ਪੰਜਾਬ ਦੇ ਕਈ ਆਈਲੈਟਸ ਸੈਂਟਰ ਕਿਵੇਂ ਕੈਨੇਡਾ ਤੇ ਹੋਰ ਦੇਸ਼ਾਂ ਦੀ ਸਟੂਡੈਂਟ ਵੀਜ਼ਾ ਦੀ ਨੀਤੀ ਕਾਰਨ ਬੰਦ ਹੋਣ ਦੀ ਕਗਾਰ ’ਤੇ ਆਏ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਪਿਛਲੇ ਸਾਲ ਸਾਡੇ ਕੋਲ ਆਈਲੈਟਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਭੀੜ ਸੀ, ਸ਼ਿਫ਼ਟਾਂ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਪ੍ਰਬੰਧ ਕਰਨਾ ਪੈਂਦਾ ਸੀ, ਪਰ ਇਸ ਸਾਲ ਕਲਾਸ ਰੂਮ ਖ਼ਾਲੀ ਪਏ ਹਨ।”
ਇਹ ਸ਼ਬਦ ਹਨ ਸਿਮਰ ਗਿੱਲ ਦੇ, ਜੋ ਬਠਿੰਡਾ ਵਿੱਚ ਇੱਕ ਆਈਲੈਟਸ ਅਤੇ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕ ਹਨ।
ਸਿਮਰ ਗਿੱਲ ਦੱਸਦੇ ਹਨ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਕਦੇ ਵੀ ਅਜਿਹਾ ਮਾਹੌਲ ਉਨ੍ਹਾਂ ਨੇ ਨਹੀਂ ਦੇਖਿਆ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਘਾਟ ਦੇ ਕਾਰਨ ਉਨ੍ਹਾਂ ਨੇ ਆਪਣੇ ਦਫ਼ਤਰ ਦਾ ਸਾਈਜ਼ ਵੀ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਕੁਝ ਸਟਾਫ਼ ਦੀ ਵੀ ਛਾਂਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ̛ਤੇ ਦੋ ਸਾਲ ਲਈ ਕੈਪਿੰਗ ਕੀਤੀ ਹੈ। ਜਿਸ ਕਾਰਨ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਹੋਵੇਗੀ।

ਅਮਨਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਨੌਕਰੀ ਛੱਡ ਕੇ ਬਠਿੰਡਾ ਵਿੱਚ ਆਈਲੈਟਸ ਕੋਚਿੰਗ ਸੈਂਟਰ ਖੋਲ੍ਹ ਕੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ।
ਅਮਨਦੀਪ ਸਿੰਘ ਮੁਤਾਬਕ ਵਿਦਿਆਰਥੀਆਂ ਦਾ ਝੁਕਾਅ ਵਿਦੇਸ਼ ਵੱਲ ਹੋਣ ਕਰ ਕੇ ਉਨ੍ਹਾਂ ਦਾ ਕੰਮ ਠੀਕ ਚੱਲ ਪਿਆ ਸੀ ਪਰ ਹੁਣ ਉਹ ਮੰਦੀ ਕਾਰਨ ਹੋਰ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ।
ਅਮਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਭੀੜ ਕਾਰਨ ਉਨ੍ਹਾਂ ਨੇ ਚਾਰ ਕਮਰਿਆਂ ਵਿੱਚ ਕਲਾਸ ਰੂਮ ਬਣਾਏ ਹੋਏ ਸਨ ਜਿਸ ਵਿਚੋਂ ਤਿੰਨ ਹੁਣ ਬੰਦ ਪਏ ਹਨ ਅਤੇ ਸਿਰਫ਼ ਇੱਕ ਕਲਾਸ ਰੂਮ ਵਿੱਚ ਹੀ ਕੁਝ ਹੀ ਵਿਦਿਆਰਥੀਆਂ ਨੂੰ ਕੋਚਿੰਗ ਦੇ ਰਹੇ ਹਨ।
ਵਿਦਿਆਰਥੀਆਂ ਦੀ ਘਾਟ ਦੇ ਕਾਰਨ ਉਨ੍ਹਾਂ ਨੇ ਸ਼ਾਮ ਵੇਲੇ ਲੰਗਣ ਵਾਲੀਆਂ ਕਲਾਸਾਂ ਤਾਂ ਬੰਦ ਹੀ ਕਰ ਦਿੱਤੀਆਂ ਹਨ। ਹੁਣ ਸਿਰਫ਼ ਸਵੇਰ ਵੇਲੇ ਕੁਝ ਵਿਦਿਆਰਥੀ ਕੋਚਿੰਗ ਲਈ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਕੋਚਿੰਗ ਸੈਂਟਰ ਦਾ ਕਿਰਾਇਆ, ਸਟਾਫ਼ ਦੀ ਤਨਖ਼ਾਹ ਲਈ ਪੈਸੇ ਕੱਢਣੇ ਇਸ ਵੇਲੇ ਔਖੇ ਹਨ।

ਅਮਨਦੀਪ ਦੱਸਦੇ ਹਨ ਕਿ ਫ਼ਿਲਹਾਲ ਦੋ ਸਾਲ ਲਈ ਕੈਨੇਡਾ ਨੇ ਸਟੂਡੈਂਟਸ ਵੀਜ਼ੇ ਉੱਤੇ ਕੈਪਿੰਗ ਕੀਤੀ ਹੈ ਇਸ ਕਰ ਕੇ ਮੌਜੂਦਾ ਸਥਿਤੀ ਨੂੰ ਦੇਖਦੇ ਹੁਣ ਨਵਾਂ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ ਕਿਉਂਕਿ ਹਾਲਤ ਠੀਕ ਹੋਣ ਦੀ ਉਮੀਦ ਫ਼ਿਲਹਾਲ ਦਿਖਾਈ ਨਹੀਂ ਦੇ ਰਹੀ।
ਯਾਦ ਰਹੇ ਕਿ ਬਠਿੰਡਾ ਮਾਲਵਾ ਦਾ ਉਹ ਸ਼ਹਿਰ ਹੈ ਜਿੱਥੇ ਇਸ ਖ਼ਿੱਤੇ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਸਭ ਤੋਂ ਵੱਧ ਆਈਲੈਟਸ ਸੈਂਟਰ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਦਫ਼ਤਰ ਹਨ।

ਕਿਉਂ ਹੋਇਆ ਇੰਡਸਟਰੀ ਦਾ ਬੁਰਾ ਹਾਲ
ਉੱਤਰੀ ਭਾਰਤੀ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਕਿੱਤੇ ਨਾਲ ਜੁੜੀ ਗ੍ਰੇ ਮੈਟਰ ਕੰਪਨੀ 1997 ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ।
ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਸੋਨੀਆ ਧਵਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵੀਜ਼ਾ ਨਿਯਮਾਂ ਵਿੱਚ ਬਦਲਾਅ ਦੇ ਕਾਰਨ ਕਾਰੋਬਾਰ ਉੱਤੇ ਕਾਫ਼ੀ ਅਸਰ ਹੈ।
ਉਨ੍ਹਾਂ ਦੱਸਿਆ ਪਹਿਲਾਂ ਕੈਨੇਡਾ ਨੇ ਜੀਆਈਸੀ ਵਿੱਚ ਵਾਧਾ ਕੀਤਾ ਅਤੇ ਫਿਰ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਜਿਸ ਕਾਰਨ ਉੱਥੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋਈ ਹੈ।
ਸੋਨੀਆ ਮੁਤਾਬਕ ਇਨ੍ਹਾਂ ਬਦਲਾਵਾਂ ਦਾ ਅਸਰ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਕਿੱਤੇ ਉੱਤੇ ਪੈਣਾ ਸੁਭਾਵਿਕ ਸੀ।

ਸੋਨੀਆ ਧਵਨ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀਆਂ 73 ਤੋਂ ਜ਼ਿਆਦਾ ਬਰਾਂਚਾਂ ਹਨ ਜਿਨ੍ਹਾਂ ਵਿਚੋਂ ਉਹ 20 ਤੋਂ 25 ਬਰਾਂਚਾਂ ਉਹ ਬੰਦ ਕਰਨ ਬਾਰੇ ਸੋਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੈਨੇਡਾ ਨੇ ਵੀਜਾ ਨਿਯਮਾਂ ਵਿੱਚ ਜੋ ਬਦਲਾਅ ਕੀਤਾ ਹੈ ਉਸ ਦਾ ਫ਼ਾਇਦਾ ਉੱਥੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਹੀ ਭਵਿੱਖ ਵਿੱਚ ਹੋਵੇਗਾ।
ਸੋਨੀਆ ਧਵਨ ਮੰਨਦੇ ਹਨ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਅਜੇ ਵੀ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ।
ਉਨ੍ਹਾਂ ਮੁਤਾਬਕ ਜੇਕਰ ਕੋਈ ਵਿਦਿਆਰਥੀ ਮਾਸਟਰ ਡਿਗਰੀ ਕਰਨ ਦੇ ਲਈ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਰਸਤੇ ਅਜੇ ਵੀ ਖੁੱਲ੍ਹੇ ਹਨ।
ਬਠਿੰਡਾ ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕਰਨ ਸਿੰਘ ਬਰਾੜ ਆਖਦੇ ਹਨ ਕਿ ਬਠਿੰਡਾ ਦੀ ਅਜੀਤ ਰੋਡ ਆਈਲੈਟਸ ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਮਾਹਰਾਂ ਕਰ ਕੇ ਜਾਣੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸ ਸਮੇਂ ਇੱਥੇ ਇੰਨੀ ਜ਼ਿਆਦਾ ਭੀੜ ਹੁੰਦੀ ਸੀ ਕਿ ਹਰ ਪਾਸੇ ਵਿਦਿਆਰਥੀ ਹੀ ਵਿਦਿਆਰਥੀ ਨਜ਼ਰ ਆਉਂਦੇ ਸਨ ਪਰ ਮੌਜੂਦਾ ਸਮੇਂ ਵਿੱਚ ਅਜੀਤ ਰੋਡ ਖ਼ਾਲੀ ਪਈ ਹੈ, ਪਹਿਲਾਂ ਦੇ ਮੁਕਾਬਲੇ ਕੰਮ ਕਾਫੀ ਘੱਟ ਗਿਆ ਹੈ ਅਤੇ ਕਈ ਕੰਪਨੀਆਂ ਨੇ ਆਪਣੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਕਈਆਂ ਨੇ ਸਟਾਫ਼ ਘਟਾ ਦਿੱਤਾ ਹੈ।

ਕਿੰਨੀ ਵੱਡੀ ਹੈ ਆਈਲੈਟਸ ਦੀ ਇੰਡਸਟਰੀ
ਅਸਲ ਵਿੱਚ ਸਟੂਡੈਂਟ ਵੀਜ਼ੇ ਲਈ ਆਈਲੈਟਸ ਦੀ ਪ੍ਰੀਖਿਆ ਵਿੱਚ (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟ ਸਿਸਟਮ) ਵੱਖ ਵੱਖ ਦੇਸ਼ਾਂ ਵੱਲੋਂ ਤੈਅ ਕੀਤਾ ਸਕੋਰ ਲੈਣਾ ਜ਼ਰੂਰੀ ਹੈ।
ਵਿਦੇਸ਼ ਦੇ ਜਾਣ ਦੇ ਚਾਹਵਾਨ ਵਿਦਿਆਰਥੀਆਂ ਦਾ ਰੁਝਾਨ ਇਸ ਟੈਸਟ ਵੱਲ 2015 ਤੋਂ ਬਾਅਦ ਲਗਾਤਾਰ ਵਧਿਆ।
ਮੰਗ ਨੂੰ ਦੇਖਦੇ ਹੋਏ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਆਈਲੈਟਸ ਸੈਂਟਰਾਂ ਦੀ ਗਿਣਤੀ ਵੱਧਣ ਲੱਗੀ ਅਤੇ ਪਿਛਲੇ ਇੱਕ ਦਹਾਕੇ ਦੌਰਾਨ ਇਹ ਵੱਡਾ ਕਾਰੋਬਾਰ ਬਣ ਗਿਆ।
ਆਈਲੈਟਸ ਦੇ ਨਾਲ ਨਾਲ ਪੀਟੀਈ ਯਾਨੀ ਪੀਅਰਸਨ ਟੈਸਟ ਆਫ਼ ਇੰਗਲਿਸ਼ ਅਤੇ ਟੌਫਲ (ਵਿਦੇਸ਼ੀ ਭਾਸ਼ਾ ਦੇ ਤੌਰ ਉੱਤੇ ਅੰਗਰੇਜ਼ੀ ਭਾਸ਼ਾ ਦਾ ਟੈਸਟ) ਦੇ ਟੈਸਟ ਵੱਲ ਵੀ ਵਿਦਿਆਰਥੀਆਂ ਦਾ ਰੁਝਾਨ ਕਾਫੀ ਦੇਖਣ ਨੂੰ ਮਿਲਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਲ 2023 ਦੇ ਸਰਵੇ ਮੁਤਾਬਕ ਸਾਲ 2015 ਤੋਂ ਬਾਅਦ ਪੰਜਾਬ ਦੇ ਵਿਦਿਆਰਥੀਆਂ ਵਿੱਚ ਵਿਦੇਸ਼ ਖ਼ਾਸ ਤੌਰ ਉੱਤੇ ਕੈਨੇਡਾ ਜਾਣ ਦੇ ਰੁਝਾਨ ਵਿੱਚ ਕਾਫ਼ੀ ਵਾਧਾ ਹੋਇਆ।
ਇਸ ਲਈ ਜ਼ਿਆਦਾਤਰ ਨੌਜਵਾਨਾਂ ਨੇ ਸਟੂਡੈਂਟ ਵੀਜ਼ੇ ਦੇ ਲਈ ਲਈ ਆਈਲੈਟਸ ਨੂੰ ਤਰਜ਼ੀਹ ਜਿਆਦਾ ਦਿੱਤੀ।
ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਹਰ ਘਰ ਵਿੱਚ ਵਿਦੇਸ਼ ਜਾਣ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਹਨ। ਇਸ ਦਾ ਪ੍ਰਤੱਖ ਪ੍ਰਮਾਣ ਹਨ ਥਾਂ-ਥਾਂ ਖੁੱਲ੍ਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ।
ਸਰਵੇ ਮੁਤਾਬਕ ਭਾਰਤ ਵਿੱਚ ਸਾਲ 2017- 18 ਵਿੱਚ ਸਾਢੇ ਸੱਤ ਲੱਖ ਵਿਦਿਆਰਥੀਆਂ ਨੇ ਆਈਲੈਟਸ ਦਾ ਪੇਪਰ ਦਿੱਤਾ ਸੀ ਜਿਸ ਵਿੱਚੋਂ 60 ਫ਼ੀਸਦੀ ਵਿਦਿਆਰਥੀ ਪੰਜਾਬ ਤੋਂ ਸਨ।
ਸਰਵੇ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 17 ਹਜ਼ਾਰ 500 ਆਈਲਸ ਸੈਂਟਰ ਹਨ ਅਤੇ 1081 ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਹਨ।
ਇਸ ਤੋਂ ਇਲਾਵਾ ਗ਼ੈਰ ਮਨਜ਼ੂਰਸ਼ੁਦਾ ਅਤੇ ਆਨਲਾਈਨ ਕੋਚਿੰਗ ਸੈਂਟਰ ਵੀ ਹਨ, ਜਿਨ੍ਹਾਂ ਦੀ ਅਧਿਕਾਰਿਤ ਗਿਣਤੀ ਨਹੀਂ ਹੈ।
ਜਾਣਕਾਰ ਦੱਸਦੇ ਹਨ ਕਿ 2015 ਤੋਂ ਬਾਅਦ ਇਸ ਇੰਡਸਟਰੀ ਵਿੱਚ ਇੱਕ ਦਮ ਉਛਾਲ ਆਇਆ ਅਤੇ ਜੋ ਲਗਾਤਾਰ ਵਧਦਾ ਗਿਆ।

ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ ਆਈਲੈਟਸ ਕੋਚਿੰਗ ਇੰਡਸਟਰੀ ਕਰੀਬ ਸਾਲਾਨਾ 1000 ਕਰੋੜ ਰੁਪਏ ਦੀ ਹੈ।
ਕਰੀਬ 15 ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਕਿੱਤੇ ਨਾਲ ਜੁੜੇ ਰੁਪਿੰਦਰ ਸਿੰਘ ਆਖਦੇ ਹਨ ਕਾਰੋਬਾਰ ਦੀ ਜੋ ਮੌਜੂਦਾ ਸਥਿਤੀ ਹੈ ਉਹ ਪਹਿਲਾਂ ਕਦੇ ਵੀ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਹਿਲਾਂ ਹੀ ਸਟੂਡੈਂਟ ਵੀਜ਼ੇ ਦੇ ਨਿਯਮ ਸਖ਼ਤ ਕੀਤੇ ਹੋਏ ਸਨ ਸਿਰਫ਼ ਕੈਨੇਡਾ ਹੀ ਅਜਿਹਾ ਦੇਸ਼ ਸੀ ਜਿੱਥੇ ਵਿਦਿਆਰਥੀ ਜਾਣ ਨੂੰ ਤਰਜ਼ੀਹ ਦਿੰਦੇ ਸਨ।
ਇੰਡਸਟਰੀ ਦੀ ਮੌਜੂਦਾ ਸਥਿਤੀ ਉੱਤੇ ਟਿੱਪਣੀ ਕਰਦਿਆਂ ਰੁਪਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਵੱਡੀਆਂ ਆਈਲੈਟਸ ਕੰਪਨੀਆਂ ਦੇ ਦਫ਼ਤਰ ਬੰਦ ਹੋ ਰਹੇ ਹਨ ਤਾਂ ਛੋਟੇ ਸੈਂਟਰਾਂ ਦੀ ਹਾਲਤ ਮੁਕਾਬਲਤਨ ਖ਼ਰਾਬ ਹੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਿਰਫ਼ ਆਈਲੈਟਸ ਅਤੇ ਇਮੀਗਰੇਸ਼ਨ ਕੰਪਨੀਆਂ ਉੱਤੇ ਹੀ ਮੌਜੂਦਾ ਸਥਿਤੀ ਦਾ ਅਸਰ ਨਹੀਂ ਹੋ ਰਿਹਾ ਬਲਕਿ ਇਸ ਨਾਲ ਜੁੜੇ ਹੋਰ ਲੋਕਾਂ ਜਿਵੇਂ ਕੋਚਿੰਗ ਦੇਣ ਵਾਲੇ ਅਧਿਆਪਕਾਂ ̛ਤੇ ਵੀ ਅਸਰ ਹੋ ਰਿਹਾ ਹੈ।
ਰੁਪਿੰਦਰ ਦੱਸਦੇ ਹਨ ਕਿ ਇੰਡਸਟਰੀ ਕਿੰਨੀ ਵੱਡੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿੰਡਾਂ ਵਿੱਚ “ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਓ” ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਹਨ।
ਉਹ ਕਹਿੰਦੇ ਹਨ ਕਿ ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਇਹੀ ਕੰਮ ਚੱਲ ਰਿਹਾ ਸੀ ਅਤੇ ਇਸੇ ਕਰ ਕੇ ਇਸ ਨੇ ਕਾਰੋਬਾਰ ਦਾ ਰੂਪ ਲੈ ਲਿਆ।
ਉਨ੍ਹਾਂ ਮੁਤਾਬਕ ਲੱਖਾਂ ਬੱਚੇ ਪੰਜਾਬ ਤੋਂ ਪੜ੍ਹਾਈ ਲਈ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਗਏ ਅਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ।
ਰਪਿੰਦਰ ਸਿੰਘ ਨੇ ਦੱਸਿਆ ਪਹਿਲਾਂ ਜੇਕਰ ਇੱਕ ਦੇਸ਼ ਵੀਜ਼ਾ ਨਿਯਮ ਵਿੱਚ ਬਦਲਾਅ ਕਰਦਾ ਤਾਂ ਹੋਰ ਦੇਸ਼ਾਂ ਦੇ ਵਿਕਲਪ ਮੌਜੂਦ ਰਹਿੰਦੇ ਸੀ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਹੀ ਦੇਸ਼ਾਂ ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ ਜਿਸ ਕਾਰਨ ਇੰਡਸਟਰੀ ਇਸ ਸਮੇਂ ਕਾਫ਼ੀ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਹੀ ਹੈ।













