ਤਾਰੀਫ਼ ਨਾਲੋਂ ਆਲੋਚਨਾ ਲੋਕਾਂ ਨੂੰ ਲੰਬਾ ਸਮਾਂ ਯਾਦ ਕਿਉਂ ਰਹਿੰਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਸਾਰਾਹ ਗ੍ਰਿਫਿਥਸ
- ਰੋਲ, ਬੀਬੀਸੀ ਫਿਊਚਰ
ਜਦੋਂ ਅਸੀਂ ਬੱਚੇ ਸੀ ਤਾਂ ਸਾਨੂੰ ਅਕਸਰ ਕਿਹਾ ਜਾਂਦਾ ਸੀ ਕਿ ਡੰਡੇ ਅਤੇ ਪੱਥਰ ਹੱਡੀਆਂ ਨੂੰ ਤੋੜ ਸਕਦੇ ਹਨ, ਪਰ ਸ਼ਬਦ ਕਦੇ ਵੀ ਠੇਸ ਨਹੀਂ ਪਹੁੰਚਾਉਂਦੇ।
ਪਰ ਬਾਲਗ ਅਵਸਥਾ ਦੇ ਤਜ਼ਰਬੇ ਨਾਲ ਸਮਝ ਆਈ ਕਿ ਇਹ ਪੁਰਾਣੀ ਕਹਾਵਤ ਸੱਚ ਤੋਂ ਕੋਹਾਂ ਦੂਰ ਹੈ।
ਸਰੀਰਕ ਸੱਟਾਂ ਨੂੰ ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ, ਪਰ ਨਕਾਰਾਤਮਕ ਟਿੱਪਣੀਆਂ ਸਾਨੂੰ ਜੀਵਨ ਭਰ ਲਈ ਠੇਸ ਪਹੁੰਚਾ ਸਕਦੀਆਂ ਹਨ।
ਭਾਵੇਂ ਇਹ ਸਕੂਲ ਵਿੱਚ ਕਿਸੇ ਅਧਿਆਪਕ ਦੁਆਰਾ ਪਿਆਰ ਨਾਲ ਕੀਤੀ ਗਈ ਆਲੋਚਨਾ ਹੋਵੇ, ਜਾਂ ਕਿਸੇ ਦੋਸਤ ਜਾਂ ਪ੍ਰੇਮੀ ਨਾਲ ਬਹਿਸ ਦੌਰਾਨ ਬੋਲੀ ਗਈ ਕੋਈ ਤਿੱਖੀ ਟਿੱਪਣੀ ਹੋਵੇ।
ਅਸੀਂ ਨਕਾਰਾਤਮਕ ਪੱਖਪਾਤ ਨਾਮਕ ਇੱਕ ਵਰਤਾਰੇ ਦੇ ਕਾਰਨ ਚੰਗੀਆਂ ਟਿੱਪਣੀਆਂ ਦੀ ਤੁਲਨਾ ਵਿੱਚ ਆਲੋਚਨਾ ਨੂੰ ਜ਼ਿਆਦਾ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ।
ਅਸਲ ਵਿੱਚ, ਗੁੰਝਲਦਾਰ ਪ੍ਰਭਾਵ ਗ੍ਰਹਿਣ ਕਰਨ ਨੂੰ ਇਸ ਧਾਰਨਾ ਨਾਲ ਸਮਝਾਇਆ ਜਾ ਸਕਦਾ ਹੈ ਕਿ ਨਕਾਰਾਤਮਕ ਭਾਵਨਾਵਾਂ ਦੀ ਵਿਆਪਕ ਪ੍ਰਵਿਰਤੀ ਸਾਨੂੰ ਸਕਾਰਾਤਮਕ ਭਾਵਨਾਵਾਂ ਨਾਲੋਂ ਵਧੇਰੇ ਮਜ਼ਬੂਤੀ ਨਾਲ ਪ੍ਰਭਾਵਿਤ ਕਰਦੀ ਹੈ।
ਕੁਈਨਜ਼ਲੈਂਡ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨੀ ਅਤੇ ‘ਦਿ ਪਾਵਰ ਆਫ਼ ਬੈਡ: ਐਂਡ ਹਉ ਟੂ ਓਵਰਕਮ ਇਟ’ ਦੇ ਸਹਿ-ਲੇਖਕ ਰੌਇ ਬਉਮਾਈਸਟਰ ਦੇ ਅਨੁਸਾਰ, ਇਹ ਸਾਨੂੰ ਖਤਰਿਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਖਤਰਿਆਂ ਨੂੰ ਵਧਾ-ਚੜ੍ਹਾ ਕੇ ਦੱਸਣ ਦਾ ਕਾਰਨ ਬਣਦਾ ਹੈ।
ਹਾਲਾਂਕਿ ਸਾਡੇ ਆਲੇ ਦੁਆਲੇ ਦੀ ਦੁਨੀਆ ਦੇ ਹਨੇਰੇ ਪੱਖ ’ਤੇ ਧਿਆਨ ਨਿਰਾਸ਼ਾਜਨਕ ਸੰਭਾਵਨਾ ਦੀ ਤਰ੍ਹਾਂ ਲੱਗ ਸਕਦਾ ਹੈ।
ਇਸ ਨੇ ਮਨੁੱਖ ਨੂੰ ਕੁਦਰਤੀ ਆਫ਼ਤਾਂ ਤੋਂ ਲੈ ਕੇ ਪਲੇਗ ਤੱਕ ਅਤੇ ਯੁੱਧਾਂ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਕੇ ਹਰ ਚੀਜ਼ ’ਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਹੈ।
ਹਾਲਾਂਕਿ ਇਸ ਗੱਲ ਦੇ ਸਬੂਤ ਹਨ ਕਿ ਸਾਨੂੰ ਆਫ਼ਤਾ ਵਾਲੇ ਹਾਲਾਤ ਦੇ ਤਣਾਅ ਤੋਂ ਬਚਾਉਣ ਲਈ ਆਸ਼ਾਵਾਦ ਵੀ ਮਦਦ ਕਰ ਸਕਦਾ ਹੈ
ਮਨੁੱਖੀ ਦਿਮਾਗ ਸਾਡੇ ਸਰੀਰ ਦੀ ਰਾਖੀ ਕਰਨ ਅਤੇ ਸਾਨੂੰ ਜ਼ਿੰਦਾ ਰੱਖਣ ਲਈ ਵਿਕਸਤ ਹੋਇਆ ਹੈ।

ਆਲੋਚਨਾ ਬਾਰੇ ਖਾਸ ਗੱਲਾਂ:
- ਨਕਾਰਾਤਮਕ ਟਿੱਪਣੀਆਂ ਸਾਨੂੰ ਜੀਵਨ ਭਰ ਲਈ ਠੇਸ ਪਹੁੰਚਾ ਸਕਦੀਆਂ ਹਨ।
- ਪ੍ਰੇਮੀ, ਪਰਿਵਾਰਕ ਮੈਂਬਰ ਜਾਂ ਦੋਸਤ ਦੀਆਂ ਦੁਖਦਾਈ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਸਕਦਾ ਹੈ।
- ਅਸੀਂ ਖ਼ਬਰਾਂ ਵਿੱਚ ਜੋ ਪੜ੍ਹਦੇ ਅਤੇ ਦੇਖਦੇ ਹਾਂ, ਉਹ ਸਾਡੇ ਡਰ ਨੂੰ ਵਧਾ ਸਕਦਾ ਹੈ।
- ਮਿਡਲ ਏਜ ’ਚ ਸਕਾਰਤਮਕ ਵੇਰਵੇ ਯਾਦ ਰੱਖਣਾ ਵੱਧ ਜਾਂਦਾ ਹੈ।


ਤਸਵੀਰ ਸਰੋਤ, Getty Images
ਤਿੰਨ ਚਿਤਾਵਨੀ ਪ੍ਰਣਾਲੀਆਂ
ਇਸ ਵਿੱਚ ਨਵੇਂ ਖਤਰਿਆਂ ਨਾਲ ਨਜਿੱਠਣ ਲਈ ਤਿੰਨ ਚਿਤਾਵਨੀ ਪ੍ਰਣਾਲੀਆਂ ਹਨ।
ਇੱਕ ਪ੍ਰਾਚੀਨ ਬੇਸਲ ਗੈਂਗਲੀਆ ਪ੍ਰਣਾਲੀ ਹੈ ਜੋ ਸਾਡੀ ਲੜਾਈ ਜਾਂ ਝਪਟ ਪੈਣ ਦੀ ਪ੍ਰਤੀਕਿਰਿਆ ਨੂੰ ਕੰਟਰੋਲ ਕਰਦੀ ਹੈ।
ਲਿਮਬਿਕ ਪ੍ਰਣਾਲੀ ਜੋ ਖ਼ਤਰਿਆਂ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਖਤਰਿਆਂ ਦੀ ਪ੍ਰਤੀਕਿਰਿਆ ਵਿੱਚ ਭਾਵਨਾਵਾਂ ਨੂੰ ਉਤੇਜਿਤ ਕਰਦੀ ਹੈ।
ਤੀਜਾ ਹਿੱਸਾ ਆਧੁਨਿਕ ਪ੍ਰੀ-ਫਰੰਟਲ ਕਾਰਟੈਕਸ (ਦਿਮਾਗ ਦਾ ਉਹ ਖੇਤਰ ਜੋ ਫਰੰਟਲ ਲੋਬ ਦੇ ਅਗਲੇ ਹਿੱਸੇ ਨੂੰ ਬਣਾਉਂਦਾ ਹੈ। ਇਸ ਨੂੰ ਬੌਧਿਕਤਾ, ਯੋਜਨਾਬੰਦੀ, ਸ਼ਖ਼ਸੀਅਤ ਨਿਰਮਾਣ ਅਤੇ ਸਹੀ ਸਮਾਜਿਕ ਵਿਵਹਾਰ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।) ਹੈ ਜੋ ਸਾਨੂੰ ਖਤਰਿਆਂ ਦਾ ਸਾਹਮਣਾ ਕਰਨ ਵਿੱਚ ਤਰਕ ਨਾਲ ਸੋਚਣ ਦੇ ਯੋਗ ਬਣਾਉਂਦਾ ਹੈ।
ਬਉਮਾਈਸਟਰ ਕਹਿੰਦਾ ਹੈ, "ਸਾਡੇ ਪੂਰਵਜ ਜਿਨ੍ਹਾਂ ਕੋਲ ਇਹ [ਨਕਾਰਾਤਮਕ] ਧਾਰਨਾ ਸੀ, ਉਨ੍ਹਾਂ ਦੇ ਬਚਣ ਦੀ ਜ਼ਿਆਦਾ ਸੰਭਾਵਨਾ ਸੀ।"
‘ਸਮੱਸਿਆਵਾਂ 'ਤੇ ਧਿਆਨ ਕੇਂਦਰਤ ਕਰਨਾ ਚੰਗੀ ਰਣਨੀਤੀ’
ਮਨੁੱਖ ਖਤਰਿਆਂ ਨਾਲ ਜੂਝਣ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਸਿਰਫ਼ ਅੱਠ ਮਹੀਨਿਆਂ ਵਿੱਚ ਬੱਚੇ ਕੁਝ ਨਾ ਕਹਿਣ ਵਾਲੇ ਡੱਡੂ ਨਾਲੋਂ ਸੱਪ ਦੀ ਤਸਵੀਰ ਨੂੰ ਵੇਖਣ ਲਈ ਜ਼ਿਆਦਾ ਫੁਰਤੀ ਨਾਲ ਮੁੜਨਗੇ।
ਪੰਜ ਸਾਲ ਦੀ ਉਮਰ ਤੱਕ, ਉਨ੍ਹਾਂ ਨੇ ਖੁਸ਼ ਚਿਹਰੇ ’ਤੇ ਗੁੱਸੇ ਜਾਂ ਡਰੇ ਹੋਏ ਚਿਹਰੇ ਨੂੰ ਤਰਜੀਹ ਦੇਣਾ ਸਿੱਖ ਲਿਆ ਹੈ।
ਬਉਮਾਈਸਟਰ ਦਾ ਕਹਿਣਾ ਹੈ ਕਿ ਪਹਿਲਾਂ ਸਮੱਸਿਆਵਾਂ 'ਤੇ ਧਿਆਨ ਕੇਂਦਰਤ ਕਰਨਾ ਇੱਕ ਚੰਗੀ ਰਣਨੀਤੀ ਹੋ ਸਕਦੀ ਹੈ।
"ਪਹਿਲਾਂ ਨਕਾਰਾਤਮਕਤਾ ਤੋਂ ਛੁਟਕਾਰਾ ਪਾਓ ਅਤੇ ਫਿਰ ਸਮੱਸਿਆਵਾਂ ਨੂੰ ਹੱਲ ਕਰੋ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਖੂਨ ਦਾ ਵਹਿਣਾ ਬੰਦ ਕਰੋ।"
ਪਰ, ਬੁਰੇ ’ਤੇ ਧਿਆਨ ਦੇਣਾ ਸਾਨੂੰ ਆਫਤ ਵਾਲੇ ਹਾਲਾਤ ਵਿੱਚ ਸੁਰੱਖਿਅਤ ਰੱਖ ਸਕਦਾ ਹੈ। ਨਕਾਰਾਤਮਕ ਧਾਰਨਾ ਰੋਜ਼ਾਨਾ ਦਿਨ ਪ੍ਰਤੀ ਦਿਨ ਦੇ ਆਧਾਰ 'ਤੇ ਬੇਕਾਰ ਸਾਬਤ ਹੋ ਸਕਦੀ ਹੈ।
ਬਉਮਾਈਸਟਰ ਦਾ ਮੰਨਣਾ ਹੈ ਕਿ ਜਦੋਂ ਤੱਕ ਅਸੀਂ ਨਕਾਰਾਤਮਕਤਾ ਦੇ ਅਸਪੱਸ਼ਟ ਪ੍ਰਭਾਵ ਨੂੰ ਪਾਸੇ ਕਰਨਾ ਨਹੀਂ ਸਿੱਖਦੇ, ਉਦੋਂ ਤੱਕ ਦੁਨੀਆ ਪ੍ਰਤੀ ਇਹ ਸਾਡੇ ਨਜ਼ਰੀਏ ਅਤੇ ਅਸੀਂ ਇਸ ਦੀ ਪ੍ਰਤੀਕਿਰਿਆ ਕਿਵੇਂ ਦਿੰਦੇ ਹਾਂ, ਇਹ ਉਸ ਨੂੰ ਵਿਗਾੜਦਾ ਹੈ।
ਉਦਾਹਰਨ ਲਈ, ਅਖਬਾਰ ਦੇ ਪੰਨਿਆਂ ’ਤੇ ਜੀਵਨ ਉਦਾਸ ਦਿਖਾਈ ਦਿੰਦਾ ਹੈ। ਪੱਤਰਕਾਰਾਂ 'ਤੇ ਅਕਸਰ ਬੁਰੀਆਂ ਖ਼ਬਰਾਂ ਭਾਲਣ ਦਾ ਦੋਸ਼ ਲਗਾਇਆ ਜਾਂਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਅਖ਼ਬਾਰ ਵਿਕਦਾ ਹੈ ਅਤੇ ਇਹ ਪਾਠਕਾਂ ਨੂੰ ਆਕਰਸ਼ਿਤ ਕਰਦਾ ਹੈ।
ਇਹ ਅੰਸ਼ਕ ਤੌਰ 'ਤੇ ਸੱਚ ਹੋ ਸਕਦਾ ਹੈ, ਪਰ ਖੋਜਕਰਤਾਵਾਂ ਨੇ ਦਿਖਾਇਆ ਹੈ ਕਿ ਪਾਠਕ ਕੁਦਰਤੀ ਤੌਰ 'ਤੇ ਵਿਨਾਸ਼ਕਾਰੀ ਖ਼ਬਰਾਂ ਵੱਲ ਖਿੱਚੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਸੰਭਾਵਿਤ ਖਤਰਿਆਂ ਬਾਰੇ ਅਫ਼ਵਾਹਾਂ, ਭਾਵੇਂ ਉਹ ਅਸੰਭਵ ਹੀ ਹੋਣ, ਉਹ ਲੋਕਾਂ ਵਿੱਚ ਉਨ੍ਹਾਂ ਅਫ਼ਵਾਹਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਆਸਾਨੀ ਨਾਲ ਫੈਲਦੀਆਂ ਹਨ ਜੋ ਉਨ੍ਹਾਂ ਲਈ ਫਾਇਦੇਮੰਦ ਹੋ ਸਕਦੀਆਂ ਹਨ।

ਤਸਵੀਰ ਸਰੋਤ, AFP
ਇੱਕ ਅਧਿਐਨ ਵਿੱਚ ਕੈਨੇਡਾ ਵਿੱਚ ਮੈਕਗਿਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਈ ਟ੍ਰੈਕਿੰਗ ਟੈਕਨਾਲੋਜੀ ਦੀ ਵਰਤੋਂ ਇਹ ਅਧਿਐਨ ਕਰਨ ਲਈ ਕੀਤੀ ਕਿ ਵਲੰਟੀਅਰਾਂ ਨੇ ਕਿਹੜੀਆਂ ਖ਼ਬਰਾਂ ਉੱਤੇ ਸਭ ਤੋਂ ਵੱਧ ਧਿਆਨ ਦਿੱਤਾ।
ਉਨ੍ਹਾਂ ਨੇ ਦੇਖਿਆ ਕਿ ਲੋਕ ਅਕਸਰ ਸਕਾਰਾਤਮਕ ਜਾਂ ਨਿਰਪੱਖ ਖ਼ਬਰਾਂ ਦੀ ਬਜਾਏ ਭ੍ਰਿਸ਼ਟਾਚਾਰ, ਅਸਫਲਤਾਵਾਂ, ਪਾਖੰਡ ਅਤੇ ਹੋਰ ਬੁਰੀਆਂ ਖ਼ਬਰਾਂ ਨੂੰ ਚੁਣਦੇ ਹਨ।
ਜਿਹੜੇ ਲੋਕ ਚਲੰਤ ਮਾਮਲਿਆਂ ਅਤੇ ਰਾਜਨੀਤੀ ਵਿੱਚ ਵਧੇਰੇ ਦਿਲਚਸਪੀ ਰੱਖਦੇ ਸਨ, ਉਨ੍ਹਾਂ ਦੀ ਖਾਸ ਤੌਰ 'ਤੇ ਬੁਰੀਆਂ ਖ਼ਬਰਾਂ ਦੀ ਚੋਣ ਕਰਨ ਦੀ ਸੰਭਾਵਨਾ ਸੀ, ਅਤੇ ਫਿਰ ਵੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਤਾਂ ਇਨ੍ਹਾਂ ਨੇ ਕਿਹਾ ਕਿ ਉਹ ਚੰਗੀ ਖ਼ਬਰ ਨੂੰ ਪਸੰਦ ਕਰਦੇ ਹਨ।
ਹਾਲਾਂਕਿ ਇੱਕ ਕਾਲਪਨਿਕ, ਪਰ ਭਿਆਨਕ ਸਥਿਤੀ ਬਾਰੇ ਚਿੰਤਾ ਕਰਨਾ ਸਾਨੂੰ ਡਰਾ ਸਕਦਾ ਹੈ। ਪਰ ਇੱਕ ਛੋਟਾ ਜਿਹਾ ਬੁਰਾ ਅਨੁਭਵ ਸਾਡੇ ਪੂਰੇ ਦਿਨ 'ਤੇ ਪ੍ਰਤੀਕੂਲ ਪ੍ਰਭਾਵ ਪਾ ਸਕਦਾ ਹੈ।
ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਮਨੋਵਿਗਿਆਨਕ ਅਤੇ ਦਿਮਾਗ਼ ਵਿਗਿਆਨ ਦੇ ਪ੍ਰੋਫੈਸਰ, ਰੈਂਡੀ ਲਾਰਸਨ ਨੇ ਸਬੂਤਾਂ ਦੀ ਸਮੀਖਿਆ ਕੀਤੀ ਜੋ ਸੁਝਾਉਂਦੇ ਹਨ ਕਿ ਨਕਾਰਾਤਮਕ ਭਾਵਨਾਵਾਂ ਖੁਸ਼ੀਆਂ ਨਾਲੋਂ ਲੰਬੇ ਸਮੇਂ ਤੱਕ ਸਾਡੇ ਮਨ ਵਿੱਚ ਰਹਿੰਦੀਆਂ ਹਨ।
ਉਨ੍ਹਾਂ ਨੇ ਦੇਖਿਆ ਕਿ ਅਸੀਂ ਚੰਗੀਆਂ ਘਟਨਾਵਾਂ ਨਾਲੋਂ ਮਾੜੀਆਂ ਘਟਨਾਵਾਂ ਬਾਰੇ ਸੋਚਣ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਾਂ।
ਇਹ ਸ਼ਾਇਦ ਸਮਝਾਉਣ ਵਿੱਚ ਮਦਦ ਕਰਦੇ ਹਨ ਕਿ ਸ਼ਰਮਨਾਕ ਪਲ ਜਾਂ ਆਲੋਚਨਾਤਮਕ ਟਿੱਪਣੀਆਂ ਸਾਨੂੰ ਸਾਲਾਂ ਤੱਕ ਕਿਉਂ ਪਰੇਸ਼ਾਨ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਦੁਖਦਾਈ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨਾ ਔਖਾ
ਕਿਸੇ ਪ੍ਰੇਮੀ, ਪਰਿਵਾਰਕ ਮੈਂਬਰ ਜਾਂ ਦੋਸਤ ਦੀਆਂ ਦੁਖਦਾਈ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਸਕਦਾ ਹੈ।
ਬਉਮਾਈਸਟਰ ਕਹਿੰਦੇ ਹਨ "ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ, ਉਨ੍ਹਾਂ ਦੀਆਂ ਨਕਰਾਤਮਕ ਟਿੱਪਣੀਆਂ ਦਾ ਅਜਨਬੀਆਂ ਨਾਲੋਂ ਜ਼ਿਆਦਾ ਪ੍ਰਭਾਵ ਪਵੇਗਾ।"
ਇਹ ਅੰਸ਼ਕ ਤੌਰ 'ਤੇ ਇਸ ਲਈ ਹੈ ਕਿਉਂਕਿ ਸਾਨੂੰ ਉਮੀਦ ਹੈ ਕਿ ਸਾਡੇ ਦੋਸਤਾਂ ਅਤੇ ਪਰਿਵਾਰ ਨੂੰ ਸਾਡੇ ਪ੍ਰਤੀ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈ।
ਕੁਝ ਮਾਮਲਿਆਂ ਵਿੱਚ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਨ੍ਹਾਂ ਦੀਆਂ ਨਕਾਰਾਤਮਕ ਟਿੱਪਣੀਆਂ ਲੰਬੇ ਸਮੇਂ ਤੱਕ ਰਹਿਣ ਵਾਲੇ ਮਾਨਸਿਕ ਜ਼ਖ਼ਮਾਂ ਅਤੇ ਨਾਰਾਜ਼ਗੀ ਦਾ ਕਾਰਨ ਬਣ ਸਕਦੀਆਂ ਹਨ ਜਿਸ ਨਾਲ ਰਿਸ਼ਤੇ ਟੁੱਟ ਸਕਦੇ ਹਨ।
ਅਮਰੀਕਾ ਵਿੱਚ ਕੈਂਟਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਜਦੋਂ ਪਾਰਟਨਰ "ਬਿਨਾਂ ਕੁਝ ਕਰੇ ਵਫ਼ਾਦਾਰ (ਪੈਸਿਵ ਤੌਰ ’ਤੇ ਵਫਾਦਾਰ)" ਰਹਿਣ ਲਈ ਰਿਸ਼ਤੇ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਤਾਂ ਰਿਸ਼ਤਾ ਤਿੜਕ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਇਹ ਇੰਨੀਆਂ ਚੰਗੀਆਂ, ਰਚਨਾਤਮਕ ਚੀਜ਼ਾਂ ਨਹੀਂ ਹਨ ਜੋ ਪਾਰਟਨਰ ਇੱਕ ਦੂਜੇ ਲਈ ਕਰਦੇ ਜਾਂ ਨਹੀਂ ਕਰਦੇ ਹਨ। ਇਹ ਉਹ ਵੀ ਨਹੀਂ ਜੋ ਇਹ ਨਿਰਧਾਰਤ ਕਰਦਾ ਹੈ ਕਿ ਕੀ ਇੱਕ ਰਿਸ਼ਤਾ ਸੁਚਾਰੂ ਰੂਪ ਨਾਲ ਚੱਲਦਾ ਹੈ ਜਾਂ ਨਹੀਂ ਕਿਉਂਕਿ ਇਹ ਵਿਨਾਸ਼ਕਾਰੀ ਚੀਜ਼ਾਂ ਹਨ ਜੋ ਉਹ ਸਮੱਸਿਆਵਾਂ ਦੇ ਪ੍ਰਤੀਕਰਮ ਵਿੱਚ ਕਰਦੇ ਹਨ ਜਾਂ ਨਹੀਂ ਕਰਦੇ ਹਨ।"
ਇੱਕ ਹੋਰ ਅਧਿਐਨ, ਜਿਸ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੱਕ ਇਕੱਠੇ ਰਹੇ ਜੋੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਨੇ ਦਿਖਾਇਆ ਕਿ ਵਿਆਹ ਦੇ ਪਹਿਲੇ ਦੋ ਸਾਲਾਂ ਵਿੱਚ ਜਿਸ ਹੱਦ ਤੱਕ ਉਨ੍ਹਾਂ ਨੇ ਇੱਕ ਦੂਜੇ ਪ੍ਰਤੀ ਨਕਾਰਾਤਮਕ ਭਾਵਨਾਵਾਂ ਜ਼ਾਹਰ ਕੀਤੀਆਂ, ਉਨ੍ਹਾਂ ਨੇ ਦਰਸਾ ਦਿੱਤਾ ਕਿ ਕੀ ਉਹ ਭਵਿੱਖ ਵਿੱਚ ਵੱਖ ਹੋਣਗੇ। ਤਲਾਕਸ਼ੁਦਾ ਜੋੜਿਆਂ ਵਿੱਚ ਨਕਾਰਾਤਮਕਤਾ ਦਾ ਪੱਧਰ ਉੱਚਾ ਹੋਵੇਗਾ।

ਤਸਵੀਰ ਸਰੋਤ, Getty Images
ਖ਼ਬਰਾਂ ਡਰ ਨੂੰ ਵਧਾ ਸਕਦੀਆਂ ਹਨ
ਬਉਮਾਈਸਟਰ ਆਪਣੀ ਕਿਤਾਬ ਵਿੱਚ ਦੱਸਦਾ ਹੈ ਕਿ ਅਸੀਂ ਖ਼ਬਰਾਂ ਵਿੱਚ ਜੋ ਪੜ੍ਹਦੇ ਅਤੇ ਦੇਖਦੇ ਹਾਂ, ਉਹ ਸਾਡੇ ਡਰ ਨੂੰ ਵਧਾ ਸਕਦਾ ਹੈ।
ਉਦਾਹਰਨ ਵਜੋਂ, ਅੱਤਵਾਦ ਦਾ ਸਾਡਾ ਡਰ ਸਪੱਸ਼ਟ ਹੈ, ਭਾਵੇਂ ਕਿ ਅਮਰੀਕਾ ਵਿੱਚ ਪਿਛਲੇ 20 ਸਾਲਾਂ ਵਿੱਚ ਅੱਤਵਾਦੀ ਸਮੂਹਾਂ ਦੁਆਰਾ ਮਾਰੇ ਗਏ ਲੋਕਾਂ ਦੀ ਗਿਣਤੀ ਉਸੇ ਸਮੇਂ ਦੌਰਾਨ ਆਪਣੇ ਬਾਥਟੱਬ ਵਿੱਚ ਮਰਨ ਵਾਲੇ ਅਮਰੀਕੀਆਂ ਦੀ ਗਿਣਤੀ ਨਾਲੋਂ ਘੱਟ ਹੈ।
ਨਕਾਰਾਤਮਕ ਪੱਖਪਾਤ ਇਹ ਦੱਸਦਾ ਹੈ ਕਿ ਕਿਉਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਸਹੀ ਢੰਗ ਨਾਲ ਚੱਲ ਰਹੇ ਰਿਸ਼ਤਿਆਂ ਨੂੰ ਪੱਕੇ ਤੌਰ ’ਤੇ ਹੀ ਸਹੀ ਮੰਨ ਲੈਂਦੇ ਹਨ, ਪਰ ਖਾਮੀਆਂ ਵੱਲ ਧਿਆਨ ਦੇਣ ਲਈ ਬਹੁਤ ਤੇਜ਼ੀ ਦਿਖਾਉਂਦੇ ਹਨ ਅਤੇ ਛੋਟੀਆਂ ਸਮੱਸਿਆਵਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਵਿੱਚ ਬਦਲ ਦਿੰਦੇ ਹਨ।
ਵੱਡੇ ਪੱਧਰ ’ਤੇ ਆਉਣ ਨਾਲ ਆਲੋਚਨਾ ਵੀ ਵਧ ਜਾਂਦੀ ਹੈ, ਜਿਸ ਨਾਲ ਸੋਸ਼ਲ ਮੀਡੀਆ ਨਕਾਰਾਤਮਕਤਾ ਦਾ ਸੰਭਾਵੀ ਈਕੋ ਚੈਂਬਰ ਬਣ ਜਾਂਦਾ ਹੈ।
2019 ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਹੋਣ ਦੇ ਬਾਵਜੂਦ, ਬਿਲੀ ਆਈਲਿਸ਼ ਨੇ ਬੀਬੀਸੀ ਬ੍ਰੇਕਫਾਸਟ ਨੂੰ ਦੱਸਿਆ ਕਿ ਉਹ ਟਿੱਪਣੀਆਂ ਨੂੰ ਦੇਖਣ ਤੋਂ ਬਚਦੀ ਹੈ।
ਉਸ ਨੇ ਕਿਹਾ, "ਇਹ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਸੀ।"
ਪੌਪ ਸਟਾਰ ਦੁਆ ਲਿਪਾ ਅਤੇ ਸਾਬਕਾ ਗਰਲਜ਼ ਅਲੌਡ ਦੀ ਸਾਬਕਾ ਮੈਂਬਰ ਨਿਕੋਲਾ ਰੌਬਰਟਸ ਉਨ੍ਹਾਂ ਹੋਰ ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਟ੍ਰੋਲਿੰਗ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ ਹੈ।
ਉਨ੍ਹਾਂ ਅਨੁਸਾਰ, "ਤੁਹਾਨੂੰ ਜਿੰਨੀਆਂ ਚੀਜ਼ਾਂ ਕਰਨ ਲਈ ਮਿਲਦੀਆਂ ਹਨ, ਓਨਾ ਹੀ ਜ਼ਿਆਦਾ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ। ਇਹ ਪਾਗਲਪਣ ਹੈ। ਇਹ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਭੈੜਾ ਹੈ।"
ਬਉਮਾਈਸਟਰ ਨੇ ਚਿਤਾਵਨੀ ਦਿੱਤੀ ਕਿ ਸਾਡੇ ਕੋਲ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਨਾਲ ਨਜਿੱਠਣ ਦੀ ਸਮਰੱਥਾ ਨਹੀਂ ਹੈ, ਕਿਉਂਕਿ ਸਾਡਾ ਦਿਮਾਗ ਸੈਂਕੜੇ ਜਾਂ ਹਜ਼ਾਰਾਂ ਅਜਨਬੀਆਂ ਦੀ ਬਜਾਏ ਸ਼ਿਕਾਰੀਆਂ ਦੇ ਨਜ਼ਦੀਕੀ ਭਾਈਚਾਰੇ ਦੀਆਂ ਚਿਤਾਵਨੀਆਂ ਵੱਲ ਧਿਆਨ ਦੇਣ ਲਈ ਵਿਕਸਤ ਹੋਇਆ ਹੈ।
ਉਹ ਕਹਿੰਦਾ ਹੈ, "ਇਸ ਲਈ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਨਕਾਰਾਤਮਕ ਗੱਲਾਂ ਸੁਣਨਾ ਵਿਨਾਸ਼ਕਾਰੀ ਹੋਵੇਗਾ।"
ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਵਿਗਿਆਨਕ ਅਤੇ ਵਿਜ਼ਿਟਿੰਗ ਫੈਲੋ ਲੂਸੀਆ ਮਾਚੀਆ ਕਹਿੰਦੀ ਹੈ, ‘‘ਬੇਸ਼ੱਕ, ਔਨਲਾਈਨ ਟ੍ਰੋਲ ਕਰਨ ਜਾਂ ਕਿਸੇ ਦੋਸਤ ਦੁਆਰਾ ਆਲੋਚਨਾ ਕਰਨ ਦਾ ਪ੍ਰਭਾਵ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਅਲੱਗ ਅਲੱਗ ਹੁੰਦਾ ਹੈ।’’
‘‘ਪਰ ਕਿਸੇ ਵੀ ਨਕਾਰਾਤਮਕ ਟਿੱਪਣੀ ਨੂੰ ਲੈਣ, ਮਨ ‘ਤੇ ਲਾਉਣ ਅਤੇ ਪ੍ਰਬਲ ਕਰਨ ਨਾਲ ਤਣਾਅ, ਚਿੰਤਾ, ਨਿਰਾਸ਼ਾ ਅਤੇ ਚਿੰਤਾ ਵਧ ਸਕਦੀ ਹੈ।’’
ਉਹ ਅੱਗੇ ਕਹਿੰਦੀ ਹੈ, "ਇਨ੍ਹਾਂ ਨਕਾਰਾਤਮਕ ਭਾਵਨਾਵਾਂ ਨਾਲ ਨਜਿੱਠਣ ਦਾ ਸਾਡੇ ਸਰੀਰ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਸਰੀਰਕ ਦਰਦ ਵੀ ਬਣ ਸਕਦੇ ਹਨ ਅਤੇ ਇਸ ਨੂੰ ਵਧਾ ਸਕਦੇ ਹਨ।"

ਤਸਵੀਰ ਸਰੋਤ, Getty Images
ਮਿਡਲ ਏਜ ’ਚ ਸਕਾਰਤਮਕ ਵੇਰਵੇ ਯਾਦ ਰੱਖਣਾ
ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਹਨ, ਉਹ ਉੱਜਲੇ ਪਾਸੇ ਵੱਲ ਦੇਖਣ ਲੱਗਦੇ ਹਨ।
ਵਿਗਿਆਨੀ ਇਸ ਪ੍ਰਭਾਵ ਨੂੰ "ਸਕਾਰਾਤਮਕ ਧਾਰਨਾ" ਵਜੋਂ ਦਰਸਾਉਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਮਿਡਲ ਏਜ ਤੋਂ ਨਕਾਰਾਤਮਕ ਜਾਣਕਾਰੀ ਨਾਲੋਂ ਜ਼ਿਆਦਾ ਸਕਾਰਾਤਮਕ ਵੇਰਵਿਆਂ ਨੂੰ ਯਾਦ ਰੱਖਣਾ ਸ਼ੁਰੂ ਕਰਦੇ ਹਾਂ।
ਬਉਮਾਈਸਟਰ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਸਾਨੂੰ ਆਪਣੀ ਜਵਾਨੀ ਵਿੱਚ ਅਸਫਲਤਾਵਾਂ ਅਤੇ ਆਲੋਚਨਾਵਾਂ ਤੋਂ ਸਿੱਖਣ ਦੀ ਜ਼ਰੂਰਤ ਹੈ, ਪਰ ਸਾਡੀ ਉਮਰ ਦੇ ਨਾਲ ਇਹ ਜ਼ਰੂਰਤ ਘੱਟ ਹੁੰਦੀ ਜਾਂਦੀ ਹੈ।
ਮਾਚੀਆ ਕਹਿੰਦੀ ਹੈ, ਕੀ ਕੁਝ ਖਾਸ ਸ਼ਖ਼ਸੀਅਤਾਂ ਵਾਲੇ ਲੋਕ ਦੂਜਿਆਂ ਨਾਲੋਂ ਨਕਾਰਾਤਮਕਤਾ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਇਹ ਇੱਕ ਬਹਿਸ ਵਾਲਾ ਵਿਸ਼ਾ ਹੈ।
ਪਰ ਇੱਕ ਤਾਜ਼ਾ ਅਧਿਐਨ ਵਿੱਚ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦੇ ਗੁਣਾਂ ਜਾਂ ਰਾਜਨੀਤਿਕ ਵਿਚਾਰਧਾਰਾ ਅਤੇ ਨਕਾਰਾਤਮਕ ਪੱਖਪਾਤ ਵਿਚਕਾਰ ਸਬੰਧ ਦਾ "ਕੋਈ ਇਕਸਾਰ ਸਬੂਤ" ਨਹੀਂ ਮਿਲਿਆ।
ਉਹ ਕਹਿੰਦੀ ਹੈ, "ਇਸ ਦਾ ਮਤਲਬ ਹੈ ਕਿ ਅਸੀਂ ਨਕਾਰਾਤਮਕ ਟਿੱਪਣੀਆਂ ਪ੍ਰਤੀ ਸੰਵੇਦਨਸ਼ੀਲ ਹਾਂ, ਇਹ ਕੋਈ 'ਮਜ਼ਬੂਤ' ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨਹੀਂ ਹਨ।’’
ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਹਰ ਕੋਈ ਨਕਾਰਾਤਮਕ ਟਿੱਪਣੀਆਂ ਪ੍ਰਾਪਤ ਕਰਦਾ ਹੈ, ਇਸ ਨਾਲ ਸਾਨੂੰ ਉਨ੍ਹਾਂ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ ... ਅਤੇ ਇਹ ਸਾਡੀ ਆਪਣੀ ਮਾਨਸਿਕ ਸਿਹਤ ਦੀ ਰੱਖਿਆ ਲਈ ਇੱਕ ਚੰਗੀ ਰਣਨੀਤੀ ਹੋ ਸਕਦੀ ਹੈ।"
"ਇੱਕ ਹੋਰ ਉਪਯੋਗੀ ਰਣਨੀਤੀ ਇਹ ਵਿਚਾਰਨਾ ਹੋ ਸਕਦਾ ਹੈ ਕਿ ਟਿੱਪਣੀਆਂ ਉਸ ਵਿਅਕਤੀ ਨਾਲ ਵਧੇਰੇ ਜੁੜੀਆਂ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਪ੍ਰਾਪਤ ਕਰਨ ਵਾਲੇ ਦੀ ਤੁਲਨਾ ਵਿੱਚ ਉਨ੍ਹਾਂ ਨੂੰ ਬਣਾ ਰਿਹਾ ਹੈ।’’
ਨਕਾਰਾਤਮਕਤਾ ਦੇ ਪ੍ਰਭਾਵ ਨੂੰ ਪਛਾਣ ਕੇ, ਅਸੀਂ ਅਣਚਾਹੀਆਂ ਪ੍ਰਤੀਕਿਰਿਆਵਾਂ ਨੂੰ ਅਣਦੇਖਿਆ ਕਰ ਸਕਦੇ ਹਾਂ ਅਤੇ ਇਸ ਦਾ ਲਾਭ ਵੀ ਉਠਾ ਸਕਦੇ ਹਾਂ।
ਉਦਾਹਰਨ ਲਈ ਕੈਲੀਫੋਰਨੀਆ ਯੂਨੀਵਰਸਿਟੀ ਲਾਸ ਏਂਜਲਸ (ਯੂਸੀਐੱਲਏ) ਵਿੱਚ ਸਮਾਜਿਕ ਮਨੋਵਿਗਿਆਨ ਦੀ ਇੱਕ ਪ੍ਰੋਫੈਸਰ ਸ਼ੈਲੀ ਟੇਲਰ ਨੇ ਦਿਖਾਇਆ ਹੈ ਕਿ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਕਦੇ-ਕਦਾਈਂ ਉਸ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਲਈ ਅਵਿਸ਼ਵਾਸੀ ਤੌਰ 'ਤੇ ਆਸ਼ਾਵਾਦੀ ਵਿਸ਼ਵਾਸ ਵਿਕਸਤ ਕਰ ਲੈਂਦੀਆਂ ਹਨ।
ਇਹ "ਸਕਾਰਾਤਮਕ ਭਰਮ" ਮਾਨਸਿਕ ਅਤੇ ਸਰੀਰਕ ਸਿਹਤ ਲਾਭਾਂ ਦੋਵਾਂ ਨਾਲ ਜੁੜੇ ਹੋਏ ਹਨ, ਇਹ ਸੁਝਾਉਂਦੇ ਹਨ ਕਿ ਉਹ ਜ਼ਰੂਰਤ ਦੇ ਸਮੇਂ ਮਾਮਲੇ 'ਤੇ ਧਿਆਨ ਦੇਣ ਵਿੱਚ ਸਾਡੀ ਮਦਦ ਕਰ ਸਕਦੇ ਹਨ।
ਟੇਲਰ ਦਾ ਕੰਮ ਉਸ ਪ੍ਰਤੀਕਿਰਿਆ ’ਤੇ ਵੀ ਰੌਸ਼ਨੀ ਪਾਉਂਦਾ ਹੈ ਜੋ ਆਮ ਤੌਰ 'ਤੇ ਨਕਾਰਾਤਮਕਤਾ ਦਾ ਸਾਹਮਣਾ ਕਰਨ ਲਈ ਉਪਯੋਗ ਕੀਤੀ ਜਾਂਦੀ ਹੈ। ਉਸ ਨੂੰ ਘੱਟ ਕਰਨਾ ਕਿਹਾ ਜਾਂਦਾ ਹੈ, ਜੋ "ਉਸ ਘਟਨਾ ਦੇ ਪ੍ਰਭਾਵ ਨੂੰ ਮੱਠਾ ਕਰਨ, ਘੱਟ ਕਰਨ ਅਤੇ ਇੱਥੋਂ ਤੱਕ ਕਿ ਖਤਮ ਕਰਨ" ਦੀ ਸਾਡੀ ਸਮਰੱਥਾ ਹੈ।
ਉਦਾਹਰਨ ਲਈ, ਟੇਲਰ ਦੇ ਅਧਿਐਨ ਵਿੱਚ ਕੈਂਸਰ ਦੇ ਮਰੀਜ਼ਾਂ ਨੇ ਕਈ ਵਾਰ ਖੁਦ ਦੀ ਤੁਲਨਾ ਉਨ੍ਹਾਂ ਔਰਤਾਂ ਨਾਲ ਕੀਤੀ ਜੋ ਉਨ੍ਹਾਂ ਤੋਂ ਬਦਤਰ ਸਨ, ਤਾਂ ਕਿ ਉਨ੍ਹਾਂ ਦੀ ਸਮੱਸਿਆ ਛੋਟੀ ਦਿਖਾਈ ਦੇਵੇ।
ਪੇਸ਼ੇਵਰ ਸਾਹਸੀ ਸਕਾਈਡਾਈਵਰ ਫੇਲਿਕਸ ਬੌਮਗਾਰਟਨਰ ਕੋਈ ਅਜਿਹਾ ਵਿਅਕਤੀ ਨਹੀਂ ਹੋ ਸਕਦਾ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਨੂੰ ਆਪਣੇ ਡਰ ਦਾ ਸਾਹਮਣਾ ਕਰਨ ਲਈ ਘੱਟੋ-ਘੱਟ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ।

ਤਸਵੀਰ ਸਰੋਤ, Getty Images
ਪਰ ਇੱਕ ਮਨੋਵਿਗਿਆਨੀ ਮਾਈਕਲ ਗੇਰਵਾਈਸ ਜੋ ਓਲੰਪੀਅਨਾਂ ਨਾਲ ਕੰਮ ਕਰਦਾ ਹੈ, ਨੇ ਬੌਮਗਾਰਟਨਰ ਨੂੰ ਸਾਊਂਡ ਬੈਰੀਅਰ ਤੋੜਨ ਵਾਲੇ ਪਹਿਲੇ ਸਕਾਈਡਾਈਵਰ ਬਣਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਉਸ ਦਾ ਉਪਯੋਗ ਕੀਤਾ।
ਉਸ ਦੁਆਰਾ ਦਿੱਤੇ ਗਏ ਇੰਟਰਵਿਊਆਂ ਦੇ ਅਨੁਸਾਰ, ਬੌਮਗਾਰਟਨਰ ਨੂੰ ਆਪਣੇ ਵਿਸ਼ੇਸ਼ ਤੌਰ 'ਤੇ ਬਣੇ ਸੂਟ ਵਿੱਚ ਫਸਣ ਤੋਂ ਡਰ ਸੀ। ਇਸ ਨੂੰ ਇੱਕ ਸੰਭਾਵੀ ਜੇਲ੍ਹ ਦੇ ਰੂਪ ਵਿੱਚ ਨਕਾਰਾਤਮਕ ਰੂਪ ਵਿੱਚ ਦੇਖਣ ਦੀ ਬਜਾਏ, ਗਰੇਵਾਈਸ ਨੇ ਉਸ ਨੂੰ ਇਹ ਕਲਪਨਾ ਕਰਨਾ ਸਿਖਾਇਆ ਕਿ ਕਿਵੇਂ ਸੂਟ ਉਸ ਨੂੰ ਇੱਕ ਸੁਪਰ ਹੀਰੋ ਵਿੱਚ ਬਦਲ ਸਕਦਾ ਹੈ, ਫਾਇਦਿਆਂ ਨੂੰ ਵਧਾ ਸਕਦਾ ਹੈ ਅਤੇ ਨੁਕਸਾਨਾਂ ਨੂੰ ਘਟਾ ਸਕਦਾ ਹੈ।
ਸਾਹ ਲੈਣ ਦੀਆਂ ਤਕਨੀਕਾਂ ਅਤੇ ਬੋਧਾਤਮਕ ਵਿਵਹਾਰ ਸਬੰਧੀ ਥੈਰੇਪੀ (ਸੀਬੀਟੀ) ਦੇ ਇੱਕ ਰੂਪ ਦੀ ਵਰਤੋਂ ਕਰਦੇ ਹੋਏ, ਬੌਮਗਾਰਟਨਰ ਸੂਟ ਵਿੱਚ ਆਪਣੇ ਧੀਰਜ ਨੂੰ ਵਧਾਉਣ, ਆਪਣਾ ਟੀਚਾ ਪੂਰਾ ਕਰਨ ਅਤੇ "ਫੀਅਰਲੈਸ ਫੈਲਿਕਸ" ਬਣਨ ਦੇ ਸਮਰੱਥ ਸੀ।
ਸਾਡੇ ਵਿੱਚੋਂ ਬਹੁਤ ਘੱਟ ਲੋਕ ਹੀ ਬੌਮਗਾਰਟਨਰ ਦੀਆਂ ਬੁਲੰਦ ਇੱਛਾਵਾਂ ਨੂੰ ਸਾਂਝਾ ਕਰਨਗੇ, ਪਰ ਅਸੀਂ ਸਾਰੇ ਉਸ ਤੋਂ ਸਿੱਖ ਸਕਦੇ ਹਾਂ। ਨਕਾਰਾਤਮਕਤਾ ’ਤੇ ਕਾਬੂ ਪਾ ਕੇ ਅਤੇ ਸਕਾਰਾਤਮਕਤਾ ’ਤੇ ਜ਼ੋਰ ਦੇ ਕੇ, ਅਸੀਂ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਦੇ ਵਧੇਰੇ ਮੌਕੇ ਪੈਦਾ ਕਰ ਸਕਦੇ ਹਾਂ।
ਹਾਲਾਂਕਿ, ਨਕਾਰਾਤਮਕ ਟਿੱਪਣੀਆਂ ਕਿਸੇ ਵੀ ਉਮਰ ਵਿੱਚ ਨੁਕਸਾਨਦੇਹ ਹੋ ਸਕਦੀਆਂ ਹਨ, ਖਾਸ ਤੌਰ 'ਤੇ ਉਸ ਸਮੇਂ ਦੌਰਾਨ ਜਦੋਂ ਅਸੀਂ ਖਾਸ ਤੌਰ 'ਤੇ ਪ੍ਰਭਾਵਸ਼ਾਲੀ ਜਾਂ ਕਮਜ਼ੋਰ ਹੁੰਦੇ ਹਾਂ।
ਬਉਮਾਈਸਟਰ ਕਹਿੰਦਾ ਹੈ, "ਜਦੋਂ ਤੁਸੀਂ ਪਹਿਲਾਂ ਹੀ ਹੇਠ ਹੁੰਦੇ ਹੋ ਤਾਂ ਵਾਪਸ ਉੱਪਰ ਆਉਣਾ ਔਖਾ ਹੁੰਦਾ ਹੈ, ਇਸ ਲਈ ਨਕਾਰਾਤਮਕ ਟਿੱਪਣੀਆਂ ਪ੍ਰਾਪਤ ਕਰਨ ਲਈ ਇਹ ਮੁਸ਼ਕਲ ਸਮਾਂ ਹੋ ਸਕਦਾ ਹੈ।"












