ਨਵਜੰਮੇ ਬੱਚਿਆਂ ਦੀ ਤੇਲ ਨਾਲ ਮਾਲਸ਼ ਤਾਂ ਤੁਸੀਂ ਸਾਰੇ ਕਰਦੇ ਹੋ ਪਰ ਕੀ ਇਸ ਦਾ ਕੋਈ ਫਾਇਦਾ ਵੀ ਹੈ

ਤਸਵੀਰ ਸਰੋਤ, Getty Images
ਭਾਰਤ ਅਤੇ ਦੱਖਣੀ ਏਸ਼ੀਆ ਦੇ ਵੱਡੇ ਹਿੱਸੇ ਵਿੱਚ ਨਿੱਕੇ ਬੱਚਿਆਂ ਦੀ ਤੇਲ ਮਾਲਸ਼ ਕਈ ਸਦੀਆਂ ਤੋਂ ਕੀਤੀ ਜਾ ਰਹੀ ਹੈ। ਹੁਣ ਸਾਇੰਸਦਾਨ ਬੱਚਿਆਂ ਦੀ ਸਿਹਤ ਨੂੰ ਮਾਲਸ਼ ਤੋਂ ਮਿਲਣ ਵਾਲੇ ਫਾਇਦਿਆਂ ਉੱਪਰ ਖੋਜ ਕਰ ਰਹੇ ਹਨ।
ਅਕਤੂਬਰ ਦੀ ਇੱਕ ਠੰਢੀ ਸ਼ਾਮ ਨੂੰ ਜਦੋਂ ਬੈਂਗਲੂਰੂ ਦੀ ਰਹਿਣ ਵਾਲੀ ਰੇਨੂ ਸਕਸੈਨਾ ਆਪਣੀ ਨਵਜੰਮੀ ਬੇਟੀ ਨੂੰ ਹਸਪਤਾਲ ਤੋਂ ਘਰ ਲੈ ਕੇ ਆਏ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਬੱਚੀ ਕਿੰਨੀ ਸੋਹਲ ਸੀ ਅਤੇ ਉਸ ਦੀਆਂ ਰਗਾਂ ਨਜ਼ਰ ਆ ਰਹੀਆਂ ਸਨ।
ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਸਿਰਫ਼ 36 ਮਹੀਨਿਆਂ ਦੇ ਗਰਭ ਤੋਂ ਬਾਅਦ ਹੋਇਆ ਸੀ ਅਤੇ ਉਸ ਦਾ ਵਜ਼ਨ ਮਹਿਜ਼ 2.4 ਕਿੱਲੋ ਸੀ।
ਰੇਨੂੰ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਉਨ੍ਹਾਂ ਨੂੰ ਸਲਾਹ ਦਿੱਤਾ ਕਿ ਜਿੰਨੀ ਜਲਦੀ ਹੋ ਸਕੇ ਬੱਚੀ ਦੀ ਮਾਲਸ਼ ਜੋ ਕਿ ਕਮਜ਼ੋਰ ਬੱਚਿਆਂ ਲਈ ਪੀੜ੍ਹੀਆਂ ਤੋਂ ਅਜ਼ਮਾਇਆ ਹੋਇਆ ਨੁਸਖਾ ਸੀ ਸ਼ੁਰੂ ਕੀਤੀ ਜਾਵੇ।
ਡਾਕਟਰ ਪਰਿਵਾਰ ਵਾਲਿਆਂ ਦੀ ਇਸ ਰਾਇ ਨਾਲ ਇਤਫ਼ਾਕ ਨਹੀਂ ਰੱਖਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਨੁਸਖਾ ਵਰਤਣ ਤੋਂ ਪਹਿਲਾਂ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਬੱਚੀ ਦਾ ਕੁਝ ਭਾਰ ਵਧਣ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ।
ਰੇਨੂੰ ਨੇ ਡਾਕਟਰਾਂ ਦੀ ਸਲਾਹ ਲਈ ਅਤੇ ਬੱਚੀ ਦੀ ਮਾਲਸ਼ ਵਿੱਚ ਦੋ ਹਫ਼ਤਿਆਂ ਦੀ ਦੇਰੀ ਕਰਨ ਵਿੱਚ ਭਲਾਈ ਸਮਝੀ। ਇਸ ਅਰਸੇ ਦੌਰਾਨ ਬੱਚੀ ਦੇ ਭਾਰ ਵਿੱਚ ਇੱਕ ਹਫ਼ਤੇ ਦੌਰਾਨ ਮਾਮੂਲੀ 100 ਗਰਾਮ ਦਾ ਵਾਧਾ ਹੋਇਆ।
ਇਸ ਤੋਂ ਬਾਅਦ ਰੇਨੂੰ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇੱਕ ਦਾਈ ਨੂੰ ਰੱਖਿਆ। ਰੇਨੂੰ ਨੇ ਉਨ੍ਹਾਂ ਤੋਂ ਮਾਲਸ਼ ਕਰਨਾ ਸਿੱਖਿਆ।
ਉਸ ਤੋਂ ਬਾਅਦ ਬੱਚੀ ਦੀ ਸਿਹਤ ਵਿੱਚ ਕ੍ਰਿਸ਼ਮਾਈ ਸੁਧਾਰ ਹੋਇਆ। ਬੱਚੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੂੜ੍ਹੀ ਨੀਂਦ ਸੌਣ ਲੱਗੀ ਸਗੋਂ ਭਾਰ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਣ ਦੇਖਿਆ ਗਿਆ।

ਤਸਵੀਰ ਸਰੋਤ, Getty Images
ਬੱਚਿਆਂ ਦੀ ਮਾਲਸ਼ ਦੇ ਲਾਭ
ਰੇਨੂੰ ਦਾ ਮਾਮਲਾ ਕੋਈ ਅਪਵਾਦ ਨਹੀਂ ਹੈ ਸਗੋਂ ਦੱਖਣੀ ਏਸ਼ੀਆ ਵਿੱਚ ਬੱਚਿਆਂ ਦੀ ਮਾਲਸ਼ ਦੇ ਪੱਖ ਵਿੱਚ ਸਬੂਤਾਂ ਦਾ ਅੰਬਾਰ ਵਧਦਾ ਜਾ ਰਿਹਾ ਹੈ।
ਦੇਖਿਆ ਗਿਆ ਹੈ ਕਿ ਇਸ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵੀ ਖ਼ਾਸ ਤੌਰ 'ਤੇ ਲਾਹੇਵੰਦ ਹੈ।
ਅਧਿਐਨ ਦੱਸਦੇ ਹਨ ਕਿ ਆਮ ਤੌਰ ’ਤੇ ਤੇਲ ਨਾਲ ਕੀਤੀ ਜਾਣ ਵਾਲੀ ਇਸ ਮਾਲਸ਼ ਨਾਲ ਬੱਚਿਆਂ ਦਾ ਭਾਰ ਵਧਣ ਵਿੱਚ ਮਦਦ ਮਿਲਦੀ ਹੈ, ਬੈਕਟੀਰਅਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ ਅਤੇ ਮੌਤ ਦਰ ਵਿੱਚ 50 ਫ਼ੀਸਦੀ ਦੀ ਕਮੀ ਆਉਂਦੀ ਹੈ।
ਹਾਲਾਂਕਿ ਮਾਪਿਆਂ ਨੂੰ ਅਜਿਹੀ ਕੋਈ ਵੀ ਪ੍ਰਕਿਰਿਆ ਅਪਨਾਉਣ ਤੋਂ ਪਹਿਲਾ ਆਪਣੇ ਸਿਹਤ ਸਲਾਹਕਾਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ।
ਰੇਨੂੰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੇਕੇ ਉੱਤਰ ਪ੍ਰਦੇਸ਼ ਵਿੱਚ ਹਨ, ਜਿੱਥੇ ਕਿ ਬੱਚਿਆਂ ਦੀ ਮਾਲਸ਼ ਦੀ ਰਵਾਇਤ ਕਈ ਸਦੀਆਂ ਤੋਂ ਕੀਤੀ ਜਾ ਰਹੀ ਹੈ।
ਮਾਂ ਦੀ ਸਲਾਹ
"ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੇਰੀ ਮਾਂ ਹਮੇਸ਼ਾ ਦੱਸਦੀ ਸੀ ਕਿ ਮੇਰੇ ਜਨਮ ਤੋਂ ਤੁਰੰਤ ਮਗਰੋਂ ਉਹ ਕਿਸ ਤਰ੍ਹਾਂ ਜਣੇਪੇ ਦੀ ਥਕਾਨ ਵਿੱਚੋਂ ਨਿਕਲ ਸਕੇ ਅਤੇ ਤੰਦਰੁਸਤ ਹੋ ਗਏ।"
ਰੇਨੂੰ ਦੱਸਦੇ ਹਨ ਕਿ ਰੇਨੂੰ ਆਪਣੀ ਮਾਂ ਦੀ ਤੀਜੀ ਔਲਾਦ ਸੀ ਅਤੇ ਜਨਮ ਤੋਂ ਬਾਅਦ ਜਦੋਂ ਉਹ ਘਰ ਆਏ ਤਾਂ ਤੁਰੰਤ ਹੀ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੀ ਮਾਲਸ਼ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ:
"ਇੱਕ ਦਾਈ ਨੇ ਉਨ੍ਹਾਂ ਨੂੰ ਸਿਖਾਇਆ ਸੀ ਕਿ ਕਿਵੇਂ ਨਾਰੀਅਲ ਅਤੇ ਬਦਾਮ ਦੇ ਤੇਲ ਨੂੰ ਕੋਸਾ ਕਰਕੇ ਰੋਜ਼ਾਨਾ ਅੱਧਾ ਘੰਟਾ ਰੇਨੂੰ ਦੀ ਮਾਲਸ਼ ਕਰਨੀ ਹੈ ਅਤੇ ਫਿਰ ਕੋਸੇ ਪਾਣੀ ਨਾਲ ਨਵ੍ਹਾਉਣਾ ਹੈ।"
"ਫਿਰ ਅਸੀਂ ਹਲਕੇ-ਹਲਕੇ ਅੰਗਾਂ ਦੀ ਵਰਜਿਸ਼ ਕਰਦੇ। ਪੈਰਾਂ ਦੇ ਅੰਗੂਠਿਆਂ ਨੂੰ ਮੱਥੇ ਨਾਲ ਲਗਾਉਂਦੇ ਤਾਂ ਜੋ ਢਿੱਡ ਵਿੱਚ ਕੋਈ ਗੈਸ ਬਾਕੀ ਨਾ ਰਹੇ।"
ਰਿਸਰਚਰਾਂ ਦਾ ਕਹਿਣਾ ਹੈ ਕਿ ਬਚਪਨ ਵਿੱਚ ਕੀਤੀ ਗਈ ਮਾਲਸ਼ ਦੇ ਲਾਭ ਬੱਚਿਆਂ ਨੂੰ ਵੱਡੀ ਉਮਰ ਵਿੱਚ ਵੀ ਮਿਲਣੇ ਜਾਰੀ ਰਹਿੰਦੇ ਹਨ।
ਚਮੜੀ ਦੀ ਦੇਖਭਾਲ ਦੀ ਅਹਿਮੀਅਤ
ਸਟੈਨਫ਼ੋਰਡ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿੱਚ ਨਵਜਾਤ ਬੱਚਿਆਂ ਦੀ ਮੈਡੀਸਨ ਦੇ ਪ੍ਰੋਫ਼ੈਸਰ ਗੈਰੀ ਡਾਰਮਸਟਡ ਕਹਿੰਦੇ ਹਨ,"ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਪਰ ਫਿਰ ਵੀ ਅਸੀਂ ਸਮੁੱਚੀ ਸਿਹਤ ਵਿੱਚ ਚਮੜੀ ਦੇ ਮਹੱਤਵ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।"

ਤਸਵੀਰ ਸਰੋਤ, Getty Images
ਆਪਣੇ ਭਾਰਤ ਅਤੇ ਬੰਗਲਾਦੇਸ਼ ਦੇ ਦੌਰਿਆਂ ਦੌਰਾਨ ਗੈਰੀ ਨੇ ਦੇਖਿਆ ਕਿ ਕਿਵੇਂ ਮਾਵਾਂ ਆਪਣੇ ਨਵਜਾਤ ਬੱਚਿਆਂ ਦੇ ਮਾਲਸ਼ ਉੱਪਰ ਚੋਖਾ ਸਮਾਂ ਲਗਾਉਂਦੀਆਂ ਸਨ।
"ਮੈਂ ਹੈਰਾਨ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਫਿਰ ਮੈਂ ਇਸ ਬਾਰੇ ਅਧਿਐਨ ਕਰਨਾ ਸ਼ੁਰੂ ਕੀਤਾ।"
ਸਾਲ 2008 ਵਿੱਚ ਗੈਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 497 ਸਮੇਂ ਤੋਂ ਪਹਿਲਾਂ ਜਨਮੇ ਨਵਜਾਤ ਬੱਚਿਆਂ ਦਾ ਅਧਿਐਨ ਕੀਤਾ।
ਇਨ੍ਹਾਂ ਬੱਚਿਆਂ ਦੀ ਰੋਜ਼ ਮਾਲਸ਼ ਕੀਤੀ ਜਾ ਰਹੀ ਸੀ। ਦੇਖਿਆ ਗਿਆ ਕਿ ਮਾਲਸ਼ ਨਾਲ ਬਾਲ ਮੌਤ ਦਰ ਵਿੱਚ ਕਮੀ ਕੀਤੀ ਜਾ ਸਕਦੀ ਹੈ।
ਮੌਤ ਦਰ ਵਿੱਚ ਕਮੀ
ਅਸੀਂ ਦੇਖਿਆ ਕਿ ਲਾਗ ਦੇ ਖ਼ਤਰੇ ਵਿੱਚ 40 ਫ਼ੀਸਦੀ ਅਤੇ ਮੌਤ ਦੇ ਖ਼ਤਰੇ ਵਿੱਚ 25-50 ਫ਼ੀਸਦੀ ਦੀ ਕਮੀ ਆਈ ਜੋ ਕਿ ਬਹੁਤ ਸਾਰਥਕ ਸੀ।
ਵੱਖਰੇ ਅਧਿਐਨਾਂ ਵਿੱਚ ਦੇਖਿਆ ਗਿਆ ਕਿ ਨਿਯਮਤ ਮਾਲਸ਼ ਨਾਲ ਬੱਚਿਆਂ ਵਿੱਚ ਇੱਕ ਮਾਈਕ੍ਰੋਬਾਇਓਮ ਵਿਕਸਤ ਹੋਣ ਵਿੱਚ ਮਦਦ ਮਿਲਦੀ ਹੈ। ਇਹ ਮਾਈਕ੍ਰੋਬਾਇਓਮ ਬੱਚਿਆਂ ਨੂੰ ਪੇਟ ਦੀ ਇਨਫ਼ੈਕਸ਼ਨ ਤੋਂ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਤਸਵੀਰ ਸਰੋਤ, Getty Images
"ਕੁਪੋਸ਼ਿਤ ਬੱਚੇ ਜਿਨ੍ਹਾਂ ਦੀ ਤੇਲ ਨਾਲ ਮਾਲਸ਼ ਕੀਤੀ ਗਈ ਉਨ੍ਹਾਂ ਦੇ ਬਾਇਓਮ ਦਾ ਪਨ੍ਹਾ ਜ਼ਿਆਦਾ ਚੌੜਾ ਸੀ। ਤੇਲ ਦੀ ਪਰਤ ਨੇ ਬੈਕਟਰੀਆ ਲਈ ਉਨ੍ਹਾਂ ਦੀ ਚਮੜੀ ਤੱਕ ਪਹੁੰਚ ਨੂੰ ਮੁਸ਼ਕਲ ਬਣਾ ਦਿੱਤਾ ਸੀ।"
"ਬੈਕਟੀਰੀਆ ਉਨ੍ਹਾਂ ਦੀ ਚਮੜੀ ਵਿੱਚੋਂ ਦੀ ਲੰਘ ਕੇ ਉਨ੍ਹਾਂ ਦੀ ਲਹੂ ਗੇੜ ਪ੍ਰਣਾਲੀ ਵਿੱਚ ਦਾਖਲ ਨਹੀਂ ਹੋ ਸਕਿਆ। ਇਸ ਨਾਲ ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਦਾ ਖ਼ਤਰਾ ਘੱਟ ਗਿਆ।"
ਗੈਰੀ ਦੇ ਅਧਿਐਨ ਦੇ ਸਿੱਟੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਲਈ ਬੜੇ ਅਹਿਮ ਸਨ।
"ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਚਮੜੀ ਉਨੀਂ ਵਧੀਆ ਰੁਕਾਵਟ ਨਹੀਂ ਬਣਦੀ ਅਤੇ ਉਨ੍ਹਾਂ ਦੇ ਪਿੰਡੇ ਵਿੱਚ ਪਾਣੀ ਦੀ ਲਗਾਤਾਰ ਕਮੀ ਹੁੰਦੀ ਰਹਿੰਦੀ ਹੈ। ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ ਅਤੇ ਫਿਰ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ।"
ਜੇ ਬੱਚੇ ਦੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਕਮੀ ਆਉਂਦੀ ਹੈ ਤਾਂ ਇਹ ਜਾਨਲੇਵਾ ਹੋ ਸਕਦਾ ਹੈ।
ਉਹ ਕਹਿੰਦੇ ਹਨ,"ਤਾਪਮਾਨ ਦੀ ਕਮੀ ਨਾਲ ਲੜਾਈ ਕਾਰਨ ਨਵਜਾਤ ਦੀ ਬਹੁਤ ਜ਼ਿਆਦਾ ਊਰਜਾ ਖ਼ਰਚ ਹੁੰਦੀ ਹੈ। ਨਹੀਂ ਤਾਂ ਇਹ ਊਰਜਾ ਸਰੀਰ ਦੇ ਵਾਧੇ ਅਤੇ ਹੋਰ ਸਰੀਰਕ ਕਾਰਜਾਂ ਵਿੱਚ ਲੱਗੇ।"
ਸਮੇਂ ਤੋਂ ਪਹਿਲਾਂ ਜਨਮ
ਗੈਰੀ ਅਤੇ ਉਨ੍ਹਾਂ ਦੀ ਟੀਮ ਦੇ ਅਧਿਐਨ ਦੇ ਨਤੀਜੇ ਪ੍ਰਕਾਸ਼ਿਤ ਨਹੀਂ ਹੋਏ ਹਨ। ਖੋਜੀਆਂ ਨੇ ਅਧਿਐਨ ਵਿੱਚ ਉੱਤਰ ਪ੍ਰਦੇਸ਼ ਦੇ 26,000 ਬੱਚਿਆਂ ਦਾ ਅਧਿਐਨ ਕੀਤਾ।
ਬੱਚਿਆਂ ਵਿੱਚੋਂ ਅੱਧਿਆਂ ਦੀ ਸੂਰਜਮੁੱਖੀ ਦੇ ਤੇਲ ਨਾਲ ਅਤੇ ਅੱਧਿਆਂ ਦੀ ਸਰ੍ਹੋਂ ਦੇ ਤੇਲ ਨਾਲ ਮਾਲਸ਼ ਕੀਤੀ ਗਈ। ਖੋਜੀਆਂ ਨੇ ਦੋਵਾਂ ਵਰਗਾਂ ਦੇ ਬੱਚਿਆਂ ਦੀ ਸਿਹਤ ਵਿੱਚ ਵਰਨਣਯੋਗ ਸੁਧਾਰ ਦੇਖਿਆ।
ਬੱਚਿਆਂ ਦਾ ਭਾਰ ਵਧਾਉਣ ਵਿੱਚ ਮਦਦਗਾਰ
ਇੱਕ ਅਧਿਐਨ ਮੁਤਾਬਕ ਮਾਲਸ਼ ਨਾਲ ਬੱਚਿਆਂ ਵਿੱਚ ਵੇਗਸ ਨਾਮ ਦੀ ਨਸ ਸਰਗਰਮ ਹੁੰਦੀ ਹੈ। ਇਹ ਇੱਕ ਲੰਬੀ ਨਸ ਗਹਾ ਜੋ ਦਿਮਾਗ ਅਤੇ ਪੇਟ ਨੂੰ ਜੋੜਦੀ ਹੈ।
ਇਸ ਨਸ ਦੀ ਸਰਗਰਮੀ ਨਾਲ ਹਾਜ਼ਮਾ ਦਰੁਸਤ ਹੁੰਦਾ ਹੈ ਅਤੇ ਭੋਜਨ ਵਿੱਚੋਂ ਪੋਸ਼ਕ ਤੱਤ ਵਧੀਆ ਤਰੀਕੇ ਨਾਲ ਹਜ਼ਮ ਹੋਣ ਵਿੱਚ ਮਦਦ ਮਿਲਦੀ ਹੈ। ਇਸੇ ਕਾਰਨ ਬੱਚਿਆਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ।
ਢਿੱਡ ਦੀ ਰੋਜ਼ਾਨਾ ਮਾਲਸ਼ ਨਾਲ ਬੱਚਿਆਂ ਨੂੰ ਤਣਾਅ ਅਤੇ ਪੀੜਾ ਤੋਂ ਰਾਹਤ ਮਿਲਦੀ ਹੈ। ਇਹ ਖ਼ਾਸ ਕਰਕੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵਰਦਾਨ ਦਾ ਕੰਮ ਕਰਦੀ ਹੈ ਜਿਨ੍ਹਾਂ ਦੇ ਸ਼ੁਰੂਆਤੀ ਕਈ ਦਿਨ ਹਸਪਤਾਲ ਦੀ ਇਕੱਲਤਾ ਵਿੱਚ ਲੰਘਦੇ ਹਨ।
ਮਿਆਮੀ ਸਕੂਲ ਆਫ਼ ਮੈਡੀਸਨ ਵਿੱਚ ਬਾਲ ਮਾਹਰ, ਮਨੋਵਿਗਿਆਨ ਅਤੇ ਮਨੋ ਚਕਿਤਸਾ ਦੇ ਪ੍ਰੋਫ਼ੈਸਰ ਟਿਫ਼ਨੀ ਫੀਲਡ ਕਹਿੰਦੇ ਹਨ,"ਸਾਡੀ ਸਲਾਹ ਹੈ ਕਿ ਮਾਪਿਆਂ ਨੂੰ ਬੱਚਿਆਂ ਦੀ ਮਾਲਸ਼ ਜਨਮ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
ਟਿਫ਼ਨੀ ਬੱਚਿਆਂ ਦੀ ਮਾਲਸ਼ ਦੇ ਮਾਹਰ ਵੀ ਹਨ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਉੱਪਰ ਮਾਲਸ਼ ਦੇ ਅਸਰਾਂ ਦੀ ਤੁਲਨਾ ਕੀਤੀ ਹੈ।
ਹਾਲਾਂਖਿ ਟਿਫ਼ਨੀ ਸੁਚੇਤ ਕਰਦੇ ਹਨ ਕਿ ਸਹੀ ਢੰਗ ਬਹੁਤ ਮਾਇਨੇ ਰੱਖਦਾ ਹੈ।
ਸਿਹਤ ਨੂੰ ਖ਼ਤਰੇ
ਗੈਰੀ ਡਾਰਮਸਟਡ ਵੀ ਹਲਕੇ ਢੰਗ ਨਾਲ ਮਸਾਜ ਕਰਨ ਦੀ ਸਲਾਹ ਦਿੰਦੇ ਹਨ।
ਅਸੀਂ ਇੱਕ ਸਮੱਸਿਆ ਵਾਲੇ ਬੱਚੇ ਵਿੱਚ ਜੋ ਕੰਮ ਨਹੀਂ ਕਰਨਾ ਚਾਹੁੰਦੇ ਉਹ ਹੈ ਜ਼ੋਰ ਨਾਲ ਮਾਲਸ਼।
ਉਹ ਕਹਿੰਦੇ ਹਨ- ਤੁਸੀਂ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹੋ, ਜੋ ਕਿ ਨੁਕਸਾਨਦੇਹ ਹੈ।

ਤਸਵੀਰ ਸਰੋਤ, Getty Images
ਦੱਖਣੀ ਭਾਰਤ ਵਿੱਚ ਸਾਲ 2013 ਵਿੱਚ 194 ਛੋਟੇ ਬੱਚਿਆਂ ਉੱਪਰ ਇੱਕ ਅਧਿਐਨ ਕੀਤਾ ਗਿਆ। ਦੇਖਿਆ ਗਿਆ ਕਿ ਅੱਧੇ ਤੋਂ ਜ਼ਿਆਦਾ ਮਾਵਾਂ ਬੱਚਿਆਂ ਦੀਆਂ ਅੱਖਾਂ ਅਤੇ ਕੰਨਾਂ ਵਿੱਚ ਤੇਲ ਲਗਾ ਰਹੀਆਂ ਸਨ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਇਨਫ਼ੈਕਸ਼ਨ ਹੋ ਸਕਦੀ ਹੈ।
ਨਿਤਿਨ ਜੋਸਫ਼ ਜੋ ਮੈਂਗਲੂਰ ਦੇ ਕਸਤੂਰਬਾ ਗਾਂਧੀ ਵਿੱਚ ਕਮਿਊਨਿਟੀ ਮੈਡੀਸਨ ਵਿਸ਼ੇ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ, ਕਹਿੰਦੇ ਹਨ,"ਸਾਨੂੰ ਇਸ ਤਰ੍ਹਾਂ ਦੇ ਅਮਲਾਂ ਨੂੰ ਰੋਕਣ ਲਈ ਅਤੇ ਸਹੀ ਢੰਗ ਨੂੰ ਪ੍ਰਚੱਲਿਤ ਕਰਨ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ।"
ਉਹ ਇਸ ਅਧਿਐਨ ਦਾ ਇੱਕ ਮਹੱਤਵਪੂਰਨ ਅੰਗ ਰਹੇ ਹਨ।
ਤੇਲ ਦੀ ਚੋਣ ਅਤੇ ਵਰਤੋਂ ਸਾਵਧਾਨੀ ਨਾਲ ਕੀਤੀ ਜਾਣਤੀ ਚਾਹੀਦੀ ਹੈ। ਰਵਾਇਤ ਹਮੇਸ਼ਾ ਇੱਕ ਚੰਗੀ ਮਾਰਗ ਦਰਸ਼ਕ ਨਹੀਂ ਹੋ ਸਕਦੀ ਹੈ।
ਸਭ ਤੋਂ ਪ੍ਰਭਾਵਸ਼ਾਲੀ ਤੇਲ
ਸੂਰਜਮੁਖੀ ਦੇ ਬੀਜਾਂ ਦਾ ਤੇਲ, ਨਾਰੀਅਲ ਅਤੇ ਤਿਲਾਂ ਦਾ ਤੇਲ ਸਭ ਤੋਂ ਪ੍ਰਭਾਵਸ਼ਾਲੀ ਹੈ।
ਗੈਰੀ ਅਤੇ ਉਨ੍ਹਾਂ ਦੇ ਸਹਿਯੋਗੀ ਪੀਟਰ ਐਮ ਇਲਿਆਸ ਮੁਤਾਬਕ, ਇਨ੍ਹਾਂ ਤੇਲਾਂ ਵਿੱਚ ਲਾਈਨੋਲਿਕ ਐਸਡ ਦੀ ਵੱਡੀ ਮਾਤਰਾ ਹੁੰਦੀ ਹੈ, ਜੋ ਸਾਡਾ ਸਰੀਰ ਬਣਾ ਨਹੀਂ ਸਕਦਾ।
ਅਤੇ ਚਮੜੀ ਵਿੱਚ ਖ਼ਾਸ ਕਿਸਮ ਦੇ ਸੰਵੇਦਕ ਹੁੰਦੇ ਹਨ ਜੋ ਕਿ ਇਸ ਫ਼ੈਟੀ ਐਸਿਡ ਨੂੰ ਵਿਸ਼ੇਸ਼ ਰੂਪ ਵਿੱਚ ਫੜਦੇ ਹਨ। ਇਸ ਤਰ੍ਹਾਂ ਪੋਸ਼ਕ ਹਜ਼ਮ ਕਰ ਲਏ ਜਾਂਦੇ ਹਨ। ਅਜਿਹੇ ਸਬੂਤ ਹਨ ਕਿ ਇਹ ਫ਼ੈਟੀ ਐਸਿਡ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਉਤੇਜਿਤ ਕਰ ਸਕਦੇ ਹਨ ਅਤੇ ਵਧਾ ਸਕਦੇ ਹਨ, ਜੋ ਚਮੜੀ ਦਾ ਇੱਕ ਅਹਿਮ ਕੰਮ ਹੈ।"
Most effective oils
ਸਭ ਤੋਂ ਪ੍ਰਭਾਵਸ਼ਾਲੀ ਤੇਲ
ਸੂਰਜਮੁਖੀ ਦੇ ਬੀਜਾਂ ਦਾ ਤੇਲ, ਨਾਰੀਅਲ ਅਤੇ ਤਿਲਾਂ ਦਾ ਤੇਲ ਸਭ ਤੋਂ ਪ੍ਰਭਾਵਸ਼ਾਲੀ ਹੈ।
ਗੈਰੀ ਅਤੇ ਉਨ੍ਹਾਂ ਦੇ ਸਹਿਯੋਗੀ ਪੀਟਰ ਐਮ ਇਲਿਆਸ ਦੀ ਖੋਜ ਮੁਤਾਬਕ, ਇਨ੍ਹਾਂ ਤੇਲਾਂ ਵਿੱਚ ਲਾਈਨੋਲਿਕ ਐਸਡ ਦੀ ਵੱਡੀ ਮਾਤਰਾ ਹੁੰਦੀ ਹੈ, ਜੋ ਸਾਡਾ ਸਰੀਰ ਬਣਾ ਨਹੀਂ ਸਕਦਾ।
ਅਤੇ ਚਮੜੀ ਵਿੱਚ ਖ਼ਾਸ ਕਿਸਮ ਦੇ ਸੰਵੇਦਕ ਹੁੰਦੇ ਹਨ ਜੋ ਕਿ ਇਸ ਫ਼ੈਟੀ ਐਸਿਡ ਨੂੰ ਵਿਸ਼ੇਸ਼ ਰੂਪ ਵਿੱਚ ਫੜਦੇ ਹਨ। ਇਸ ਤਰ੍ਹਾਂ ਪੋਸ਼ਕ ਹਜ਼ਮ ਕਰ ਲਏ ਜਾਂਦੇ ਹਨ। ਅਜਿਹੇ ਸਬੂਤ ਹਨ ਕਿ ਇਹ ਫ਼ੈਟੀ ਐਸਿਡ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਉਤੇਜਿਤ ਕਰ ਸਕਦੇ ਹਨ ਅਤੇ ਵਧਾ ਸਕਦੇ ਹਨ, ਜੋ ਚਮੜੀ ਦਾ ਇੱਕ ਅਹਿਮ ਕੰਮ ਹੈ।"

ਤਸਵੀਰ ਸਰੋਤ, Getty Images
ਸੋਜ ਦਾ ਖ਼ਤਰਾ
ਗੈਰੀ ਦਾ ਕਹਿਣਾ ਹੈ ਕਿ ਭਾਵੇਂ ਸੋਜ ਦਾ ਖ਼ਤਰਾ ਉੱਤਰ ਪ੍ਰਦੇਸ਼ ਸਮੇਤ ਜ਼ਿਆਦਾਤਰ ਉੱਤਰੀ ਭਾਰਤ ਵਿੱਚ ਬੱਚਿਆਂ ਦੀ ਮਸਾਜ ਲਈ ਵਰਤਿਆਂ ਜਾਂਦਾ ਹੈ ਉਸ ਵਿੱਚ ਇਰੂਕਿਕ ਐਸਿਡ ਹੁੰਦਾ ਹੈ ਜੇਸ ਕਾਰਨ ਸੋਜਿਸ਼ ਹੋ ਸਕਦੀ ਹੈ ਅਤੇ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪਰਿਵਾਰਾਂ ਲਈ ਬੱਚੇ ਦੀ ਮਾਲਸ਼ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਦਾ ਮੌਕਾ ਹੋ ਸਕਦਾ ਹੈ।
ਪ੍ਰਾਂਜਲੀ ਭੋਂਡੇ ਜੋ ਕਿ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਸਥਿਤ ਇੱਕ ਲੇਖਕ ਹਨ। ਉਹ ਆਪਣੇ 14 ਮਹੀਨਿਆਂ ਦੇ ਬੱਚੇ ਦੀ ਦਿਨ ਵਿੱਚ ਦੋ ਵਾਰ ਮਾਲਸ਼ ਕਰਦੇ ਹਨ।
ਉਨ੍ਹਾਂ ਨੇ ਜਨਮ ਤੋਂ ਤੁਰੰਤ ਬਾਅਦ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸ਼ੁਰੂ ਵਿੱਚ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਮਦਦ ਕਰਦੀ ਸੀ। ਇਹ ਇੱਕ ਅਜਿਹੀ ਗਤੀਵਿਧੀ ਸੀ ਜਿਸ ਦਾ ਦੋਵੇਂ ਮਾਵਾਂ-ਧੀਆਂ ਅਨੰਦ ਮਾਣਦੀਆਂ ਸਨ।
ਹੁਣ ਉਹ ਇਕੱਲੇ ਹੀ ਆਪਣੇ ਬੱਚੇ ਦੀ ਮਾਲਸ਼ ਕਰਦੇ ਹਨ। ਮਾਲਸ਼ ਦੌਰਾਨ ਉਹ ਆਪਣੇ ਬੱਚੇ ਦੀਆਂ ਅੱਖਾਂ ਵਿੱਚ ਦੇਖਣਾ ਪਸੰਦ ਕਰਦੇ ਹਨ।
ਪ੍ਰਾਂਜਲੀ ਦੱਸਦੇ ਹਨ ਕਿ ਮਾਲਸ਼ ਨਾ ਮਾਂ-ਬੱਚੇ ਦਾ ਰਿਸ਼ਤਾ ਮਜ਼ਬੂਤ ਹੋਇਆ ਹੈ ਅਤੇ ਨਿਯਮਤ ਮਾਲਸ਼ ਕਾਰਨ ਬੱਚੇ ਦੀ ਨੀਂਦ ਅਤੇ ਚਮੜੀ ਵਿੱਚ ਬਿਹਤਰੀ ਹੋਈ ਹੈ।
ਖ਼ੁਸ਼ਕ ਚਮੜੀ ਕਾਰਨ ਇਨਫ਼ੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਚਮੜੀ ਨੂੰ ਪਹੁੰਚੇ ਨੁਕਸਾਨ ਕਾਰਨ ਬੈਕਟੀਰੀਆ ਚਮੜੀ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਮਾਲਸ਼ ਪਰਿਵਾਰ ਦੇ ਬਜ਼ੁਰਗਾਂ ਲਈ ਵੀ ਲਾਹੇਵੰਦ ਹੁੰਦੀ ਹੈ।

ਤਸਵੀਰ ਸਰੋਤ, Getty Images
ਮਾਂ ਲਈ ਲਾਭ
ਸਕਸੈਨਾ ਮੁਤਾਬਕ ਮਾਲਸ਼ ਨਾਲ ਸਿਰਫ਼ ਉਨ੍ਹਾਂ ਦੇ ਬੱਚੇ ਦੀ ਸਿਹਤ ਹੀ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ।
ਉਹ 40 ਸਾਲ ਦੀ ਉਮਰ ਵਿੱਚ ਮਾਂ ਬਣੇ ਸਨ ਅਤੇ ਸਿਹਤ ਸੰਬੰਧੀ ਦਿੱਕਤਾਂ ਕਾਰਨ ਉਨ੍ਹਾਂ ਨੂੰ ਬੱਚੇ ਦੇ ਜਨਮ ਲਈ ਵੱਡੇ ਅਪਰੇਸ਼ਨ ਦਾ ਰਾਹ ਚੁਣਨਾ ਪਿਆ।
ਉਨ੍ਹਾਂ ਦੀ ਬੱਚੀ ਨੂੰ ਮਸਾਜ ਕਿੰਨੀ ਵਧੀਆ ਲੱਗੀ ਇਸ ਬਾਰੇ ਦੱਸਦਿਆਂ ਉਹ ਕਹਿੰਦੇ ਹਨ ਕਿ ਜਦੋਂ ਪਹਿਲੀ ਵਾਰ ਮਾਲਸ਼ ਕੀਤੀ ਗਈ ਤਾਂ ਉਨ੍ਹਾਂ ਦੀ ਬੇਟੀ ਚਾਰ ਘੰਟੇ ਤੱਕ ਸੁੱਤੀ।
ਇਸ ਕਾਰਨ ਮੈਂ ਵੀ ਅਰਾਮ ਕਰ ਸਕੀ। ਇਸ ਤੋਂ ਮੈਨੂੰ ਸੁਝਿਆ ਕਿ ਮਸਾਜ ਨਾਲ ਇੱਕ ਸਿਹਤਮੰਦ ਬਚਪਨ ਦਾ ਮੁੱਢ ਬੱਝ ਸਕਦਾ ਹੈ।
ਇਸ ਲੇਖ ਵਿੱਚ ਦਿੱਤੇ ਗਏ ਸਾਰੇ ਵੇਰਵੇ ਸਧਾਰਣ ਗਿਆਨ ਦਿੱਤੇ ਗਏ ਹਨ। ਇਸ ਨੂੰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ।
ਬੀਬੀਸੀ ਚਾਹੁੰਦਾ ਹੈ ਕਿ ਬੱਚਿਆਂ ਦੀ ਮਸਾਜ ਵਿੱਚ ਲੱਗੇ ਲੋਕ ਮਾਹਰਾਂ ਦੀ ਸਲਾਹ ਲੈਣ ਅਤੇ ਇਨ੍ਹਾਂ ਤਰੀਕਿਆਂ ਅਤੇ ਤੇਲਾਂ ਦੀ ਯੋਗ ਵਰਤੋਂ ਕਰਨ ਤਾਂ ਜੋ ਨਿੱਕੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ।
ਦਸਤਬਰਦਾਰੀ: ਬੀਬੀਸੀ ਬਾਹਰੀ ਮਾਰਹਾਂ ਦਾ ਰਾਇ ਅਤੇ ਇੰਟਰਨੈਟ ਸਾਈਟਾਂ ਤੋਂ ਲੈ ਕੇ ਵਰਤੀ ਗਈ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹੈ। ਬੀਬੀਸੀ ਨਾ ਹੀ ਕਿਸੇ ਵਪਾਰਕ ਉਤਪਾਦ ਦੀ ਮਸ਼ਹੂਰੀ ਕਰ ਰਿਹਾ ਹੈ। ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਦੀ ਸਿਹਤ ਦਾ ਕੋਈ ਵੀ ਮਸਲਾ ਹੈ ਤਾਂ ਆਪਣੇ ਸਿਹਤ ਸਲਾਹਕਾਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














