ਜਦੋਂ ਔਰਤ ਨੂੰ ਆਖਰੀ ਵਕਤ ਤੱਕ ਉਸ ਦੇ ਗਰਭਵਤੀ ਹੋਣ ਦਾ ਪਤਾ ਨਾ ਲੱਗੇ, ਇਹ ਵਰਤਾਰਾ ਕਿੰਨਾ ਆਮ ਹੈ

ਤਸਵੀਰ ਸਰੋਤ, TAWANA MUSVABURI
- ਲੇਖਕ, ਬੂਨੀ ਮੈਕਲੈਰਨ
- ਰੋਲ, ਬੀਬੀਸੀ ਪੱਤਰਕਾਰ
ਤਵਾਨਾ ਨੂੰ ਇਹ ਕਿਆਸ ਹੀ ਨਹੀਂ ਸੀ ਕਿ ਉਨ੍ਹਾਂ ਦੀ ਕੁੱਖ ਵਿੱਚ ਰਿਵਰ ਪਲ ਰਹੀ ਸੀ, ਜੋ ਹੁਣ ਇੱਕ ਸਾਲ ਦੀ ਹੋ ਚੁੱਕੀ ਹੈ।
ਤਵਾਨਾ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੱਕੀ ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਜਨਮ ਦੇਣਗੇ।
ਉਹ ਖ਼ੁਦ ਕਹਿੰਦੇ ਹਨ, “ਬੇਫਿਕਰ, ਮਸਤੀ ਭਰੀ ਜ਼ਿੰਦਗੀ” ਪਾਰਟੀ ਕਰਨਾ ਅਤੇ ਦੋਸਤਾਂ ਨਾਲ ਮੌਜ ਕਰਨਾ।
ਇਹੀ ਉਨ੍ਹਾਂ ਦੀ ਜ਼ਿੰਦਗੀ ਸੀ ਜਦੋਂ ਇੱਕ ਦਿਨ ਬੇਹੋਸ਼ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਉਨ੍ਹਾਂ ਨੂੰ ਭੋਰਾ ਵੀ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕਿਉਂ ਹੋਇਆ। ਫਿਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਚਾਰ ਹਫ਼ਤਿਆਂ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਹਨ।
ਬੀਬੀਸੀ ਦੇ ਰਿਲਾਇਬਲ ਸੌਸ ਪਾਡਕਾਸਟ ਵਿੱਚ ਦੱਸਿਆ, “ਮੈਨੂੰ ਪੈਨਿਕ ਅਟੈਕ ਆਉਣ ਲੱਗੇ ਸਨ।”
ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰ੍ਹਾ ਛਾ ਗਿਆ।
ਕਿਉਂਕਿ ਕੋਈ ਤੁਹਾਨੂੰ ਇਹ ਤਾਂ ਦੱਸ ਰਿਹਾ ਹੈ ਕਿ ਤੁਹਾਡੇ ਕੋਲ ਚਾਰ ਹਫ਼ਤੇ ਹਨ, ਆਪਣੀ ਜ਼ਿੰਦਗੀ ਸੰਭਾਲਣ ਲਈ।
ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਡਾਕਟਰਾਂ ਨੇ ਤਵਾਨਾ ਨੂੰ ਕਿਹਾ ਸੀ ਕਿ ਉਹ ਐੱਮਆਰਆਈ ਸਕੈਨ ਤੋਂ ਪਹਿਲਾਂ ਗਰਭ ਦੀ ਜਾਂਚ ਕਰਵਾਉਣ।
ਉਨ੍ਹਾਂ ਨੇ ਮਜ਼ਾਕ ਮੰਨਦੇ ਹੋਏ ਇਹ ਸਲਾਹ ਖਾਰਜ ਕਰ ਦਿੱਤੀ। ਉਨ੍ਹਾਂ ਦੀ ਬਾਂਹ ਵਿੱਚ ਇੱਕ ਗਰਭ ਨਿਰੋਧਕ ਇੰਪਲਾਂਟ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਗਰਭ ਦੇ ਲੱਛਣ ਵੀ ਨਜ਼ਰ ਨਹੀਂ ਆਏ ਸਨ।
ਹੁਣ ਜਦੋਂ ਜਾਂਚ ਦੇ ਨਤੀਜੇ ਨੈਗਿਟਿਵ ਆਏ ਤਾਂ ਤਵਾਨਾ ਦਾ ਯਕੀਨ ਹੋਰ ਪੱਕਾ ਹੋ ਗਿਆ ਕਿ ਉਹ ਸਹੀ ਸਨ।
ਲੇਕਿਨ ਨਰਸ ਨੇ ਡਾਕਟਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਤਵਾਨਾ ਦਾ ਅਲਟਰਾਸਾਊਂਡ ਕਰਵਾਉਣ, ਹੋ ਸਕਦਾ ਹੈ ਉਹ ਹਾਲੇ ਵੀ ਗਰਭਵਤੀ ਹੋਣ।
ਰਿਵਰ ਦੇ ਪਿਤਾ ਇਮੈਨੂਏਲ, ਕਹਿੰਦੇ ਹਨ ਕਿ ਜਦੋਂ ਤਵਾਨਾ ਨੇ ਉਨ੍ਹਾਂ ਨੂੰ ਦੱਸਿਆ ਉਹ ਬੱਚੇ ਨੂੰ ਜਨਮ ਦੇਣ ਵਾਲੀ ਹੈ, ਤਾਂ ਉਨ੍ਹਾਂ ਨੂੰ ਤਵਾਨਾ ਦੀ ਗੱਲ ਉੱਤੇ ਯਕੀਨ ਨਹੀਂ ਹੋਇਆ।
ਇਮੈਨੂਏਲ ਨੇ ਕਿਹਾ, “ਮੈਨੂੰ ਤਾਂ ਗੱਲ ਸਮਝ ਹੀ ਨਹੀਂ ਆਈ, ਇਹ ਬਿਲਕੁਲ ਜਾਦੂਈ ਲੱਗ ਰਿਹਾ ਸੀ।”
ਬੀਬੀਸੀ ਦੇ ਪਾਡਕਾਸਟ ਵਿੱਚ ਗੱਲਬਾਤ ਦੌਰਾਨ ਆਪਣੀ ਬੱਚੀ ਨਾਲ ਆਏ ਇਮੈਨੂਏਲ ਅਤੇ ਤਵਾਨਾ ਨੇ ਇਹ ਗੱਲਾਂ ਕਹੀਆਂ।
ਬਿਨਾਂ ਕਿਸੇ ਲੱਛਣ, ਜਿਵੇਂ ਕਿ ਉਲਟੀ ਆਉਣਾ ਜਾਂ ਢਿੱਡ ਨਿਕਲਣਾ ਜੋ ਗਰਭਵਤੀ ਹੋਣ ਉੱਤੇ ਹੁੰਦੇ ਹਨ, ਉਨ੍ਹਾਂ ਤੋਂ ਬਿਨਾਂ ਹੋਈ ਪ੍ਰੈਗਰਨੈਂਸੀ ਨੂੰ “ਕ੍ਰਿਪਟਿਕ ਪ੍ਰੈਗਨੈਂਸੀ” ਕਹਿੰਦੇ ਹਨ।
ਇਹ ਬਹੁਤ ਦੁਰਲਭ ਹੈ, ਲੇਕਿਨ ਤਵਾਨਾ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ “ਇਹ ਸਿਆਹਫ਼ਾਮ ਸਮੁਦਾਇ ਵਿੱਚ ਬਹੁਤ ਆਮ ਹੈ।”

ਅਜਿਹਾ ਕਿਉਂ ਹੁੰਦਾ ਹੈ?
ਉਹ ਕਹਿੰਦੇ ਹਨ, “(ਮੈਨੂੰ ਦੱਸਿਆ ਗਿਆ ਇਹ) ਸਾਡੀ ਕਮਰ ਅਤੇ ਹੱਡੀਆਂ ਦੇ ਢਾਂਚੇ ਕਾਰਨ ਹੁੰਦਾ ਹੈ। ਬੱਚਾ ਬਾਹਰ ਵੱਲ ਨੂੰ ਨਹੀਂ ਸਗੋਂ ਅੰਦਰ ਨੂੰ ਵਧਦਾ ਹੈ। ਅਤੇ ਸਾਡਾ ਪਿਛਲਾ ਹਿੱਸਾ ਵੱਡਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।”
“ਇਸੇ ਕਾਰਨ ਜਦੋਂ ਮੈਂ ਇਸ ਨੂੰ ਜਨਮ ਦੇ ਰਹੀ ਸੀ ਤਾਂ ਮੇਰੀ ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਕਿਤੇ ਇਹ ਪੁੱਠੀ ਪੈਦਾ ਨਾ ਹੋ ਜਾਵੇ।”
ਕ੍ਰਿਪਟਿਕ ਪ੍ਰੈਗਨੈਂਸੀ ਬਾਰੇ ਦੇਖਣ ਜਾਈਏ ਤਾਂ ਜ਼ਿਆਦਾ ਅੰਕੜੇ ਜਾਂ ਜਾਣਕਾਰੀਆਂ ਨਹੀਂ ਮਿਲਦੀਆਂ ਹਨ। ਲੰਡਨ ਸਾਊਥ ਬੈਂਕ ਯੂਨੀਵਰਸਿਟੀ ਵਿੱਚ ਹੈਲਥ ਕੇਅਰ ਦੇ ਪ੍ਰੋਫੈਸਰ ਐਲਿਸਨ ਲੇਯਰੀ ਕਹਿੰਦੇ ਹਨ ਕਿ ਅਜਿਹਾ ਡੇਟਾ ਮੌਜੂਦ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਐਥਨਿਕ ਘੱਟ ਗਿਣਤੀ ਵਰਗ ਤੋਂ ਆਉਣ ਵਾਲੀਆਂ ਔਰਤਾਂ ਨੂੰ ਜਣੇਪੇ ਦੌਰਾਨ ਦੇਖਭਾਲ ਦੇ ਮਾਮਲਿਆਂ ਵਿੱਚ ਵੱਖਰੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੀਬੀਸੀ ਨਿਊਜ਼ਬੀਟ ਨੂੰ ਐਲੀਸਨ ਨੇ ਦੱਸਿਆ, “ਗਰਭ ਅਤੇ ਬੱਚਿਆਂ ਨੂੰ ਜਨਮ ਦੇਣ ਦੇ ਮਾਮਲਿਆਂ ਵਿੱਚ ਖਾਸ ਕਰਕੇ ਸਿਆਹਫ਼ਾਮ ਔਰਤਾਂ ਨੂੰ ਬੁਰੇ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ ਹੈ, ਇਸ ਬਾਰੇ ਕਈ ਅਧਿਐਨ ਵੀ ਹੋਏ ਹਨ।”
ਉਨ੍ਹਾਂ ਨੂੰ ਲਗਦਾ ਹੈ ਕਿ ਇਸ ਵਿਸ਼ੇ ਵਿੱਚ ਜ਼ਿਆਦਾ ਖੋਜ ਕਰਨ ਦੀ ਲੋੜ ਹੈ।
“ਇਸ ਲਈ ਇਹ ਕਾਫ਼ੀ ਜ਼ਰੂਰੀ ਮੁੱਦਾ ਹੈ, ਭਾਵੇਂ ਇਹ ਬਹੁਤ ਥੋੜ੍ਹੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੇ ਜਲਦੀ ਚੰਗੀ ਜਣੇਪਾ ਸੰਭਾਲ, ਜਨਮ ਦੇਣ ਤੋਂ ਠੀਕ ਪਹਿਲਾਂ ਚੰਗੀ ਸਹੂਲਤ ਨਾ ਮਿਲੇ, ਤਾਂ ਅਜਿਹੇ ਮਾਮਲਿਆਂ ਵਿੱਚ ਬੁਰੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।”
ਗਰਭ ਰੁਕਣ ਦੀ ਖ਼ਬਰ ਮਿਲਣ ਤੋਂ ਚਾਰ ਹਫ਼ਤੇ ਅਤੇ 4 ਦਿਨਾਂ ਬਾਅਦ ਤਵਾਨਾ ਨੇ ਬੇਬੀ ਸ਼ਾਵਰ ਤੋਂ ਬਾਅਦ ਬੱਚੀ ਨੂੰ ਜਨਮ ਦਿੱਤਾ।

ਕੋਈ ਸਲਾਹ ਦੇਣ ਵਾਲਾ ਨਹੀਂ ਸੀ
ਉਹ ਦੱਸਦੇ ਹਨ ਕਿ ਬੱਚੇ ਨੂੰ ਜਨਮ ਦੋਣ ਤੋਂ ਬਾਅਦ ਉਹ ਜਣੇਪੇ ਮਗਰੋਂ ਹੋਣ ਵਾਲੇ ਤਣਾਅ ਵਿੱਚੋਂ ਲੰਘੇ ਅਤੇ ਟਿਕਟਾਕ ਉੱਤੇ ਛੋਟੀ ਉਮਰ ਵਿੱਚ ਮਾਂ ਬਣਨ ਬਾਰੇ ਸਲਾਹ ਦੀਆਂ ਵੀਡੀਓ ਦੇਖਦੇ ਸਨ।
ਲੇਕਿਨ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਦੀ ਇੱਕ ਔਰਤ ਤੋਂ ਸਿਵਾ ਅਜਿਹਾ ਕੋਈ ਨਹੀਂ ਮਿਲਿਆ ਜੋ ਖ਼ੁਦ ਅਜਿਹੀ ਸਥਿਤੀ ਵਿੱਚੋਂ ਲੰਘਿਆ ਹੋਵੇ।
“ਮੈਂ ਸੱਚੀਂ ਤਣਾਅ ਦਾ ਸ਼ਿਕਾਰ ਹੋ ਗਈ ਸੀ ਕਿਉਂਕਿ ਮੈਨੂੰ ਕੋਈ ਵੀ ਸਲਾਹ ਦੇਣ ਵਾਲਾ ਨਹੀਂ ਮਿਲ ਰਿਹਾ ਸੀ।”
“ਕੋਈ ਇਸ ਬਾਰੇ ਨਹੀਂ ਬੋਲਦਾ ਹੈ। ਜਿਵੇਂ ਕਿ ਇਹ ਕੀ ਹੈ? ਫਿਰ ਮੈਨੂੰ ਲਗਦਾ ਹੈ ਕਿ ਮੈਂ ਅਜਿਹਾ ਇੱਕ ਵੀਡੀਓ ਦੇਖਿਆ, ਜੋ ਅਮਰੀਕਾ ਦੀ ਇੱਕ ਕੁੜੀ ਨੇ ਬਣਾਇਆ ਸੀ ਜਿਸ ਉੱਤੇ 100 ਲਾਈਕ ਸਨ।”
ਉਹ ਸੱਚੀਂ ਇਸ ਤਰ੍ਹਾਂ ਸੀ ਜਿਵੇਂ ਉਸ ਨੇ ਮੈਨੂੰ ਸਲਾਹ ਦਿੱਤੀ ਹੋਵੇ।
ਤਵਾਨਾ ਨੇ ਬਾਅਦ ਵਿੱਚ ਆਪਣਾ ਅਨੁਭਵ ਇੱਕ ਵੀਡੀਓ ਰਾਹੀਂ ਸਾਂਝਾ ਕੀਤਾ ਜਿਸ ਉੱਤੇ ਹੁਣ ਚਾਰ ਲੱਖ ਲਾਈਕ ਹਨ।
ਤਵਾਨਾ ਨੇ ਇੱਕ ਪਾਡਕਾਸਟ ਵੀ ਸ਼ੁਰੂ ਕੀਤਾ ਹੈ, ਜਿਸ ਉੱਤੇ ਉਹ ਦੂਜੀਆਂ ਮਾਵਾਂ ਨਾਲ ਗੱਲਬਾਤ ਕਰਦੇ ਹਨ।
ਤਵਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਅਤੇ ਉਹ ਉਮੀਦ ਕਰਦੇ ਹਨ ਕਿ ਇਸ ਨਾਲ ਅਜਿਹੀਆਂ ਹੋਰ ਛੋਟੀ ਉਮਰ ਦੀਆਂ ਮਾਵਾਂ ਦੀ ਮਦਦ ਹੋਵੇਗੀ ਜਿਨ੍ਹਾਂ ਨੂੰ ਆਖਰੀ ਸਮੇਂ ਉੱਤੇ ਗਰਭ ਬਾਰੇ ਪਤਾ ਲਗਦਾ ਹੈ।
ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਨੇ ਆਰਥਿਕ ਮਦਦ ਕੀਤੀ। ਉਹ ਇਹ ਵੀ ਜਾਣਦੇ ਹਨ ਕਿ ਦੂਜੇ ਇੰਨੇ ਖ਼ੁਸ਼ਕਿਸਮਤ ਨਹੀਂ ਵੀ ਹੋ ਸਕਦੇ।
ਮਿਸਾਲ ਵਜੋਂ, ਉਹ ਚਾਹੁੰਦੇ ਹਨ ਕਿ ਇਸ ਲਈ ਇੱਕ ਚੈਰਿਟੀ ਦੀ ਸ਼ੁਰੂਆਤ ਕੀਤੀ ਜਾਵੇ।
“ਇਸ ਲਈ ਕੋਈ ਸਹਾਰਾ ਨਹੀਂ ਹੈ, ਤਾਂ ਜੇ ਤੁਹਾਡੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਕਿਵੇਂ ਜੂਝ ਰਹੇ ਹੋ?”
ਕੀ ਹੈ ਕ੍ਰਿਪਟਿਕ ਪ੍ਰੈਗਨੈਂਸੀ?
ਕ੍ਰਿਪਟਿਕ ਪ੍ਰੈਗਨੈਂਸੀ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਕੁੜੀ ਜਾਂ ਔਰਤ ਆਪਣੇ ਗਰਭ ਰੁਕ ਜਾਣ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ— ਕੁਝ ਔਰਤਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਜਣੇਪੇ ਤੱਕ ਵੀ ਇਸ ਬਾਰੇ ਪਤਾ ਨਹੀਂ ਸੀ।
ਹਰੇਕ 2,500 ਪਿੱਛੇ ਇੱਕ ਗਰਭ ਕ੍ਰਿਪਟਿਕ ਹੁੰਦਾ ਹੈ।
ਇਹ ਸੰਖਿਆ ਬ੍ਰਿਟੇਨ ਵਿੱਚ ਪੈਦਾ ਹੋਣ ਵਾਲੇ ਕੁੱਲ ਬੱਚਿਆਂ ਮਗਰ 300 ਹੈ।
ਕੁਝ ਮਾਮਲਿਆਂ ਵਿੱਚ ਤਣਾਅ ਦੇ ਸਮੇਂ ਵੀ ਹਨ ਜਦੋਂ ਔਰਤ ਨੂੰ ਪਤਾ ਹੀ ਨਹੀਂ ਲੱਗ ਸਕਿਆ ਜਾਂ ਫਿਰ ਉਹ ਗਰਭਵਤੀ ਹੋਣ ਦੇ ਲੱਛਣ ਮਹਿਸੂਸ ਹੀ ਨਹੀਂ ਕਰ ਸਕੀਆਂ।
ਇੱਥੋਂ ਤੱਕ ਕਿ ਕੁਝ ਔਰਤਾਂ ਜਿਨ੍ਹਾਂ ਨੂੰ ਸਹੀ ਸਮੇਂ ਉੱਤੇ ਮਾਹਵਾਰੀ ਨਹੀਂ ਆਉਂਦੀ ਜਾਂ ਬਿਲਕੁਲ ਵੀ ਨਹੀਂ ਆਉਂਦੀ ਉਨ੍ਹਾਂ ਨੂੰ ਵੀ ਗਰਭ ਦੇ ਲੱਛਣ ਮਹਿਸੂਸ ਹੁੰਦੇ ਹਨ।
ਸਰੋਤ- ਹੇਲਨ ਚੇਯਨ, ਯੂਨੀਵਰਸਿਟੀ ਆਫ ਸਟਰਲਿੰਗ ਵਿੱਚ ਦਾਈਪੁਣੇ ਦੇ ਪ੍ਰੋਫੈਸਰ ਹਨ।












