ਕੈਨੇਡਾ ਵਿੱਚ ਘਟਾਏ ਜਾਣਗੇ 'ਕੱਚੇ' ਪ੍ਰਵਾਸੀ, ਕੌਮਾਂਤਰੀ ਵਿਦਿਆਰਥੀਆਂ 'ਤੇ ਨਵੀਂ ਨੀਤੀ ਦਾ ਕੀ ਅਸਰ ਹੋਵੇਗਾ ਤੇ ਕਦੋਂ ਲਾਗੂ ਹੋਵੇਗੀ

ਤਸਵੀਰ ਸਰੋਤ, Getty Images
- ਲੇਖਕ, ਨੈਡਨੀ ਯੂਸੇਫ
- ਰੋਲ, ਬੀਬੀਸੀ ਨਿਊਜ਼ ਟੋਰਾਂਟੋ
ਇਤਿਹਾਸ ਵਿੱਚ ਕੈਨੇਡਾ ਪਹਿਲੀ ਵਾਰ ਨਵੇਂ ਦਾਖਲ ਹੋਣ ਵਾਲੇ ਲੋਕਾਂ ਲਈ ਅਸਥਾਈ ਨਾਗਰਿਕਾਂ (TR) ਦੀ ਸੀਮਾ ਤੈਅ ਕਰਨ ਬਾਰੇ ਸੋਚ ਰਿਹਾ ਹੈ।
ਪਰਵਾਸ ਮੰਤਰੀ ਮਾਰਕ ਮਿਲਰ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਸੰਖਿਆ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਘਟਾਈ ਜਾਵੇਗੀ। ਜਦਕਿ ਇਸ ਦੀ ਪਹਿਲ ਸਤੰਬਰ ਮਹੀਨੇ ਤੋਂ ਕੀਤੀ ਜਾਵੇਗੀ।
ਇਹ ਹੱਦ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਵਰਕਰਾਂ ਅਤੇ ਸ਼ਰਣਾਰਥੀਆਂ ਉੱਪਰ ਵੀ ਲਾਗੂ ਹੋਵੇਗੀ।
ਮੰਤਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕੈਨੇਡਾ ਵਿੱਚ ਵਧ ਰਹੀ ਮਹਿੰਗਾਈ ਅਤੇ ਰਿਹਾਇਸ਼ ਦੇ ਸੰਕਟ ਦੇ ਕਾਰਨ ਕੈਨੇਡਾ ਵਿੱਚ ਆਉਣ ਵਾਲੇ ਅਸਥਾਈ ਪਰਵਾਸੀਆਂ ਦੀ ਸੰਖਿਆ ਸੀਮਤ ਕੀਤੀ ਜਾ ਰਹੀ ਹੈ।
ਆਪਣੇ ਐਲਾਨ ਵਿੱਚ ਮਿਲਰ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਕੈਨੇਡਾ ਵਿੱਚ ਕੁੱਲ ਵਸੋਂ ਦੇ 6.2% ਅਸਥਾਈ ਨਾਗਰਿਕ ਹਨ, ਜੋ ਕਿ ਅਸੀਂ 5% ਤੱਕ ਘਟਾਉਣਾ ਚਾਹੁੰਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਇਹ ਕਦਮ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਾਗਰਿਕਾਂ ਦੀ ਸੰਖਿਆ ਦੇ ਹੰਢਣਸਾਰ ਵਾਧੇ ਦੇ ਮੱਦੇ ਨਜ਼ਰ ਲਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੈਨੇਡਾ ਆਉਣ ਵਾਲੇ ਅਸਥਾਈ ਨਾਗਰਿਕਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।
ਕੈਨੇਡਾ ਦੀ ਸਟੈਟਿਸਟਿਕ ਕੈਨੇਡਾ ਏਜੰਸੀ ਮੁਤਾਬਕ ਸਾਲ 2024 ਤੱਕ ਕੈਨੇਡਾ ਵਿੱਚ 25 ਲੱਖ ਅਸਥਾਈ ਨਾਗਰਿਕ ਹਨ। ਇਹ ਸੰਖਿਆ 2021 ਦੇ ਮੁਕਾਬਲੇ ਜ਼ਿਆਦਾ ਹੈ।
ਕਿਰਤੀਆਂ ਦੀ ਲੋੜ ਤੇ ਪ੍ਰਵਾਸ
ਹੱਥੀ ਕੰਮ ਕਰਨ ਵਾਲੇ ਕਿਰਤੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਕੈਨੇਡਾ ਅਸਥਾਈ ਨਾਗਰਿਕਾਂ ਉੱਪਰ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ।
ਮਿਲਰ ਨੇ ਕਿਹਾ ਕਿ ਇਹ ਤਬਦੀਲੀ ਸਿਸਟਮ ਨੂੰ ਹੋਰ ਸੁਯੋਗ ਬਣਾਉਣ ਲਈ ਲੋੜੀਂਦੀ ਹੈ।
ਉਨ੍ਹਾਂ ਨੇ ਕਿਹਾ, “ਸਾਫ ਕਹੀਏ ਤਾਂ ਕੈਨੇਡਾ ਉੱਪਰ ਵਿਸ਼ਵੀ ਵਚਨਬੱਧਤਾਵਾ ਹਨ। ਉਸੇ ਸਮੇਂ ਸਾਨੂੰ ਇਸ ਬਾਰੇ ਵੀ ਇਮਾਨਦਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ, ਜਦੋਂ ਅਸੀਂ ਅੱਗੇ ਬਾਰੇ ਯੋਜਨਾ ਬਣਾ ਰਹੇ ਹਾਂ ਤਾਂ ਵਧ ਰਹੇ ਕੌਮਾਂਤਰੀ ਪਰਵਾਸ ਦਾ ਕੈਨੇਡਾ, ਲਈ ਕੀ ਅਰਥ ਹੈ।”
ਨਵੀਂ ਨੀਤੀ ਤਹਿਤ ਕੁਝ ਕੈਨੇਡੀਅਨ ਕਾਰੋਬਾਰਾਂ ਨੂੰ ਪਹਿਲੀ ਮਈ ਤੱਕ ਆਪਣੇ ਅਸਥਾਈ ਵਿਦੇਸ਼ੀ ਕਾਮਿਆਂ ਵਿੱਚ ਕਮੀ ਕਰਨੀ ਪਵੇਗੀ। ਇਹ ਕੰਮ ਕੋਈ ਕੈਨੇਡੀਅਨ ਨਾਗਰਿਕ ਕਿਉਂ ਨਹੀਂ ਕਰ ਸਕਦਾ? ਇਹ ਸਾਬਤ ਕਰਨ ਲਈ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇਗਾ।
ਉਸਾਰੀ ਅਤੇ ਸਿਹਤ ਦੇ ਖੇਤਰਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਖੇਤਰਾਂ ਵਿੱਚ ਕਾਮਿਆਂ ਦਾ ਸੰਕਟ ਹੈ।
ਇਨ੍ਹਾਂ ਕਾਮਿਆਂ ਨੂੰ 31 ਅਗਸਤ ਤੱਕ ਮੌਜੂਦਾ ਪੱਧਰ ਤੱਕ ਦੇਸ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ।
ਸਟੈਟਿਸਟਿਕਸ ਕੈਨੇਡਾ ਮੁਤਾਬਕ ਸਾਲ 2021 ਵਿੱਚ ਜ਼ਿਆਦਾਤਰ ਅਸਥਾਈ ਨਾਗਰਿਕਾਂ ਕੋਲ- ਲਗਭਗ 54% ਕੋਲ ਵਰਕ ਪਰਮਿਟ ਸੀ।
22% ਅਸਥਾਈ ਨਾਗਰਿਕ, ਉਹ ਕੌਮਾਂਤਰੀ ਵਿਦਿਆਰਥੀਆਂ ਸਨ ਜਿਨ੍ਹਾਂ ਕੋਲ ਸਿਰਫ਼ ਪੜ੍ਹਨ ਦੀ ਆਗਿਆ ਸੀ। ਇਸੇ ਤਰ੍ਹਾਂ 15% ਅਸਥਾਈ ਨਾਗਰਿਕ ਸ਼ਰਣਾਰਥੀ ਸਨ।

ਤਸਵੀਰ ਸਰੋਤ, Getty Images
ਕੀ ਕੈਨੇਡਾ ਪਰਵਾਸ ਨੀਤੀ ਬਦਲ ਰਿਹਾ ਹੈ
ਦੂਜੇ ਅਸਥਾਈ ਨਾਗਰਿਕਾਂ ਕੋਲ ਇੱਕ ਤੋ ਜ਼ਿਆਦਾ ਤਰ੍ਹਾਂ ਦੀਆਂ ਆਗਿਆਵਾਂ ਸਨ।
ਵੀਰਵਾਰ ਦੇ ਐਲਾਨ ਦੀ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਕਾਲਤੀਆਂ ਵੱਲੋਂ ਆਲੋਚਨਾ ਕੀਤੀ ਗਈ। ਉਨ੍ਹਾਂ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਪਰਵਾਸੀ ਖਤਰਨਾਕ ਸਥਿਤੀਆਂ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਵਧ ਰਹੀ ਮਹਿੰਗਾਈ ਅਤੇ ਰਿਹਾਇਸ਼ ਸੰਕਟ ਦੀ ਬਲੀ ਚੜ੍ਹਾਇਆ ਜਾ ਰਿਹਾ ਹੈ।
ਮੈਕਸੀਕੋ ਤੋਂ ਆਉਣ ਵਾਲੇ ਸ਼ਰਣਾਰਥੀਆਂ ਨੂੰ ਠੱਲ੍ਹ ਪਾਉਣ ਲਈ ਕੈਨੇਡਾ ਨੇ ਉਨ੍ਹਾਂ ਉੱਪਰ ਵੀ ਵੀਜ਼ੇ ਦੀ ਸ਼ਰਤ ਮੁੜ ਤੋਂ ਲਾਗੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਇਸੇ ਸਾਲ ਮਿਲਰ ਨੇ ਅਗਲੇ ਦੋ ਸਾਲ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵੀ ਸੀਮਤ ਕਰਨ ਦਾ ਐਲਾਨ ਕੀਤਾ ਸੀ।
ਸਾਲ 2022 ਦੌਰਾਨ ਕੈਨੇਡਾ ਵਿੱਚ ਅੱਠ ਲੱਖ ਕੌਮਾਂਤਰੀ ਵਿਦਿਆਰਥੀ ਸਨ। ਜਦਕਿ ਉਸਤੋਂ ਇੱਕ ਦਹਾਕਾ ਪਹਿਲਾਂ ਇਹ ਸੰਖਿਆ 2,14,000 ਸੀ।
ਇਸ ਕਦਮ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਦੇਸ ਦੀਆਂ ਬਹੁਤ ਸਾਰੀਆਂ ਬਾਰ੍ਹਵੀਂ ਤੋਂ ਬਾਅਦ ਦੀਆਂ ਸਿੱਖਿਆ ਸੰਸਥਾਵਾਂ ਨੇ ਕਿਹਾ ਸੀ ਕਿ ਇਸ ਨਾਲ ਕੌਮਾਂਤਰੀ ਵਿਦਿਆਰਥੀ ਕੈਨੇਡਾ ਆਉਣ ਤੋਂ ਝਿਜਕਣਗੇ ਅਤੇ ਉਹ ਕਿਸੇ ਹੋਰ ਦੇਸ ਦਾ ਰੁੱਖ ਕਰਨਗੇ।
ਜਦਕਿ ਕੁਝ ਯੂਨੀਵਰਸਿਟੀਆਂ ਨੇ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਕਮਾਈ ਵਿੱਚ ਨੁਕਸਾਨ ਹੋਵੇਗਾ।
ਇਹ ਰੋਕਾਂ ਕੈਨੇਡਾ ਦੀ ਪਰਵਾਸ ਨੀਤੀ ਵਿੱਚ ਆ ਰਹੇ ਵੱਡੇ ਬਦਲਾਅ ਦੀਆਂ ਸੰਕੇਤ ਹਨ। ਕੈਨੇਡਾ ਇਤਿਹਾਸਕ ਰੂਪ ਵਿੱਚ ਕਾਰਜ ਸ਼ਕਤੀ ਵਿੱਚ ਆਪਣੀਆਂ ਕਮੀਆਂ ਨੂੰ ਖੁੱਲ੍ਹੇ ਪਰਵਾਸ ਰਾਹੀਂ ਪੂਰਾ ਕਰਦਾ ਰਿਹਾ ਹੈ।
ਇੱਕ ਪੱਖ ਇਹ ਵੀ ਹੈ ਕਿ ਕੈਨੇਡਾ ਇੱਕ ਤੇਜ਼ੀ ਨਾਲ ਬਜ਼ੁਰਗ ਹੋ ਰਿਹਾ ਦੇਸ ਹੈ, ਜਿਸ ਕਾਰਨ ਇੱਥੇ ਮਿਹਨਤ ਕਰ ਸਕਣ ਵਾਲਿਆਂ ਦੀ ਲੋੜ ਰਹਿੰਦੀ ਹੈ।
ਇਨ੍ਹਾਂ ਕਦਮਾਂ ਨੂੰ ਟਰੂਡੋ ਸਰਕਾਰ ਉੱਪਰ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਘਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਣ ਰਹੇ ਦਬਾਅ ਦੇ ਨਤੀਜੇ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਕੈਨੇਡਾ ਵਿੱਚ ਘਰ ਦੀ ਔਸਤ ਕੀਮਤ ਸੱਤ ਲੱਖ ਕੈਨੇਡੀਅਨ ਡਾਲਰ ਹੈ। ਜਦਕਿ ਪਿਛਲੇ ਦੋ ਸਾਲਾਂ ਦੌਰਾਨ ਕਿਰਾਏ ਵਿੱਚ 22% ਦਾ ਵਾਧਾ ਹੋਇਆ ਹੈ।












