ਸੁਪਰ ਵੀਜ਼ਾ ਕੀ ਹੈ, ਜਿਸ ਰਾਹੀ ਮਾਪਿਆਂ ਨੂੰ ਕੈਨੇਡਾ ਬੁਲਾ ਸਕਣਗੇ ਬੱਚੇ, 28 ਜੁਲਾਈ ਤੋਂ ਸ਼ੁਰੂ ਹੋ ਰਹੇ ਪ੍ਰੋਗਰਾਮ 'ਚ ਕੀ ਹੈ ਵੱਖਰਾ

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਪੇਰੇਂਟਸ ਐਂਡ ਗਰੈਂਡ ਪੈਰੇਂਟਸ ਪ੍ਰੋਗਰਾਮ (ਪੀਜੀਪੀ) ਤਹਿਤ ਸੱਦਾ ਭੇਜਣ ਦੀ ਜਾਣਕਾਰੀ ਦਿੱਤੀ ਹੈ।
ਕੈਨੇਡਾ ਵੀਜ਼ਾ ਦੀ ਵੈਬਸਾਈਟ 'ਤੇ 16 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ, 2025 ਦੇ ਪੀਜੀਪੀ ਸੱਦਿਆਂ ਦਾ ਦੌਰ ਆਉਂਦੀ 28 ਜੁਲਾਈ ਤੋਂ ਸ਼ੁਰੂ ਹੋਵੇਗਾ।
ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ, ਕੈਨੇਡਾ (ਆਈਆਰਸੀਸੀ) 28 ਜੁਲਾਈ ਤੋਂ ਬਾਅਦ ਦੋ ਹਫ਼ਤਿਆਂ ਦੀ ਮਿਆਦ ਵਿੱਚ 17,860 ਸੱਦੇ ਭੇਜੇਗਾ, ਜਿਸ ਦੇ ਤਹਿਤ 10,000 ਅਰਜ਼ੀਆਂ ਨੂੰ ਸਥਾਈ ਨਿਵਾਸ ਲਈ ਮਨਜ਼ੂਰੀ ਲਈ ਚੁਣਿਆ ਜਾਵੇਗਾ।
ਨੋਟੀਫਿਕੇਸ਼ ਵਿੱਚ ਕਿਹਾ ਗਿਆ ਹੈ ਕਿ ਸਪਾਂਸਰ ਜਿਨ੍ਹਾਂ ਨੇ 2020 ਵਿੱਚ ਅਰਜ਼ੀ ਜਮ੍ਹਾਂ ਕਰਵਾਈ ਸੀ, ਅਤੇ ਜਿਨ੍ਹਾਂ ਨੂੰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਹੈ, ਉਨ੍ਹਾਂ ਨੂੰ 28 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੋ ਹਫ਼ਤਿਆਂ ਦੀ ਮਿਆਦ ਦੌਰਾਨ ਆਪਣੇ ਈਮੇਲ (ਸਪੈਮ ਅਤੇ ਜੰਕ ਫੋਲਡਰਾਂ ਸਮੇਤ) ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜਿਨ੍ਹਾਂ ਸਪਾਂਸਰਾਂ ਨੂੰ ਆਈਟੀਏ (ਇਨਵੀਟੇਸ਼ਨ ਟੂ ਅਪਲਾਈ) ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਆਪਣੀ ਪੀਜੀਪੀ ਅਰਜ਼ੀ ਪਰਮਾਨੈਂਟ ਰੈਜ਼ੀਡੈਂਸ ਪੋਰਟਲ (ਜਾਂ ਰੀਪ੍ਰੈਜ਼ੈਨਟੇਟਿਵ ਪਰਮਾਨੈਂਟ ਰੈਜ਼ੀਡੈਂਸ ਪੋਰਟਲ) ਰਾਹੀਂ ਆਪਣੇ ਸੱਦਿਆਂ 'ਤੇ ਦੱਸੀ ਗਈ ਆਖਰੀ ਮਿਤੀ ਤੱਕ ਜਮ੍ਹਾਂ ਕਰਾਉਣੀ ਚਾਹੀਦੀ ਹੈ।
ਆਓ, ਹੁਣ ਜਾਣਦੇ ਹਾਂ ਕੀ ਪੀਜੀਪੀ ਪ੍ਰੋਗਰਾਮ ਕੀ ਹੈ ਤੇ ਕੌਣ ਇਸ ਲਈ ਅਪਲਾਈ ਕਰ ਸਕਦਾ ਹੈ...
ਕੀ ਹੈ ਪੀਜੀਪੀ ਪ੍ਰੋਗਰਾਮ
ਪੀਜੀਪੀ ਯਾਨੀ ਪੇਰੇਂਟਸ ਐਂਡ ਗਰੈਂਡ ਪੇਰੇਂਟਸ ਪ੍ਰੋਗਰਾਮ, ਇੱਕ ਖ਼ਾਸ ਤਰ੍ਹਾਂ ਦਾ ਪ੍ਰੋਗਰਾਮ ਹੈ, ਜਿਸ ਤਹਿਤ ਕੈਨੇਡਾ ਦੇ ਨਾਗਰਿਕ (ਸਿਟੀਜ਼ਨ) ਅਤੇ ਪੀਆਰ (ਪਰਮਾਨੈਂਟ ਰੈਜ਼ੀਡੈਂਟਸ) ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਪੀਆਰ ਲਗਵਾ ਕੇ ਬੁਲਾਉਂਦੇ ਹਨ।
ਸੁਪਰ ਵੀਜ਼ਾ ਕੀ ਹੈ
ਸੁਪਰ ਵੀਜ਼ਾ, ਉਹ ਵੀਜ਼ਾ ਹੁੰਦਾ ਹੈ ਜਿਸ ਤਹਿਤ ਕੈਨੇਡਾ ਦੇ ਨਾਗਰਿਕ (ਸਿਟੀਜ਼ਨ) ਅਤੇ ਪੀਆਰ (ਪਰਮਾਨੈਂਟ ਰੈਜ਼ੀਡੈਂਟਸ) ਦੇ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਿਆਂ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਹਨ।
ਉੱਥੇ ਜਾ ਕੇ ਇਸ ਵੀਜ਼ਾ ਦੀ ਸਮਾ ਸੀਮਾਂ ਨੂੰ ਵਧਾਇਆ ਵੀ ਜਾ ਸਕਦਾ ਹੈ। 10 ਸਾਲਾਂ ਤੱਕ ਉਹ ਕੈਨੇਡਾ ਵਿੱਚ ਮਲਟੀਪਲ ਐਂਟਰੀ (ਵਾਰ-ਵਾਰ ਦਾਖ਼ਲ) ਵੀ ਕਰ ਸਕਦੇ ਹਨ।

ਸੁਪਰ ਵੀਜ਼ਾ ਇੱਕ ਖ਼ਾਸ ਤਰ੍ਹਾਂ ਦਾ ਵੀਜ਼ਾ ਹੁੰਦਾ ਹੈ, ਜੋ ਕਿ ਕੈਨੇਡਾ ਦੇ ਨਾਗਰਿਕ (ਸਿਟੀਜ਼ਨ) ਅਤੇ ਪੀਆਰ (ਪਰਮਾਨੈਂਟ ਰੈਜ਼ੀਡੈਂਟਸ) ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਬੁਲਾਉਣ ਲਈ ਲਗਵਾ ਸਕਦੇ ਹਨ।
ਇਸ ਤਹਿਤ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਿਆਂ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਹਨ। ਉੱਥੇ ਜਾ ਕੇ ਇਸ ਵੀਜ਼ਾ ਦੀ ਸਮੇਂ ਸੀਮਾਂ ਨੂੰ ਵਧਾਇਆ ਵੀ ਜਾ ਸਕਦਾ ਹੈ। 10 ਸਾਲਾਂ ਤੱਕ ਉਹ ਕੈਨੇਡਾ ਵਿੱਚ ਮਲਟੀਪਲ ਐਂਟਰੀ (ਵਾਰ-ਵਾਰ ਦਾਖ਼ਲ) ਵੀ ਕਰ ਸਕਦੇ ਹਨ।
ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਪਰ ਵੀਜ਼ਾ ਪ੍ਰੋਗਰਾਮ ਤਹਿਤ ਪ੍ਰਕਿਰਿਆ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ।

ਤਸਵੀਰ ਸਰੋਤ, Getty Images
ਸੁਪਰ ਵੀਜ਼ਾ, ਵਿਜ਼ੀਟਰ ਵੀਜ਼ਾ ਤੋਂ ਵੱਖਰਾ ਕਿਵੇਂ ਹੈ?
ਸੁਪਰ ਵੀਜ਼ਾ, ਵਿਜ਼ੀਟਰ ਵੀਜ਼ਾ ਨਾਲੋਂ ਵੱਖਰੀ ਕਿਸਮ ਦਾ ਵੀਜ਼ਾ ਹੈ। ਇਹ ਵੀਜ਼ਾ ਖ਼ਾਸ ਤੌਰ ’ਤੇ ਮਾਪਿਆਂ ਅਤੇ ਦਾਦਾ-ਦਾਦੀ ਲਈ ਹੈ।
ਸੁਪਰ ਵੀਜ਼ਾ ਤਹਿਤ ਇੱਕ ਅਰਜ਼ੀਕਾਰ ਇੱਕੋ ਸਾਰ 5 ਸਾਲ ਰਹਿ ਸਕਦਾ ਹੈ ਜਦਕਿ ਵਿਜ਼ੀਟਰ ਵੀਜ਼ਾ ਤਹਿਤ ਅਰਜ਼ੀਕਾਰ ਵੱਧ ਤੋਂ ਵੱਧ 6 ਮਹੀਨੇ ਰਹਿ ਸਕਦਾ ਹੈ ।
ਸੁਪਰ ਵੀਜ਼ਾ ’ਚ ਸਿਰਫ ਅਰਜ਼ੀਕਾਰ ਦੇ ਆਪਣੇ ਬੱਚੇ (ਬਾਇਲੋਜੀਕਲ) ਜਾਂ ਗੋਦ ਲਏ ਬੱਚੇ ਹੀ ਬੁਲਾ ਸਕਦੇ ਹਨ ਜਦਕਿ ਵਿਜ਼ੀਟਰ ਵੀਜ਼ਾ ਵਿੱਚ ਅਜਿਹਾ ਨਹੀਂ ਹੈ।
ਪੀਜੀਪੀ ਲਈ ਸਪਾਂਸਰ ਕਿਵੇਂ ਬਣਿਆ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਪੀਜੀਪੀ ਤਹਿਤ ਸਪਾਂਸਰ ਲਈ ਇਹ ਜ਼ਰੂਰੀ ਹੈ ਕਿ ਉਹ ਬੁਲਾਉਣ ਵਾਲੇ ਵਿਅਕਤੀ ਦੀ ਇੱਕ ਮਿੱਥੇ ਸਮੇਂ ਲਈ ਪੂਰੀ ਜ਼ਿੰਮੇਵਾਰੀ ਚੁੱਕੇ ਭਾਵੇਂ ਉਹ ਕਿਸੇ ਵੀ ਹਾਲਾਤ ਵਿੱਚ ਹੋਵੇ।
ਸਪਾਂਸਰ ਨੂੰ ਦੋ ਚੀਜ਼ਾਂ ’ਤੇ ਦਸਤਖ਼ਤ ਕਰਨੇ ਪੈਣਗੇ, ਇੱਕ ਹੈ ‘ਅੰਡਰਟੇਕਿੰਗ’(ਹਲਫ਼ਨਾਮਾ) ਅਤੇ ਦੂਸਰਾ ਹੈ ‘ਸਪਾਂਸਰਸ਼ਿਪ ਐਗਰੀਮਨੈਂਟ’।

-‘ਦਿ ਅੰਡਰਟੇਕਿੰਗ’
ਸਪਾਂਸਰ ਬਣਨ ਲਈ ਤੁਹਾਨੂੰ ‘ਅੰਡਰਟੇਕਿੰਗ’ ’ਤੇ ਦਸਤਖ਼ਤ ਕਰਨੇ ਪੈਣਗੇ। ਅੰਡਰਟੇਕਿੰਗ ਵਿੱਚ ਦੋ ਚੀਜ਼ਾਂ ਲਈ ਸਹਿਮਤੀ ਦੇਣੀ ਹੁੰਦੀ ਹੈ...
1. ਇੱਕ ਮਿੱਥੇ ਸਮੇਂ ਲਈ ਤੁਸੀਂ ਜਿਨ੍ਹਾਂ ਨੂੰ ਸਪਾਂਸਰ ਕਰ ਰਹੇ ਹੋ, ਉਨ੍ਹਾਂ ਦਾ ਪੂਰਾ ਖਰਚ ਚੁੱਕੋਗੇ।
2. ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ, ਉਨ੍ਹਾਂ ਨੂੰ ਸਰਕਾਰ ਤੋਂ ਸੋਸ਼ਲ ਅਸਿਟੈਂਟ ਯਾਨੀ ਸਮਾਜਿਕ ਮਦਦ ਲਈ ਦਰਖਾਸਤ ਨਾ ਕਰਨੀ ਪਵੇ। ਜੇਕਰ ਉਸੇ ਮਿੱਥੇ ਸਮੇਂ ਲਈ ਉਹ ਸਰਕਾਰ ਤੋਂ ਮਦਦ ਲੈਂਦੇ ਹਨ ਤਾਂ ਤੁਹਾਨੂੰ ਉਸ ਦਾ ਖਰਚਾ ਚੁੱਕਣਾ ਪਵੇਗਾ।
ਜਦੋਂ ਤੁਹਾਡੇ ਵੱਲੋਂ ਸਪਾਂਸਰ ਕੀਤੇ ਗਏ ਮਾਪੇ ਜਾਂ ਦਾਦਾ-ਦਾਦੀ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ ਬਣ ਜਾਣ ਤਾਂ ਤੁਸੀਂ ਉਨ੍ਹਾਂ ਦੇ ਰਹਿਣ ਦੇ ਸਮੇਂ ਨੂੰ ਘਟਾ ਨਹੀਂ ਸਕਦੇ ਅਤੇ ਨਾ ਹੀ ਆਪਣੀ ਸਪਾਂਸਰਸ਼ਿਪ ਵਾਪਸ ਲੈ ਸਕਦੇ ਹੋ।
ਤੁਸੀਂ ਆਪਣੀ ਸਪਾਂਸਰਸ਼ਿਪ ਨੂੰ ਬਸ ਉਦੋਂ ਤੱਕ ਹੀ ਵਾਪਸ ਲੈ ਸਕਦੇ ਹੋ ਜਦੋਂ ਤੱਕ ਉਹ ਪਰਮਾਨੈਂਟ ਰੈਜ਼ੀਡੈਂਟ ਨਹੀਂ ਬਣ ਜਾਂਦੇ।

ਤਸਵੀਰ ਸਰੋਤ, GETTY IMAGES
‘ਦਿ ਸਪਾਂਸਰਸ਼ਿਪ ਐਗਰੀਮੈਂਟ’
ਸਪਾਂਸਰਸ਼ਿਪ ਐਗਰੀਮੈਂਟ ਵਿੱਚ ਸਪਾਂਸਰ ਜਿਨ੍ਹਾਂ ਵਿਅਕਤੀਆਂ ਨੂੰ ਸਪਾਂਸਰ ਕਰ ਰਿਹਾ ਹੁੰਦਾ ਹੈ , ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਜਿਵੇਂ –
1. ਉਨ੍ਹਾਂ ਦੇ ਖਾਣ-ਪੀਣ, ਕੱਪੜੇ, ਰਹਿਣ ਦੀ ਥਾਂ ਅਤੇ ਰੋਜ਼ਮਰਾਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਪਵੇਗਾ।
2. ਜਿਹੜੀਆਂ ਸਿਹਤ ਸੇਵਾਵਾਂ ਪਬਲਿਕ ਹੈਲਥ ਸਰਵਿਸ ’ਚ ਕਵਰ ਨਹੀਂ ਹੁੰਦੀਆਂ, ਜਿਵੇਂ ਕਿ ਦੰਦਾਂ ਜਾਂ ਅੱਖਾਂ ਦੀਆਂ ਬੀਮਾਰੀਆਂ ਆਦਿ, ਉਨ੍ਹਾਂ ਦਾ ਖਰਚਾ ਤੁਹਾਨੂੰ ਚੁੱਕਣਾ ਪਵੇਗਾ।
ਪੀਜੀਪੀ ਲਗਵਾਉਣ ਲਈ ਕੀ ਜ਼ਰੂਰੀ ਹੈ?
ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਪੈਰੇਂਟਸ ਐਂਡ ਗ੍ਰੈਂਡਪੈਰੇਂਟਸ ਪ੍ਰੋਗਰਾਮ ਤਹਿਤ ਤੁਸੀਂ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰ ਸਕਦੇ ਹੋ ਜੇਕਰ...
- ਤੁਹਾਡੀ ਅਰਜ਼ੀ ਨੂੰ ਸਵੀਕਾਰ ਕੀਤਾ ਜਾਂਦਾ ਹੈ
- ਤੁਹਾਡੀ ਉਮਰ ਘੱਟੋ-ਘੱਟ 18 ਸਾਲ ਜਾਂ ਇਸ ਤੋਂ ਵੱਧ ਹੈ
- ਤੁਸੀਂ ਕੈਨੇਡਾ ਰਹਿੰਦੇ ਹੋ
- ਤੁਸੀਂ ਕੈਨੇਡੀਅਨ ਨਾਗਰਿਕ ਹੋ ਜਾਂ ਕੈਨੇਡਾ ’ਚ ਪਰਮਾਨੈਂਟ ਰੈਜ਼ੀਡੈਂਟ ਹੋ ਜਾਂ ਕੈਨੇਡੀਅਨ-ਇੰਡੀਅਨ ਐਕਟ ਦੇ ਤਹਿਤ ਤੁਸੀਂ ਕੈਨੇਡਾ ’ਚ ਭਾਰਤੀ ਵਿਅਕਤੀ ਦੇ ਤੌਰ ’ਤੇ ਦਰਜ ਹੋ
- ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ, ਉਨ੍ਹਾਂ ਲਈ ਤੁਹਾਡੇ ਕੋਲ ਲੋੜੀਂਦੇ ਫੰਡਜ਼ ਹੋਣੇ ਚਾਹੀਦੇ ਹਨ। ਇਸ ਦੇ ਲਈ ਤੁਹਾਨੂੰ ਇਨਕਮ ਦਾ ਸਬੂਤ ਦੇਣਾ ਪਵੇਗਾ ਅਤੇ ਜੇਕਰ ਤੁਹਾਡਾ ਪਾਰਟਨਰ ਹੈ ਤਾਂ ਤੁਹਾਨੂੰ ਦੋਵਾਂ ਦੀ ਇਨਕਮ ਦੀ ਅਰਜ਼ੀ ਨੂੰ ਇਕੱਠਿਆ ਦਸਤਖ਼ਤ ਕਰਨਾ ਪਵੇਗਾ।
- ਤੁਸੀਂ ‘ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ’ ਅਤੇ ‘ਦਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੁਲੇਸ਼ਨਜ਼’ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀ ਕਰਦੇ ਹੋਣੇ ਚਾਹੀਦੇ ਹੋ।

ਤਸਵੀਰ ਸਰੋਤ, Getty Images
ਕੌਣ ਆਪਣੇ ਮਾਪੇ ਜਾਂ ਦਾਦਾ-ਦਾਦੀ ਨੂੰ ਸਪਾਂਸਰ ਨਹੀਂ ਕਰ ਸਕਦਾ?
ਸਪਾਂਸਰ ਨੂੰ ਸੁਪਰ ਵੀਜ਼ਾ ਲਗਵਾਉਣ ਦੇ ਯੋਗ ਨਹੀਂ ਮੰਨਿਆ ਜਾਵੇਗਾ ਜੇਕਰ...
- ਤੁਸੀਂ ਜੇਲ੍ਹ ਜਾਂ ਕਿਸੇ ਵੀ ਤਰ੍ਹਾਂ ਦੀ ਹਿਰਾਸਤ ’ਚ ਹੋ
- ਤੁਸੀਂ ਇਮੀਗ੍ਰੇਸ਼ਨ ਲੋਨ, ਪਰਫਾਰਮੰਸ ਬਾਂਡ ਜਾਂ ਅਦਾਲਤ ਵੱਲੋਂ ਨਿਰਦੇਸ਼ਿਤ ਵਿੱਤੀ ਮਦਦ (ਐਲੀਮਨੀ ਜਾਂ ਚਾਈਲਡ ਸਪੋਰਟ) ਅਦਾ ਨਹੀਂ ਕੀਤਾ ਹੋਇਆ
- ਜੇਕਰ ਤੁਸੀਂ ਪਹਿਲਾਂ ਕਦੇ ਜਿਸ ਨੂੰ ਸਪਾਂਸਰ ਕੀਤਾ ਸੀ, ਉਸ ਨੂੰ ਲੋੜੀਂਦੀ ਮਦਦ ਨਹੀਂ ਦਿੱਤੀ
- ਕਿਸੀ ਬੈਂਕ ਵੱਲੋਂ ‘ਦਿਵਾਲੀਆ’ ਘੋਸ਼ਿਤ ਕੀਤੇ ਗਏ ਹੋ
- ਤੁਸੀਂ ਸਰਕਾਰ ਤੋਂ ਮਦਦ ਲੈ ਰਹੇ ਹੋ
- ਕਿਸੀ ਅਪਰਾਧਿਕ ਮਾਮਲੇ ’ਚ ਤੁਹਾਡਾ ਨਾਮ ਹੈ
- ਜੇਕਰ ਕੈਨੇਡਾ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹੋ

ਤਸਵੀਰ ਸਰੋਤ, Getty Images
ਕਿਸ ਨੂੰ ਸਪਾਂਸਰ ਕੀਤਾ ਜਾ ਸਕਦਾ ਹੈ
ਕਿਸੇ ਨੂੰ ਸਪਾਂਸਰ ਕਰਨ ਲਈ ਕੁਝ ਖ਼ਾਸ ਸ਼ਰਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ
- ਤੁਹਾਡੇ ਮਾਪੇ ਅਤੇ ਦਾਦਾ-ਦਾਦੀ (ਖ਼ੂਨ ਦਾ ਰਿਸ਼ਤਾ ਜਾਂ ਗੋਦ ਲਏ)
- ਤੁਹਾਡੇ ਮਾਪੇ ਅਤੇ ਦਾਦਾ-ਦਾਦੀ ’ਤੇ ਨਿਰਭਰ ਕਰਨ ਵਾਲੇ ਬੱਚੇ (ਭੈਣ-ਭਰਾ, ਸੋਤੇਲੇ ਭੈਣ-ਭਰਾ)
- ਜੇਕਰ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਤਲਾਕਸ਼ੁਦਾ ਹਨ ਤਾਂ ਉਨ੍ਹਾਂ ਦੇ ਮੌਜੂਦਾ ਪਾਰਟਨਰ
ਤੁਸੀਂ ਕਿਸ ਨੂੰ ਸਪਾਂਸਰ ਨਹੀਂ ਕਰ ਸਕਦੇ?
- ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪਾਂਸਰ ਨਹੀਂ ਕਰ ਸਕਦੇ ਪਰ ਤੁਸੀਂ ਆਪਣੇ ਪਾਰਟਨਰ ਵੱਲੋਂ ਲਗਾਈ ਅਰਜ਼ੀ ’ਤੇ ਦਸਤਖ਼ਤ ਕਰ ਸਕਦੇ ਹੋ
- ਤੁਸੀਂ ਕਿਸੇ ਅਜਿਹੇ ਸ਼ਖ਼ਸ ਨੂੰ ਸਪਾਂਸਰ ਨਹੀਂ ਕਰ ਸਕਦੇ ਜਿਸ ਦੀ ਕੈਨੇਡਾ ’ਚ ਦਾਖ਼ਲ ਹੋਣ ਦੀ ਮਨਾਹੀ ਹੈ।

ਤਸਵੀਰ ਸਰੋਤ, REUTERS
ਕਿਵੇਂ ਲੱਗੇਗਾ ਪੀਜੀਪੀ
ਕੈਨੇਡਾ ਸਰਕਾਰ ਦੀ ਵੈੱਬਸਾਈਟ ਦੇ ਮੁਤਾਬਕ, ਜਿਹੜੇ ਅਰਜ਼ੀਕਾਰਾਂ ਨੇਸਾਲ 2020 ’ਚ ਪੀਜੀਪੀ ਤਹਿਤ ਅਪਲਾਈ ਕੀਤਾ ਸੀ ਤਾਂ ਉਨ੍ਹਾਂ ਨੂੰ ਜ਼ਰੂਰ ਇੱਕ ‘ਕਨਫਰਮੇਸ਼ਨ ਨੰਬਰ’ ਮਿਲਿਆ ਹੋਵੇਗਾ।
ਇਸ ਬਾਬਤ ਅਰਜ਼ੀਕਾਰਾਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਈਮੇਲ ਵੀ ਆਈ ਹੋਵੇਗੀ।
ਤੁਸੀਂ ਇਸ ਨੰਬਰ ਦੀ ਵਰਤੋਂ ਕਰਦਿਆਂ ਦੇਖਿਆ ਜਾ ਸਕਦਾ ਹੈ ਕਿ ਕੀ ਤੁਹਾਡੀ ਅਰਜ਼ੀ ਨੂੰ 2024 ਦੇ ‘ਇਨਟੇਕ’ ’ਚ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ। ਇਸ ਦੇ ਲਈ 21 ਮਈ 2024 ਤੋਂ 2 ਹਫ਼ਤਿਆਂ ਤੱਕ ਤੁਹਾਨੂੰ ਸੱਦਾ ਪੱਤਰ ਆ ਸਕਦੇ ਹਨ।
ਇਹ ਸੱਦਾ ਪੱਤਰ ਅਰਜ਼ੀਕਾਰਾਂ ਵੱਲੋਂ ਸਾਲ 2020 ’ਚ ਦਿੱਤੀ ਗਈ ਈਮੇਲ ਆਈਡੀ ’ਤੇ ਆਉਣਗੇ।
ਇਸੇ ਤਰ੍ਹਾਂ ਤੁਸੀਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ’ਤੇ ‘ਚੈੱਕ ਯੂਅਰ ਇਨਵੀਟੇਸ਼ਨ’ ਆਪਸ਼ਨ ’ਤੇ ਆਪਣਾ ਕਨਫਰਮੇਸ਼ਨ ਨੰਬਰ ਭਰ ਕੇ ਆਪਣੀ ਅਰਜ਼ੀ ਦਾ ਸਟੇਟਸ ਜਾਣ ਸਕਦੇ ਹੋ।
ਜਦੋਂ ਤੁਹਾਨੂੰ ਸੱਦਾ ਪੱਤਰ ਮਿਲ ਜਾਂਦਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬਿਨਾਂ ਸੱਦਾ ਪੱਤਰ ਦੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ। ਅਪਲਾਈ ਕਰਨ ਲਈ ਤੁਸੀਂ ਆਪਣਾ ਫਾਰਮ, ਫੋਟੋਆਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਆਨਲਾਈਨ ਅਪਲੋਡ ਕਰ ਸਕਦੇ ਹੋ।
ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਹੇ ਜਾਣ ਤੋਂ ਬਾਅਦ ਤੁਸੀਂ ਆਪਣਾ ਮੈਡੀਕਲ, ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਕਰਵਾ ਸਕਦੇ ਹੋ।

ਤਸਵੀਰ ਸਰੋਤ, Getty Images
ਵੱਡੀ ਗਿਣਤੀ ’ਚ ਲੋਕਾਂ ਨੂੰ ਹੋਵੇਗਾ ਫਾਇਦਾ
ਸੀਵੇਅ ਵੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਕੋਵਿਡ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਫਾਈਲਾ ਅਟਕੀਆਂ ਹੋਈਆਂ ਸੀ ਪਰ ਹੁਣ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਉਹ ਕਹਿੰਦੇ ਹਨ ਕਿ ਇਸ ਲਈ ਜ਼ਰੂਰੀ ਹੈ ਕਿ ਜਿਹੜੇ ਸੱਦਾ ਪੱਤਰ ਦੀ ਉਡੀਕ ਕਰ ਰਹੇ ਹਨ ਉਹ ਆਪਣੀਆਂ ਈਮੇਲਜ਼ ਚੈੱਕ ਕਰਦੇ ਰਹਿਣ ਅਤੇ ਸਮੇਂ ਸਿਰ ਆਪਣੇ ਸਾਰੇ ਦਸਤਾਵੇਜ਼ ਜਮਾਂ ਕਰਵਾਉਣ।













