ਪੰਜਾਬ 'ਚ ਮਾਨਸੂਨ ਕਦੋਂ ਆਵੇਗੀ, ਲੂ ਦੇ ਦਿਨ ਵਧਣ ਦਾ ਸਿਹਤ ਅਤੇ ਖੇਤੀ ਉੱਤੇ ਕਿਹੋ ਜਿਹਾ ਅਸਰ ਪੈ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਸਮੇਤ ਭਾਰਤ ਦੇ ਕਈ ਹਿੱਸੇ ਲੂ ਦੀ ਲਪੇਟ ਵਿੱਚ ਹਨ ਅਤੇ ਇਸ ਸਾਲ ਭਾਰਤ ਵਿੱਚ ਲੂ ਦੇ ਦਿਨਾਂ ਦੀ ਗਿਣਤੀ ਅਤੇ ਤੀਬਰਤਾ ਨੇ ਪਿਛਲੇ ਤਕਰੀਬਨ 15 ਸਾਲ ਦਾ ਰਿਕਾਰਡ ਤੋੜ ਦਿੱਤੇ ਹਨ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਮ੍ਰਿਤੂੰਜਯ ਮੋਹਾਪਾਤਰਾ ਦੇ ਇੱਕ ਬਿਆਨ ਮੁਤਾਬਕ ਇਸ ਸਾਲ ਲੂ ਹੁਣ ਤੱਕ ਦਾ ਸਭ ਤੋਂ ਲੰਬਾ ਸਮਾਂ ਚੱਲੀ ਹੈ।
ਉੱਤਰੀ ਭਾਰਤ ਦੇ ਕਈ ਹਿੱਸੇ ਮੱਧ ਮਈ ਤੋਂ ਅਤਿ-ਲੂ ਦਾ ਸਾਹਮਣਾ ਕਰ ਰਹੇ ਹਨ।
ਭਾਰਤੀ ਮੌਸਮ ਵਿਭਾਗ ਮੁਤਾਬਕ 1 ਮਾਰਚ ਤੋਂ 9 ਜੂਨ ਦਰਮਿਆਨ ਪੰਜਾਬ ਵਿੱਚ 15 ਦਿਨ ਲੂ ਚੱਲੀ।
ਮਈ ਮਹੀਨੇ ਪੰਜਾਬ ਵਿੱਚ 9 ਦਿਨ ਲੂ ਵਾਲੇ ਰਹੇ। ਉੱਧਰ ਹਰਿਆਣਾ ਵਿੱਚ 1 ਮਾਰਚ ਤੋਂ 9 ਜੂਨ ਦਰਮਿਆਨ 20 ਦਿਨ ਹੀਟਵੇਵ ਵਾਲੇ ਸਨ ਅਤੇ ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ 12 ਅਤੇ ਜੰਮੂ ਕਸ਼ਮੀਰ ਵਿੱਚ 6 ਦਿਨ ਲੂ ਚੱਲੀ।
ਇਸ ਸਮੇਂ ਦੌਰਾਨ ਸਭ ਤੋਂ ਵੱਧ 27 ਦਿਨ ਉੜੀਸਾ ਵਿੱਚ ਲੂ ਵਗੀ ਅਤੇ ਰਾਜਸਥਾਨ ਵਿੱਚ ਹੀਟਵੇਵ ਦੇ 23 ਦਿਨ ਰਹੇ।
ਇਸ ਸਾਲ ਭਾਰਤ ਦੇ ਘੱਟੋ-ਘੱਟ ਅੱਠ ਸੂਬਿਆਂ ਨੇ ਸਾਲ 2010 ਤੋਂ ਬਾਅਦ ਪਹਿਲੀ ਵਾਰ ਹੀਟਵੇਵ ਦੇ ਸਭ ਤੋਂ ਵੱਧ ਦਿਨ ਝੱਲੇ।

ਲੂ ਕਿਸ ਨੂੰ ਕਿਹਾ ਜਾਂਦਾ ਹੈ ?
ਮੌਸਮ ਵਿਭਾਗ ਮੁਤਾਬਕ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਤੇ ਹੋਣ ’ਤੇ ਹੀਟਵੇਵ ਦੇ ਹਾਲਾਤ ਬਣਦੇ ਹਨ।
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਜਦੋਂ ਤਾਪਮਾਨ 45 ਡਿਗਰੀ ਤੋਂ ਉੱਤੇ ਚਲਾ ਜਾਂਦਾ ਹੈ ਤਾਂ ਮੌਸਮ ਵਿਭਾਗ ਵੱਲੋਂ ਹੀਟਵੇਵ ਦਾ ਐਲਾਨ ਕੀਤਾ ਜਾਂਦਾ ਹੈ।
ਤਾਪਮਾਨ 47 ਡਿਗਰੀ ਤੋਂ ਉੱਤੇ ਹੋ ਜਾਵੇ ਤਾਂ ਅਤਿ-ਲੂ ਐਲਾਨੀ ਜਾਂਦੀ ਹੈ।
ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਹੀਟਵੇਵ ਐਲਾਨਣ ਦਾ ਇੱਕ ਦੂਜਾ ਤਰੀਕਾ ਇਹ ਹੈ ਕਿ ਕਿਸੇ ਖੇਤਰ ਵਿੱਚ ਦਿਨ ਦਾ ਤਾਪਮਾਨ ਉਸ ਦਿਨ ਦੇ ਔਸਤ ਤਾਪਮਾਨ (ਖ਼ਾਸ ਦਿਨ ਦਾ ਪਿਛਲੇ ਕੁਝ ਸਾਲਾਂ ਦੇ ਤਾਪਮਾਨ ਦੇ ਔਸਤ) ਤੋਂ ਸਾਢੇ ਚਾਰ ਡਿਗਰੀ ਤੋਂ ਵੱਧ ਹੋ ਜਾਵੇ ਤਾਂ ਹੀਟਵੇਵ ਐਲਾਨ ਦਿੱਤੀ ਜਾਂਦੀ ਹੈ ਅਤੇ ਤਾਪਮਾਨ ਔਸਤ ਤਾਪਮਾਨ ਤੋਂ ਸਾਢੇ ਛੇ ਡਿਗਰੀ ਉੱਤੇ ਚਲਾ ਜਾਵੇ ਤਾਂ ਉਸ ਨੂੰ ਅਤਿ-ਲੂ ਐਲਾਨ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਲੂ ਦੇ ਦਿਨ ਵਧਣ ਦਾ ਕੀ ਕਾਰਨ ?
ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਵਧ ਰਹੇ ਤਾਪਮਾਨ, ਗਰਮੀ ਅਤੇ ਹੀਟਵੇਵ ਦਾ ਇੱਕ ਵੱਡਾ ਕਾਰਨ ਆਲਮੀ ਤਪਸ਼ (ਗਲੋਬਲ ਵਾਰਮਿੰਗ) ਹੈ।
ਉਨ੍ਹਾਂ ਕਿਹਾ ਕਿ ਗਰੀਬ ਹਾਊਸ ਗੈਸਾਂ ਕਾਰਨ ਹੋ ਰਹੀ ਗਲੋਬਲ ਵਾਰਮਿੰਗ, ਜੰਗਲਾਂ ਦਾ ਕੱਟਿਆ ਜਾਣਾ, ਨਵੇਂ ਜੰਗਲਾਂ ਦਾ ਨਾ ਲੱਗਣਾ ਅਤੇ ਗ਼ੈਰ-ਯੋਜਨਾਬੱਧ ਇਮਾਰਤਾਂ ਦਾ ਬਣਨਾ ਇਸ ਦਾ ਇੱਕ ਵੱਡਾ ਕਾਰਨ ਹੈ।
ਦੱਸ ਦੇਈਏ ਕਿ ਭਾਰਤ ਗਰੀਨ ਹਾਊਸ ਗੈਸਾਂ ਪੈਦਾ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਹੈ ਕਿਉਂਕਿ ਊਰਜਾ ਬਣਾਉਣ ਲਈ ਜ਼ਿਆਦਾ ਕੋਲ਼ੇ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਮ੍ਰਿਤੂੰਜਯ ਮੋਹਾਪਾਤਰਾ ਮੁਤਾਬਕ, “ਹੀਟਵੇਵ ਦੀ ਬਰਬਰਤਾ, ਟਿਕਾਊਤਾ ਅਤੇ ਤੀਬਰਤਾ ਹੋਰ ਵਧੇਗੀ ਜੇਕਰ ਅਸੀਂ ਸਾਵਧਾਨੀ ਜਾਂ ਰੋਕਥਾਮ ਲਈ ਕਦਮ ਨਾ ਚੁੱਕੇ।”

ਤਸਵੀਰ ਸਰੋਤ, Getty Images
ਕਦੋਂ ਮਿਲੇਗੀ ਲੂ ਤੋਂ ਰਾਹਤ ?
ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 16 ਮਈ ਤੋਂ ਹੀਟਵੇਵ ਸ਼ੁਰੂ ਹੋਈਆਂ ਅਤੇ ਪੱਛਮੀ ਗੜਬੜੀਆਂ ਕਾਰਨ ਵਿਚਕਾਰ ਕੁਝ ਦਿਨ ਰਾਹਤ ਮਿਲੀ ਸੀ ਪਰ ਉਸ ਤੋਂ ਬਾਅਦ ਫਿਰ ਹੀਟਵੇਵ ਜਾਰੀ ਹੋ ਜਾਵੇਗੀ।
ਉਹ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਜੂਨ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਲੂ ਵਗਦੀ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ 45-46 ਡਿਗਰੀ ਤੱਕ ਰਹਿ ਸਕਦਾ ਹੈ।
ਉੱਧਰ ਹਰਿਆਣਾ ਅਤੇ ਪੰਜਾਬ ਦੇ ਦੱਖਣੀ-ਪੱਛਮੀ ਹਿੱਸਿਆਂ ਵਿੱਚ ਅਤਿ-ਲੂ ਦੇ ਹਾਲਾਤ ਬਣ ਸਕਦੇ ਹਨ ਅਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।
ਮਾਨਸੂਨ ਬਾਰੇ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 27 ਜੂਨ ਤੋਂ ਬਾਅਦ ਦਸਤਕ ਦੇ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਪਹਿਲਾਂ ਇਹ ਵੀ ਦੱਸ ਚੁੱਕਿਆ ਹੈ ਕਿ ਇਸ ਸਾਲ ਮਾਨਸੂਨ ਵੀ ਆਮ ਨਾਲ਼ੋਂ ਵਧੇਰੇ ਭਾਰੀ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਲੂ ਦਾ ਸਿਹਤ ’ਤੇ ਅਸਰ?
ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਸਪੈਸ਼ਲਿਸਟ ਡਾਕਟਰ ਈਸ਼ਾ ਦੱਸਦੇ ਹਨ ਕਿ ਹੀਟਵੇਵ ਕਾਰਨ ਮਨੁੱਖੀ ਸਰੀਰ ‘ਤੇ ਮਾਮੂਲੀ ਤੋਂ ਲੈ ਕੇ ਕਾਫ਼ੀ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਉਹ ਦੱਸਦੇ ਹਨ ਕਿ 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਹੀਟਵੇਵ ਦੇ ਪ੍ਰਭਾਵ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਡਾਕਟਰ ਈਸ਼ਾ ਨੇ ਦੱਸਿਆ ਕਿ ਹੀਟਵੇਵ ਦੇ ਸਰੀਰ ’ਤੇ ਬੁਰੇ ਪ੍ਰਭਾਵ ਦੇ ਲੱਛਣ ਸਿਰ ਦਰਦ, ਬੇਹੋਸ਼ੀ, ਬਲੱਡ ਪਰੈਸ਼ਰ ਘਟਣਾ, ਮਾਸ ਪੇਸ਼ੀਆਂ ਵਿੱਚ ਦਰਦ, ਜ਼ਿਆਦਾ ਪਸੀਨੇ ਆਉਣਾ, ਥਕਾਵਟ ਮਹਿਸੂਸ ਕਰਨਾ ਵਗੈਰਾ ਹੋ ਸਕਦੇ ਹਨ।
ਇਸ ਤੋਂ ਜ਼ਿਆਦਾ ਗੰਭੀਰ ਅਸਰ ਜਿਸ ਨੂੰ ਹੀਟਸਟ੍ਰੋਕ ਵੀ ਕਿਹਾ ਜਾਂਦਾ ਹੈ, ਉਸ ਵਿੱਚ ਤੇਜ਼ ਬੁਖ਼ਾਰ (103 ਡਿਗਰੀ ਫਾਰਨਹੀਟ ਤੋਂ ਉੱਤੇ) ਹੋ ਜਾਂਦਾ ਹੈ।
ਇਸ ਤੋਂ ਇਲਾਵਾ ਚਮੜੀ ਦੇ ਰੋਗ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ।
ਡਾਕਟਰ ਈਸ਼ਾ ਸਲਾਹ ਦਿੰਦੇ ਹਨ ਕਿ ਹੀਟਵੇਵ ਤੋਂ ਬਚਣ ਲਈ ਸਭ ਤੋਂ ਅਹਿਮ ਇਹ ਹੈ ਕਿ ਜ਼ਰੂਰੀ ਕੰਮਾਂ ਲਈ ਸਵੇਰ ਜਾਂ ਸ਼ਾਮ ਨੂੰ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਬਹੁਤਾ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ।
ਉਹ ਸਲਾਹ ਦਿੰਦੇ ਹਨ ਕਿ ਪਾਣੀ ਪੀਂਦੇ ਰਹੋ।
ਪਸੀਨੇ ਕਾਰਨ ਸਰੀਰ ਵਿੱਚੋਂ ਨਮਕ ਦੀ ਮਾਤਰਾ ਵੀ ਘੱਟ ਹੁੰਦੀ ਹੈ ਇਸ ਲਈ ਇਲੈਕਟ੍ਰੋਲਾਈਟ ਯੁਕਤ ਡ੍ਰਿੰਕ ਜਿਵੇਂ ਕਿ ਓਆਰਐੱਸ, ਨਿੰਬੂ ਪਾਣੀ ਵਗੈਰਾ ਪੀਂਦੇ ਰਹਿਣਾ ਚਾਹੀਦਾ ਹੈ।
ਉਹ ਨਾਰੀਅਲ ਪਾਣੀ ਤੇ ਲੱਸੀ ਵਰਗੇ ਤਰਲ ਪਦਾਰਥਾਂ ਦੇ ਸੇਵਨ ਦੀ ਵੀ ਸਲਾਹ ਦਿੰਦੇ ਹਨ।
ਬਾਹਰ ਜਾਣ ਵੇਲੇ ਸਰੀਰ ਖ਼ਾਸ ਕਰਕੇ ਸਿਰ ਢਕ ਕੇ ਜਾਣ ਦੀ ਸਲਾਹ ਦਿੰਦੇ ਹਨ।
ਡਾਕਟਰ ਈਸ਼ਾ ਸਲਾਹ ਦਿੰਦੇ ਹਨ ਹਨ ਕਿ ਜੇਕਰ ਹੀਟਸਟ੍ਰੋਕ ਹੋ ਜਾਵੇ ਤਾਂ ਬਿਨ੍ਹਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਲੂ ਦਾ ਮੌਜੂਦਾ ਖੇਤੀਬਾੜੀ ’ਤੇ ਅਸਰ ?
ਲੁਧਿਆਣਾ ਦੀ ਖੇਤੀਬਾੜੀ ਯੁਨੀਵਰਸਿਟੀ ਵਿੱਚ ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਮੈਟਰੋਲੋਜੀ ਵਿਭਾਗ ਦੀ ਮੁਖੀ ਪਵਨੀਤ ਕੌਰ ਢੀਂਗਰਾ ਨੇ ਦੱਸਿਆ ਕਿ ਪੰਜਾਬ ਵਿੱਚ ਹੀਟਵੇਵ ਦੇ ਦਿਨ ਵਧਣ ਦਾ ਮੌਜੂਦਾ ਖੇਤੀਬਾੜੀ ਸੀਜ਼ਨ ’ਤੇ ਕੁਝ ਖ਼ਾਸ ਅਸਰ ਨਹੀਂ ਪਿਆ।
ਉਹ ਕਹਿੰਦੇ ਹਨ, ਕਿਉਂਕਿ ਪੰਜਾਬ ਵਿੱਚ ਹੀਟਵੇਵ ਮੱਧ ਮਈ ਤੋਂ ਸ਼ੁਰੂ ਹੋਈ ਉਦੋਂ ਤੱਕ ਹਾੜੀ ਦੀਆਂ ਫਸਲਾਂ ਦੀ ਵਾਢੀ ਹੋ ਚੁੱਕੀ ਸੀ ਅਤੇ ਸਾਉਣੀ ਫਸਲਾਂ ਦੀ ਬਿਜਾਈ/ ਲੁਆਈ ਹਾਲੇ ਹੋਣੀ ਹੈ।
ਉਹ ਕਹਿੰਦੇ ਹਨ ਕਿ ਜੇ ਮਾਰਚ-ਅਪ੍ਰੈਲ ਵਿੱਚ ਲੂ ਦੇ ਦਿਨ ਵੱਧ ਹੁੰਦੇ ਤਾਂ ਫ਼ਸਲਾਂ ’ਤੇ ਮਾੜਾ ਅਸਰ ਹੋ ਸਕਦਾ ਸੀ।
ਉਹ ਕਹਿੰਦੇ ਹਨ ਕਿ ਹੁਣ ਲੱਗੀਆਂ ਝੋਨੇ ਸਮੇਤ ਹੋਰ ਫਸਲਾਂ ’ਤੇ ਲੂ ਦਾ ਬਹੁਤਾ ਮਾੜਾ ਪ੍ਰਭਾਵ ਨਹੀਂ ਹੋਏਗਾ, ਕਿਉਂਕਿ ਇਨ੍ਹਾਂ ਫਸਲਾਂ ਨੂੰ ਹਾਲੇ ਲੁਆਈ ਸ਼ੁਰੂ ਹੀ ਹੋ ਰਹੀ ਹੈ।
ਪਵਨੀਤ ਕੌਰ ਢੀਂਗਰਾ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਿਸਟੀ ਕਿਸਾਨਾਂ ਨੂੰ ਲੋੜ ਮੁਤਾਬਕ ਫ਼ਸਲਾਂ ਦੀ ਸਵੇਰ-ਸ਼ਾਮ ਸਿੰਜਾਈ ਕਰਨ ਦੀ ਸਲਾਹ ਦਿੰਦੀ ਹੈ।
ਉਹ ਕਹਿੰਦੇ ਹਨ ਕਿ ਜ਼ਿਆਦਾ ਹੀਟਵੇਵ ਕਰਕੇ ਫਸਲਾਂ ਨੂੰ ਆਮ ਨਾਲ਼ੋਂ ਵੱਧ ਪਾਣੀ ਦੇਣਾ ਪਵੇਗਾ।
ਮੌਸਮ ਵਿਭਾਗ ਅਤੇ ਖੇਤੀਬਾੜੀ ਵਿਭਾਗ ਖੇਤੀ ਦਾ ਕੰਮ ਕਰਨ ਵਾਲਿਆਂ ਨੂੰ ਵੀ ਸਲਾਹ ਦਿੰਦੇ ਹਨ ਕਿ ਕੰਮ ਕਰਦਿਆਂ ਵਾਰ ਵਾਰ ਪਾਣੀ ਪੀਣ, ਛਾਂ ਵਿੱਚ ਅਰਾਮ ਕਰਨ, ਕੋਸ਼ਿਸ਼ ਕਰਨ ਕਿ ਕੰਮ ਸਵੇਰ-ਸ਼ਾਮ ਨੂੰ ਹੀ ਕਰਨ ਤਾਂ ਕਿ ਲੂ ਦੇ ਪ੍ਰਭਾਵ ਤੋਂ ਬਚ ਸਕਣ।












