ਗੈਰ ਕਾਨੂੰਨੀ ਪਰਵਾਸ ਦਾ 'ਪਾਸਪੋਰਟ ਸਿੰਡੀਕੇਟ ਬੈਂਕ' : ਮੈਕਸੀਕੋ ਤੋਂ ਅਮਰੀਕਾ ਜਾਣ ਲਈ 'ਟਰੰਪ ਕੰਧ' ਤੋਂ ਡਿੱਗ ਕੇ ਪਤੀ ਦੀ ਮੌਤ, ਪੁੱਤ ਤੇ ਪਤਨੀ ਜਖ਼ਮੀ

ਬ੍ਰਿਜ ਕੁਮਾਰ ਯਾਦਵ

ਤਸਵੀਰ ਸਰੋਤ, KARTIK JANI

    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਨਿਊਜ਼

ਗੁਜਰਾਤ ਦੇ ਗਾਂਧੀਨਗਰ ਜ਼ਿਲੇ ਦੇ ਕਲੋਲ ਨੇੜੇ ਇਕ ਛੋਟੇ ਜਿਹੇ ਪਿੰਡ ਬੋਰੀਸਾਨਾ 'ਚ ਸਭ ਕੁਝ ਰੋਜ਼ਾਨਾ ਵਾਂਗ ਚੱਲ ਰਿਹਾ ਹੈ, ਪਰ ਇੱਕ ਅਜਿਹੀ ਘਟਨਾ ਦਾ ਦਰਦ ਲੋਕਾਂ ਦੇ ਚਿਹਰਿਆਂ ਉੱਤੇ ਦੇਖਿਆ ਜਾ ਸਕਦਾ ਸੀ, ਜਿਸ ਬਾਰੇ ਉਹ ਬੋਲਣ ਲਈ ਤਿਆਰ ਨਹੀਂ ਹਨ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ 'ਇਥੋਂ ਦੇ ਲੋਕ ਡਾਲਰ ਕਮਾਉਣ ਖਾਤਰ ਅਮਰੀਕਾ ਜਾਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ', ਪਰ ਜਦੋਂ ਤੋਂ ਕਥਿਤ ਤੌਰ 'ਤੇ 'ਗ਼ੈਰ ਕਾਨੂੰਨੀ ਢੰਗ ਨਾਲ' ਅਮਰੀਕਾ 'ਚ ਦਾਖ਼ਲ ਹੁੰਦੇ ਨੌਜਵਾਨ ਦੀ ਮੌਤ ਦੀ ਖ਼ਬਰ ਆਈ ਹੈ, ਅਮਰੀਕਾ ਪ੍ਰਤੀ ਇਸ ਆਕਰਸ਼ਣ ਬਾਰੇ ਬੋਲਣ ਲਈ ਕੋਈ ਵੀ ਤਿਆਰ ਨਹੀਂ ਹੈ।

ਰਿਪੋਰਟਾਂ ਮੁਤਾਬਕ, ਗਾਂਧੀਨਗਰ ਦੇ ਕਲੋਲ ਦੇ ਰਹਿਣ ਵਾਲੇ ਬ੍ਰਿਜ ਕੁਮਾਰ ਯਾਦਵ ਨਾਮ ਦੇ ਨੌਜਵਾਨ ਦੀ ਮੈਕਸੀਕੋ-ਅਮਰੀਕਾ ਸਰਹੱਦ 'ਤੇ ਸਥਿਤ 30 ਫੁੱਟ ਉੱਚੀ 'ਟਰੰਪ ਦੀਵਾਰ' ਤੋਂ ਡਿੱਗਣ ਸਮੇਂ ਮੌਤ ਹੋ ਗਈ।

ਉਹ ਮੈਕਸੀਕੋ ਰਾਹੀ 'ਗੈਰ-ਕਾਨੂੰਨੀ ਤਰੀਕੇ ਨਾਲ' ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਰਿਪੋਰਟਾਂ ਮੁਤਾਬਕ, ਕੰਧ 'ਤੇ ਚੜ੍ਹਦੇ ਸਮੇਂ ਉਸ ਨੇ ਆਪਣੇ ਤਿੰਨ ਸਾਲ ਦੇ ਬੱਚੇ ਨੂੰ ਵੀ ਗੋਦੀ ਲਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੀਬੀਸੀ ਦੀ ਗੁਜਰਾਤੀ ਸੇਵਾ ਨੇ ਇਸ ਪੂਰੀ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਪਤਨੀ ਦੇ ਨਾਲ ਬ੍ਰਿਜ ਕੁਮਾਰ ਯਾਦਵ

ਤਸਵੀਰ ਸਰੋਤ, KARTIK JANI

ਤਸਵੀਰ ਕੈਪਸ਼ਨ, ਪਤਨੀ ਦੇ ਨਾਲ ਬ੍ਰਿਜ ਕੁਮਾਰ ਯਾਦਵ

ਪਿੰਡ ਦੇ ਵਧੇੇਰੇ ਨੌਜਵਾਨ ਵਿਦੇਸ਼ਾਂ ਵਿੱਚ

ਇਸ ਪਿੰਡ ਵਿੱਚ ਬਹੁਗਿਣਤੀ ਪਟੇਲ ਅਤੇ ਠਾਕੋਰ ਭਾਈਚਾਰਿਆਂ ਦੀ ਹੈ, ਜੋ ਕਿ ਜ਼ਿਆਦਾਤਰ ਚੰਗੇ ਕੰਮ-ਧੰਦੇ ਕਰਦੇ ਹਨ, ਜਿਸ ਦਾ ਕਾਰਨ ਹੈ, ਇਸ ਇਲਾਕੇ 'ਚ ਹੁੰਦੀ ਚੰਗੀ ਖੇਤੀਬਾੜੀ ਤੇ ਆਲੇ-ਦੁਆਲੇ ਲੱਗੇ ਉਦਯੋਗ।

ਪਿੰਡ ਦੀ ਆਬਾਦੀ ਲਗਭਗ 3,000 ਹੈ ਪਰ ਇੱਥੇ ਬਹੁਤ ਘੱਟ ਨੌਜਵਾਨ ਹਨ, ਕਿਉਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਲਈ ਵਿਦੇਸ਼ ਜਾਂ ਸ਼ਹਿਰ ਗਏ ਹੋਏ ਹਨ।

ਭਾਵੇਂ ਇਸ ਪਿੰਡ ਵਿਚ ਈਸਾਈਆਂ ਦੀ ਕੋਈ ਵਸੋਂ ਨਹੀਂ ਹੈ, ਪਰ ਕ੍ਰਿਸਮਿਸ ਦੌਰਾਨ ਵੀ ਇੱਥੇ ਦੀਵਾਲੀ ਵਰਗਾ ਮਾਹੌਲ ਹੁੰਦਾ ਹੈ, ਕਿਉਂਕਿ ਇਸ ਦੌਰਾਨ ਵਿਦੇਸ਼ਾਂ ਵਿਚ ਰਹਿੰਦੇ ਬਹੁਤ ਸਾਰੇ ਲੋਕ ਆਪਣੀ ਇਸ ਮਾਤ ਭੂਮੀ ਨੂੰ ਪਰਤ ਆਉਂਦੇ ਹਨ।

ਪਰ ਇਸ ਵਾਰ ਪਹਿਲੇ ਸਾਲਾਂ ਵਰਗਾ ਮਾਹੌਲ ਨਹੀਂ ਹੈ, ਜਿਸ ਦਾ ਕਾਰਨ ਹੈ 32 ਸਾਲਾ ਬ੍ਰਿਜਕੁਮਾਰ ਦੀ ਮੌਤ।

ਬ੍ਰਿਜ ਦੇ ਪਿਤਾ ਉੱਤਰੀ ਭਾਰਤ ਤੋਂ ਗੁਜਰਾਤ ਆਏ ਸਨ ਅਤੇ ਟੈਲੀਫੋਨ ਵਿਭਾਗ ਵਿੱਚ ਕੰਮ ਕਰਦੇ ਸਨ, ਉਸਦੇ ਪਿਤਾ ਸੱਤ ਸਾਲ ਪਹਿਲਾਂ ਸੇਵਾਮੁਕਤ ਹੋ ਚੁੱਕੇ ਹਨ।

ਬ੍ਰਿਜ ਇਸੇ ਬੋਰੀਸਾਨਾ ਪਿੰਡ ਵਿੱਚ ਛੋਟਾ-ਮੋਟਾ ਕਾਰੋਬਾਰ ਕਰਦਾ ਸੀ।

ਲਾਈਨ
  • ਗੁਜਰਾਤ ਦੇ ਗਾਂਧੀਨਗਰ ਦੇ ਰਹਿਣ ਵਾਲੇ ਬ੍ਰਿਜ ਯਾਦਵ ਨਾਂ ਦੇ ਨੌਜਵਾਨ ਦੀ 'ਗੈਰ-ਕਾਨੂੰਨੀ ਢੰਗ ਨਾਲ' ਅਮਰੀਕਾ 'ਚ ਦਾਖ਼ਲ ਹੁੰਦੇ ਸਮੇਂ ਮੌਤ
  • ਜਾਣਕਾਰੀ ਮੁਤਾਬਕ, ਆਪਣੀ ਪਤਨੀ ਅਤੇ ਬੇਟੇ ਨਾਲ ਕਥਿਤ ਤੌਰ 'ਤੇ ਮੈਕਸੀਕੋ-ਅਮਰੀਕਾ ਸਰਹੱਦ ਦੀ 'ਟਰੰਪ ਵਾਲ' ਨੂੰ ਪਾਰ ਕਰਦੇ ਸਮੇਂ ਹੋਈ ਵਿਅਕਤੀ ਦੀ ਮੌਤ
  • ਸੀਆਈਡੀ ਕ੍ਰਾਈਮ ਨੇ ਮੁੱਢਲੀ ਸੂਚਨਾ ਦੇ ਆਧਾਰ 'ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਚ
  • ਉੱਤਰੀ ਗੁਜਰਾਤ ਵਿੱਚ ਵਧੇਰੇ ਲੋਕ ਅਮਰੀਕਾ ਵਰਗੇ ਪੱਛਮੀ ਮੁਲਕਾਂ 'ਚ ਜਾ ਕੇ ਡਾਲਰ ਕਮਾਉਣ ਦੇ ਚਾਹਵਾਨ ਹਨ
  • ਇਨ੍ਹਾਂ ਵਿੱਚੋਂ ਬਹੁਤ ਲੋਕ ਗ਼ੈਰ ਕਾਨੂੰਨੀ ਢੰਗ ਅਪਣਾਉਂਦੇ ਹਨ ਤੇ ਇਸ ਦੇ ਲਈ ਕਈ ਜੋਖ਼ਮ ਵੀ ਉਠਾਉਂਦੇ ਹਨ
ਲਾਈਨ

'ਬ੍ਰਿਜ ਜਲਦੀ ਪੈਸਾ ਕਮਾਉਣਾ ਚਾਹੁੰਦਾ ਸੀ'

ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਦੋਸਤ ਜੈੇਇੰਦਰ ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਬ੍ਰਿਜ, ਉਹ ਅਤੇ ਇੱਕ ਹੋਰ ਦੋਸਤ ਵਿਸ਼ਨੂੰ ਠਾਕੋਰ ਸਾਂਝੇਦਾਰੀ ਵਿੱਚ ਕਾਰੋਬਾਰ ਚਲਾਉਂਦੇ ਸਨ।

ਜਿਸ ਵਿੱਚ ਜੈਇੰਦਰ ਪਟੇਲ ਅਤੇ ਵਿਸ਼ਨੂੰ ਠਾਕੋਰ ਨਿਵੇਸ਼ ਕਰਦੇ ਸਨ ਅਤੇ ਬ੍ਰਿਜ ਵਰਕਿੰਗ ਪਾਰਟਨਰ ਵਜੋਂ ਸਰਗਰਮ ਸਨ।

ਜੈਇੰਦਰ ਦੇ ਅਨੁਸਾਰ, ਬ੍ਰਿਜ 'ਨਵੰਬਰ ਦੇ ਅਖੀਰ ਤੋਂ ਪਿੰਡ ਵਿੱਚ ਨਹੀਂ ਨਜ਼ਰ ਆ ਰਿਹਾ ਸੀ।'

ਉਹ ਦੱਸਦੇ ਹਨ, "ਚਾਰ ਸਾਲ ਪਹਿਲਾਂ, ਜਦੋਂ ਉਸ ਨੂੰ ਜੀਆਈਡੀਸੀ ਵਿੱਚ ਨੌਕਰੀ ਮਿਲੀ ਤਾਂ ਉਸ ਦੇ ਫ਼ੋਨ ਆਉਣੇ ਬੰਦ ਹੋ ਗਏ, ਹਾਲਾਂਕਿ ਅਸੀਂ ਕਦੇ-ਕਦਾਈਂ ਮਿਲਦੇ ਰਹੇ, ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਵਿਦੇਸ਼ ਜਾ ਰਿਹਾ ਹੈ।"

ਬ੍ਰਿਜ ਦੇ ਇਕ ਹੋਰ ਦੋਸਤ ਵਿਸ਼ਨੂੰ ਠਾਕੋਰ ਨੇ ਉਨ੍ਹਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਕਾਫੀ ਸਮੇਂ ਤੋਂ ਬ੍ਰਿਜ ਨੂੰ ਨਹੀਂ ਮਿਲੇ ਸਨ।

ਉਨ੍ਹਾਂ ਕਿਹਾ ਕਿ ਬ੍ਰਿਜ ਤੇਜ਼ੀ ਨਾਲ ਪੈਸਾ ਕਮਾਉਣਾ ਚਾਹੁੰਦਾ ਸੀ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਬ੍ਰਿਜ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਿਆ ਸੀ।

'ਘਰੋਂ ਪੁੱਤਰ ਤੇ ਪਤਨੀ ਨਾਲ ਸੈਰ ਕਰਨ ਗਿਆ ਸੀ'

ਯੂਐੱਸ ਮੈਕਸੀਕੋ ਬਾਰਡਰ

ਤਸਵੀਰ ਸਰੋਤ, Getty Images

ਬ੍ਰਿਜਕੁਮਾਰ ਯਾਦਵ ਦੇ ਭਰਾ ਵਿਨੋਦ ਯਾਦਵ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 18 ਨਵੰਬਰ ਨੂੰ ਆਪਣੀ ਪਤਨੀ ਪੂਜਾ ਅਤੇ ਤਿੰਨ ਸਾਲ ਦੇ ਪੁੱਤਰ ਨਾਲ ਇਹ ਕਹਿ ਕੇ ਰਵਾਨਾ ਹੋਇਆ ਸੀ ਕਿ 'ਮੈਂ ਇੱਕ ਮਹੀਨਾ ਘੁੰਮਣ ਲਈ ਜਾ ਰਿਹਾ ਹਾਂ।'

ਉਨ੍ਹਾਂ ਅੱਗੇ ਕਿਹਾ, "ਇਸ ਤੋਂ ਬਾਅਦ, ਉਸ ਦੀ ਪਤਨੀ ਪੂਜਾ ਸਾਨੂੰ ਕਈ ਵਾਰ ਫੋਨ ਕਰਦੀ ਸੀ ਕਿ ਉਹ ਖੁਦ ਦੁਬਿਧਾ 'ਚ ਹੈ, ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ।"

ਬ੍ਰਿਜ ਦੀ ਮੌਤ ਦੀ ਖ਼ਬਰ ਕਿਵੇਂ ਮਿਲੀ, ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੇ ਭਰਾ ਵਿਨੋਦ ਯਾਦਵ ਨੇ ਕਿਹਾ:

“ਇੱਕ ਦਿਨ ਸਾਨੂੰ ਫ਼ੋਨ ਆਇਆ ਕਿ ਮੇਰੇ ਭਰਾ ਬ੍ਰਿਜ ਦੀ ਬਰੇਨ ਹੈਮਰੇਜ ਨਾਲ ਮੌਤ ਹੋ ਗਈ ਹੈ। ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰੇ ਅਤੇ ਮੇਰੇ ਭਰਾ ਦੀ ਲਾਸ਼ ਤੇ ਮੇਰੀ ਭਰਜਾਈ-ਭਤੀਜੇ ਨੂੰ ਭਾਰਤ ਲਿਆਵੇ। ਇਹ ਖ਼ਬਰ ਮਿਲਣ ਤੋਂ ਬਾਅਦ ਮੇਰੀ ਸਿਹਤ ਕਾਫੀ ਵਿਗੜ ਗਈ ਹੈ।''

'ਮੁਢਲੀ ਜਾਣਕਾਰੀ ਦੇ ਆਧਾਰ 'ਤੇ ਜਾਂਚ ਸ਼ੁਰੂ'

ਗਾਂਧੀਨਗਰ ਦੇ ਐਡੀਸ਼ਨਲ ਰੈਜ਼ੀਡੈਂਟ ਕਲੈਕਟਰ ਭਰਤ ਜੋਸ਼ੀ

ਤਸਵੀਰ ਸਰੋਤ, KARTIK JANI

ਤਸਵੀਰ ਕੈਪਸ਼ਨ, ਗਾਂਧੀਨਗਰ ਦੇ ਐਡੀਸ਼ਨਲ ਰੈਜ਼ੀਡੈਂਟ ਕਲੈਕਟਰ ਭਰਤ ਜੋਸ਼ੀ

ਬੀਬੀਸੀ ਗੁਜਰਾਤੀ ਨੇ ਇਸ ਘਟਨਾ ਬਾਰੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਗਾਂਧੀਨਗਰ ਦੇ ਐਡੀਸ਼ਨਲ ਰੈਜ਼ੀਡੈਂਟ ਕਲੈਕਟਰ ਭਰਤ ਜੋਸ਼ੀ ਨਾਲ ਸੰਪਰਕ ਕੀਤਾ।

ਉਨ੍ਹਾਂ ਦੱਸਿਆ, ''ਸਾਨੂੰ ਅਮਰੀਕਾ ਤੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ, ਪਰ ਆਪਣੀ ਮੁੱਢਲੀ ਜਾਂਚ 'ਚ ਸਾਨੂੰ ਪਤਾ ਲੱਗਾ ਹੈ ਕਿ ਬ੍ਰਿਜ ਯਾਦਵ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਕਲੋਲ ਨੇੜੇ ਛਤਰਾਲ 'ਚ ਨੌਕਰੀ ਕਰਦੇ ਸਨ।''

ਉਨ੍ਹਾਂ ਕਿਹਾ ਕਿ ''ਉਹ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਇੱਕ ਏਜੰਟ ਦੇ ਜ਼ਰੀਏ ਵਿਦੇਸ਼ ਗਏ ਸਨ, ਜਿੱਥੇ 'ਟਰੰਪ ਕੰਧ' ਉੱਤੋਂ ਚਾਲ ਮਾਰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।

"ਬ੍ਰਿਜ ਦੀ ਪਤਨੀ ਅਤੇ ਬੇਟਾ ਜ਼ਖਮੀ ਹਨ ਅਤੇ ਜ਼ੇਰੇ ਇਲਾਜ ਹਨ।

ਅਸੀਂ ਇਸ ਘਟਨਾ ਦੇ ਸਬੰਧ ਵਿੱਚ ਅਮਰੀਕੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ, ਹੋਰ ਅਧਿਕਾਰਤ ਵੇਰਵੇ ਪ੍ਰਾਪਤ ਹੋਣ ਤੱਕ ਜਾਂਚ ਜਾਰੀ ਰਹੇਗੀ।"

ਫਿਲਹਾਲ ਪਤਾ ਲੱਗਾ ਹੈ ਕਿ ਪੁਲਿਸ ਮੁੱਢਲੀ ਜਾਣਕਾਰੀ ਦੇ ਆਧਾਰ 'ਤੇ ਘਟਨਾ ਦੀ ਜਾਂਚ ਕਰ ਰਹੀ ਹੈ।

ਲਾਈਨ
ਲਾਈਨ

ਗਾਂਧੀਨਗਰ ਸੀਆਈਡੀ ਕ੍ਰਾਈਮ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂਆਤੀ ਪੜਾਅ 'ਤੇ ਹੈ।

ਉਨ੍ਹਾਂ ਦੱਸਿਆ, "ਅਮਰੀਕੀ ਦੂਤਾਵਾਸ ਤੋਂ ਅਧਿਕਾਰਤ ਵੇਰਵੇ ਪ੍ਰਾਪਤ ਹੋਣ ਤੋਂ ਬਾਅਦ, ਇਸ ਦੀ ਐੱਫਆਈਆਰ ਦਰਜ ਕੀਤੀ ਜਾਵੇਗੀ। ਪਰ ਪੁਲਿਸ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।''

ਉਨ੍ਹਾਂ ਅੱਗੇ ਕਿਹਾ, ''ਇੱਕ ਸਾਲ ਦਰਮਿਆਨ ਉੱਤਰੀ ਗੁਜਰਾਤ ਨਾਲ ਸਬੰਧਿਤ ਇੱਕ ਹੋਰ ਗੈਰ-ਕਾਨੂੰਨੀ ਪਰਵਾਸੀ ਪਰਿਵਾਰ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਪਹਿਲਾਂ ਡਿੰਗੂਚਾ ਦੇ ਇੱਕ ਪਰਿਵਾਰ ਦੀ ਮੌਤ ਹੋ ਗਈ ਸੀ, ਜਿਸ ਵਿੱਚ ਨਿੱਕੇ ਬੱਚੇ ਵੀ ਸ਼ਾਮਲ ਸਨ।''

ਮਾਮਲੇ ਅਤੇ ਤਫ਼ਤੀਸ਼ ਦੀ ਸਥਿਤੀ ਬਾਰੇ ਦੱਸਦੇ ਹੋਏ ਉਨ੍ਹਾਂ ਅੱਗੇ ਕਿਹਾ ਅਜਿਹੇ ਗ਼ੈਰ ਕਾਨੂੰਨੀ ਮਾਮਲਿਆਂ ਨਾਲ ਸਬੰਧਿਤ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਇਸ ਪੂਰੇ ਸਿਸਟਮ ਬਾਰੇ ਕਈ ਜਾਣਕਾਰੀਆਂ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਅਸੀਂ ਇਸ ਨਾਲ ਹੋਰ ਲਿੰਕ ਵੀ ਜੋੜ ਕੇ ਦੇਖ ਰਹੇ ਹਾਂ।

“ਉੱਤਰੀ ਗੁਜਰਾਤ ਤੋਂ ਮੈਕਸੀਕੋ ਅਤੇ ਕੈਨੇਡਾ ਤੱਕ ਗੈਰ-ਕਾਨੂੰਨੀ ਤਸਕਰੀ ਦੇ ਘੁਟਾਲੇ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਅਪਰਾਧ ਸ਼ਾਖਾ, ਸੀਆਈਡੀ, ਏਟੀਐਸ ਅਤੇ ਅਪਰਾਧ ਸ਼ਾਖਾ ਦੇ ਤਾਲਮੇਲ ਨਾਲ ਮੁਕੱਦਮਾ ਚਲਾਇਆ ਜਾਵੇਗਾ।"

''ਵਿਦੇਸ਼ ਮੰਤਰਾਲੇ ਤੋਂ ਅਧਿਕਾਰਤ ਵੇਰਵੇ ਆਉਣ ਤੋਂ ਪਹਿਲਾਂ ਹੀ ਅਸੀਂ ਆਪਣੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਗੈਰ-ਕਾਨੂੰਨੀ ਪਰਵਾਸ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।"

'ਲੋਕ ਆਪਣੀ ਜਾਇਦਾਦ ਗਿਰਵੀ ਰੱਖ ਕੇ ਵੀ ਅਮਰੀਕਾ ਜਾਣ ਨੂੰ ਤਿਆਰ'

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਰਗੇ ਪੱਛਮੀ ਮੁਲਕਾਂ 'ਚ ਜਾਣ ਦੇ ਚਾਹਵਾਨ ਲੋਕਾਂ ਨੂੰ ਪੈਸੇ ਤੇ ਜਾਇਦਾਦ ਦਾ ਨੁਕਸਾਨ ਝੱਲਣ ਦੇ ਨਾਲ-ਨਾਲ ਆਪਣਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਉਣਾ ਪੈਂਦਾ ਹੈ

ਗੁਜਰਾਤ ਤੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਕਈ ਮਾਮਲੇ ਉੱਤਰੀ ਗੁਜਰਾਤ ਤੋਂ ਆਉਂਦੇ ਹਨ।

ਹਾਲਾਂਕਿ ਇਸ ਤਰ੍ਹਾਂ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਕਈ ਵਾਰ ਚਕਨਾਚੂਰ ਵੀ ਹੋ ਜਾਂਦੇ ਹਨ।

ਅਮਰੀਕਾ ਵਰਗੇ ਪੱਛਮੀ ਮੁਲਕਾਂ ਵਿੱਚ ਜਾਣ ਦੇ ਇਸ ‘ਐਡਵੈਂਚਰ’ ਦੀ ਕੀਮਤ ਵੀ ਪਰਿਵਾਰਾਂ ਨੂੰ ਚੁਕਾਉਣੀ ਪੈਂਦੀ ਹੈ।ਕਈ ਵਾਰ ਉਨ੍ਹਾਂ ਨੂੰ ਆਪਣੀ ਜਾਇਦਾਦ ਤੇ ਪੈਸੇ ਦਾ ਨੁਕਸਾਨ ਚੁੱਕਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਆਪਣੀਆਂ ਦੀ ਜਾਨ ਵੀ ਚਲੀ ਜਾਂਦੀ ਹੈ।

ਉੱਤਰੀ ਗੁਜਰਾਤ ਵਿੱਚ ਲੋਕਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦਾ ਇੰਨਾ ਚਲਣ ਕਿਉਂ ਹੈ, ਇਸ ਬਾਰੇ ਉੱਤਰੀ ਗੁਜਰਾਤ ਇੱਕ ਸਬ ਟਰੈਵਲ ਏਜੰਟ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, ''ਉੱਤਰੀ ਗੁਜਰਾਤ ਦੇ ਲੋਕਾਂ ਵਿੱਚ ਵਿਦੇਸ਼ ਜਾਣ ਅਤੇ ਡਾਲਰ ਕਮਾਉਣ ਦੀ ਚਾਹ ਹੈ।''

ਉਨ੍ਹਾਂ ਦੱਸਿਆ, ''ਸਿਰਫ਼ ਇੰਨਾ ਹੀ ਨਹੀਂ ਬਲਕਿ ਬਾਹਰ ਗਏ ਲੋਕਾਂ ਦੇ ਵਿਆਹ ਵੀ ਇੱਥੇ ਰਹਿ ਕੇ ਖੇਤੀ ਕਰਨ ਵਾਲੇ ਲੋਕਾਂ ਨਾਲੋਂ ਪਹਿਲਾਂ ਹੋ ਜਾਂਦੇ ਹਨ। ਇਸ ਲਈ ਲੋਕ ਜ਼ਮੀਨਾਂ ਵੇਚ ਕੇ ਜਾਂ ਗਿਰਵੀ ਰੱਖ ਕੇ ਵੀ ਵਿਦੇਸ਼ ਜਾਣ ਤੋਂ ਨਹੀਂ ਡਰਦੇ।''

ਕਿਵੇਂ ਕੰਮ ਕਰਦਾ ਹੈ ਇਹ ਗ਼ੈਰ ਕਾਨੂੰਨੀ ਸਿਸਟਮ

'ਗੈਰ-ਕਾਨੂੰਨੀ ਪਰਵਾਸ ਦਾ ਇਹ ਪੂਰਾ ਸਿਸਟਮ' ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਵਿਸਥਾਰ ਵਿੱਚ ਦੱਸਦਿਆਂ, ਉਹ ਕਹਿੰਦੇ ਹਨ ਕਿ "ਅਹਿਮਦਾਬਾਦ ਅਤੇ ਗਾਂਧੀਨਗਰ ਵਿੱਚ, ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਿੱਚ ਮੁੱਖ ਏਜੰਟ ਸ਼ਾਮਲ ਹਨ, ਅਸੀਂ ਸਬ-ਏਜੰਟ ਵਜੋਂ ਕੰਮ ਕਰਦੇ ਹਾਂ। ਸਾਡਾ ਕੰਮ ਉਨ੍ਹਾਂ ਲੋਕਾਂ ਨੂੰ ਲੱਭਣਾ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਹਨ।''

ਜੋ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ 60-66 ਲੱਖ ਰੁਪਏ ਖਰਚ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ।

"ਬ੍ਰਿਜ ਵਰਗੇ ਲੋਕ ਜੋ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਤੋਂ ਆਉਂਦੇ ਹਨ, ਉਨ੍ਹਾਂ ਤੋਂ 30% ਤੱਕ ਪੈਸੇ ਐਡਵਾਂਸ ਲਏ ਜਾਂਦੇ ਹਨ। ਅਜਿਹੇ ਲੋਕਾਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਅਤੇ ਉੱਥੇ ਨੌਕਰੀਆਂ ਮਿਲਣ 'ਤੇ ਬਾਕੀ ਦਾ ਪੈਸਾ ਹਵਾਲਾ ਰਾਹੀਂ ਲਿਆ ਜਾਂਦਾ ਹੈ।''

ਇਸ ਦੌਰਾਨ ਸਬ-ਏਜੰਟ ਨੇ 'ਗੈਰ-ਕਾਨੂੰਨੀ ਪਰਵਾਸੀਆਂ' ਤੋਂ ਪੈਸੇ ਵਸੂਲਣ ਦੇ ਹੋਰ ਤਰੀਕਿਆਂ ਦਾ ਵੀ ਖੁਲਾਸਾ ਕੀਤਾ।

ਉਨ੍ਹਾਂ ਦੱਸਿਆ ਕਿ ਕਿਵੇਂ ਪੂਰੀ ਰਕਮ ਨਾ ਦੇ ਸਕਣ ਵਾਲੇ ਲੋਕਾਂ ਤੋਂ ‘ਜ਼ਮੀਨ ਗਿਰਵੀ’ ਲਿਖਵਾਈ ਜਾਂਦੀ ਹੈ ਅਤੇ ਨਾਲ ਹੀ ਉਸ ਵਿਅਕਤੀ ਦਾ 'ਪਾਸਪੋਰਟ ਵੀ ਜ਼ਬਤ ਕਰ ਲਿਆ ਜਾਂਦਾ ਹੈ'।

ਇਸ ਵਿਵਸਥਾ ਨੂੰ ਏਜੰਟਾਂ ਦੀ ਭਾਸ਼ਾ ਵਿੱਚ 'ਪਾਸਪੋਰਟ ਸਿੰਡੀਕੇਟ ਬੈਂਕ' ਕਿਹਾ ਜਾਂਦਾ ਹੈ।

ਇਸ ਬੈਂਕ ਵਿੱਚ ਹਰ ਉਪ-ਏਜੰਟ ਨੂੰ 'ਗੈਰ-ਕਾਨੂੰਨੀ ਪਰਵਾਸੀਆਂ' ਦੇ ਪਾਸਪੋਰਟ ਲਾਜ਼ਮੀ ਤੌਰ 'ਤੇ ਜਮ੍ਹਾ ਕਰਵਾਉਣੇ ਪੈਂਦੇ ਹਨ। ਪਾਸਪੋਰਟ ਰੱਖਣਾ 'ਗੈਰ-ਕਾਨੂੰਨੀ ਪਰਵਾਸੀ' ਨੂੰ ਕਿਤੇ ਹੋਰ ਭੱਜਣ ਤੋਂ ਰੋਕਦਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)