ਮਾਂ ਬਣਨ ਦੀ ਸਹੀ ਉਮਰ ਕੀ ਹੈ, ਇਸ ਬਾਰੇ ਮਾਹਿਰ ਕੀ ਕਹਿੰਦੇ ਹਨ

ਗਰਭਵਤੀ ਔਰਤਾਂ

ਤਸਵੀਰ ਸਰੋਤ, AFP

    • ਲੇਖਕ, ਰੋਹਨ ਨਾਮਜੋਸ਼ੀ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਕੁਝ ਸਵਾਲਾਂ ਦੇ ਤੁਰੰਤ ਨਿਸ਼ਚਤ ਜਵਾਬ ਨਹੀਂ ਦਿੱਤੇ ਜਾ ਸਕਦੇ। ਇੱਕ ਹੀ ਸਵਾਲ ਦੇ ਜਵਾਬ, ਵੱਖ-ਵੱਖ ਲੋਕਾਂ ਲਈ ਵੱਖੋ-ਵੱਖ ਹੋ ਸਕਦੇ ਹਨ।

ਬੀਬੀਸੀ ਨੇ ਇੱਕ ਅਹਿਮ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਸਵਾਲ ਹੈ - ਮਾਂ ਬਣਨ ਦੀ ਸਹੀ ਉਮਰ ਕੀ ਹੈ?

ਪੂਜਾ ਖੜੇ ਪਾਠਕ ਪੁਣੇ ਤੋਂ ਹਨ ਅਤੇ ਨੌਕਰੀ ਕਰਦੇ ਹਨ। ਉਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਮਾਂ ਬਣਨ ਦਾ ਫੈਸਲਾ ਲਿਆ ਸੀ। ਅੱਜ ਉਹ 33 ਸਾਲ ਦੇ ਹਨ ਅਤੇ ਉਨ੍ਹਾਂ ਦੀ ਬੇਟੀ 10 ਸਾਲ ਦੀ ਹੋ ਚੁੱਕੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸੋਚ ਸਮਝ ਕੇ ਫੈਸਲਾ ਲਿਆ ਸੀ।

ਉਨ੍ਹਾਂ ਨੇ ਦੱਸਿਆ, ''ਹਰ ਖੇਤਰ ਵਿੱਚ ਮੁਕਾਬਲੇਬਾਜ਼ੀ ਹੁੰਦੀ ਹੈ। ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਮੇਰਾ ਕਰੀਅਰ ਬਹੁਤ ਤੇਜ਼ੀ ਨਾਲ ਅੱਗੇ ਨਹੀਂ ਵਧ ਰਿਹਾ ਸੀ ਅਤੇ ਉਸ ਸਮੇਂ ਮੈਨੂੰ ਲੱਗਿਆ ਕਿ ਜੇ ਮੈਂ ਬ੍ਰੇਕ ਲੈ ਲਈ ਤਾਂ ਆਉਣ ਵਾਲੇ ਸਮੇਂ ਵਿੱਚ ਫਿਰ ਤੋਂ ਮੌਕੇ ਮਿਲਣਗੇ।''

''ਦੂਜੀ ਚੀਜ਼ ਜਿਸ ਬਾਰੇ ਮੈਂ ਸੋਚਿਆ ਸੀ, ਉਹ ਸੀ ਆਪਣੀ ਸਿਹਤ, 23 ਸਾਲ ਦੀ ਉਮਰ ਵਿੱਚ ਮੈਂ ਪੂਰੀ ਤਰ੍ਹਾਂ ਸਿਹਤਮੰਦ ਸੀ। ਮੈਨੂੰ ਲੱਗਿਆ ਕਿ ਮੈਂ ਤਣਾਅ ਅਤੇ ਸੰਜਮ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਸਕਾਂਗੀ। ਇੱਕ ਹੋਰ ਵਿਚਾਰ ਇਹ ਵੀ ਸੀ ਕਿ ਮੈਂ ਆਪਣੇ ਬੱਚੇ ਦੇ ਵਿਚਕਾਰ ਇੱਕ ਪੀੜ੍ਹੀ ਦਾ ਅੰਤਰ ਨਹੀਂ ਚਾਹੁੰਦੀ ਸੀ, ਇਸ ਲਈ ਵੀ ਇਹ ਫੈਸਲਾ ਲਿਆ।''

ਮਾਂ ਬਣਨ ਦੀ ਉਮਰ ਕੀ ਹੈ?

ਤਕਨੀਕੀ ਰੂਪ ਵਿੱਚ ਇਹ ਇੱਕ ਬਹੁਤ ਹੀ ਵਿਅਕਤੀਗਤ ਸਵਾਲ ਹੈ। ਮੈਡੀਕਲ ਤੌਰ 'ਤੇ ਹਰ ਔਰਤ ਦੀਆਂ ਆਪਣੀਆਂ ਅਲੱਗ-ਅਲੱਗ ਮੁਸ਼ਕਿਲਾਂ ਹੁੰਦੀਆਂ ਹਨ, ਪਰ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਨੰਦਿਨੀ ਪਲਸ਼ੇਤਕਰ ਮੁਤਾਬਕ ਮਾਂ ਬਣਨ ਦੀ ਸਭ ਤੋਂ ਚੰਗੀ ਉਮਰ 25-35 ਸਾਲ ਹੈ।

ਉਨ੍ਹਾਂ ਨੇ ਦੱਸਿਆ, ''35 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ ਵਿੱਚ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਇਸ ਲਈ 25 ਤੋਂ 35 ਸਾਲ ਦੇ ਵਿਚਕਾਰ 10 ਸਾਲ ਦਾ ਸਹੀ ਸਮਾਂ ਹੁੰਦਾ ਹੈ। 35 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣ ਦੀ ਕੋਸ਼ਿਸ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅੱਜ ਕੱਲ੍ਹ ਵਿਆਹ ਦੇਰੀ ਨਾਲ ਹੁੰਦੇ ਹਨ।''

ਮਾਂ ਅਤੇ ਧੀ

ਤਸਵੀਰ ਸਰੋਤ, POOJA PATHAK

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਡਾ. ਨੰਦਿਨੀ ਪਲਸ਼ੇਤਕਰ ਮੁਤਾਬਕ, ''ਕੁੜੀਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਆਪਣੀ ਪ੍ਰਜਣਨ ਸਮਰੱਥਾ ਦਾ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।''

''ਏਐੱਮਐੱਚ (ਐਂਟੀ ਮੁਲੇਰਿਯਨ ਹਾਰਮੋਨ) ਨਾਂ ਦਾ ਇੱਕ ਟੈਸਟ ਹੈ ਜੋ ਅੰਡਿਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ। ਜੇ ਇਹ ਘੱਟ ਹਨ ਤਾਂ ਜੋਖ਼ਿਮ ਹੈ ਇਸ ਲਈ ਕੁੜੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।''

ਨਾਗਪੁਰ ਦੇ ਉੱਘੇ ਇਸਤਰੀ ਰੋਗ ਮਾਹਿਰ ਡਾ. ਚੈਤੰਨਿਆ ਸ਼ੇਂਬੇਕਰ ਅਨੁਸਾਰ ਮਾਂ ਬਣਨ ਦੀ ਸਹੀ ਉਮਰ 25 ਤੋਂ 30 ਸਾਲ ਹੈ।

ਉਹ ਕਹਿੰਦੇ ਹਨ, ''ਸਾਡੇ ਕੋਲ ਆਈਵੀਐੱਫ ਲਈ ਆਉਣ ਵਾਲੇ ਮਰੀਜ਼ਾਂ ਦਾ ਓਵੇਰੀਅਨ ਰਿਜ਼ਰਵ 30 ਸਾਲ ਦੀ ਉਮਰ ਤੱਕ ਘੱਟ ਹੋ ਜਾਂਦਾ ਹੈ। 32 ਸਾਲ ਦੀ ਉਮਰ ਤੱਕ ਤਾਂ ਉਹ ਬਹੁਤ ਘੱਟ ਹੋ ਜਾਂਦੇ ਹਨ।''

ਵੀਡੀਓ ਕੈਪਸ਼ਨ, ਉਹ ਔਰਤ ਦੀ ਕਹਾਣੀ, ਜਿਹੜੀ ਅਚਾਨਕ ਮਾਂ ਬਣ ਗਈ

ਦੂਜੇ ਪਾਸੇ ਡਾ. ਨੰਦਿਨੀ ਪਲਸ਼ੇਤਕਰ ਦੱਸਦੇ ਹਨ, ''ਅੱਜ ਕੱਲ੍ਹ ਓਵੇਰੀਅਨ ਏਜਿੰਗ ਇੱਕ ਵੱਡੀ ਸਮੱਸਿਆ ਹੈ। ਮੇਰੇ ਕਲੀਨਿਕ ਵਿੱਚ ਆਉਣ ਵਾਲੀਆਂ ਲਗਭਗ 30 ਫੀਸਦੀ ਕੁੜੀਆਂ ਵਿੱਚ ਇਹ ਸਮੱਸਿਆ ਹੁੰਦੀ ਹੈ। ਵਿਆਹਾਂ ਵਿੱਚ ਦੇਰੀ ਹੁੰਦੀ ਹੈ, ਫਿਰ ਇਸ ਤੋਂ ਬਾਅਦ ਲੋਕ ਠਹਿਰ ਕੇ ਬੱਚਾ ਪੈਦਾ ਕਰਨ ਦਾ ਫੈਸਲਾ ਲੈਂਦੇ ਹਨ।''

''ਉਂਝ ਤਾਂ ਅੱਜ ਕੱਲ੍ਹ ਅੰਡੇ ਫਰੀਜ਼ ਕਰਨ ਦਾ ਵਿਕਲਪ ਵੀ ਹੈ ਜਿਸ ਨੂੰ ਕਈ ਕੁੜੀਆਂ ਸਵੀਕਾਰ ਕਰ ਰਹੀਆਂ ਹਨ। ਪਰ ਉਹ ਅਪਵਾਦ ਹੀ ਹੈ। ਮੈਨੂੰ ਲੱਗਦਾ ਹੈ ਕਿ 25 ਤੋਂ 35 ਸਾਲ ਦੀ ਉਮਰ ਮਾਂ ਬਣਨ ਦੀ ਸਹੀ ਉਮਰ ਹੈ।''

ਡਾ. ਚੈਤੰਨਿਆ ਸ਼ੇਂਬੇਕਰ ਮੁਤਾਬਕ ਅੰਡੇ ਨੂੰ ਫਰੀਜ਼ ਕਰਵਾਉਣ ਦਾ ਵਿਕਲਪ ਬਹੁਤ ਵਿਵਹਾਰਕ ਨਹੀਂ ਹੈ। ਉਂਝ ਅੱਜਕੱਲ੍ਹ ਅੰਡਿਆਂ ਨੂੰ ਫਰੀਜ਼ ਕਰਾਉਣ ਦਾ ਰੁਝਾਨ ਬਹੁਤ ਵਧਿਆ ਹੈ। ਕਈ ਵੱਡੀਆਂ ਕੰਪਨੀਆਂ ਇਸ ਲਈ ਬੀਮਾ ਮੁਹੱਈਆ ਕਰਵਾ ਰਹੀਆਂ ਹਨ।

ਚੈਤੰਨਿਆ ਸ਼ੇਂਬੇਕਰ ਮੁਤਾਬਕ, ''ਅਜਿਹੇ ਮਾਮਲਿਆਂ ਵਿੱਚ ਸਿਰਫ਼ ਅੰਡਾਸ਼ਯ ਹੀ ਨਹੀਂ ਬਲਕਿ ਔਰਤ ਦੀ ਉਮਰ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਜਿਵੇਂ-ਜਿਵੇਂ ਸਰੀਰ ਦੀ ਉਮਰ ਵਧਦੀ ਹੈ, ਉਸ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਹਨ। ਘੱਟ ਉਮਰ ਵਿੱਚ ਸਹਿਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।''

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਡਿਲੀਵਰੀ ਨੂੰ ਔਰਤ ਦਾ ਦੂਜਾ ਜਨਮ ਕਿਹਾ ਜਾਂਦਾ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਅਕਸਰ ਡਾਇਬਟੀਜ਼ ਅਤੇ ਬਲੱਡ ਪ੍ਰੈੱਸ਼ਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਸ਼ੇਂਬੇਕਰ ਕਹਿੰਦੇ ਹਨ, ''ਜੇ ਤੁਸੀਂ ਜਲਦੀ ਵਿਆਹ ਕਰ ਲੈਂਦੇ ਹੋ ਅਤੇ ਜਲਦੀ ਬੱਚੇ ਨੂੰ ਜਨਮ ਦਿੰਦੇ ਹੋ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।''

ਬੱਚੇ ਪੈਦਾ ਕਰਨ ਵਿੱਚ ਦੇਰੀ ਕਰਨਾ

ਰੀਤਾ ਜੋਸ਼ੀ ਮੁੰਬਈ ਵਿੱਚ ਰਹਿੰਦੇ ਹਨ ਅਤੇ ਆਈਟੀ ਸੈਕਟਰ ਵਿੱਚ ਕੰਮ ਕਰਦੇ ਹਨ। ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਆਪਣੇ ਕੰਮ ਵਿੱਚ ਕਾਫ਼ੀ ਰੁੱਝੇ ਰਹਿੰਦੇ ਸੀ। ਅਕਸਰ ਉਨ੍ਹਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣਾ ਪੈਂਦਾ ਸੀ।

ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ, ਉਨ੍ਹਾਂ ਨੇ ਸੁਭਾਵਿਕ ਰੂਪ ਨਾਲ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਈ।

ਬਾਅਦ ਵਿੱਚ ਉਨ੍ਹਾਂ ਨੇ ਆਈਯੂਆਈ, ਆਈਵੀਐੱਫ ਦਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ, ਪਰ ਕਰੀਅਰ ਦੀ ਵਜ੍ਹਾ ਨਾਲ ਉਸ ਕੋਲ ਅਜਿਹਾ ਕਰਨ ਲਈ ਸਮਾਂ ਨਹੀਂ ਸੀ। ਅੰਤ ਵਿੱਚ ਅਕਤੂਬਰ 2020 ਵਿੱਚ ਉਨ੍ਹਾਂ ਨੇ ਆਈਵੀਐੱਫ ਕਰਵਾਇਆ।

ਲੌਕਡਾਊਨ ਅਤੇ ਵਰਕ ਫਰੋਮ ਹੋਮ ਦੀ ਵਜ੍ਹਾ ਨਾਲ ਉਹ ਇਸ ਇਲਾਜ ਲਈ ਜ਼ਰੂਰੀ ਸਮਾਂ ਦੇ ਸਕੇ ਅਤੇ ਆਖਿਰ ਵਿੱਚ ਉਹ ਇੱਕ ਪਿਆਰੀ ਜਿਹੀ ਬੱਚੀ ਦੀ ਮਾਂ ਬਣੇ।

ਕਰੀਅਰ ਦੀ ਵਜ੍ਹਾ ਨਾਲ ਵਿਆਹ ਵਿੱਚ ਦੇਰੀ ਅਤੇ ਇਸ ਲਈ ਲੇਟ ਮਦਰਹੁੱਡ ਦੀ ਕਹਾਣੀ ਸਿਰਫ਼ ਰੀਤਾ ਜੋਸ਼ੀ ਦੀ ਨਹੀਂ ਹੈ।

ਬੀਤੇ ਕਈ ਦਹਾਕਿਆਂ ਵਿੱਚ ਵਿਗਿਆਨਕਾਂ ਨੇ ਦੇਖਿਆ ਹੈ ਕਿ ਇੱਕ ਔਰਤ ਦੇ ਅੰਡਾਸ਼ਯ ਵਿੱਚ ਅੰਡਿਆਂ ਦੀ ਗਿਣਤੀ ਉਮਰ ਨਾਲ ਘਟਦੀ ਜਾਂਦੀ ਹੈ।

ਮਰਦਾਂ ਵਿੱਚ ਰੋਜ਼ਾਨਾ ਲੱਖਾਂ ਸ਼ੁਕਰਾਣੂ ਬਣਦੇ ਹਨ, ਜਦਕਿ ਔਰਤਾਂ ਵਿੱਚ ਅੰਡੇ ਹੁੰਦੇ ਹੰਨ। ਪੀਰੀਅਡਜ਼ ਆਉਣ ਤੋਂ ਬਾਅਦ ਔਰਤਾਂ ਵਿੱਚ ਅੰਡਿਆਂ ਦੀ ਗਿਣਤੀ 300,000 ਹੁੰਦੀ ਹੈ।

ਗਰਭਵਤੀ ਔਰਤਾਂ

ਤਸਵੀਰ ਸਰੋਤ, Getty Images

37 ਸਾਲ ਦੀ ਉਮਰ ਆਉਂਦੇ-ਆਉਂਦੇ ਇਹ ਗਿਣਤੀ 25,000 ਰਹਿ ਜਾਂਦੀ ਹੈ ਅਤੇ 51 ਸਾਲ ਦੀ ਉਮਰ ਤੱਕ ਇਹ ਗਿਣਤੀ 1000 ਹੋ ਜਾਂਦੀ ਹੈ। ਇਸ ਵਿੱਚ ਸਿਰਫ਼ 300 ਤੋਂ 400 ਅੰਡਿਆਂ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ।

ਜਿਵੇਂ-ਜਿਵੇਂ ਉਮਰ ਦੇ ਨਾਲ ਅੰਡਿਆਂ ਦੀ ਗਿਣਤੀ ਘਟਦੀ ਜਾਂਦੀ ਹੈ, ਉਸ ਤਰ੍ਹਾਂ ਦੀ ਗੁਣਸੂਤਰਾਂ ਦੀ ਗੁਣਵੱਤਾ ਅਤੇ ਅੰਡਿਆਂ ਵਿੱਚ ਡੀਐੱਨਏ ਦੀ ਗੁਣਵੱਤਾ ਵੀ ਘੱਟ ਹੁੰਦੀ ਜਾਂਦੀ ਹੈ।

ਕੁੜੀਆਂ ਵਿੱਚ ਪੀਰੀਅਡਜ਼ 13 ਸਾਲ ਦੇ ਨੇੜੇ ਸ਼ੁਰੂ ਹੁੰਦੇ ਹਨ। ਪਹਿਲੇ ਜਾਂ ਦੋ ਸਾਲ ਵਿੱਚ ਅੰਡੇ ਤੋਂ ਅੰਡਾ ਨਿਕਲਣਾ ਸ਼ੁਰੂ ਨਹੀਂ ਹੁੰਦਾ। ਉੱਥੇ ਹੀ 33 ਸਾਲ ਦੀ ਉਮਰ ਤੱਕ ਅੰਡਿਆਂ ਦੀ ਗਿਣਤੀ ਘੱਟ ਹੋਣ ਦਾ ਡਰ ਹੁੰਦਾ ਹੈ। ਪੀਰੀਅਡਜ਼ ਰੁਕਣ ਤੋਂ ਅੱਠ ਸਾਲ ਪਹਿਲਾਂ ਜ਼ਿਆਦਾਤਰ ਔਰਤਾਂ ਆਪਣੀ ਪ੍ਰਜਣਨ ਸਮਰੱਥਾ ਖੋ ਦਿੰਦੀਆਂ ਹਨ।

ਅਮਰੀਕੀ ਮਾਹਿਰ ਐਂਡਰੀਆ ਜ਼ੁਰਿਸਿਕੋਵਾ ਨੇ ਇੱਕ ਖੋਜ ਕੀਤੀ ਜਿਸ ਮੁਤਾਬਕ ਅੰਡਾਸ਼ਯ ਵਿੱਚ ਅੰਡਿਆਂ ਦੀ ਗਿਣਤੀ ਵੰਸ਼ਿਕ ਸਥਿਤੀ 'ਤੇ ਨਿਰਭਰ ਕਰਦੀ ਹੈ। ਹਾਲਾਂਕਿ ਅੰਡਿਆਂ ਦੀ ਗਿਣਤੀ ਔਰਤਾਂ ਦੇ ਜੀਵਨ ਵਿੱਚ ਹੋਣ ਵਾਲੀਆਂ ਤਬਦੀਲੀਆਂ 'ਤੇ ਵੀ ਨਿਰਭਰ ਕਰਦੀ ਹੈ। ਇੰਨਾ ਹੀ ਨਹੀਂ ਇਸ ਦੀ ਗਿਣਤੀ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ ਅਤੇ ਤਣਾਅ ਦੀ ਸਥਿਤੀ 'ਤੇ ਨਿਰਭਰ ਕਰਦੀ ਹੈ।

ਗਿਣਤੀ ਦੇ ਨਾਲ-ਨਾਲ ਅੰਡਿਆਂ ਦੀ ਗੁਣਵੱਤਾ ਵੀ ਇੱਕ ਅਹਿਮ ਪਹਿਲੂ ਹੈ ਅਤੇ ਉਮਰ ਦੇ ਨਾਲ ਇਹ ਗੁਣ ਘੱਟ ਹੁੰਦਾ ਜਾਂਦਾ ਹੈ।

ਕਰੋਮੋਸੋਮ ਪ੍ਰਜਣਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਖੋਜਕਰਤਾਵਾਂ ਅਨੁਸਾਰ ਜੇ ਗੁਣਸੂਤਰ ਸਬੰਧੀ ਅਸਮਾਨਤਾਵਾਂ ਹੁੰਦੀਆਂ ਹਨ ਤਾਂ ਵੀ ਪ੍ਰਜਣਨ ਵਿੱਚ ਮੁਸ਼ਕਿਲ ਆਉਂਦੀ ਹੈ। ਅਸਲ ਵਿੱਚ ਗੁਣਸੂਤਰਾਂ ਵਿੱਚ ਕੁਝ ਅਸਮਾਨਤਾਵਾਂ ਹੁੰਦੀਆਂ ਹੀ ਹਨ।

ਇਹ ਲਗਭਗ ਸਾਰੀਆਂ ਔਰਤਾਂ ਵਿੱਚ ਮੌਜੂਦ ਹੁੰਦੀ ਹੈ, ਪਰ ਜਵਾਨ ਔਰਤਾਂ ਵਿੱਚ ਇਹ ਘੱਟ ਹੁੰਦਾ ਹੈ ਜਦਕਿ ਵਧਦੀ ਉਮਰ ਨਾਲ ਇਸ ਦੇ ਵਿਗੜਨ ਦੀ ਸੰਭਾਵਨਾ ਵਧ ਜਾਂਦੀ ਹੈ।

ਕਰੋਮੋਸੋਮ ਸਬੰਧੀ ਅਸਮਾਨਤਾ ਦਾ ਮਤਲਬ ਇਹ ਨਹੀਂ ਹੈ ਕਿ ਔਰਤਾਂ ਦੇ ਬੱਚੇ ਨਹੀਂ ਹੋ ਸਕਦੇ, ਪਰ ਅਜਿਹੀ ਸਥਿਤੀ ਵਿੱਚ ਪੀਰੀਅਡਜ਼ ਦੌਰਾਨ ਪੈਦਾ ਹੋਣ ਵਾਲੇ ਅੰਡਿਆਂ ਦੀ ਤੰਦਰੁਸਤ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਸਮਾਜਿਕ ਰੁਝਾਨ

ਹਾਲਾਂਕਿ ਔਰਤਾਂ ਵਿੱਚ ਜ਼ਿਆਦਾ ਉਮਰ ਵਿੱਚ ਮਾਂ ਬਣਨ ਦਾ ਰੁਝਾਨ ਵਧਿਆ ਹੈ।

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ ਸਮਾਜਿਕ ਸਥਿਤੀ 'ਤੇ ਡਾ. ਚੈਤੰਨਿਆ ਸ਼ੇਂਬੇਕਰ ਦੱਸਦੇ ਹਨ, ''ਅੱਜ ਕੱਲ੍ਹ ਕੋਈ 25 ਸਾਲ ਦੀ ਉਮਰ ਵਿੱਚ ਵਿਆਹ ਬਾਰੇ ਸੋਚਦਾ ਵੀ ਨਹੀਂ ਹੈ। ਤੀਜੇ ਦਹਾਕੇ ਵਿੱਚ ਵਿਆਹ ਕਰ ਲੈਂਦੇ ਹਨ ਅਤੇ ਫਿਰ ਸੋਚਦੇ ਹਨ ਕਿ ਜਦੋਂ ਉਹ ਚਾਹੁਣਗੇ ਤਾਂ ਉਨ੍ਹਾਂ ਨੂੰ ਬੱਚਾ ਹੋਵੇਗਾ। ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਨੂੰ ਜਨਮ ਦੇਣ ਦੇ ਲਿਹਾਜ ਨਾਲ 30 ਸਾਲ ਛੋਟੀ ਉਮਰ ਹੈ।''

ਪੂਜਾ ਖੜੇ ਪਾਠਕ ਦੇ ਪਤੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਲਈ ਹੁਣ ਉਹ ਸਿੰਗਲ ਪੇਰੇਂਟ ਹਨ।

ਉਹ 23 ਸਾਲ ਦੀ ਘੱਟ ਉਮਰ ਵਿੱਚ ਮਾਂ ਬਣੇ ਸੀ, ਲਿਹਾਜ਼ਾ ਉਨ੍ਹਾਂ ਦੀ ਬੇਟੀ ਵੀ ਦੱਸ ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੂੰ ਪਤੀ ਦੇ ਬਿਨਾਂ ਬੇਟੀ ਦੀ ਦੇਖਭਾਲ ਲਈ ਬਹੁਤ ਪਰੇਸ਼ਾਨ ਨਹੀਂ ਹੋਣਾ ਪਿਆ ਕਿਉਂਕਿ ਉਹ ਵੱਡੇ ਹੋ ਚੁੱਕੇ ਸੀ।

ਦੂਜੇ ਪਾਸੇ ਰੀਤਾ ਜੋਸ਼ੀ ਨੇ ਵੱਡੀ ਉਮਰ ਵਿੱਚ ਮਾਂ ਬਣਨ ਦਾ ਫੈਸਲਾ ਲਿਆ।

ਹਾਲਾਂਕਿ ਮਾਹਿਰਾਂ ਦੀ ਮੰਨੀਏ ਤਾਂ ਮਾਂ ਬਣਨ ਦਾ ਫੈਸਲਾ ਜੀਵਨ ਬਦਲਣ ਵਾਲਾ ਵੱਡਾ ਫੈਸਲਾ ਹੁੰਦਾ ਹੈ ਅਤੇ ਜੇ ਇਸ ਨੂੰ ਸਹੀ ਸਮੇਂ 'ਤੇ ਲਿਆ ਜਾਵੇ ਤਾਂ ਹਰ ਤਰ੍ਹਾਂ ਤੋਂ ਜੀਵਨ ਸੁਖੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)