ਦੁੱਧ ਚੁੰਘਦੇ ਬੱਚੇ 'ਤੇ ਕਿਸ ਦਾ ਅਧਿਕਾਰ, ਜਨਮ ਦੇਣ ਵਾਲੀ ਜਾਂ ਪਾਲਣ ਵਾਲੀ ਮਾਂ ਦਾ

ਬੱਚਾ

ਤਸਵੀਰ ਸਰੋਤ, PEDRO PARDO/AFP via Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹੁਸਨਾ ਬਾਨੋ ਬਨਾਮ ਕਰਨਾਟਕ ਰਾਜ ਮਾਮਲੇ 'ਚ ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ-21 ਦੇ ਅਨੁਸਾਰ ਦੁੱਧ ਚੁੰਘਾਉਣਾ ਇੱਕ ਮਾਂ ਦਾ ਅਧਿਕਾਰ ਹੈ।

ਇਸ ਮਾਮਲੇ 'ਚ ਜਸਟਿਸ ਕ੍ਰਿਸ਼ਨਾ ਐਸ ਦੀਕਸ਼ਤ ਨੇ ਕਿਹਾ ਕਿ ਜਿਵੇਂ ਕਿ ਹਰ ਮਾਂ ਨੂੰ ਦੁੱਧ ਚੁੰਘਾਉਣ ਦਾ ਹੱਕ ਹੈ, ਉਸੇ ਤਰ੍ਹਾਂ ਹੀ ਹਰ ਨਵਜੰਮੇ ਬੱਚੇ ਦਾ ਵੀ ਮਾਂ ਦੇ ਦੁੱਧ 'ਤੇ ਪੂਰਾ ਅਧਿਕਾਰ ਹੈ।

ਦਰਅਸਲ ਇਹ ਮਾਮਲਾ ਕਰਨਾਟਕ ਦਾ ਹੈ, ਜਿੱਥੇ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਮਾਂ ( ਕੁਦਰਤੀ ਮਾਂ) ਅਤੇ ਪਾਲਣ-ਪੋਸ਼ਣ ਕਰਨ ਵਾਲੀ ਮਾਂ (ਪਾਲਕ ਮਾਂ) ਆਹਮੋ-ਸਾਹਮਣੇ ਸੀ।

ਇਹ ਦੋਵੇਂ ਹੀ ਮਾਵਾਂ ਅਦਾਲਤ 'ਚ ਬੱਚੇ ਦੀ ਕਸਟੱਡੀ ਜਾਂ ਉਸ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਲਈ ਅਪੀਲ ਕਰ ਰਹੀਆਂ ਸਨ। ਇਸ ਮਾਮਲੇ 'ਚ ਅਦਾਲਤ ਨੇ ਜੈਨੇਟਿਕ ਮਾਂ ਦੇ ਹੱਕ 'ਚ ਆਪਣਾ ਫੈਸਲਾ ਸੁਣਾਇਆ ਹੈ।

ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਸੁਪਰੀਮ ਕੋਰਟ ਦੇ ਵਕੀਲ ਪ੍ਰਣਯ ਮਹੇਸ਼ਵਰੀ ਕਹਿੰਦੇ ਹਨ ਕਿ ਇਸ ਨੂੰ ਸਿਰਫ ਇੱਕ ਫੈਸਲੇ ਦੇ ਤੌਰ 'ਤੇ ਹੀ ਨਹੀਂ ਬਲਕਿ ਦੋ ਧਿਰਾਂ ਵਿਚਾਲੇ ਪੈਦਾ ਸਮੱਸਿਆ ਦੇ ਹੱਲ ਕੱਢਣ ਦੇ ਤੌਰ 'ਤੇ ਵੀ ਵੇਖਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਇੱਕ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ 'ਚ ਰੱਖ ਕੇ ਜਨਮ ਦਿੰਦੀ ਹੈ। ਬੱਚਾ ਕੋਈ ਚੀਜ਼ ਨਹੀਂ ਹੈ, ਜਿਸ ਨੂੰ ਇੱਕ ਤੋਂ ਬਾਅਦ ਦੂਜੇ ਨੂੰ ਸੌਂਪ ਦਿੱਤਾ ਜਾਵੇ।"

ਵਕੀਲ ਪ੍ਰਣਯ ਮਹੇਸ਼ਵਰੀ
ਤਸਵੀਰ ਕੈਪਸ਼ਨ, ਵਕੀਲ ਪ੍ਰਣਯ ਮਹੇਸ਼ਵਰੀ

ਕੀ ਹੈ ਪੂਰੀ ਕਹਾਣੀ

ਇਸ ਬੱਚੇ ਦਾ ਜਨਮ ਸਾਲ 2020 'ਚ ਬੰਗਲੂਰੂ ਦੇ ਇੱਕ ਹਸਪਤਾਲ 'ਚ ਹੋਇਆ ਸੀ ਪਰ ਉੱਥੋਂ ਉਹ ਚੋਰੀ ਹੋ ਗਿਆ ਸੀ। ਚੋਰ ਨੇ ਇਸ ਬੱਚੇ ਨੂੰ ਸਰੋਗੇਸੀ ਨਾਲ ਪੈਦਾ ਹੋਇਆ ਦੱਸ ਕੇ ਇਸ ਨੂੰ ਪਾਲਕ ਮਾਪਿਆਂ ਕੋਲ ਵੇਚ ਦਿੱਤਾ ਸੀ।

ਹਾਲਾਂਕਿ ਪੁਲਿਸ ਨੇ ਮੁਸਤੇਦੀ ਵਰਤਦਿਆਂ ਇਸ ਚੋਰ ਫੜ ਲਿਆ ਅਤੇ ਉਸ ਦੇ ਜ਼ਰੀਏ ਉਹ ਬੱਚੇ ਦੇ ਪਾਲਕ ਮਾਪਿਆਂ ਤੱਕ ਪਹੁੰਚੀ।

ਇਸ ਤੋਂ ਬਾਅਦ ਇਹ ਮਾਮਲਾ ਕਰਨਾਟਕ ਹਾਈ ਕੋਰਟ 'ਚ ਪਹੁੰਚਿਆ, ਜਿੱਥੇ ਜਨਮ ਦੇਣ ਵਾਲੀ ਮਾਂ ਅਤੇ ਪਾਲਕ ਮਾਂ ਨੇ ਬੱਚੇ ਦੀ ਕਸਟੱਡੀ ਜਾਂ ਬੱਚੇ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।

ਪਾਲਣ ਪੋਸ਼ਣ ਕਰਨ ਵਾਲੀ ਮਾਂ ਦੇ ਵੱਲੋਂ ਵਕੀਲ ਨੇ ਦਲੀਲ ਦਿੱਤੀ ਕਿ ਇਸ ਮਾਂ ਨੇ ਕਈ ਮਹੀਨਿਆਂ ਤੱਕ ਬੱਚੇ ਦੀ ਬਹੁਤ ਹੀ ਪਿਆਰ ਨਾਲ ਦੇਖਭਾਲ ਕੀਤੀ ਹੈ, ਇਸ ਲਈ ਬੱਚਾ ਉਸ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਵਕੀਲ ਨੇ ਇਹ ਵੀ ਕਿਹਾ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਕੋਲ ਪਹਿਲਾਂ ਹੀ ਦੋ ਬੱਚੇ ਹਨ ਜਦਕਿ ਪਾਲਕ ਮਾਂ ਕੋਲ ਇੱਕ ਵੀ ਬੱਚਾ ਨਹੀਂ ਹੈ।

ਇਸ ਦਲੀਲ 'ਤੇ ਜਨਮ ਦੇਣ ਵਾਲੀ ਦੀ ਤਰਫੋਂ ਵਕੀਲ ਨੇ ਜਵਾਬ ਦਿੱਤਾ ਕਿ ਪਾਲਕ ਮਾਂ ਜੋ ਕੁਝ ਵੀ ਕਹਿ ਰਹੀ ਹੈ, ਉਹ ਸੱਚ ਹੋ ਸਕਦਾ ਹੈ, ਪਰ ਬੱਚੇ 'ਤੇ ਦਾਅਵਾ ਜਨਮ ਦੇਣ ਵਾਲੀ ਮਾਂ ਦਾ ਹੀ ਹੋਣਾ ਚਾਹੀਦਾ ਹੈ।

ਬੱਚੇ

ਤਸਵੀਰ ਸਰੋਤ, Kuni Takahashi/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ 'ਤੇ ਅਦਾਲਤ ਨੇ ਕਿਹਾ , "ਇਹ ਬਹੁਤ ਹੀ ਮੰਦਭਾਗਾ ਹੈ ਕਿ ਇਸ ਮਾਮਲੇ 'ਚ ਇੱਕ ਮਾਸੂਮ ਬੱਚੇ ਨੂੰ ਬਿਨ੍ਹਾਂ ਕਿਸੇ ਗਲਤੀ ਦੇ ਮਾਂ ਦਾ ਦੁੱਧ ਅਤੇ ਮਾਂ ਨੂੰ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਹੈ। ਇੱਕ ਸੱਭਿਅਕ ਸਮਾਜ 'ਚ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸੀ।"

ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਬੱਚੇ 'ਤੇ ਵਧੇਰੇ ਹੱਕ ਉਸ ਨੂੰ ਜਨਮ ਦੇਣ ਵਾਲੀ ਮਾਂ ਦਾ ਹੈ ਨਾ ਕਿ ਪਾਲਣ ਵਾਲੀ ਮਾਂ ਦਾ। ਅਦਾਲਤ ਨੇ ਇਸ ਦੇ ਕਾਰਨ ਵੀ ਦੱਸੇ।

ਅਦਾਲਤ ਦਾ ਕਹਿਣਾ ਸੀ ਕਿ "ਇਸ ਮਾਮਲੇ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ 'ਤੇ ਸੰਖੇਪ ਚਰਚਾ ਕੀਤੀ ਗਈ ਹੈ ਅਤੇ ਇਸ ਦੇ ਅਨੁਸਾਰ ਇਹ ਮਾਨਤਾ ਹੋਣੀ ਚਾਹੀਦੀ ਹੈ ਕਿ ਦੁੱਧ ਚੁੰਘਾਉਣਾ ਹਰ ਮਾਂ ਦਾ ਅਧਿਕਾਰ ਹੈ ਅਤੇ ਇਸੇ ਤਰ੍ਹਾਂ ਨਵਜਨਮੇ ਬੱਚੇ ਦਾ ਵੀ ਅਧਿਕਾਰ ਹੈ।"

ਪਰ ਇੱਥੇ ਇੱਕ ਸਵਾਲ ਇਹ ਉੱਠਦਾ ਹੈ ਕਿ ਇੱਕ ਸਰੋਗੇਟ ਮਾਂ ਦੇ ਮਾਮਲੇ 'ਚ ਜਾਂ ਫਿਰ ਉਹ ਮਾਂ ਜੋ ਆਪਣੇ ਬੱਚੇ ਨੂੰ ਜਨਮ ਦੇ ਕੇ ਉਸ ਨੂੰ ਕਿਸੇ ਨੂੰ ਗੋਦ ਦੇਣ ਦਾ ਫੈਸਲਾ ਕਰ ਚੁੱਕੀ ਹੈ, ਉਸ ਸਥਿਤੀ 'ਚ ਇਹ ਅਧਿਕਾਰ ਕਿਸ ਨੂੰ ਮਿਲੇਗਾ?

ਵਕੀਲ ਸੋਨਾਲੀ ਕਰਵਾਸਰਾ ਜੂਨ
ਤਸਵੀਰ ਕੈਪਸ਼ਨ, ਵਕੀਲ ਸੋਨਾਲੀ ਕਰਵਾਸਰਾ ਜੂਨ

ਸਰੋਗੇਸੀ ਦੇ ਮਾਮਲੇ 'ਚ ਕੌਣ ਹੋਵੇਗਾ ਹੱਕਦਾਰ

ਵਕੀਲ ਪ੍ਰਣਯ ਮਹੇਸ਼ਵਰੀ ਦੇ ਮੁਤਾਬਕ, "ਸਰੋਗੇਸੀ 'ਚ ਸਰੋਗੇਟ ਮਾਂ ਅਤੇ ਇੱਕ ਜੋੜੇ ਵਿਚਾਲੇ ਸਮਝੌਤਾ ਹੁੰਦਾ ਹੈ ਅਤੇ ਉਸ ਸਮਝੌਤੇ ਦੇ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਸਰੋਗੇਟ ਮਾਂ ਨੂੰ ਤੈਅ ਦਿਨ 'ਤੇ ਬੱਚਾ ਉਸ ਜੋੜੇ ਦੇ ਹਵਾਲੇ ਕਰਨਾ ਹੁੰਦਾ ਹੈ। ਉਹ ਅਜਿਹਾ ਕਰਨ ਲਈ ਕਾਨੂੰਨੀ ਤੌਰ 'ਤੇ ਪਾਬੰਦ ਹੁੰਦੀ ਹੈ।''

''ਕੋਈ ਵੀ ਸਰੋਗੇਟ ਮਾਂ ਸਿਰਫ ਇਸ ਅਧਾਰ 'ਤੇ ਬੱਚੇ ਨੂੰ ਆਪਣੇ ਕੋਲ ਨਹੀਂ ਰੱਖ ਸਕਦੀ ਹੈ ਕਿ ਉਹ ਬੱਚੇ ਨੂੰ ਦੁੱਧ ਚੁੰਘਾਉਣਾ ਚਾਹੁੰਦੀ ਹੈ। ਉਸ ਨੂੰ ਪਹਿਲਾਂ ਹੋ ਚੁੱਕੇ ਸਮਝੌਤੇ ਅਨੁਸਾਰ ਹੀ ਚੱਲਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਸਰੋਗੇਟ ਮਾਂ ਦੇ ਖਿਲਾਫ ਸਮਝੌਤੇ ਦੀ ਉਲੰਘਣਾ ਦਾ ਮਾਮਲਾ ਦਰਜ ਹੋ ਸਕਦਾ ਹੈ।"

ਵਕੀਲ ਸੋਨਾਲੀ ਕਰਵਾਸਰਾ ਜੂਨ ਦਾ ਤਰਕ ਹੈ ਕਿ ਸਰੋਗੇਸੀ ਅਜੇ ਤੱਕ ਇੱਕ ਬਿੱਲ ਦੇ ਰੂਪ 'ਚ ਹੈ ਅਤੇ ਇਸ ਸਬੰਧੀ ਅਜੇ ਕਾਨੂੰਨ ਨਹੀਂ ਬਣਿਆ ਹੈ, ਅਜਿਹੇ 'ਚ ਕੋਈ ਵੀ ਸਰੋਗੇਟ ਮਾਂ ਕਾਨੂੰਨੀ ਤੌਰ 'ਤੇ ਅਧਿਕਾਰ ਦੀ ਮੰਗ ਕਿਵੇਂ ਕਰ ਸਕਦੀ ਹੈ।

"ਕਾਨੂੰਨ 'ਚ ਗੋਦ ਲੈਣ ਦੇ ਮਾਂ ਦੇ ਅਧਿਕਾਰਾਂ ਤੋਂ ਵੱਧ ਬੱਚੇ ਦੀ ਭਲਾਈ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ। ਜੇਕਰ ਇਸ 'ਚ ਕਿਹਾ ਜਾਂਦਾ ਹੈ ਕਿ ਇੱਕ ਬੱਚੇ ਲਈ ਮਾਂ ਦਾ ਦੁੱਧ ਜ਼ਰੂਰੀ ਹੈ ਤਾਂ ਉਹ ਅਧਿਕਾਰ ਦੇ ਘੇਰੇ 'ਚ ਆਵੇਗਾ।''

''ਹਾਲਾਂਕਿ ਜੇਕਰ ਤੁਸੀਂ ਬੱਚਾ ਗੋਦ ਦੇ ਦਿੱਤਾ ਹੈ ਤਾਂ ਤੁਸੀਂ ਬੱਚੇ 'ਤੇ ਆਪਣਾ ਹੱਕ ਗੁਆ ਦਿੰਦੇ ਹੋ। ਭਵਿੱਖ 'ਚ ਇਸ 'ਤੇ ਕੋਈ ਅਜਿਹਾ ਫੈਸਲਾ ਆ ਸਕਦਾ ਹੈ ਪਰ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਹੈ ਕਿ ਜੇਕਰ ਦੁੱਧ ਚੁੰਘਾਉਣ ਵਾਲੀ ਮਾਂ ਨੇ ਆਪਣਾ ਬੱਚਾ ਗੋਦ ਦੇ ਦਿੱਤਾ ਹੈ ਤਾਂ ਉਸ ਦੇ ਅਧਿਕਾਰ ਕੀ ਹੋਣਗੇ।"

ਬਰੈਸਟ ਪੰਪ

ਤਸਵੀਰ ਸਰੋਤ, MediaNews Group/Reading Eagle via Getty Images

ਤਸਵੀਰ ਕੈਪਸ਼ਨ, ਬਰੈਸਟ ਪੰਪ

ਉਹ ਅੱਗੇ ਕਹਿੰਦੀ ਹੈ, "ਜ਼ਮੀਨੀ ਹਕੀਕਤ ਇਹ ਹੀ ਹੈ, ਅਦਾਲਤਾਂ ਭਵਿੱਖ 'ਚ ਵੀ ਅਜਿਹਾ ਕੁਝ ਨਹੀਂ ਕਰਨਗੀਆਂ ਜਿਸ 'ਚ ਬੱਚੇ ਦੀ ਭਲਾਈ ਨਾ ਹੋਵੇ ਅਤੇ ਜਿਸ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਦੇ ਅਧਿਕਾਰਾਂ ਨਾਲ ਸੁੰਤਲਿਤ ਕੀਤਾ ਜਾ ਸਕੇ।"

ਸਰੋਗੇਟ ਮਾਂ ਦੀ ਤੁਲਨਾ ਆਮ ਮਾਂ ਨਾਲ ਨਹੀਂ ਹੋ ਸਕਦੀ ਹੈ

ਗੁਜਰਾਤ ਦੇ ਇੱਕ ਨਿੱਜੀ ਆਈਵੀਐਫ ਕਲੀਨਿਕ ਦੀ ਡਾਕਟਰ ਨੈਨਾ ਪਟੇਲ ਦਾ ਕਹਿਣਾ ਹੈ ਕਿ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇੱਕ ਸਰੋਗੇਟ ਮਾਂ ਬੱਚੇ ਦੇ ਜਨਮ ਤੋਂ ਛੇ ਹਫ਼ਤੇ ਤੱਕ ਉਸ ਨੂੰ ਆਪਣਾ ਦੁੱਧ ਪਿਲਾ ਸਕਦੀ ਹੈ।

"ਸਰੋਗੇਟ ਮਾਮਲੇ 'ਚ ਇਹ ਸਪੱਸ਼ਟ ਹੁੰਦਾ ਹੈ ਕਿ ਜੈਨੇਟਿਕ ਤੌਰ 'ਤੇ ਬੱਚਾ ਕਿਸੇ ਹੋਰ ਦਾ ਹੈ ਅਤੇ ਉਹ ਸਿਰਫ ਤਾਂ ਸਿਰਫ ਬੱਚੇ ਨੂੰ ਜਨਮ ਦੇ ਰਹੀ ਹੈ। ਅਜਿਹੇ 'ਚ ਉਸ ਦੀ ਤੁਲਨਾ ਆਮ ਮਾਂ ਨਾਲ ਹੋ ਹੀ ਨਹੀਂ ਸਕਦੀ ਹੈ।"

ਉਹ ਅੱਗੇ ਕਹਿੰਦੀ ਹੈ ਕਿ ਇੱਕ ਸਰੋਗੇਟ ਮਾਂ ਆਪਣਾ ਦੁੱਧ ਬੱਚੇ ਨੂੰ ਨਹੀਂ ਚੁੰਘਾ ਸਕਦੀ ਹੈ ਕਿਉਂਕਿ ਅਜਿਹਾ ਇਸ ਲਈ ਹੁੰਦਾ ਹੈ ਤਾਂ ਕਿ ਬੱਚੇ ਅਤੇ ਸਰੋਗੇਟ ਮਾਂ 'ਚ ਕੋਈ ਸੰਬੰਧ ਨਾ ਬਣ ਜਾਵੇ। ਅਜਿਹੀ ਸਥਿਤੀ 'ਚ ਸਰੋਗੇਟ ਮਾਂ ਪੰਪ ਨਾਲ ਦੁੱਧ ਕੱਢ ਕੇ ਬੋਤਲ ਜ਼ਰੀਏ ਬੱਚੇ ਨੂੰ ਦੁੱਧ ਪਿਲਾਉਂਦੀ ਹੈ।

"ਇੱਕ ਸਰੋਗੇਟ ਮਾਂ 15 ਦਿਨ ਤੱਕ ਆਪਣਾ ਦੁੱਧ ਨਵਜਨਮੇ ਬੱਚੇ ਨੂੰ ਪਿਲਾ ਸਕਦੀ ਹੈ ਅਤੇ ਜੇਕਰ ਜੋੜਾ ਚਾਹੇ ਤਾਂ ਇਸ ਮਿਆਦ ਨੂੰ ਵਧਾਇਆ ਵੀ ਜਾ ਸਕਦਾ ਹੈ। ਪਰ ਇਸ ਲਈ ਦੋਵਾਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ।"

"ਇਸ ਮਾਮਲੇ 'ਚ ਕੋਈ ਇੱਕ ਧਿਰ ਇਕੱਲਿਆਂ ਫੈਸਲਾ ਨਹੀਂ ਲੈ ਸਕਦੀ ਹੈ, ਕਿਉਂਕਿ ਇਹ ਸਭ ਸਮਝੌਤੇ ਦੇ ਅਨੁਸਾਰ ਹੁੰਦਾ ਹੈ ਅਤੇ ਦੋਵੇਂ ਹੀ ਧਿਰਾਂ ਇਸ ਨੂੰ ਸਵੀਕਾਰ ਕਰਦੀਆਂ ਹਨ।"

ਇਸ ਦੇ ਨਾਲ ਹੀ ਡਾ, ਨੈਨਾ ਨੇ ਕਿਹਾ ਕਿ ਉਨ੍ਹਾਂ ਕੋਲ ਸਰੋਗੇਸੀ ਦੇ ਅਜਿਹੇ ਮਾਮਲੇ ਵੀ ਆਉਂਦੇ ਹਨ, ਜਿਸ 'ਚ 50% ਔਰਤਾਂ ਹੁਣ ਇੰਡਿਊਸਡ ਲੇਕਟੇਸ਼ਨ ਭਾਵ ਹਾਰਮੋਨ ਦੇ ਜ਼ਰੀਏ ਦੁੱਧ ਚੁੰਘਾਉਣ ਦੀ ਪ੍ਰਕਿਰਿਆ ਨੂੰ ਅਪਣਾਉਂਦੀਆਂ ਹਨ।

ਇਹ ਔਰਤਾਂ ਸਰੋਗੇਟ ਮਾਂ ਦੇ ਤਕਰੀਬਨ ਛੇਵੇਂ ਮਹੀਨੇ 'ਚ ਪਹੁੰਚਣ 'ਤੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੰਦੀਆਂ ਹਨ ਅਤੇ ਅਜਿਹੇ ਸਥਿਤੀ 'ਚ ਘੱਟ ਤੋਂ ਘੱਟ 40% ਔਰਤਾਂ ਦਾ ਦੁੱਧ ਬਣਨ ਵੀ ਲੱਗ ਜਾਂਦਾ ਹੈ।

ਡਾ਼ ਭਾਵਨਾ ਚੌਧਰੀ

ਤਸਵੀਰ ਸਰੋਤ, Dr Bhawna Choudhary

ਤਸਵੀਰ ਕੈਪਸ਼ਨ, ਡਾ਼ ਭਾਵਨਾ ਚੌਧਰੀ

ਇੰਡਿਊਸਡ ਲੇਕਟੇਸ਼ਨ ਕੀ ਹੈ?

ਮੈਕਸ ਹਸਪਤਾਲ 'ਚ ਪ੍ਰਿੰਸਿਪਲ ਕੰਸਲਟੈਂਟ ਅਤੇ ਔਰਤਾਂ ਦੇ ਰੋਗਾਂ ਦੀ ਮਾਹਰ ਡਾ਼ ਭਾਵਨਾ ਚੌਧਰੀ ਜਾਣਕਾਰੀ ਦਿੰਦੀ ਹੈ ਕਿ ਇੰਡੀਊਸਡ ਲੇਕਟੇਸ਼ਨ, ਉਹ ਪ੍ਰਕਿਰਿਆ ਹੈ, ਜਿਸ 'ਚ ਇੱਕ ਔਰਤ ਬੱਚੇ ਨੂੰ ਜਨਮ ਤਾਂ ਨਹੀਂ ਦਿੰਦੀ ਪਰ ਬਣਾਵਟੀ ਢੰਗ ਨਾਲ ਉਸ ਦੀ ਛਾਤੀ 'ਚ ਦੁੱਧ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਬੱਚੇ ਨੂੰ ਦੁੱਧ ਚੁੰਘਾ ਸਕੇ।

ਇਸ ਪ੍ਰਕਿਰਿਆ ਦੇ ਤਹਿਤ ਉਸ ਔਰਤ ਨੂੰ ਹਾਰਮੋਨ ਅਤੇ ਹੋਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਨੂੰ ਦੁੱਧ ਚੁੰਘਾਉਣ ਲਈ ਤਿਆਰ ਕੀਤਾ ਜਾਂਦਾ ਹੈ।

ਉਹ ਅੱਗੇ ਦੱਸਦੀ ਹੈ ਕਿ ਇਸ ਦੁੱਧ ਦੀ ਗੁਣਵੱਤਾ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੇ ਦੁੱਧ ਵਰਗੀ ਹੀ ਹੁੰਦੀ ਹੈ।

ਇਸ ਦੇ ਲਾਭਾਂ ਅਤੇ ਨੁਕਸਾਨ ਬਾਰੇ ਦੱਸਦਿਆਂ ਡਾ. ਭਾਵਨਾ ਕਹਿੰਦੀ ਹੈ, "ਜੇਕਰ ਕਿਸੇ ਜੋੜੇ ਨੇ ਸਰੋਗੇਸੀ ਜਾਂ ਫਿਰ ਦੁੱਧ ਚੁੰਘਣ ਵਾਲੇ ਬੱਚੇ ਨੂੰ ਗੋਦ ਲਿਆ ਹੈ ਤਾਂ ਇੱਕ ਔਰਤ ਇਸ ਬਣਾਵਟੀ ਪ੍ਰਕਿਰਿਆ ਨੂੰ ਅਪਣਾ ਕੇ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੀ ਹੈ ਅਤੇ ਇਸ ਨਾਲ ਬੱਚੇ ਅਤੇ ਮਾਂ ਵਿਚਾਲੇ ਭਾਵਨਾਤਮਕ ਸੰਬੰਧ ਵੀ ਬਣ ਜਾਂਦਾ ਹੈ।"

ਪਰ ਕਿਉਂਕਿ ਇਹ ਇੱਕ ਬਣਾਵਟੀ ਪ੍ਰਕਿਰਿਆ ਹੈ ਇਸ ਲਈ ਸਰੀਰ 'ਚ ਜਾਣ ਵਾਲੇ ਹਾਰਮੋਨ ਅਤੇ ਦਵਾਈਆਂ ਦੇ ਕਾਰਨ ਔਰਤ ਦਾ ਸਰੀਰ ਵੀ ਪ੍ਰਭਾਵਤ ਹੋ ਸਕਦਾ ਹੈ। ਔਰਤ ਦੇ ਸਰੀਰ 'ਚ ਮਾੜੇ ਮੋਟੇ ਨਾਕਾਰਤਮਕ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ।

ਕਰਨਾਟਕ 'ਚ ਆਏ ਇਸ ਤਾਜ਼ਾ ਮਾਮਲੇ 'ਚ ਪਾਲਕ ਮਾਂ ਦਾ ਇਹ ਕਹਿਣਾ ਹੈ ਕਿ ਉਸ ਦੇ ਕੋਈ ਬੱਚਾ ਨਹੀਂ ਹੈ, ਇਸ ਲਈ ਇਹ ਬੱਚਾ ਉਸ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਇਸ 'ਤੇ ਅਦਾਲਤ ਨੇ ਕਿਹਾ ਕਿ, "ਬੱਚਾ ਕੋਈ ਚੀਜ਼ ਨਹੀਂ ਹੈ ਅਤੇ ਕਿਉਂਕਿ ਉਹ ਗਿਣਤੀ 'ਚ ਵੱਧ ਜਾਂ ਘੱਟ ਹੈ ਤਾਂ ਇਸ ਅਧਾਰ 'ਤੇ ਬੱਚੇ ਨੂੰ ਜੈਨੇਟਿਕ ਮਾਂ ਅਤੇ ਅਜਨਬੀ ਮਾਂ ਵਿਚਾਲੇ ਵੰਡ ਦਿੱਤਾ ਜਾਵੇ।"

ਬਾਅਦ 'ਚ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਪਾਲਕ ਮਾਂ ਨੇ ਬੱਚੇ ਦੀ ਕਸਟੱਡੀ ਜੈਨੇਟਿਕ ਮਾਂ ਨੂੰ ਸੌਂਪ ਦਿੱਤੀ ਹੈ, ਇਸ ਦੇ ਬਦਲੇ 'ਚ ਜੈਨੇਟਿਕ ਮਾਂ ਨੇ ਪਾਲਕ ਮਾਂ ਨੂੰ ਆਪਣੀ ਇੱਛਾ ਅਨੁਸਾਰ ਮਿਲਣ ਦੀ ਇਜਾਜ਼ਤ ਦਿੱਤੀ ਹੈ।

ਇਸ 'ਤੇ ਅਦਾਲਤ ਦਾ ਕਹਿਣਾ ਸੀ, "ਦੋ ਵੱਖੋ ਵੱਖ ਧਰਮਾਂ, ਪਿਛੋਕੜ ਨਾਮ ਸੰਬੰਧ ਰੱਖਣ ਵਾਲੀਆਂ ਇੰਨ੍ਹਾਂ ਦੋਵਾਂ ਔਰਤਾਂ ਨੇ ਜੋ ਭਾਵਨਾ ਵਿਖਾਈ ਹੈ ਉਹ ਅੱਜ ਦੇ ਸਮੇਂ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ। ਹਾਲਾਂਕਿ ਇਸ ਬੱਚੇ ਦੀ ਕਸਟੱਡੀ ਨੂੰ ਲੈ ਕੇ ਕਾਨੂੰਨੀ ਲੜਾਈ ਇੱਕ ਖੁਸ਼ਗਵਾਰ ਮੋੜ 'ਤੇ ਆ ਕੇ ਹਮੇਸ਼ਾ ਲਈ ਖ਼ਤਮ ਹੋ ਗਈ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)