅਸੀਂ ਅਜਿਹਾ ਕੋਈ ਰਸਤਾ ਬਣਾਉਣ ਦੇ ਯੋਗ ਵੀ ਹੋਈਏ ਤਾਂ ਅਸੀਂ ਬਣਾਉਣਾ ਨਹੀਂ ਚਾਹਾਂਗੇ। “ਇਸ ਨਾਲ ਤੁਸੀਂ ਇੱਕ ਹੀ ਚੀਜ਼ ਵਾਰ-ਵਾਰ ਦੁਹਰਾਉਂਦੇ ਰਹੋਗੇ।”

ਡਾਕਟਰ ਦੇ ਇੱਕ ਘਟਨਾਕ੍ਰਮ ਵਿੱਚ ਪਾਤਰ ਕਈ ਅਰਬ ਸਾਲ ਉਹੀ ਕੁਝ ਘੰਟਿਆਂ ਵਿੱਚੋਂ ਵਾਰ-ਵਾਰ ਗੁਜ਼ਰਦਾ ਰਹਿੰਦਾ ਹੈ।
ਇਸੇ ਤਰ੍ਹਾਂ 1991 ਦੇ ਇੱਕ ਅਧਿਐਨ ਵਿੱਚ ਭੌਤਿਕ ਵਿਗਿਆਨੀ ਰਿਚਰਡ ਗੌਟ ਨੇ ਗਣਿਤ ਮੁਤਾਬਕ (ਮੈਥਮੈਟੀਕਲ) ਵਿਆਖਿਆ ਪੇਸ਼ ਕੀਤੀ।
ਉਨ੍ਹਾਂ ਨੇ ਕਿਹਾ, ਦੋ ਕੌਸਮਿਕ ਧਾਗੇ ਇੱਕ ਦੂਜੇ ਕੋਲੋਂ ਵਿਰੋਧੀ ਦਿਸ਼ਾਵਾਂ ਵਿੱਚ ਗੁਜ਼ਰਦੇ ਹਨ। ਅਤੇ ਇਸ ਨਾਲ ਧਾਗਿਆਂ ਦੇ ਦੁਆਲੇ ਇੱਕ ਸਮੇਂ ਦੇ ਪ੍ਰਭਾਵ ਤੋਂ ਮੁਕਤ ਇੱਕ ਸੁਰੰਗ ਬਣ ਜਾਵੇਗੀ।
ਇਹ ਸਹੀ ਲਗ ਸਕਦਾ ਹੈ ਪਰ ਸਾਨੂੰ ਅਜਿਹੇ ਕੌਸਮਿਕ ਸਟਰਿੰਗ ਮਿਲਣਗੇ ਕਿੱਥੋਂ? ਇਹ ਇੱਕ ਕੋਰੀ ਪਰਿਕਲਪਨਾ ਹੈ।
ਮੈਕ ਕਹਿੰਦੇ ਹਨ ਅਜਿਹੇ ਧਾਗਿਆਂ ਦੀ ਹੋਂਦ ਬਾਰੇ ਯਕੀਨ ਕਰਨ ਲਈ ਸਾਡੇ ਕੋਲ ਕੋਈ ਵੀ ਕਾਰਨ ਨਹੀਂ ਹੈ। ਇਹ ਤਾਂ ਸੰਜੋਗ ਹੀ ਹੋਵੇਗਾ ਕਿ ਜੇ ਸਾਨੂੰ ਅਜਿਹੇ ਧਾਗੇ ਕਿਤੇ ਮਿਲ ਜਾਣ ਜੋ ਇੱਕ ਦੂਜੇ ਦੇ ਵਿਰੋਧੀ ਪਰ ਬਿਲਕੁਲ ਸਮਾਨ-ਅੰਤਰ ਜਾ ਰਹੇ ਹੋਣ।
“ਅਜਿਹਾ ਕਦੇ ਹੋਵੇਗਾ ਇਹ ਮੰਨਣ ਦਾ ਸਾਡੇ ਕੋਲ ਕੋਈ ਕਾਰਨ ਨਹੀਂ ਹੈ।”

ਤਸਵੀਰ ਸਰੋਤ, Getty Images
ਟਰੇਡਿਸ ਇੱਕ ਪੁਲਸ ਬੂਥ ਕਿਉਂ ਹੈ?
ਡਾਕਟਰ ਦੇ ਪੁਲਾੜ ਵਾਹਨ ਟਰੇਡਿਸ ਦੀ ਇੱਕ ਹੋਰ ਵਿਸ਼ੇਸ਼ਤਾ ਵੀ ਹੈ। ਇਸ ਦੀ ਖ਼ਾਸ ਦਿੱਖ।
ਕਿਸੇ ਕਾਰਨ ਇਹ ਪੁਰਾਣੇ ਬ੍ਰਿਟੇਨ ਵਿੱਚ ਪਾਏ ਜਾਣ ਵਾਲੇ ਪੁਲਿਸ ਬੂਥ ਵਾਂਗ ਨਜ਼ਰ ਆਉਂਦਾ ਹੈ। ਇਸ ਦੀ ਦਿੱਖ ਉਸੇ ਸਮੇਂ ਵਿੱਚ ਖੜ੍ਹ ਗਈ ਹੈ।
ਕਹਾਣੀ ਵਿੱਚ ਇਸ ਫੰਕਸ਼ਨ ਨੂੰ ਕੈਮੀਲੀਅਨ (ਕੋਹੜਕਿਰਲੇ) ਸਰਕਟ ਕਿਹਾ ਗਿਆ ਹੈ।
ਰਿਲੇਟੀਵਿਟੀ ਦੇ ਸਿਧਾਂਤ ਕਾਰਨ ਇੱਕ ਹੋਰ ਵਰਤਾਰਾ ਸੰਭਵ ਹੈ। ਵਰਮਹੋਲ ਦਾ।
ਸਿਧਾਂਤਿਕ ਰੂਪ ਵਿੱਚ ਸਮੇਂ ਅਤੇ ਸਥਾਨ ਨੂੰ ਕਿਸੇ ਕਾਗਜ਼ ਵਾਂਗ ਮੋੜਿਆ ਜਾ ਸਕਦਾ ਹੈ। ਇਸ ਤਰ੍ਹਾਂ ਇੱਕ ਸੁਰੰਗ ਜਿਹੀ ਬਣ ਜਾਵੇਗੀ। ਜਿਸ ਰਾਹੀਂ ਰਾਹੀਂ ਦੋ ਵੱਖ-ਵੱਖ ਸਮਿਆਂ ਦੇ ਵਿਚਕਾਰ ਆਇਆ-ਜਾਇਆ ਜਾ ਸਕੇਗਾ।
ਵੈਡਰਲ ਕਹਿੰਦੇ ਹਨ, “ਵਰਮ ਹੋਲਜ਼ ਸਿਧਾਂਤਿਕ ਤੌਰ ’ਤੇ ਸੰਭਵ ਹਨ।”
ਇੱਕ ਸਮੱਸਿਆ ਹੋਰ ਖੜ੍ਹੀ ਹੋ ਜਾਂਦੀ ਹੈ। ਪਹਿਲੀ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਅਜਿਹੇ ਵਰਮ ਹੋਲ ਵਾਕਈ ਮੌਜੂਦ ਹਨ।
ਓਸਬੋਰਨ ਮੁਤਾਬਕ,“ਗਣਿਤ ਦੀਆਂ ਗਣਨਾਵਾਂ ਵਿੱਚ ਇਹ ਵਰਮ ਹੋਲ ਮੌਜੂਦ ਹੋ ਸਕਦੇ ਹਨ ਪਰ ਉਨ੍ਹਾਂ ਦੀ ਭੌਤਿਕ ਮੌਜੂਦਗੀ, ਇੱਕ ਵੱਖਰਾ ਵਿਸ਼ਾ ਹੈ।”
ਓਸਬੋਰਨ ਦਸਦੇ ਹਨ ਕਿ ਜੇ ਅਜਿਹੇ ਵੋਰਮ ਹੋਲ ਮੌਜੂਦ ਹੋਏ ਵੀ ਤਾਂ ਇਹ ਬਹੁਤ ਅਲਪ-ਆਯੂ ਹੋਣਗੇ। ਅਕਸਰ ਵੋਰਮ ਹੋਲਜ਼ ਬਾਰੇ ਕਿਹਾ ਜਾਂਦਾ ਹੈ ਕਿ ਇਹ ਦੋ ਜੁੜੇ ਹੋਏ ਬਲੈਕ ਹੋਲ ਹੁੰਦੇ ਹਨ।
ਇਸ ਦਾ ਮਤਲਬ ਇਹ ਹੋਇਆ ਕਿ ਵੋਰਮ ਹੋਲ ਵਿੱਚ ਗੁਰੂਤਾ ਖਿੱਚ ਇੰਨੀ ਤੀਬਰ ਹੋਵੇਗੀ ਕਿ ਇਹ ਆਪਣੀ ਹੀ ਖਿੱਚ ਵਿੱਚ ਪਿਚਕ ਜਾਵੇਗਾ।
ਅਸਲੀ ਵੋਰਮ ਹੋਲਜ਼ ਬਹੁਤ ਜ਼ਿਆਦਾ ਸੰਕਰੇ ਵੀ ਹੋਣਗੇ। ਇੰਨੇ ਕਿ ਤੁਸੀਂ ਉਨ੍ਹਾਂ ਵਿੱਚੋਂ ਕੋਈ ਸੂਖਮ ਜੀਵ ਵੀ ਪਾਰ ਨਾ ਕਰ ਸਕੋ, ਇਨਸਾਨ ਦੀ ਤਾਂ ਗੱਲ ਹੀ ਛੱਡੋ।

ਤਸਵੀਰ ਸਰੋਤ, Getty Images
ਸਿਧਾਂਤਕ ਤੌਰ ’ਤੇ ਇਹ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਹਨ ਪਰ ਇਸ ਲਈ ਇੱਕ ਬਹੁਤ ਖਾਸ ਕਿਸਮ ਦੀ ਊਰਜਾ ਜਿਸ ਨੂੰ “ਨਕਾਰਾਤਮਿਕ ਊਰਜਾ” ਕਿਹਾ ਜਾਂਦਾ ਹੈ, ਲੋੜੀਂਦੀ ਹੋਵੇਗੀ।
ਇਹ ਸਭ ਤੋਂ ਸੂਖਮ ਪੱਧਰ ’ਤੇ ਪ੍ਰਮਾਣੂ ਤੋਂ ਵੀ ਮਹੀਨ ਥਾਂ ਵਿੱਚ ਵਾਪਰੇਗਾ।
ਕਿਸੇ ਊਰਜਾ ਘੇਰੇ ਵਿੱਚ ਸਮੁੱਚੇ ਤੌਰ ’ਤੇ ਧਨਾਤਮਿਕ ਊਰਜਾ ਹੋਣੀ ਚਾਹੀਦੀ ਹੈ ਪਰ ਇਸ ਵਿੱਚ ਕਿਤੇ-ਕਿਤੇ ਨਕਾਰਾਤਮਿਕ ਊਰਜਾ ਹੋਵੇਗੀ।
ਓਸਬੋਰਨ ਦਸਦੇ ਹਨ, “ਤੁਸੀਂ ਚਾਹੋਗੇ ਕਿ ਇਹ ਨਕਾਰਾਤਮਿਕ ਊਰਜਾ ਮਿਲ ਕੇ ਵਧ ਜਾਵੇ (ਐਕਸਪੈਂਡ ਹੋ ਜਾਵੇ) ਪਰ ਮੈਨੂੰ ਨਹੀਂ ਲਗਦਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਹੈ।”
ਵੈਡਰਲ ਬਹਿਸ ਦਾ ਨਿਰਨਾ ਕਰਦੇ ਹਨ, “ਇਹ ਕੋਈ ਯਥਾਰਥਕ ਤਜਵੀਜ਼ ਨਹੀਂ ਲਗਦੀ।”
ਹੁਣ ਤੱਕ ਅਸੀਂ ਰਿਲੇਟੀਵਿਟੀ ਰਾਹੀਂ ਸਮੇਂ ਦੀ ਸੈਰ ਕੀਤੀ ਹੈ। ਲਗਦੇ ਹੱਥ ਬ੍ਰਹਿਮੰਡ ਬਾਰੇ ਇੱਕ ਹੋਰ ਸਿਧਾਂਤ ਕੁਆਂਟਮ ਮਕੈਨਿਕਸ ਦੀ ਵੀ ਗੱਲ ਕਰ ਲੈਂਦੇ ਹਾਂ।
ਜਿੱਥੇ ਰਿਲੇਟੀਵਿਟੀ ਬਹੁਤ ਵੱਡੀਆਂ ਵਸਤੂਆਂ ਜਿਵੇਂ— ਮਨੁੱਖ, ਅਕਾਸ਼ ਗੰਗਾ ਆਦਿ ਦੀ ਗੱਲ ਕਰਦੀ ਹੈ। ਕੁਆਂਟਮ ਮਕੈਨਿਕਸ ਬਹੁਤ ਮਹੀਨ ਜਿਵੇਂ, ਕਣ (ਪਾਰਟੀਕਲਾਂ) ਦੀ ਬਾਤ ਪਾਉਂਦੀ ਹੈ। ਜੋ ਪਰਮਾਣੂਆਂ ਤੋਂ ਵੀ ਮਹੀਨ ਹਨ। ਜਿਵੇਂ ਇਲੈਕਟਰਾਨ ਤੇ ਪ੍ਰੋਟਾਨ।
ਇੰਨੇ ਮਹੀਨ ਪੱਧਰ ’ਤੇ ਜਾ ਕੇ ਭੌਤਿਕ ਵਿਗਿਆਨ ਸਾਡੇ ਵਿਵੇਕ ਨੂੰ ਹਲੂਣ ਦਿੰਦਾ ਹੈ।
ਐਡਲਮ ਦੱਸਦੇ ਹਨ ਕਿ ਕੁਆਂਟਮ ਖੇਤਰ ਵਿੱਚ ਇੱਕ ਹੋਰ ਸੰਕਲਪ ਨਾਨ-ਲੋਕੈਲਿਟੀ ਦਾ ਹੈ।
ਨਾਨ-ਲੋਕੈਲਿਟੀ ਮੁਤਾਬਕ ਕਿਸੇ ਚੀਜ਼ ਵਿੱਚ ਕਿਸੇ ਥਾਂ ਤੇ ਆਇਆ ਬਦਲਾਅ ਉਸ ਨਾਲ ਜੁੜੀ ਦੂਜੀ ਵਸਤੂ ਵਿੱਚ ਜੋ ਭਾਵੇਂ ਹੋਰ ਥਾਂ ਪਈ ਹੋਵੇ ਬਦਲਾਅ ਦਾ ਕਾਰਨ ਵੀ ਬਣੇਗਾ।
ਇਸ ਨੂੰ ਆਈਨਸਟਾਈਨ ਨੇ “ਸਪੂਕੀ ਐਕਸ਼ਨ ਐਟ ਡਿਸਟੈਂਸ” ਕਿਹਾ ਹੈ। ਇਸ ਨੂੰ ਨੋਬਲ ਪੁਰਸਕਾਰ ਜੇਤੂ ਖੋਜ ਵਿੱਚ ਵੀ ਸਿੱਧ ਕੀਤਾ ਜਾ ਚੁੱਕਿਆ ਹੈ।

ਤਸਵੀਰ ਸਰੋਤ, Getty Images
ਐਡਲਮ ਕਹਿੰਦੇ ਹਨ, ਬਹੁਤ ਸਾਰੇ ਭੌਤਿਕ ਵਿਗਿਆਨੀ ਨਾਨ-ਲੋਕੈਲਿਟੀ ਦੀ ਧਾਰਨਾ ਤੋਂ ਨਾਖੁਸ਼ ਹਨ। ਕਿਉਂਕਿ ਇਸ ਦਾ ਪ੍ਰਭਾਵ ਤੁਰੰਤ ਪੈਂਦਾ ਹੈ। ਸੂਚਨਾ ਦਾ ਸੰਚਾਰ ਰੌਸ਼ਨੀ ਤੋਂ ਵੀ ਤੇਜ਼ ਗਤੀ ਨਾਲ ਹੁੰਦਾ ਹੈ, ਜੋ ਅਸੰਭਵ ਹੈ।
ਇਸ ਨਾਖੁਸ਼ੀ ਕਾਰਨ ਕੁਝ ਭੌਤਿਕ ਵਿਗਿਆਨੀਆਂ ਨੇ ਇਨ੍ਹਾਂ ਪ੍ਰਯੋਗਾਂ ਦੀ ਵਿਆਖਿਆ ਕਰਨ ਦੇ ਬਦਲਵੇਂ ਢੰਗ ਵੀ ਸੁਝਾਏ ਹਨ।
ਇਨ੍ਹਾਂ ਵਿਆਖਿਆਵਾਂ ਵਿੱਚ ਨਾਨ-ਲੋਕੈਲਿਟੀ ਤਾਂ ਭਾਵੇਂ ਨਹੀਂ ਹੈ ਪਰ ਇਸ ਦੌਰਾਨ ਸਮੇਂ ਬਾਰੇ ਸਾਡੀ ਸਮਝ ਦੀ ਜ਼ਰੂਰ ਐਸੀ-ਤੈਸੀ ਫਿਰ ਜਾਂਦੀ ਹੈ।
ਐਡਲਮ ਮੁਤਾਬਕ ਇੱਕ ਹੋਰ ਦਿੱਕਤ ਫੌਰੀ ਪ੍ਰਭਾਵ ਹੈ। ਤੁਸੀਂ ਆਪਣਾ ਪ੍ਰਭਾਵ ਭਵਿੱਖ ਵਿੱਚ ਭੇਜੋਂਗੇ ਅਤੇ ਫਿਰ ਵਾਪਸ ਅਤੀਤ ਵਿੱਚ ਚਲਿਆ ਜਾਵੇਗਾ। ਇਹ ਫੌਰੀ ਲੱਗੇਗਾ ਪਰ ਅਸਲ ਵਿੱਚ ਇਹ ਪ੍ਰਭਾਵ ਭਵਿੱਖ ਵਿੱਚ ਜਾ ਕੇ ਫਿਰ ਵਾਪਸ ਆ ਚੁੱਕਿਆ ਹੋਵੇਗਾ।
ਇਸ ਵਿਆਖਿਆ ਤੋਂ ਲਗਦਾ ਹੈ ਜਿਵੇਂ ਭਵਿੱਖ ਦੇ ਵਰਤਾਰੇ ਅਤੀਤ ਨੂੰ ਪ੍ਰਭਾਵਿਤ ਕਰ ਰਹੇ ਹੋਣ (ਰੈਟਰੋ-ਕੈਯੂਏਲਿਟੀ)।
ਇਹ ਸਾਡੀ ਸਮਝ ਤੋਂ ਉਲਟ ਹੈ। ਹਮੇਸ਼ਾ ਅਤੀਤ ਦਾ ਪਰਛਾਵਾਂ ਭਵਿੱਖ ’ਤੇ ਪੈਂਦਾ ਹੈ। ਸਾਨੂੰ ਲਗਦਾ ਹੈ ਕਿ ਘਟਨਾਕ੍ਰਮ ਇੱਕ ਸਿੱਧੀ ਰੇਖਾ ਵਿੱਚ ਘਟਦੇ ਹਨ। ਅਤੀਤ— ਵਰਤਮਾਨ— ਭਵਿੱਖ।
ਜਦਕਿ ਵਿਚਾਰ ਅਧੀਨ ਸਿਲਸਿਲੇ ਵਿੱਚ ਸੂਚਨਾ ਭਵਿੱਖ ਤੋਂ ਪਿੱਛੇ ਅਤੀਤ ਵੱਲ ਜਾ ਰਹੀ ਹੈ।
ਇਸੇ ਕਾਰਨ ਇਹ ਵਿਆਖਿਆ ਵਿਵਾਦਿਤ ਹੈ। ਕੁਝ ਭੌਤਿਕ ਵਿਗਿਆਨੀਆਂ ਦਾ ਤਰਕ ਹੈ ਕਿ ਇਹ ਤਾਂ ਨਾਨ-ਲੋਕੈਲਿਟੀ ਤੋਂ ਵੀ ਬਦਤਰ ਵਿਚਾਰ ਹੈ। ਇਸੇ ਲਈ ਇਹ ਵਿਚਾਰ ਸਰਬ-ਸਵੀਕਾਰਿਤ ਨਹੀਂ ਹੈ।
ਇੱਕ ਪਲ ਲਈ ਜੇ ਰੈਟਰੋ-ਕੈਯੂਏਲਿਟੀ ਨੂੰ ਮੰਨ ਵੀ ਲਈਏ ਤਾਂ ਇਸ ਨਾਲ ਅਸੀਂ ਸਮੇਂ ਦੇ ਸੁਆਮੀ ਨਹੀਂ ਬਣ ਜਾਵਾਂਗੇ। ਐਡਲਮ ਮੁਤਾਬਕ, “ਰੈਟਰੋ-ਕੈਯੂਏਲਿਟੀ ਸਮੇਂ ਦੀ ਸੈਰ ਵਰਗੀ ਧਾਰਨਾ ਨਹੀਂ ਹੈ।”
ਨਾਨ-ਲੋਕੈਲਿਟੀ ਬਾਰੇ ਸਾਡੀਆਂ ਅਬਜ਼ਰਵੇਸ਼ਨਾਂ ਬਹੁਤ ਸੂਖਮ ਪੱਧਰ ਦੀਆਂ ਹਨ। ਅਣੂਆਂ- ਪਰਮਾਣੂਆਂ ਦੇ ਪੱਧਰ ਦੀਆਂ।
ਇਸ ਨੂੰ ਮਨੁੱਖ ਤਾਂ ਛੱਡੋ ਇੱਕ ਕਾਗਜ਼ ਦੇ ਪੁਰਜ਼ੇ ਤੱਕ ਵੀ ਲਿਜਾ ਸਕਣਾ ਬਹੁਤ ਬਿਖੜਾ ਪੰਧ ਹੈ। ਇੱਕ ਚੁਣੌਤੀ ਹੈ।
ਐਡਲਮ ਮੁਤਾਬਕ ਅਤੀਤ ਵਿੱਚ ਤਾਂ ਇੱਕ ਸੁਨੇਹਾ ਭੇਜਣਾ ਵੀ ਸੰਭਵ ਨਹੀਂ ਹੈ।

ਤਸਵੀਰ ਸਰੋਤ, Getty Images
ਰੈਟਰੋ-ਕੈਯੂਏਲਿਟੀ ਨੂੰ ਇੱਕ ਪ੍ਰਯੋਗ ਦੀ ਮਦਦ ਨਾਲ ਸਮਝਿਆ ਜਾਂਦਾ ਹੈ। ਮੰਨ ਲਓ ਦੋ ਵਿਗਿਆਨੀ ਐਡਮ ਅਤੇ ਬੈਥ ਹਨ।
ਐਡਮ ਆਪਣੇ ਪ੍ਰਯੋਗ ਵਿੱਚ ਇੱਕ ਪੜ੍ਹਤ ਲੈਂਦੇ ਹਨ, ਜਿਸਦਾ ਨਤੀਜਾ ਬੈਥ ਦੀ ਕੁਝ ਸਮੇਂ ਬਾਅਦ ਲਈ ਜਾਣ ਵਾਲੀ ਦੂਜੀ ਪੜ੍ਹਤ ’ਤੇ ਨਿਰਭਰ ਹੈ।
ਦੂਜੇ ਸ਼ਬਦਾਂ ਵਿੱਚ ਬੈਥ ਪ੍ਰਯੋਗ (ਭਵਿੱਖ) ਐਡਮ ਦੇ (ਅਤੀਤ) ਪ੍ਰਯੋਗ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਬੈਥ ਐਡਮ ਦੀਆਂ ਸਾਰੀਆਂ ਪੜ੍ਹਤਾਂ ਆਦਿ ਨੂੰ ਨਸ਼ਟ ਕਰ ਦੇਵੇ।
ਐਡਲਮ ਕਹਿੰਦੇ ਹਨ, ਇੱਕ ਤਰ੍ਹਾਂ ਨਾਲ ਤੁਸੀਂ ਅਤੀਤ ਵਿੱਚ ਕੋਈ ਸੁਨੇਹਾ ਭੇਜੋਗੇ। ਉਹ ਵੀ ਜੇ ਤੁਸੀਂ ਅਤੀਤ ਦੇ ਸਾਰੇ ਰਿਕਾਰਡ ਨਸ਼ਟ ਕਰ ਸਕੋ।
ਤੁਸੀਂ ਇਸ ਰੈਟਰੋ-ਕੈਯੂਐਲਿਟੀ ਦੇ ਸੰਕਲਪ ਦੀ ਕੋਈ ਅਮਲੀ ਵਰਤੋਂ ਨਹੀਂ ਕਰ ਸਕਦੇ। ਕਿਉਂਕਿ ਲਾਜ਼ਮੀ ਤੌਰ ’ਤੇ ਤੁਹਾਨੂੰ ਪ੍ਰਯੋਗ ਅਤੇ ਉਸ ਬਾਰੇ ਹਰ ਸੂਚਨਾ ਨਸ਼ਟ ਕਰਨੀ ਪਵੇਗੀ।
ਸੌ ਹੱਥ ਰੱਸਾ ਸਿਰੇ ’ਤੇ ਗੰਢ ਇਹੀ ਹੈ ਕਿ ਅਸੀਂ ਭਵਿੱਖ ਵਿੱਚ ਤਾਂ ਜਾ ਸਕਦੇ ਹਾਂ ਪਰ ਅਤੀਤ ਬਾਰੇ ਤਾਂ ਕੋਰੀ ਨਾਂਹ ਹੈ।
ਇਸਦਾ ਕਾਰਨ ਹੈ ਅਧੂਰੇ ਸਿਧਾਂਤ ਜਿਨ੍ਹਾਂ ਉੱਪਰ ਇਹ ਵਿਚਾਰ ਅਧਾਰਿਤ ਹਨ।
ਰਿਲੇਟੀਵਿਟੀ ਅਤੇ ਕੁਆਂਟਮ ਮਕੈਨਿਕਸ ਕੁਝ ਹੱਦ ਤੱਕ ਤਾਂ ਸਹੀ ਹਨ ਪਰ ਦੂਜੇ ਪਾਸੇ ਇਹ ਢੁਕਵੇਂ ਨਹੀਂ ਹਨ।
ਸਾਨੂੰ ਅਜੇ ਹੋਰ ਡੂੰਘੇ ਅਤੇ ਵਿਵੇਕੀ ਸਿਧਾਂਤ ਚਾਹੀਦੇ ਹਨ। ਹਾਲਾਂਕਿ ਦਹਾਕਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਜੇ ਤੱਕ ਤਾਂ ਅਸੀਂ ਅਜਿਹਾ ਕੋਈ ਸਿਧਾਂਤ ਦੇ ਨਹੀਂ ਸਕੇ।
ਸ਼ੋਸ਼ਨੇ ਕਹਿੰਦੇ ਹਨ ਕਿ ਜਦੋਂ ਤੱਕ ਸਾਨੂੰ ਅਜਿਹਾ ਸਿਧਾਂਤ ਨਹੀਂ ਮਿਲ ਜਾਂਦਾ ਅਸੀਂ ਪੂਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦੇ।
ਪਰ ਦੇਖਿਆ ਜਾਵੇ ਤਾਂ ਇਹ ਲੇਖ ਪੜ੍ਹਨ ਵਿੱਚ ਤੁਹਾਨੂੰ ਜਿੰਨਾ ਸਮਾਂ ਲੱਗਿਆ ਹੈ, ਤੁਸੀਂ ਭਵਿੱਖ ਵਿੱਚ ਹੋਰ ਅੱਗੇ ਵਧ ਗਏ ਹੋ...ਤੁਹਾਡਾ ਸਵਾਗਤ ਹੈ।












