ਹੀਟਵੇਵ: ਪੰਜਾਬ 'ਚ ਬਿਜਲੀ ਸੰਕਟ ਕਿੰਨਾ ਗੰਭੀਰ ਅਤੇ ਮਾਹਰਾਂ ਨੂੰ ਕਿਸ ਗੱਲ ਦਾ ਡਰ, ਕੀ ਹੈ ਹੱਲ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿਚ 11 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਖ਼ਪਤ ਵਿੱਚ ਭਾਰੀ ਵਾਧਾ ਹੋਇਆ ਹੈ।
ਇਸ ਮਸਲੇ ਤੇ ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈੱਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਬਿਜਲੀ ਦੀ ਖ਼ਪਤ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਸੂਬੇ ਵਿੱਚ ਸੰਭਾਵਿਤ ਗਰਿੱਡ ਦੀਆਂ ਗੜਬੜੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ।
ਬਿਜਲੀ ਦੀ ਮੰਗ ਵਿੱਚ ਕਰੀਬ 43 ਫ਼ੀਸਦ ਵਾਧਾ ਹੋਇਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਅੰਕੜਿਆਂ ਦੇ ਮੁਤਾਬਕ ਸੂਬੇ ਵਿੱਚ 14 ਜੂਨ ਨੂੰ ਸਭ ਤੋਂ ਵੱਧ ਬਿਜਲੀ ਦੀ ਮੰਗ 15,775 ਮੈਗਾਵਾਟ ਤੱਕ ਪਹੁੰਚ ਗਈ।
ਜਦਕਿ 2023 ਵਿੱਚ 16 ਜੂਨ ਨੂੰ ਬਿਜਲੀ ਦੀ ਮੰਗ 11,309 ਮੈਗਾਵਾਟ ਸੀ।

ਤਸਵੀਰ ਸਰੋਤ, getty images
11 ਜੂਨ ਤੋਂ ਬਿਜਲੀ ਦੀ ਮੰਗ ਵਿੱਚ ਵਾਧਾ
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਨੇ 10 ਜੂਨ, 2024 ਨੂੰ 12,600 ਮੈਗਾਵਾਟ ਦੀ ਬਿਜਲੀ ਦੀ ਮੰਗ ਦਰਜ ਕੀਤੀ, ਜਦੋਂ ਕਿ 10 ਜੂਨ 2023 ਨੂੰ ਇਹ ਮੰਗ 10,710 ਮੈਗਾਵਾਟ ਸੀ।
ਇਸੇ ਤਰ੍ਹਾਂ ਪੰਜਾਬ ਦੀ ਬਿਜਲੀ ਦੀ ਮੰਗ 16 ਜੂਨ 2024 ਨੂੰ ਇਹ ਮੰਗ 15,016 ਮੈਗਾਵਾਟ ਤੱਕ ਪਹੁੰਚ ਗਈ ਸੀ ਜਦਕਿ ਪਿਛਲੇ ਸਾਲ 16 ਜੂਨ ਨੂੰ ਇਹ ਮੰਗ 11,248 ਮੈਗਾਵਾਟ ਸੀ।
ਪਿਛਲੇ ਹਫਤੇ 10 ਜੂਨ ਤੋਂ 16 ਜੂਨ ਤੱਕ ਬਿਜਲੀ ਦੀ ਮੰਗ 12,600 ਮੈਗਾਵਾਟ ਤੋਂ ਵਧ ਕੇ 15,016 ਮੈਗਾਵਾਟ ਹੋ ਗਈ ਸੀ।
ਇੱਕ ਸੀਨੀਅਰ ਪਾਵਰ ਇੰਜਨੀਅਰ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਪੰਜਾਬ ਕੋਲ ਲਗਭਗ 16,000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨ ਲਈ ਬੁਨਿਆਦੀ ਢਾਂਚਾ ਹੈ, ਜਦੋਂ ਕਿ ਕੇਂਦਰੀ ਗਰਿੱਡ ਤੋਂ ਵੱਧ ਤੋਂ ਵੱਧ ਸਪਲਾਈ 9,500 ਮੈਗਾਵਾਟ ਹੈ।
ਉਨ੍ਹਾਂ ਦੱਸਿਆ, “ਜੇਕਰ ‘ਹੀਟ ਵੇਵ’ ਜਾਰੀ ਰਹਿੰਦੀ ਹੈ, ਤਾਂ ਇੱਕ ਗੰਭੀਰ ਸੰਕਟ ਆਉਣ ਵਾਲਾ ਹੈ ਜੇਕਰ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਵੱਧ ਜਾਂਦੀ ਹੈ, ਕਿਉਂਕਿ ਇਹ ਪਹਿਲਾਂ ਹੀ 15,775 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ।
ਜੇਕਰ ਏਦਾਂ ਹੁੰਦਾ ਹੈਂ ਤਾਂ ਸਾਨੂੰ ਫਿਰ ਕੁਝ ਬਿਜਲੀ ਦੇ ਕੱਟ ਲਾਉਣੇ ਪੈਣਗੇ।

ਤਸਵੀਰ ਸਰੋਤ, BBC
ਆਲ ਇੰਡੀਆ ਪਾਵਰ ਇੰਜੀਨੀਅਰਾਂ ਦਾ ਖ਼ਦਸ਼ਾ
ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਨੇ 17 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਬਿਜਲੀ ਦੀ ਮੰਗ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਸਪਲਾਈ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ, ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਕੋਈ ਰਾਜ ਸਰਕਾਰ ਬਿਜਲੀ ਦੀ ਮੰਗ ਨੂੰ ਸੰਭਾਲਣ ਲਈ ਢੁਕਵੇਂ ਕਦਮ ਚੁੱਕ ਰਹੀ ਹੈ।
ਜੇਕਰ ਸਥਿਤੀ ਜਾਰੀ ਰਹਿੰਦੀ ਹੈ, ਤਾਂ ਗਰਿੱਡ ਵਿੱਚ ਗੜਬੜੀ ਹੋਣ ਦੀ ਸੰਭਾਵਨਾ ਹੈ।
ਇਸ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 1 ਤੋਂ 15 ਜੂਨ, 2024 ਤੱਕ ਬਿਜਲੀ ਦੀ ਖਪਤ 2023 ਦੀ ਇਸੇ ਮਿਆਦ ਦੇ ਮੁਕਾਬਲੇ 43% ਵਧੀ ਹੈ ਅਤੇ ਜੂਨ 2023 ਵਿੱਚ ਵੱਧ ਤੋਂ ਵੱਧ ਮੰਗ 11,309 ਮੈਗਾਵਾਟ ਜੋ ਹੁਣ ਵਧ ਕੇ 15,775 ਮੈਗਾਵਾਟ ਹੋ ਗਈ ਹੈ।
ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਕਾਸ਼ਤ ਕਾਰਨ ਜੂਨ ਦੇ ਅੰਤ ਤੱਕ ਵਾਧੂ ਖੇਤੀ ਲੋਡ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਦੀ ਬੇਕਾਬੂ ਸਥਿਤੀ ਪੈਦਾ ਹੋ ਸਕਦੀ ਹੈ।
ਉਨ੍ਹਾਂ ਨੇ ਦਫ਼ਤਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਵਪਾਰਕ ਅਦਾਰੇ, ਮਾਲ ਅਤੇ ਦੁਕਾਨਾਂ ਸ਼ਾਮ 7 ਵਜੇ ਤੱਕ ਬੰਦ ਕਰਨ ਦਾ ਸੁਝਾਅ ਦਿੱਤਾ।
ਇਸ ਤੋਂ ਇਲਾਵਾ ਉਦਯੋਗਾਂ 'ਤੇ ਪੀਕ ਲੋਡ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਇਸ ਚਿੱਠੀ ਵਿੱਚ ਪੰਜਾਬ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਤੱਕ ਕਰਨ ਅਤੇ ਪੂਸਾ 44 ਵਰਗੀਆਂ ਪਾਣੀ ਦੀ ਘੱਟ ਖਪਤ ਵਾਲੀਆਂ ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਫੈਡਰੇਸ਼ਨ ਨੇ ਪ੍ਰਸਤਾਵ ਦਿੱਤਾ ਕਿ ਬਿਜਲੀ ਚੋਰੀ ਨੂੰ ਐੱਨਐੱਸਏ ਦੇ ਤਹਿਤ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਮੁਫ਼ਤ ਬਿਜਲੀ ਦੇਣ ਦੀ ਰਾਜ ਦੀ ਨੀਤੀ ਦੀ ਸਮੀਖਿਆ ਕਰਨ ਦਾ ਵੀ ਸੁਝਾਅ ਦਿੱਤਾ।
ਅੰਤ ਵਿੱਚ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਨੂੰ ਕੇਂਦਰੀ ਪੂਲ ਤੋਂ ਇੱਕ ਪਹਿਲ ਦੇ ਤੌਰ 'ਤੇ ਵਾਧੂ 1,000 ਮੈਗਾਵਾਟ ਬਿਜਲੀ ਅਲਾਟ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ।
ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵਿਨੋਦ ਕੁਮਾਰ ਗੁਪਤਾ ਨੇ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਦੀ ਬਿਜਲੀ ਦੀ ਮੰਗ ਪਹਿਲਾਂ ਹੀ 15,775 ਮੈਗਾਵਾਟ ਤੱਕ ਪਹੁੰਚ ਗਈ ਹੈ, ਜਦੋਂ ਕਿ ਮੌਜੂਦਾ ਬੁਨਿਆਦੀ ਢਾਂਚਾ ਵੱਧ ਤੋਂ ਵੱਧ 16,500 ਮੈਗਾਵਾਟ ਤੱਕ ਹੀ ਹੈਂਡਲ ਕਰ ਸਕਦਾ ਹੈ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਮੰਗ ਇਸ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਗਰਿੱਡ ਟ੍ਰਿਪ ਹੋ ਸਕਦੇ ਹਨ, ਜਿਸ ਨੂੰ ਠੀਕ ਕਰਨ ਵਿੱਚ ਘੰਟੇ ਲੱਗ ਸਕਦੇ ਹਨ।
ਉਨ੍ਹਾਂ ਪੰਜਾਬ ਸਰਕਾਰ ਨੂੰ ਵਿੱਤੀ ਨੁਕਸਾਨ ਤੋਂ ਬਚਣ ਲਈ ਕੇਂਦਰੀ ਪੂਲ ਤੋਂ 1000 ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਸੰਪਰਕ ਕਰਨ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ: ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਝੋਨੇ ਦੀ ਬਿਜਾਈ ਲਈ ਲਗਭਗ 60-70 ਫੀਸਦੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜਦੋਂ ਨੂੰ ਸਰਕਾਰੀ ਦਫ਼ਤਰ ਦਾ ਸਮਾਂ ਬਦਲਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਮੁਲਾਜ਼ਮ ਚੋਣ ਡਿਊਟੀਆਂ ਵਿੱਚ ਰੁੱਝੇ ਹੋਏ ਸਨ।
ਉਨ੍ਹਾਂ ਨੇ ਕਿਹਾ, "ਪੀਕ ਸੀਜ਼ਨ ਦੇ ਸਿਰਫ਼ 10 ਦਿਨ ਬਚੇ ਹਨ, ਇਸ ਲਈ 15 ਜੂਨ ਨੂੰ ਝੋਨੇ ਦੀ ਬਿਜਾਈ ਇੱਕੋ ਤਰੀਕ ਵਜੋਂ ਨਿਰਧਾਰਤ ਕੀਤਾ ਗਿਆ ਹੈ, ਕਿਉਂਕਿ ਸਾਡੇ ਕੋਲ ਬਿਜਲੀ ਆਮ ਹੈ। ਉਨ੍ਹਾਂ ਕਿਹਾ ਕਿ ਚੱਲ ਰਹੀ ਹੀਟਵੇਵ ਕਾਰਨ ਸਥਾਨਕ ਨੁਕਸ ਹੋ ਸਕਦੇ ਹਨ।

ਤਸਵੀਰ ਸਰੋਤ, X/Sunil Jakhar
ਝੋਨੇ ਤੋਂ ਦੂਜੀਆਂ ਫ਼ਸਲਾਂ ਵੱਲ ਜਾਣ ਦੀ ਲੋੜ - ਜਾਖੜ
ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਐਕਸ ਖਾਤੇ ਤੇ ਲਿਖਿਆ, "ਪੰਜਾਬ ਵਿਚ ਬਿਜਲੀ ਦੀ ਮੰਗ 16000 ਮੈਗਾਵਾਟ ਦੇ ਪਾਰ! ਇਹ ਤਾਂ ਇਕ ਚਿਤਾਵਨੀ ਹੈ ਕਿ ਅਸੀਂ ਜਾਗੀਏ। ਅੱਜ ਬਿਜਲੀ ਦੀ ਮੰਗ ਵੱਧਣ ਕਾਰਨ ਗਰਿੱਡ ਫੇਲ ਹੋਣ ਦਾ ਖਤਰਾ ਬਣਿਆ ਪਿਆ ਹੈ, ਪਰ ਬਿਜਲੀ ਤੋਂ ਬਾਅਦ ਅਗਲੀ ਵਾਰੀ ਪੰਜਾਬ ਦੇ ਪਾਣੀ ਦੀ ਹੈ।
ਉਨ੍ਹਾਂ ਅੱਗੇ ਕਿਹਾ, "ਜੇ ਅਸੀਂ ਨਾ ਸੰਭਲੇ ਤਾਂ ਉਹ ਦਿਨ ਹੁਣ ਦੂਰ ਨਹੀਂ ਜਦ ਪੰਜਾਬ ਦੇ ਪੱਤਣਾਂ ਤੋਂ ਪਾਣੀ ਮੁੱਕ ਜਾਵੇਗਾ। ਪਰ ਕੀ ਸਾਨੂੰ ਫਸਲੀ ਵਿਭਿੰਨਤਾ ਬਾਰੇ ਨਹੀਂ ਸੋਚਣਾ ਚਾਹੀਦਾ, ਖਾਸ ਕਰਕੇ ਉਹ ਸਾਥੀ ਜਿਹੜੇ 23 ਫਸਲਾਂ ਤੇ ਐੱਮਐੱਸਪੀ ਦੀ ਗੱਲ ਕਰਦੇ ਹਨ,ਕੀ ਉਹ ਹੌਲੀ ਹੌਲੀ ਉਨ੍ਹਾਂ ਬਦਲਵੀਆਂ ਫਸਲਾਂ ਵੱਲ ਵੱਧ ਕੇ ਹੋਰਨਾਂ ਲਈ ਪ੍ਰੇਰਣਾ ਬਣਨਗੇ ? ਕਾਰਨ ਤਾਂ ਸਭ ਜਾਣਦੇ ਹਨ, ਆਓ ਮਿਲ ਕੇ ਕੋਈ ਹੱਲ ਵੀ ਕਰੀਏ।

ਸੂਬੇ ਨੂੰ ਬਿਜਲੀ ਦੀ ਚੋਰੀ ਕਾਰਨ ਸਾਲਾਨਾ 1,850 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ - ਰਿਪੋਰਟ
ਹਿੰਦੁਸਤਾਨ ਟਾਈਮਜ਼ ਵਿੱਚ 17 ਜੂਨ ਨੂੰ ਰਿਪੋਰਟ ਦੇ ਮੁਤਾਬਿਕ ਪੰਜਾਬ ਸਰਕਾਰ ਨੂੰ ਬਿਜਲੀ ਚੋਰੀ ਕਾਰਨ 1,850 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ। ਇਹ ਖ਼ੁਲਾਸਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਵੱਲੋਂ ਜਾਰੀ ਤਾਜ਼ਾ ਟੈਰਿਫ ਆਰਡਰਾਂ ਵਿੱਚ ਹੋਇਆ ਹੈ, ਜਿਸ ਵਿੱਚ ਚੋਰੀ ਅਤੇ ਹੋਰ ਮੁੱਦਿਆਂ 'ਤੇ ਪੀਐਸਪੀਸੀਐਲ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ ਸੀ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, “ਪੇਂਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਪੱਟੀ ਸਬ-ਡਵੀਜ਼ਨ ਨੂੰ ਸਭ ਤੋਂ ਵੱਧ 133 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਇਸ ਤੋਂ ਬਾਅਦ ਜ਼ੀਰਾ ਨੂੰ 131 ਕਰੋੜ ਰੁਪਏ ਸਾਲਾਨਾ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਅਜਨਾਲਾ ਵਿੱਚ ਪੀਐੱਸਪੀਸੀਐੱਲ ਨੂੰ ਲਗਭਗ 80 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ, "ਇਕ ਰਿਪੋਰਟ ਦੇ ਮੁਤਾਬਕ, ਸੂਬੇ ਨੂੰ ਬਿਜਲੀ ਚੋਰੀ ਨਾਲ 1850 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ। ਸਰਹੱਦ ਅਤੇ ਮਾਲਵਾ ਪੱਟੀ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ। ਹਾਲਾਂਕਿ, 'ਆਪ' ਸਰਕਾਰ ਅਤੇ ਪੰਜਾਬ ਦੇ ਸੀਐੱਮ ਮਾਨ ਨੇ ਇਸ 'ਤੇ ਨਜ਼ਰ ਰੱਖਣ ਲਈ ਜ਼ਿਆਦਾ ਚਿੰਤਤ ਨਹੀਂ ਲੱਗ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਘਰੇਲੂ, ਖੇਤੀਬਾੜੀ ਅਤੇ ਉਦਯੋਗਾਂ ਸਮੇਤ ਵੱਖ-ਵੱਖ ਖੇਤਰਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਦੇ ਵਾਅਦੇ ਦੇ ਬਾਵਜੂਦ ਲੰਬੇ ਸਮੇਂ ਤੋਂ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।












