ਦੁਨੀਆਂ ਦਾ ਸਭ ਤੋਂ ਉੱਚਾ ਜੰਗ ਦਾ ਮੈਦਾਨ, ਜਿੱਥੋਂ ਫੌਜੀਆਂ ਦੀਆਂ ਲਾਸ਼ਾਂ ਕਈ-ਕਈ ਸਾਲ ਬਾਅਦ ਲੱਭਦੀਆਂ ਹਨ

ਸਿਆਚਿਨ ਗਲੇਸ਼ੀਅਰ

ਤਸਵੀਰ ਸਰੋਤ, Getty Images

"ਜੇਕਰ ਜਿੱਤ ਦੇ ਇਰਾਦੇ ਨਾਲ ਬੇਖ਼ੌਫ਼ ਹੋ ਕੇ ਜੰਗ ਦੇ ਮੈਦਾਨ ਵਿੱਚ ਜਾਉਗੇ ਤੇ ਬਗ਼ੈਰ ਝਰੀਟ ਦੇ ਘਰ ਆ ਸਕੋਗੇ।"

ਜਾਪਾਨ ਦੇ 16ਵੀਂ ਸਦੀ ਦੇ ਜਰਨੈਲਾਂ ਵਿੱਚੋਂ ਇੱਕ ਯੂਸੁਗੀ ਕੇਨਸ਼ਿਨ ਨੇ ਜਦੋਂ ਇਹ ਗੱਲ ਕਹੀ ਸੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਣਾ ਕਿ ਦੋ ਦੇਸ਼ਾਂ ਦੀਆਂ ਫ਼ੌਜਾਂ ਸਮੁੰਦਰ ਦੀ ਬਜਾਏ ਬੱਦਲਾਂ ਦੇ ਨੇੜੇ ਆਹਮੋ-ਸਾਹਮਣੇ ਹੋਣਗੀਆਂ। ਉਹ ਵੀ 15-15 ਮੀਟਰ ਉੱਚੀ ਬਰਫ਼ ਵਿਚਾਲੇ।

ਪਿਛਲੇ ਚਾਰ ਦਹਾਕਿਆਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਇੱਕ ਦੂਜੇ ਦੇ ਸਾਹਮਣੇ ਅਜਿਹੇ ਹੀ ਹਾਲਾਤ ਵਿੱਚ ਮੁਸਤੈਦ ਹਨ।

ਜਿਸ ਥਾਂ 'ਤੇ ਫੌਜੀਆਂ ਦੇ ਆਹਮੋ-ਸਾਹਮਣੇ ਮੋਰਚਾਬੰਦੀ ਹੈ, ਉਸ ਨੂੰ ਸਿਆਚਿਨ ਗਲੇਸ਼ੀਅਰ ਕਿਹਾ ਜਾਂਦਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਮੰਨਿਆ ਜਾਂਦਾ ਹੈ।

ਸਿਆਚਿਨ ਗਲੇਸ਼ੀਅਰ ਕਸ਼ਮੀਰ ਦੇ ਉੱਤਰ ਵਿੱਚ 6700 ਮੀਟਰ ਦੀ ਉਚਾਈ 'ਤੇ ਸਥਿਤ ਹੈ।

ਇਸ ਨੂੰ ਨਾ ਸਿਰਫ਼ ਇਸ ਲਈ ਘਾਤਕ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਢਲਾਣਾਂ ਅਤੇ ਘਾਟੀਆਂ ਵਿਚ ਵੱਡੀ ਗਿਣਤੀ ਵਿੱਚ ਦੋਵੇਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਹਨ।

ਬਲਕਿ ਇਸ ਲਈ ਵੀ ਘਾਤਕ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਦਾ ਜਲਵਾਯੂ ਅਤੇ ਕੁਝ ਇਲਾਕੇ ਜਾਨਲੇਵਾ ਹਨ।

ਸਿਆਚਿਨ ਗਲੇਸ਼ੀਅਰ

ਤਸਵੀਰ ਸਰੋਤ, Getty Images

3 ਅਪ੍ਰੈਲ 1984 ਨੂੰ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਵਿਚਕਾਰ ਮੁਕਾਬਲਾ ਹੋਇਆ ਸੀ। ਜਿਸ ਤੋਂ ਬਾਅਦ ਇੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦੇ ਸਾਹਮਣੇ ਖੜ੍ਹੀਆਂ ਹਨ।

ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਕੜਾਕੇ ਦੀ ਠੰਢ, ਬਰਫ਼ੀਲੇ ਤੂਫ਼ਾਨ ਅਤੇ ਢਿੱਗਾਂ ਡਿਗਣ ਦੀਆਂ ਘਟਨਾਵਾਂ 'ਚ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਫੌਜੀ ਮਾਰੇ ਜਾ ਚੁੱਕੇ ਹਨ।

ਇੰਨਾ ਹੀ ਨਹੀਂ ਜੋ ਲੋਕ ਬਰਫੀਲੇ ਤੂਫਾਨ 'ਚ ਮਾਰੇ ਗਏ ਉਨ੍ਹਾਂ ਵਿੱਚੋਂ ਕਈਆਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਕੀਤੀਆਂ ਗਈਆਂ ਹਨ।

ਬੀਤੇ ਹਫ਼ਤੇ ਸਿਆਚਿਨ ਗਲੇਸ਼ੀਅਰ 'ਚ ਤੈਨਾਤ ਭਾਰਤੀ ਫੌਜ ਦੀ ਇਕ ਯੂਨਿਟ ਨੂੰ ਦੋ ਫੌਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਹਜ਼ਾਰਾਂ ਸੈਨਿਕ ਮਾਰੇ ਗਏ

ਇਕ ਲਾਸ਼ 38 ਸਾਲ ਪਹਿਲਾਂ ਇਸ ਇਲਾਕੇ ਵਿਚ ਲਾਪਤਾ ਹੋਏ ਫੌਜੀ ਦੀ ਸੀ, ਜਦਕਿ ਦੂਜੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।

ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਚੰਦਰਸ਼ੇਖਰ ਹਰਬੋਲਾ ਨਾਂ ਦੇ ਸਿਪਾਹੀ ਦੀ ਲਾਸ਼ ਦੇ ਅਵਸ਼ੇਸ਼ ਮਿਲੇ ਹਨ।

1984 ਵਿੱਚ ਗਲੇਸ਼ੀਅਰ 'ਤੇ ਗਸ਼ਤ ਕਰਦੇ ਵੇਲੇ, ਉਹ ਆਪਣੇ 19 ਸਾਥੀਆਂ ਸਣੇ ਬਰਫ ਦੇ ਤੋਦੇ ਦੀ ਲਪੇਟ ਵਿੱਚ ਆ ਗਿਆ।

ਸਿਆਚਿਨ ਗਲੇਸ਼ੀਅਰ

ਤਸਵੀਰ ਸਰੋਤ, BBC/ASIF ALI

ਤਸਵੀਰ ਕੈਪਸ਼ਨ, ਸਿਆਚਿਨ ਵਿੱਚ ਲਾਪਤਾ ਹੋਏ ਹਰਬੋਲਾ ਦੀ ਲਾਸ਼ 38 ਸਾਲਾ ਬਾਅਦ ਮਿਲੀ

ਹਰਬੋਲਾ ਉਤਰਾਖੰਡ ਦਾ ਰਹਿਣ ਵਾਲੇ ਸਨ। ਇੰਨੇ ਸਾਲਾਂ ਬਾਅਦ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਟਾਈਮਜ਼ ਆਫ ਇੰਡੀਆ ਮੁਤਾਬਕ ਗਸ਼ਤੀ ਟੀਮ ਲਈ ਹਰਬੋਲਾ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਆਖ਼ਰੀ ਵੇਲੇ ਇੱਕ ਸਿਪਾਹੀ ਦੇ ਬੀਮਾਰ ਹੋ ਜਾਣ ਕਾਰਨ ਹਰਬੋਲਾ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ। ਸਾਲ 2014 ਵਿੱਚ, ਭਾਰਤੀ ਫੌਜ ਦੀ ਇੱਕ ਗਸ਼ਤੀ ਟੀਮ ਨੂੰ ਤੁਕਾਰਾਮ ਪਾਟਿਲ ਦੀ ਲਾਸ਼ ਮਿਲੀ ਸੀ। ਦੱਸਿਆ ਜਾਂਦਾ ਹੈ ਕਿ ਪਾਟਿਲ 21 ਸਾਲ ਪਹਿਲਾਂ ਇਸ ਇਲਾਕੇ ਤੋਂ ਗਾਇਬ ਹੋ ਗਏ ਸਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਸਾਲ 2017 ਤੱਕ, ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਮੰਨਿਆ ਹੈ ਕਿ 38 ਸਾਲ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹੋਏ ਸੰਘਰਸ਼ ਤੋਂ ਲੈ ਕੇ ਹੁਣ ਤੱਕ ਇਸ ਖੇਤਰ ਵਿੱਚ 2500 ਫੌਜੀ ਮਾਰੇ ਗਏ ਹਨ।

ਅਣਅਧਿਕਾਰਤ ਤੌਰ 'ਤੇ ਇਹ ਗਿਣਤੀ 3000 ਤੋਂ 5000 ਲੋਕਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਜੰਗ ਨਾਲੋਂ ਮੌਸਮ ਵੱਧ ਘਾਤਕ

ਇਸ ਇਲਾਕੇ ਵਿੱਚ ਜੋ ਫੌਜੀ ਮਾਰੇ ਗਏ, ਉਸ ਦਾ ਕਾਰਨ ਬਹੁਤ ਔਖਾ ਭੂਗੋਲਿਕ ਖੇਤਰ ਅਤੇ ਜਲਵਾਯੂ ਸੀ। ਇਨ੍ਹਾਂ ਵਿਚੋਂ 70 ਫੀਸਦੀ ਦੀ ਮੌਤ ਇਸੇ ਕਾਰਨ ਹੀ ਹੋਈ ਹੈ।

ਇਸ ਲਈ 2003 ਵਿੱਚ ਭਾਰਤ ਅਤੇ ਪਾਕਿਸਤਾਨ ਨੇ ਇੱਥੇ ਜੰਗਬੰਦੀ ਸਮਝੌਤਾ ਕੀਤਾ ਸੀ। ਇਸ ਸਮਝੌਤੇ ਕਾਰਨ ਹੁਣ ਤੱਕ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਇੱਥੇ ਕੋਈ ਲੜਾਈ ਨਹੀਂ ਹੋਈ ਹੈ।

ਸਿਆਚਿਨ ਗਲੇਸ਼ੀਅਰ
ਤਸਵੀਰ ਕੈਪਸ਼ਨ, ਗਿਆਰੀ ਸੈਕਟਰ ਵਿੱਚ ਪਾਕਿਸਤਾਨ ਦੇ 140 ਬਰਫ਼ ਤੋਦੇ ਵਿੱਚ ਦਬ ਗਏ

ਪੰਜ ਸਾਲ ਪਹਿਲਾਂ ਬੀਬੀਸੀ 'ਤੇ ਛਪੇ ਇੱਕ ਇੰਟਰਵਿਊ ਵਿੱਚ ਪਾਕਿਸਤਾਨੀ ਫ਼ੌਜ ਦੇ ਇੱਕ ਸੀਨੀਅਰ ਸਿਪਾਹੀ ਅਤੇ ਡਾਕਟਰ ਨੇ ਕਿਹਾ ਸੀ, "ਇੱਥੇ ਸੈਨਿਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੌਸਮ ਹੈ। ਠੰਢੀ ਹਵਾ ਅਤੇ ਆਕਸੀਜਨ ਦੀ ਕਮੀ ਇੱਥੋ ਦੇ ਹਾਲਾਤ ਨੂੰ ਘਾਤਕ ਬਣਾਉਂਦੀ ਹੈ, ਦੁਸ਼ਮਣ ਦੀ ਫ਼ੌਜ ਨਹੀਂ।"

ਸਿਆਚਿਨ ਦਾ ਔਸਤ ਤਾਪਮਾਨ ਸਾਲ ਭਰ 0 ਤੋਂ 20 ਡਿਗਰੀ ਹੇਠਾਂ ਤੱਕ ਰਹਿੰਦਾ ਹੈ, ਪਰ ਸਰਦੀਆਂ ਵਿੱਚ ਇਹ 50 ਡਿਗਰੀ ਸੈਲਸੀਅਸ ਤੱਕ ਘੱਟ ਜਾਂਦਾ ਹੈ।

ਆਕਸੀਜਨ ਦੀ ਕਮੀ ਕਾਰਨ ਇੱਥੇ ਸਾਹ ਲੈਣਾ ਬਹੁਤ ਮੁਸ਼ਕਲ ਹੈ।

ਜਦੋਂ 140 ਜਣੇ ਬਰਫ਼ ਥੱਲੇ ਦੱਬ ਗਏ

7 ਅਪ੍ਰੈਲ 2012 ਨੂੰ ਇੱਥੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਉਸ ਦਿਨ ਪਾਕਿਸਤਾਨ ਲਾਈਟ ਇਨਫੈਂਟਰੀ ਦੇ 140 ਜਵਾਨ ਬਰਫ਼ ਦੇ ਤੋਦੇ 'ਚ ਦੱਬ ਗਏ ਸਨ।

ਯੂਨਿਟ ਦੇ ਹੈੱਡਕੁਆਰਟਰ ਨੂੰ ਬਰਫ਼ ਅਤੇ ਪੱਥਰਾਂ ਨੇ ਖਾ ਲਿਆ ਸੀ। ਇਹ ਇਲਾਕਾ ਪਾਕਿਸਤਾਨੀ ਫੌਜ ਦੇ ਗਿਆਰੀ ਸੈਕਟਰ ਵਿੱਚ ਸੀ। ਇਹ ਸਥਾਨ ਸਿਆਚਿਨ ਗਲੇਸ਼ੀਅਰ ਤੋਂ 32 ਕਿਲੋਮੀਟਰ ਪੱਛਮ ਵਿੱਚ ਹੈ।

ਇਕ ਸਾਲ ਬਾਅਦ ਭਾਰਤੀ ਫੌਜ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ। ਭਾਰਤੀ ਚੌਕੀ 'ਤੇ ਬਰਫ਼ ਦੀ ਇੱਕ ਵੱਡੀ ਕੰਧ ਡਿੱਗ ਗਈ।

ਅਧਿਕਾਰੀਆਂ ਮੁਤਾਬਕ ਇਸ ਹਾਦਸੇ 'ਚ 9 ਜਵਾਨਾਂ ਦੀ ਮੌਤ ਹੋ ਗਈ।

ਭਾਰਤ ਅਤੇ ਪਾਕਿਸਤਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਖੇਤਰ ਨੂੰ ਗ਼ੈਰ-ਫੌਜੀਕਰਨ ਅਤੇ ਸਾਂਝੇ ਖੇਤਰ ਨੂੰ ਸੀਮਤ ਕਰਨ ਲਈ ਗੱਲਬਾਤ ਕੀਤੀ ਹੈ, ਪਰ ਕੋਈ ਲਾਭ ਨਹੀਂ ਹੋਇਆ।

ਇਸ ਕਾਰਨ ਦੋਵਾਂ ਪਾਸਿਆਂ ਦੇ ਹਜ਼ਾਰਾਂ ਸੈਨਿਕਾਂ ਨੂੰ ਇਸ ਬਹੁਤ ਔਖੇ ਭੂਗੋਲਿਕ ਖੇਤਰ ਵਿੱਚ ਤੈਨਾਤ ਰਹਿਣਾ ਪੈਂਦਾ ਹੈ।

ਸਿਆਚਿਨ ਗਲੇਸ਼ੀਅਰ

ਤਸਵੀਰ ਸਰੋਤ, PRASHANT PANJIAR

ਜਦਕਿ ਅਸਲੀਅਤ ਇਹ ਹੈ ਕਿ ਮਾਰੂ ਮੌਸਮ ਕਾਰਨ ਇੱਥੇ ਬਾਥਰੂਮ ਜਾਣਾ, ਬੁਰਸ਼ ਕਰਨਾ ਜਾਂ ਖਾਣਾ ਖਾਣ ਵਰਗੇ ਰੋਜ਼ਾਨਾ ਕੰਮ ਵੀ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੇ ਹਨ।

ਇਸ ਦੇ ਨਾਲ ਆਰਥਿਕ ਲਾਗਤ ਨੂੰ ਵੀ ਜੋੜਿਆ ਜਾਣਾ ਚਾਹੀਦਾ ਹੈ। 2014 ਵਿੱਚ ਬੀਬੀਸੀ ਨੇ ਦੱਸਿਆ ਸੀ ਕਿ ਭਾਰਤੀ ਫੌਜ ਸਿਆਚਿਨ ਵਿੱਚ ਤੈਨਾਤ ਆਪਣੇ ਸੈਨਿਕਾਂ ਨੂੰ ਸਪਲਾਈ ਕਰਨ ਲਈ ਹਰ ਰੋਜ਼ ਇੱਕ ਮਿਲੀਅਨ ਡਾਲਰ ਖ਼ਰਚ ਕਰਦੀ ਹੈ।

ਇਸ ਦੇ ਬਾਵਜੂਦ ਭਾਰਤ ਇਸ ਰਣਨੀਤਕ ਸਥਿਤੀ ਨੂੰ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਇੱਥੋਂ ਉਹ ਕਸ਼ਮੀਰ ਦੇ ਨੀਵੇਂ ਇਲਾਕਿਆਂ ਵਿੱਚ ਆਪਣੇ ਦੁਸ਼ਮਣ 'ਤੇ ਚੰਗੀ ਪਕੜ ਬਣਾ ਸਕਦਾ ਹੈ।

ਅਪ੍ਰੈਲ 1984 ਵਿੱਚ ਭਾਰਤੀ ਫੌਜ ਨੇ ਇੱਥੇ ਆਪ੍ਰੇਸ਼ਨ ਮੇਘਦੂਤ ਚਲਾ ਕੇ ਸਿਆਚਿਨ ਗਲੇਸ਼ੀਅਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪਾਕਿਸਤਾਨ ਨੇ 1970 ਵਿੱਚ ਇਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਦੋਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨੀ ਫੌਜ ਨੇ ਕਈ ਵਾਰ ਇਸ ਜਗ੍ਹਾ ਨੂੰ ਭਾਰਤੀ ਫੌਜ ਤੋਂ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਅਸਫ਼ਲ ਰਹੀ।

ਪਾਕਿਸਤਾਨੀ ਫ਼ੌਜ ਦੇ ਇੱਕ ਨੌਜਵਾਨ ਅਫ਼ਸਰ ਪਰਵੇਜ਼ ਮੁਸ਼ੱਰਫ਼ ਦੀ ਅਗਵਾਈ ਵਿੱਚ ਵੀ ਇੱਕ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਉਹ ਵੀ ਨਾਕਾਮ ਰਹੀ।

Banner

ਇਹ ਵੀ ਪੜ੍ਹੋ-

Banner
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)