ਕੀ ਸਾਰੇ ਮਾਪੇ ਕਿਸੇ ਇੱਕ ਬੱਚੇ ਨੂੰ 'ਜ਼ਿਆਦਾ ਪਸੰਦ' ਕਰਦੇ ਹਨ ਤੇ ਇਸ ਦਾ ਬਾਕੀ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਕੇਟੀ ਬਿਸ਼ਪ
- ਰੋਲ, ਬੀਬੀਸੀ ਫਿਊਚਰ
ਜਦੋਂ ਜੋਆਨਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਨੂੰ ਇਸ ਗੱਲ ਬਾਰੇ ਅੰਦਾਜ਼ਾ ਹੋ ਗਿਆ ਕਿ ਉਹ ਆਪਣੇ ਇੱਕ ਬੱਚੇ ਨੂੰ ਦੁਜੇ ਨਾਲੋਂ ਜ਼ਿਆਦਾ ਪਿਆਰ ਕਰਦੇ ਹਨ।
ਜੋਆਨਾ ਯੂਕੇ ਵਿੱਚ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ ਉਹ ਆਪਣੇ ਦੋਵੇਂ ਪੁੱਤਰਾਂ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਦਾ ਲਗਾਵ ਆਪਣੇ ਛੋਟੇ ਪੁੱਤਰ ਨਾਲ ਕੁਝ ਇਸ ਤਰ੍ਹਾਂ ਹੈ ਜਿਵੇਂ ਵੱਡੇ ਨਾਲ ਨਹੀਂ ਹੈ।
ਜਦੋਂ ਜੋਆਨਾ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਸੀ, ਤਾਂ ਕਿਸੇ ਸਿਹਤ ਸਮੱਸਿਆ ਕਾਰਨ ਉਹ ਆਪਣੇ ਬੱਚੇ ਨੂੰ 24 ਘੰਟਿਆਂ ਤੱਕ ਨਹੀਂ ਦੇਖ ਸਕੇ ਸਨ।
ਜੋਆਨਾ ਮੰਨਦੇ ਹਨ ਕਿ ਉਸ ਕੀਮਤੀ ਸਮੇਂ ਵਿੱਚ ਹੀ ਉਨ੍ਹਾਂ ਦਾ ਆਪਣੇ ਬੱਚੇ ਨਾਲ ਇੱਕ ਗਹਿਰਾ ਨਾਤਾ ਜੁੜਨਾ ਸੀ ਅਤੇ ਉਹ ਸਮਾਂ ਗੁਆਉਣਾ ਹੀ ਉਨ੍ਹਾਂ ਦੇ ਦੂਜੇ ਬੱਚੇ ਨਾਲ ਵਧੇਰੇ ਗਹਿਰੇ ਪਿਆਰ ਦਾ ਕਾਰਨ ਬਣਿਆ। ਕਿਉਂਕਿ ਦੂਜੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਉਹ ਉਸ ਨਾਲ ਚੰਗਾ ਸਮਾਂ ਬਿਤਾ ਪਾਏ ਸਨ।
ਜੋਆਨਾ ਕਹਿੰਦੇ ਹਨ, "ਸਾਡੇ ਰਿਸ਼ਤਿਆਂ ਨੂੰ ਸਮਝਾਉਣ ਲਈ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਆਪਣੇ ਵੱਡੇ ਬੇਟੇ ਨਾਲ ਗੱਲ ਕਰਨ ਲਈ ਉਸ ਕੋਲੋਂ ਸਮਾਂ ਲੈਣਾ ਪਵੇਗਾ।"
"ਮੈਂ ਆਪਣੇ ਛੋਟੇ ਬੇਟੇ ਨੂੰ ਸਵੇਰੇ 2:30 ਵਜੇ ਵੀ ਬੁਲਾ ਸਕਦੀ ਹਾਂ ਅਤੇ ਉਹ ਮੈਨੂੰ ਮਿਲਣ ਲਈ ਲੰਮਾ ਸਫ਼ਰ ਤੈਅ ਕਰਕੇ ਆ ਜਾਵੇਗਾ। ਉਹ ਧਰਤੀ ਦਾ ਸਭ ਤੋਂ ਚੰਗਾ ਮੁੰਡਾ ਹੈ। ਉਹ ਦੇਖਭਾਲ ਕਰਨ ਵਾਲਾ, ਖੁੱਲ੍ਹੇ ਦਿਲ ਵਾਲਾ, ਨਿਮਰ ਅਤੇ ਦੋਸਤਾਨਾ ਹੈ। ਉਹ ਅਜਿਹਾ ਵਿਅਕਤੀ ਹੈ ਜੋ ਹਰ ਕਿਸੇ ਦੀ ਮਦਦ ਕਰੇਗਾ।''
ਇਹ ਵੀ ਪੜ੍ਹੋ:
ਹਾਲਾਂਕਿ ਜੋਆਨਾ ਕਈ ਸਾਲਾਂ ਤੱਕ ਆਪਣੀਆਂ ਇਨ੍ਹਾਂ ਭਾਵਨਾਵਾਂ ਨਾਲ ਲੜਦੇ ਰਹੇ ਪਰ ਫਿਰ ਉਹ ਇਸ ਨਾਲ ਸਹਿਮਤ ਹੋ ਹੀ ਗਏ ਕਿ ਉਹ ਇੱਕ ਬੱਚੇ ਦੇ ਮੁਕਾਬਲੇ ਦੁਜੇ ਨੂੰ ਜ਼ਿਆਦਾ ਕਰੀਬ ਮੰਨਦੇ ਹਨ।
ਉਹ ਕਹਿੰਦੇ ਹਨ ਕਿ "ਮੈਂ ਇਸ ਬਾਰੇ ਪੂਰੀ ਇੱਕ ਕਿਤਾਬ ਲਿਖ ਸਕਦੀ ਹਾਂ ਕਿ ਮੈਂ ਇੱਕ ਨੂੰ ਦੂਜੇ ਨਾਲੋਂ ਵੱਧ ਪਿਆਰ ਕਿਉਂ ਕਰਦੀ ਹਾਂ। "ਇਹ ਮੁਸ਼ਕਿਲ ਰਿਹਾ, ਪਰ ਇਹ ਮੇਰੀ ਗਲਤੀ ਨਹੀਂ ਹੈ।"
ਕੀ ਸਾਰੇ ਮਾਪੇ ਅਜਿਹਾ ਕਰਦੇ ਹਨ
ਜੋਆਨਾ ਦੇ ਉਲਟ, ਜ਼ਿਆਦਾਤਰ ਮਾਪਿਆਂ ਦਾ ਕਿਸੇ ਇੱਕ ਬੱਚੇ ਪ੍ਰਤੀ ਅਜਿਹਾ ਝੁਕਾਅ ਸੂਖਮ ਹੁੰਦਾ ਹੈ ਅਤੇ ਉਸ 'ਤੇ ਕਿਸੇ ਦਾ ਧਿਆਨ ਨਹੀਂ ਜਾਂਦਾ।
ਇਹ ਗੱਲ ਸੁਣਨ ਵਿੱਚ ਅਜੀਬ ਲੱਗ ਸਕਦੀ ਹੈ ਕਿ ਮਾਪਿਆਂ ਲਈ ਕੋਈ ਇੱਕ ਬੱਚਾ ਜ਼ਿਆਦਾ ਖਾਸ ਜਾਂ ਕਰੀਬ ਹੋ ਸਕਦਾ ਹੈ, ਪਰ ਖੋਜ ਦਰਸਾਉਂਦੀ ਹੈ ਕਿ ਜ਼ਿਆਦਾਤਰ ਮਾਪੇ ਵਾਕਈ ਅਜਿਹਾ ਕਰਦੇ ਹਨ।

ਤਸਵੀਰ ਸਰੋਤ, Getty Images
ਅਜਿਹੇ ਬਹੁਤ ਸਾਰੇ ਸਬੂਤ ਹਨ ਜੋ ਇਹ ਸੰਕੇਤ ਦਿੰਦੇ ਹਨ ਕਿ ਕਿਸ ਤਰ੍ਹਾਂ ਮਾਪਿਆਂ ਦਾ ਘੱਟ ਝੁਕਾਅ ਜਾਂ ਹਿਮਾਇਤ ਪਾਉਣ ਵਾਲੇ ਬੱਚੇ ਦੀ ਬੁਨਿਆਦੀ ਸ਼ਖਸੀਅਤ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਆਪਣੇ ਭੈਣ-ਭਰਾ ਪ੍ਰਤੀ ਵੈਰ ਭਾਵ ਪੈਦਾ ਕਰ ਸਕਦਾ ਹੈ।
ਹਾਲਾਂਕਿ, ਖੋਜ ਇਹ ਵੀ ਦਰਸਾਉਂਦੀ ਹੈ ਕਿ ਜ਼ਿਆਦਾਤਰ ਬੱਚੇ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੇ ਮਾਪਿਆਂ ਦਾ ਪਸੰਦੀਦਾ ਬੱਚਾ ਅਸਲ ਵਿੱਚ ਕੌਣ ਹੈ। ਫਿਰ, ਅਸਲ ਮੁੱਦਾ ਇਹ ਹੋ ਜਾਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਕਥਿਤ ਪੱਖਪਾਤ ਨਾਲ ਕਿਵੇਂ ਨਜਿੱਠਦੇ ਹਨ।
ਮਾਤਾ ਅਤੇ ਪਿਤਾ ਦਾ ਪਸੰਦੀਦਾ ਬੱਚਾ
ਯੂਨੀਵਰਸਿਟੀ ਆਫ਼ ਮੈਸੇਚਿਉਸੇਟਸ ਮੈਡੀਕਲ ਸਕੂਲ ਵਿੱਚ ਮਨੋਵਿਗਿਆਨ ਅਤੇ ਬਾਲ ਰੋਗਾਂ ਦੇ ਐਸੋਸੀਏਟ ਪ੍ਰੋਫੈਸਰ ਜੈਸਿਕਾ ਗ੍ਰਿਫਿਨ ਕਹਿੰਦੇ ਹਨ, "ਹਰੇਕ ਮਾਤਾ-ਪਿਤਾ ਦਾ ਕੋਈ ਇੱਕ ਪਸੰਦੀਦਾ ਬੱਚਾ ਨਹੀਂ ਹੁੰਦਾ, ਪਰ ਬਹੁਤ ਸਾਰੇ ਅਜਿਹਾ ਕਰਦੇ ਹਨ।"
ਉਹ ਅੱਗੇ ਕਹਿੰਦੇ ਹਨ, "ਅੰਕੜੇ ਸੁਝਾਅ ਦਿੰਦੇ ਹਨ ਕਿ ਬਹੁਤ ਜ਼ਿਆਦਾ ਅਭਿਲਾਸ਼ੀ ਅਤੇ ਕਰੀਅਰ ਬਾਰੇ ਧਿਆਨ ਦੇਣ ਵਾਲੇ ਬੱਚਿਆਂ ਦੀ ਬਜਾਏ, ਮਾਵਾਂ ਖਾਸ ਤੌਰ 'ਤੇ ਉਨ੍ਹਾਂ ਬੱਚਿਆਂ ਪ੍ਰਤੀ ਜ਼ਿਆਦਾ ਝੁਕਾਅ ਰੱਖਦੀਆਂ ਹਨ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਵਾਂਗ ਹੀ ਹੁੰਦੀਆਂ ਹਨ ਅਤੇ ਜੋ ਪਰਿਵਾਰ ਨਾਲ ਵਧੇਰੇ ਮਿਲ-ਜੁਲ ਕੇ ਰਹਿੰਦੇ ਹਨ।''
ਕਾਰਨ ਜੋ ਵੀ ਹੋਵੇ, ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਮਾਪਿਆਂ ਦਾ ਲਗਭਗ ਨਿਸ਼ਚਿਤ ਤੌਰ 'ਤੇ ਕੋਈ ਮਨਪਸੰਦ ਬੱਚਾ ਹੁੰਦਾ ਹੈ, ਭਾਵੇਂ ਉਹ ਇਸ ਗੱਲ ਨੂੰ ਸਵੀਕਾਰ ਕਰਨ ਜਾਂ ਨਾ ਕਰਨ।
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਯੂਕੇ ਵਿੱਚ 74% ਮਾਵਾਂ ਅਤੇ 70% ਪਿਤਾ ਆਪਣੇ ਸਾਰੇ ਬੱਚਿਆਂ ਵਿੱਚੋਂ ਕਿਸੇ ਇੱਕ ਜਾਂ ਇੱਕ ਤੋਂ ਵੱਧ ਨੂੰ ਵਧੇਰੇ ਪਸੰਦ ਕਰਦੇ ਹਨ।
ਇੱਕ ਹੋਰ ਖੋਜ ਵਿੱਚ, ਜਦੋਂ ਮਾਪਿਆਂ ਦਾ ਸਰਵੇਖਣ ਕੀਤਾ ਗਿਆ ਤਾਂ ਸਿਰਫ 10% ਨੇ ਹੀ ਇੱਕ ਪਸੰਦੀਦਾ ਬੱਚਾ ਹੋਣ ਦੀ ਗੱਲ ਸਵੀਕਾਰ ਕੀਤੀ। ਇਹ ਨਤੀਜੇ ਦਰਸਾਉਂਦੇ ਹਨ ਕਿ ਜ਼ਿਆਦਾਤਰ ਮਾਪਿਆਂ ਲਈ, ਪੱਖਪਾਤ ਦੀਆਂ ਭਾਵਨਾਵਾਂ ਇੱਕ ਪਰਿਵਾਰਕ ਰਾਜ਼ ਵਰਗੀਆਂ ਹੁੰਦੀਆਂ ਹਨ।

ਤਸਵੀਰ ਸਰੋਤ, Getty Images
ਖੋਜ ਇਹ ਵੀ ਦੱਸਦੀ ਹੈ ਕਿ ਜਦੋਂ ਮਾਪੇ ਆਪਣਾ ਪਸੰਦੀਦਾ ਬੱਚਾ ਹੋਣ ਦੀ ਗੱਲ ਸਵੀਕਾਰ ਕਰਦੇ ਹਨ, ਤਾਂ ਜਨਮ ਦਾ ਕ੍ਰਮ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ।
ਉਸੇ YouGov ਸਰਵੇਖਣ ਦੇ ਅਨੁਸਾਰ, ਜਿਨ੍ਹਾਂ ਮਾਪਿਆਂ ਨੇ ਇੱਕ ਪਸੰਦੀਦਾ ਬੱਚਾ ਹੋਣ ਦੀ ਗੱਲ ਸਵੀਕਾਰ ਕੀਤੀ, ਉਨ੍ਹਾਂ ਵਿੱਚੋਂ 62% ਨੇ ਛੋਟੇ ਬੱਚੇ ਲਈ ਬਹੁਤ ਜ਼ਿਆਦਾ ਤਰਜੀਹ ਦਿਖਾਈ।
ਤਿੰਨ ਜਾਂ ਵੱਧ ਬੱਚਿਆਂ ਵਾਲੇ 43% ਮਾਪੇ ਅਖੀਰਲੇ ਬੱਚੇ ਨੂੰ ਤਰਜੀਹ ਦਿੱਤੀ, ਤੀਜੇ ਨੰਬਰ 'ਤੇ ਉਹ ਮਾਪੇ ਹਨ ਜਿਨ੍ਹਾਂ ਨੇ ਵਿਚਕਾਰਲੇ ਬੱਚੇ ਨੂੰ ਚੁਣਿਆ ਅਤੇ ਸਿਰਫ 19% ਮਾਪਿਆਂ ਨੇ ਹੀ ਸਭ ਤੋਂ ਵੱਡੇ ਬੱਚੇ ਨੂੰ ਤਰਜੀਹ ਦਿੱਤੀ।
ਵਿਜਯਤੀ ਸਿੰਹ, ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਕਲੀਨਿਕਲ ਮਨੋਵਿਗਿਆਨੀ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਬੱਚੇ ਪ੍ਰਤੀ ਖਾਸ ਲਗਾਓ ਅਕਸਰ ਜਨਮ ਦੇ ਕ੍ਰਮ ਨਾਲ ਜੁੜੇ ਸਮਾਜਿਕ ਅਤੇ ਭਾਵਨਾਤਮਕ ਪੱਖਾਂ ਨਾਲ ਸਬੰਧਤ ਹੁੰਦਾ ਹੈ: ਜਿਵੇਂ-ਜਿਵੇਂ ਮਾਪੇ ਪਾਲਣ-ਪੋਸ਼ਣ ਦਾ ਵਧੇਰੇ ਅਭਿਆਸ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਬਿਹਤਰ ਅੰਦਾਜ਼ਾ ਹੁੰਦਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਬਚਪਨ ਨੂੰ ਕਿਵੇਂ ਆਕਾਰ ਦੇਣਾ ਚਾਹੁੰਦੇ ਹਨ ਅਤੇ ਕਿਹੜੀਆਂ ਵਿਸ਼ੇਸ਼ਤਾਵਾਂ ਉਨ੍ਹਾਂ ਵਿੱਚ ਪਾਉਣਾ ਸਭ ਤੋਂ ਜ਼ਰੂਰੀ ਹੈ।
ਉਹ ਕਹਿੰਦੇ ਹਨ ਕਿ "ਮਾਪੇ ਅਜਿਹੇ ਬੱਚੇ ਦਾ ਜ਼ਿਆਦਾ ਪੱਖ ਲੈਂਦੇ ਹਨ ਜੋ ਉਨ੍ਹਾਂ ਵਰਗਾ ਹੀ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਬਾਰੇ ਯਾਦ ਦਿਵਾਉਂਦਾ ਹੈ ਜਾਂ ਅਜਿਹਾ ਹੁੰਦਾ ਹੈ ਜਿਸ ਨੂੰ ਮਾਪੇ ਆਪਣੇ ਪਾਲਣ-ਪੋਸ਼ਣ ਦੀ ਸਫਲਤਾ ਵਜੋਂ ਦੇਖਦੇ ਹਨ।''
ਉਨ੍ਹਾਂ ਮੁਤਾਬਕ, ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਪਿਆਂ ਕੋਲ ਤਜ਼ਰਬੇ ਦੇ ਨਾਲ-ਨਾਲ, ਪਾਲਣ ਪੋਸ਼ਣ ਲਈ ਵਧੇਰੇ ਆਤਮ ਵਿਸ਼ਵਾਸ ਵੀ ਹੁੰਦਾ ਹੈ।
"ਬੁਰਾ" ਪਾਲਣ-ਪੋਸ਼ਣ?
ਹਾਲਾਂਕਿ ਜ਼ਿਆਦਾਤਰ ਮਾਪਿਆਂ ਦਾ ਅਕਸਰ ਇੱਕ ਪਸੰਦੀਦਾ ਬੱਚਾ ਹੁੰਦਾ ਹੈ, ਪਰ ਬਹੁਤ ਸਾਰੇ ਮਾਪੇ ਇਸ ਬਾਰੇ ਅਪਰਾਧ ਬੋਧ ਨਾਲ ਭਰੇ ਹੋਏ ਹੁੰਦੇ ਹਨ ਅਤੇ ਇਹ ਜਾਣਦੇ ਹਨ ਕਿ ਕਿਸੇ ਇੱਕ ਬੱਚੇ ਪ੍ਰਤੀ ਇਸ ਤਰ੍ਹਾਂ ਦੀ ਤਰਜੀਹ ਦਿਖਾਉਣ ਨਾਲ ਉਨ੍ਹਾਂ ਦੇ ਬਾਕੀ ਬੱਚਿਆਂ ਦੇ ਸਵੈ-ਮਾਣ 'ਤੇ ਗਹਿਰਾ ਪ੍ਰਭਾਵ ਪਵੇਗਾ।
ਅਤੇ ਇਹ ਚਿੰਤਾ ਪੂਰੀ ਤਰ੍ਹਾਂ ਬੇਬੁਨਿਆਦ ਨਹੀਂ ਹੈ।
ਸਿੰਹ ਕਹਿੰਦੇ ਹਨ, "ਬੱਚੇ ਜਿਹੜੇ ਅਜਿਹੇ ਪਰਿਵਾਰਾਂ ਵਿੱਚ ਵੱਡੇ ਹੁੰਦੇ ਹਨ ਜਿੱਥੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਉਹ ਮਹਿਸੂਸ ਕਰ ਸਕਦੇ ਹਨ ਕਿ ਉਹ ਕਿਸੇ ਤਰ੍ਹਾਂ ਨਾਲ ਅਯੋਗ ਹਨ।"
ਉਹ ਅੱਗੇ ਕਹਿੰਦੇ ਹਨ, "ਉਹ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਪਿਆਰ ਨਹੀਂ ਕੀਤਾ ਜਾਂਦਾ ਹੈ, ਜਾਂ ਉਨ੍ਹਾਂ ਕੋਲ ਵਿਸ਼ੇਸ਼ ਗੁਣ ਅਤੇ ਵਿਸ਼ੇਸ਼ਤਾਵਾਂ ਨਹੀਂ ਹਨ ਤਾਂ ਜੋ ਦੂਜੇ ਉਨ੍ਹਾਂ ਨੂੰ ਪਿਆਰ ਕਰਨ।''
''ਪਰਿਵਾਰ ਵਿੱਚ ਇਸ ਤਰ੍ਹਾਂ ਨਾਲ ਮਹਿਸੂਸ ਕਰਨਾ ਡਰ ਅਤੇ ਅਸੁਰੱਖਿਆ ਪੈਦਾ ਕਰ ਸਕਦਾ ਹੈ, ਇਸ ਤਰ੍ਹਾਂ ਬੱਚੇ ਸਵੈ-ਸੁਰੱਖਿਆ ਵਾਲੀ ਭਾਵਨਾ ਪੈਦਾ ਕਰ ਸਕਦੇ ਹਨ ਅਤੇ ਦੂਜੇ ਲੋਕਾਂ ਪ੍ਰਤੀ ਜ਼ਿਆਦਾ ਦੋਸਤਾਨਾ ਅਤੇ ਚੰਗੇ ਬਣਨ ਦੀ ਕੋਸ਼ਿਸ਼ ਕਰ ਸਕਦੇ ਹਨ।''
ਪਰ ਜ਼ਿਆਦਾਤਰ ਮਾਪਿਆਂ ਲਈ, ਉਨ੍ਹਾਂ ਦੀਆਂ ਚਿੰਤਾਵਾਂ ਗਲਤ ਦਿਸ਼ਾ 'ਚ ਹੁੰਦੀਆਂ ਹਨ।
ਸਬੂਤ ਸੰਕੇਤ ਦਿੰਦੇ ਹਨ ਕਿ ਜਦੋਂ ਤੱਕ ਕਿ ਪੱਖਪਾਤ ਬਹੁਤ ਜ਼ਿਆਦਾ ਨਹੀਂ ਹੁੰਦਾ, ਜ਼ਿਆਦਾਤਰ ਬੱਚੇ ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ।
ਸਿੰਹ ਕਹਿੰਦੇ ਹਨ, "ਕਈ ਵਾਰ ਮਾਪੇ ਆਪਣਾ ਪਿਆਰ ਅਤੇ ਸਨੇਹ ਦਿਖਾਉਣ ਵਿੱਚ ਵਧੇਰੇ ਸਪਸ਼ਟ ਜਾਂ ਕੋਰੇ ਹੁੰਦੇ ਹਨ।
"ਪਰ ਜਦੋਂ ਮਾਪੇ ਸੁਚੇਤ ਹੁੰਦੇ ਹਨ, ਧਿਆਨ ਰੱਖਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹਨ ਕਿ ਇਹ ਨੇੜਤਾ ਜਾਂ ਹਮਦਰਦੀ ਦੀਆਂ ਭਾਵਨਾਵਾਂ ਕੋਰੀਆਂ ਅਤੇ ਸਪਸ਼ਟ ਨਹੀਂ ਹਨ, ਤਾਂ ਬੱਚੇ ਵੀ ਇਹ ਮਹਿਸੂਸ ਨਹੀਂ ਕਰਦੇ ਕਿ ਉਹ ਆਪਣੇ ਮਾਪਿਆਂ ਦੇ ਪਿਆਰ ਅਤੇ ਸਮਰਥਨ ਦੇ ਯੋਗ ਨਹੀਂ ਹਨ।"
ਬਲਕਿ, ਜ਼ਿਆਦਾਤਰ ਮਾਮਲਿਆਂ ਵਿੱਚ ਬੱਚਿਆਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਮਾਪੇ, ਉਨ੍ਹਾਂ ਦੇ ਭਰਾ ਜਾਂ ਭੈਣ ਨੂੰ ਵਧੇਰੇ ਤਰਜੀਹ ਦਿੰਦੇ ਹਨ।
ਇੱਕ ਅਧਿਐਨ ਵਿੱਚ, ਅਜਿਹੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਦਾ ਇੱਕ ਪਸੰਦੀਦਾ ਬੱਚਾ ਹੈ। ਅਧਿਐਨ ਵਿੱਚ, ਪੰਜ ਵਿੱਚੋਂ ਚਾਰ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਜਾਂ ਭਰਾ ਉਹ ਪਸੰਦੀਦਾ ਬੱਚਾ ਸੀ। ਇਹ ਅੰਕੜਾ ਅਸੰਭਵ ਜਿਹਾ ਸੀ।
ਹੋਰ ਅਧਿਐਨਾਂ ਵਿੱਚ ਪਾਇਆ ਗਿਆ ਕਿ 60% ਤੋਂ ਵੱਧ ਮਾਮਲਿਆਂ ਵਿੱਚ ਬੱਚਿਆਂ ਨੇ ਇਸਦੀ ਗਲਤ ਚੋਣ ਕੀਤੀ ਕਿ ਉਨ੍ਹਾਂ ਦੇ ਮਾਪਿਆਂ ਦਾ ਪਸੰਦੀਦਾ ਬੱਚਾ ਕੌਣ ਹੈ।
ਬੇਸ਼ੱਕ, ਜਿਨਾਂ ਤੁਸੀਂ ਸੋਚਦੇ ਹੋ ਮਾਪੇ ਉਸ ਨਾਲੋਂ ਕਿਤੇ ਬਿਹਤਰ ਢੰਗ ਨਾਲ ਆਪਣੀਆਂ ਤਰਜੀਹਾਂ ਨੂੰ ਲੁਕਾ ਰਹੇ ਹਨ।
ਜਾਂ ਫਿਰ ਜਿਵੇਂ ਕਿ ਪ੍ਰੋਫੈਸਰ ਜੈਸਿਕਾ ਗ੍ਰਿਫਿਨ ਕਹਿੰਦੇ ਹਨ- ਅਸੀਂ ਇਹ ਅੰਦਾਜ਼ਾ ਲਗਾਉਣ ਵਿੱਚ ਬਹੁਤ ਮਾੜੇ ਹਾਂ ਕਿ ਅਸਲ ਵਿੱਚ ਮਨਪਸੰਦ ਕੌਣ ਹੈ।
ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ
ਉਹ ਕਹਿੰਦੇ ਹਨ, "ਹਾਲਾਂਕਿ ਤੁਸੀਂ ਸੋਚ ਸਕਦੇ ਹੋ ਕਿ ਬੱਚੇ ਸੁਭਾਵਕ ਤੌਰ 'ਤੇ ਜਾਣਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦਾ ਕੋਈ ਪਸੰਦੀਦਾ ਬੱਚਾ ਹੈ ਜਾਂ ਕਿਹੜਾ ਹੈ, ਪਰ ਡੇਟਾ ਹੈਰਾਨੀਜਨਕ ਹੈ।"
"ਬੱਚੇ ਇਹ ਮੰਨ ਸਕਦੇ ਹਨ ਕਿ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਜੰਮਿਆ ਜਾਂ 'ਛੋਟਾ' ਬੱਚਾ ਪਸੰਦੀਦਾ ਹੈ, ਜਾਂ ਫਿਰ ਉਹ ਜੋ ਪਰਿਵਾਰ ਵਿੱਚ ਵੱਖਰਾ ਹੈ ਅਤੇ ਜਿਸਦੇ ਪਾਲਣ-ਪੋਸ਼ਣ ਦਾ ਤਣਾਅ (ਮਾਪਿਆਂ 'ਤੇ) ਘੱਟ ਹੁੰਦਾ ਹੈ।''
''ਜਦਕਿ ਅਸਲ ਵਿੱਚ, ਅਜਿਹੀ ਪਸੰਦ ਜਾਂ ਪੱਖਪਾਤ ਲਈ ਮਾਤਾ ਜਾਂ ਪਿਤਾ ਕੋਲ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ। ਜਿਵੇਂ ਕਿ ਉਸ ਦਾ ਪੱਖ ਵਧੇਰੇ ਪੂਰਣਾ ਜੋ ਸਭ ਤੋਂ ਵੱਧ ਲੜਦਾ ਹੈ ਜਾਂ ਜੋ ਉਨ੍ਹਾਂ ਵਰਗਾ ਹੀ ਹੈ।''
ਗ੍ਰਿਫਿਨ ਦਲੀਲ ਦਿੰਦੇ ਹਨ ਕਿ ਇਹ ਬਿਲਕੁਲ ਠੀਕ ਹੈ ਅਤੇ ਮਾਪਿਆਂ ਤੋਂ ਇੱਕ ਬੱਚੇ ਦੇ ਮਨਪਸੰਦ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਹਨ ਕਿ ਜੇ ਉਹ ਇੱਕ ਬੱਚੇ ਦੀ ਬਜਾਏ ਦੂਜੇ ਦੇ ਵਧੇਰੇ ਨੇੜੇ ਹੋਣਾ ਮਹਿਸੂਸ ਕਰਦੇ ਹਨ ਤਾਂ ਇਸ ਬਾਰੇ ਉਨ੍ਹਾਂ ਨੂੰ ਅਪਰਾਧ ਬੋਧ ਨਹੀਂ ਰੱਖਣਾ ਚਾਹੀਦਾ।
ਗ੍ਰਿਫਿਨ ਦੇ ਮੁਤਾਬਕ, ਹਾਲਾਂਕਿ ਜਿਹੜੇ ਬੱਚੇ ਇਹ ਮੰਨਦੇ ਹਨ ਕਿ ਉਹ ਸਭ ਤੋਂ ਘੱਟ ਪਸੰਦੀਦਾ ਹਨ, ਉਨ੍ਹਾਂ ਵਿੱਚ ਘੱਟ ਸਵੈ-ਮਾਣ ਅਤੇ ਉਦਾਸੀ ਦੀਆਂ ਭਾਵਨਾਵਾਂ ਹੁੰਦੀਆਂ ਹਨ ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਮਾਤਾ-ਪਿਤਾ ਕਿਹੜੇ ਭੈਣ-ਭਰਾ ਨੂੰ ਜ਼ਿਆਦਾ ਪਸੰਦ ਕਰਦੇ ਹਨ।
ਹੋ ਸਕਦਾ ਹੈ ਕਿ ਅਸਲ ਵਿੱਚ ਮਨਪਸੰਦ ਬੱਚਾ ਕੌਣ ਹੈ, ਇਹ ਗੱਲ ਸਭ ਤੋਂ ਮਹੱਤਵਪੂਰਨ ਹੈ ਹੀ ਨਹੀਂ।

ਤਸਵੀਰ ਸਰੋਤ, FatCamera/Getty Images
ਪਿਆਰ ਘੱਟ ਨਹੀਂ ਹੁੰਦਾ
ਗ੍ਰਿਫਿਨ ਨੇ ਪਾਇਆ ਹੈ ਕਿ ਪਸੰਦੀਦਾ ਪੁੱਤਰ ਦੀ ਦੁਬਿਧਾ ਉਨ੍ਹਾਂ ਦੇ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਦੋਵਾਂ ਵਿੱਚ ਪ੍ਰਗਟ ਹੋਈ ਹੈ, ਉਨ੍ਹਾਂ ਦੇ ਤਿੰਨ ਬੱਚੇ ਲਗਾਤਾਰ ਇਸ ਬਾਰੇ ਮਜ਼ਾਕ ਕਰਦੇ ਹਨ ਕਿ ਇਹ ਕਿਹੜਾ ਸਭ ਤੋਂ ਵੱਧ ਪਸੰਦੀਦਾ ਹੋਵੇਗਾ।
ਹਾਲਾਂਕਿ ਉਹ ਸੁਝਾਅ ਦਿੰਦੇ ਹਨ ਕਿ ਜਿਹੜੇ ਮਾਪੇ ਜਾਂ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਅਜਿਹਾ ਪੱਖਪਾਤ ਉਨ੍ਹਾਂ ਦੇ ਰਿਸ਼ਤਿਆਂ ਜਾਂ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉਹ ਕਿਸੇ ਬਾਲ ਰੋਗ-ਵਿਗਿਆਨੀ ਜਾਂ ਮਾਨਸਿਕ ਸਿਹਤ ਮਾਹਿਰ ਨਾਲ ਗੱਲ ਕਰ ਸਕਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿੱਚ ਅਸੰਤੁਲਨ ਨੂੰ, ਜ਼ਿਆਦਾਤਰ ਦੇਖਭਾਲ ਅਤੇ ਧਿਆਨ ਦੇਣ ਵਰਗੇ ਸਾਧਾਰਣ ਤਰੀਕਿਆਂ ਨਾਲ ਹੱਲ ਕੀਤਾ ਜਾ ਸਕਦਾ ਹੈ।
ਗ੍ਰਿਫਿਨ ਦਾ ਕਹਿਣਾ ਹੈ ਕਿ ਭਾਵੇਂ ਮਾਪੇ ਆਸਾਨੀ ਨਾਲ ਇਸ ਪੱਖਪਾਤ ਨੂੰ ਸਵੀਕਾਰ ਨਹੀਂ ਕਰ ਸਕਦੇ, ਪਰ ਜੇਕਰ ਉਹ ਇੱਕ ਬੱਚੇ ਨਾਲੋਂ ਦੂਜੇ ਬੱਚੇ ਦੇ ਵਧੇਰੇ ਨੇੜੇ ਮਹਿਸੂਸ ਕਰਦੇ ਹਨ ਤਾਂ ਨਿਸ਼ਚਿਤ ਤੌਰ 'ਤੇ ਅਜਿਹਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ।
ਜ਼ਿਆਦਾਤਰ ਮਾਵਾਂ ਅਤੇ ਪਿਤਾ ਦੇ ਮਨਪਸੰਦ ਬੱਚੇ ਹੁੰਦੇ ਹਨ ਅਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਉਹ ਕਹਿੰਦੇ ਹਨ, "ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਅਸੀਂ ਵੱਖੋ-ਵੱਖਰੇ ਕਾਰਨਾਂ ਕਰਕੇ ਇੱਕ ਨਾਲੋਂ ਵੱਧ ਦੂਜੇ ਦੇ ਨੇੜੇ ਹੋਣਾ ਪਸੰਦ ਕਰਦੇ ਹਾਂ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਯਾਦ ਰੱਖੋ ਕਿ ਕਿਸੇ ਇੱਕ ਬੱਚੇ ਦੇ ਪਸੰਦੀਦਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਦੂਜੇ ਬੱਚਿਆਂ ਨੂੰ ਘੱਟ ਪਿਆਰ ਕਰਦੇ ਹੋ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














