ਹੀਟ ਵੇਵ: ਅਮਰੀਕਾ 'ਚ ਬੇਘਰੇ ਲੋਕਾਂ ਨੂੰ ਮੁਫ਼ਤ ਏਸੀ, ਦੁਨੀਆਂ ਭਰ ’ਚ ਦੇਸ਼ ਵੱਧਦੇ ਤਾਪਮਾਨ ਨਾਲ ਕਿਵੇਂ ਲੜ ਰਹੇ ਹਨ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਸ਼ਿਕਾਗੋ ਨੇ ਤਾਪਮਾਨ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਅਮਰੀਕੀ ਮੌਸਮ ਵਿਭਾਗ ਮੁਤਾਬਕ ਇੱਥੇ ਬੁੱਧਵਾਰ ਤੇ ਵੀਰਵਾਰ ਨੂੰ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਸੀ।
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਬਦਲ ਰਹੇ ਜਲਵਾਯੂ ਕਾਰਨ ਗੰਭੀਰ ਮੌਸਮ ਦੀਆਂ ਘਟਨਾਵਾਂ ਜ਼ਿਆਦਾ ਆਮ ਹੁੰਦੀਆਂ ਜਾ ਰਹੀਆਂ ਹਨ।
ਆਓ ਨਜ਼ਰ ਮਾਰਦੇ ਹਾਂ ਕਿ ਦੁਨੀਆਂ ਵਿੱਚ ਤਾਪਮਾਨ ਦੀ ਕੀ ਸਥਿਤੀ ਹੈ ਅਤੇ ਆਮ ਤੌਰ ਉੱਤੇ ਠੰਢੇ ਮੰਨੇ ਜਾਣ ਵਾਲੇ ਦੇਸ ਆਪਣੇ ਨਾਗਰਿਕਾਂ ਨੂੰ ਵਧ ਰਹੇ ਤਾਪਮਾਨ ਦੀ ਮਾਰ ਤੋਂ ਬਚਾਉਣ ਲਈ ਕੀ ਕਦਮ ਚੁੱਕ ਰਹੇ ਹਨ।

ਤਸਵੀਰ ਸਰੋਤ, Getty Images
ਕਰੀਬ ਸੱਤ ਕਰੋੜ ਅਮਰੀਕਾ ਵਾਸੀ ਗਰਮੀ ਦੀ ਚੇਤਾਵਨੀ ਹੇਠ ਰਹਿ ਰਹੇ ਹਨ। ਮਤਲਬ, ਪੰਜ ਪਿੱਛੇ ਇੱਕ ਅਮਰੀਕਾ ਵਾਸੀ ਗਰਮੀ ਨਾਲ ਜੂਝ ਰਿਹਾ ਹੈ।
ਕੈਨੇਡਾ ਦੇ ਵੀ ਚਾਰ ਸੂਬਿਆਂ ਵਿੱਚ ਹੀਟਵੇਵ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਉੱਤਰੀ ਅਮਰੀਕਾ ਦਾ ਵੱਡਾ ਹਿੱਸਾ ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ, ਲੂ ਦੀ ਜਕੜ ਵਿੱਚ ਹੈ।
ਬ੍ਰਿਟੇਨ ਵਿੱਚ ਗਰਮ ਬਸੰਤ

ਤਸਵੀਰ ਸਰੋਤ, BBC WEATHER WATCHERS / MOFEELU
ਬ੍ਰਿਟੇਨ ਵਿੱਚ ਗਰਮੀ ਦੇ ਪਹਿਲੇ ਹਫ਼ਤੇ ਦੌਰਾਨ ਤਾਪਮਾਨ ਦੇਸ ਦੇ ਕਈ ਹਿੱਸਿਆਂ ਵਿੱਚ 24 ਡਿਗਰੀ ਸੈਲਸੀਅਸ ਰਿਹਾ ਅਤੇ ਧੁੱਪ ਖਿੜੀ ਰਹੀ।
ਬ੍ਰਿਟੇਨ ਵਿੱਚ ਇਸ ਤੋਂ ਪਹਿਲਾਂ ਬਸੰਤ ਵੀ ਹੁਣ ਤੱਕ ਦੀ ਸਭ ਤੋਂ ਗਰਮ ਅਤੇ ਸਿੱਲ੍ਹੀ ਬਸੰਤ ਸੀ।
ਹਾਲਾਂਕਿ, ਹੈਰਾਨੀਜਨਕ ਰੂਪ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਗਰਮੀ ਤੋਂ ਠੰਢੀਆਂ ਹਵਾਵਾਂ ਕਾਰਨ ਕੁਝ ਆਰਜ਼ੀ ਰਾਹਤ ਮਿਲ ਸਕਦੀ ਹੈ।
ਬ੍ਰਿਟੇਨ ਵਿੱਚ ਜਿਸ ਤਰ੍ਹਾਂ ਦਾ ਮੌਸਮ ਇਸ ਵਾਰ ਬਸੰਤ ਵਿੱਚ ਦੇਖਿਆ ਗਿਆ ਅਤੇ ਆਮ ਤੌਰ ਉੱਤੇ ਉਹ ਪਤਝੜ ਵਿੱਚ ਹੁੰਦਾ ਹੈ।
ਸਾਲ 2015 ਅਤੇ 2019 ਵਿੱਚ ਜੂਨ ਦੀ ਸ਼ੁਰੂਆਤ ਠੰਢੀ ਸੀ ਪਰ ਦੂਜੇ ਪੰਦਰਵਾੜੇ ਦੌਰਾਨ ਗਰਮੀ ਵਧ ਗਈ ਸੀ। 2019 ਦਾ ਜੂਨ ਦੀ ਗਰਮੀ ਨੇ ਤਾਂ ਪਿਛਲੇ ਰਿਕਾਰਡ ਤੋੜ ਦਿੱਤੇ ਸਨ।
ਦੁਨੀਆਂ ਭਰ ਵਿੱਚ ਹੀ ਦੇਖਿਆ ਜਾ ਰਿਹਾ ਹੈ ਕਿ ਗਰਮ ਮੌਸਮ ਠੰਢੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਵਾਰ ਹੋ ਰਿਹਾ ਹੈ ਅਤੇ ਜ਼ਿਆਦਾ ਦਿਨ ਰਹਿੰਦਾ ਹੈ।

ਤਸਵੀਰ ਸਰੋਤ, BBC WEATHER WATCHERS / ELINORHARP
ਬ੍ਰਿਟੇਨ ਵਿੱਚ 2010 ਤੋਂ ਬਾਅਦ ਆਈਆਂ ਦਸ ਬਸੰਤਾਂ ਵਿੱਚੋਂ ਅੱਠ ਗਰਮ ਸਨ ਜਦਕਿ ਪਿਛਲੇ 100 ਸਾਲਾਂ ਦੌਰਾਨ ਸਿਰਫ਼ 10 ਬਸੰਤ ਅਜਿਹੇ ਸਨ ਜੋ ਸਭ ਤੋਂ ਠੰਢੇ ਸਨ।
ਭਾਰਤ ਵਿੱਚ ਸੋਸ਼ਲ ਮੀਡੀਆ ਉੱਤੇ ਲੋਕ ਮੀਮ ਬਣਾ ਕੇ ਸਾਂਝੇ ਕਰ ਰਹੇ ਹਨ ਕਿ ਅਸ਼ੀਂ 53 ਡਿਗਰੀ ਉੱਤੇ ਵੀ ਚਾਹ ਪੀ ਰਹੇ ਹਾਂ। ਲੇਕਿਨ ਤਾਪਮਾਨ ਜੋ 100 ਡਿਗਰੀ (ਪਾਣੀ ਦਾ ਉਬਾਲ ਦਰਜੇ) ਦੇ ਜ਼ਿਆਦਾ ਨੇੜੇ ਹੋਵੇਗਾ, ਖ਼ਤਰਾ ਉਸੇ ਨੂੰ ਪਹਿਲਾਂ ਆਵੇਗਾ।
ਮਨੁੱਖੀ ਸਰੀਰ ਦਾ ਆਮ ਤਾਪਮਾਨ 37-38 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤੋਂ ਉੱਪਰ ਤਾਪਮਾਨ ਉੱਤੇ ਸਰੀਰ ਦੀ ਸੁੱਚ ਬੰਦ ਹੋਣ ਲਗਦੀ ਹੈ। ਸੈਲ ਖ਼ਰਾਬ ਹੋਣ ਲਗਦੇ ਹਨ, ਅੰਗਾਂ ਦੇ ਖ਼ਰਾਬ ਹੋਣ ਦਾ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਚਮੜੀ ਤੱਕ ਖੂਨ ਪਹੁੰਚਦਾ ਅਤੇ ਪਸੀਨਾ ਵੀ ਬੰਦ ਹੋ ਜਾਂਦਾ ਹੈ।
ਮਨੁੱਖ ਨੂੰ ਸਮਝਣਾ ਪਵੇਗਾ ਕਿ ਜੋ ਗੁਆਂਢੀ ਦੇ ਹੋ ਰਿਹਾ ਹੈ ਉਹ ਸਾਡੇ ਵੀ ਜ਼ਰੂਰ ਹੋਣਾ ਹੈ।
ਅਮਰੀਕਾ ਵਿੱਚ ਗਰਮੀ ਦੇ ਕੀ ਹਾਲ ਹਨ
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਪੇਸ਼ੀਨਗੋਈ ਕੀਤੀ ਗਈ ਹੈ ਕਿ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਜਾਂ ਉਸ ਤੋਂ ਉੱਪਰ ਜਾ ਸਕਦਾ ਹੈ।
ਗੰਭੀਰ ਗਰਮੀ ਦੀਆਂ ਚੇਤਾਵਨੀ ਪੂਰੇ ਅਮਰੀਕਾ ਵਿੱਚ ਆਮ ਗੱਲ ਹੁੰਦੀ ਜਾ ਰਹੀ ਹੈ। ਵੈਸੇ ਤਾਂ ਪੂਰੇ ਅਮਰੀਕਾ ਸਮੇਤ — ਸ਼ਿਕਾਗੋ, ਡਿਟਰੋਇਟ, ਫਿਲੇਡੈਲਫੀਆ, ਬੋਸਟਨ ਅਤੇ ਨਿਊ ਯਾਰਕ ਵਿੱਚ ਤਾਪਮਾਨ 100 ਫੈਰਨਹਾਈਟ (ਕਰੀਬ 38 ਡਿਗਰੀ) ਤੋਂ ਜ਼ਿਆਦਾ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਤੇਜ਼ ਗਰਮੀ ਕਾਰਨ ਸਿਹਤ ਉੱਤੇ ਪੈਣ ਵਾਲੇ ਬੁਰੇ ਅਸਰਾਂ ਤੋਂ ਲੋਕਾਂ ਨੂੰ ਬਚਾਉਣ ਲਈ ਅਮਰੀਕੀ ਸ਼ਹਿਰਾਂ ਵਿੱਚ ਏਅਰ ਕੰਡੀਸ਼ਨ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਸ ਤਹਿਤ ਖਾਸ ਕਰਕੇ ਬੇਘਰੇ ਲੋਕਾਂ ਨੂੰ ਏਸੀ ਮੁਫ਼ਤ ਦਿੱਤੇ ਜਾ ਰਹੇ ਹਨ ਜਾਂ ਆਪਣੇ ਏਸੀ ਦੀ ਮੁਰੰਮਤ ਕਰਵਾਉਣ ਲਈ ਆਰਥਿਕ ਮਦਦ ਦਿੱਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਪਿਛਲੇ ਸਾਲ ਫੀਨਿਕਸ ਵਿੱਚ ਗਰਮੀ ਕਾਰਨ 645 ਮੌਤਾਂ ਹੋਈਆਂ ਸਨ, ਜ਼ਿਆਦਾਤਰ ਬੇਘਰੇ ਅਤੇ ਥੋੜ੍ਹੀ ਆਮਦਨ ਵਰਗ ਦੇ ਲੋਕ ਸਨ। ਇਹ ਪਿਛਲੇ ਦਸ ਸਾਲਾਂ ਦੌਰਾਨ ਗਰਮੀ ਕਾਰਨ ਹੋਈਆਂ ਮੌਤਾਂ ਵਿੱਚੋਂ ਸਭ ਤੋਂ ਜ਼ਿਆਦਾ ਸਨ।
ਫੀਨਿਕਸ ਦੀ ਮਾਰੀਕੋਪਾ ਕਾਊਂਟੀ ਵਿੱਚ ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵਧੀ ਹੈ। ਸਾਲ 2013 ਵਿੱਚ ਇੱਥੇ 73 ਮੌਤਾਂ ਹੋਈਆਂ ਸਨ।
ਬਰੇਨ ਲੀ ਫੀਨਿਕਸ ਦੇ ਐਮਰਜੈਂਸੀ ਪ੍ਰਬੰਧਨ ਦੇ ਮੁਖੀ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਜ਼ਿੰਦਗੀਆਂ ਬਚਾਉਣਾ ਹੈ। ਹਰੇਕ ਬੰਦਾ ਜਿਸ ਨੂੰ ਇੱਕ ਪਾਣੀ ਦੀ ਬੋਤਲ ਦੇ ਨਾਲ ਏਸੀ ਥੱਲੇ ਲਿਆ ਸਕੀਏ ਸ਼ਾਇਦ ਉਸ ਨੂੰ ਬਚਾ ਸਕੀਏ।
ਬੇਘਰੇ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਗਰਮੀ ਤੋਂ ਬਚਾਉਣ ਅਤੇ ਰੱਖਣ ਲਈ ਹੋਰ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿੱਥੇ ਉਹ ਗਰਮੀ ਦੇ ਘਟਣ ਦੀ ਉਡੀਕ ਕਰ ਸਕਣ।
ਮਾਰੀਕੋਪਾ ਵਾਸੀ ਕਾਰਟਰ ਦਾ ਪਿਛਲੀਆਂ ਗਰਮੀਆਂ ਵਿੱਚ ਏਸੀ ਖ਼ਰਾਬ ਹੋ ਗਿਆ ਤਾਂ ਉਹ ਗੁਸਲਖਾਨੇ ਵਿੱਚ ਜਾਣੋਂ ਵੀ ਰਹਿ ਗਏ ਸਨ।

ਤਸਵੀਰ ਸਰੋਤ, Getty Images
ਉਹ ਸੱਤ ਫੁੱਟ ਲੰਬੇ ਟਰੇਲਰ ਵਿੱਚ ਰਹਿੰਦੇ ਹਨ। ਅਰਜ਼ੀ ਦੇਣ ਤੋਂ ਕਈ ਦਿਨਾਂ ਬਾਅਦ ਕਾਊਂਟੀ ਨੇ ਇੱਕ ਮਿਸਤਰੀ ਭੇਜਿਆ। ਲੇਕਿਨ ਕਾਰਟਰ ਅੜੀ ਰਹੀ ਕਿ ਉਨ੍ਹਾਂ ਨੂੰ ਨਵਾਂ ਏਸੀ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਮੁੱਲ ਤਾਰੇ ਨਵਾਂ ਏਸੀ ਦਿੱਤਾ ਗਿਆ।
ਐਸੋਸੀਏਟਿਡ ਪ੍ਰੈੱਸ ਮੁਤਾਬਕ ਅਮਰੀਕਾ ਵਿੱਚ ਸਾਲ 2022 ਦੀਆਂ ਗਰਮੀਆਂ ਵਿੱਚ 1500 ਜਾਨਾਂ ਗਈਆਂ ਜਿਨ੍ਹਾਂ ਵਿੱਚੋਂ ਅੱਧੇ ਬੇਘਰੇ ਲੋਕ ਸਨ। ਹਾਲਾਂਕਿ, ਮੌਤਾਂ ਦਾ ਸਟੀਕ ਆਂਕੜਾ ਹਾਸਲ ਕਰਨਾ ਮੁਸ਼ਕਿਲ ਹੈ ਕਿਉਂਕਿ ਸਾਰੀਆਂ ਮੌਤਾਂ ਰਿਕਾਰਡ ਨਹੀਂ ਹੁੰਦੀਆਂ।
ਪਿਛਲੇ 12 ਮਹੀਨੇ ਪੂਰੀ ਦੁਨੀਆਂ ਲਈ ਹੁਣ ਤੱਕ ਦੇ ਸਭ ਤੋਂ ਗਰਮ 12 ਮਹੀਨੇ ਸਨ ਅਤੇ ਮਈ ਇਤਿਹਾਸ ਦੀ ਸਭ ਤੋਂ ਗਰਮ ਮਈ ਸੀ।
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਕੁਝ ਸਾਲ ਪਹਿਲਾਂ ਤੱਕ ਬਹੁਤ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਨਿੱਘੇ ਕਮਰੇ ਮੁਹਈਆ ਕਰਵਾਏ ਜਾਂਦੇ ਸਨ ਪਰ ਹੁਣ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਇੰਤਜ਼ਾਮ ਨਾਗਰਿਕਾਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਕਰਨੇ ਪੈ ਰਹੇ ਹਨ।
ਅਮਰੀਕਾ ਦੇ ਨੈਸ਼ਨਲ ਅਲਾਇੰਸ ਟੂ ਐਂਡ ਹੋਮਲੈਸਨੈਸ ਦੇ ਮੁੱਖ ਨੀਤੀ ਅਫ਼ਸਰ ਨੇ ਕਿਹਾ, “ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਜਾਂ ਮੰਨਤ ਮੰਗ ਕੇ ਟਾਲ ਸਕਦੇ ਹੋਈਏ। ਇਹ ਤਾਂ ਕੁਝ ਅਜਿਹਾ ਹੈ ਜਿਸ ਮੁਤਾਬਕ ਢਲਣਾ ਸਾਨੂੰ ਸਿੱਖਣਾ ਪਵੇਗਾ।”

ਸਾਇੰਸਦਾਨਾਂ ਮੁਤਾਬਕ ਮਨੁੱਖ ਵੱਲੋਂ ਪੈਦਾ ਕੀਤੀ ਗਈ ਜਲਵਾਯੂ ਤਬਦੀਲੀ ਨੇ ਗੰਭੀਰ ਗਰਮੀ ਦੀ ਸੰਭਾਵਨਾ ਨੂੰ ਦੱਖਣ-ਪੱਛਮੀ ਅਮਰੀਕਾ, ਮੈਕਸੀਕੋ ਅਤੇ ਕੇਂਦਰੀ ਅਮਰੀਕਾ ਵਿੱਚ 35% ਤੱਕ ਵਧਾ ਦਿੱਤਾ ਹੈ।
ਧਰਤੀ ਗਰਮ ਕਰਨ ਵਾਲੇ ਤੱਤਾਂ ਦੀ ਨਿਕਸੀ ਕਾਰਨ ਹੀਟ ਵੇਵ ਦੀ ਸੰਭਾਵਨਾ ਸਾਲ 2000 ਦੀ ਤੁਲਨਾ ਵਿੱਚ 200% ਵਧ ਗਈ ਹੈ।
ਤਾਜ਼ਾ ਅਧਿਐਨ ਦੇ ਨਤੀਜਿਆਂ ਬਾਰੇ ਸਾਇੰਸਦਾਨ ਕਹਿ ਰਹੇ ਹਨ ਕਿ ਇਨ੍ਹਾਂ ਨੂੰ ਇੱਕ ਹੋਰ ਚੇਤਾਵਨੀ ਵਜੋਂ ਲਿਆ ਜਾਣਾ ਚਾਹੀਦਾ ਹੈ ਕਿ ਸਾਡਾ ਗ੍ਰਹਿ ਖ਼ਤਰਨਾਕ ਪੱਧਰ ਤੱਕ ਗਰਮ ਹੋ ਰਿਹਾ ਹੈ।
ਵਰਲਡ ਵੈਦਰ ਐਟਰੀਬਿਊਸ਼ਨ ਦੀ ਸਟੱਡੀ ਦੇ ਕੇਂਦਰ ਵਿੱਚ ਦੱਖਣ-ਪੱਛਮੀ ਅਮਰੀਕਾ, ਗੁਆਤੇਮਾਲਾ, ਬੇਲੀਜ਼ੀ, ਐਲ ਸੈਲਵਾਡੋਰ ਅਤੇ ਹੋਂਡਿਊਰਸ ਆਦਿ ਸਨ। ਅਧਿਐਨ ਵਿੱਚ ਕਿਹਾ ਗਿਆ ਕਿ ਹੀਟਵੇਵ ਕੇਂਦਰੀ ਅਮਰੀਕਾ ਤੋਂ ਚਲਦੀ ਹੋਈ ਕੈਨੇਡਾ ਤੱਕ ਫੈਲੀ।
ਇਸ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਜੂਨ ਦੇ ਪੰਜ ਦਿਨ ਬੇਹੱਦ ਗਰਮ ਰਹੇ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇਸਦਾ ਕਾਰਨ ਔਸਤ ਤਾਪਮਾਨ ਵਿੱਚ ਹੋਇਆ 1.4 ਡਿਗਰੀ ਦਾ ਵਾਧਾ ਸੀ।
ਜੇ ਮਨੁੱਖ ਵਾਤਾਵਰਣ ਵਿੱਚ ਪਥਰਾਟ ਬਾਲਣ ਦੇ ਅਵਸ਼ੇਸ਼ ਇਸੇ ਤਰ੍ਹਾਂ ਸੁੱਟਦਾ ਰਿਹਾ ਹਾਂ ਸਥਿਤੀ ਇਸ ਤੋਂ ਭਿਆਨਕ ਹੀ ਹੋਵੇਗੀ।

ਤਸਵੀਰ ਸਰੋਤ, Getty Images
ਸਾਇੰਸਦਾਨਾਂ ਨੇ ਰਾਤਾਂ ਦੀ ਗਰਮੀ ਨੂੰ ਸਿਹਤ ਸਮੱਸਿਆਵਾਂ ਨਾਲ ਜੋੜਿਆ ਹੈ। ਰਾਤ ਨੂੰ ਤਾਪਮਾਨ ਜ਼ਿਆਦਾ ਰਹਿਣ ਕਾਰਨ ਸਰੀਰ ਦਾ ਤਾਪਮਾਨ ਵੀ ਘਟ ਨਹੀਂ ਪਾਉਂਦਾ ਅਤੇ ਥਕਾਨ ਲਾਹੁਣ ਅਤੇ ਤਾਜ਼ਾ ਹੋਣ ਲਈ ਸਰੀਰ ਨੂੰ ਸਮਾਂ ਨਹੀਂ ਮਿਲਦਾ।
ਵਰਲਡ ਵੈਦਰ ਐਟਰੀਬਿਊਸ਼ਨ ਗਰੁੱਪ ਦੁਨੀਆਂ ਭਰ ਵਿੱਚ ਮੌਸਮ ਸੰਬੰਧਿਤ ਥੋੜ੍ਹੇ ਸਮੇਂ ਦੇ ਅਧਿਐਨ ਕਰਦਾ ਹੈ ਤਾਂ ਜੋ ਇਨ੍ਹਾਂ ਦਾ ਬਦਲਦੇ ਕਲਾਈਮੇਟ ਨਾਲ ਸੰਬੰਧ ਸਾਬਤ ਕੀਤਾ ਜਾ ਸਕੇ।
ਦਿੱਲੀ ਅਤੇ ਭਾਰਤ ਵਿੱਚ ਗਰਮੀ ਦੀ ਸਥਿਤੀ
ਭਾਰਤ ਵਿੱਚ ਰਾਜਧਾਨੀ ਦਿੱਲੀ ਸਮੇਤ ਗਰਮੀ ਦਾ ਕਹਿਰ ਜਾਰੀ ਹੈ। ਇਸ ਕਾਰਨ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ।
ਇਸ ਹਫ਼ਤੇ ਦੌਰਾਨ ਦਿੱਲੀ ਵਿੱਚ ਬਿਜਲੀ ਦੀ ਮੰਗ 8,647 ਮੈਗਾਵਾਟ ਰਹੀ। ਇਸ ਵਾਰ ਬਿਜਲੀ ਦੀ ਖਪਤ ਨੇ ਕਈ ਰਿਕਾਰਡ ਤੋੜੇ ਹਨ, 22 ਮਈ ਨੂੰ ਇਹ ਖਪਤ 89,000 ਮੈਗਾਵਾਟ ਤੱਕ ਪਹੁੰਚ ਗਈ ਸੀ।

ਤਸਵੀਰ ਸਰੋਤ, EPA
ਦਿੱਲੀ ਅਤੇ ਹੋਰ ਥਾਵਾਂ ਵਿੱਚ ਠੰਢਕ ਵਰਤਾਉਣ ਵਾਲੇ ਉਪਕਰਣਾਂ ਕਾਰਨ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਹੈ, ਜਿਸ ਕਾਰਨ ਬਿਜਲੀ ਜਾਣਾ ਵੀ ਆਮ ਹੁੰਦਾ ਹੋ ਰਿਹਾ ਹੈ।
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਅਜੇ ਚੌਹਾਨ ਨੇ ਬੀਬੀਸੀ ਨੂੰ ਦੱਸਿਆ, "ਇਸ ਵਰਗੀ ਲੂਅ ਪਹਿਲਾਂ ਕਦੇ ਨਹੀਂ ਆਈ। ਮੇਰੇ ਇੱਥੇ 13 ਸਾਲ ਦੀ ਸੇਵਾ ਦੌਰਾਨ ਮੇਰੇ ਨਹੀਂ ਯਾਦ ਮੈਂ ਕਦੇ ਲੂਅ ਕਾਰਨ ਹੋਈ ਮੌਤ ਦੇ ਸਰਟੀਫਿਕੇਟ ਉੱਤੇ ਦਸਤਖ਼ਤ ਕੀਤੇ ਹੋਣ। ਇਸ ਵਾਰ ਮੈਂ ਕਈ ਕਰ ਚੁੱਕਿਆ ਹਾਂ।"
ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਲੂਅ ਪੀੜਤਾਂ ਲਈ ਵਿਸ਼ੇਸ਼ ਕਲੀਨਿਕ ਸ਼ੁਰੂ ਕੀਤਾ ਗਿਆ, ਜੋ ਸ਼ਾਇਦ ਭਾਰਤ ਦਾ ਪਹਿਲਾ ਅਜਿਹਾ ਕਲੀਨਿਕ ਹੈ।
ਕੁਝ ਦਿਨ ਪਹਿਲਾਂ ਇੱਥੇ ਇੱਕ ਜਣੇ ਨੂੰ ਲਿਆਂਦਾ ਗਿਆ ਜਿਸ ਦੇ ਸਰੀਰ ਦਾ ਤਾਪਮਾਨ 42 ਡਿਗਰੀ ਸੈਲਸੀਅਸ ਸੀ। ਸਰੀਰ ਦਾ ਸਧਾਰਨ ਤਾਪਮਾਨ 37-38 ਡਿਗਰੀ ਹੈ। ਉਸ ਵਿਅਕਤੀ ਨੂੰ ਹੀਟ ਸਟਰੋਕ ਹੋਇਆ ਸੀ।

ਤਸਵੀਰ ਸਰੋਤ, AFP
ਕਲੀਨਿਕ ਵਿੱਚ ਦੋ ਟੱਬ ਰੱਖੇ ਗਏ ਹਨ ਜਿਨ੍ਹਾਂ ਦੇ ਪਾਣੀ ਦਾ ਤਾਪਮਾਨ ਬਰਫ਼ ਦੀ ਮਦਦ ਨਾਲ 0-5 ਡਿਗਰੀ ਰੱਖਿਆ ਜਾਂਦਾ ਹੈ, ਜਿਨ੍ਹਾਂ ਵਿੱਚ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਮਰੀਜ਼ ਨੂੰ ਠੀਕ ਮਹਿਸੂਸ ਕਰਨ ਵਿੱਚ 25 ਮਿੰਟ ਲੱਗੇ।
ਇਸ ਕਲੀਨਿਕ ਵਿੱਚ ਆਉਣ ਵਾਲੇ ਜ਼ਿਆਦਾਤਰ ਮਰੀਜ਼ ਗਰੀਬ ਅਤੇ ਖੁੱਲ੍ਹੀ ਧੁਪ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ। ਦਿੱਲੀ ਵਿੱਚ ਗਰੀਬ ਵਿਅਕਤੀ ਦੀ ਜ਼ਿੰਦਗੀ ਜੋ ਕਿ ਪਹਿਲਾਂ ਹੀ ਮੁਸ਼ਕਿਲਾਂ ਨਾਲ ਭਰੀ ਹੈ, ਉਨ੍ਹਾਂ ਲਈ ਬੀਮਾਰ ਹੋਣਾ ਕਿਸੇ ਆਫਤ ਤੋਂ ਘੱਟ ਨਹੀਂ ਹੈ।
ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ਉੱਤੇ ਵੀ ਬਿਜਲੀ ਬੰਦ ਰਹੇ। ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਯਾਤਰੀ ਗਰਮੀ ਦੇ ਬਾਵਜੂਦ ਕਤਾਰ ਵਿੱਚ ਖੜ੍ਹੇ ਹਨ ਜਦ ਕਿ ਹਵਾਈ ਕੰਪਨੀਆਂ ਦੇ ਮੁਲਾਜ਼ਮ ਆਪਣੇ ਕੰਪਿਊਟਰ ਮੁੜ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ।

ਤਸਵੀਰ ਸਰੋਤ, Getty Images
ਸ਼ਹਿਰ ਵਿੱਚ ਉਸ ਤੋਂ ਵੀ ਭੈੜਾ ਪਾਣੀ ਦਾ ਸੰਕਟ ਹੈ। ਸੋਸ਼ਲ ਮੀਡੀਆ ਉੱਤੇ ਚੱਲ਼ ਰਹੀਆਂ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਪਾਣੀ ਦੇ ਟੈਂਕਰਾਂ ਵੱਲ ਭਜਦੇ ਹਨ।
ਮੌਸਮ ਵਿਭਾਗ ਨੇ ਕਿਹਾ ਕਿ ਲੂਅ ਦਾ ਕਹਿਰ ਅਗਲੇ ਕੁਝ ਦਿਨਾਂ ਤੱਕ ਹੋਰ ਜਾਰੀ ਰਹਿ ਸਕਦਾ ਹੈ ਅਤੇ ਇਸ ਵਾਰ ਜੂਨ ਵਿੱਚ ਆਮ ਨਾਲੋਂ ਥੋੜ੍ਹਾ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਵੀ ਸਥਿਤੀ ਕੋਈ ਚੰਗੀ ਨਹੀਂ ਹੈ

ਪੰਜਾਬ ਵਿੱਚ ਗਰਮੀ ਦੇ ਨਾਲ ਹੀ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਝੋਨੇ ਦੀ ਲਵਾਈ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਆਪਣੇ ਰਿਕਾਰਡ ਪੱਧਰ ਨੂੰ ਪਹੁੰਚ ਚੁੱਕੀ ਹੈ।
ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈੱਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਬਿਜਲੀ ਦੀ ਖ਼ਪਤ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਪਿਛਲੇ ਹਫਤੇ 10 ਜੂਨ ਤੋਂ 16 ਜੂਨ ਤੱਕ ਬਿਜਲੀ ਦੀ ਮੰਗ 12,600 ਮੈਗਾਵਾਟ ਤੋਂ ਵਧ ਕੇ 15,016 ਮੈਗਾਵਾਟ ਹੋ ਗਈ ਸੀ।
ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਕਾਸ਼ਤ ਕਾਰਨ ਜੂਨ ਦੇ ਅੰਤ ਤੱਕ ਵਾਧੂ ਖੇਤੀ ਲੋਡ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਦੀ ਬੇਕਾਬੂ ਸਥਿਤੀ ਪੈਦਾ ਹੋ ਸਕਦੀ ਹੈ।
ਉਨ੍ਹਾਂ ਨੇ ਦਫ਼ਤਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਵਪਾਰਕ ਅਦਾਰੇ, ਮਾਲ ਅਤੇ ਦੁਕਾਨਾਂ ਸ਼ਾਮ 7 ਵਜੇ ਤੱਕ ਬੰਦ ਕਰਨ ਦਾ ਸੁਝਾਅ ਦਿੱਤਾ।

ਤਸਵੀਰ ਸਰੋਤ, BBC/MAYANK MONGIA
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨਾ ਛੱਡ ਕੇ 23 ਹੋਰ ਫਸਲਾਂ ਜਿਨ੍ਹਾਂ ਉੱਤੇ ਭਾਰਤ ਸਰਕਾਰ ਐੱਮਐੱਸਪੀ ਦੇ ਰਹੀ ਹੈ, ਉਨ੍ਹਾਂ ਵੱਲ ਧਿਆਨ ਦੇਣ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਕੋਝ ਲੋਕ ਮੰਗ ਕਰ ਰਹੇ ਹਨ ਕਿ ਖੇਤਾਂ ਵਿੱਚ ਬਿਜਲੀ ਦਿੱਤੀ ਹੀ ਪਹਿਲੀ ਜੁਲਾਈ ਤੋਂ ਬਾਅਦ ਜਾਣੀ ਚਾਹੀਦੀ ਹੈ, ਤਾਂ ਜੋ ਜ਼ਮੀਨਦੋਜ਼ ਪਾਣੀ ਕੱਢ ਕੇ ਕੀਤੀ ਜਾਣ ਵਾਲੀ ਝੋਨੇ ਦੀ ਬਿਜਾਈ ਨੂੰ ਠੱਲ੍ਹ ਪਾਈ ਜਾ ਸਕੇ।
ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਸ਼ਿਵਾਲਿਕ ਪਹਾੜੀਆਂ ਨਾਲ ਘਿਰਿਆ ਪੜਛ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ, ਇਸ ਵਿੱਚ ਪਈਆਂ ਕਈ-ਕਈ ਫੁੱਟ ਡੂੰਘੀਆਂ ਤਰੇੜਾਂ ਇਸ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ।
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਪਾਣੀ ਲਈ ਭਟਕਦੇ ਕਰੀਬ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਜਾਨਵਰਾਂ ਵਿੱਚ ਹਿਰਨ, ਸਾਂਬਰ, ਗਾਵਾਂ ਵੀ ਸ਼ਾਮਲ ਸਨ।
ਹੀਟ ਵੇਵ ਤੋਂ ਇਲਾਵਾ ਜਲਵਾਯੂ ਤਬਦੀਲੀ ਦੀਆਂ ਹੋਰ ਅਲਾਮਤਾਂ

ਤਸਵੀਰ ਸਰੋਤ, Reuters
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਗੰਭੀਰ ਮੌਸਮ ਦੀਆਂ ਘਟਨਾਵਾਂ ਬਦਲ ਰਹੇ ਜਲਵਾਯੂ ਦਾ ਨਤੀਜਾ ਹਨ।
ਬਹੁਤ ਜ਼ਿਆਦਾ ਮੀਂਹ— ਔਸਤ ਤਾਪਮਾਨ ਵਿੱਚ 1 ਡਿਗਰੀ ਦੇ ਵਾਧੇ ਨਾਲ ਹਵਾ 7% ਜ਼ਿਆਦਾ ਨਮੀ ਫੜ ਕੇ ਰੱਖ ਸਕਦੀ ਹੈ। ਇਸ ਨਾਲ ਕਈ ਵਾਰ ਥੋੜ੍ਹੇ ਇਲਾਕੇ ਵਿੱਚ ਥੋੜ੍ਹੇ ਅੰਤਰਾਲ ਦੌਰਾਨ ਹੀ ਜ਼ਿਆਦਾ ਮੀਂਹ ਪੈ ਸਕਦਾ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਪੂਰੀ ਦੁਨੀਆਂ ਵਿੱਚ ਹੀ ਗੰਭਾਰ ਮੀਂਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਘਟਨਾਵਨਾਂ ਵਿੱਚ ਵੀ ਧਰਤੀ ਦੇ ਤਾਪਮਾਨ ਦੇ ਵਾਧੇ ਦੇ ਅਨੁਪਾਤ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਅਸੀਂ ਦੁਬਈ ਵਿੱਚ ਵੀ ਦੇਖਿਆ ਅਤੇ ਮਈ ਵਿੱਚ ਦੱਖਣੀ ਬ੍ਰਾਜ਼ੀਲ ਵਿੱਚ ਵੀ ਭਾਰੀ ਮੀਂਹ ਪਿਆ ਅਤੇ ਹੜ੍ਹਾਂ ਕਾਰਨ ਕਰੀਬ 1,50,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।

ਤਸਵੀਰ ਸਰੋਤ, Getty Images
ਪਹਿਲਾਂ ਨਾਲੋਂ ਗਰਮ ਅਤੇ ਲੰਬੀਆਂ ਹੀਟ ਵੇਵ— ਸਾਇੰਸਦਾਨਾਂ ਦਾ ਮੰਨਣਾ ਹੈ ਕਿ ਮਨੁੱਖ ਦੇ ਲਿਆਂਦੇ ਕਲਾਈਮੇਟ ਚੇਂਜ ਤੋਂ ਬਿਨਾਂ ਇੰਨੀ ਗਰਮੀ ਸੰਭਵ ਹੀ ਨਹੀਂ ਸੀ। ਭਾਰਤ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਲੂ ਦਾ ਅਰਸਾ ਲੰਬਾ ਹੁੰਦਾ ਜਾ ਰਿਹਾ ਹੈ। ਸਾਇੰਸਦਾਨਾਂ ਮੁਤਾਬਕ ਔਸਤ ਤਾਪਮਾਨ ਵਿੱਚ 5.5 ਤੋਂ 11 ਡਿਗਰੀ ਸੈਲਸੀਅਸ ਦਾ ਵਾਧਾ ਮਨੁੱਖ ਲਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਨਾਲ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਲੰਬੇ ਅਕਾਲ— ਬਦਲ ਰਹੇ ਜਲਵਾਯੂ ਕਾਰਨ ਪੈਣ ਵਾਲੇ ਸੋਕੇ ਗਾਹੇ-ਬਗਾਹੇ ਮੀਂਹ ਦੀ ਕਮੀ ਕਾਰਨ ਪੈਣ ਵਾਲੇ ਸੋਕੇ ਤੋਂ ਵੱਖਰੇ ਅਤੇ ਗੰਭੀਰ ਹਨ। ਪੀਣੀ ਮਿਲਣਾ ਸਿਰਫ਼ ਮੀਂਹ ਜਾਂ ਤਾਪਮਾਨ ਉੱਤੇ ਹੀ ਨਹੀਂ ਨਿਰਭਰ ਕਰਦਾ ਇਸ ਪਿੱਛੇ ਇੱਕ ਗੁੰਝਲਦਾਰ ਕੁਦਰਤੀ ਪ੍ਰਣਾਲੀ ਕੰਮ ਕਰਦੀ ਹੈ। ਕਲਾਈਮੇਟ ਚੇਂਜ ਕਾਰਨ ਚੱਲਣ ਵਾਲੀ ਲੂਅ ਸੋਕੇ ਨੂੰ ਹੋਰ ਗੰਭੀਰ ਕਰ ਸਕਦੀ ਹੈ। ਲੂਅ ਨਾਲ ਜ਼ਮੀਨ ਤੇਜ਼ੀ ਨਾਲ ਖੁਸ਼ਕ ਹੁੰਦੀ ਹੈ ਅਤੇ ਗਰਮੀ ਹੋਰ ਵਧਦੀ ਹੈ। ਵਰਲਡ ਵੈਦਰ ਐਟਰੀਬਿਊਸ਼ਨ ਮੁਤਾਬਤ ਕਲਈਮੇਟ ਚੇਂਜ ਨੇ ਸੋਕਾ ਪੈਣ ਦੀ ਸੰਭਾਵਨਾ ਨੂੰ 100% ਤੱਕ ਵਧਾ ਦਿੱਤਾ ਹੈ।
ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ— ਕਈ ਸਥਿਤੀਆਂ ਵਿੱਚ ਜੰਗਲਾਂ ਨੂੰ ਅੱਗ ਕੁਦਰਤੀ ਰੂਪ ਵਿੱਚ ਲੱਗਦੀ ਹੈ। ਇਸ ਲਈ ਇਹ ਨਿਰਧਾਰਿਤ ਕਰਨਾ ਮੁਸ਼ਕਿਲ ਹੈ ਕਿ ਕਲਾਈਮੇਟ ਚੇਂਜ ਨੇ ਇਸ ਉੱਤੇ ਕੀ ਅਸਰ ਪਾਇਆ ਹੈ।
ਲੇਕਿਨ ਬਦਲ ਰਿਹਾ ਕਲਾਈਮੇਟ ਜਾਂ ਵਧ ਰਿਹਾ ਤਾਪਮਾਨ, ਅੱਗ ਲੱਗਣ ਲਈ ਢੁਕਵੀਆਂ ਸਥਿਤੀਆਂ ਪੈਦਾ ਕਰਨ ਵਿੱਚ ਮਦਦ ਜ਼ਰੂਰ ਕਰ ਰਿਹਾ ਹੈ। ਸਾਲ 2023 ਦੌਰਾਨ ਕੈਨੇਡਾ ਦੇ ਜੰਗਲਾਂ ਨੇ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਦੇਖੀ ਸੀ।











