ਕੁਝ ਲੋਕ ਹਮੇਸ਼ਾ ਲੇਟ ਕਿਉਂ ਹੁੰਦੇ ਹਨ? ਅਜਿਹੇ ਲੋਕਾਂ ਨਾਲ ਨਜਿੱਠਣ ਦਾ ਸਹੀ ਤਰੀਕਾ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਲੌਰਾ ਕਲਾਰਕ
- ਰੋਲ, ਬੀਬੀਸੀ ਪੱਤਰਕਾਰ
ਕਬੂਲਨਾਮਾ: ਮੈਂ ਦੇਰ ਕਰਨ ਵਾਲੀ ਹਾਂ। ਘੱਟੋ-ਘੱਟ, ਖ਼ੁਦ ਵਿੱਚ ਸੁਧਾਰ ਕਰਨ ਵਿੱਚ ਤਾਂ ਜ਼ਰੂਰ। ਅਸਲ ਵਿੱਚ ਮੈਂ ਇਸ ਰਿਪੋਰਟ ਨੂੰ ਲਿਖਣ ਵਿੱਚ ਇਸ ਦੀ ਸਮਾਂ ਸੀਮਾ ਤੋਂ ਵਾਰ-ਵਾਰ ਅਤੇ ਸ਼ਰਮਨਾਕ ਢੰਗ ਨਾਲ ਖੁੰਝੀ ਹਾਂ।
ਮੈਂ ਇਹ ਨਾਟਕ ਕਰ ਸਕਦੀ ਹਾਂ ਕਿ ਅਜਿਹਾ ਪੱਤਰਕਾਰੀ ਵਿੱਚ ਹੁੰਦਾ ਹੀ ਹੈ, ਪਰ ਅਜਿਹਾ ਨਹੀਂ ਹੈ।
ਮੈਨੂੰ ਪਤਾ ਹੈ ਕਿ ਮੈਂ ਇਕੱਲੀ ਨਹੀਂ ਹਾਂ।
ਅਸੀਂ ਸਾਰੇ ਉਸ ਵਿਅਕਤੀ ਨੂੰ ਜਾਣਦੇ ਹਾਂ: ਇੱਕ ਬਾਲ ਮਨ ਵਾਲਾ ਵਿਅਕਤੀ ਜੋ ਹਮੇਸ਼ਾ ਲੇਟ ਹੁੰਦਾ ਹੈ, ਸਹਿਕਰਮੀ ਜੋ ਹਰ ਸਮੇਂ ਡੈੱਡਲਾਈਨ ਤੋਂ ਖੁੰਝ ਜਾਂਦਾ ਹੈ, ਭਾਵੇਂ ਅਜਿਹਾ ਕੁਝ ਘੰਟਿਆਂ ਲਈ ਹੀ ਕਿਉਂ ਨਾ ਹੋਵੇ। ਅਜਿਹਾ ਦੋਸਤ ਜਿਸ ਨੂੰ ਤੁਹਾਨੂੰ ਲੰਚ ਦੇ ਸੱਦੇ ਲਈ 30 ਮਿੰਟ ਪਹਿਲਾਂ ਪਹੁੰਚਣ ਲਈ ਕਹਿਣਾ ਪੈਂਦਾ ਹੋਵੇ।
ਕੁਝ ਆਦਤਾਂ ਓਨੀਆਂ ਹੀ ਗੁੱਸਾ ਕਰਾਉਣ ਵਾਲੀਆਂ ਹੁੰਦੀਆਂ ਹਨ ਜਿੰਨਾ ਕੋਈ ਸਾਨੂੰ ਇੰਤਜ਼ਾਰ ਕਰਾਉਂਦਾ ਹੈ।
ਪਰ, ਤੁਹਾਡੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ, ਇਸ ਦੇ ਬਾਵਜੂਦ ਤੁਸੀਂ ਫਿਰ ਤੋਂ ਉਸ ਦਾ ਇੰਤਜ਼ਾਰ ਕਰ ਰਹੇ ਹੋ।
ਇੱਥੇ ਇਹ ਸੰਭਾਵਨਾ ਨਹੀਂ ਹੈ ਕਿ ਤੁਹਾਡੇ ਦੋਸਤ ਅਤੇ ਸਹਿਕਰਮੀ ਸਿਰਫ਼ ਸੁਆਰਥੀ ਹੋ ਰਹੇ ਹਨ।
ਦੇਰੀ ਦੇ ਮਨੋਵਿਗਿਆਨ ’ਤੇ ਇੱਕ ਨਜ਼ਰ ਠੀਕ ਕੰਮ ਨਾ ਕਰਨ ਵਾਲੇ ਦਿਮਾਗ਼ ਦੀ ਝਲਕ ਪ੍ਰਦਾਨ ਕਰਦਾ ਹੈ, ਪਰ ਇਸ ਵਿੱਚ ਇੱਕ ਤੋਂ ਵੱਧ ਨੁਕਸ ਹੋ ਸਕਦੇ ਹਨ।

ਲੇਟ ਹੋਣ ਬਾਰੇ ਕੁਝ ਖ਼ਾਸ ਗੱਲਾਂ:
- ਲੇਟ ਹੋਣਾ ਹਮੇਸ਼ਾ ਬੌਂਦਲੇ ਦਿਮਾਗ਼ ਵਾਲਾ ਵਿਵਹਾਰ ਨਹੀਂ, ਇਸ ਤੋਂ ਕੁਝ ਜ਼ਿਆਦਾ ਹੀ ਗਹਿਰਾ ਹੋ ਸਕਦਾ ਹੈ।
- ਦੇਰੀ ਨਾਲ ਆਉਣ ਵਾਲੇ ਲੋਕ ਰੁੱਖੇ ਅਤੇ ਆਲਸੀ ਨਹੀਂ ਹੁੰਦੇ ਹਨ।
- ਲਗਾਤਾਰ ਲੇਟ ਹੋਣਾ ਤੁਹਾਡੀ ਗਲਤੀ ਨਹੀਂ ਹੋ ਸਕਦੀ, ਤੁਹਾਡੀ ਕਿਸਮ ਹੋ ਸਕਦੀ ਹੈ।
- ਗੁੱਸੇ ਜਾਂ ਪਰੇਸ਼ਾਨ ਹੋਣ ਦੀ ਬਜਾਏ, ਤੁਸੀਂ ਸਟੈਂਡ ਲੈ ਸਕਦੇ ਹੋ ਅਤੇ ਸੀਮਾਵਾਂ ਤੈਅ ਕਰ ਸਕਦੇ ਹੋ।

ਦੇਰੀ ਨਾਲ ਆਉਣ ਵਾਲੇ ਲੋਕ ਰੁੱਖੇ ਅਤੇ ਆਲਸੀ ਨਹੀਂ ਹੁੰਦੇ
ਸਮੇਂ ਦੇ ਪਾਬੰਦ ਨਾ ਰਹਿਣ ਵਾਲੇ ਲੋਕਾਂ ਦੀ ਧਾਰਨਾ ਲਗਭਗ ਹਮੇਸ਼ਾ ਨਕਾਰਾਤਮਕ ਹੁੰਦੀ ਹੈ- ਬੇਸ਼ੱਕ ਉਹ ਗੁੰਮਰਾਹ ਕੀਤੇ ਗਏ ਹੋਣ।
ਲੰਡਨ ਵਿੱਚ ਬੋਧਾਤਮਕ ਵਿਵਹਾਰ ਸਬੰਧੀ ਥੈਰੇਪਿਸਟ ਅਤੇ ਕਲੀਨਿਕਲ ਮਨੋਵਿਗਿਆਨੀ ਹੈਰੀਏਟ ਮੈਲੇਟ ਕਹਿੰਦੀ ਹੈ, “ਉਨ੍ਹਾਂ ਨੂੰ ਅਸੰਗਠਿਤ, ਅਰਾਜਕ, ਰੁੱਖੇ ਅਤੇ ਦੂਜਿਆਂ ਲਈ ਵਿਚਾਰ ਦੀ ਘਾਟ ਦੇ ਰੂਪ ਵਿੱਚ ਸਮਝਣਾ ਆਸਾਨ ਹੈ।’’
"ਮੇਰੇ ਡਾਕਟਰੀ ਤਜਰਬੇ ਤੋਂ ਬਾਹਰ ਵੀ ਜੇਕਰ ਕੋਈ ਲੇਟ ਹੋਵੇ ਤਾਂ ਕਿਸੇ ਦੇ ਲੇਟ ਹੋਣ ਦੀ ਗੱਲ ਮੇਰੇ ਮਨ ਅੰਦਰ ਡੂੰਘੀ ਖੁਭ ਜਾਂਦੀ ਹੈ।’’
ਪਰ, ਦੇਰ ਨਾਲ ਆਉਣ ਵਾਲੇ ਬਹੁਤ ਸਾਰੇ ਲੋਕ ਘੱਟੋ-ਘੱਟ ਕੁਝ ਹੱਦ ਤੱਕ ਸੰਗਠਿਤ ਹੁੰਦੇ ਹਨ ਅਤੇ ਦੋਸਤਾਂ, ਪਰਿਵਾਰ ਅਤੇ ਬੌਸ ਨੂੰ ਖੁਸ਼ ਰੱਖਣਾ ਚਾਹੁੰਦੇ ਹਨ।
ਸਮੇਂ ਪ੍ਰਤੀ ਪਾਬੰਦ ਨਾ ਰਹਿਣ ਵਾਲੇ ਲੋਕ ਅਕਸਰ ਇਸ ਗੱਲ ਤੋਂ ਜਾਣੂ ਹੁੰਦੇ ਹਨ ਅਤੇ ਇਸ ਗੱਲ ਤੋਂ ਸ਼ਰਮਿੰਦਾ ਹੁੰਦੇ ਹਨ ਕਿ ਉਨ੍ਹਾਂ ਦੀ ਦੇਰੀ ਉਨ੍ਹਾਂ ਦੇ ਰਿਸ਼ਤਿਆਂ, ਪ੍ਰਤਿਸ਼ਠਾ, ਕਰੀਅਰ ਅਤੇ ਵਿੱਤ ਨੂੰ ਕੀ ਨੁਕਸਾਨ ਪਹੁੰਚਾ ਸਕਦੀ ਹੈ।
ਡਾਇਨਾ ਡੀਲੋਂਜ਼ਰ ਆਪਣੀ ਕਿਤਾਬ ‘ਨੈਵਰ ਬੀ ਲੇਟ ਅਗੇਨ’ ਵਿੱਚ ਲਿਖਦੀ ਹੈ, "ਹਾਲਾਂਕਿ ਅਜਿਹੇ ਲੋਕ ਹਨ ਜੋ ਦੂਜਿਆਂ ਨੂੰ ਉਡੀਕ ਕਰਾਉਣ ਲਈ ਪੈਸੇ ਵਸੂਲਦੇ ਹਨ, ਜੇਕਰ ਤੁਸੀਂ ਰਵਾਇਤੀ ਕਿਸਮ ਦੇ ਹੋ, ਤਾਂ ਤੁਸੀਂ ਦੇਰ ਨਾਲ ਆਉਣਾ ਨਾ-ਪਸੰਦ ਕਰਦੇ ਹੋ। ਫਿਰ ਵੀ ਢਿੱਲ ਤੁਹਾਡੀ ਦੁਸ਼ਮਣ ਬਣੀ ਹੋਈ ਹੈ।”

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ:

ਬਹਾਨੇ ’ਤੇ ਬਹਾਨਾ
ਜ਼ਿਆਦਾ ਦੇਰੀ ਕਰਨ ਲਈ ਕੁਝ ਬਹਾਨੇ ਸਾਰੀ ਦੁਨੀਆ ਵਿੱਚ ਮੰਨ ਲਏ ਜਾਂਦੇ ਹਨ ਜਿਵੇਂ ਕਿ ਕੋਈ ਹਾਦਸਾ ਜਾਂ ਬੀਮਾਰੀ।
ਪਰ ਕੁਝ ਬਹਾਨੇ ਸੰਘ ਹੇਠੋਂ ਉਤਾਰਨੇ ਸੌਖੇ ਨਹੀਂ ਹੁੰਦੇ।
ਲੇਟ ਆਉਣ ਵਾਲੇ ਕੁਝ ਲੋਕ ਇਸ ਨੂੰ ਸਮੇਂ ਦੇ ਪਾਬੰਦ ਹੋਣ ਨਾਲੋਂ ਵੱਡੀ ਸੋਚ ਅਤੇ ਮਹੱਤਵਪੂਰਨ ਮਸਲਿਆਂ ਪ੍ਰਤੀ ਫਿਕਰਮੰਦੀ ਦਾ ਲੱਛਣ ਦੱਸਦੇ ਹਨ।
ਇੱਕ ਵਿਅੰਗ ਵਜੋਂ ਇਸ ਨੂੰ ਦਬਾਅ ਹੇਠ ਬਿਹਤਰੀਨ ਕੰਮ ਕਰਨ ਦੀ ਨਿਸ਼ਾਨੀ ਜਾਂ ਫਿਰ ਸਵੇਰੇ ਉੱਠਣ ਦੀ ਬਜਾਏ ਰਾਤ ਨੂੰ ਦੇਰੀ ਨਾਲ ਸੌਣ ਵਾਲਾ ਬੌਡੀਕਲਾਕ ਹੋਣ ਦੀ ਗੱਲ ਵੀ ਆਖਦੇ ਹਨ।
ਜੋਆਨਾ, ਲੰਡਨ ਵਿੱਚ ਅਧਿਆਪਕਾ ਹੈ ਜੋ ਆਪਣਾ ਉਪਨਾਮ ਨਹੀਂ ਵਰਤਣਾ ਚਾਹੁੰਦੀ।
ਉਹ ਕਹਿੰਦੀ ਹੈ ਕਿ ਸਮੇਂ ਦੀ ਪਾਬੰਦ ਨਾ ਹੋਣ ਦੀ ਉਸ ਦੀ ਆਦਤ ਨੂੰ ਕਈ ਵਾਰ ਵਿਚਾਰਾਂ ਵਿੱਚ ਅੰਤਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਉਹ ਦੱਸਦੀ ਹੈ, "ਮੇਰੀ ਇੱਕ ਸਹੇਲੀ ਮੈਨੂੰ ਬੁਲਾਏਗੀ ਅਤੇ ਕਹੇਗੀ 'ਸੱਤ ਤੋਂ ਬਾਅਦ ਜਦੋਂ ਮਰਜ਼ੀ ਆ ਜਾਣਾ, ਪਰ ਜੇ ਮੈਂ ਅੱਠ ਵਜੇ ਜਾਂ ਬਾਅਦ ਵਿੱਚ ਜਾਵਾਂ ਤਾਂ ਉਹ ਨਾਰਾਜ਼ ਹੋ ਜਾਂਦੀ ਹੈ।’’
ਲਗਾਤਾਰ ਲੇਟ ਹੋਣਾ ਤੁਹਾਡੀ ਗਲਤੀ ਨਹੀਂ ਹੋ ਸਕਦੀ।
ਇਹ ਤੁਹਾਡੀ ਕਿਸਮ ਹੋ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਦੇ ਪਾਬੰਦ ਨਾ ਹੋਣ ਵਾਲੇ ਅਕਸਰ ਆਸ਼ਾਵਾਦ, ਸਵੈ-ਕੰਟਰੋਲ ਦੇ ਘੱਟ ਪੱਧਰ, ਚਿੰਤਾ, ਜਾਂ ਰੋਮਾਂਚ ਭਾਲਣ ਵਰਗੀਆਂ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਦੇ ਹਨ।
ਸ਼ਖ਼ਸੀਅਤ ਦੇ ਵਖਰੇਵੇਂ ਇਹ ਵੀ ਤੈਅ ਕਰ ਸਕਦੇ ਹਨ ਕਿ ਅਸੀਂ ਸਮਾਂ ਕਿਵੇਂ ਬਿਤਾਉਂਦੇ ਹਾਂ।
2001 ਵਿੱਚ ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਜੈੱਫ ਕੌਂਟੇ ਨੇ ਇੱਕ ਅਧਿਐਨ ਕੀਤਾ ਜਿਸ ਵਿੱਚ ਉਸ ਨੇ ਪ੍ਰਤੀਭਾਗੀਆਂ ਨੂੰ ‘ਟਾਈਪ ਏ’ (ਅਭਿਲਾਸ਼ੀ, ਪ੍ਰਤੀਯੋਗੀ) ਅਤੇ ‘ਟਾਈਪ ਬੀ’ (ਰਚਨਾਤਮਕ, ਚਿੰਤਨਸ਼ੀਲ, ਖੋਜੀ) ਵਿੱਚ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ।
ਉਸ ਨੇ ਉਨ੍ਹਾਂ ਨੂੰ ਕਿਹਾ ਕਿ ਘੜੀ ਦੇ ਬਿਨਾਂ ਇੱਕ ਮਿੰਟ ਬੀਤਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਇਸ ਦਾ ਫੈਸਲਾ ਕਰੋ।
ਟਾਈਪ ਏ ਵਾਲੇ ਲੋਕਾਂ ਨੂੰ ਲੱਗਿਆ ਕਿ ਇੱਕ ਮਿੰਟ ਬੀਤ ਗਿਆ ਹੈ ਜਦੋਂ ਕਿ ਲਗਭਗ 58 ਸਕਿੰਟ ਲੰਘੇ ਸਨ।
ਟਾਈਪ ਬੀ ਵਾਲੇ ਪ੍ਰਤੀਭਾਗੀਆਂ ਨੂੰ ਲੱਗਿਆ ਕਿ 77 ਸਕਿੰਟਾਂ ਬਾਅਦ ਇੱਕ ਮਿੰਟ ਬੀਤ ਚੁੱਕਾ ਹੈ।

ਤਸਵੀਰ ਸਰੋਤ, Getty Images
ਤੁਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਹੋ
ਖੁਦ ਨੂੰ ਦੇਰੀ ਕਰਨ ਵਾਲਾ ਘੋਸ਼ਿਤ ਕਰਨ ਵਾਲੇ ਵਿਅਕਤੀ ਅਤੇ ਟੈੱਡ ਸਪੀਕਰ ਟਿਮ ਅਰਬਨ ਨੇ 2015 ਵਿੱਚ ਲਿਖਿਆ ਸੀ ਕਿ ਦੇਰੀ ਕਰਨ ਵਾਲੇ ਲੋਕਾਂ ਦੀ ਅਕਸਰ "ਆਪਣੇ ਆਪ ਨੂੰ ਹਰਾਉਣ ਦੀ ਅਜੀਬ ਮਜਬੂਰੀ ਹੁੰਦੀ ਹੈ।’’
ਉਸ ਨੇ ਇਨ੍ਹਾਂ ਗਰੀਬ ਰੂਹਾਂ ਨੂੰ ਇੱਕ ਨਾਮ ਦਿੱਤਾ: ਕਲਪਿਸ (CLIPs) ਯਾਨੀ ਲਗਾਤਾਰ ਦੇਰੀ ਕਰਨ ਵਾਲੇ ਝੱਲੇ ਲੋਕ। (Chronically Late Insane People.)
ਬੇਸ਼ੱਕ, ਦੇਰੀ ਕਰਨ ਦੇ ਹੋਰ ਕਾਰਨ ਵੀ ਹਨ, ਪਰ ਬਹੁਤ ਸਾਰੇ ਖੁਦ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ।
ਸ਼ੁਰੂਆਤ ਕਰਨ ਵਾਲਿਆਂ ਤੋਂ ਦੇਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜਾਂ ਵਿਸਤਾਰ ’ਤੇ ਬਹੁਤ ਜ਼ਿਆਦਾ ਧਿਆਨ ਵੀ ਹੈ।
ਜੋਆਨਾ ਲਈ ਸਭ ਤੋਂ ਦੁਖਦਾਈ ਉਦਾਹਰਨ ਸਕੂਲ ਦੀਆਂ ਰਿਪੋਰਟਾਂ ਲਿਖਣਾ ਹੈ।
ਉਹ ਦੱਸਦੀ ਹੈ, "ਮੈਂ ਕਦੇ ਵੀ ਸਮਾਂ ਸੀਮਾ ਤੈਅ ਨਹੀਂ ਕਰਦੀ, ਅਜਿਹਾ ਲੱਗਦਾ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ।"
“ਮੈਂ ਰਿਪੋਰਟ ਬਾਰੇ ਹਫ਼ਤਿਆਂ ਤੱਕ ਸੋਚਦੀ ਹਾਂ, ਅਤੇ ਹਰੇਕ ਬੱਚੇ ਦਾ ਅਸਲ ਮੁਲਾਂਕਣ ਕਰਨ ਵਿੱਚ ਬਹੁਤ ਗੁੱਸਾ ਕਰਦੀ ਹਾਂ। ਪਰ ਇਹ ਤੱਥ ਕਿ ਉਨ੍ਹਾਂ ਨੂੰ ਦੇਰ ਹੋ ਚੁੱਕੀ ਹੈ, ਇਸ ਨੂੰ ਨਜ਼ਰਅੰਦਾਜ਼ ਕਰਦੀ ਹਾਂ।”
ਮੈਲੇਟ ਕਹਿੰਦੀ ਹੈ ਕਿ ਕੁਝ ਲੋਕਾਂ ਲਈ ਦੇਰੀ ‘‘ਗੰਭੀਰ ਰੂਪ ਨਾਲ ਪਰੇਸ਼ਾਨ ਕਰਨ ਵਾਲੀ ਆਮ ਮਾਨਸਿਕ ਸਿਹਤ ਜਾਂ ਨਿਊਰੋਲੋਜੀਕਲ ਸਥਿਤੀਆਂ ਦਾ ਨਤੀਜਾ ਹੈ।’’
ਉਦਾਹਰਨ ਲਈ, ਮੈਲੇਟ ਕਹਿੰਦੀ, "ਚਿੰਤਾ ਤੋਂ ਪੀੜਤ ਲੋਕ ਅਕਸਰ ਕੁਝ ਸਥਿਤੀਆਂ ਤੋਂ ਬਚਦੇ ਹਨ।"
"ਘੱਟ ਸਵੈ-ਮਾਣ ਵਾਲੇ ਵਿਅਕਤੀ ਆਪਣੀਆਂ ਸਮਰੱਥਾਵਾਂ ਬਾਰੇ ਆਲੋਚਨਾਤਮਕ ਹੋਣ ਦੀ ਸੰਭਾਵਨਾ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਨੂੰ ਚੈੱਕ ਕਰਨ ਲਈ ਵਧੇਰੇ ਸਮਾਂ ਲੱਗ ਸਕਦਾ ਹੈ।"
ਡਿਪਰੈਸ਼ਨ ਅਕਸਰ ਘੱਟ ਊਰਜਾ ਦੇ ਨਾਲ ਹੁੰਦੀ ਹੈ, ਜਿਸ ਨਾਲ ਅੱਗੇ ਵਧਣ ਲਈ ਪ੍ਰੇਰਣਾ ਜੁਟਾਉਣੀ ਮੁਸ਼ਕਿਲ ਹੋ ਜਾਂਦੀ ਹੈ।
ਆਪਣੇ ਦਿਮਾਗ਼ ਨੂੰ ਸਮੇਂ ਦਾ ਪਾਬੰਦ ਬਣਾਓ
ਨਿਊਯਾਰਕ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰ ਰਹੀ ਮਨੋਵਿਗਿਆਨੀ ਅਤੇ ‘ਹਊ ਟੂ ਬੀਟ ਪ੍ਰੋਕ੍ਰੈਸਟੀਨੇਸ਼ਨ ਇਨ ਦਿ ਡਿਜੀਟਲ ਏਜ’ ਦੀ ਲੇਖਿਕਾ ਡਾ. ਲਿੰਡਾ ਸਪਾਡਿਨ ਕਹਿੰਦੀ ਹੈ, ਕੁਝ ਹੱਦ ਤੱਕ ਲਗਾਤਾਰ ਦੇਰੀ ਕਰਨਾ "ਜਨੂੰਨੀ ਸੋਚ ਦੀ ਸਮੱਸਿਆ" ਤੋਂ ਆਉਂਦੀ ਹੈ।
ਸੰਖੇਪ ਵਿੱਚ, ਉਹ ਕਹਿੰਦੀ ਹੈ, ਦੇਰੀ ਉਸ ਘਟਨਾ ਜਾਂ ਸਮਾਂ ਸੀਮਾ ਨਾਲ ਜੁੜੇ ਡਰ 'ਤੇ ਧਿਆਨ ਕੇਂਦਰਿਤ ਕਰਦੀ ਹੈ ਜਿਸ ਲਈ ਉਹ ਦੇਰੀ ਨਾਲ ਚੱਲ ਰਹੇ ਹਨ।
ਇਹ ਪਤਾ ਲਗਾਉਣ ਦੀ ਬਜਾਏ ਕਿ ਡਰ ਵਿੱਚੋਂ ਕਿਵੇਂ ਨਿਕਲਣਾ ਹੈ, ਡਰ ਬਹਾਨਾ ਬਣ ਜਾਂਦਾ ਹੈ।
ਆਮ ਤੌਰ 'ਤੇ ਗੱਲ 'ਪਰ' ਨਾਲ ਪ੍ਰਗਟ ਕੀਤੀ ਜਾਂਦੀ ਹੈ।
ਉਹ ਦੱਸਦੀ ਹੈ, ਉਦਾਹਰਨ ਵਜੋਂ, ਤੁਸੀਂ ਆਪਣੇ ਆਪ ਨੂੰ ਕਹਿ ਸਕਦੇ ਹੋ, "ਮੈਂ ਉਸ ਸਮਾਗਮ ਲਈ ਸਮੇਂ ਸਿਰ ਪਹੁੰਚਣਾ ਚਾਹੁੰਦਾ ਸੀ, ਪਰ ਮੈਂ ਇਹ ਫੈਸਲਾ ਨਹੀਂ ਕਰ ਸਕਿਆ ਕਿ ਮੈਂ ਕੀ ਪਹਿਨਾਂ; ਮੈਂ ਇੱਕ ਲੇਖ ਲਿਖਣਾ ਸ਼ੁਰੂ ਕੀਤਾ, ਪਰ ਮੈਨੂੰ ਡਰ ਸੀ ਕਿ ਮੇਰੇ ਸਾਥੀਆਂ ਨੂੰ ਇਹ ਚੰਗਾ ਨਹੀਂ ਲੱਗੇਗਾ।"
ਸਪਾਡਿਨ ਕਹਿੰਦੀ ਹੈ, " 'ਪਰ' ਦੇ ਬਾਅਦ ਜੋ ਕੁਝ ਵੀ ਆਉਂਦਾ ਹੈ ਉਹ ਮਾਅਨੇ ਰੱਖਦਾ ਹੈ।"
ਉਹ ਲੋਕਾਂ ਨੂੰ 'ਪਰ' ਸ਼ਬਦ ਨੂੰ 'ਅਤੇ' ਵਿੱਚ ਬਦਲਣ ਲਈ ਕਹਿੰਦੀ ਹੈ। 'ਪਰ' ਵਿਰੋਧ ਅਤੇ ਰੁਕਾਵਟ ਨੂੰ ਦਰਸਾਉਂਦਾ ਹੈ; 'ਅਤੇ' ਕੁਨੈਕਸ਼ਨ ਅਤੇ ਸੰਪਰਕ ਨੂੰ ਦਰਸਾਉਂਦਾ ਹੈ।
ਉਹ ਦੱਸਦੀ ਹੈ, ਇਸ ਲਈ "ਕੰਮ ਘੱਟ ਮੁਸ਼ਕਿਲ ਹੋ ਜਾਂਦਾ ਹੈ, ਕਿਸੇ ਰੁਕਾਵਟ ਦਾ ਡਰ ਘੱਟ ਹੋ ਜਾਂਦਾ ਹੈ।"
ਡੀਲੋਂਜ਼ਰ ਨੇ ਸਮੇਂ ਦੀ ਪਾਬੰਦ ਹੋਣ ਲਈ ਉਸ ਚੀਜ਼ ਦੀ ਪਛਾਣ ਕਰਕੇ ਅਤੇ ਉਸ ਨੂੰ ਅਨੁਕੂਲ ਬਣਾਉਣਾ ਸ਼ੁਰੂ ਕੀਤਾ ਜੋ ਉਸ ਨੂੰ ਹਮੇਸ਼ਾ ਲੇਟ ਕਰਦੀ ਸੀ।
ਉਹ ਕਹਿੰਦੀ ਹੈ ਕਿ ਇਹ ਉਦੋਂ ਹੀ ਹੋਇਆ ਜਦੋਂ ਉਹ ਆਪਣੀ ਸਮਾਂਬੱਧਤਾ ਵਿੱਚ ਸੁਧਾਰ ਕਰਨ ਵਿੱਚ ਵਾਰ-ਵਾਰ ਅਸਫ਼ਲ ਰਹੀ।

ਤਸਵੀਰ ਸਰੋਤ, Getty Images
ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਜਲਦਬਾਜ਼ੀ ਦਾ ਰੁਮਾਂਚ ਸੀ ਜਿਸ ਲਈ ਉਹ ਤਰਸਦੀ ਸੀ।
ਉਹ ਜੋ ਚਾਹੁੰਦੀ ਸੀ, ਉਸ ਨੂੰ ਬਦਲਣਾ ਹੀ ਸੁਧਾਰ ਕਰਨ ਦਾ ਇੱਕੋ ਇੱਕ ਤਰੀਕਾ ਸੀ।
ਡੀਲੋਂਜ਼ਰ ਕਹਿੰਦੀ ਹੈ, "ਜਿਵੇਂ ਕਿ ਮੈਂ ਬਹੁਤ ਸਮੇਂ ਸਿਰ ਹੋਣ ਦੀ ਦਿਸ਼ਾ ਵਿੱਚ ਕੰਮ ਕੀਤਾ, ਮੈਨੂੰ ਇੱਕ ਭਰੋਸੇਮੰਦ ਵਿਅਕਤੀ ਹੋਣ ਦਾ ਮਹੱਤਵ ਦਿਖਾਈ ਦੇਣ ਲੱਗਿਆ। ਖ਼ੁਦ ਦਾ ਉਹ ਪੱਖ ਵਿਕਸਤ ਕਰਨਾ ਛੇਤੀ ਹੀ ਮੇਰੀ ਤਰਜੀਹ ਬਣ ਗਿਆ।"
ਫਿਰ ਅਜਿਹੇ ਦੋਸਤ ਅਤੇ ਅਜ਼ੀਜ਼ ਹਨ ਜੋ ਇਸ ਨੂੰ ਹੋਰ ਨਹੀਂ ਬਰਦਾਸ਼ਤ ਕਰ ਸਕਦੇ।
ਸਪਾਡਿਨ ਦੇ ਕੁਝ ਮਰੀਜ਼ ਇੱਕ ਨਿਰਾਸ਼ ਅਜ਼ੀਜ਼ ਰਾਹੀਂ ਉਸ ਨਾਲ ਇੱਕ ਸੈਸ਼ਨ ਜਾਂ ਕੋਰਸ ਬੁੱਕ ਕਰਵਾ ਕੇ ਆਉਂਦੇ ਹਨ।
ਜੋ ਇੰਤਜ਼ਾਰ ਛੱਡ ਚੁੱਕੇ ਹਨ, ਉਨ੍ਹਾਂ ਲਈ ਉਮੀਦ ਹੈ। ਤੁਸੀਂ, ਵੀ, ਇਹ ਤੈਅ ਕਰ ਸਕਦੇ ਹੋ ਕਿ ਤੁਸੀਂ ਕੀ ਕਰਨ ਲਈ ਤਿਆਰ ਹੋ।
ਉਹ ਕਹਿੰਦੀ ਹੈ, ‘‘ਗੁੱਸੇ ਜਾਂ ਪਰੇਸ਼ਾਨ ਹੋਣ ਦੀ ਬਜਾਏ, ਤੁਸੀਂ ਸਟੈਂਡ ਲੈ ਸਕਦੇ ਹੋ ਅਤੇ ਸੀਮਾਵਾਂ ਤੈਅ ਕਰ ਸਕਦੇ ਹੋ।"
"ਜੇਕਰ ਦੂਜਾ ਵਿਅਕਤੀ ਸਮੇਂ ’ਤੇ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ, ਇਸ ਬਾਰੇ ਗੱਲ ਕਰੋ।"
ਉਦਾਹਰਨ ਲਈ, ਆਪਣੇ ਦੇਰੀ ਨਾਲ ਆਉਣ ਵਾਲੇ ਦੋਸਤ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਤੋਂ ਬਿਨਾਂ ਫਿਲਮ ਦੇਖਣ ਚਲੇ ਜਾਵੋਗੇ ਜੇਕਰ ਉਹ ਦਸ ਮਿੰਟ ਤੋਂ ਵੱਧ ਦੇਰੀ ਨਾਲ ਆਉਂਦੇ ਹਨ।

ਤਸਵੀਰ ਸਰੋਤ, Getty Images
ਉਸ ਸਹਿਕਰਮੀ ਨੂੰ ਦੱਸੋ ਜੋ ਕਦੇ ਵੀ ਪ੍ਰਾਜੈਕਟ ਦੇ ਆਪਣੇ ਹਿੱਸੇ ਨੂੰ ਸਮੇਂ ਸਿਰ ਨਹੀਂ ਦਿੰਦਾ ਹੈ, ਉਸ ਨੂੰ ਕਹੋ ਕਿ ਦੇਰੀ ਹੋਣ ’ਤੇ ਇਸ ਨੂੰ ਅਗਲੀ ਵਾਰ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਬੌਸ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ।
ਉਸ ਨੇ ਕਿਹਾ, “ਮੇਰੇ ਲਈ ਇੱਕ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ ਮੇਰੇ ਇੱਕ ਚੰਗੇ ਦੋਸਤ ਨੇ ਰੇਤ ’ਤੇ ਆਪਣੀ ਰੇਖਾ ਖਿੱਚੀ। ਮੈਂ ਆਪਣੀ ਸਥਾਨਕ ਪਾਰਕ ਵਿੱਚ ਦੌੜਨ ਲਈ ਇੱਕ ਘੰਟਾ ਲੇਟ ਸੀ। ਬਸ, ਇੰਨਾ ਹੀ ਸੀ।”
“ਉਹ ਮੇਰੇ ਨਾਲ ਹੋਰ ਕੋਈ ਯੋਜਨਾ ਨਹੀਂ ਬਣਾਉਣ ਵਾਲੀ ਸੀ।”
ਇਸ ਲਈ ਉਸ ਨੇ ਮੇਰੇ ਲਈ ਸਭ ਤੋਂ ਵਧੀਆ ਚੀਜ਼ ਸ਼ੁਰੂ ਕੀਤੀ: ਜਵਾਬਦੇਹੀ ਅਤੇ ਅੰਤਰੀਵ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਹੱਲ ਕਰਨਾ ਜੋ ਮੇਰੀ ਸਥਾਈ ਦੇਰੀ ਦਾ ਕਾਰਨ ਬਣੀਆਂ।
ਜਿਵੇਂ ਕਿਹਾ ਜਾਂਦਾ ਹੈ ਕਿ ਪੁਰਾਣੀਆਂ ਆਦਤਾਂ ਮੁਸ਼ਕਿਲ ਨਾਲ ਛੁੱਟਦੀਆਂ ਹਨ, ਅਤੇ ਇਸ ਲੇਖ ਦਾ ਦਰਦ ਉਸੇ ਦੀ ਇੱਕ ਸਹੀ ਉਦਾਹਰਨ ਹੈ।
ਪਰ ਅਗਲੀ ਵਾਰ ਜਦੋਂ ਮੈਂ ਖ਼ੁਦ ਨੂੰ ਕਿਸੇ ਦਾ ਇੰਤਜ਼ਾਰ ਕਰਦੇ ਹੋਏ ਦੇਖਾਂਗੀ, ਤਾਂ ਮੈਂ ਆਪਣੀ ਸੋਚ ਨੂੰ ਦੇਖਾਂਗੀ, ਅਤੇ ਮੈਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ, ਭਾਵੇਂ ਥੋੜ੍ਹਾ ਜਿਹਾ ਹੀ ਸਹੀ।












