ਗੈਰ ਕਾਨੂੰਨੀ ਪਰਵਾਸ: ਯੂਕੇ ਜਾਣ ਦਾ ਉਹ ਰਾਹ ਜੋ ਸੈਂਕੜੇ ਲੋਕਾਂ ਲਈ ਬਣ ਰਿਹਾ ਹੈ ਕਬਰਗਾਹ

ਤਸਵੀਰ ਸਰੋਤ, Reuters
ਫਰਾਂਸ ਰਾਹੀਂ ਯੂਕੇ ਜਾ ਰਹੇ ਪਰਵਾਸੀ ਸ਼ਰਨਾਰਥੀਆਂ ਦੀ ਕਿਸ਼ਤੀ ਇੰਗਲਿਸ਼ ਚੈਨਲ ਵਿੱਚ ਡੁੱਬਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾਂ ਇਹ ਅੰਕੜਾ 31 ਦੱਸਿਆ ਗਿਆ ਸੀ ਪਰ ਬਾਅਦ ਵਿੱਚ ਫਰਾਂਸ ਦੇ ਅਧਿਕਾਰੀਆਂ ਵੱਲੋਂ ਇਹ ਗਿਣਤੀ ਘਟਾ ਕੇ 27 ਦੱਸੀ ਗਈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਰਨ ਵਾਲੇ ਲੋਕਾਂ ਵਿੱਚ 5 ਔਰਤਾਂ ਅਤੇ ਇੱਕ ਬੱਚੀ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 2 ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ ਅਤੇ ਇੱਕ ਵਿਅਕਤੀ ਲਾਪਤਾ ਸੀ।
ਸਥਾਨਕ ਪ੍ਰਸ਼ਾਸਨ ਮੁਤਾਬਕ ਮ੍ਰਿਤਕਾਂ ਵਿੱਚ 7 ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ।
ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਬੈਲਜੀਅਮ ਦੀ ਸਰਹੱਦ ਦੇ ਨੇੜੇ ਫੜੇ ਗਏ ਇਨ੍ਹਾਂ ਚਾਰ ਲੋਕਾਂ ਦਾ ਇਸ ਕ੍ਰਾਸਿੰਗ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ।
ਅਣਅਧਿਕਾਰਤ ਰਿਪੋਰਟਾਂ ਮੁਤਾਬਕ ਮ੍ਰਿਤਕ ਲੋਕ ਪਹਿਲਾਂ ਮਿਡਲ-ਈਟਸ ਤੋਂ ਫਰਾਂਸ ਆਏ ਸਨ। ਬਚੇ ਹੋਏ ਲੋਕਾਂ ਵਿੱਚ ਇੱਕ ਸੋਮਾਲੀਆ ਦਾ ਰਹਿਣ ਵਾਲਾ ਹੈ ਇੱਕ ਇਰਾਕ ਦਾ ਹੈ।
ਇਹ ਹਾਦਸਾ ਬੁੱਧਵਾਰ, 24 ਨਵੰਬਰ ਨੂੰ ਵਾਪਰਿਆ। ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਨੇ ਫਰਾਂਸ ਦੇ ਸਮੁੰਦਰੀ ਤੱਟ 'ਤੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਅਤੇ ਮਦਦ ਲਈ ਅਲਾਰਮ ਵਜਾਇਆ।

ਤਸਵੀਰ ਸਰੋਤ, EPA
ਜਿਸ ਤੋਂ ਬਾਅਦ ਫਰਾਂਸ ਅਤੇ ਯੂਕੇ ਦੁਆਰਾ ਲੋਕਾਂ ਦੀ ਜਾਨ ਬਚਾਉਣ ਲਈ ਸਮੁੰਦਰੀ ਅਤੇ ਹਵਾਈ ਰਸਤਿਆਂ ਰਾਹੀਂ ਰਾਹਤ ਕਾਰਜ ਸ਼ੁਰੂ ਹੋ ਗਏ।
ਦਿ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ, ਸਾਲ 2014 ਤੋਂ ਇਸ ਚੈਨਲ ਨੂੰ ਪਾਰ ਕਰਨ ਵਾਲੇ ਲੋਕਾਂ ਦਾ ਡੇਟਾ ਇਕੱਠਾ ਕਰ ਰਹੀ ਹੈ।
ਸੰਸਥਾ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਇੱਥੇ ਇੱਕੋ ਹਾਦਸੇ ਵਿੱਚ ਇੰਨੀ ਵੱਡੀ ਸੰਖਿਆ ਵਿੱਚ ਲੋਕਾਂ ਦੀ ਮੌਤ ਹੋਈ ਹੈ।
ਕਿਉਂ ਅਤੇ ਕਿੰਨੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਯੂਕੇ ਜਾਂਦੇ ਹਨ
ਫਰਾਂਸ ਦੇ ਰਾਸ਼ਟਰਪਤੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਸਾਲ ਦੀ ਸ਼ੁਰੂਆਤ 'ਚ 1,552 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 44 ਅਜਿਹੇ ਨੈਟਵਰਕਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ।
ਪਰ ਇਸਦੇ ਬਾਵਜੂਦ ਵੀ ਇਸ ਸਾਲ 47,000 ਲੋਕਾਂ ਨੇ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ 7,800 ਪਰਵਾਸੀਆਂ ਨੂੰ ਬਚਾਇਆ ਗਿਆ।

ਤਸਵੀਰ ਸਰੋਤ, AFP
ਬੀਬੀਸੀ ਨਿਊਜ਼ ਨਾਈਟਜ਼ ਪਾਲਿਸੀ ਐਡੀਟਰ, ਲੇਵਿਸ ਗੁਡਾਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦਿਨ ਵਿੱਚ ਹੁਣ ਤੱਕ ਲਗਭਗ 25 ਕਿਸ਼ਤੀਆਂ ਨੇ ਇਹ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹੀ ਕੁਝ ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪਹੁੰਚੇ ਹਨ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੇਖਿਆ ਗਿਆ।
ਸਾਲ 2019 ਵਿੱਚ ਲਗਭਗ 677,000 ਪਰਵਾਸੀ ਲੋਕ ਯੂਕੇ ਪਹੁੰਚੇ ਸਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਰੁਜ਼ਗਾਰ ਅਤੇ ਸਿੱਖਿਆ ਦੇ ਉਦੇਸ਼ਾਂ ਨਾਲ ਇੱਥੇ ਗਏ ਸਨ।
ਇਨ੍ਹਾਂ ਵਿੱਚ 49,000 ਨੇ ਯੂਕੇ ਵਿੱਚ ਸ਼ਰਨ ਲੈਣ ਲਈ ਵੀ ਅਰਜ਼ੀਆਂ ਦਿੱਤੀਆਂ ਸਨ।
ਸਾਲ 2020 ਵਿੱਚ ਬੀਬੀਸੀ ਡਾਟ ਕਾਮ 'ਤੇ ਛਪੀ ਇੱਕ ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਦੌਰਾਨ ਮਨੁੱਖੀ ਤਸਕਰੀ ਕਰਨ ਵਾਲੇ ਸਮੂਹਾਂ ਨੇ ਇੱਕ ਪੂਰਾ ਉਦਯੋਗ ਸਥਾਪਿਤ ਕਰ ਲਿਆ ਹੈ ਅਤੇ ਉਹ ਏਸ਼ੀਆ ਤੇ ਅਫ਼ਰੀਕਾ ਤੋਂ ਲੋਕਾਂ ਨੂੰ ਯੂਰਪ ਪਹੁੰਚਾਉਂਦੇ ਹਨ।
ਸ਼ਰਨਾਰਥੀਆਂ ਲਈ ਯੂਕੇ ਵਿੱਚ ਸ਼ਰਨ ਲੈਣਾ ਬਹੁਤ ਔਖਾ ਹੁੰਦਾ ਹੈ। ਪਹਿਲਾਂ ਇਸ ਕੰਮ ਲਈ ਮਨੁੱਖੀ ਤਸਕਰ ਟਰੱਕਾਂ ਦਾ ਇਸਤੇਮਾਲ ਕਰਦੇ ਸਨ ਪਰ ਸੁਰੱਖਿਆ ਹੋਰ ਸਖ਼ਤ ਹੋਣ ਕਾਰਨ ਫਿਰ ਉਨ੍ਹਾਂ ਨੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ।
ਕੈਲੇ ਦਾ ਖ਼ਤਰਨਾਕ ਰੂਟ
ਕੈਲੇ ਫਰਾਂਸ ਦਾ ਇੱਕ ਅਜਿਹਾ ਇਲਾਕਾ ਹੈ, ਜਿੱਥੇ ਗੈਰ ਕਾਨੂੰਨੀ ਪਰਵਾਸੀ ਲੁਕ ਜਾਂਦੇ ਹਨ। ਇਹ ਜੰਗਲੀ ਇਲਾਕਾ ਹੈ, ਪਰਵਾਸੀਆਂ ਦੇ ਇਨ੍ਹਾਂ ਕੈਪਾਂ ਨੂੰ ''ਦਾ ਜੰਗਲ'' ਕਿਹਾ ਜਾਂਦਾ ਹੈ।
ਇੱਥੋਂ ਰਾਤ ਨੂੰ ਯੂਰੋ ਟਨਲ ਰਾਹੀਂ ਗੱਡੀਆਂ, ਰੇਲ ਗੱਡੀਆਂ, ਜਾਂ ਛੋਟੀਆਂ ਛੋਟੀਆਂ ਕਿਸ਼ਤੀਆਂ ਰਾਹੀਂ ਇਹ ਲੋਕ ਇੰਗਲਿਸ਼ ਚੈਨਲ ਰਾਹੀਂ ਯੂਕੇ ਵਿਚ ਦਾਖਲ ਹੁੰਦੇ ਹਨ।
ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਵਾਲੇ ਬਹੁਤ ਸਾਰੇ ਗੈਂਗ ਸਰਗਰਮ ਹਨ, ਜੋ ਇਨ੍ਹਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਛੋਟੀਆਂ ਛੋਟੀਆਂ ਕਿਸ਼ਤੀਆਂ ਰਾਹੀਂ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਹਾਦਸੇ ਵਾਪਰ ਜਾਂਦੇ ਹਨ।

ਤਸਵੀਰ ਸਰੋਤ, Reuters
ਭਾਵੇਂ ਕਿ ਫਰਾਂਸ ਅਤੇ ਯੂਕੇ ਨੇ ਇਸ ਗੈਰ ਕਾਨੂੰਨੀ ਪਰਵਾਸ ਕਰਵਾਉਣ ਵਾਲੀਆਂ ਗੈਂਗਜ਼ ਨਾਲ ਨਜਿੱਠਣ ਲਈ ਸਮਝੌਤਾ ਵੀ ਕੀਤਾ ਹੈ, ਪਰ ਇਹ ਸੰਕਟ ਖ਼ਤਮ ਨਹੀਂ ਹੋ ਸਕਿਆ ਹੈ।
ਇਸੇ ਤਰ੍ਹਾਂ ਦੇ ਰੁਝਾਨ ਦਾ ਨਤੀਜਾ ਤਾਜ਼ਾ ਹਾਦਸਾ ਦੱਸਿਆ ਜਾ ਰਿਹਾ ਹੈ। ਇਸੇ ਬਾਰੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਇੰਗਲਿਸ਼ ਚੈਨਲ ਨੂੰ ਕਬਰਾਂ ਵਿਚ ਨਹੀਂ ਬਦਲਣ ਦੇਣਾ ਚਾਹੁੰਦੇ।

ਇਸ ਸਾਲ ਹੁਣ ਤੱਕ ਫਰਾਂਸ ਤੋਂ ਯੂਕੇ ਆਉਣ ਲਈ 23 ਹਜ਼ਾਰ ਤੋਂ ਵੱਧ ਲੋਕਾਂ ਨੇ ਕਿਸ਼ਤੀਆਂ ਰਾਹੀਂ ਚੈਨਲ ਪਾਰ ਕੀਤਾ।
ਸਾਲ 2020 ਵਿੱਚ ਇਹ ਗਿਣਤੀ 8400 ਸੀ। ਇਨ੍ਹਾਂ ਵਿੱਚ ਪਨਾਹ ਲੈਣ ਵਾਲੇ ਲੋਕ ਹਵਾਈ ਜਹਾਜ਼, ਗੱਡੀਆਂ ਅਤੇ ਟਰੇਨਾਂ ਰਾਹੀਂ ਵੀ ਪਹੁੰਚੇ।
ਯੂਕੇ ਤੇ ਫਰਾਂਸ ਦੇ ਅਧਿਕਾਰੀਆਂ ਨੇ ਕੀ ਕਿਹਾ
ਇਸ ਘਟਨਾ 'ਤੇ ਫਰਾਂਸ ਅਤੇ ਯੂਕੇ, ਦੋਵੇਂ ਦੇਸ਼ਾਂ ਵਲੋਂ ਦੁੱਖ ਪ੍ਰਗਟਾਇਆ ਗਿਆ ਹੈ।
ਯੂਕੇ ਦੇ ਪ੍ਰਧਾਨ ਮੰਤਰੀ ਨੇ ਇੱਕ ਐਮਰਜੈਂਸੀ ਬੈਠਕ ਤੋਂ ਬਾਅਦ ਕਿਹਾ ਕਿ ਸ਼ਰਨਾਰਥੀਆਂ ਨੂੰ ਇਸ ਤਰੀਕੇ ਨਾਲ ਲਿਆਉਣ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਵਧੇਰੇ ਕੋਸ਼ਿਸ਼ਾਂ ਦੀ ਲੋੜ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਉਹ ਇਸ ਚੈਨਲ ਨੂੰ ਇੱਕ ਕਬਰਿਸਤਾਨ ਨਹੀਂ ਬਣਨ ਦੇਣਗੇ ਅਤੇ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣਗੇ।
ਬੁੱਧਵਾਰ ਸ਼ਾਮ ਨੂੰ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕ੍ਰਾਸਿੰਗ ਨੂੰ ਰੋਕਣ ਅਤੇ ਲੋਕਾਂ ਦੇ ਜੀਵਨ ਨੂੰ ਖਤਰੇ 'ਚ ਪਾਉਣ ਵਾਲੇ ਸਮੂਹਾਂ 'ਤੇ ਕਾਬੂ ਪਾਉਣ ਦੀ ਗੱਲ 'ਤੇ ਸਹਿਮਤੀ ਪ੍ਰਗਟਾਈ।
ਯੂਕੇ ਨੇ ਪਹਿਲਾਂ ਹੀ ਫਰਾਂਸ ਨੂੰ 2021-22 ਦੌਰਾਨ 62.7 ਮਿਲੀਅਨ ਯੂਰੋ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਉਹ ਆਪਣੇ ਸਮੁੰਦਰੀ ਤੱਟ ਨੇੜੇ ਪੁਲਿਸ ਦੀ ਗਸ਼ਤ ਵਧਾ ਸਕਣ, ਹਵਾਈ ਨਿਗਰਾਨੀ ਰੱਖ ਸਕਣ ਅਤੇ ਬੰਦਰਗਾਹਾਂ 'ਤੇ ਸੁਰੱਖਿਆ ਸੰਬੰਧੀ ਨਿਰਮਾਣ ਕਰ ਸਕਣ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













