ਮਰਾਸੀ: ਮਾਣਕ ਤੇ ਸਦੀਕ ਜਿਹੇ ਗਾਇਕਾਂ ਦੇ ਇਸ ਭਾਈਚਾਰੇ ਨੂੰ ਕਿਸ ਗੱਲ ਲਈ ਲੜਾਈ ਲੜਨੀ ਪੈਂਦੀ

ਤਸਵੀਰ ਸਰੋਤ, Music in Colonial Punjab: Courtesans, Bards and Connoisseurs, 1800-1947, Radha Kapuria, Oxford University Press.
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੀ ਆਮ ਬੋਲ ਬਾਣੀ ਵਿੱਚ ਮਰਾਸੀ ਸ਼ਬਦ ਉੱਨਾ ਹੀ ਆਮ ਹੈ ਜਿੰਨਾ ਕਿ ਦਰਿਆ, ਮਿੱਟੀ ਅਤੇ ਖੇਤੀ..
ਚਾਹੇ ਘਰ ਵਿੱਚ ਕਿਸੇ ਨਵੇਂ ਜੀਅ ਦੇ ਆਉਣ ਦੇ ਜਸ਼ਨ ਵਿੱਚ ਰੰਗ ਲਾਉਣਾ ਹੋਵੇ ਜਾਂ ਕਿਸੇ ਦੀ ਮੌਤ ‘ਤੇ ਮਰਸੀਏ ਪੜ੍ਹਨੇ ਹੋਣ.. ਇਹ ਮੌਕੇ ਮਰਾਸੀਆਂ ਤੋਂ ਬਿਨਾ ਅਧੂਰੇ ਮੰਨੇ ਜਾਂਦੇ ਸਨ।
ਪਰ 1947 ਵਿੱਚ ਹੋਈ ਪੰਜਾਬ ਦੀ ਵੰਡ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਇਸ ਭਾਈਚਾਰੇ ਨਾਲ ਜੁੜੇ ਲੋਕ ਲਹਿੰਦੇ ਪੰਜਾਬ ਚਲੇ ਗਏ, ਉੇੱਥੇ ਹੀ ਆਧੁਨਿਕਤਾ ਕਾਰਨ ਮਰਾਸੀਆਂ ਦੀ ਭੂਮਿਕਾ ਇੰਨੀ ਅਹਿਮ ਨਹੀਂ ਰਹੀ।
ਪਰ ਇੱਕ ਗੱਲ ਜਿਹੜੀ ਉਵੇਂ ਹੀ ਤੁਰੀ ਆ ਰਹੀ ਹੈ ਉਹ ਹੈ ਮਰਾਸੀਆਂ ਦੇ ਪ੍ਰਤੀ ਅਜਿਹੀ ਸਮਝ ਜੋ ਸਮਾਜ ਵਿੱਚ ਉਨ੍ਹਾਂ ਦੀ ਥਾਂ ਸਤਿਕਾਰਤ ਨਹੀਂ ਮੰਨਦੀ।
ਇਸ ਦਾ ਮੂੰਹ ਤੋੜਵਾਂ ਜਵਾਬ ਇੱਕ ਪਾਕਿਸਤਾਨੀ ਗਾਇਕ ਜ਼ੋਨੈਬ ਜ਼ਹੀਦ ਨੇ ਆਪਣੇ ਇਸ ਗੀਤ ਨਾਲ ਦਿੱਤਾ ਹੈ।
‘ਮੈਂ ਮਰਾਸੀ ਮੇਰਾ ਪਿਓ ਮਰਾਸੀ ਮੇਰਾ ਦਾਦਾ ਮਰਾਸੀ ਆਪਾਂ ਸਾਰੇ ਈ ਮਰਾਸੀ ਆਂ।’
ਮਰਾਸੀ ਇੱਕ ਜਾਤ ਅਧਾਰਿਤ ਭਾਈਚਾਰਾ ਹੈ, ਜੋ ਪਿਤਾ-ਪੁਰਖੀ ਕਿੱਤੇ ਵਜੋਂ ਸੰਗੀਤ, ਹਾਸਰਸ (ਮਖ਼ੌਲ) ਅਤੇ ਕਲਾਵਾਂ ਨੂੰ ਪੀੜ੍ਹੀ-ਦਰ ਪੀੜ੍ਹੀ ਅੱਗੇ ਲੈ ਕੇ ਚਲਿਆ ਆ ਰਿਹਾ ਹੈ।
ਜ਼ੋਨੈਬ ਦੇ ਗੀਤ ਵਿੱਚ ਮਰਾਸੀ ਪਛਾਣ ਨੂੰ ਐਲਾਨੀਆ ਮਾਣ ਨਾਲ ਪ੍ਰਵਾਨ ਕਰਨਾ ਇੱਕ ਵੱਖਰਾ ਵਰਤਾਰਾ ਹੈ।
ਕਰੀਬ ਚਾਰ ਸਾਲ ਪਹਿਲਾਂ ਆਏ ਇਸ ਗੀਤ ਨੂੰ ਹੁਣ ਤੱਕ ਯੂਟਿਊਬ ਉੱਤੇ 23 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਤਸਵੀਰ ਸਰੋਤ, YT/Junoon records
ਹਸਨ ਨਵਾਜ਼ ਇੱਕ ਹੋਰ ਪਾਕਿਸਤਾਨੀ ਗਾਇਕ ਹੈ। ਜਿਸ ਨੇ ਜ਼ੋਨੈਬ ਦੇ ਮਰਾਸੀ ਭਾਈਚਾਰੇ ਬਾਰੇ ਗੀਤ ਦੇ ਸ਼ਬਦਾਂ ਦੀ ਵਰਤੋਂ,ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਵਰਤੇ ਜਾਂਦੇ ਫਿਕਰਿਆਂ ਦੇ ਜਵਾਬ ਵਜੋਂ ਕੀਤੀ ਹੈ।
ਇਸ ਦੀਆਂ ਸਤਰਾਂ ਹਨ...
“ਖਿਦਮਤਾਂ ਦੇ ਬਗ਼ੈਰ ਕੰਮ ਸਿੱਖਿਆ ਨਹੀਂ ਜਾਂਦਾ,
ਕਰੇਲਿਆਂ ਨਾਲ ਗੋਸ਼ਤ ਤੋਂ ਵੀ ਜੀਅ ਲਲਚਾਉਂਦਾ..
ਠੰਡ ਵਿੱਚ ਬਾਹਰ ਸਾਥੋਂ ਨਿਕਲਿਆ ਨਹੀਂ ਜਾਂਦਾ
ਅੱਲ੍ਹਾ ਜਾਣੇ ਗੱਲਾਂ ਤੁਹਾਨੂੰ ਕੌਣ ਸਮਝਾਉਂਦਾ..
ਇਸ ਗੀਤ ਨੂੰ ਵੀ 16 ਲੱਖ ਤੋਂ ਉੱਪਰ ਲੋਕ ਦੇਖ ਚੁੱਕੇ ਹਨ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮਰਾਸੀ

ਤਸਵੀਰ ਸਰੋਤ, Source: Charles Swynnerton, Romantic Tales from the Panjab (1903)
ਮਰਾਸੀ ਭਾਈਚਾਰਾ ਲਹਿੰਦੇ ਹੀ ਨਹੀਂ ਚੜ੍ਹਦੇ ਪੰਜਾਬ ਵਿੱਚ ਵੀ ਵੱਸਦਾ ਹੈ। ਇਨ੍ਹਾਂ ਦਾ ਪਰਿਵਾਰਕ ਪਿਛੋਕੜ ਇੱਥੇ ਵੀ ਕਲਾ ਤੇ ਸੰਗੀਤ ਨਾਲ ਹੀ ਜੁੜਿਆ ਹੋਇਆ ਹੈ।
ਲਹਿੰਦੇ ਪੰਜਾਬ ਵਾਂਗ ਚੜ੍ਹਦੇ ਪੰਜਾਬ ਵਿੱਚ ਵੀ ਮਰਾਸੀ ਭਾਈਚਾਰੇ ਨਾਲ ਜੁੜੇ ਕਈ ਗਾਇਕਾਂ ਨੇ ਆਪਣੀ ਪਛਾਣ ਨੂੰ ਲੁਕਾਉਣ ਜਾਂ ਹੇਠੀ ਮੰਨਣ ਦੀ ਥਾਂ ਮਾਣ ਨਾਲ ਜਨਤਕ ਤੌਰ ਉੱਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਇੱਥੋਂ ਦੇ ਮਰਾਸੀ ਭਾਈਚਾਰੇ ਦੇ ਨਾਲ ਸਬੰਧਤ ਕਈ ਗਾਇਕਾਂ ਵਿੱਚ ਨੂਰਾ ਭੈਣਾਂ, ਕੁਲਦੀਪ ਮਾਣਕ, ਸਰਦੂਲ ਸਿਕੰਦਰ, ਮਾਸਟਰ ਸਲੀਮ, ਸਾਬਰ ਕੋਟੀ, ਈਦੂ ਸ਼ਰੀਫ਼, ਜੀ ਖਾਨ ਸਣੇ ਕਈ ਗਾਇਕਾਂ ਦਾ ਨਾਂ ਸ਼ਾਮਲ ਹੈ।
ਇਸ ਦੇ ਨਾਲ ਹੀ ਗੁਰਬਾਣੀ ਕੀਰਤਨ ਲਈ ਜਾਣੇ ਜਾਂਦੇ ਵੱਡੀ ਗਿਣਤੀ ਵਿੱਚ ਨਾਮ ਇਸੇ ਮਰਾਸੀ ਭਾਈਚਾਰੇ ਤੋਂ ਆਉਂਦੇ ਹਨ।
ਪਰ ਪੰਜਾਬ ਦਾ ਇਹ ਵਰਗ, ਜਿਸ ਨੇ ਲੋਕਧਾਰਾ ਅਤੇ ਕਲਾਸਿਕਲ ਸੰਗੀਤ ਵਿੱਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ, ਉਨ੍ਹਾਂ ਨੂੰ ਕਥਿਤ ਤੌਰ ਉੱਤੇ ਨੀਵੀਂ ਜਾਤ ਸਮਝਿਆ ਗਿਆ।
ਸੰਗੀਤਕ ਜਗਤ ਨੂੰ ਵੱਡੀ ਗਿਣਤੀ ਵਿੱਚ ਉੱਚ ਦਰਜੇ ਦੇ ਸਫ਼ਲ ਗਾਇਕ, ਗੀਤਕਾਰ ਅਤੇ ਕਲਾਕਾਰ ਦੇਣ ਤੋਂ ਬਾਅਦ ਵੀ ਮਰਾਸੀਆਂ ਪ੍ਰਤੀ ਸਾਲਾਂ ਤੋਂ ਤੁਰੇ ਆ ਰਹੇ ਸਮਾਜਿਕ ਰਵੱਈਏ ਵਿੱਚ ਬਦਲਾਅ ਨਹੀਂ ਆਇਆ ਹੈ।
ਕਈ ਕਲਾਕਾਰਾਂ ਵੱਲੋਂ ਜਨਤਕ ਤੌਰ ’ਤੇ ਸਾਂਝੇ ਕੀਤੇ ਤਜਰਬਿਆਂ ਮੁਤਾਬਕ, ਅੱਜ ਵੀ ਜੇਕਰ ਤਥਾ-ਕਥਿਤ ਉੱਚ ਜਾਤ ਜਾਂ ਵਰਗ ਨਾਲ ਸਬੰਧਤ ਲੋਕ ਗਾਇਕੀ ਜਾਂ ਕਲਾਕਾਰੀ ਦੇ ਪੇਸ਼ੇ ਵਿੱਚ ਸ਼ੁਰੂਆਤੀ ਸੰਘਰਸ਼ ਕਰਦੇ ਹਨ ਤਾਂ ਇਸ ਕੰਮ ਨੂੰ ‘ਮਰਾਸੀਆਂ ਵਾਲਾ ਕੰਮ’ ਕਹਿ ਕੇ ਇਹ ਪੇਸ਼ਾ ਅਪਣਾਉਣ ਤੋਂ ਵਰਜਣ ਦਾ ਜ਼ਿਕਰ ਮਿਲਦਾ ਹੈ।
ਪੰਜਾਬ ਵਿੱਚ ਇਸ ਸੰਗੀਤਕ ਭਾਈਚਾਰੇ ਬਾਰੇ ਅਜਿਹੀ ਸਮਝ ਕਿਉਂ ਬਣੀ, ਕਿਵੇਂ ਬਣੀ ਅਤੇ ਇਸ ਵਿੱਚ ਹਾਲੇ ਤੱਕ ਬਦਲਾਅ ਕਿਉਂ ਨਹੀਂ ਆਇਆ, ਇਸ ਵਿਸ਼ੇ ਬਾਰੇ ਹਾਲ ਹੀ ਵਿੱਚ ਯੂਕੇ ਰਹਿੰਦੇ ਖੋਜਾਰਥੀ ਰਾਧਾ ਕਪੂਰੀਆ ਦੀ ਕਿਤਾਬ ਭਾਰਤ ਵਿੱਚ ਰਿਲੀਜ਼ ਹੋਈ।
ਇਸ ਕਿਤਾਬ ਦਾ ਨਾਮ ਹੈ – ਮਿਊਜ਼ਿਕ ਇੰਨ ਕਲੋਨੀਅਲ ਪੰਜਾਬ- ਕੋਰਟਜ਼ਨਸ, ਬਾਰਡਜ਼ ਐਂਡ ਕੋਨੋਸਰਜ਼।
ਰਾਧਾ ਕਪੂਰੀਆ ਨੇ ਕਿੰਗਸ ਕਾਲਜ ਲੰਡਨ ਤੋਂ ਪੀਐੱਚਡੀ ਦੀ ਡਿਗਰੀ ਕੀਤੀ ਹੋਈ ਹੈ ਅਤੇ ਉਹ ਫਿਲਹਾਲ ਡਰਹਮ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਹਨ।
ਮਰਾਸੀ ਕੌਣ ਹਨ?

ਤਸਵੀਰ ਸਰੋਤ, James Skinner/Getty Images/Pictures from History
ਰਾਧਾ ਕਪੂਰੀਆ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਮਰਾਸੀ ਭਾਈਚਾਰਾ ਪੀੜ੍ਹੀ ਦਰ ਪੀੜ੍ਹੀ ਸੰਗੀਤ ਗ੍ਰਹਿਣ ਕਰਨ ਵਾਲਾ ਜਾਤ ਅਧਾਰਿਤ ਭਾਈਚਾਰਾ ਹੈ।
ਇਹ ਭਾਈਚਾਰਾ ਜਮੀਂਦਾਰ ਵਰਗ ਦੀ ਸਰਪ੍ਰਸਤੀ ਹੇਠ ਰਿਹਾ ਅਤੇ ਵੰਸ਼ਾਵਲੀਆਂ ਦਾ ਗਿਆਤਾ ਸੀ। ਇਸ ਭਾਈਚਾਰੇ ਨੂੰ ਹੇਠਲਾ ਸਮਾਜਿਕ ਦਰਜਾ ਦਿੱਤਾ ਗਿਆ ਸੀ।
ਉਹ ਅੱਗੇ ਲਿਖਦੇ ਹਨ, ‘‘ਇਸ ਭਾਈਚਾਰੇ ਬਾਰੇ ਬਸਤੀਵਾਦ ਵੇਲੇ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸੰਗੀਤਕ ਸੰਸਾਰ ਵਿੱਚ ਇਸ ਦੀ ਕੇਂਦਰੀ ਭੂਮਿਕਾ ਸੀ।’’
‘‘ਹਾਲਾਂਕਿ ਇਸ ਭਾਈਚਾਰੇ ਨੂੰ ਹੇਠਲਾ ਸਮਾਜਿਕ ਦਰਜਾ ਹਾਸਲ ਸੀ ਪਰ ਉਨ੍ਹਾਂ ਦੀ ਸੰਗੀਤਕ ਮੁਹਾਰਤ ਦਾ ਸਾਨੀ ਕੋਈ ਵੀ ਨਹੀਂ ਸੀ।’’
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉਹ ਫ਼ਾਰਸੀ ਦੇ ਸ਼ਾਇਰ ਹਾਫ਼ਿਜ਼ ਵੱਲੋਂ ਲਿਖੀਆਂ ਗਜ਼ਲਾਂ ਗਾਇਆ ਕਰਦੇ ਸਨ।
ਰਾਧਾ ਕਪੂਰੀਆ ਦੱਸਦੇ ਹਨ ਕਿ ਮੀਰਾਸੀ ਜਾਂ ਮਰਾਸੀ ਸ਼ਬਦ ਦਾ ਅਰਥ ਹੈ, ਉਹ ਜੋ ਵਿਰਾਸਤ ਸਾਂਭਦਾ ਹੈ। ਮੀਰਾਸ ਦਾ ਅਰਥ ਹੁੰਦਾ ਹੈ ਵਿਰਾਸਤ।
ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਗੁਰੁ ਨਾਨਕ ਦੇ ਦੀ ਸਾਥੀ ਰਹੇ ਭਾਈ ਮਰਦਾਨਾ ਵੀ ਇਸੇ ਜਾਤ ਨਾਲ ਸਬੰਧ ਰੱਖਦੇ ਸਨ।
ਭਾਈ ਮਰਦਾਨਾ ਮੁਸਲਮਾਨ ਧਰਮ ਨਾਲ ਸਬੰਧ ਰੱਖਦੇ ਸਨ, ਅੱਜ ਵੀ ਭਾਈ ਮਰਦਾਨਾ ਦੀ ਵੰਸ਼ ਦੇ ਲੋਕ ਰਬਾਬੀਆਂ ਵਜੋਂ ਸ਼ਬਦ ਕੀਰਤਨ ਕਰਦੇ ਹਨ।
ਰਾਧਾ ਕਹਿੰਦੇ ਹਨ ਜਿੱਥੇ ਮਰਾਸੀਆਂ ਨੇ ਕਲਾਸਿਕਲ ਸੰਗੀਤ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ ਉੱਥੇ ਹੀ ਪੰਜਾਬ ਦੇ ਲੋਕ ਸੰਗੀਤ ਉੱਤੇ ਹੀ ਇਨ੍ਹਾਂ ਦੀ ਉੱਨੀ ਹੀ ਪਕੜ ਹੈ।
ਮੁਹੰਮਦ ਸਦੀਕ ਦੀ ਮਿਸਾਲ

ਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ ਵੀ ਮਰਾਸੀ ਭਾਈਚਾਰੇ ਵਿਚਲੇ ਡੂਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਉਹ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਪਾਰਲੀਮੈਂਟ ਮੈਂਬਰ ਵੀ ਹਨ। ਉਨ੍ਹਾਂ ਦੀ ਜਾਤ ਨੂੰ ਲੈ ਕੇ ਸਿਆਸੀ ਵਿਵਾਦ ਵੀ ਉੱਠਿਆ ਸੀ।
ਟਾਈਮਜ਼ ਆਫ ਇੰਡੀਆ ਵਿੱਚ ਛਪੀ ਆਈਪੀ ਸਿੰਘ ਦੀ ਰਿਪੋਰਟ ਮੁਤਾਬਕ ਉਨ੍ਹਾਂ ਦਾ ਜਨਮ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾ ਨੇ ਸਾਲ 2012 ਵਿੱਚ ਅਦਾਲਤ ਵਿੱਚ ਇਹ ਦਾਇਰ ਕੀਤਾ ਕਿ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਹੈ।
ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ ਸੀ, "ਭਾਵੇਂ ਮੈਂ ਸਿੱਖ ਧਰਮ ਅਪਣਾ ਲਿਆ ਹੈ ਪਰ ਲੋਕ ਮੈਨੂੰ ਮੁਹੰਮਦ ਸਦੀਕ ਵਜੋਂ ਹੀ ਜਾਣਦੇ ਹਨ।"
ਉਨ੍ਹਾਂ ਨੇ ਦੱਸਿਆ ਸੀ, "ਮੇਰੇ ਪਿਤਾ ਵਿਲਾਇਤ ਅਲੀ ਰਾਗੀ ਭਾਈ ਲਛਮਣ ਸਿੰਘ ਗੰਧਰਵ ਨਾਲ ਗੁਰਦੁਆਰਿਆਂ ਵਿੱਚ ਕੀਰਤਨ ਕਰਦੇ ਸਨ।"
ਜਦੋਂ ਮਰਾਸੀਆਂ ਨੂੰ ਦੇਖ ਅੰਗਰੇਜ਼ ਹੈਰਾਨ ਹੋਏ
ਰਾਧਾ ਕਪੂਰੀਆ ਦੱਸਦੇ ਹਨ ਮਰਾਸੀਆਂ ਬਾਰੇ ਮੌਜੂਦ ਇਤਿਹਾਸਕ ਜਾਣਕਾਰੀ ਮੁਤਾਬਕ ਬਸਤੀਵਾਦ ਤੋਂ ਪਹਿਲਾਂ ਦੇ ਸਮੇਂ ਵਿੱਚ ਅੰਤਰ-ਧਾਰਮਿਕ ਸਬੰਧਾਂ ਬਾਰੇ ਵੀ ਬਹੁਤ ਕੁਝ ਪਤਾ ਲੱਗਦਾ ਹੈ।
ਉਹ ਦੱਸਦੇ ਹਨ, “ਚਾਹੇ ਉਹ ਸਿੱਖ ਕੀਰਤਨ ਹੋਵੇ, ਹਿੰਦੂ ਭਜਨ ਹੋਣ ਜਾਂ ਇਸਲਾਮਿਕ ਸੰਗੀਤ ਹੋਵੇ..ਇਸ ਦੀ ਉੱਚ ਦਰਜੇ ਦੀ ਪੇਸ਼ਕਾਰੀ ਅਤੇ ਉੱਤਮ ਸਿਖਲਾਈ ਦਾ ਹੁਨਰ ਮਰਾਸੀਆਂ ਦੇ ਕੋਲ ਹੀ ਸੀ।”
ਰਾਧਾ ਦੱਸਦੇ ਹਨ ਕਿ ਮਰਾਸੀਆਂ ਦੀ ਵਿਆਖਿਆ ਨੂੰ ਕਿਸੇ ਇੱਕ ਸ਼੍ਰੇਣੀ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ।
ਆਪਣੀ ਕਿਤਾਬ ਵਿੱਚ ਉਹ ਐੱਚਏ ਰੋਜ਼ ਨਾਮ ਦੇ ਅੰਗਰੇਜ਼ੀ ਅਫ਼ਸਰ ਵੱਲੋਂ ਰਿਕਾਰਡ ਕੀਤੇ ਗਏ ਇੱਕ ਹਿੰਦੀ ਕਬਿਤ ਲਿਖਦੇ ਹਨ।
ਗੁਨੀਆ ਕੇ ਸਾਗਰ ਹੈਂ, ਜ਼ਾਤ ਕੇ ਉਜਾਗਰ ਹੈਂ, ਭਿਖਾਰੀ ਬਾਦਸ਼ਾਹੋਂ ਕੇ
ਪਰਭੋਂ ਕੇ ਮਰਾਸੀ, ਸਿੰਘੋਂ ਕੇ ਰਬਾਬੀ, ਕੱਵਾਲ ਪੀਰਜ਼ਾਦੋਂ ਕੇ,
ਸਭੀ ਹਮੇਂ ਜਾਨਤ ਹੈਂ, ਡੂਮ ਮਾਲਜ਼ਾਦੋਂ ਕੇ…
ਉਹ ਕਹਿੰਦੇ ਹਨ ਪੰਜਾਬ ਦੇ ਬਸਤੀਵਾਦੀ ਦੌਰ ਵਿੱਚ ਵੱਖਰੇ-ਵੱਖਰੇ ਹਾਲਾਤ ਵਿੱਚ ਮਰਾਸੀ ਵੱਖਰੇ-ਵੱਖਰੇ ਰੂਪ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਦੀ ਕੋਈ ਸਥਿਰ ਜਾਂ ਬੱਝਵੀਂ ਪਛਾਣ ਨਹੀਂ ਸੀ।
ਜਿੱਥੇ ਉਹ ਡੇਰਾ ਗਾਜ਼ੀ ਖ਼ਾਨ ਵਿੱਚ ਸ਼ੀਆ ਮੁਸਲਮਾਨ ਸਨ, ਹੁਸ਼ਿਆਰਪੁਰ, ਮੰਡੀ ਤੇ ਪਹਾੜੀ ਸ਼ਹਿਰਾਂ ਦੇ ਵਿੱਚ ਦੇਵੀ ਦੇ ਪੁਜਾਰੀ ਸਨ।
ਰਾਧਾ ਦੱਸਦੇ ਹਨ 1870 ਦੇ ਕਰੀਬ ਜਦੋਂ ਆਰਿਆ ਸਮਾਜ ਦੀ ਪਹਿਲੀ ਮੀਟਿੰਗ ਹੋਈ, ਉਸ ਵਿੱਚ ਵੀ ਮਰਾਸੀ ਮੁਸਲਮਾਨ ਭਜਨ ਗਾ ਰਹੇ ਸਨ ਤਾਂ ਇਸ ਨੂੰ ਦੇਖ ਕੇ ਅੰਗਰੇਜ਼ ਬਹੁਤ ਹੈਰਾਨ ਹੋਏ ਸਨ ਕਿ ਅਜਿਹਾ ਕਿਵੇਂ ਸੰਭਵ ਹੈ।

ਤਸਵੀਰ ਸਰੋਤ, Lahore Museum/Music in Colonial Punjab: Courtesans, Bards and Connoisseurs, 1800-1947, Radha Kapuria, Oxford University Press
ਮਰਾਸੀ ਕਿਵੇਂ ਦਰਕਿਨਾਰੇ ਗਏ
ਅੱਜ ਪੰਜਾਬੀ ਸੰਗੀਤ ਅਤੇ ਗਾਇਕੀ ਦੀ ਆਪਣੀ ਕੌਮਾਂਤਰੀ ਪੱਧਰ ਉੱਤੇ ਵਿਲੱਖਣ ਪਛਾਣ ਹੈ।
ਅਜੋਕੇ ਪੰਜਾਬੀ ਸੰਗੀਤ ਵਿੱਚ ਜਿੱਥੇ ਪੰਜਾਬ ਦੀ ਪੇਂਡੂ ਪਛਾਣ ਅਤੇ ਸੰਗੀਤ ਵਿੱਚ ਇੱਕ ਖ਼ਾਸ ਜਾਤ (ਜੱਟ) ਪਛਾਣ ਨੂੰ ਤਰਜੀਹ ਦੇਣ ਵਾਲੇ ਗੀਤ ਹੀ ਗਾਏ ਜਾ ਰਹੇ, ਇਸ ਬਾਰੇ ਰਾਧਾ ਕਪੂਰੀਆ ਕਹਿੰਦੇ ਹਨ ਕਿ ਇਸ ਨਾਲ ਮਰਾਸੀ ਭਾਈਚਾਰੇ ਦੇ ਹਾਲਾਤ ਨੂੰ ਹੋਰ ਢਾਅ ਲੱਗੀ ਹੈ।
ਉਹ ਕਹਿੰਦੇ ਹਨ ਅਜੋਕੇ ਪੰਜਾਬੀ ਸੰਗੀਤ ਦੀ ਪਛਾਣ ਮੋਟੇ ਤੌਰ ਉੱਤੇ ਪੇਂਡੂ ਕਿਸਾਨ ਜਾਂ ਜੱਟਾਂ ਦੇ ਆਲੇ ਦੁਆਲੇ ਹੀ ਬੁਣੀ ਗਈ ਹੈ। ਇਹ ਸਮਝਿਆ ਜਾਣ ਲੱਗਾ ਹੈ ਕਿ ਪੰਜਾਬ ਵਿੱਚ ਸ਼ਾਸਤਰੀ ਸੰਗੀਤ ਜਾਂ ਸੰਗੀਤ ਦੇ ਹੋਰ ਰੰਗਾਂ ਦੀ ਕੋਈ ਥਾਂ ਨਹੀਂ ਹੈ ਜਦਕਿ ਅਜਿਹਾ ਕਦੇ ਵੀ ਨਹੀਂ ਰਿਹਾ।
ਉਹ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਬਸਤੀਵਾਦੀ ਸਮੇਂ ਦੌਰਾਨ ਹੀ ਹੋ ਗਈ ਸੀ ਅਤੇ ਅੰਗਰੇਜ਼ਾਂ ਨੇ ਵੀ ਇਸ ਕਿਸਮ ਦੀ ਪੰਜਾਬੀ ਪਛਾਣ ਨੂੰ ਹੱਲਾਸ਼ੇਰੀ ਦਿੱਤੀ ਸੀ।

ਤਸਵੀਰ ਸਰੋਤ, Music In Colonial Punjab/Courtesans, Bards and Connoissuers
ਰਾਧਾ ਦੱਸਦੇ ਹਨ ਕਿ ਬਸਤੀਵਾਦੀ ਕਾਲ ਦੇ ਦੌਰਾਨ ਯੂਰਪ ਵਿੱਚ ਲੋਕ ਗੀਤਾਂ ਨੂੰ ਸੰਗ੍ਰਹਿ ਕਰਨ ਲਈ ਲਹਿਰ ਚੱਲੀ ਸੀ ਤਾਂ ਇਨ੍ਹਾਂ ਮਾਹਰਾਂ ਵਿੱਚੋਂ ਬਹੁਤ ਲੋਕ ਪੰਜਾਬ ਆਏ। ਪੰਜਾਬ ਆ ਕੇ ਉਹ ਮਰਾਸੀਆਂ ਕੋਲੋਂ ਹੀ ਪੰਜਾਬ ਦੇ ਲੋਕ ਗੀਤ ਸੁਣਦੇ ਸਨ ਅਤੇ ਕਿਤਾਬਾਂ ਵਿੱਚ ਲਿਖਦੇ ਸਨ।
ਉਹ ਦੱਸਦੇ ਹਨ, ਜਿੱਥੇ ਵੱਖੋ-ਵੱਖਰੀਆਂ ਕਿਤਾਬਾਂ ਵਿੱਚ ਮਰਾਸੀਆਂ ਕੋਲੋਂ ਸੁਣਕੇ ਦਰਜ ਕੀਤੇ ਗਏ ਗੀਤ, ਕਿੱਸੇ ਲਿਖੇ ਗਏ ਪਰ ਮਰਾਸੀਆਂ ਦੇ ਨਾਮ ਲਿਖਕੇ ਉਨ੍ਹਾਂ ਨੂੰ ਪਛਾਣ ਨਹੀਂ ਦਿੱਤੀ ਗਈ ਸੀ।
ਉਹ ਦੱਸਦੇ ਹਨ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਮਰਾਸੀਆਂ ਪ੍ਰਤੀ ਨਕਰਾਤਮਕ ਰਵੱਈਏ ਨੂੰ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਸੀ।
ਆਪਣੀ ਕਿਤਾਬ ਵਿੱਚ ਰਾਧਾ ਲਿਖਦੇ ਹਨ, ‘‘ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਵਿੱਚ ਵੀ ਮਰਾਸੀ ਭਾਈਚਾਰੇ ਦੀ ਅਹਿਮ ਭੂਮਿਕਾ ਸੀ, ਪਰ ਇਸ ਦੇ ਨਾਲ ਹੀ ਉਨ੍ਹਾਂ ਲਈ ਕਈ ਇਤਰਾਜ਼ਯੋਗ ਸ਼ਬਦ ਵੀ ਵਰਤੇ ਜਾਂਦੇ ਸਨ।’’
ਰਾਧਾ ਕਪੂਰੀਆ ਲਿਖਦੇ ਹਨ, ‘‘ਫਕੀਰ ਵਹੀਦੁੱਦੀਨ ਆਪਣੀ ਕਿਤਾਬ ਦ ਰੀਅਲ ਰਣਜੀਤ ਸਿੰਘ ਵਿੱਚ ਲਿਖਦੇ ਹਨ ਕਿ ਹਾਲਾਂਕਿ ਮਰਾਸੀ ਸਮਾਜਿਕ ਤਾਣੇ-ਬਾਣੇ ਵਿੱਚ ਅਤਿ ਹੇਠਲੇ ਦਰਜੇ ਉੱਤੇ ਆਉਂਦੇ ਸਨ ਪਰ ਉਹ ਫ਼ਾਰਸੀ ਵਿੱਚ ਪਾਏਦਾਰ ਗੀਤ ਗਾਉਣ ਵਿੱਚ ਵੀ ਮੁਹਾਰਤ ਰੱਖਦੇ ਸਨ।’’
ਅੰਗਰੇਜ਼ ਲੇਖਕਾਂ ਦੇ ਹਵਾਲੇ
ਅੰਗਰੇਜ਼ ਲੇਖਕਾਂ ਵੱਲੋਂ ਲਿਖੀਆਂ ਕਿਤਾਬਾਂ ਵਿੱਚ ਚਾਰਲਸ ਸਵੀਨਰਟਨ ਦੀ ‘ਰੋਮੈਂਟਿਕ ਟੇਲਜ਼ ਫਰੌਮ ਦ ਪੰਜਾਬ’ ਅਤੇ ਰਿਚਰਡ ਟੈਂਪਲ ਦੀ ਦ ਲੈਜੇਂਡਜ਼ ਆਫ ਪੰਜਾਬ ਸਣੇ ਹੋਰ ਕਿਤਾਬਾਂ ਵੀ ਸ਼ਾਮਲ ਹਨ।
‘ਰੋਮਾਂਟਿਕ ਟੇਲਜ਼ ਫਰੋਮ ਪੰਜਾਬ’ ਵਿੱਚ ਪੰਜਾਬ ਵਿੱਚ ਗਾਏ ਜਾਂਦੇ ਕਿੱਸਿਆਂ ਨੂੰ ਚਾਰਲਸ ਸਵੀਨਰਟਨ ਨਾਮ ਦੇ ਅੰਗਰੇਜ਼ ਲੇਖਕ ਵੱਲੋਂ ਇਕੱਠਾ ਕੀਤਾ ਗਿਆ ਸੀ।
ਇੱਕ ਹੋਰ ਲੇਖਕ ਐਨ ਕੈਂਪਬੈੱਲ ਵਿਲਸਨ ਨੇ ਪੰਜਾਬ ਵਿੱਚ ਸੰਗੀਤ ਬਾਰੇ ਕਿਤਾਬ ਲਿਖੀ ਹੈ ਉਨ੍ਹਾਂ ਨੇ ਆਪਣੀਆਂ ਯਾਦਾਂ ਵੀ ਇਸ ਵਿਚ ਦਰਜ ਕੀਤੀਆਂ ਹੋਈਆਂ ਹਨ।
ਉਹ ਇੱਕ ਅੰਗਰੇਜ਼ੀ ਅਫ਼ਸਰ ਸਰ ਜੇਮਸ ਵਿਲਸਨ ਦੀ ਪਤਨੀ ਸਨ।

ਤਸਵੀਰ ਸਰੋਤ, Romantic Tales from the Punjab
ਆਪਣੀ ਇੱਕ ਕਿਤਾਬ ਵਿੱਚ ਉਹ ਲਿਖਦੇ ਹਨ ਪੰਜਾਬ ਦੇ ਹਰੇਕ ਪਿੰਡ ਵਿੱਚ ਮਰਾਸੀ ਜਾਤ ਨਾਲ ਸਬੰਧਤ ਕੁਝ ਲੋਕ ਰਹਿੰਦੇ ਹਨ।
ਉਹ ਲਿਖਦੇ ਹਨ ਭਾਰਤੀ ਲੋਕ ਇੱਕ ਸੰਗੀਤਕ ਨਸਲ ਹਨ ਜਿਵੇਂ ਸਕੌਟਲੈਂਡ ਵਿੱਚ ਪਹਾੜੀਆਂ ਉੱਤੇ ਰਹਿਣ ਵਾਲੇ ਲੋਕ ਅਤੇ ਰੂਸ ਦੀ ਕਿਰਸਾਨੀ, ਜ਼ਿੰਦਗੀ ਦੇ ਹਰੇਕ ਮੌਕੇ ਦੇ ਲਈ ਉਨ੍ਹਾਂ ਕੋਲ ਇੱਕ ਗੀਤ ਹੈ, ਮਰਾਸੀ ਪੰਜਾਬ ਵਿੱਚ ਏਦਾਂ ਘੁੰਮਦੇ ਹਨ ਜਿਵੇਂ ਉਹ ਮੱਧ ਯੁੱਗ ਦੇ ਕੋਈ ਲੋਕ ਗਵੱਈਏ ਹੋਣ।
ਉਨ੍ਹਾਂ ਨੂੰ ਅਮੀਰ ਲੋਕਾਂ ਵੱਲੋਂ ਕੰਮ ਉੱਤੇ ਰੱਖਿਆ ਗਿਆ ਹੈ ਉਹ ਜੰਮਣ ਅਤੇ ਵਿਆਹ ਦੀਆਂ ਰਸਮਾਂ ਮਨਾਉਂਦੇ ਹਨ ਉਹ ਆਪਣੇ ਪੁਰਖਿਆਂ ਅਤੇ ਆਪਣੀਆਂ ਸਿਫ਼ਤਾਂ ਵੀ ਗਾਉਂਦੇ ਹਨ।
ਉਹ ਲੰਬੇ-ਲੰਬੇ ਗੀਤ ਗਾ ਕੇ ਕਈ ਘੰਟੇ ਲੰਘਾ ਦਿੰਦੇ ਹਨ।
ਉਹ ਕਿਸੇ ਮੰਨੇ ਪ੍ਰਮੰਨੇ ਸੰਤ ਦੀ ਪ੍ਰਸੰਸਾ ਵਿੱਚ ਗਾਉਂਦੇ ਹਨ, ਇਸ ਦੇ ਨਾਲ ਹੀ ਉਹ ਆਪਣੇ ਮਾਲਕ ਜਾਂ ਸਰਦਾਰ ਦੇ ਦੁਸ਼ਮਣ ਦੀ ਹੇਠੀ ਕਰਦੇ ਗੀਤ ਵੀ ਗਾਉਂਦੇ ਹਨ ਅਤੇ ਦੁਸ਼ਮਣ ਦੀ ਹਾਰ ਉੱਤੇ ਵਧਾ ਚੜ੍ਹਾ ਕੇ ਗੀਤ ਗਾਉਂਦੇ ਹਨ।

ਤਸਵੀਰ ਸਰੋਤ, Radha Kapuria
ਮਰਾਸੀ ਅੋਰਤਾਂ ਦੀ ਭੂਮਿਕਾ
ਰਾਧਾ ਕਪੂਰੀਆ ਲਿਖਦੇ ਹਨ ਕਿ ਇਸ ਦੇ ਨਾਲ ਹੀ ਵਿਲਸਨ ਸਾਨੂੰ ਮਰਾਸੀ ਔਰਤਾਂ ਦੇ ਵੱਲੋਂ ਸਮਾਜਿਕ ਰਹੁ ਰੀਤਾਂ ਵਿੱਚ ਨਿਭਾਈ ਜਾਂਦੀ ਭੂਮਿਕਾ ਬਾਰੇ ਵੀ ਦੱਸਦੇ ਹਨ।
ਵਿਲਸਨ ਸਾਨੂੰ ਦੱਸਦੇ ਹਨ ਕਿ ਮਰਾਸੀ ਔਰਤਾਂ ਵੱਲੋਂ ਕਿਵੇਂ ਕਈ ਮਹੱਤਵਪੂਰਨ ਅਤੇ ਛੋਟੇ ਸਮਾਜਿਕ ਭੂਮਿਕਾ ਨਿਭਾਈ ਜਾਂਦੀ ਸੀ ।
“ਮਰਾਸੀ ਅੋਰਤਾਂ ਨੂੰ ਕਈ ਮੌਕਿਆਂ ‘ਤੇ ਬੁਲਾਇਆ ਜਾਂਦਾ ਸੀ.. ਕਿਸੇ ਬੱਚੇ ਦੇ ਬੀਮਾਰ ਹੋਣ ਉੱਤੇ ਸੀਤਲਾ ਮਾਤਾ ਅੱਗੇ ਅਰਦਾਸ ਕਰਨ ਲਈ.. ਕਦੇ ਕਿਸੇ ਦੋਸਤ ਦੇ ਪਿੰਡ ਤੋਂ ਵਿਦਾ ਲਏ ਜਾਣ ਮੌਕੇ ਗੀਤ ਜਾ.. ਕਿਸੇ ਦੇ ਵਾਪਸ ਆਉਣ ਉੱਤੇ ਸਵਾਗਤੀ ਗੀਤ ਲਈ ਵੀ।”
ਵਿਲਸਨ ਨੇ ਲਿਖਿਆ ਕਿ ਜੇਕਰ ਗਾਉਣ ਲਈ ਕੁਝ ਨਵਾਂ ਨਾ ਹਵੇ ਤਾਂ ਪਿਆਰ ਦੀ ਘਾਟ ਮਹਿਸੂਸ ਕਰਦੀਆਂ ਔਰਤਾਂ ਜਾਂ ਅਜਿਹੀਆਂ ਔਰਤਾਂ ਜਿਨ੍ਹਾ ਦੇ ਪਤੀ ਉਨ੍ਹਾਂ ਨੂੰ ਛੱਡ ਗਏ ਹੋਣ ਉਨ੍ਹਾਂ ਦੇ ਗੀਤ ਤਾਂ ਗਾਏ ਹੀ ਜਾ ਸਕਦੇ ਹਨ।
‘ਹਿੰਦੂਆਂ ਨਾਲ ਹਿੰਦੂ, ਮੁਸਲਮਾਨਾਂ ਨਾਲ ਮੁਸਲਮਾਨ’
ਮਰਾਸੀਆਂ ਦੀ ਹਾਜ਼ਰ ਜਵਾਬੀ ਅਤੇ ਉੱਚ ਵਰਗ ਦੇ ਲੋਕਾਂ ਉੱਤੇ ਉਨ੍ਹਾਂ ਦੀ ਨਿਰਭਰਤਾ ਹੋਣ ਕਰਕੇ ਉਨ੍ਹਾਂ ਬਾਰੇ ਮਾੜੀ ਸ਼ਬਦਾਵਲੀ ਜਾਂ ਉਨ੍ਹਾਂ ਦੀ ਵਿਰੋਧਤਾ ਦਾ ਵੀ ਜ਼ਿਕਰ ਆਉਂਦਾ ਹੈ।
ਉਹ ਲਿਖ਼ਦੇ ਹਨ ਕਿ ਮਰਾਸੀਆਂ ਦੀ ਹਾਜ਼ਰ ਜਵਾਬੀ ਕਾਰਨ ਲੋਕਾਂ ਵਿੱਚ ਉਨ੍ਹਾਂ ਕੋਲੋਂ ਡਰ ਦੀ ਭਾਵਨਾ ਵੀ ਸੀ।
ਆਪਣੀ ਕਿਤਾਬ ਵਿੱਚ ਰਾਧਾ ਅਜਿਹੀ ਇੱਕ ਅਖੌਤ ਦਾ ਵੀ ਜ਼ਿਕਰ ਕਰਦੇ ਹਨ -
‘ਜੁੱਤੀ ਸੋਟੀ ਬਗ਼ੈਰ ਨਾ ਤੁਰੀਏ ਰਾਤ ਨੂੰ
ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ’
ਰਾਧਾ ਦੱਸਦੇ ਹਨ ਕਿ 1891 ਵਿੱਚ ਮੁਹੰਮੁਦੀਨ ਨਾਮ ਦੇ ਪੁਲਿਸ ਸਿਪਾਹੀ ਵੱਲੋਂ ‘ਮਰਾਸੀਨਾਮਾ’ ਨਾਮ ਦਾ ਕਿੱਸਾ ਲਿਖਿਆ ਗਿਆ। ਇਸ ਵਿੱਚ ਮਰਾਸੀਆਂ ਦਾ ਕਈ ਪੱਖਾਂ ਤੋਂ ਵਿਰੋਧ ਕੀਤਾ ਗਿਆ ਹੈ।
‘ਮਰਾਸੀਨਾਮਾ’ ਕਿੱਸੇ ਦਾ ਲੇਖਕ ਗੁਜਰਾਂਵਾਲਾ ਦਾ ਰਹਿਣ ਵਾਲਾ ਸੀ ਹਾਲਾਂਕਿ ਇਸ ਵਿੱਚ ਵਧੇਰੇ ਤੌਰ ਉੱਤੇ ਮਰਾਸੀਆਂ ਦੀ ਨਿੰਦਾ ਹੀ ਕੀਤੀ ਗਈ ਹੈ ਪਰ ਇਸ ਵਿੱਚੋਂ ਮਰਾਸੀਆਂ ਦੀ ਸਮਾਜਿਕ ਭੂਮਿਕਾ ਅਤੇ ਉਨ੍ਹਾਂ ਪ੍ਰਤੀ ਸਮਾਜਿਤ ਰਵੱਈਏ ਬਾਰੇ ਪਤਾ ਲੱਗਦਾ ਹੈ।
ਰਾਧਾ ਕਪੂਰੀਆ ਦੱਸਦੇ ਹਨ ਮਰਾਸੀ ਹਰ ਧਾਰਮਿਕ ਭਾਈਚਾਰੇ ਵਿੱਚ ਸਨ ਅਤੇ ਉਨ੍ਹਾਂ ਦੀ ਧਾਰਮਿਕ ਪਛਾਣ ਠੋਸ ਨਾ ਹੋਣ ਕਾਰਨ ਸਮਾਜ ਦੇ ਕੁਝ ਵਰਗਾਂ ਵਿੱਚ ਉਨ੍ਹਾਂ ਦੇ ਪ੍ਰਤੀ ਵਿਰੋਧ ਦੀ ਭਾਵਨਾ ਵੀ ਸੀ, ਜੋ ਕਿ ਮਰਾਸੀਨਾਮਾ ਦੇ ਲੇਖਕ ਦੀਆਂ ਇਨ੍ਹਾਂ ਸਤਰਾਂ ਤੋਂ ਵੀ ਪਤਾ ਲੱਗਦਾ ਹੈ।
‘ਨਾ ਇਨ੍ਹਾਂ ਦਾ ਦੀਨ ਇਮਾਨ
ਹਿੰਦੂਆਂ ਨਾਲ ਹਿੰਦੂ ਬਣ ਜਾਣ
ਮੁਸਲਮਾਨਾਂ ਵਿੱਚ ਮੁਸਲਮਾਨ
ਐਸੇ ਇਹ ਅਹਿਮਕ ਨਾਦਾਨ’
ਰਾਧਾ ਦੱਸਦੇ ਹਨ ਕਿ ਪੰਜਾਬ ਦੀ ਵੰਡ ਵੇਲੇ ਬਹੁਤੇ ਮਰਾਸੀ ਲਹਿੰਦੇ ਪੰਜਾਬ ਵਾਲੇ ਪਾਸੇ ਚਲੇ ਗਏ ਸਨ, ਦੋਵਾ ਪਾਸਿਆਂ ਦੇ ਮਰਾਸੀ ਗਾਇਕਾਂ ਵੱਲੋਂ ਆਪਣੀ ਪਛਾਣ ਨੂੰ ਮਾਣ ਨਾਲ ਅਪਣਾਉਣਾ ਇੱਕ ਚੰਗਾ ਸੰਕੇਤ ਹੈ ਅਤੇ ਅਜੋਕੇ ਸਮੇਂ ਵਿੱਚ ਉਨ੍ਹਾਂ ਪ੍ਰਤੀ ਸਮਾਜਿਕ ਰਵੱਈਏ ਵਿੱਚ ਕਾਫੀ ਬਦਲਾਅ ਆਇਆ ਹੈ।












