ਤੇਜ਼ ਗਰਮੀ ਕਦੋਂ ਤੱਕ ਰਹੇਗੀ, ਮਾਨਸੂਨ ਕਦੋਂ ਆਵੇਗਾ ਤੇ ਕਿੰਨਾ ਤੇਜ਼ ਰਹੇਗਾ, ਮੌਸਮ ਵਿਭਾਗ ਤੋਂ ਸਮਝੋ

ਚੰਡੀਗੜ੍ਹ ਵਿੱਚ ਗਰਮੀ ਤੋਂ ਬਚਣ ਲਈ ਸਿਰ ਢਕਦੀ ਹੋਈ ਬਜ਼ੁਰਗ ਔਰਤ

ਤਸਵੀਰ ਸਰੋਤ, Getty Images

ਪਿਛਲੇ ਲਗਭਗ ਇੱਕ ਹਫ਼ਤੇ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਸੂਬੇ ਤੇਜ਼ ਗਰਮੀ ਦੇ ਪ੍ਰਕੋਪ ਹੇਠ ਹਨ।

ਮੌਸਮ ਵਿਭਾਗ ਮੁਤਾਬਕ 30 ਮਈ ਤੱਕ ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਸ ਤੋਂ ਬਾਅਦ ਸਥਿਤੀ ਕੁਝ ਸੁਧਰ ਜ਼ਰੂਰ ਸਕਦੀ ਹੈ ਪਰ ਤਪਸ਼ ਤੋਂ ਰਾਹਤ ਨਹੀਂ ਮਿਲੇਗੀ।

ਮਾਨਸੂਨ ਹਾਲਾਂਕਿ ਇਸ ਵਾਰ ਵਧੀਆ ਰਹਿਣ ਦੀ ਉਮੀਦ ਹੈ ਪਰ ਉਹ ਵੀ 30 ਜੂਨ ਤੋਂ ਪਹਿਲਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਾਖਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੋ ਜੂਨ ਮਹੀਨਾ ਤਾਂ ਇਸ ਖਿੱਤੇ ਦਾ ਪੂਰੀ ਗਰਮੀ ਵਿੱਚ ਲੰਘਣਾ ਲਗਭਗ ਤੈਅ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਲਾਈ ਜਾ ਰਹੀ ਪਰਾਲੀ ਨੂੰ ਅੱਗ ਵੀ ਤੇਜ਼ ਗਰਮੀ ਦਾ ਇੱਕ ਅਹਿਮ ਕਾਰਨ ਹੈ।

ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਤਾਪਮਾਨ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ।

ਇੰਨੀ ਜ਼ਿਆਦਾ ਗਰਮੀ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਤਾਂ ਹੋ ਹੀ ਜਾਂਦੀ ਸਗੋਂ ਇਸ ਨਾਲ ਸਰੀਰ ਦੇ ਅਹਿਮ ਅੰਗਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਇਸ ਲਈ ਜਿੱਥੋਂ ਤੱਕ ਹੋ ਸਕੇ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਕੱਢਿਆ ਜਾਵੇ।

ਬੀਬੀਸੀ ਪੰਜਾਬੀ ਨੇ ਇਸ ਸਾਰੇ ਵਿਸ਼ੇ ਬਾਰੇ ਅਜੈ ਕੁਮਾਰ ਸਿੰਘ, ਡਾਇਰੈਕਟਰ, ਮੈਟਰੋਲੋਜੀ ਵਿਭਾਗ, ਚੰਡੀਗੜ੍ਹ

ਨਾਲ ਗੱਲਬਾਤ ਕੀਤੀ।

ਗਰਾਫਿਕਸ

ਵਰਤਮਾਨ ਵਿੱਚ ਹੀਟਵੇਵ ਦੀ ਕੀ ਸਥਿਤੀ ਹੈ?

ਹੀਟਵੇਵ ਦੀ ਸਥਿਤੀ ਅਗਲੇ ਇੱਕ ਦੋ ਦਿਨਾਂ ਤੱਕ ਬਰਕਾਰ ਰਹਿਣ ਵਾਲੀ ਹੈ। ਹਾਲਾਂਕਿ ਪਰਸੋਂ ਤੋਂ ਇਸ ਦੀ ਤੀਬਰਤਾ ਵਿੱਚ ਕੁਝ ਕਮੀ ਜ਼ਰੂਰ ਆਵੇਗੀ ਪਰ ਤਪਸ਼ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ।

ਇਸ ਦੀ ਮੁੱਖ ਵਜ੍ਹਾ ਹੈ ਵਧ ਰਿਹਾ ਵਿਸ਼ਵੀ ਤਾਪਮਾਨ। ਜਦੋਂ ਵੀ ਇਹ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਗਰਮੀ ਦੇ ਮਾਮਲੇ ਵੀ ਹੁੰਦੇ ਹਨ।

ਗੰਭੀਰ ਮੌਸਮ ਦੇ ਮਾਮਲੇ ਸਿਰਫ਼ ਗਰਮੀ ਦੀ ਲਹਿਰ ਵਿੱਚ ਹੀ ਨਹੀਂ ਸਗੋਂ ਤੂਫ਼ਾਨ ਦੇ ਰੂਪ ਵਿੱਚ ਆਉਣਗੇ ਜੋ ਲਗਾਤਾਰ ਦੋ ਵਾਰ ਆ ਚੁੱਕਿਆ ਹੈ।

ਅਲ ਨੀਨੋ ਜਾਂ ਲਾ ਨੀਨੋ ਕੀ ਹੈ

ਅਜੈ ਕੁਮਾਰ ਸਿੰਘ, ਡਾਇਰੈਕਟਰ, ਮੈਟਰੋਲੋਜੀ ਵਿਭਾਗ, ਚੰਡੀਗੜ੍ਹ
ਤਸਵੀਰ ਕੈਪਸ਼ਨ, ਅਜੈ ਕੁਮਾਰ ਸਿੰਘ, ਡਾਇਰੈਕਟਰ, ਮੈਟਰੋਲੋਜੀ ਵਿਭਾਗ, ਚੰਡੀਗੜ੍ਹ

ਅਜੇ ਅਲ ਨੀਨੋ ਨਹੀਂ ਚੱਲ ਰਿਹਾ, ਲਾ ਨੀਨੋ ਹੈ। ਹੁਣ ਉਸਦੀ ਸ਼ੁਰੂਆਤ ਹੋ ਗਈ ਹੈ। ਜਦੋਂ ਵੀ ਲਾ ਨੀਨੋ ਹੁੰਦਾ ਹੈ ਤਾਂ ਮੌਸਮ ਵਿਗਿਆਨੀ ਅਜਿਹਾ ਕਹਿੰਦੇ ਹਨ ਕਿ ਮੌਨਸੂਨ ਬਹੁਤ ਹੀ ਵਧੀਆ ਹੁੰਦਾ ਹੈ।

ਗਰਮੀ ਦੀ ਰੁੱਤ ਤੁਲਨਾਤਮਿਕ ਰੂਪ ਵਿੱਚ ਠੰਢੀ ਹੁੰਦੀ ਹੈ।

ਇਸ ਵਾਰ ਅਸੀਂ ਉਮੀਦ ਕੀਤੀ ਹੈ ਕਿ ਮੌਨਸੂਨ ਆਮ ਨਾਲੋਂ ਬਹੁਤ ਹੀ ਵਧੀਆ ਹੋਣ ਵਾਲਾ ਹੈ।

ਹਾਲਾਂਕਿ ਇਸ ਵਾਰ ਦੀ ਗਰਮੀ ਉਮੀਦ ਮੁਤਾਬਕ ਨਹੀਂ ਹੈ, ਭਾਵ ਲਾ ਨੀਨੋ ਦੇ ਅਨੁਰੂਪ ਨਹੀਂ ਹੈ।

ਅਲ ਨੀਨੋ ਅਤੇ ਲਾ ਨੀਨੇ ਸਪੈਨਿਸ਼ ਸ਼ਬਦ ਹਨ। ਇਹ ਦੋਵੇਂ ਵੱਖੋ-ਵੱਖ ਹਨ। ਲਾ ਨੀਨੇ ਅਲ ਨੀਨੋ ਦਾ ਬਿਲਕੁਲ ਵੱਖਰਾ ਰੂਪ ਹੈ।

ਅਲ ਨੀਨੋ ਦਾ ਸ਼ਬਦੀ ਅਰਥ ਹੈ ਨਿੱਕਾ ਮੁੰਡਾ ਜਦਕਿ ਲਾ ਨੀਨੋ ਦਾ ਮਤਲਬ ਹੈ ਨਿੱਕੀ ਕੁੜੀ।

ਅਲ ਨੀਨੋ ਦੇ ਮਾਮਲੇ ਵਿੱਚ ਪੂਰਬੀ ਅਤੇ ਕੇਂਦਰੀ ਪੈਸਿਫਿਕ ਮਹਾਂਸਾਗਰ ਵਿੱਚ ਅਸਧਾਰਨ ਗਰਮੀ ਪੈਦਾ ਹੁੰਦੀ ਹੈ। ਉਸ ਕਾਰਨ ਪੂਰਾ ਵਿਸ਼ਵੀ ਤਾਪਮਾਨ ਗਰਮ ਹੋ ਜਾਂਦਾ ਹੈ।

ਉਸ ਦਾ ਸਿੱਧਾ ਅਸਰ ਭਾਰਤ ਦੇ ਮੌਸਮ ਅਤੇ ਮੌਨਸੂਨ ਉੱਤੇ ਵੀ ਪੈਂਦਾ ਹੈ।

ਅਲ ਨੀਨੋ ਅਤੇ ਲਾ ਨੀਨੋ ਦਾ ਚੱਕਰ ਤਿੰਨ ਤੋਂ ਚਾਰ ਸਾਲ ਹੁੰਦਾ ਹੈ, ਮੌਜੂਦਾ ਸਮੇਂ ਮੁਤਾਬਕ ਇਸ ਸਮੇਂ ਲਾ ਨੀਨੋ ਚੱਲ ਰਿਹਾ ਹੈ।

ਮਾਨਸੂਨ ਅਤੇ ਤਾਪਮਾਨ ਬਾਰੇ ਕੀ ਭਵਿੱਖ ਬਾਣੀ ਹੈ?

ਗਰਾਫਿਕਸ

ਇਹ ਬਹੁਤ ਚੰਗੀ ਗੱਲ ਹੈ ਕਿ ਮਾਨਸੂਨ ਪਹਿਲੀ ਜੂਨ ਨੂੰ ਕੇਰਲਾ ਪਹੁੰਚ ਜਾਵੇਗਾ। ਸਾਡੀ ਉਮੀਦ ਮੁਤਾਬਕ 27 ਜੂਨ ਨੂੰ ਪੰਜਾਬ ਹਰਿਆਣਾ ਵਿੱਚ ਪਹੁੰਚ ਜਾਣਾ ਚਾਹੀਦਾ ਸੀ। ਲੇਕਿਨ ਫਿਲਹਾਲ 30 ਜੂਨ ਨੂੰ ਆਉਣ ਵਾਲਾ ਹੈ ਪਰ ਇਹ ਪੱਕੀ ਤਰੀਕ ਨਹੀਂ ਹੈ। ਦੋ ਚਾਰ ਦਿਨ ਪਹਿਲਾਂ ਵੀ ਅਤੇ ਦੋ ਚਾਰ ਦਿਨ ਬਾਅਦ ਵੀ ਆ ਸਕਦਾ ਹੈ।

ਵੱਧੋ-ਵੱਧ ਤਾਪਮਾਨ 48.4 ਡਿਗਰੀ ਸੈਲਸੀਅਸ ਹੈ, ਅਤੇ ਇਹ ਸਭ ਤੋਂ ਉਪਰਲੇ ਪੱਧਰ ਉੱਤੇ ਪਹਿਲਾਂ ਹੀ ਪਹੁੰਚ ਚੁੱਕਿਆ ਹੈ। ਹੁਣ ਸਾਨੂੰ ਉਮੀਦ ਨਹੀਂ ਹੈ ਕਿ ਇਸ ਤੋਂ ਉੱਪਰ ਜਾਵੇਗਾ।

ਤਾਪਮਾਨ ਸਾਡੇ ਕਾਬੂ ਵਿੱਚ ਤਾਂ ਬਿਲਕੁਲ ਵੀ ਨਹੀਂ ਹੈ। ਅਸੀਂ ਤਾਂ ਸਿਰਫ਼ ਇਸ ਨੂੰ ਮਾਪ ਸਕਦੇ ਹਾਂ।

ਤਾਪਮਾਨ ਨੂੰ ਕਾਬੂ ਕਰਨਾ ਕਈ ਕਾਰਕਾਂ ਉੱਤੇ ਨਿਰਭਰ ਹੈ। ਇਸਦਾ ਇੱਕ ਹੀ ਹੱਲ ਹੋ ਸਕਦਾ ਹੈ ਕਿ ਗਰੀਨ ਹਾਊਸ ਗੈਸਾਂ ਦੀ ਵਾਤਾਵਰਣ ਵਿੱਚ ਨਿਕਾਸੀ ਅਸੀਂ ਘੱਟ ਤੋਂ ਘੱਟ ਕਰੀਏ।

ਕੀ ਆਉਣ ਵਾਲੇ ਸਮੇਂ ਵਿੱਚ ਮੌਸਮ ਸਥਿਰ ਹੋ ਸਕਦਾ ਹੈ?

ਨਹੀ ਫਿਲਹਾਲ ਜੋ, ਸਥਿਤੀ ਦਿਸ ਰਹੀ ਹੈ, ਵਾਤਵਰਣ ਵਿੱਚ ਸਥਿਰਤਾ ਤੁਹਾਨੂੰ ਦਿਸਣ ਵਾਲੀ ਨਹੀਂ ਹੈ।

ਗੰਭੀਰ ਮੌਸਮ ਦੀਆਂ ਮਿਸਾਲਾਂ ਵੱਧ ਰਹੀਆਂ ਹਨ। ਤੁਸੀਂ ਯਾਦ ਕਰੋ 2008-09 ਜੁਲਾਈ ਦਾ ਮੀਂਹ, ਤੁਸੀਂ ਪਿਛਲੇ ਸਾਲ ਦਾ ਤੂਫ਼ਾਨ, ਪਿਛਲੇ ਸਾਲ ਕੋਹਰੇ ਨਾਲ ਢਕਿਆ ਪੰਜਾਬ, ਇਸ ਸਾਲ ਪੰਜਾਬ ਵਿੱਚ ਜੋ ਤੂਫ਼ਾਨ ਆਇਆ।

ਮੌਸਮ ਕੋਈ ਇਕ ਦਿਨ ਦਾ ਅਸਰ ਨਹੀਂ ਹੈ। ਇਸ ਲ਼ਈ ਸਾਨੂੰ ਲੰਬੇ ਸਮੇਂ ਦੀ ਔਸਤ ਲੈਣੀ ਪਵੇਗੀ। ਇਹੀ ਕਿਉਂ ਦੇਖਣਾ ਹੈ ਤੁਸੀਂ ਯਾਦ ਕਰੋ ਇਸ ਵਾਰ ਦੁਬਈ ਵਿੱਚ ਕੀ ਹੋਇਆ ਹੈ।

ਸਾਰੇ ਥਾਵਾਂ ਉੱਤੇ ਇਸਦਾ ਅਸਰ ਨਜ਼ਰ ਆ ਰਿਹਾ ਹੈ। ਗਲੋਬਲ ਪੱਧਰ ਉੱਤੇ ਬੈਠ ਕੇ ਸਾਨੂੰ ਇਸ ਉੱਤੇ ਵਿਚਾਰ ਕਰਨਾ ਪਵੇਗਾ ਅਤੇ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਦੀ ਨਿਕਾਸੀ ਕਿਵੇਂ ਘੱਟ ਕੀਤੀ ਜਾ ਸਕੇ। ਤਾਂ ਹੀ ਕੁਝ ਹੋ ਸਕਦਾ ਹੈ।

ਕਲਾਊਡ ਸੀਡਿੰਗ ਇਸਦਾ ਹੱਲ ਹੋ ਸਕਦਾ ਹੈ?

ਦੁਬਈ ਦੇ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਬਈ ਦੇ ਮੀਡੀਆ ਦਫ਼ਤਰ ਮੁਤਾਬਕ ਇੱਥੇ 1949 ਤੋਂ ਮੀਂਹ ਦੇ ਰਿਕਾਰਡ ਰੱਖੇ ਜਾ ਰਹੇ ਹਨ ਅਤੇ ਹਾਲੀਆ ਮੀਂਹ ਰਿਕਾਰਡ ਤੋੜ ਸੀ

ਨਹੀਂ, ਕਲਾਊਡ ਸੀਡਿੰਗ ਬਿਲਕੁਲ ਹੀ ਵੱਖਰੀ ਚੀਜ਼ ਹੈ। ਇਸ ਵਿੱਚ ਅਸੀਂ ਨਕਲੀ ਮੀਂਹ ਪਵਾਉਂਦੇ ਹਾਂ।

ਮੰਨ ਲਓ ਕਿਸੇ ਸੋਕਾ ਪਿਆ ਹੈ ਅਤੇ ਕੁਝ ਬੱਦਲ ਹਨ, ਤਾਂ ਉੱਥੇ ਕਲਾਊਡ ਸੀਡਿੰਗ ਤੁਹਾਨੂੰ ਆਰਜੀ ਰਾਹਤ ਦੇ ਸਕਦੀ ਹੈ।

ਇਸੇ ਤਰ੍ਹਾਂ 2008 ਵਿੱਚ ਜਿਵੇਂ ਬੀਜਿੰਗ ਉਲੰਪਿਕ ਤੋਂ ਪਹਿਲਾਂ ਚੀਨ ਨੇ ਬੱਦਲਾਂ ਨੂੰ ਮੋੜਨ ਲਈ ਕਲਾਊਡ ਸੀਡਿੰਗ ਕਰਵਾ ਦਿੱਤੀ ਸੀ।

ਲੇਕਿਨ ਯਾਦ ਰੱਖਣਾ ਹੈ ਕਿ ਇਸ ਕੇਸ ਵਿੱਚ ਵੀ ਤੁਸੀਂ ਵਾਯੂਮੰਡਲ ਨਾਲ ਖੇਡ ਰਹੇ ਹੋ, ਤੁਸੀਂ ਜ਼ਬਰਦਸਤੀ ਕਰ ਰਹੇ ਹੋ।

ਤੁਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਉਹ ਤੁਹਾਨੂੰ ਕਿਸ ਰੂਪ ਵਿੱਚ ਵਾਪਸ ਕਰੇਗਾ। ਇਸ ਲਈ ਇਹ ਹੱਲ ਨਹੀਂ ਹੈ। ਇੱਕ ਵਾਤਾਵਰਣ ਵਿਗਿਆਨੀ ਦੇ ਤੌਰ ਉੱਤੇ ਮੈਂ ਇਸਦੀ ਸਲਾਹ ਨਹੀਂ ਦੇ ਸਕਦਾ।

ਖੇਤਾਂ ਵਿੱਚ ਜੋ ਅੱਗ ਲਾਈ ਜਾ ਰਹੀ ਹੈ ਉਸ ਬਾਰੇ ਕੀ ਕਹੋਗੇ?

ਪਰਾਲੀ ਸਾੜੇ ਜਾਣ ਦੀ ਤਸਵੀਰ

ਤਸਵੀਰ ਸਰੋਤ, Getty Images

ਬਿਲਕੁਲ, ਇਹ ਤਾਂ ਸਿੱਧਾ ਕਾਰਨ ਹੈ। ਕਿਸਾਨ ਸੋਚਦੇ ਹਨ ਕਿ ਖੇਤ ਇੱਕਦਮ ਸਾਫ਼ ਹੋ ਜਾਣਗੇ ਅਤੇ ਸਾਡੀ ਉਪਜ ਵਧੇਗੀ, ਸਗੋਂ ਆਪਣੇ-ਆਪ ਨੂੰ ਬਰਬਾਦ ਕਰ ਰਹੇ ਹਨ।

ਪਰਾਲੀ ਸਾੜ ਰਹੇ ਹਨ। ਉਸ ਨਾਲ ਪਹਿਲਾ ਨੁਕਸਾਨ ਤਾਂ ਮਿੱਟੀ ਦੇ ਪੋਸ਼ਕਾਂ ਨੂੰ ਹੋ ਰਿਹਾ ਹੈ। ਖੇਤਾਂ ਦੇ ਬਹੁਤ ਸਾਰੇ ਮਿੱਤਰ ਕੀੜੇ ਸਾੜੇ ਜਾ ਰਹੇ ਹਨ, ਜੋ ਕਿ ਬਹੁਤ ਜ਼ਿਆਦਾ ਉਪਯੋਗੀ ਹੁੰਦੇ ਹਨ।

ਦੂਜਾ ਹਰੇ ਗ੍ਰਹਿ ਪ੍ਰਭਾਵ ਵਾਲੀ ਕਾਰਬਨ ਡਾਇਔਕਸਾਈਡ ਗੈਸ ਸਿੱਧੀ ਹਵਾ ਵਿੱਚ ਛੱਡ ਰਹੇ ਹੋ। ਉਸਦਾ ਸਿੱਧਾ ਅਸਰ ਤੁਹਾਡੇ ਉੱਤੇ ਆਉਣ ਵਾਲਾ ਹੈ।

ਪਰਾਲੀ ਜਿਸ ਨੂੰ ਤੁਸੀਂ ਕੁਦਰਤੀ ਖਾਧ ਦੇ ਰੂਪ ਵਿੱਚ ਵਰਤ ਸਕਦੇ ਸੀ, ਹਰੇ ਗ੍ਰਹਿ ਪ੍ਰਭਾਵ ਵਾਲੀ ਗੈਸ ਦੇ ਰੂਪ ਵਿੱਚ ਵਾਤਾਵਰਣ ਵਿੱਚ ਸੁੱਟ ਰਹੇ ਹੋ।

ਅਖੀਰ ਵਿੱਚ ਤਾਂ ਉਹ ਤਪਸ਼ ਜਾਂ ਗੰਭੀਰ ਮੌਸਮ ਦੇ ਰੂਪ ਵਿੱਚ ਤੁਹਾਡੇ ਕੋਲ ਵਾਪਸ ਆਉਣ ਹੀ ਵਾਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)