ਸਿੱਧੂ ਮੂਸੇਵਾਲਾ: ਮੌਤ ਮਗਰੋਂ 'ਮੇਰਾ ਨਾਂ' ਤੇ 'ਲੌਕ' ਸਣੇ ਰਿਲੀਜ਼ ਹੋਏ ਇਨ੍ਹਾਂ 11 ਗਾਣਿਆਂ ਵਿੱਚ ਕਿਹੜੇ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, sidhu moosewala/instagram

29 ਮਈ 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਘਟਨਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਵਾਪਰੀ ਸੀ।

ਇਸ ਘਟਨਾ ਨੂੰ ਵਾਪਰਿਆਂ ਤਿੰਨ ਸਾਲ ਲੰਘ ਗਏ ਹਨ, ਭਾਵੇਂ ਕਿ ਇਸ ਕੇਸ ਵਿੱਚ ਕਈ ਜਣੇ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਹਨ, ਪਰਿਵਾਰ ਮੁਤਾਬਕ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਸਿੱਧੂ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਰਿਕਾਰਡ ਹੋਏ ਗੀਤਾਂ ਨੂੰ ਇੱਕ-ਇੱਕ ਕਰਕੇ ਰਿਲੀਜ਼ ਕੀਤਾ। ਇਹੀ ਕਾਰਨ ਹੈ ਕਿ ਮੌਤ ਤੋਂ ਤਿੰਨ ਸਾਲ ਬਾਅਦ ਵੀ ਪ੍ਰਸ਼ੰਸਕ ਉਨ੍ਹਾਂ ਦੇ ਨਵੇਂ ਗੀਤ ਆਉਣ ਦੀ ਉਡੀਕ ਕਰਦੇ ਹਨ।

ਹੁਣ ਤੱਕ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ 11 ਗਾਣੇ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਗਾਣਿਆਂ ਨੂੰ ਯੂਟਿਊਬ ਉੱਤੇ ਆਉਂਦਿਆਂ ਹੀ ਕਰੋੜਾਂ ਲੋਕਾਂ ਨੇ ਦੇਖਿਆ ਤੇ ਸੁਣਿਆ।

ਐੱਸਵਾਈਐੱਲ

ਤਸਵੀਰ ਸਰੋਤ, SIDHU MOOSEWALA/TWITTER

ਤਸਵੀਰ ਕੈਪਸ਼ਨ, ਐੱਸਵਾਈਐੱਲ ਗਾਣੇ ਨੂੰ ਰਿਲੀਜ਼ ਦੇ ਦੋ ਦਿਨ ਬਾਅਦ ਹੀ ਹਟਾ ਦਿੱਤਾ ਗਿਆ

ਐੱਸਵਾਈਐੱਲ – 24 ਜੂਨ, 2022

ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਦੇ ਇੱਕ ਮਹੀਨੇ ਦੇ ਅੰਦਰ- ਅੰਦਰ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ। ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਇਹ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ।

ਪਰ ਉਸ ਸਮੇਂ ਤੱਕ ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਗਾਣੇ ਵਿੱਚ ਐੱਸਵਾਈਐੱਲ, ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ।

ਸਿੱਧੂ ਨੇ ਇਸ ਗਾਣੇ ਵਿੱਚ ਉਨ੍ਹਾਂ ਮੁੱਦਿਆਂ ਦੀ ਗੱਲ ਕੀਤੀ ਜਿਹੜੇ ਪੰਜਾਬ ਲਈ ਅਤੇ ਪੰਜਾਬ ਦੀ ਸਿਆਸਤ ਲਈ ਅਹਿਮ ਕਾਫ਼ੀ ਅਹਿਮ ਸਨ।

ਜ਼ਿਕਰਯੋਗ ਹੈ ਕਿ ਜਿਸ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੀ ਗੱਲ ਸਿੱਧੂ ਮੂਸੇਵਾਲਾ ਦੇ ਇਸ ਗਾਣੇ ਵਿੱਚ ਹੋਈ ਉਹ ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਬਣਾਈ ਜਾਣੀ ਸੀ।

ਇਹ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਣ ਲਈ ਬਣਾਈ ਜਾਣੀ ਸੀ। ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਸਿਆਸਤ ਵਿੱਚ ਉਲਝ ਗਈ।

1976 ਦੇ ਦਹਾਕੇ ਵਿੱਚ ਐਮਰਜੈਂਸੀ ਦੌਰਾਨ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ।

ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਹੈ ਜਿਸ ਵਿੱਚੋਂ 122 ਕਿੱਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਸੀ ਜਦੋਂਕਿ 92 ਕਿੱਲੋਮੀਟਰ ਦਾ ਨਿਰਮਾਣ ਹਰਿਆਣਾ ਨੇ ਕਰਨਾ ਸੀ।

ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।

ਤਕਰੀਬਨ ਪੰਜ ਦਹਾਕਿਆਂ ਤੋਂ ਇਹ ਨਹਿਰ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਵੱਖ ਵੱਖ ਸਰਕਾਰਾਂ ਨੇ ਪਾਣੀ ਉੱਪਰ ਆਪਣਾ ਪੱਖ ਅਦਾਲਤਾਂ ਵਿੱਚ ਵੀ ਰੱਖਿਆ ਹੈ।

ਸਿੱਧੂ ਨੇ ਇਸ ਗਾਣੇ ਵਿੱਚ ਸਿੱਖ ਖਾੜਕੂ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਵੀ ਕੀਤਾ ਸੀ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, SIDHU MOOSEWALA/FB

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਵਲੋਂ ਗਾਏ ਗੀਤ 'ਵਾਰ' ਦਾ ਟਾਈਟਲ

ਵਾਰ- 8 ਨਵੰਬਰ, 2022

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ 'ਵਾਰ' 8 ਨਵੰਬਰ, 2022 ਨੂੰ ਯੂਟਿਊਬ 'ਤੇ ਰਿਲੀਜ਼ ਹੋਇਆ ਸੀ।

ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਗਾਇਕ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਗੀਤ ਨੂੰ ਸੁਣਿਆ ਜਾਵੇ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਰਿਲੀਜ਼ ਹੋਣ ਵਾਲੇ ਇਸ ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਵਾਰ ਗਾਈ ਗਈ ਸੀ।

ਇਸ ਵਾਰ ਵਿੱਚ ਜਰਨੈਲ ਹਰੀ ਸਿੰਘ ਨਲਵਾ ਦੀ ਬਹਾਦਰੀ ਤੇ ਉਨ੍ਹਾਂ ਵਲੋਂ ਲੜੀਆਂ ਗਈਆਂ ਜੰਗਾਂ ਦਾ ਜ਼ਿਕਰ ਕੀਤਾ ਗਿਆ ਹੈ।

ਗਾਣਾ ਰਿਲੀਜ਼ ਹੋਣ ਦੇ 20 ਮਿੰਟ ਦੇ ਅੰਦਰ ਅੰਦਰ ਹੀ ਇਸ ਗਾਣੇ ਨੂੰ 10 ਲੱਖ ਲੋਕਾਂ ਨੇ ਦੇਖ ਲਿਆ ਸੀ। ਹੁਣ ਇਹ ਗਿਣਤੀ ਕਰੋੜਾਂ ਵਿੱਚ ਹੈ

ਇਹ ਗੀਤ ਜਿਸ ਜੂਝਾਰੂ ਯੋਧੇ ਬਾਰੇ ਹੈ ਉਸ ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਅਤੇ ਜਿੱਤਾਂ ਵਿੱਚ ਖ਼ਾਸ ਭੂਮਿਕਾ ਨਿਭਾਈ ਸੀ।

ਨਲਵਾ ਨੇ ਇੱਕ ਦਰਜਨ ਤੋਂ ਵੱਧ ਇਤਿਹਾਸਕ ਜੰਗਾਂ ਦੀ ਅਗਵਾਈ ਕੀਤੀ ਜਾਂ ਉਨ੍ਹਾਂ ਵਿੱਚ ਹਿੱਸਾ ਲਿਆ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਸਨ ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਅਗਵਾਈ ਕੀਤੀ ਸੀ।

ਰੈਪਰ ਬਰਨਾ ਬੁਆਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੈਪਰ ਬਰਨਾ ਬੁਆਏ ਨੇ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਭਾਵਕੁਤਾ ਨਾਲ ਸ਼ਰਧਾਂਜਲੀ ਦਿੱਤੀ ਸੀ

ਮੇਰਾ ਨਾਂ- 7 ਅਪ੍ਰੈਲ, 2023

ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਤੀਜਾ ਗਾਣਾ ‘ਮੇਰਾ ਨਾਮ’ ਯੂ-ਟਿਊਬ ਉੱਤੇ ਰਿਲੀਜ਼ ਕੀਤਾ ਗਿਆ।

ਇਹ ਗੀਤ ਉਨ੍ਹਾਂ ਨੇ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨਾਲ ਮਿਲਕੇ ਗਾਇਆ ਸੀ।

‘ਮੇਰਾ ਨਾਮ’ ਸਿੱਧੂ ਦੇ ਅਮਰ ਰਹਿਣ ਦੀ ਕਹਾਣੀ ਕਹਿੰਦਾ ਹੈ। ਗੀਤ ਦੇ ਬੋਲ ਹਨ, ‘ਹਰ ਪਾਸੇ… ਹਰ ਥਾਂ….. ਮੇਰਾ ਨਾਂ...ਮੇਰਾ ਨਾਂ...’ ਹਨ। ਗੀਤ ਵਿੱਚ ਬਰਨਾ ਬੁਆਏ ਤੇ ਐਨੀਮੇਸ਼ਨ ਨਾਲ ਗਾਉਂਦੇ ਹੋਏ ਸਿੱਧੂ ਮੂਸੇਵਾਲਾ ਦਿਖਾਏ ਗਏ ਹਨ।

ਬਰਨਾ ਬੁਆਏ ਵੱਲੋਂ ਸਿੱਧੂ ਦੀ ਮੌਤ ਤੋਂ ਬਾਅਦ 2022 ਵਿੱਚ ਇੱਕ ਲਾਈਵ ਸ਼ੋਅ ਵਿੱਚ ਦਿੱਤੀ ਗਈ ਸ਼ਰਧਾਂਜਲੀ ਦੋਵਾਂ ਦੇ ਭਾਵੁਕ ਰਿਸ਼ਤੇ ਨੂੰ ਬਿਆਨ ਕਰਦੀ ਹੈ।

ਉਹ ਆਪਣੀ ਪੇਸ਼ਕਾਰੀ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਸੁਣੇ ਗਏ। ਇਸ ਮਗਰੋਂ ਉਨ੍ਹਾਂ ਨੇ ਭਾਵੁਕ ਹੋ ਕੇ ਆਪਣੇ ਚਿਹਰੇ ਨੂੰ ਆਪਣੀ ਬਾਂਹ ਨਾਲ ਲੁਕਾਉਂਦੇ ਅਤੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰ ਕੇ ਹੱਥ ਚੁੱਕਦੇ ਨਜ਼ਰ ਆਏ ਸਨ।

ਬਰਨਾ ਬੁਆਏ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ। ਲੋਕਾਂ ਨੇ ਇਸ ਤਰ੍ਹਾਂ ਉਨ੍ਹਾਂ ਵੱਲੋਂ ਸਿੱਧੂ ਮੂਸੇਲਵਾਲਾ ਨੂੰ ਸ਼ਰਧਾਂਜਲੀ ਦੇਣ 'ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ।

ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਇੱਕ ਟਵੀਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, ''ਲੈਜੰਡ ਕਦੇ ਮਰਦੇ ਨਹੀਂ। ਸਿੱਧੂ ਮੂਸੇਵਾਲਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਅਜੇ ਵੀ ਸੱਚ ਮਹਿਸੂਸ ਨਹੀਂ ਹੋ ਰਿਹਾ।''

ਇਹ ਵੀ ਪੜ੍ਹੋ-
ਰੈਪਰ ਡਿਵਾਈਨ

ਤਸਵੀਰ ਸਰੋਤ, VIVIANAKADIVINE INSTA

ਤਸਵੀਰ ਕੈਪਸ਼ਨ, ਰੈਪਰ ਡਿਵਾਈਨ

ਚੋਰਨੀ- 7 ਜੁਲਾਈ 2023

ਸਿੱਧੂ ਦੀ ਮੌਤ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋਏ। ਜੁਲਾਈ 2023 ਨੂੰ ਉਨ੍ਹਾਂ ਦਾ ਗਾਣਾ ‘ਚੋਰਨੀ’ ਦਰਸ਼ਕਾਂ ਦੇ ਸਾਹਮਣੇ ਆਇਆ। ਇਹ ਗਾਣਾ ਮਸ਼ਹੂਰ ਭਾਰਤੀ ਰੈਪਰ ਡਿਵਾਈਨ ਦੇ ਨਾਲ ਗਾਇਆ ਹੈ।

ਗਾਣੇ ਵਿੱਚ ਮੁੰਬਈ ਦੀਆਂ ਸੜਕਾਂ ਉੱਤੇ ਟਰੈਕਟਰ 5911 ਚਲਾਉਣ ਦੀ ਗੱਲ ਕੀਤੀ ਹੈ ਜਿਸ ਨੂੰ ਸਿੱਧੂ ਦੇ ਪ੍ਰਸ਼ੰਸਕਾਂ ਨੇ ਬਹੁਤ ਸਰਾਹਿਆ।

ਇਸ ਗੀਤ ਵਿੱਚ ਉਨ੍ਹਾਂ ਦੇ ਸਾਥੀ ਡਿਵਾਈਨ ਤੋਂ ਪੌਪ, ਹਿਪ-ਹੌਪ ਅਤੇ ਰੈਪ ਵਰਗੇ ਸੰਗੀਤ ਨੂੰ ਪਸੰਦ ਕਰਨ ਵਾਲੇ ਬਾਖ਼ੂਬੀ ਵਾਕਫ਼ ਹਨ।

ਡਿਵਾਈਨ ਦਾ ਅਸਲੀ ਨਾਮ ਵਿਵਿਅਨ ਵਿਲਸਨ ਫਰਨਾਂਡਿਸ ਹੈ ਤੇ ਉਹ ਇੱਕ ਮਸ਼ਹੂਰ ਭਾਰਤੀ ਰੈਪਰ ਹੈ।

ਉਨ੍ਹਾਂ ਦਾ ਬਚਪਨ ਤੋਂ ਲੈ ਕੇ ਰੈਪਿੰਗ ਦੀ ਦੁਨੀਆ 'ਚ ਆਪਣਾ ਨਾਂ ਬਣਾਉਣ ਤੱਕ ਦਾ ਸਫਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਡਿਵਾਈਨ ਨੂੰ ਰੈਪਿੰਗ ਦਾ ਬਾਦਸ਼ਾਹ ਮੰਨਦੀ ਹੈ।

ਵਾਚ ਆਊਟ

ਤਸਵੀਰ ਸਰੋਤ, YT/ SIDHU MOOSE WALA

ਤਸਵੀਰ ਕੈਪਸ਼ਨ, ਸਿੱਧੂ ਦੇ ਵਾਚ ਆਊਟ ਗਾਣੇ ਨੂੰ ਲਾਈਵ ਪ੍ਰੀਮੀਅਰ ਵੇਲੇ ਹੀ ਤਕਰੀਬਨ 4 ਲੱਖ ਤੋਂ ਵੱਧ ਲੋਕ ਸੁਣ ਰਹੇ ਸਨ

ਵਾਚ-ਆਊਟ- 12 ਨਵੰਬਰ, 2023

ਨਵੰਬਰ 2023 ਵਿੱਚ ਦਿਵਾਲੀ ਵਾਲੇ ਦਿਨ ਸਿੱਧੂ ਦਾ ਗਾਣਾ ‘ਵਾਚ-ਆਊਟ’ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ।

ਇਸ ਗਾਣੇ ਨੂੰ ਲਾਈਵ ਪ੍ਰੀਮੀਅਰ ਵੇਲੇ ਹੀ ਤਕਰੀਬਨ 4 ਲੱਖ ਤੋਂ ਵੱਧ ਲੋਕ ਸੁਣ ਰਹੇ ਸਨ। ਭਾਰਤ ਦੇ ਨਾਲ-ਨਾਲ ਇਹ ਗੀਤ ਕੈਨੇਡਾ ਵਿੱਚ ਵੀ ਟਰੈਂਡ ਕੀਤਾ ਸੀ।

ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਕਿਸੇ ਨੂੰ ਵੰਗਾਰਦੇ ਦਿਖਾਈ ਦਿੰਦੇ ਹਨ।

ਗੀਤ ਵਿੱਚ ਵਰਤੇ ਗਏ ਸ਼ਬਦਾਂ 'ਸੈਕਸ਼ਨ 12' ਅਤੇ '30 ਕੋਰੀਅਨ ਮੇਡ ਜ਼ਿਗਾਨੇ' ਨੇ ਇਸ ਦੀ ਰਿਲੀਜ਼ ਤੋਂ ਬਾਅਦ ਚਰਚਾ ਛੇੜ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਆਰਮਜ਼ ਐਕਟ ਦਾ ਸੈਕਸ਼ਨ 12 ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ‘ਤੇ ਲੈ ਕੇ ਜਾਣ ‘ਟ੍ਰਾਂਸਪੋਰਟ’ ’ਤੇ ਮਨਾਹੀ ਨਾਲ ਸਬੰਧਿਤ ਹੈ।

ਤੇ ਨਾਲ ਹੀ ‘30 ਕੋਰੀਅਨ ਮੇਡ ਜ਼ਿਗਾਨੇ ਨੇ’ ਬੋਲ ਜ਼ਿਗਾਨਾ ਪਿਸਤੌਲ ਵੱਲ ਇਸ਼ਾਰਾ ਕਰਦੇ ਹਨ। ਇਹ ਅਜਿਹੀ ਪਿਸਤੌਲ ਹੈ ਜਿਸ ਨਾਲ ਇੱਕ ਵਾਰ ਵਿੱਚ ਆਮ ਨਾਲੋਂ ਵੱਧ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ।

ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਸਿਕੰਦਰ ਕਾਹਲੋਂ ਵੀ ਹਨ।

ਸੰਨੀ ਮਾਲਟਨ ਅਤੇ ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, SUNNYMALTON/INSTAGRAM

ਤਸਵੀਰ ਕੈਪਸ਼ਨ, ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਸਾਲ 2012 ਤੋਂ ਦੋਸਤ ਰਹੇ ਹਨ

410- 10 ਅਪ੍ਰੈਲ, 2024

ਸਿੱਧੂ ਮੂਸੇਵਾਲਾ ਦਾ ਗਾਣਾ 410 ਸੰਨੀ ਮਾਲਟਨ ਨਾਲ ਕੋਲੈਬੋਰੇਸ਼ਨ ਵਿੱਚ ਗਾਇਆ ਗਿਆ ਹੈ। ਸੰਨੀ ਦੇ ਨਾਲ ਹੀ ਮਰਹੂਮ ਸਿੱਧੂ ਮੂਸੇਵਾਲਾ ਨੇ ਆਪਣਾ ਆਖਰੀ ਗਾਣਾ ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਜਾਰੀ ਕੀਤਾ ਸੀ।

ਇਹ ਗਾਣਾ ਰਿਲੀਜ਼ ਵੀ ਸੰਨੀ ਮਾਲਟਨ ਦੇ ਯੂਟਿਊਬ ਚੈਨਲ ਉੱਤੇ ਕੀਤਾ ਗਿਆ ਹੈ।

ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਜਾਰੀ ਹੋਣ ਵਾਲਾ ਇਹ ਛੇਵਾਂ ਗੀਤ ਸੀ।

ਸਿੱਧੂ ਦਾ ਇਹ ਗੀਤ ਮੁੱਖ ਤੌਰ 'ਤੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ’ਤੇ ਅਧਾਰਿਤ ਹੈ।

ਬਰੈਂਪਟਨ ਸ਼ਹਿਰ ਪੰਜਾਬੀ ਭਾਈਚਾਰੇ ਦਾ ਗੜ੍ਹ ਹੈ ਤੇ ਸਿੱਧੂ ਮੂਸੇਵਾਲਾ ਵੀ ਰਿਹਾਇਸ਼ ਵੀ ਇਥੇ ਹੀ ਸੀ।

ਇਸ ਗੀਤ ਵਿੱਚ ਸਿੱਧੂ ਅਤੇ ਮਾਲਟਨ ਨੇ ਬਰੈਂਪਟਨ ਦੀਆਂ ਕੁਝ ਥਾਵਾਂ ਜਿਵੇਂ ਸ਼ੈਰੀਡਨ ਕਾਲਜ ਦੇ ਪਲਾਜ਼ਾ ਦਾ ਜ਼ਿਕਰ ਕੀਤਾ ਹੈ।

ਇਸ ਵੀਡੀਓ 'ਚ ਉਨ੍ਹਾਂ ਨੇ 410 ਗੀਤ ਦੇ ਅਧਿਕਾਰਤ ਵੀਡੀਓ 'ਚ 410 (ਉੱਤਰੀ) 'ਤੇ ਸਾਈਨ ਵਾਲੀ ਸੜਕ ਦਿਖਾਈ ਹੈ।

ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਹਾਈਵੇਅ 410 ਬਰੈਂਪਟਨ ਨੂੰ ਕੈਲੇਡਨ ਸ਼ਹਿਰ ਨਾਲ ਜੋੜਦਾ ਹੈ। ਇਸ ਵਿੱਚ ਅੱਗੇ ਲਿਖਿਆ ਹੈ ਕਿ ਅੰਡਰਟੇਕਿੰਗ ਦਾ ਉਦੇਸ਼ ਹਾਈਵੇਅ 410 ਨੂੰ ਬਰੈਂਪਟਨ ਸਿਟੀ ਵਿੱਚ ਬੋਵਾਇਰਡ ਡਰਾਈਵ ਤੋਂ ਕੈਲੇਡਨ ਟਾਊਨ ਵਿੱਚ ਹਾਈਵੇਅ 10 ਤੱਕ ਵਧਾਉਣਾ ਹੈ।

ਮੌਜੂਦ ਜਾਣਕਾਰੀ ਮੁਤਾਬਕ 410 ਹਾਈਵੇਅ 25 ਕਿਲੋਮੀਟਰ ਦੇ ਕਰੀਬ ਹੈ ਅਤੇ ਮੁੱਖ ਤੌਰ 'ਤੇ ਬਰੈਂਪਟਨ ਸ਼ਹਿਰ ਵਿੱਚੋਂ ਲੰਘਦਾ ਹੈ।

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਬਰੈਂਪਟਨ ਸ਼ਹਿਰ 'ਤੇ ਬੀ-ਟਾਊਨ ਨਾਂ ਦਾ ਗੀਤ ਵੀ ਲਿਖਿਆ ਸੀ।

ਡਰਿਪੀ- 2 ਫ਼ਰਵਰੀ, 2024

ਡਰਿਪੀ

ਤਸਵੀਰ ਸਰੋਤ, YT/ SIDHU MOOSE WALA

ਤਸਵੀਰ ਕੈਪਸ਼ਨ, ਸਿੱਧੂ ਦਾ ਗਾਣਾ ਡਰਿਪੀ, ਇਹ ਗੀਤ ਵੀ ਜੇਲ੍ਹ ਤੇ ਹਥਿਆਰਾਂ ਦੇ ਇਰਦ-ਗਿਰਦ ਗੱਲ ਕਰਦਾ ਹੈ।

ਸਿੱਧੂ ਦਾ ਗਾਣਾ ਡਰਿਪੀ, ਇਹ ਗੀਤ ਵੀ ਜੇਲ੍ਹ ਤੇ ਹਥਿਆਰਾਂ ਦੇ ਇਰਦ-ਗਿਰਦ ਗੱਲ ਕਰਦਾ ਹੈ।

ਇਸ ਗਾਣੇ ਵਿੱਚ ਸਿੱਧੂ ਮੌਤ ਦਾ ਜ਼ਿਕਰ ਕਰਦੇ ਹਨ ਤੇ ਇਸ ਦੇ ਅਣਕਿਆਸੀ ਹੋਣ ਦੀ ਗੱਲ ਕਰਦੇ ਹਨ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਕੈਨੇਡੀਅਨ ਰੈਪਰ ਏਆਰ ਪੈਸਲੇ ਵੀ ਹਨ।

ਇਸ ਗੀਤ ਨੂੰ ਲਿਖਿਆ ਵੀ ਦੋਵਾਂ ਕਲਾਕਾਰਾਂ ਸਿੱਧੂ ਮੂਸੇਵਾਲਾ ਅਤੇ ਏਆਰ ਪੈਸਲੇ ਨੇ ਹੈ।

ਇਸੇ ਸਾਲ ਫ਼ਰਵਰੀ ਮਹੀਨੇ ਰਿਲੀਜ਼ ਹੋਏ ਇਸ ਗੀਤ ਨੂੰ ਵੀ ਹੁਣ ਤੱਕ 5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਸਟੈਫਲੋਨ ਡੋਨ ਦਾ ਗੀਤ 'ਡਿਲੇਮਾ' 24 ਜੂਨ 2024

ਸਟੈਫਲੋਨ ਡੋਨ ਤੇ ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Stefflon don/instagram

ਤਸਵੀਰ ਕੈਪਸ਼ਨ, ਸਟੈਫਲੋਨ ਡੋਨ ਤੇ ਸਿੱਧੂ ਮੂਸੇਵਾਲਾ

ਮਸ਼ਹੂਰ ਰੈਪਰ ਸਟੈਫਲੋਨ ਡੋਨ ਨੇ 24 ਜੂਨ 2024 ਨੂੰ ਗਾਣਾ 'ਡਿਲੇਮਾ' ਰਿਲੀਜ਼ ਕੀਤਾ ਸੀ। ਇਸ ਗੀਤ ਦੀ ਪੂਰੀ ਸ਼ੂਟਿੰਗ ਸਟੈਫਲੋਨ ਡੋਨ ਨੇ ਮੂਸੇ ਪਿੰਡ ਵਿੱਚ ਕੀਤੀ ਸੀ।

ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਵੀ ਬੋਲ ਹਨ। ਉਨ੍ਹਾਂ ਨੂੰ ਏਆਈ ਦੀ ਮਦਦ ਨਾਲ ਇਸ ਗੀਤ ਵਿੱਚ ਗਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ, ਪਿੰਡ ਵਾਸੀਆਂ ਤੇ ਸਿੱਧੂ ਬਾਰੇ ਫੈਨਜ਼ ਦੇ ਪਿਆਰ ਨੂੰ ਫਿਲਮਾਇਆ ਗਿਆ ਹੈ।

ਸਟੈਫਲੋਨ ਦੀ ਆਵਾਜ਼ ਵਿੱਚ ਬਰਤਾਨਵੀ, ਅਮਰੀਕੀ ਅਤੇ ਜਮਾਈਕਨ ਲਹਿਜ਼ੇ ਦਾ ਅਸਰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੀ ਗਾਉਣ ਦੀ ਸ਼ੈਲੀ ਸੰਗੀਤ ਦੇ ਵੱਖ-ਵੱਖ ਰੂਪਾਂ ਵਿੱਚ ਘੁਲ-ਮਿਲ ਜਾਂਦੀ ਹੈ।

ਸਟੈਫਲੋਨ ਡੋਨ ਨੇ ਹੁਣ ਤੱਕ ਆਪਣੇ ਸੰਗੀਤ ਦੇ ਸਫ਼ਰ ਵਿੱਚ ਕਈ ਮਸ਼ਹੂਰ ਗੀਤ ਦਿੱਤੇ ਹਨ।

ਸਾਲ 2017 ਵਿੱਚ ਉਨ੍ਹਾਂ ਦਾ ਜੈਕਸ ਜੌਨਸ ਦੇ ਨਾਲ 'ਸਾਂਭਾ ਹਾਊਸ ਰੋਂਪ', 'ਇੰਸਟ੍ਰਕਸ਼ਨ', ਬਿੱਲਬੋਰਡ ਦੇ ਹੌਟ ਡਾਂਸ/ਇਲੈਕਟ੍ਰਾਨਿਕ ਸੌਂਗਸ ਚਾਰਟ 'ਤੇ 22 'ਤੇ ਰਿਹਾ ਸੀ।

ਉਨ੍ਹਾਂ ਦਾ ਸਿੰਗਲ ਡੈਬਿਊ, 'ਦਿ ਲਿਥੇ' ਤੇ 'ਹਰਟਿਨ ਮੀ' ਵੀ ਬਿੱਲ ਬੋਰਡ ਦੇ ਮੇਨਸਟ੍ਰੀਮ ਆਰ ਐਂਡ ਬੀ/ਹਿਪ-ਪੋਪ ਚਾਰਟ 'ਤੇ ਸਾਲ 2023 ਵਿੱਚ ਨੰਬਰ 23 'ਤੇ ਪਹੁੰਚ ਗਿਆ ਸੀ।

ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਹਿੱਟ ਗਾਣੇ ਦਿੱਤੇ।

ਅਟੈਚ 30 ਅਗਸਤ, 2024

ਸਿੱਧੂ ਮੂਸੇਵਾਲਾ ਆਪਣੀ ਮਾਤਾ ਦੇ ਨਾਲ

ਤਸਵੀਰ ਸਰੋਤ, charan Kaur/Insta

ਗਾਇਕ ਸਟੀਲ ਬੈਂਗਲਜ਼ ਨੇ 30 ਅਗਸਤ 2024 ਨੂੰ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੰਦਿਆਂ ਗੀਤ 'ਅਟੈਚ' ਰਿਲੀਜ਼ ਕੀਤਾ ਸੀ।

ਅਟੈਚ ਗਾਣੇ ਨਾਲ ਦਿਖਾਈ ਗਈ ਵੀਡੀਓ ਸਿੱਧੂ ਮੂਸੇਵਾਲਾ ਵਲੋਂ ਫ਼ਿਲਮਾਈ ਗਈ ਆਖ਼ਰੀ ਵੀਡੀਓ ਹੈ।

ਸਟੀਲ ਬੈਂਗਲਜ਼ ਦੱਸਦੇ ਹਨ ਕਿ ਇਸ ਗਾਣੇ ਨੂੰ ਅਪ੍ਰੈਲ 2021 ਵਿੱਚ ਬਣਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਇਹ ਗੀਤ ਅਸਲ ਵਿੱਚ ਵੱਖ-ਵੱਖ ਸਾਊਂਡਜ਼ ਜਿਵੇਂ ਐਫਰੋਬੀਟਸ ਅਤੇ ਡਰਿੱਲ ਨੂੰ ਵਰਤਣ ਦੇ ਤਜਰਬੇ ਵਜੋਂ ਬਣਾਇਆ ਗਿਆ ਸੀ।

ਉਨ੍ਹਾਂ ਕਿਹਾ, "ਸ਼ੁਰੂਆਤੀ ਯੋਜਨਾ ਇਸ ਨੂੰ ਸਿੱਧੂ ਦੀ ਇੱਕ ਐਲਬਮ ਦਾ ਹਿੱਸਾ ਬਣਾਉਣ ਦੀ ਸੀ ਪਰ ਮੈਂ ਇਸ ਗੀਤ ਨੂੰ ਰੋਕ ਲਿਆ ਸੀ ਕਿਉਂਕਿ ਉਸ ਸਮੇਂ ਸਿੱਧੂ ਦੀ ਮੌਤ ਹੋ ਗਈ ਸੀ।"

"ਇਹ ਗੀਤ ਉਨ੍ਹਾਂ 'ਚੋਂ ਸੀ, ਜੋ ਮੇਰੇ ਦਿਲ ਦੇ ਬਹੁਤ ਕਰੀਬ ਸੀ। ਮੈਂ ਇਸ ਨੂੰ ਰਿਕਾਰਡ ਕਰ ਕੇ ਰੱਖਿਆ ਹੋਇਆ ਸੀ ਅਤੇ ਚਾਹੁੰਦਾ ਸੀ ਕਿ ਸਹੀ ਸਮਾਂ ਆਉਣ 'ਤੇ ਇਸ ਨੂੰ ਰਿਲੀਜ਼ ਕਰਾਂਗਾ। ਸ਼ਾਇਦ ਉਸ ਦੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਹ ਸਹੀ ਸਮਾਂ ਤੈਅ ਹੋਣਾ ਸੀ।"

ਲੌਕ 23 ਜਨਵਰੀ, 2025

ਹੁਣ ਤੱਕ ਸਾਲ 2025 ਵਿੱਚ ਸਿੱਧੂ ਮੂਸੇਵਾਲਾ ਦੇ ਪੇਜ ਤੋਂ ਇੱਕ ਹੀ ਗੀਤ ਰਿਲੀਜ਼ ਕੀਤਾ ਹੋਇਆ ਹੈ ਜਿਸ ਦਾ ਨਾਂ ਹੈ, 'ਲੌਕ'। ਇਸ ਦਾ ਮਿਊਜ਼ਿਕ ਦਿ ਕਿਡ ਵੱਲੋਂ ਦਿੱਤਾ ਗਿਆ ਹੈ।

ਨਵੇਂ ਗਾਣੇ 'ਚ ਕਈ ਥਾਵਾਂ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ। ਇਸ 'ਲੌਕ' ਗੀਤ ਨੂੰ ਲਿਖਿਆ ਤੇ ਕੰਪੋਜ਼ ਵੀ ਖੁਦ ਸਿੱਧੂ ਨੇ ਹੀ ਕੀਤਾ ਸੀ।

ਜਦੋਂ ਇਹ ਗਾਣਾ ਰਿਲੀਜ਼ ਹੋਇਆ ਸੀ ਤਾਂ ਕਈ ਦਿਨਾਂ ਤੱਕ ਇਹ ਟਰੈਂਡ ਵਿੱਚ ਰਿਹਾ ਸੀ।

ਐਮੀ ਬੰਟਾਏ ਦਾ ਗੀਤ 'ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ' 25 ਮਈ 2025

 ਐਮਵੇਅ ਬੈਨਟੇ

ਤਸਵੀਰ ਸਰੋਤ, Emway Bentai

ਮਸ਼ਹੂਰ ਰੈਪਰ ਐਮੀ ਬੰਟਾਏ ਨੇ ਸਿੱਧੂ ਮੂਸੇਵਾਲਾ ਦੇ ਬੋਲਾਂ ਨਾਲ ਮਿਲ ਕੇ ਇੱਕ ਗੀਤ 'ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ' 25 ਮਈ 2025 ਨੂੰ ਕੱਢਿਆ ਹੈ।

ਇਸ ਗੀਤ ਰਾਹੀਂ ਐਮੀ ਬੰਟਾਏ ਨੇ ਮੂਸੇਵਾਲਾ ਤੇ ਉਨ੍ਹਾਂ ਦੀ ਗੀਤਕਾਰੀ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਸ ਗੀਤ ਵਿੱਚ ਕੁਝ ਬੋਲ ਸਿੱਧੂ ਮੂਸੇਵਾਲਾ ਦੇ ਵੀ ਹਨ। ਇਹ ਗੀਤ ਐਮੀ ਬੰਟਾਏ ਨੇ ਆਪਣੇ ਪੇਜ ਤੋਂ ਰਿਲੀਜ਼ ਕੀਤਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)