ਕੀ ਸਮੇਂ ਤੋਂ ਬਿਨਾਂ ਵੀ ਮਨੁੱਖੀ ਜ਼ਿੰਦਗੀ ਸੰਭਵ ਹੈ, ਸਮੇਂ ਬਾਰੇ ਹੈਰਾਨ ਕਰਨ ਵਾਲੀਆਂ 11 ਗੱਲਾਂ ਜੋ ਤੁਹਾਡੀ ਸੋਚ ਬਦਲ ਦੇਣਗੀਆਂ

ਤਸਵੀਰ ਸਰੋਤ, Getty Images
ਤੁਸੀਂ ਜਦੋਂ ਸਮੇਂ ਬਾਰੇ ਸੋਚਦੇ ਹੋ ਤਾਂ ਕੀ ਤੁਹਾਡੇ ਖਿਆਲ ਵਿੱਚ ਘੜੀ ਤੋਂ ਇਲਾਵਾ ਵੀ ਕੋਈ ਖਿਆਲ ਆਉਂਦਾ ਹੈ?
ਜੇਕਰ ਨਹੀਂ ਤਾਂ ਸਮੇਂ ਬਾਰੇ ਇਸ ਲੇਖ ਵਿਚਲੀਆਂ 11 ਗੱਲਾਂ ਤੁਹਾਨੂੰ ਬੇਹੱਦ ਦਿਲਚਸਪ ਲੱਗਣਗੀਆਂ -
1. ਭਾਸ਼ਾ ਦਾ ਸਮੇਂ ਨਾਲ ਕੀ ਸਬੰਧ ਹੈ

ਤਸਵੀਰ ਸਰੋਤ, Getty Images
ਸਮੇਂ ਦੀ ਕਲਪਨਾ ਅਕਸਰ ਇੱਕ ਸਿੱਧੀ ਰੇਖਾ ਵਜੋਂ ਕੀਤੀ ਜਾਂਦੀ ਹੈ।
ਇਹ ਰੇਖਾ ਕਿੱਧਰੋਂ-ਕਿੱਧਰ ਨੂੰ ਜਾਂਦੀ ਹੈ? ਇਹ ਰੇਖਾ ਕਿਸ ਦਿਸ਼ਾ ਵੱਲ ਜਾਂਦੀ ਹੈ?
ਹੋ ਸਕਦਾ ਹੈ ਇੱਕ ਰੇਖਾ ਹੋਵੇ ਹੀ ਨਾ।
ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਉਸ ਭਾਸ਼ਾ ’ਤੇ ਨਿਰਭਰ ਕਰਦਾ ਹੈ ਜੋ ਤੁਸੀਂ ਬੋਲਦੇ ਹੋ।
ਸਮੇਂ ਬਾਰੇ ਸਾਡੀ ਸਮਝ ਬਹੁਤ ਹੱਦ ਤੱਕ ਸਾਡੇ ਵੱਲੋਂ ਵਰਤੀ ਜਾਂਦੀ ਭਾਸ਼ਾ ਤੋਂ ਪ੍ਰਭਾਵਿਤ ਹੁੰਦੀ ਹੈ।
ਮਿਸਾਲ ਵਜੋਂ ਅੰਗਰੇਜ਼ੀ ਬੋਲਣ ਵਾਲੇ ਸਮੇਂ ਨੂੰ ਆਪਣੇ ਅੱਗੇ ਜਾਂ ਪਿੱਛੇ ਕਰਕੇ ਸਮਝਦੇ ਹਨ।
ਅੱਗੇ ਵੱਲ ਹੱਥ ਕਰਨਗੇ ਕਿ ਅੱਗੇ ਭਵਿੱਖ ਹੈ ਅਤੇ ਪਿੱਛੇ ਵੱਲ ਅਤੀਤ।
ਦਿਸਹੱਦੇ ’ਤੇ ਫੈਲੀ ਹੋਈ ਇੱਕ ਸਿੱਧੀ ਰੇਖਾ ਜੋ ਸੱਜੇ ਤੋਂ ਖੱਬੇ ਵੱਲ ਜਾ ਰਹੀ ਹੋਵੇ ਵਜੋਂ ਵੀ ਸਮੇਂ ਨੂੰ ਸਮਝਿਆ ਜਾਂਦਾ ਹੈ।
ਚੀਨੀ ਬੋਲੀ ਬੋਲਣ ਵਾਲੇ ਸਮੇਂ ਨੂੰ ਲੰਬਾਕਾਰ (ਉੱਪਰੋਂ ਹੇਠਾਂ ਵੱਲ ਜਾਣ ਵਾਲੀ) ਰੇਖਾ ਵਜੋਂ ਦੇਖਦੇ ਹਨ। ਜਿਸਦੇ ਹੇਠਲੇ ਸਿਰੇ ’ਤੇ ਭਵਿੱਖ ਪਿਆ ਹੈ।
ਗਰੀਕ ਲੋਕ ਸਮੇਂ ਨੂੰ ਲੰਬਾਈ ਵਿੱਚ ਨਹੀਂ ਸਗੋਂ ਤਿੰਨ ਅਯਾਮੀ ਸਮਝਦੇ ਸਨ ਤੇ “ਵੱਡੇ” ਜਾਂ “ਬਹੁਤ” ਵਿੱਚ ਮਾਪਦੇ ਸਨ।
ਇਸੇ ਤਰ੍ਹਾਂ ਆਸਟ੍ਰੇਲੀਆ ਦਾ ਇੱਕ ਕਬੀਲਾ ਸਮੇਂ ਨੂੰ ਪੂਰਬ ਤੇ ਪੱਛਮ ਵਾਂਗ ਸਮਝਦਾ ਹੈ।
ਇਸ ਤੋਂ ਇਲਾਵਾ ਸਾਡੀ ਭਾਸ਼ਾ ਹੀ ਸਮੇਂ ਦੇ ਬੀਤਣ ਬਾਰੇ ਸਾਡੀ ਸਮਝ ਨੂੰ ਤੈਅ ਕਰਦੀ ਹੈ। ਸਾਨੂੰ ਕਿਸੇ ਦੇ ਵਰਤਮਾਨ ਦੀਆਂ ਗੱਲਾਂ ਉਸਦੇ ਅਤੀਤ ਬਾਰੇ ਕਹੀਆਂ ਗੱਲਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਯਾਦ ਰਹਿੰਦੀਆਂ ਹਨ।
2. ਜਿਸ ਨੂੰ ਤੁਸੀਂ ਹੁਣ ਸਮਝਦੇ ਹੋ ਉਹ ਹੁਣ ਨਹੀਂ ਹੈ

ਤਸਵੀਰ ਸਰੋਤ, Getty Images
ਜਦੋਂ ਤੁਸੀਂ ਇਹ ਸ਼ਬਦ ਪੜ੍ਹ ਰਹੇ ਹੋਵੋਗੇ ਤਾਂ ਉਸ ਸਮੇਂ ਨੂੰ ਹੁਣ ਸਮਝ ਲੈਣਾ ਬਹੁਤ ਸੌਖਾ ਹੋਵੇਗਾ ਪਰ ਅਜਿਹਾ ਨਹੀਂ ਹੈ।
ਮਿਸਾਲ ਵਜੋਂ ਤੁਹਾਡੇ ਸਾਹਮਣੇ ਵਾਲੀ ਮੇਜ਼ ਦੇ ਪਰਲੇ ਪਾਸੇ ਬੈਠ ਕੇ ਬੋਲ ਰਹੇ ਵਿਅਕਤੀ ਬਾਰੇ ਸੋਚੋ।
ਉਨ੍ਹਾਂ ਦੇ ਹਾਵ-ਭਾਵ ਉਸਦੇ ਬੋਲਾਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਂਦੇ ਹਨ ਕਿਉਂਕਿ ਰੌਸ਼ਨੀ ਅਵਾਜ਼ ਨਾਲੋਂ ਤੇਜ਼ ਚਲਦੀ ਹੈ।
ਸਾਡਾ ਦਿਮਾਗ ਦੋਵਾਂ ਨੂੰ ਆਪਸ ਵਿੱਚ ਮਿਲਾ ਲੈਂਦਾ ਹੈ।
ਇਸੇ ਕਾਰਨ ਸਾਨੂੰ ਲਗਦਾ ਹੈ ਕਿ ਜਦੋਂ ਬੰਦੇ ਦੇ ਬੁੱਲ੍ਹ ਹਿਲਦੇ ਦਿਖ ਰਹੇ ਹਨ, ਉਹ ਉਦੋਂ ਹੀ ਬੋਲ ਵੀ ਰਿਹਾ ਹੈ।
ਜਦਕਿ ਬੁੱਲ੍ਹ ਹਿਲਦੇ ਅਸੀਂ ਪਹਿਲਾਂ ਦੇਖ ਲੈਂਦੇ ਹਾਂ।
ਸਮੇਂ ਬਾਰੇ ਇਹੀ ਸਭ ਤੋਂ ਅਜੀਬ ਗੱਲ ਨਹੀਂ ਹੈ।
3. ਸਮੇਂ ਤੋਂ ਬਿਨਾਂ ਕੋਈ ਸੁਚੇਤ ਅਨੁਭਵ ਨਹੀਂ ਹੋ ਸਕਦਾ

ਤਸਵੀਰ ਸਰੋਤ, Getty Images
ਅਸੀਂ ਘੜੀ ਦੀ ਸੂਈ ਦੀ ਟਿਕ-ਟਿਕ ਗਿਣਦੇ ਹਾਂ।
ਘੜੀ ਦੀਆਂ ਸੂਈਆਂ ਦੀ ਟਿਕ-ਟਿਕ ਸਾਡੀ ਧੜਕਣ ਹੈ।
ਸਮਾਂ ਤੇ ਸਾਡੀ ਹੋਂਦ ਇੱਕ ਕਿੱਕਲੀ ਵਿੱਚ ਬੱਝੇ ਨੱਚ ਰਹੇ ਹਨ।
ਕਿਸੇ ਹਨੇਰੀ ਗੁਫ਼ਾ ਵਿੱਚ ਪਿਆ ਬੰਦਾ ਵੀ ਆਪਣੀ ਸਰੀਰਕ ਘੜੀ ਦੇ ਅਸਰ ਹੇਠ ਹੈ।
ਸਾਡੇ ਸਰੀਰ ਦੀਆਂ ਪਰਕਿਰਿਆਵਾਂ ਇਸੇ ਘੜੀ ਦੀ ਚਾਲ ਵਿੱਚ ਬੱਝੀਆਂ ਚੱਲ ਰਹੀਆਂ ਹਨ।
ਹੋਲੀ ਐਂਡਰਸਨ ਸਾਈਮਨ ਫਰੈਜ਼ਰ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ ਵਿੱਚ ਵਿਗਿਆਨ ਦੇ ਦਰਸ਼ਨ ਅਤੇ ਪਰਾਭੌਤਿਕ ਦਾ ਅਧਿਐਨ ਕਰਦੇ ਹਨ।
ਉਹ ਕਹਿੰਦੇ ਹਨ ਕਿ ਜੇ ਅਸੀਂ ਸਮੇਂ ਦੀ ਸਮਝ ਗੁਆ ਦੇਈਏ ਤਾਂ ਇਸਦਾ ਸਾਡੀ ਆਪਣੀ ਖੁਦ ਬਾਰੇ ਸਮਝ ਉੱਪਰ ਵੀ ਅਸਰ ਪਵੇਗਾ।
ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸਮੇਂ ਦੀ ਸਮਝ ਨਾ ਹੋਵੇ ਅਤੇ ਨਾ ਹੀ ਸਾਨੂੰ ਸਮੇਂ ਦੇ ਬੀਤਣ ਦਾ ਅਹਿਸਾਸ ਹੋਵੇ ਤਾਂ ਸਾਨੂੰ ਕੁਝ ਮਹਿਸੂਸ ਹੀ ਨਹੀਂ ਹੋਵੇਗਾ।
ਸੋਚ ਕੇ ਦੇਖੋ ਜੋ ਤੁਸੀਂ ਅੱਜ ਹੋ, ਉਹ ਸਮੇਂ ਦੇ ਬੀਤਣ ਕਰਕੇ ਹੀ ਹੋ। ਸਮੇਂ ਦੇ ਬੀਤਣ ਨਾਲ ਹੀ ਤੁਹਾਡੀ ਸ਼ਖਸੀਅਤ ਬਣੀ ਹੈ।
ਤੁਹਾਡੀ ਸ਼ਖਸੀਅਤ ਹੋਰ ਕੁਝ ਨਹੀਂ ਯਾਦਾਂ ਦਾ ਸਮੁੱਚ ਹੈ।
ਐਂਡਰਸਨ ਕਹਿੰਦੇ ਹਨ, “ਇਨ੍ਹਾਂ ਯਾਦਾਂ ਨੇ ਹੀ ਤੁਹਾਨੂੰ ਸਮੇਂ ਵਿੱਚ ਬਣਾਇਆ ਹੈ। ਜੇ ਤੁਸੀਂ ਕੁਝ ਸਮਾਂ ਗੁਆ ਦਿਓ ਤਾਂ ਤੁਸੀਂ ਬਿਲਕੁਲ ਵੱਖਰੇ ਇਨਸਾਨ ਹੋਵੋਗੇ।”
4. ਕੋਈ ਘੜੀ ਸੌ ਫ਼ੀਸਦੀ ਸਟੀਕ ਨਹੀਂ ਹੈ

ਤਸਵੀਰ ਸਰੋਤ, Getty Images
ਮਾਪ ਦੇ ਵਿਗਿਆਨੀ ਸਮੇਂ ਦਾ ਮਾਪ ਰੱਖਣ ਲਈ ਬਹੁਤ ਸਖ਼ਤ ਮਿਹਨਤ ਕਰਦੇ ਹਨ।
ਉਹ ਇਸ ਲਈ ਨਵੀਂ ਤੋਂ ਨਵੀਂ ਤਕਨੀਕ ਦੀ ਵਰਤੋਂ ਕਰਦੇ ਹਨ ਤਾਂ ਜੋ ਬੀਤ ਰਹੇ ਪਲਾਂ, ਮਿੰਟਾਂ, ਘੰਟਿਆਂ ਦਾ ਹਿਸਾਬ ਰੱਖ ਸਕਣ।
ਹਾਲਾਂਕਿ ਉਨ੍ਹਾਂ ਦੀਆਂ ਪ੍ਰਮਾਣੂ ਘੜੀਆਂ ਬਹੁਤ ਸਟੀਕ ਹਨ ਪਰ ਫਿਰ ਵੀ ਉਹ ਸਮੇਂ ਦੀ ਪੂਰੀ ਮਿਣਤੀ ਕਰਨ ਦੇ ਸਮਰੱਥ ਨਹੀਂ ਹਨ।
ਧਰਤੀ ਦੀ ਕੋਈ ਵੀ ਘੜੀ ਸਮੇਂ ਦੀ ਸਟੀਕ ਮਿਣਤੀ ਨਹੀਂ ਕਰ ਸਕਦੀ।
ਹੁਣ ਕੀ ਸਮਾਂ ਹੋਇਆ ਹੈ- ਇਹ ਤੈਅ ਕਰਨ ਦੀ ਪ੍ਰਕਿਰਿਆ- ਬਹੁਤ ਸਾਰੀਆਂ ਘੜੀਆਂ ਤੋਂ ਮਿਲ ਕੇ ਬਣੀ ਹੈ।
ਇਸੇ ਤਰ੍ਹਾਂ ਦੁਨੀਆਂ ਦੇ ਸਮੇਂ ਦਾ ਹਿਸਾਬ ਰੱਖਿਆ ਜਾਂਦਾ ਹੈ।
ਕੌਮੀ ਪ੍ਰਯੋਗਸ਼ਾਲਾਵਾਂ ਆਪਣੀਆਂ ਪੜ੍ਹਤਾਂ ਇੰਟਰਨੈਸ਼ਨਲ ਬਿਊਰੋ ਆਫ਼ ਵੇਟਸ ਐਂਡ ਮਯਰਮੈਂਟ ਪੈਰਿਸ (ਫਰਾਂਸ) ਨੂੰ ਭੇਜਦੀਆਂ ਹਨ। ਉੱਥੇ ਇਨ੍ਹਾਂ ਪੜ੍ਹਤਾਂ ਦੀ ਔਸਤ ਕੱਢੀ ਜਾਂਦੀ ਹੈ।
ਸਮਾਂ ਇੱਕ ਮਨੁੱਖੀ ਕਾਢ ਹੈ।
5. ਸਮੇਂ ਦਾ ਅਨੁਭਵ ਸਾਡੇ ਦਿਮਾਗ ਵਿੱਚ ਹੀ ਹੈ

ਤਸਵੀਰ ਸਰੋਤ, Getty Images
ਸਮੇਂ ਬਾਰੇ ਸਾਡੀ ਸਮਝ ਕਈ ਕਾਰਕਾਂ ਨਾਲ ਮਿਲ ਕੇ ਬਣਦੀ ਹੈ, ਜਿਵੇਂ- ਸਾਡਾ ਚੇਤਾ, ਇਕਾਗਰਤਾ, ਭਾਵ ਅਤੇ ਇਹ ਸਮਝ ਕੇ ਅਸੀਂ ਹੋਂਦ ਰੱਖਦੇ ਹਾਂ।
ਸਮੇਂ ਬਾਰੇ ਸਾਡੀ ਸਮਝ ਸਾਨੂੰ ਸਾਡੇ ਮਾਨਸਿਕ ਅਸਲੀਅਤ ਨਾਲ ਬੰਨ੍ਹ ਕੇ ਰੱਖਦੀ ਹੈ।
ਸਮੇਂ ਨਾਲ ਸਾਡੀ ਜ਼ਿੰਦਗੀ ਸ਼ੁਰੂ ਹੀ ਨਹੀਂ ਹੋਈ ਸਗੋਂ ਇਸਦੇ ਨਾਲ ਹੀ ਇਹ ਚਲਦੀ ਵੀ ਹੈ।
ਸਮੇਂ ਸਦਕਾ ਹੀ ਅਸੀਂ ਜ਼ਿੰਦਗੀ ਨੂੰ ਮਹਿਸੂਸ ਕਰਦੇ ਹਾਂ, ਮਾਣਦੇ ਹਾਂ।
ਇਸ ਦਾ ਇੱਕ ਲਾਭ ਤਾਂ ਇਹ ਹੈ ਕਿ ਸਾਨੂੰ ਲਗਦਾ ਹੈ ਕਿ ਸਾਡਾ ਆਪਣੀ ਜ਼ਿੰਦਗੀ ਉੱਪਰ ਕੋਈ ਕੰਟਰੋਲ ਹੈ।
ਮਿਸਾਲ ਵਜੋਂ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਜ਼ਿੰਦਗੀ ਕਾਹਲੀ-ਕਾਹਲੀ ਲੰਘ ਜਾਵੇ ਤਾਂ ਇਸ ਦਾ ਇੱਕ ਹੱਲ ਹੈ – ਆਪਣੀ ਜ਼ਿੰਦਗੀ ਵਿੱਚ ਨਵੀਨਤਾ ਲਿਆਉਣਾ।
ਖੋਜ ਨੇ ਸਿੱਧ ਕੀਤਾ ਹੈ ਕਿ ਇੱਕੋ-ਜਿਹੀ, ਰੂਟੀਨਬੱਧ ਜ਼ਿੰਦਗੀ ਬਹੁਤ ਤੇਜ਼ੀ ਨਾਲ ਲੰਘ ਰਹੀ ਪ੍ਰਤੀਤ ਹੁੰਦੀ ਹੈ।
ਇਸਦੇ ਮੁਕਾਬਲੇ ਜੇ ਤੁਸੀਂ ਜ਼ਿੰਦਗੀ ਵਿੱਚ ਨਵੀਨਤਾ ਰੱਖੋਗੇ ਤਾਂ ਜ਼ਿੰਦਗੀ ਦਾ ਪਲ-ਪਲ ਪੁਰ ਸਕੂਨ ਬੀਤਦਾ ਲੱਗੇਗਾ।
ਇੰਝ ਨਹੀਂ ਲੱਗੇਗਾ ਕਿ ਸਮਾਂ ਖੰਭ ਲਗਾ ਕੇ ਉੱਡ ਰਿਹਾ ਹੈ।
6. 22ਵੀਂ ਸਦੀ ਦੇ ਨਾਗਰਿਕ ਸਾਡੇ ਵਿੱਚ ਹੀ ਮੌਜੂਦ ਹਨ
ਅਗਲੀ ਸਦੀ ਅਕਸਰ ਬਹੁਤ ਦੂਰ ਲੱਗ ਸਕਦੀ ਹੈ।
ਕੋਈ ਦੂਰ ਦੀ ਧਰਤੀ। ਜਿੱਥੇ ਪਰਿਕਲਪਨਾ ਵਜੋਂ ਅਜੇ ਕੋਈ ਅਣਜੰਮੀਆਂ ਪੀੜ੍ਹੀਆਂ ਹੀ ਰਹਿ ਰਹੀਆਂ ਹਨ।
ਇਸ ਸਮੇਂ ਵੀ ਬਹੁਤ ਸਾਰੇ ਲੋਕ ਹਨ ਜੋ ਸ਼ਾਇਦ 2099 ਦਾ ਨਵਾਂ ਸਾਲ ਦੇਖਣਗੇ। 2023 ਵਿੱਚ ਪੈਦਾ ਹੋਇਆ ਕੋਈ ਬੱਚਾ ਉਸ ਸਮੇਂ ਆਪਣੇ 70ਵਿਆਂ ਵਿੱਚ ਹੋਵੇਗਾ।
ਅਸੀਂ ਅਤੀਤ ਅਤੇ ਭਵਿੱਖ ਨਾਲ ਸਾਡੀ ਕਲਪਨਾ ਨਾਲੋਂ ਬਹੁਤ ਪੀਢੇ ਜੁੜੇ ਹੋਏ ਹਾਂ।
ਆਪਣੇ ਰਿਸ਼ਤਿਆਂ ਕਰਕੇ, ਆਪਣੀਆਂ ਅਗਲੀਆਂ-ਪਿਛਲੀਆਂ ਪੀੜ੍ਹੀਆਂ ਕਰਕੇ।

ਤਸਵੀਰ ਸਰੋਤ, Getty Images
7. ਸਮੇਂ ਦੀ ਖੜੋਤ ਅਸੀਂ ਸਾਰੇ ਮਹਿਸੂਸ ਕਰ ਸਕਦੇ ਹਾਂ
ਸਮੇਂ ਦੀ ਗਤੀ ਸਾਰਿਆਂ ਲਈ ਇੱਕ ਸਮਾਨ ਨਹੀਂ ਹੈ। ਇਹ ਵੀ ਨਹੀਂ ਕਿ ਸਮਾਂ ਮਹਿਜ਼ ਇੱਕ ਦਿਮਾਗ਼ੀ ਜਮ੍ਹਾਂ-ਖਰਚ ਹੈ।
ਜਦੋਂ ਕਾਰ ਸੜਕ ਉੱਤੇ ਘਸਰਦੀ ਹੈ ਤਾਂ ਇੰਝ ਲਗਦਾ ਹੈ ਕਿ ਸਦੀਆਂ ਤੱਕ ਘਸਰਦੀ ਜਾ ਰਹੀ ਹੈ।
ਰੇਤ ਨੂੰ ਹਵਾ ਵਿੱਚ ਉਛਾਲੀਏ ਤਾਂ ਇਹ ਕਿਵੇਂ ਹਵਾ ਵਿੱਚ ਰੁਕ ਜਾਂਦੀ ਹੈ।
ਕਈ ਵਾਰ ਸਾਡੇ ਆਲੇ-ਦੁਆਲੇ ਦੀ ਸਥਿਤੀ ਵੀ ਸਮੇਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦੀ ਹੈ।
ਤਣਾਅ ਵਿੱਚ ਸਮਾਂ ਤੇਜ਼ੀ ਨਾਲ ਲੰਘਦਾ ਪ੍ਰਤੀਤ ਹੁੰਦਾ ਹੈ।
ਇਸ ਨਾਲ ਸਾਨੂੰ ਜ਼ਿੰਦਗੀ ਮੌਤ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਜਲਦੀ ਨਾਲ ਲੈਣ ਵਿੱਚ ਮਦਦ ਮਿਲਦੀ ਹੈ।
ਇਸ ਤਰ੍ਹਾਂ ਦਿਮਾਗੀ ਬੀਮਾਰੀਆਂ ਜਿਵੇਂ ਮਿਰਗੀ ਅਤੇ ਦੌਰੇ ਵੀ ਸਮੇਂ ਬਾਰੇ ਸਾਡੀ ਸਮਝ ’ਤੇ ਅਸਰ ਪਾਉਂਦੇ ਹਨ।
ਕੁਝ ਖਿਡਾਰੀ ਜਦੋਂ ਚਾਹੁਣ ਆਪਣੇ ਲਈ ਸਮੇਂ ਨੂੰ ਰੋਕ ਸਕਦੇ ਹਨ। ਦੇਖੋ ਕਿਵੇਂ ਕੋਈ ਲਹਿਰਾਂ ਦਾ ਸ਼ਾਹ ਸਵਾਰ (ਸਰਫ਼ਰ) ਠੀਕ ਸਹੀ ਸਮੇਂ ਉੱਪਰ ਇੱਕ ਲਹਿਰ ਨੂੰ ਛੱਡ ਕੇ ਦੂਜੀ ਲਹਿਰ ਦੀ ਸਵਾਰੀ ਕਰ ਲੈਂਦਾ ਹੈ।
ਫੁੱਟਬਾਲ ਖੇਡਣ ਵਾਲਾ ਕਿਵੇਂ ਫੁੱਟਬਾਲ ਦੇ ਨਾਲ ਆਪਣੀ ਕਿੱਕ ਮਿਲਾ ਲੈਂਦਾ ਹੈ।
ਇਸ ਤਰ੍ਹਾਂ ਸਮਾਂ ਇੱਕ ਭੰਬੀਰੀ ਦੇ ਖੰਭ ਵਰਗਾ ਨਾਜ਼ੁਕ ਮਾਲੂਮ ਹੁੰਦਾ ਹੈ।
8. ਘੜੀ ਦਿਨ ਦੀ ਰੌਸ਼ਨੀ ਮੁਤਾਬਕ ਕਿਉਂ ਚਲਣ ਲੱਗੀ
ਕਈ ਦੇਸਾਂ ਵਿੱਚ ਗਰਮੀਆਂ-ਸਰਦੀਆਂ ਵਿੱਚ ਘੜੀਆਂ ਨੂੰ ਅੱਗੇ-ਪਿੱਛੇ ਕੀਤਾ ਜਾਂਦਾ ਹੈ ਤਾਂ ਜੋ ਦਿਨ ਦੀ ਰੌਸ਼ਨੀ ਦਾ ਵੱਧੋ-ਵੱਧ ਲਾਹਾ ਲਿਆ ਜਾ ਸਕੇ।
ਪਹਿਲਾਂ ਹਾਲਾਂਕਿ ਸਾਰੀ ਦੁਨੀਆਂ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ।
ਇੱਕ ਬ੍ਰਿਟਿਸ਼ ਬਿਲਡਰ ਵਿਲੀਅਮ ਵਿਲੈਟ, ਨੇ ਅਮਰੀਕਾ ਸਮੇਤ ਇੱਕ ਚੌਥਾਈ ਦੁਨੀਆਂ ਨੂੰ ਇਸ ਬਾਰੇ ਦੱਸਿਆ।
ਵਿਲੀਅਮ ਨੇ ਪਹਿਲਾਂ ਇਸ ਲਈ ਬ੍ਰਿਟੇਨ ਦੇ ਸਿਆਸਤਦਾਨਾਂ ਨੂੰ ਮਨਾਇਆ।
ਆਖ਼ਰ ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਨੇ ਆਪਣੀਆਂ ਘੜੀਆਂ ਨੂੰ ਦਿਨ ਦੇ ਮੁਤਾਬਕ ਸੈੱਟ ਕੀਤਾ।
ਉਸ ਸਮੇਂ ਅਜਿਹਾ ਕੋਲੇ ਦੀ ਤੰਗੀ ਕਾਰਨ ਕੀਤਾ ਗਿਆ।
ਘੜੀਆਂ ਨੂੰ ਸੂਰਜ ਚੜ੍ਹਨ ਦੇ ਨਾਲ ਮਿਲਾ ਲੈਣ ਦਾ ਮਤਲਬ ਸੀ ਕਿ –ਰਾਤ ਸਮੇਂ ਰੌਸ਼ਨੀ ਕਰਨ ਲਈ ਘੱਟ ਬਿਜਲੀ ਖਰਚਣੀ ਪੈਂਦੀ ਸੀ।
ਇਹ ਵਿਚਾਰ ਇੰਨਾ ਕਾਰਗਰ ਸਾਬਤ ਹੋਇਆ ਕਿ ਬ੍ਰਿਟੇਨ ਨੇ ਇਸ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਅਪਣਾਇਆ।
ਬ੍ਰਿਟੇਨ ਨੇ ਇੱਕ ਕਦਮ ਹੋਰ ਅੱਗੇ ਜਾ ਕੇ ਆਪਣੀਆਂ ਘੜੀਆਂ ਵਿਸ਼ਵੀ ਔਸਤ ਸਮੇਂ ਤੋਂ ਪੂਰੇ ਦੋ ਘੰਟੇ ਅੱਗੇ ਕੀਤੀਆਂ।
ਇਸ ਨਾਲ ਸਨਅਤ ਵਿੱਚ ਊਰਜਾ ਦੀ ਬਹੁਤ ਬਚਤ ਕੀਤੀ ਜਾ ਸਕੀ।

ਤਸਵੀਰ ਸਰੋਤ, Getty Images
9. ਬ੍ਰਹਿਮੰਡ ਖ਼ਤਮ ਹੋਣ ਮਗਰੋਂ ਕੋਈ ਭੂਤ- ਵਰਤਮਾਨ ਤੇ ਭਵਿੱਖ ਨਹੀਂ ਬਚੇਗਾ?
ਸੰਕੇਤਕ ਰੂਪ ਵਿੱਚ ਸਮੇਂ ਨੂੰ ਇੱਕ ਤੀਰ ਵਾਂਗ ਮੰਨਿਆ ਜਾਂਦਾ ਹੈ।
ਸਮੇਂ ਦਾ ਇਹ ਤੀਰ ਭਵਿੱਖ ਵੱਲ ਕੇਂਦਰਿਤ ਹੈ ਜੋ ਮਹਾਂ-ਧਮਾਕੇ ਤੋਂ ਛੁੱਟਿਆ ਸੀ।
ਬ੍ਰਹਿਮੰਡ ਬ੍ਰਹਿਮੰਡ ਦੀ ਸ਼ੁਰੂਆਤ ਵਿੱਚ ਬਹੁਤ ਥੋੜ੍ਹੀ ਇੰਟਰੋਪੀ ਸੀ— ਇੰਟਰੋਪੀ ਕੌਤੂਹਲ ਜਾਂ ਰੈਂਡਮਨੈੱਸ ਨੂੰ ਮਾਪਣ ਦੀ ਇਕਾਈ ਹੈ।
ਉਦੋਂ ਤੋਂ ਹੀ ਇਹ ਕੌਤੂਹਲ ਲਗਾਤਾਰ ਵਧ ਰਿਹਾ ਹੈ। ਇਸੇ ਤੋਂ ਸਮੇਂ ਦੇ ਤੀਰ ਨੂੰ ਦਿਸ਼ਾ ਮਿਲਦੀ ਹੈ।
ਤੀਰ ਕਿਉਂਕਿ ਇੱਕ ਦਿਸ਼ਾ ਵੱਲ ਹੀ ਜਾਂਦਾ ਹੈ (ਅੱਗੇ ਵੱਲ) ਇਸ ਲਈ ਕਿਸੇ ਆਂਡੇ ਨੂੰ ਤੋੜਿਆ ਤਾਂ ਜਾ ਸਕਦਾ ਹੈ ਪਰ ਉਸ ਆਂਡੇ ਦੇ ਪਾਣੀ, ਜ਼ਰਦੀ ਅਤੇ ਛਿਲਕੇ ਨੂੰ ਮਿਲਾ ਕੇ ਮੁੜ ਉਹੀ ਆਂਡਾ ਨਹੀਂ ਬਣਾਇਆ ਜਾ ਸਕਦਾ।
ਕੋਈ ਨਹੀਂ ਜਾਣਦਾ ਬ੍ਰਹਿਮੰਡ ਮੁੱਕਣ ਮਗਰੋਂ ਕੀ ਹੋਵੇਗਾ।
ਇੱਕ ਵਿਚਾਰ ਇਹ ਹੈ ਕਿ ਕੌਤੂਹਲ ਇੰਨਾ ਵਧ ਜਾਵੇਗਾ ਕਿ ਸਮੇਂ ਦਾ ਤੀਰ ਆਪਣੀ ਦਿਸ਼ਾ ਗੁਆ ਦੇਵੇਗਾ।
ਸਮਝਿਆ ਜਾਂਦਾ ਹੈ ਕਿ ਦੁਨੀਆਂ (ਬ੍ਰਹਿਮੰਡ) ਦਾ ਅੰਤ ਪਰਮ ਗਰਮਾਹਟ ਵਿੱਚ ਹੋਵੇਗਾ।
ਇੰਝ ਸਮਝੋ ਕਿ ਸਾਰੇ ਆਂਡੇ ਫੁੱਟ ਚੁੱਕੇ ਹਨ ਅਤੇ ਉਸ ਤੋਂ ਬਾਅਦ ਕਰਨ ਲਈ ਕੁਝ ਵੀ ਦਿਲਚਸਪ ਨਹੀਂ ਬਚਿਆ।
10. ਚੰਦ ਦੀ ਖਿੱਚ ਕਾਰਨ ਸਾਡੇ ਦਿਨ ਲੰਬੇ ਹੋ ਰਹੇ ਹਨ

ਤਸਵੀਰ ਸਰੋਤ, Getty Images
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸਾਡਾ ਚੰਦ ਸਾਡੇ ਤੋਂ ਇੰਚ-ਦਰ-ਇੰਚ ਕਰਕੇ ਦੂਰ ਜਾ ਰਿਹਾ ਹੈ।
ਹਰ ਸਾਲ ਚੰਦ ਅਤੇ ਧਰਤੀ ਦੀ ਦੂਰੀ 1.5 ਇੰਚ ਲਗਭਗ (3.8 ਸਮ) ਵਧ ਰਹੀ ਹੈ। ਇਸ ਪ੍ਰਕਿਰਿਆ ਵਿੱਚ ਸਾਡੇ ਦਿਨ ਲੰਬੇ ਹੁੰਦੇ ਜਾ ਰਹੇ ਹਨ।
ਚੰਦ ਆਪਣੀ ਖਿੱਚ ਨਾਲ ਧਰਤੀ ਦੇ ਪਾਣੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਚੰਦ ਧਰਤੀ ਦੇ ਪਾਣੀਆਂ ਨੂੰ ਖਿੱਚਦਾ ਵੀ ਹੈ ਅਤੇ ਧੱਕਦਾ ਵੀ ਹੈ। ਜਿਨ੍ਹਾਂ ਨੂੰ ਜਵਾਰ ਤੇ ਭਾਟਾ ਕਿਹਾ ਜਾਂਦਾ ਹੈ।
ਇਸ ਖਿੱਚ ਕਾਰਨ ਧਰਤੀ ਅਤੇ ਪਾਣੀਆਂ ਵਿੱਚ ਰਗੜ ਪੈਦਾ ਹੁੰਦੀ ਹੈ।
ਪਾਣੀਆਂ ਦੇ ਥੱਲੇ ਧਰਤੀ ਤੇਜ਼ ਘੁੰਮਦੀ ਹੈ। ਧਰਤੀ ਦੀ ਗਤੀ ਆਪਣੇ ਧੁਰੇ ਦੁਆਲੇ ਇਸ ਰਗੜ ਕਾਰਨ ਘਟਦੀ ਹੈ ਜਦਕਿ ਚੰਦ ਗਤੀ ਫੜਦਾ ਹੈ ਅਤੇ ਦੂਰ ਜਾ ਰਿਹਾ ਹੈ।
ਚੰਦ ਦੀ ਇਸ ਸ਼ਕਤੀ ਕਾਰਨ ਪ੍ਰਤੀ ਸਦੀ ਸਾਡੇ ਦਿਨ 1.09 ਮਿਲੀ ਸਕਿੰਟ ਲੰਬੇ ਹੋਏ ਹਨ। ਕੁਝ ਦੂਜੇ ਅਨੁਮਾਨਾਂ ਮੁਤਾਬਕ ਇਹ ਵਾਧਾ ਕੁਝ ਜ਼ਿਆਦਾ 1.78 ਮਿਲੀ ਸਕਿੰਟ ਪ੍ਰਤੀ ਸਦੀ ਹੈ।
ਉਂਝ ਭਾਵੇਂ ਇਹ ਵੱਡਾ ਨਾ ਲੱਗੇ ਪਰ ਜੇ ਅਸੀਂ ਧਰਤੀ ਦੇ ਸਾਢੇ ਚਾਰ ਖਰਬ ਸਾਲ ਦੇ ਇਤਿਹਾਸ ਨੂੰ ਦੇਖੀਏ ਤਾਂ ਇਹ ਬਹੁਤ ਜ਼ਿਆਦਾ ਲੱਗਦਾ ਹੈ। ਇਸ ਤਰ੍ਹਾਂ ਸਾਡੇ ਦਿਨ ਲੰਬੇ ਹੁੰਦੇ ਹੀ ਜਾਂਦੇ ਹਨ।
11. ਬਹੁਤ ਸਾਰੇ ਲੋਕ ਰਵਾਇਤੀ ਸਮੇਂ ਵਿੱਚ ਨਹੀਂ ਰਹਿੰਦੇ, ਉਨ੍ਹਾਂ ਲਈ ਇਹ 2023 ਨਹੀਂ ਚੱਲ ਰਿਹਾ
ਬਹੁਤ ਸਾਰੇ ਨੇਪਾਲ ਵਾਸੀਆਂ ਲਈ ਇਹ ਲੇਖ 2023 ਵਿੱਚ ਪ੍ਰਕਾਸ਼ਿਤ ਨਹੀਂ ਹੋਇਆ।
ਨੇਪਾਲ ਦੇ ਬਿਕਰਮੀ ਕੈਲੰਡਰ ਲਈ ਇਹ ਅਸਲ ਵਿੱਚ 2080 ਦਾ ਸਾਲ ਹੈ।
ਘੱਟੋ-ਘੱਟ ਚਾਰ ਕਲੰਡਰ ਦੁਨੀਆਂ ਵਿੱਚ ਵਰਤੇ ਜਾਂਦੇ ਹਨ।
ਨੇਪਾਲ ਦਾ ਕਲੰਡਰ ਬਾਕੀ ਦੁਨੀਆਂ ਦੇ ਟਾਈਮ-ਜ਼ੋਨਜ਼ ਨਾਲੋਂ 15 ਮਿੰਟ ਜੁਦਾ ਚਲਦਾ ਹੈ।
ਇੰਝ ਲਗਦਾ ਹੈ ਕਿ ਕਈ ਥਾਵਾਂ ਤੇ ਲੋਕ ਸਾਲ ਵਿੱਚ ਇੱਕ ਤੋਂ ਜ਼ਿਆਦਾ ਸਾਲ ਹੋਣ ਨਾਲ ਖੁਸ਼ ਹਨ।
ਬਰਮਾ ਵਿੱਚ ਇਹ 1384 ਸੰਨ ਚੱਲ ਰਿਹਾ ਹੈ।
ਇਸਲਾਮੀ ਕਲੰਡਰ ਮੁਤਾਬਕ ਜੁਲਾਈ ਵਿੱਚ 1445 ਹਿਜਰੀ ਚੜ੍ਹਿਆ ਹੈ।












