ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

ਤਸਵੀਰ ਸਰੋਤ, Jill Lehmann Photography/Getty Images
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਹਾਈ ਕੋਰਟ ਵਿੱਚ ਇੱਕ ਮਾਤਾ-ਪਿਤਾ ਨੇ ਅਨੋਖੀ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਦਾਲਤ ਸਰ ਗੰਗਾ ਰਾਮ ਹਸਪਤਾਲ ਨੂੰ ਉਨ੍ਹਾਂ ਦੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਦੇਣ ਦਾ ਨਿਰਦੇਸ਼ ਦੇਵੇ।
ਪਰ ਗੰਗਾਰਾਮ ਹਸਪਤਾਲ ਨੇ ਹਾਈ ਕੋਰਟ ਵਿੱਚ ਦਾਇਰ ਆਪਣੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਇੱਕ ਮ੍ਰਿਤ ਅਤੇ ਅਣਵਿਆਹੇ ਵਿਅਕਤੀ ਦੇ ਸ਼ੁਕਰਾਣੂ ਕਿਸ ਨੂੰ ਦਿੱਤੇ ਜਾਣ, ਇਸ ਬਾਰੇ ਅਸਿਸਟੇਡ ਰੀਪ੍ਰੋਡਕਟਿਵ ਐਕਟ (ਏਆਰਟੀ ਐਕਟ), ਸਰੋਗੇਸੀ ਬਿੱਲ ਜਾਂ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੁਝ ਨਹੀਂ ਕਿਹਾ ਗਿਆ ਹੈ।
ਹਸਪਤਾਲ ਵੱਲੋਂ 3 ਫਰਵਰੀ ਨੂੰ ਹਲਫਨਾਮਾ ਦਾਇਰ ਕੀਤਾ ਗਿਆ ਸੀ ਅਤੇ 4 ਫਰਵਰੀ ਨੂੰ ਇਸ 'ਤੇ ਸੁਣਵਾਈ ਹੋਈ ਸੀ।
ਕੀ ਹੈ ਮਾਮਲਾ?
ਦਰਅਸਲ, ਜਿਨ੍ਹਾਂ ਦੇ ਸ਼ੁਕਰਾਣੂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਜੂਨ 2020 'ਚ ਇਸ ਹਸਪਤਾਲ ਵਿੱਚ ਦਾਖਲ ਹੋਏ ਸਨ, ਉਨ੍ਹਾਂ ਨੂੰ ਕੈਂਸਰ ਸੀ।
ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਕੀਮੋਥੈਰੇਪੀ ਤੋਂ ਪਹਿਲਾਂ ਮਰੀਜ਼ ਦੇ ਵੀਰਜ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ ਗਈ ਸੀ ਕਿਉਂਕਿ ਇਲਾਜ ਦੌਰਾਨ ਰੇਡੀਏਸ਼ਨ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।
ਇਸ ਨਾਲ ਬਾਂਝਪਨ ਹੋ ਸਕਦਾ ਹੈ। ਇਸ ਸਲਾਹ ਤੋਂ ਬਾਅਦ ਉਨ੍ਹਾਂ ਦੇ ਵੀਰਜ ਨੂੰ ਸੁਰੱਖਿਅਤ ਰੱਖ ਦਿੱਤਾ ਗਿਆ। ਬਾਅਦ ਵਿੱਚ ਮਰੀਜ਼ ਦੂਜੇ ਹਸਪਤਾਲ ਵਿੱਚ ਚਲਾ ਗਿਆ।
ਸਤੰਬਰ 2020 ਵਿੱਚ ਮਰੀਜ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:-
ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਨੇ ਸਰ ਗੰਗਾ ਰਾਮ ਹਸਪਤਾਲ ਵਿੱਚ ਰੱਖੇ ਉਸਦੇ ਵੀਰਜ ਨੂੰ ਵਾਪਸ ਦੇਣ ਦੀ ਅਪੀਲ ਕੀਤੀ, ਪਰ ਹਸਪਤਾਲ ਨੇ ਇਨਕਾਰ ਕਰ ਦਿੱਤਾ। ਮਾਮਲਾ ਅਦਾਲਤ ਤੱਕ ਪਹੁੰਚ ਗਿਆ।
ਮਾਮਲੇ 'ਚ ਵਕੀਲ ਕੁਲਦੀਪ ਸਿੰਘ ਦਾ ਕਹਿਣਾ ਹੈ, "ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮ੍ਰਿਤਕ ਦੇ ਇਹੀ ਨਿਸ਼ਾਨੀ ਹੈ ਅਤੇ ਹਸਪਤਾਲ ਪੁੱਤਰ ਦੇ ਵੀਰਜ ਵਾਪਸ ਨਾ ਦੇ ਕੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ।"
ਇਸ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਆਪਣੇ ਮ੍ਰਿਤਕ ਪੁੱਤਰ ਦਾ ਵੀਰਜ ਲੈ ਕੇ ਆਪਣੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।
ਮਾਮਲੇ 'ਤੇ ਹਾਈਕੋਰਟ ਨੇ ਦਿੱਲੀ ਸਰਕਾਰ ਅਤੇ ਸਰ ਗੰਗਾ ਰਾਮ ਹਸਪਤਾਲ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।
ਇਸ ਸਬੰਧੀ ਵਕੀਲ ਕੁਲਦੀਪ ਸਿੰਘ ਦਾ ਕਹਿਣਾ ਹੈ, ''ਦਿੱਲੀ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਦਾਲਤ ਦਾ ਫੈਸਲਾ ਮਨਜ਼ੂਰ ਹੋਵੇਗਾ। ਪਰ ਸਰ ਗੰਗਾ ਰਾਮ ਹਸਪਤਾਲ ਨੇ ਹਲਫ਼ਨਾਮਾ ਦਾਇਰ ਕਰਕੇ ਵੀਰਜ ਵਾਪਸ ਕਰਨ ਵਿੱਚ ਅਸਮਰੱਥਾ ਜਤਾਈ ਹੈ।
ਸਰ ਗੰਗਾ ਰਾਮ ਹਸਪਤਾਲ ਵੱਲੋਂ ਕਿਹਾ ਗਿਆ ਹੈ ਕਿ ਇੱਕ ਅਣਵਿਆਹੇ ਮ੍ਰਿਤਕ ਵਿਅਕਤੀ ਦੇ ਵੀਰਜ ਦਾ ਕਾਨੂੰਨੀ ਅਧਿਕਾਰੀ ਕੌਣ ਹੋਵੇ, ਇਸ ਬਾਰੇ 'ਚ ਏਆਰਟੀ ਰੈਗੂਲੇਸ਼ਨ ਐਕਟ 2021, ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ ਅਤੇ ਸਰੋਗੇਸੀ ਬਿੱਲ ਵਿੱਚ ਕੁਝ ਨਹੀਂ ਕਿਹਾ ਗਿਆ ਹੈ।
ਏਆਰਟੀ ਤਕਨੀਕ ਵਿੱਚ ਆਈਵੀਐੱਫ, ਇੰਟਰਾਸਾਈਟੋਪਲਾਜ਼ਮਿਕ ਸ਼ੁਕਰਾਣੂ ਇੰਜੈਕਸ਼ਨ ਭਾਵ ਅੰਡਾਣੂ 'ਚ ਸ਼ੁਕਰਾਣੂ ਦਾ ਟੀਕਾ ਲਗਾ ਕੇ ਗਰਭਧਾਰਣ ਕਰਨਾ, ਸ਼ੁਕਰਾਣੂ ਅਤੇ ਓਵਮ (ਅੰਡਾਣੂ) ਤੋਂ ਪ੍ਰਯੋਗਸ਼ਾਲਾ ਵਿੱਚ ਭਰੂਣ ਤਿਆਰ ਕਰਨਾ ਅਤੇ ਔਰਤ ਦੇ ਸਰੀਰ ਵਿੱਚ ਇਮਪਲਾਂਟ ਕਰਨਾ ਵਰਗੀ ਪ੍ਰਕਿਰਿਆ ਸ਼ਾਮਲ ਹੈ।

ਤਸਵੀਰ ਸਰੋਤ, Peter Dazeley/Getty Images
ਜਦਕਿ ਸਰੋਗੇਸੀ ਵਿੱਚ, ਇੱਕ ਜੋੜਾ ਜੋ ਬੇਔਲਾਦ ਹੋਵੇ ਜਾਂ ਬੱਚਾ ਪੈਦਾ ਕਰਨ ਵਿੱਚ ਅਸਮਰੱਥ ਹੋਵੇ, ਉਹ ਕਿਸੇ ਹੋਰ ਔਰਤ ਤੋਂ ਮਦਦ ਲੈ ਸਕਦੇ ਹਨ ਜਿਸ ਨੂੰ ਸਰੋਗੇਟ ਮਦਰ ਕਿਹਾ ਜਾਂਦਾ ਹੈ। ਇਹ ਸਰੋਗੇਟ ਮਾਂ ਆਈਵੀਐੱਫ ਤਕਨੀਕ ਰਾਹੀਂ ਇਸ ਜੋੜੇ ਦੇ ਬੱਚੇ ਨੂੰ ਜਨਮ ਦਿੰਦੀ ਹੈ।
ਕੀ ਹਨ ਦਿਸ਼ਾ-ਨਿਰਦੇਸ਼?
ਭਾਰਤ ਵਿੱਚ ਏਆਰਟੀ ਕਲੀਨਿਕਾਂ ਨੂੰ ਲੈ ਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੀਮਨ ਬੈਂਕ ਕਿਸੇ ਵਿਅਕਤੀ ਜਾਂ ਦਾਨੀ ਦੇ ਵੀਰਜ/ਸੀਮਨ ਨੂੰ ਸਟੋਰ ਕਰਦਾ ਹੈ। ਇਹ ਵੀਰਜ ਦਾ ਇਸਤੇਮਾਲ ਉਸ ਦੀ ਪਤਨੀ ਜਾਂ ਦਾਨੀ ਦੁਆਰਾ ਨਾਮਜ਼ਦ ਮਹਿਲਾ ਕਰ ਸਕਦੀ ਹੈ।
ਬੈਂਕ ਇਸ ਸਟੋਰੇਜ ਜਾਂ ਭੰਡਾਰਨ ਲਈ ਫ਼ੀਸ ਲਵੇਗਾ। ਜੇਕਰ ਦਾਨੀ ਜਿਉਂਦੇ ਰਹਿੰਦੇ ਸਮੇਂ ਸਟੋਰੇਜ ਲਈ ਫੀਸ ਨਹੀਂ ਦਿੰਦਾ ਹੈ, ਤਾਂ ਅਜਿਹੇ ਸਥਿਤੀ 'ਚ ਬੈਂਕ ਨੂੰ ਸੀਮਨ ਦੇ ਨਮੂਨੇ ਨੂੰ ਨਸ਼ਟ ਕਰਨ ਜਾਂ ਖੋਜ ਕਾਰਜ ਲਈ ਪ੍ਰਮਾਣਿਕ ਸੰਸਥਾਵਾਂ ਨੂੰ ਦੇਣ ਦਾ ਅਧਿਕਾਰ ਹੈ।
ਅਤੇ ਜੇਕਰ ਦਾਨੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਵੀਰਜ 'ਤੇ ਉਸਦੇ ਕਾਨੂੰਨੀ ਵਾਰਸ ਜਾਂ ਦਾਨੀ ਤਰਫੋਂ ਨਾਮਜ਼ਦ ਵਿਅਕਤੀ ਦਾ ਅਧਿਕਾਰ ਹੋ ਜਾਂਦਾ ਹੈ।
ਦਾਨੀ ਵਿਅਕਤੀ ਨੇ ਨਮੂਨਾ ਦੇਣ ਸਮੇਂ ਕਾਗਜ਼ਾਂ 'ਚ ਜਿਸਦਾ ਨਾਮ ਦਰਜ ਕਰਵਾਇਆ ਹੋਵੇ, ਉਸਨੂੰ ਹੀ ਇਹ ਮਿਲਦਾ ਹੈ। ਪਰ ਇਹ ਵਿਅਕਤੀ ਇਸ ਵੀਰਜ ਦਾ ਇਸਤੇਮਾਲ ਆਪਣੀ ਪਸੰਦ ਦੀ ਕਿਸੇ ਮਹਿਲਾ ਨੂੰ ਦੇ ਕੇ ਨਹੀਂ ਕਰ ਸਕਦਾ।
ਜੇ ਮੌਤ ਤੋਂ ਬਾਅਦ ਵੀਰਜ ਦਾ ਕੋਈ ਦਾਅਵੇਦਾਰ ਨਹੀਂ ਹੁੰਦਾ, ਤਾਂ ਬੈਂਕ ਇਸ ਨੂੰ ਨਸ਼ਟ ਕਰ ਸਕਦਾ ਹੈ ਜਾਂ ਖੋਜ ਲਈ ਕਿਸੇ ਸੰਸਥਾ ਨੂੰ ਦੇ ਸਕਦਾ ਹੈ।
ਹਾਈਕੋਰਟ ਵਿੱਚ ਆਇਆ ਇਹ ਮਾਮਲਾ ਇੱਕ ਜਜ਼ਬਾਤੀ ਮੁੱਦਾ ਹੈ, ਜਿੱਥੇ ਮਾਪੇ ਆਪਣੇ ਜਵਾਨ ਪੁੱਤ ਨੂੰ ਗੁਆ ਚੁੱਕੇ ਹਨ।
ਵਿਗਿਆਨ ਅਤੇ ਤਕਨੀਕ ਦੇ ਵਿਕਾਸ ਨਾਲ ਜਿੱਥੇ ਮੈਡੀਕਲ ਸਮੱਸਿਆਵਾਂ ਕਾਰਨ ਜੋ ਜੋੜੇ ਮਾਂ-ਬਾਪ ਨਹੀਂ ਬਣ ਸਕਦੇ ਜਾਂ ਕੋਈ ਸਿੰਗਲ ਪੇਰੈਂਟ ਬਣਨਾ ਚਾਹੁੰਦਾ ਹੈ, ਤਾਂ ਉਸ ਲਈ ਏਆਰਟੀ ਐਕਟ ਜਾਂ ਸਰੋਗੇਸੀ ਬਿੱਲ 'ਚ ਇਸ ਸਬੰਧੀ ਵਿਵਸਥਾਵਾਂ ਹਨ।
ਏਆਰਟੀ ਦੀਆਂ ਸੇਵਾਵਾਂ ਲੈਣ ਲਈ ਔਰਤਾਂ ਅਤੇ ਮਰਦਾਂ ਲਈ ਉਮਰ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ। ਮਹਿਲਾਵਾਂ ਲਈ ਵਿਆਹ ਦੀ ਕਾਨੂੰਨੀ ਉਮਰ 18 ਸਾਲ ਅਤੇ ਮਰਦਾਂ ਲਈ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਦੋਵਾਂ ਦੀ ਹੀ ਉਮਰ 55 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਦੂਜੇ ਪਾਸੇ, ਸ਼ੁਕਰਾਣੂ ਦੇਣ ਵਾਲਿਆਂ ਲਈ ਬਿੱਲ ਵਿੱਚ ਕਿਹਾ ਗਿਆ ਹੈ ਕਿ ਸਿਰਫ 21-55 ਸਾਲ ਦੀ ਉਮਰ ਦੇ ਪੁਰਸ਼ਾਂ ਤੋਂ ਵੀਰਜ ਲਿਆ ਜਾ ਸਕਦਾ ਹੈ ਅਤੇ 23-35 ਸਾਲ ਦੀ ਉਮਰ ਵਾਲੀਆਂ ਔਰਤਾਂ ਤੋਂ ਅੰਡਾਣੂ ਲਏ ਜਾ ਸਕਦੇ ਹਨ।
ਹਾਈ ਕੋਰਟ 'ਚ ਵਕੀਲ ਸੋਨਾਲੀ ਕਰਵਾਸਰਾ ਕਹਿੰਦੇ ਹਨ, ''ਇਸ ਜੋੜੇ ਲਈ ਇਹ ਅੱਗੇ ਦੀ ਜ਼ਿੰਦਗੀ ਦੀ ਉਮੀਦ ਦਾ ਮਾਮਲਾ ਹੈ। ਇਨ੍ਹਾਂ ਦੇ ਪੋਤੇ-ਪੋਤੀਆਂ ਹੁੰਦੇ, ਪਰ ਹੁਣ ਜਦੋਂ ਪੁੱਤਰ ਹੀ ਨਹੀਂ ਰਿਹਾ, ਤਾਂ ਉਹ ਆਸ ਵੀ ਖਤਮ ਹੋ ਗਈ।''
''ਅਜਿਹੇ 'ਚ ਜੇ ਇਸ ਜੋੜੇ ਨੂੰ ਮ੍ਰਿਤਕ ਪੁੱਤਰ ਦਾ ਵੀਰਜ ਮਿਲ ਜਾਂਦਾ ਹੈ ਅਤੇ ਉਹ ਸਰੋਗੇਸੀ ਜਾਂ ਏਆਰਟੀ ਦੀ ਮਦਦ ਨਾਲ ਪਰਿਵਾਰ ਅੱਗੇ ਵਧਾਉਣ ਬਾਰੇ ਸੋਚਦੇ ਵੀ ਹਨ ਤਾਂ ਬੱਚਾ ਪੈਦਾ ਹੋਣ ਤੋਂ ਬਾਅਦ ਉਸਦੇ ਵੈਲਫੇਅਰ ਅਧਿਕਾਰ ਕੌਣ ਦੇਖੇਗਾ?''
ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਸੁਪਰੀਮ ਕੋਰਟ ਦੇ ਮਹਿਲਾ ਵਕੀਲ ਰਾਧਿਕਾ ਥਾਪਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੇ ਸੀਮਨ ਵੀ ਮਿਲ ਜਾਂਦੇ ਹਨ, ਤਾਂ ਕੀ ਪਟੀਸ਼ਨਕਰਤਾ ਦੁਬਾਰਾ ਮਾਤਾ-ਪਿਤਾ ਬਣਨ ਦੀ ਸਥਿਤੀ ਵਿੱਚ ਹੋਣਗੇ?

ਤਸਵੀਰ ਸਰੋਤ, Aleksandr Zubkov/Getty Images
ਉਹ ਕਹਿੰਦੇ ਹਨ, ''ਜੇਕਰ ਅਦਾਲਤ ਸੀਮਨ ਦੇਣ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਇਹ ਬਹੁਤ ਅਗਾਂਹਵਧੂ ਕਦਮ ਹੋਵੇਗਾ। ਜੇ ਕਿਸੇ ਵੀ ਤਰੀਕੇ ਨਾਲ ਪਟੀਸ਼ਨਕਰਤਾ ਵੀਰਜ ਲੈਣ ਤੋਂ ਬਾਅਦ ਭਰੂਣ ਗੋਦ ਲੈਂਦੇ ਹਨ ਅਤੇ ਦਾਦਾ-ਦਾਦੀ ਬਣਨ ਦੀ ਬਜਾਏ ਦੁਬਾਰਾ ਆਪ ਹੀ ਮਾਤਾ-ਪਿਤਾ ਬਣਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਅੱਗੇ ਜਾ ਕੇ ਬੱਚੇ ਦੀ ਦੇਖਭਾਲ ਕੌਣ ਕਰੇਗਾ, ਕਿਉਂਕਿ ਇੱਥੇ ਪਟੀਸ਼ਨਕਰਤਾ ਦੀ ਉਮਰ ਇੱਕ ਬਹੁਤ ਵੱਡਾ ਕਾਰਕ ਹੋ ਸਕਦੀ ਹੈ।''
''ਭਾਰਤੀ ਮਾਹੌਲ ਵਿੱਚ, 20 ਸਾਲ ਤੱਕ ਦੇ ਬੱਚੇ ਦੀ ਵਿੱਤੀ ਅਤੇ ਸੁਰੱਖਿਆ ਦੀ ਜ਼ਿੰਮੇਦਾਰੀ ਮਾਤਾ-ਪਿਤਾ ਦੀ ਹੀ ਸਮਝੀ ਜਾਂਦੀ ਹੈ।''
ਅਜਿਹਾ ਹੀ ਇੱਕ ਮਾਮਲਾ ਸਾਲ 2018 ਵਿੱਚ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ, ਜਿੱਥੇ ਡਾਕਟਰਾਂ ਨੇ ਪ੍ਰਥਮੇਸ਼ ਪਾਟਿਲ ਦੇ ਵੀਰਜ ਉਨ੍ਹਾਂ ਦੀ ਮਾਂ ਰਾਜਸ਼੍ਰੀ ਪਾਟਿਲ ਨੂੰ ਸੌਂਪ ਦਿੱਤੇ ਸਨ ਅਤੇ ਉਹ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੇ ਦਾਦੀ ਬਣੇ ਸਨ।
ਇਹ ਵੀ ਪੜ੍ਹੋ:-
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














