ਇਹ ਕਿਵੇਂ ਤੈਅ ਕੀਤਾ ਗਿਆ ਕਿ ਦਿਨ ਵਿੱਚ 24 ਘੰਟੇ ਹੀ ਹਨ, ਨਾ ਵੱਧ ਤੇ ਨਾ ਘੱਟ

ਘੜੀ

ਤਸਵੀਰ ਸਰੋਤ, Getty Images

    • ਲੇਖਕ, ਰਾਬਰਟ ਕਾਕ-ਕ੍ਰਾਫਟ ਅਤੇ ਸਾਰਾਹ ਸਾਇਮੋਨਜ਼
    • ਰੋਲ, ਦਿ ਕਨਵਰਸੇਸ਼ਨ

ਸਮੇਂ ਦੀ ਗਿਣਤੀ-ਮਿਣਤੀ ਨਾਲ ਮਨੁੱਖਤਾ ਦਾ ਰਿਸ਼ਤਾ, ਲਿਖਤੀ ਸ਼ਬਦ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਸ ਲਈ ਸਾਡੇ ਲਈ ਸਮੇਂ ਦੇ ਮਾਪ ਦੀਆਂ ਬਹੁਤ ਸਾਰੀਆਂ ਇਕਾਈਆਂ ਦੀ ਉਤਪੱਤੀ ਬਾਰੇ ਜਾਣ ਸਕਣਾ ਔਖਾ ਹੈ।

ਇਹ ਮੰਨਣਾ ਇਸ ਲਈ ਸੌਖਾ ਹੈ ਕਿਉਂਕਿ ਖ਼ਗੋਲੀ ਵਰਤਾਰੇ ਤੋਂ ਪ੍ਰਾਪਤ ਹੋਣ ਵਾਲੀਆਂ ਕੁਝ ਇਕਾਈਆਂ ਦੀ ਵਿਆਖਿਆ ਕਰਨਾ ਕਾਫ਼ੀ ਸੌਖਾ ਹੈ, ਜਦਕਿ ਦੁਨੀਆ ਦੇ ਵੱਖ-ਵੱਖ ਸੱਭਿਆਚਾਰਾਂ ਨੇ ਉਨ੍ਹਾਂ ਨੂੰ ਵੱਖ-ਵੱਖ ਢੰਗਾਂ ਨਾਲ ਵਰਤਿਆ।

ਮਿਸਾਲ ਵਜੋਂ ਜਿਵੇਂ ਇੱਕ ਦਿਨ ਜਾਂ ਇੱਕ ਸਾਲ ਦੀ ਮਿਆਦ ਨੂੰ ਮਾਪਣ ਲਈ ਧਰਤੀ ਦੇ ਸਬੰਧ ਵਿੱਚ ਸੂਰਜ ਦੀਆਂ ਪ੍ਰਤੱਖ ਗਤੀਵਿਧੀਆਂ ਦਾ ਹਿਸਾਬ ਰੱਖਿਆ ਜਾਂਦਾ ਹੈ। ਜਿੱਥੋਂ ਤੱਕ ਮਹੀਨਿਆਂ ਦੇ ਮਾਪ ਦਾ ਸਵਾਲ ਹੈ, ਇਹ ਚੰਦਰਮਾ ਦੇ ਪੜਾਵਾਂ ਅਨੁਸਾਰ ਮਾਪੇ ਜਾਂਦੇ ਹਨ।

ਹਾਲਾਂਕਿ, ਸਮੇਂ ਦੇ ਕੁਝ ਮਾਪ ਅਜਿਹੇ ਵੀ ਹਨ ਜੋ ਕਿਸੇ ਵੀ ਖ਼ਗੋਲੀ ਵਰਤਾਰੇ ਨਾਲ ਸਪੱਸ਼ਟ ਤੌਰ ’ਤੇ ਜੁੜੇ ਹੋਏ ਨਹੀਂ ਹਨ। ਇਸ ਦੀਆਂ ਦੋ-ਦੋ ਉਦਾਹਰਣਾਂ ਹਨ- ਹਫ਼ਤਾ ਅਤੇ ਘੰਟਾ।

ਸਭ ਤੋਂ ਪੁਰਾਣੀਆਂ ਲਿਖਤੀ ਰਵਾਇਤਾਂ ਵਿੱਚੋਂ ਇੱਕ, ਮਿਸਰ ਦੇ ਹਾਇਰੋਗਲਾਈਫਿਕ ਟੈਕਸਟ, ਤੋਂ ਸਾਨੂੰ ਘੰਟੇ ਦੀ ਉਤਪੱਤੀ ਬਾਰੇ ਨਵੇਂ ਤੱਥ ਮਿਲਦੇ ਹਨ।

ਪ੍ਰਤੱਖ ਰੂਪ ਵਿੱਚ, ਘੰਟੇ ਦਾ ਜਨਮ ਉੱਤਰੀ ਅਫ਼ਰੀਕਾ ਅਤੇ ਨਜ਼ਦੀਕੀ ਪੂਰਬੀ ਖੇਤਰ ਵਿੱਚ ਪੈਦਾ ਹੋਇਆ ਸੀ ਅਤੇ ਸੰਸਾਰ ਭਰ ਵਿੱਚ ਫ਼ੈਲਣ ਤੋਂ ਪਹਿਲਾਂ ਘੰਟੇ ਨੂੰ ਯੂਰਪ ਵਿੱਚ ਅਪਣਾਇਆ ਗਿਆ ਸੀ।

ਪ੍ਰਾਚੀਨ ਕਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਤ ਦੀ ਦੇਵੀ, ਨਟ, ਆਪਣੇ ਸਰੀਰ ਨਾਲ ਘਿਰਦੀ ਹੈ ਅਤੇ ਮਿਸਰ ਦੇ ਡਾਂਡੇਰਾ ਮੰਦਰ ਦੀ ਛੱਤ 'ਤੇ ਖਗੋਲ-ਵਿਗਿਆਨਕ ਚਿੰਨ੍ਹਾਂ ਨੂੰ ਹਥਿਆਰ ਦਿੰਦੀ ਹੈ

ਪ੍ਰਾਚੀਨ ਮਿਸਰ ਵਿੱਚ ਸਮਾਂ

ਪਿਰਾਮਿਡਾਂ ਵਿੱਚੋਂ ਮਿਲੀਆਂ ਲਿਖਾਵਟਾਂ, ਜੋ ਈਸਾ ਤੋਂ ਕੋਈ 2400 ਸਾਲ ਪਹਿਲਾਂ ਲਿਖੀਆਂ ਗਈਆਂ ਹਨ, ਪ੍ਰਾਚੀਨ ਮਿਸਰ ਦੀਆਂ ਲਿਖਾਵਟਾਂ ਸਨ। ਇਨ੍ਹਾਂ ਵਿੱਚ ਇੱਕ ਸ਼ਬਦ wnwt (ਜਿਸਨੂੰ "ਵੇਨਟ" ਉਚਾਰਿਆ ਜਾਂਦਾ ਹੈ) ਸ਼ਾਮਲ ਹੈ।

ਇਸ ਨੂੰ ਇੱਕ ਸੰਬੰਧਿਤ ਤਾਰੇ ਦੇ ਇੱਕ ਹਾਈਰੋਗਲਿਫ਼ ਨਾਲ਼ ਲਿਖਿਆ/ਦਰਸਾਇਆ ਗਿਆ ਹੈ। ਇਹ ਦੱਸਦਾ ਹੈ ਕਿ wnwt ਦਾ ਸਬੰਧ ਰਾਤ ਨਾਲ ਹੈ।

ਇਹ ਸਮਝਣ ਲਈ ਕਿ ਸ਼ਬਦ wnwt ਦਾ ਤਰਜਮਾ "ਸਮਾਂ" ਕਿਉਂ ਕੀਤਾ ਜਾਂਦਾ ਹੈ, ਤੁਹਾਨੂੰ ਅਸਯੁਤ ਸ਼ਹਿਰ ਦੀ ਯਾਤਰਾ ਕਰਨੀ ਪਵੇਗੀ।

ਉਥੇ, ਈਸਾ ਤੋਂ 2000 ਸਾਲ ਪਹਿਲਾਂ ਤੋਂ ਤਾਬੂਤਾਂ ਦੇ ਲੱਕੜ ਦੇ ਢੱਕਣ ਪਏ ਹਨ। ਇਨ੍ਹਾਂ ਢੱਕਣਾਂ ਨੂੰ ਕਈ ਵਾਰ ਖ਼ਗੋਲੀ ਸਾਰਣੀ ਨਾਲ ਸਜਾਇਆ ਜਾਂਦਾ ਸੀ।

ਉਸ ਸਾਰਣੀ ਵਿੱਚ ਸਾਲ ਦੀਆਂ 10-ਦਿਨਾਂ ਦੀਆਂ ਇਕਾਈਆਂ ਨੂੰ ਦਰਸਾਉਂਦੇ ਕਾਲਮ ਸਨ। ਮਿਸਰ ਦੇ ਨਾਗਰਿਕ ਕੈਲੰਡਰ ਵਿਚ 12 ਮਹੀਨੇ ਸਨ, ਹਰੇਕ ਮਹੀਨੇ ਵਿੱਚ 10-10 ਦਿਨਾਂ ਦੇ ਤਿੰਨ "ਹਫ਼ਤੇ" ਹੁੰਦੇ ਸਨ ਅਤੇ ਪੰਜ ਦਿਨ ਤਿਉਹਾਰ ਸਨ।

ਪ੍ਰਾਚੀਨ ਕਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸਰ ਦੇ ਡਾਂਡੇਰਾ ਮੰਦਰ ਦੀ ਖਗੋਲ-ਵਿਗਿਆਨਕ ਨਮੂਨਿਆਂ ਵਾਲੀ ਛੱਤ

ਹਰੇਕ ਕਾਲਮ ਵਿੱਚ 12 ਤਾਰਿਆਂ ਦੇ ਨਾਮ ਸੂਚੀਬੱਧ ਤਰੀਕੇ ਨਾਲ ਦਿੱਤੇ ਗਏ ਹਨ, ਜਿਸ ਨਾਲ 12 ਕਤਾਰਾਂ ਬਣਦੀਆਂ ਹਨ। ਪੂਰੀ ਸਾਰਣੀ ਇੱਕ ਪੂਰੇ ਸਾਲ ਦੌਰਾਨ ਤਾਰਿਆਂ ਦੇ ਅਸਮਾਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਦਰਸਾਉਂਦੀ ਹੈ, ਜੋ ਕਿ ਤਾਰਿਆਂ ਦੇ ਇੱਕ ਆਧੁਨਿਕ ਮੈਪ ਦੇ ਸਮਾਨ ਹੈ।

ਖ਼ੈਰ, ਉਹ 12 ਤਾਰੇ ਰਾਤ ਦੀ 12 ਹਿੱਸਿਆਂ ਵਿੱਚ ਪਹਿਲੀ ਯੋਜਨਾਬੱਧ ਵੰਡ ਹਨ। ਇੱਥੇ ਹਿੱਸੇ ਨੂੰ ਇੱਕ ਤਾਰੇ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਹਾਲਾਂਕਿ, ਸ਼ਬਦ wnwt ਨੂੰ ਕਦੇ ਵੀ ਤਾਬੂਤਾਂ ਦੀਆਂ ਇਨ੍ਹਾਂ ਖ਼ਗੋਲੀ ਸਾਰਣੀਆਂ ਨਾਲ ਨਹੀਂ ਜੋੜਿਆ ਜਾਂਦਾ ਸੀ।

ਸਾਲ 1210 ਈਸਾ ਪੂਰਵ ਤੱਕ ਤਾਂ ਨਹੀਂ ਨਵੇਂ ਰਾਜ ਵਿੱਚ (ਪ੍ਰਾਚੀਨ ਮਿਸਰ ਦੇ ਇਤਿਹਾਸ ਵਿੱਚ ਸੋਲ੍ਹਵੀਂ ਅਤੇ ਗਿਆਰਵੀਂਆਂ ਸਦੀਆਂ ਦਾ ਸਮਾਂ।) ਇਨ੍ਹਾਂ ਕਤਾਰਾਂ ਦੀ ਸੰਖਿਆ ਅਤੇ wnwt ਵਿਚਕਾਰ ਇੱਕ ਸਪਸ਼ਟ ਸੰਬੰਧ ਸਥਾਪਤ ਕੀਤਾ ਗਿਆ।

ਬੀਬੀਸੀ

ਕੁਝ ਮੁੱਖ ਬਿੰਦੂ

  • ਇੱਕ ਦਿਨ ਜਾਂ ਇੱਕ ਸਾਲ ਦੀ ਮਿਆਦ ਨੂੰ ਮਾਪਣ ਲਈ ਧਰਤੀ ਦੇ ਸੰਬੰਧ ਵਿੱਚ ਸੂਰਜ ਦੀਆਂ ਪ੍ਰਤੱਖ ਗਤੀਵਿਧੀਆਂ ਦਾ ਹਿਸਾਬ ਰੱਖਿਆ ਜਾਂਦਾ ਹੈ।
  • ਜਿੱਥੋਂ ਤੱਕ ਮਹੀਨਿਆਂ ਦੇ ਮਾਪ ਦਾ ਸਵਾਲ ਹੈ, ਇਹ ਚੰਦਰਮਾ ਦੇ ਪੜਾਵਾਂ ਅਨੁਸਾਰ ਮਾਪੇ ਜਾਂਦੇ ਹਨ।
  • ਮਿਸਰ ਦੇ ਹਾਇਰੋਗਲਾਈਫਿਕ ਟੈਕਸਟ, ਤੋਂ ਸਾਨੂੰ ਘੰਟੇ ਦੀ ਉਤਪੱਤੀ ਬਾਰੇ ਨਵੇਂ ਤੱਥ ਮਿਲਦੇ ਹਨ।
  • ਪ੍ਰਤੱਖ ਰੂਪ ਵਿੱਚ, ਘੰਟੇ ਦਾ ਜਨਮ ਉੱਤਰੀ ਅਫ਼ਰੀਕਾ ਅਤੇ ਨਜ਼ਦੀਕੀ ਪੂਰਬੀ ਖੇਤਰ ਵਿੱਚ ਪੈਦਾ ਹੋਇਆ ਸੀ।
  • ਸੰਸਾਰ ਭਰ ਵਿੱਚ ਫ਼ੈਲਣ ਤੋਂ ਪਹਿਲਾਂ ਘੰਟੇ ਨੂੰ ਯੂਰਪ ਵਿੱਚ ਅਪਣਾਇਆ ਗਿਆ ਸੀ।
ਬੀਬੀਸੀ

ਖ਼ਗੋਲੀ ਹਦਾਇਤਾਂ

ਅਬੀਡੋਸ ਦੇ ਓਸੀਰੀਅਨ ਵਿੱਚ, ਇੱਕ ਮੰਦਰ, ਖ਼ਗੋਲੀ ਜਾਣਕਾਰੀ ਦਾ ਇੱਕ ਖਜ਼ਾਨਾ ਹੈ। ਮੰਦਰ ਵਿੱਚ ਖ਼ਗੋਲ ਬਾਰੇ ਕਈ ਹਦਾਇਤਾਂ ਸ਼ਾਮਲ ਹਨ। ਜਿਵੇਂ ਕਿ ਸੂਰਜੀ ਘੜੀ ਕਿਵੇਂ ਬਣਾਉਣੀ ਹੈ ਅਤੇ ਤਾਰਿਆਂ ਦੀ ਗਤੀ ਨੂੰ ਕਿਵੇਂ ਲਿਖਣਾ ਹੈ।

ਇੱਥੇ ਇੱਕ ਤਾਬੂਤ-ਕਿਸਮ ਦੀ ਤਾਰਾ ਸਾਰਣੀ ਵੀ ਹੈ, ਜਿਸ ਵਿੱਚ, 12 ਕਤਾਰਾਂ ਨੂੰ wnwt ਸ਼ਬਦ ਨਾਲ ਲੇਬਲ ਕੀਤਾ ਗਿਆ ਹੈ।

ਨਵੀਂ ਸਲਤਨਤ ਵਿੱਚ 12 ਰਾਤ ਦੇ 12 wnwt (ਘੰਟੇ) ਸਨ ਅਤੇ 12 ਦਿਨ ਦੇ wnwt ਸਨ। ਉਨ੍ਹਾਂ ਵਿੱਚ ਘੰਟੇ ਦਾ ਵਿਚਾਰ ਲਗਭਗ ਆਪਣੇ ਮੌਜੂਦਾ ਆਧੁਨਿਕ ਰੂਪ ਵਿੱਚ ਸੀ।

ਸਭ ਤੋਂ ਪਹਿਲਾਂ, ਹਾਲਾਂਕਿ 12 ਘੰਟੇ ਦਿਨ ਦੇ ਅਤੇ 12 ਘੰਟੇ ਰਾਤ ਦੇ ਹੁੰਦੇ ਹਨ, ਪਰ ਇਹਨਾਂ ਨੂੰ ਹਮੇਸ਼ਾ ਵੱਖੋ-ਵੱਖ ਦਰਸਾਇਆ ਜਾਂਦਾ ਹੈ, ਇੱਕ ਦਿਨ ਦੇ 24-ਘੰਟਿਆਂ ਵਜੋਂ ਇਕੱਠਿਆਂ ਕਦੇ ਵੀ ਨਹੀਂ।

ਦਿਨ ਦੇ ਸਮੇਂ ਨੂੰ ਸੂਰਜ ਦੇ ਪਰਛਾਵਿਆਂ ਦੀ ਵਰਤੋਂ ਕਰਕੇ ਮਾਪਿਆ ਜਾਂਦਾ ਸੀ, ਜਦਕਿ ਰਾਤ ਦੇ ਸਮੇਂ ਨੂੰ ਮੁੱਖ ਤੌਰ ’ਤੇ ਤਾਰਿਆਂ ਦੀ ਮਦਦ ਨਾਲ ਮਾਪਿਆ ਜਾਂਦਾ ਸੀ।

ਇਹ ਕੇਵਲ ਉਦੋਂ ਹੀ ਕੀਤਾ ਜਾ ਸਕਦਾ ਸੀ ਜਦੋਂ ਸੂਰਜ ਅਤੇ ਤਾਰੇ ਦਿਖਾਈ ਦਿੰਦੇ ਸਨ ਅਤੇ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਆਲੇ-ਦੁਆਲੇ ਦੋ ਸਮੇਂ ਸਨ ਜਿਨ੍ਹਾਂ ਵਿੱਚ ਕੋਈ ਸਮਾਂ ਨਹੀਂ ਸੀ।

ਬੀਬੀਸੀ

ਦੂਸਰੀ ਗੱਲ, ਨਵੇਂ ਰਾਜ ਅਤੇ ਸਾਡੇ ਆਧੁਨਿਕ ਘੰਟੇ ਦੀ ਲੰਬਾਈ ਵੱਖੋ-ਵੱਖਰੀ ਹੈ। ਸਨਡਾਇਲ (ਸੂਰਜੀ ਘੜੀਆਂ) ਅਤੇ ਪਾਣੀ ਦੀਆਂ ਘੜੀਆਂ ਬਹੁਤ ਸਪੱਸ਼ਟ ਰੂਪ ਵਿੱਚ ਦਰਸਾਉਂਦੀਆਂ ਹਨ ਕਿ ਘੰਟਿਆਂ ਦੀ ਲੰਬਾਈ ਸਾਰਾ ਸਾਲ ਬਦਲਦੀ ਰਹਿੰਦੀ ਹੈ।

ਸਰਦੀਆਂ ਦੀ ਸੰਗਰਾਂਦ ਦੇ ਆਲੇ-ਦੁਆਲੇ ਰਾਤ ਦੇ ਲੰਬੇ ਘੰਟੇ, ਗਰਮੀਆਂ ਦੀ (ਸੰਕ੍ਰਾਂਤੀ) ਸੰਗਰਾਂਦ ਦੇ ਆਲੇ-ਦੁਆਲੇ ਦਿਨ ਦੇ ਲੰਬੇ ਸਮੇਂ ਦੇ ਘੰਟੇ।

ਇਸ ਸਵਾਲ ਦਾ ਜਵਾਬ ਦੇਣ ਲਈ ਕਿ 12 ਨੰਬਰ ਕਿੱਥੋਂ ਆਉਂਦਾ ਹੈ, ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਜਦੋਂ ਹਫ਼ਤੇ ਵਿੱਚ 10 ਦਿਨ ਰੱਖੇ ਗਏ ਤਾਂ ਇਸ ਵਿੱਚ 12 ਸਿਤਾਰਿਆਂ ਦੀ ਚੋਣ ਕਿਉਂ ਕੀਤੀ ਗਈ ਸੀ।

ਬਿਨਾਂ ਸ਼ੱਕ, ਇਹ ਚੋਣ ਹੀ ਘੰਟੇ ਦਾ ਅਸਲੀ ਮੂਲ ਹੈ। ਕੀ 12 ਕੇਵਲ ਇੱਕ ਸੁਵਿਧਾਜਨਕ ਸੰਖਿਆ ਸੀ? ਸ਼ਾਇਦ, ਪਰ ਤਾਬੂਤ ਦੀਆਂ ਤਾਰਾ ਸਾਰਣੀਆਂ ਦੀ ਉਤਪੱਤੀ ਇੱਕ ਹੋਰ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ।

ਪ੍ਰਾਚੀਨ ਕਾਲ
ਤਸਵੀਰ ਕੈਪਸ਼ਨ, ਅਬੀਡੋਸ, ਮਿਸਰ ਵਿੱਚ ਓਸੀਰੀਓਨ ਮੰਦਰ ਨੇ ਖਗੋਲ-ਵਿਗਿਆਨਕ ਜਾਣਕਾਰੀ ਦਾ ਭੰਡਾਰ ਪ੍ਰਦਾਨ ਕੀਤਾ

ਸਮੇਂ ਦਾ ਹਿਸਾਬ ਰੱਖਣ ਵਾਲੇ ਤਾਰੇ

ਪ੍ਰਾਚੀਨ ਮਿਸਰ ਦੇ ਲੋਕਾਂ ਨੇ ਚਮਕਦਾਰ ਤਾਰੇ ਸੀਰੀਅਸ ਨੂੰ ਇੱਕ ਮਾਡਲ ਵਜੋਂ ਵਰਤਣ ਲਈ ਚੋਣ ਕੀਤੀ ਅਤੇ ਸੀਰੀਅਸ ਨਾਲ ਮਿਲਦੇ-ਜੁਲਦੇ (ਵਿਵਹਾਰਕ ਸਮਾਨਤਾ ਵਾਲੇ) ਹੋਰ ਤਾਰਿਆਂ ਦੀ ਚੋਣ ਕੀਤੀ ਗਈ।

ਮੁੱਖ ਨੁਕਤਾ ਇਹ ਜਾਪਦਾ ਹੈ ਕਿ ਜਿਨ੍ਹਾਂ ਤਾਰਿਆਂ ਨੂੰ ਉਹ ਕ੍ਰੋਨੋਮੀਟਰ ਵਜੋਂ ਵਰਤਦੇ ਸਨ, ਉਹ ਸੀਰੀਅਸ ਵਾਂਗ ਸਾਲ ਦੇ 70 ਦਿਨਾਂ ਲਈ ਅਲੋਪ ਹੋ ਜਾਂਦੇ ਸਨ, ਹਾਲਾਂਕਿ ਹੋਰ ਤਾਰੇ ਇੰਨੇ ਚਮਕਦਾਰ ਨਹੀਂ ਸਨ।

(ਕ੍ਰੋਨੋਮੀਟਰ ਇੱਕ ਬਹੁਤ ਹੀ ਸਟੀਕ ਘੜੀ ਹੈ। ਇਹ ਇੱਕ ਕਿਸਮ ਦੀ ਘੜੀ ਹੈ ਜਿਸ ਨੂੰ ਮੁਸ਼ਕਿਲ ਹਾਲਤਾਂ ਵਿੱਚ ਵੀ, ਬਹੁਤ ਹੀ ਸਟੀਕ ਸਮਾਂ ਦੱਸਣ ਲਈ ਬਣਾਇਆ ਗਿਆ ਹੈ। ਕ੍ਰੋਨੋਮੀਟਰਾਂ ਦੀ ਵਰਤੋਂ ਅਕਸਰ ਉਨ੍ਹਾਂ ਲੋਕਾਂ (ਮਲਾਹ ਜਾਂ ਸਾਇੰਸਦਾਨ) ਵੱਲੋਂ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਸਮੇਂ ਦੀ ਅਤਿ ਸਟੀਕ ਜਾਣਕਾਰੀ ਦੀ ਲੋੜ ਹੁੰਦੀ ਹੈ।)

ਓਸੀਰੀਅਨ ਦੀ ਲਿਖਤ ਅਨੁਸਾਰ, ਹਰ 10 ਦਿਨਾਂ ਵਿੱਚ ਸੀਰੀਅਸ ਵਰਗਾ ਇੱਕ ਤਾਰਾ ਅਲੋਪ ਹੋ ਜਾਂਦਾ ਹੈ ਅਤੇ ਇੱਕ ਹੋਰ ਦੁਬਾਰਾ ਦਿਖਾਈ ਦਿੰਦਾ ਹੈ। ਇਹ ਸਿਲਸਿਲਾ ਸਾਲ ਭਰ ਚੱਲਦਾ ਰਹਿੰਦਾ ਹੈ।

ਸਾਲ ਦਾ ਕਿਹੜਾ ਸਮਾਂ ਹੈ ਉਸ ਦੇ ਆਧਾਰ 'ਤੇ, ਇਨ੍ਹਾਂ ਵਿੱਚੋਂ 10 ਤੋਂ 14 ਦੇ ਵਿਚਕਾਰ ਤਾਰੇ ਹਰ ਰਾਤ ਨੂੰ ਦਿਖਾਈ ਦਿੰਦੇ ਹਨ। ਜੇ ਇਨ੍ਹਾਂ ਨੂੰ ਸਾਲ ਭਰ ਵਿੱਚ 10 ਦਿਨਾਂ ਦੇ ਅੰਤਰਾਲ 'ਤੇ ਰਿਕਾਰਡ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਤਾਬੂਤ ਦੇ ਤਾਰਿਆਂ ਦੀ ਸਾਰਣੀ ਨਾਲ਼ ਬਹੁਤ ਮਿਲਦੀ-ਜੁਲਦੀ ਇੱਕ ਸਾਰਣੀ ਮਿਲਦੀ ਹੈ।

ਈਸਾ ਤੋਂ ਲਗਭਗ 2000 ਸਾਲ ਪਹਿਲਾਂ ਇਹ ਨੁਮਾਇੰਦਗੀ ਵਧੇਰੇ ਯੋਜਨਾਬੱਧ ਹੋ ਗਈ। ਹਾਲਾਂਕਿ ਸਟੀਕਤਾ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ। ਇਸੇ ਦੌਰਾਨ 12 ਕਤਾਰਾਂ ਵਾਲੀ ਇੱਕ ਸਾਰਣੀ ਉੱਭਰ ਕੇ ਸਾਹਮਣੇ ਆਈ।

ਇਹ ਸਾਰਣੀ ਅਸੀਂ ਮਿਸਰ ਅਤੇ ਹੋਰ ਥਾਵਾਂ ਦੇ ਅਜਾਇਬ ਘਰਾਂ ਵਿੱਚ ਦੇਖ ਸਕਦੇ ਹਾਂ।

ਇਸ ਕਰਕੇ, ਇਹ ਸੰਭਵ ਹੈ ਕਿ ਦੁਪਹਿਰ ਤੋਂ ਅਗਲੀ ਦੁਪਹਿਰ ਤੱਕ ਘੰਟਿਆਂ ਦੀ ਕੁੱਲ ਸੰਖਿਆ ਵਜੋਂ 24 ਦੀ ਚੋਣ-10-ਦਿਨ ਦੇ ਹਫ਼ਤੇ ਦੀ ਚੋਣ ਨਾਲ਼ ਜੁੜੀ ਹੋਵੇ।

ਇਸ ਤਰ੍ਹਾਂ, ਸਾਡੇ ਆਧੁਨਿਕ ਸਮੇਂ ਦੀ ਸ਼ੁਰੂਆਤ 4,000 ਸਾਲ ਪਹਿਲਾਂ ਹੋਏ ਫ਼ੈਸਲਿਆਂ ਦੇ ਫ਼ਲਸਰੂਪ ਹੋਈ ਹੈ।

**ਰਾਬਰਟ ਕਾਕ-ਕ੍ਰਾਫਟ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਹਨ ਅਤੇ ਸਾਰਾਹ ਅੰਤਰ-ਅਨੁਸ਼ਾਸਨੀ ਵਿਗਿਆਨ ਦੀ ਪ੍ਰੋਫੈਸਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)