ਮਿਰਗੀ ਦੇ ਦੌਰੇ ਰੋਕਣ ਲਈ ਖੋਪੜੀ 'ਚ ਲਗਾਇਆ ਗਿਆ ਇੱਕ ਯੰਤਰ, ਜਾਣੋ ਕਿਵੇਂ ਕੰਮ ਕਰਦਾ ਹੈ

ਓਰਾਨ
ਤਸਵੀਰ ਕੈਪਸ਼ਨ, ਓਰਾਨ ਆਪਣੀ ਮਾਂ, ਭਰਾ ਅਤੇ ਭੈਣ ਨਾਲ
    • ਲੇਖਕ, ਫਰਗਸ ਵਾਲਸ਼
    • ਰੋਲ, ਮੈਡੀਕਲ ਐਡੀਟਰ

ਮਿਰਗੀ ਦੇ ਗੰਭੀਰ ਦੌਰੇ ਪੈਣ ਤੋਂ ਪੀੜਤ ਇੱਕ ਲੜਕਾ ਦੁਨੀਆ ਦਾ ਪਹਿਲਾ ਅਜਿਹਾ ਮਰੀਜ਼ ਬਣ ਗਿਆ ਹੈ ਜਿਸ ਦੀ ਖੋਪੜੀ ਵਿੱਚ ਦੌਰੇ ਨੂੰ ਕੰਟਰੋਲ ਕਰਨ ਲਈ ਪ੍ਰੀਖਣ ਵਜੋਂ ਨਵਾਂ ਯੰਤਰ ਫਿੱਟ ਕੀਤਾ ਗਿਆ ਹੈ।

ਨਿਊਰੋਸਟਿਮੂਲੇਟਰ, ਜੋ ਉਸ ਦੇ ਦਿਮਾਗ ਵਿੱਚ ਗਹਿਰਾਈ ਤੱਕ ਇਲੈੱਕਟ੍ਰੀਕਲ ਸਿਗਨਲ ਭੇਜਦਾ ਹੈ, ਇਸ ਨੇ ਓਰੈਨ ਨੌਲਸਨ ਨਾਂ ਦੇ ਇਸ ਲੜਕੇ ਦੇ ਮਿਰਗੀ ਦੇ ਦੌਰਿਆਂ ਨੂੰ 80 ਫੀਸਦੀ ਤੱਕ ਘਟਾ ਦਿੱਤਾ ਹੈ।

ਉਸ ਦੀ ਮਾਂ ਜਸਟਿਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹੁਣ ਬਹੁਤ ਖੁਸ਼ ਹੈ ਅਤੇ ਇਸ ਨਾਲ ਉਸ ਦੀ ‘ਜ਼ਿੰਦਗੀ ਕਾਫ਼ੀ ਬਿਹਤਰ’ ਹੋ ਗਈ ਹੈ।

ਇਹ ਸਰਜਰੀ ਅਕਤੂਬਰ ਵਿੱਚ ਲੰਡਨ ਦੇ ਗ੍ਰੇਟ ਓਰਮੰਡ ਸਟ੍ਰੀਟ ਹਸਪਤਾਲ ਵਿੱਚ ਇੱਕ ਤਜਰਬੇ ਦੇ ਹਿੱਸੇ ਵਜੋਂ ਕੀਤੀ ਗਈ ਸੀ।

ਹੁਣ 13 ਸਾਲ ਦਾ ਓਰੈਨ ਸਰਜਰੀ ਸਮੇਂ 12 ਸਾਲ ਦਾ ਸੀ।

ਸਮਰਸੈੱਟ ਵਾਸੀ ਓਰੈਨ ‘ਲੈਨੋਕਸ-ਗੈਸਟੌਟ ਸਿੰਡਰੋਮ’ ਤੋਂ ਪੀੜਤ ਹੈ ਜੋ ਮਿਰਗੀ ਦੀ ਅਜਿਹੀ ਕਿਸਮ ਹੈ ਜਿਸ ਦਾ ਇਲਾਜ ਨਹੀਂ ਹੋ ਸਕਦਾ।

ਓਰੈਨ ਨੂੰ ਇਹ ਬਿਮਾਰੀ ਤਿੰਨ ਸਾਲ ਦੀ ਉਮਰ ਵਿੱਚ ਹੋ ਗਈ ਸੀ।

ਉਦੋਂ ਤੋਂ ਉਸ ਨੂੰ ਰੋਜ਼ਾਨਾ ਦੋ ਦਰਜਨ ਤੋਂ ਲੈ ਕੇ ਸੈਂਕੜੇ ਤੱਕ ਦੌਰੇ ਪੈਣ ਲੱਗੇ ਸਨ।

ਯੰਤਰ
ਤਸਵੀਰ ਕੈਪਸ਼ਨ, ਇਹ ਯੰਤਰ ਹੱਡੀ ਵਿੱਚ ਲੱਗਦਾ ਹੈ

ਜਦੋਂ ਅਸੀਂ ਸਰਜਰੀ ਤੋਂ ਪਹਿਲਾਂ ਪਿਛਲੀ ਪੱਤਝੜ ਦੀ ਰੁੱਤ ਵਿੱਚ ਓਰੈਨ ਦੀ ਮਾਂ ਨਾਲ ਗੱਲ ਕੀਤੀ ਸੀ, ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਨਾਲ ਓਰੈਨ ਦੀ ਮਿਰਗੀ ਦੀ ਬਿਮਾਰੀ ਉਸ ਦੀ ਜ਼ਿੰਦਗੀ ’ਤੇ ਭਾਰੂ ਪੈ ਗਈ ਹੈ: ‘‘ਇਸ ਨੇ ਉਸ ਤੋਂ ਪੂਰਾ ਬਚਪਨ ਹੀ ਖੋਹ ਲਿਆ ਹੈ।’’

ਉਨ੍ਹਾਂ ਨੇ ਸਾਨੂੰ ਦੱਸਿਆ ਕਿ ਓਰੈਨ ਨੂੰ ਕਈ ਤਰ੍ਹਾਂ ਦੇ ਦੌਰੇ ਪੈਂਦੇ ਸਨ, ਜਿਨ੍ਹਾਂ ਵਿੱਚ ਉਹ ਜ਼ਮੀਨ 'ਤੇ ਡਿੱਗ ਜਾਂਦਾ, ਬੁਰੀ ਤਰ੍ਹਾਂ ਨਾਲ ਕੰਬਣ ਲੱਗ ਜਾਂਦਾ ਅਤੇ ਬੇਹੋਸ਼ ਹੋ ਜਾਂਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਸ ਦਾ ਸਾਹ ਬੰਦ ਹੋ ਜਾਂਦਾ ਸੀ ਅਤੇ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਐਮਰਜੈਂਸੀ ਦਵਾਈ ਦੀ ਲੋੜ ਪੈਂਦੀ ਸੀ।

ਓਰੈਨ ਨੂੰ ਔਟਿਜ਼ਮ ਅਤੇ ਏਡੀਐੱਚਡੀ ਵੀ ਹੈ, ਪਰ ਜਸਟਿਨ ਦਾ ਕਹਿਣਾ ਹੈ ਕਿ ਉਸ ਦੀ ਮਿਰਗੀ ਉਸ ਦੀ ਜ਼ਿੰਦਗੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਹੈ: ‘‘ਮੇਰੇ ਕੋਲ ਕਾਫ਼ੀ ਚੰਗੀ ਸੂਝ ਵਾਲਾ ਤਿੰਨ ਸਾਲ ਦਾ ਬੱਚਾ ਸੀ। ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਉਸ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ। ਫਿਰ ਉਸ ਦੀ ਕਾਫ਼ੀ ਹੱਦ ਤੱਕ ਸੂਝ ਖਤਮ ਹੋ ਗਈ।’’

ਓਰੈਨ ਸੀਏਡੀਈਟੀ ਪ੍ਰਾਜੈਕਟ ਦਾ ਹਿੱਸਾ ਹੈ ਜੋ ਗੰਭੀਰ ਮਿਰਗੀ ਲਈ ਗਹਿਰੀ ਦਿਮਾਗੀ ਉਤੇਜਨਾ (ਡੀਪ ਬਰੇਨ ਸਿਟਮੂਲੇਸ਼ਨ) ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਵਾਲੀਆਂ ਅਜ਼ਮਾਇਸ਼ਾਂ ਦੀ ਇੱਕ ਲੜੀ ਹੈ।

ਇਸ ਸਾਂਝੇਦਾਰੀ ਵਿੱਚ ਗ੍ਰੇਟ ਓਰਮੰਡ ਸਟ੍ਰੀਟ ਹਸਪਤਾਲ, ਯੂਨੀਵਰਸਿਟੀ ਕਾਲਜ ਲੰਡਨ, ਕਿੰਗਜ਼ ਕਾਲਜ ਹਸਪਤਾਲ ਅਤੇ ਆਕਸਫੋਰਡ ਯੂਨੀਵਰਸਿਟੀ ਸ਼ਾਮਲ ਹਨ।

ਪਿਕੋਸਟਿਮ ਨਿਊਰੋਟ੍ਰਾਂਸਮੀਟਰ ਯੂਕੇ ਦੀ ਕੰਪਨੀ ਅੰਬਰ ਥੈਰੇਪਿਊਟਿਕਸ ਦੁਆਰਾ ਬਣਾਈ ਗਈ ਹੈ।

ਇਹ ਕੰਮ ਕਿਵੇਂ ਕਰਦਾ ਹੈ

ਓਰਾਨ

ਤਸਵੀਰ ਸਰੋਤ, Justine Knowlson

ਤਸਵੀਰ ਕੈਪਸ਼ਨ, ਓਰਾਨ ਦੇ ਬਿਨਾ ਤਾਰਾਂ ਵਾਲੇ ਹੈੱਡਫੋਨ ਇਸ ਯੰਤਰ ਨੂੰ ਰਿਚਾਰਜ ਕਰ ਸਕਦੇ ਹਨ

ਮਿਰਗੀ ਦੇ ਦੌਰੇ ਦਿਮਾਗ ਵਿੱਚ ਇਲੈੱਕਟ੍ਰੀਕਲ ਗਤੀਵਿਧੀਆਂ ਦੇ ਅਸਾਧਾਰਨ ਤੌਰ ’ਤੇ ਫਟਣ ਕਾਰਨ ਪੈਂਦੇ ਹਨ।

ਇਹ ਯੰਤਰ, ਜੋ ਨਿਰੰਤਰ ਕਰੰਟ ਛੱਡਦਾ ਹੈ, ਇਹ ਅਸਾਧਾਰਨ ਸਿਗਨਲਾਂ ਨੂੰ ਰੋਕਣ ਜਾਂ ਉਨ੍ਹਾਂ ਵਿੱਚ ਵਿਘਨ ਪਾਉਣ ਦਾ ਟੀਚਾ ਰੱਖਦਾ ਹੈ।

ਸਰਜਰੀ ਤੋਂ ਪਹਿਲਾਂ ਜਸਟਿਨ ਨੇ ਸਾਨੂੰ ਦੱਸਿਆ: ‘‘ਮੈਂ ਚਾਹੁੰਦੀ ਹਾਂ ਕਿ ਉਹ ਦੌਰਿਆਂ ਤੋਂ ਪਿੱਛਾ ਛੁਡਾ ਕੇ ਆਪਣੇ ਆਪ ਨੂੰ ਦੁਬਾਰਾ ਤੰਦਰੁਸਤ ਤੌਰ ’ਤੇ ਹਾਸਲ ਕਰ ਸਕੇ। ਮੈਂ ਆਪਣੇ ਲੜਕੇ ਨੂੰ ਵਾਪਸ ਲਿਆਉਣਾ ਚਾਹੁੰਦੀ ਹਾਂ।’’

ਲਗਭਗ ਅੱਠ ਘੰਟੇ ਚੱਲਣ ਵਾਲੀ ਇਹ ਸਰਜਰੀ ਅਕਤੂਬਰ 2023 ਵਿੱਚ ਹੋਈ ਸੀ।

ਸਲਾਹਕਾਰ ਪੀਡੀਆਟ੍ਰਿਕ ਨਿਊਰੋਸਰਜਨ ਮਾਰਟਿਨ ਟਿਸਡਾਲ ਦੀ ਅਗਵਾਈ ਵਾਲੀ ਟੀਮ ਨੇ ਓਰੈਨ ਦੇ ਦਿਮਾਗ ਵਿੱਚ ਦੋ ਇਲੈੱਕਟ੍ਰੋਡ ਗਹਿਰੇ ਰੂਪ ਵਿੱਚ ਪਾਏ ਜਦੋਂ ਤੱਕ ਉਹ ਥੈਲੇਮਸ ਤੱਕ ਨਹੀਂ ਪਹੁੰਚ ਗਏ। ਥੈਲੇਮਸ ਨਿਊਰੋਨਲ ਜਾਣਕਾਰੀ ਲਈ ਇੱਕ ਮੁੱਖ ਰੀਲੇਅ ਸਟੇਸ਼ਨ ਹੈ।

ਇਸ ਸਰਜਰੀ ਵਿੱਚ ਲੀਡ ਪਲੇਸਮੈਂਟ ਲਈ ਗਲਤੀ ਦੀ ਗੁੰਜ਼ਾਇਸ਼ ਇੱਕ ਮਿਲੀਮੀਟਰ ਤੋਂ ਵੀ ਘੱਟ ਸੀ।

ਇਸ ਦੌਰਾਨ ਤਾਰਾਂ ਦੇ ਸਿਰਿਆਂ ਨੂੰ ਨਿਊਰੋਸਟਿਮੂਲੇਟਰ ਨਾਲ ਜੋੜਿਆ ਗਿਆ, ਜੋ 3.5 ਸੈਂਟੀਮੀਟਰ ਵਰਗਾਕਾਰ ਅਤੇ 0.6 ਸੈਂਟੀਮੀਟਰ ਮੋਟਾ ਯੰਤਰ ਸੀ। ਇਸ ਨੂੰ ਓਰੈਨ ਦੀ ਖੋਪੜੀ ਵਿੱਚ ਉਸ ਸਥਾਨ ’ਤੇ ਰੱਖਿਆ ਗਿਆ ਜਿੱਥੋਂ ਹੱਡੀ ਕੱਢੀ ਗਈ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਦੇ ਬਾਅਦ ਨਿਊਰੋਸਟਿਮੂਲੇਟਰ ਨੂੰ ਆਲੇ ਦੁਆਲੇ ਦੀ ਖੋਪੜੀ ਵਿੱਚ ਪੇਚ ਨਾਲ ਫਿੱਟ ਕੀਤਾ ਗਿਆ ਤਾਂ ਕਿ ਉਹ ਆਪਣੀ ਜਗ੍ਹਾ ’ਤੇ ਸਥਿਰ ਹੋ ਸਕੇ।

ਬਚਪਨ ਵਿੱਚ ਹੋਣ ਵਾਲੀ ਮਿਰਗੀ ਲਈ ਗਹਿਰੀ ਦਿਮਾਗੀ ਉਤੇਜਨਾ (ਡੀਪ ਬਰੇਨ ਸਿਟਮੂਲੇਸ਼ਨ) ਦਾ ਪ੍ਰਯੋਗ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ, ਪਰ ਹੁਣ ਤੱਕ ਨਿਊਰੋਸਟਿਮੂਲੇਟਰ ਨੂੰ ਛਾਤੀ ਵਿੱਚ ਰੱਖਿਆ ਜਾਂਦਾ ਸੀ, ਜਿਸ ਦੀਆਂ ਤਾਰਾਂ ਦਿਮਾਗ ਤੱਕ ਜਾਂਦੀਆਂ ਸਨ।

ਮਾਰਟਿਨ ਟਿਸਡਾਲ ਨੇ ਬੀਬੀਸੀ ਨੂੰ ਦੱਸਿਆ: ‘‘ਸਾਨੂੰ ਉਮੀਦ ਹੈ ਕਿ ਇਸ ਅਧਿਐਨ ਨਾਲ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਕੀ ਇਸ ਗੰਭੀਰ ਕਿਸਮ ਦੀ ਮਿਰਗੀ ਲਈ ਡੀਪ ਬਰੇਨ ਸਿਟਮੂਲੇਸ਼ਨ ਇੱਕ ਪ੍ਰਭਾਵੀ ਇਲਾਜ ਹੈ।

‘‘ਇਸ ਦੇ ਨਾਲ ਹੀ ਇੱਕ ਨਵੀਂ ਕਿਸਮ ਦੇ ਯੰਤਰ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜੋ ਖ਼ਾਸ ਤੌਰ 'ਤੇ ਬੱਚਿਆਂ ਲਈ ਉਪਯੋਗੀ ਹੋਵੇ ਕਿਉਂਕਿ ਇਸ ਨੂੰ ਛਾਤੀ ਦੀ ਬਜਾਏ ਖੋਪੜੀ ਵਿੱਚ ਫਿੱਟ ਕੀਤਾ ਜਾਵੇਗਾ।

‘‘ਸਾਨੂੰ ਉਮੀਦ ਹੈ ਕਿ ਇਹ ਸੰਭਾਵੀ ਪੇਚੀਦਗੀਆਂ ਨੂੰ ਘੱਟ ਕਰ ਦੇਵੇਗਾ।’’

ਇਸ ਵਿੱਚ ਸਰਜਰੀ ਤੋਂ ਬਾਅਦ ਲਾਗ ਲੱਗਣ ਅਤੇ ਡਿਵਾਈਸ ਦੇ ਖਰਾਬ ਹੋਣ ਦੇ ਜੋਖਮ ਨੂੰ ਘਟਾਉਣਾ ਵੀ ਸ਼ਾਮਲ ਹੈ।

ਅਪਰੇਸ਼ਨ ਤੋਂ ਠੀਕ ਹੋਣ ਲਈ ਓਰੈਨ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਉਸ ਦੇ ਬਾਅਦ ਨਿਊਰੋਸਟਿਮੂਲੇਟਰ ਨੂੰ ਚਾਲੂ ਕੀਤਾ ਗਿਆ।

ਜਦੋਂ ਇਹ ਚਾਲੂ ਹੁੰਦਾ ਹੈ ਤਾਂ ਓਰੈਨ ਨੂੰ ਇਸ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ। ਉਹ ਹਰ ਰੋਜ਼ ਵਾਇਰਲੈੱਸ ਹੈੱਡਫੋਨ ਜ਼ਰੀਏ ਡਿਵਾਈਸ ਨੂੰ ਰੀਚਾਰਜ ਕਰ ਸਕਦਾ ਹੈ।

ਇੱਥੋਂ ਤੱਕ ਕਿ ਉਹ ਟੀਵੀ ਦੇਖਣ ਵਰਗੀਆਂ ਚੀਜ਼ਾਂ ਦਾ ਆਨੰਦ ਲੈਂਦਾ ਹੋਇਆ ਵੀ ਇਸ ਨੂੰ ਰੀਚਾਰਜ ਕਰ ਸਕਦਾ ਹੈ।

ਅਸੀਂ ਅਪਰੇਸ਼ਨ ਦੇ ਸੱਤ ਮਹੀਨੇ ਬਾਅਦ ਓਰੈਨ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਇਹ ਦੇਖਣ ਲਈ ਕਿ ਉਸ ਦੀ ਸਿਹਤ ਕਿਵੇਂ ਹੈ।

ਜਸਟਿਨ ਨੇ ਸਾਨੂੰ ਦੱਸਿਆ ਕਿ ਓਰੈਨ ਦੀ ਮਿਰਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ: ‘‘ਉਹ ਜ਼ਿਆਦਾ ਚੌਕਸ ਹੈ ਅਤੇ ਦਿਨ ਵਿੱਚ ਉਸ ਨੂੰ ਕੋਈ ਦੌਰਾ ਨਹੀਂ ਪੈਂਦਾ।’’

ਉਸ ਨੂੰ ਰਾਤ ਨੂੰ ਪੈਣ ਵਾਲੇ ਦੌਰੇ ਵੀ ‘‘ਘੱਟ ਸਮੇਂ ਲਈ ਅਤੇ ਘੱਟ ਗੰਭੀਰ’’ ਹੁੰਦੇ ਹਨ।

ਉਨ੍ਹਾਂ ਨੇ ਕਿਹਾ, ‘‘ਮੈਂ ਨਿਸ਼ਚਤ ਤੌਰ ’ਤੇ ਉਸ ਨੂੰ ਹੌਲੀ ਹੌਲੀ ਆਪਣੀ ਜ਼ਿੰਦਗੀ ਵਿੱਚ ਵਾਪਸ ਲਿਆ ਰਹੀ ਹਾਂ।’’

ਮਾਰਟਿਨ ਟਿਸਡਾਲ ਨੇ ਕਿਹਾ: ‘‘ਸਾਨੂੰ ਖੁਸ਼ੀ ਹੈ ਕਿ ਓਰੈਨ ਅਤੇ ਉਸ ਦੇ ਪਰਿਵਾਰ ਨੂੰ ਇਲਾਜ ਤੋਂ ਇੰਨਾ ਜ਼ਿਆਦਾ ਲਾਭ ਮਿਲਿਆ ਹੈ ਅਤੇ ਇਸ ਨਾਲ ਉਸ ਦੇ ਦੌਰਿਆਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ ਹੈ।’’

ਓਰੈਨ ਹੁਣ ਘੋੜ ਸਵਾਰੀ ਸਿੱਖ ਰਿਹਾ ਹੈ, ਜਿਸ ਦਾ ਉਸ ਨੂੰ ਸਪੱਸ਼ਟ ਤੌਰ ’ਤੇ ਆਨੰਦ ਆ ਰਿਹਾ ਹੈ।

ਹਾਲਾਂਕਿ ਇੱਕ ਨਰਸ ਆਕਸੀਜਨ ਲੈ ਕੇ ਉਸ ਕੋਲ ਮੌਜੂਦ ਰਹਿੰਦੀ ਹੈ, ਅਤੇ ਉਸ ਦਾ ਇੱਕ ਅਧਿਆਪਕ ਵੀ ਹਮੇਸ਼ਾ ਉਸ ਦੇ ਨੇੜੇ ਹੀ ਹੁੰਦਾ ਹੈ, ਫਿਰ ਵੀ ਹੁਣ ਤੱਕ ਕਿਸੇ ਦੀ ਵੀ ਲੋੜ ਨਹੀਂ ਪਈ ਹੈ।

ਅਜ਼ਮਾਇਸ਼ ਦੇ ਹਿੱਸੇ ਵਜੋਂ ਲੈਨੋਕਸ-ਗੈਸਟੌਟ ਸਿੰਡਰੋਮ ਤੋਂ ਪੀੜਤ ਤਿੰਨ ਹੋਰ ਬੱਚਿਆਂ ਨੂੰ ਡੀਮ ਬ੍ਰੇਨ ਨਿਊਰੋਸਟਿਮੂਲੇਟਰ ਲਗਾਇਆ ਜਾਵੇਗਾ।

ਮੌਜੂਦਾ ਸਮੇਂ ਓਰੈਨ ਨੂੰ ਆਪਣੀ ਡਿਵਾਈਸ ਤੋਂ ਨਿਰੰਤਰ ਇਲੈੱਕਟ੍ਰੀਕਲ ਉਤੇਜਨਾ ਮਿਲਦੀ ਹੈ।

‘ਭਵਿੱਖ ਚੰਗਾ ਨਜ਼ਰ ਆ ਰਿਹਾ ਹੈ’

ਭਵਿੱਖ ਵਿੱਚ ਟੀਮ ਦੀ ਯੋਜਨਾ ਹੈ ਕਿ ਨਿਊਰੋਸਟਿਮੂਲੇਟਰ ਨੂੰ ਦਿਮਾਗ ਦੀ ਗਤੀਵਿਧੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਅਸਲ ਸਮੇਂ ਵਿੱਚ ਪ੍ਰਤੀਕਿਰਿਆ ਕਰਨ ਵਿੱਚ ਸਮਰੱਥ ਬਣਾਇਆ ਜਾਵੇ ਤਾਂ ਕਿ ਦੌਰੇ ਪੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕਿਆ ਜਾ ਸਕੇ।

ਜਸਟਿਨ ਨੇ ਕਿਹਾ ਕਿ ਉਹ ਅਜ਼ਮਾਇਸ਼ ਦੇ ਅਗਲੇ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ: ‘‘ਗ੍ਰੇਟ ਔਰਮੰਡ ਸਟ੍ਰੀਟ ਟੀਮ ਨੇ ਸਾਨੂੰ ਉਮੀਦ ਦੀ ਕਿਰਨ ਦਿਖਾਈ ਹੈ...ਹੁਣ ਭਵਿੱਖ ਉੱਜਵਲ ਨਜ਼ਰ ਆ ਰਿਹਾ ਹੈ।’’

ਓਰੈਨ ਦੇ ਪਰਿਵਾਰ ਨੂੰ ਪਤਾ ਹੈ ਕਿ ਉਸ ਦਾ ਇਹ ਇਲਾਜ ਕੋਈ ਸਥਾਈ ਇਲਾਜ ਨਹੀਂ ਹੈ, ਪਰ ਉਹ ਆਸ਼ਾਵਾਦੀ ਹਨ ਕਿ ਉਹ ਆਪਣੀ ਮਿਰਗੀ ਦੇ ਕਾਰਨ ਉਤਪੰਨ ਹੋਈ ਬਿਮਾਰੀ ਤੋਂ ਉਭਰਨਾ ਜਾਰੀ ਰੱਖੇਗਾ।

ਅੰਬਰ ਥੈਰੇਪਿਊਟਿਕਸ ਦੀ ਮਲਕੀਅਤ ਵਾਲੇ ਪਿਕੋਸਟੀਮ ਨਿਊਰੋਸਟਿਮੂਲੇਟਰ ਦਾ ਉਪਯੋਗ ਪਾਰਕਿੰਸਨ ਰੋਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਵੀ ਕੀਤਾ ਗਿਆ ਹੈ।

ਅਮਰੀਕਾ ਵਿੱਚ ਮਿਰਗੀ ਦੇ ਇਲਾਜ ਲਈ ਖੋਪੜੀ ’ਤੇ ਲਗਾਏ ਜਾਣ ਵਾਲੇ ਇੱਕ ਹੋਰ ਕਿਸਮ ਦੇ ਨਿਊਰੋਸਟਿਮੂਲੇਟਰ ਦੀ ਵਰਤੋਂ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)