ਵਾਚ ਆਊਟ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦੇ ਸ਼ਬਦ 'ਸੈਕਸ਼ਨ 12' ਅਤੇ '30 ਕੋਰੀਅਨ ਮੇਡ ਜ਼ਿਗਾਨੇ' ਨੇ ਛੇੜੀ ਚਰਚਾ

ਤਸਵੀਰ ਸਰੋਤ, YT/ Sidhu Moose Wala
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਚ ਆਊਟ’ ਯੂਟਿਊਬ ਉੁੱਤੇ ਆਉਂਦਿਆਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਗੀਤ ਦੀਵਾਲੀ ਵਾਲੇ ਦਿਨ 12 ਵਜੇ ਯੂਟਿਊਬ ਉੱਤੇ ਜਾਰੀ ਹੋਇਆ।
ਲਾਈਵ ਪ੍ਰੀਮੀਅਰ ਵੇਲੇ ਤਕਰੀਬਨ 4 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਸੁਣ ਰਹੇ ਸਨ।
ਭਾਰਤ ਦੇ ਨਾਲ-ਨਾਲ ਇਹ ਗੀਤ ਕੈਨੇਡਾ ਵਿੱਚ ਵੀ ਟਰੈਂਡਿੰਗ ਵਿੱਚ ਆ ਗਿਆ।
5 ਘੰਟੇ ਦੇ ਵਿੱਚ ਹੀ ਇਹ ਗੀਤ ਦੇ ਦਰਸ਼ਕਾਂ ਦੀ ਗਿਣਤੀ 50 ਲੱਖ ਤੋਂ ਵੀ ਪਾਰ ਹੋ ਗਈ।
ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਪਹਿਲਾਂ ਗਾਏ ਗੀਤਾਂ ਜਿਹੀ ਸ਼ੈਲੀ ਵਿੱਚ ਹੀ ਹੈ, ਇਸਦਾ ਰੌਅ ਅਜਿਹਾ ਹੈ, ਜਿਵੇਂ ਗਾਇਕ ਕਿਸੇ ਨੂੰ ਵੰਗਾਰ ਰਿਹਾ ਹੋਵੇ।
ਇਹ ਗੀਤ ਸੁਣਕੇ ਅਜਿਹਾ ਲੱਗਦਾ ਹੈ, ਜਿਵੇਂ ਗਾਇਕ ਕਿਸੇ ਗੱਲ ਦਾ ਕਿਸੇ ਨੂੰ ਜੁਆਬ ਦੇ ਰਿਹਾ ਹੋਵੇ।
ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਸਟਾਰ ਸੀ।
29 ਮਈ 2022 ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਨ੍ਹਾਂ ਦਾ ਪੰਜਵਾਂ ਗੀਤ ਹੈ।

ਤਸਵੀਰ ਸਰੋਤ, YT/ Sidhu Moose Wala
ਸੈਕਸ਼ਨ 12 ਬਾਰੇ ਕੀ ਛਿੜੀ ਚਰਚਾ

ਤਸਵੀਰ ਸਰੋਤ, YT/ Sidhu Moose Wala
ਸਿੱਧੂ ਮੂਸੇਵਾਲਾ ਆਪਣੇ ਪੁਰਾਣੇ ਗੀਤਾਂ ਵਿੱਚ ਕਾਨੂੰਨੀ ਧਾਰਾਵਾਂ ਨਾਲ ਸਬੰਧਤ ਸ਼ਬਦਾਵਲੀ ਦੀ ਗੀਤਾਂ ਵਿੱਚ ਵਰਤੋਂ ਕਰਦੇ ਰਹੇ ਹਨ।
ਉਨ੍ਹਾਂ ਦੇ ਗੀਤ 295 ਦਾ ਨਾਂਅ ਵੀ ਭਾਰਤੀ ਦੰਡਾਵਲੀ ਦੀ ਧਾਰਾ ਉੱਤੇ ਹੈ।
ਭਾਰਤੀ ਦੰਡਾਵਲੀ ਦੀ ਧਾਰਾ 295(ਏ) ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਉੱਤੇ ਲੱਗਦੀ ਹੈ।
ਆਪਣੇ ਇਸ ਗੀਤ ਵਿੱਚ ਉਨ੍ਹਾਂ ਨੇ ਤਥਾਕਥਿਤ ਧਾਰਮਿਕ ਆਗੂਆਂ ਅਤੇ ਸਿਆਸੀ ਆਗੂਆਂ ਉੱਤੇ ਤੰਜ਼ ਕੱਸਿਆ ਸੀ।
ਇਸ ਗੀਤ ਵਿੱਚ ਉਨ੍ਹਾਂ ਕਿਹਾ ਸੀ “ਸੱਚ ਬੋਲੇਂਗਾ ਤਾਂ ਮਿਲੂ 295 ਜੇ ਕਰੇਂਗਾ ਤਰੱਕੀ ਪੁੱਤ ਹੇਟ(ਨਫ਼ਰਤ) ਮਿਲੂਗੀ।”
ਆਪਣੇ ਇਸ ਨਵੇਂ ਗਾਣੇ ਦੀ ਸ਼ੁਰੂਆਤ ਵਿੱਚ ਹੀ ਉਹ ਸੈਕਸ਼ਨ 12 ਦੀ ਗੱਲ ਕਰਦੇ ਹਨ।
“ਆਹ ਸੈਕਸ਼ਨ 12 ਸਾਡੇ ਨਾਲ ਹੰਢੀਆਂ ਵਰਤੀਆਂ ਨੇ, ਸਾਡੇ ਮੋਢੇ ਚੁੱਕੀਆਂ ਰਫ਼ਲਾਂ ਜਾ ਫ਼ਿਰ ਅਰਥੀਆਂ ਨੇ”
ਸੈਕਸ਼ਨ 12 ਦਾ ਜ਼ਿਕਰ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਕਿਉਂ ਕੀਤਾ ਸੀ ਅਤੇ ਇਸਦੇ ਕੀ ਅਰਥ ਹਨ, ਇਸ ਬਾਰੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਵੱਖ-ਵੱਖ ਰਾਇ ਹੈ।
ਕੁਝ ਲੋਕ ਇਸ ਨੂੰ ਨਜ਼ਾਇਜ਼ ਹਥਿਆਰਾਂ ਦੇ ਮਾਮਲੇ ਵਿੱਚ ਲੱਗਣ ਵਾਲੇ ਆਰਮਜ਼ ਐਕਟ ਦਾ ਸੈਕਸ਼ਨ ਵੀ ਦੱਸ ਰਹੇ ਹਨ।

ਤਸਵੀਰ ਸਰੋਤ, FB/ Balkaur Singh
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਗੀਤ ਜਾਰੀ ਹੋਣ ਤੋਂ ਬਾਅਦ ਕੀਤੇ ਗਏ ਸੰਬੋਧਨ ਵਿੱਚ ਵੀ ਇਸਦਾ ਜ਼ਿਕਰ ਨਹੀਂ ਆਉਂਦਾ ਹੈ।
ਮਈ 2020 ਵਿੱਚ ਸਿੱਧੂ ਮੂਸੇਵਾਲਾ ਉੱਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।
ਸਿੱਧੂ ਮੂਸੇਵਾਲਾ ਉੱਤੇ ਆਰਮਜ਼ ਐਕਟ ਦੀ ਸੈਕਸ਼ਨ 25,29 ਅਤੇ 30 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।
ਜੁਲਾਈ 2020 ਵਿੱਚ ਸਿੱਧੂ ਮੂਸੇਵਾਲਾ ਨੇ ਆਪਣਾ ਗੀਤ ਵੀ ਜਾਰੀ ਕੀਤਾ ਸੀ, “ਗੱਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ”।
ਕੁਝ ਸੋਸ਼ਲ ਮੀਡੀਆ ਵਰਤੋਂਕਾਰ ਇਹ ਵੀ ਕਹਿ ਰਹੇ ਹਨ ਕਿ ਇਹ ਸੈਕਸ਼ਨ 12 ਯੂਕੇ ਜਾਂ ਕੈਨੇਡਾ ਦੇ ਕਾਨੂੰਨ ਬਾਰੇ ਵੀ ਹੋ ਸਕਦੇ।
ਨਾਮ ਨਾ ਜਨਤਕ ਕਰਨ ਦੀ ਸ਼ਰਤ ‘ਤੇ ਇੱਕ ਜਾਣਕਾਰ ਨੇ ਇਹ ਵੀ ਦੱਸਿਆ ਕਿ ਇਹ ਸਿੱਧੂ ਮੂਸੇਵਾਲਾ ਦੇ ਕਿਸੇ ਨਾਲ ਵਪਾਰਕ ਇਕਰਾਰਨਾਮੇ ਨਾਲ ਵੀ ਜੁੜਿਆ ਹੋ ਸਕਦਾ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸਿੱਧੂ ਵੱਲੋਂ ਆਪਣੇ ਗੀਤ ਵਿੱਚ ਬੱਸ ਇੱਕੋ ਵਾਰ ਇਕੱਲੇ ‘ਸੈਕਸ਼ਨ 12’ ਦੀ ਵਰਤੋਂ ਕੀਤੀ ਗਈ ਹੈ।
ਇਸ ਬਾਰੇ ਬਹੁਤੀ ਸਪੱਸ਼ਟਤਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਦੰਡਾਵਲੀ ਦੇ ਸੈਕਸ਼ਨ 12 ਮੁਤਾਬਕ ਆਈਪੀਸੀ ਵਿੱਚ ਜਿੱਥੇ ਵੀ ‘ਪਬਲਿਕ’ ਕਿਸੇ ਵੀ ਵਰਗ ਨਾਲ ਸਬੰਧਤ ਲੋਕਾਂ ਬਾਰੇ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 12 ਮੁਤਾਬਕ ਆਮ ਹਾਲਾਤਾਂ ਵਿੱਚ ਹਰੇਕ ਸੂਬੇ ਦੀ ਵਿਧਾਨ ਸਭਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਭਾਰਤ ਸਰਕਾਰ ਦੇ ਹੇਠ ਹਨ।
ਉਨ੍ਹਾਂ ਦੱਸਿਆ ਕਿ ਆਰਮਜ਼ ਐਕਟ ਦਾ ਸੈਕਸ਼ਨ 12 ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ‘ਤੇ ਲੈ ਕੇ ਜਾਣ ‘ਟ੍ਰਾਂਸਪੋਰਟ’ ’ਤੇ ਮਨਾਹੀ ਬਾਰੇ ਹੈ।

ਤਸਵੀਰ ਸਰੋਤ, YT/ Sidhu Moose Wala
ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਵਿੱਚ ਉਹ ਖ਼ਾਸ ਸੰਦਰਭ ਵਿੱਚ ਉਨ੍ਹਾਂ ਦੇ ‘ਦੁਸ਼ਮਣਾਂ’ ਜਾਂ ‘ਪਹਿਲਾਂ ਨਾਲ ਰਹਿ ਚੁੱਕੇ ਸਾਥੀਆਂ’ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।
ਇੱਕ ਜਾਣਕਾਰ ਨੇ ਦੱਸਿਆ ਕਿ ਇਹ ਗਾਣਾ ਵੀ ਖ਼ਾਸ ਸੰਦਰਭ ਵਿੱਚ ਹੋ ਸਕਦਾ ਹੈ ਅਤੇ ਇਸ ਬਾਰੇ ਵੱਖ-ਵੱਖ ਰਾਇ ਬਣਾਈ ਜਾ ਰਹੀ ਹੈ, ਜਿਸਦੇ ਠੀਕ ਹੋਣ ਜਾਂ ਨਾ ਹੋਣ ਬਾਰੇ ਕਹਿਣਾ ਮੁਸ਼ਕਲ ਹੈ।
ਜਰਨੈਲ ਸਿੰਘ ਭਿੰਡਰਾਵਾਲੇ ਦੇ ਬੋਲ ਗੀਤ ਵਿੱਚ ਕਿੱਥੇ
ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਸਿਕੰਦਰ ਕਾਹਲੋਂ ਵੀ ਹਨ।
ਉਹ ਆਪਣੇ ਰੈਪ ਵਿੱਚ ਕਹਿੰਦੇ ਹਨ, ‘ਸਰੀਰ ਦੇ ਗਏ ਤੇ ਨਾ ਹੋਏ ਅਫ਼ਸੋਸ, ਜ਼ਮੀਰ ‘ਚ ਮਰੇ ਉਹਨੂੰ ਕਹਿੰਦੇ ਨੇ ਮੌਤ’।
ਇਹ ਵਾਕ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਆਪਣੇ ਇੱਕ ਭਾਸ਼ਣ ਵਿੱਚ ਬੋਲੀ ਗਈ ਗੱਲ ਨਾਲ ਮਿਲਦਾ-ਜੁਲਦਾ ਹੈ।
ਇਹ ਵਾਕ ਸਨ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ।”
ਭਿੰਡਰਾਵਾਲਾ ਦੇ ਭਾਸ਼ਣ ਦਾ ਇਹ ਹਿੱਸਾ ਉਨ੍ਹਾਂ ਦੇ ਪੋਸਟਰਾਂ, ਟੀ ਸ਼ਰਟਾਂ ਦੇ ਨਾਲ-ਨਾਲ ਪੰਜਾਬ ਵਿੱਚ ਕਈ ਕਾਰਾਂ, ਬੱਸਾਂ ਅਤੇ ਟਰੱਕਾਂ ਦੇ ਪਿੱਛੇ ਵੀ ਲਿਖਿਆ ਮਿਲਦਾ ਹੈ।
ਇਸ ਗਾਣੇ ਵਿੱਚ ਕਿਹੜੇ ਹਥਿਆਰਾਂ ਦਾ ਜ਼ਿਕਰ

ਤਸਵੀਰ ਸਰੋਤ, YT/ Sidhu Moose Wala
ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਆਮ ਰਹੀ ਹੈ।
ਇਸ ਗੱਲ ਲਈ ਕਈ ਸਮਾਜਕ ਕਾਰਕੁਨਾਂ ਵੱਲੋਂ ਸਮੇਂ-ਸਮੇਂ ਉੱਤੇ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ।
“ਸਾਡੇ ਕੋਲ ਵੀ 30 ਕੋਰੀਅਨ ਮੇਡ ਜ਼ਿਗਾਨੇ ਨੇ”
ਜ਼ਿਗਾਨਾ ਪਿਸਤੌਲ ਦੀ ਇੱਕ ਕਿਸਮ ਹੈ, ਇਸ ਦੀ ਖੂਬੀ ਇਹ ਹੈ ਕਿ ਇੱਕ ਵਾਰ ਵਿੱਚ ਆਮ ਨਾਲੋਂ ਵੱਧ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਸੇ ਹਥਿਆਰ ਨਾਲ ਹੀ ਯੂਪੀ ਦੇ ਗੈਂਗਸਟਰ ਅਤੀਕ ਅਹਿਮਦ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ।
‘ਐਲਾਨ ਐ ਮੇਰਾ ਵੈਰੀਆਂ ਨੂੰ’

ਤਸਵੀਰ ਸਰੋਤ, FB/Sidhu Moose Wala
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਆਪਣੇ ਪਸੰਦੀਦਾ ਗਾਇਕ ਦੀ ਮੌਤ ਦੇ ਤਕਰੀਬਨ ਡੇਢ ਸਾਲ ਬਾਅਦ ਆਏ ਗੀਤ ਉੱਤੇ ਉਤਸ਼ਾਹ ਜ਼ਾਹਰ ਕੀਤਾ ਜਾ ਰਿਹਾ ਹੈ।
ਉੱਥੇ ਹੀ ਕਈ ਲੋਕ ਇਸ ਗੀਤ ਵਿੱਚ ਕੀਤੇ ਗਏ ਹਿੰਸਾ ਦੇ ਜ਼ਿਕਰ ਦੇ ਸਮਾਜ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।
ਇਸ ਗੀਤ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਲਲਕਾਰਦੇ ਹੋਏ ਪ੍ਰਤੀਤ ਹੁੰਦੇ ਹਨ।
ਇਸ ਗਾਣੇ ਦੀਆਂ ਮੁੱਖ ਸਤਰਾਂ ਹਨ, “ਹੋ ਕੇ ਤਕੜੇ ਰਿਹੋ ਐਲਾਨ ਐ ਮੇਰਾ ਵੈਰੀਆਂ ਨੂੰ, ਤੁਹਾਨੂੰ ਜਿਓਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ”
ਇਸ ਤੋਂ ਅਗਲੀਆਂ ਸਤਰਾਂ ਵਿੱਚ ਉਹ ਕਹਿੰਦੇ ਹਨ, 'ਜੇ ਤੁਹਾਡੇ ਹੱਥ ਆ ਗਿਆ ਮੈਨੂੰ ਬਖ਼ਸ਼ਿਓ ਨਾ, ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ”
ਗਾਣੇ ਦੇ ਅੰਤ ਵਿੱਚ ਉਹ ਕਹਿੰਦੇ ਹਨ, “ਜਿੱਥੇ ਚਿੱਤ ਕੀਤਾ ਆ ਕੇ ਟੱਕਰ ਲਿਓ ਕਿੱਥੇ ਜਾਨਾ-ਆਉਨਾ ਕਿਸੇ ਕੋਲੋਂ ਕੋਈ ਪਰਦਾ ਨਹੀਂ।”
ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਸਤਰਾਂ ਨੂੰ ਉਨ੍ਹਾਂ ਦੀ ਮੌਤ ਦੇ ਹਾਲਾਤਾਂ ਨਾਲ ਵੀ ਜੋੜਿਆ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਮਾਪੇ ਕੀ ਕਹਿ ਰਹੇ

ਤਸਵੀਰ ਸਰੋਤ, FB/ Charan Kaur
ਇਸ ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਭਾਵੁਕ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਬਲਕੌਰ ਸਿੰਘ ਨੇ ਵੀ ਸਰਕਾਰ ਉੱਤੇ ਉਨ੍ਹਾਂ ਉੱਤੇ ਨਜ਼ਰ ਰੱਖਣ ਦੇ ਇਲਜ਼ਾਮ ਲਾਏ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਗੀਤ ਨੂੰ ਮਿਲੀ ਮਕਬੂਲੀਅਤ ਤੋਂ ਪਤਾ ਲੱਗਦਾ ਹੈ ਕਿ ਲੋਕ ਉਸ ਦੇ ਜਾਣ ਤੋਂ ਬਾਅਦ ਵੀ ਉਸ ਨੂੰ ਕਿੰਨਾ ਪਿਆਰ ਕਰਦੇ ਹਨ।
ਸਿੱਧੂ ਦੀ ਮੌਤ ਤੋਂ ਬਾਅਦ ਪੰਜਵਾਂ ਗਾਣਾ

ਤਸਵੀਰ ਸਰੋਤ, SIDHU MOOSEWALA/TWITTER
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ 5 ਗਾਣੇ ਰਿਲੀਜ਼ ਹੋ ਚੁਕੇ ਹਨ, ਜਿਨ੍ਹਾਂ ਵਿੱਚ ਐੱਸਵਾਈਐੱਲ, ਵਾਰ- ਸਿੱਖ ਜਰਨੈਲ ਹਰੀ ਸਿੰਘ ਨਲੂਆ, ਮੇਰਾ ਨਾਂ ਤੇ ਚੋਰਨੀ ਵੀ ਸ਼ਾਮਲ ਹਨ।
ਜੂਨ 2022 ਵਿੱਚ ਸਿੱਧੂ ਦਾ ਐੱਸਵਾਈਐੱਲ ਗਾਣਾ ਰਿਲੀਜ਼ ਹੋਇਆ ਸੀ ਜਿਸ ਉੱਤੇ ਯੂਟਿਊਬ ’ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਸੀ।
ਇਹ ਗਾਣਾ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਐੱਸਵਾਈਐੱਲ ਨਹਿਰ ਦੇ ਵਿਵਾਦ ਨੂੰ ਲੈ ਕੇ ਸੀ।
ਸਿੱਧੂ ਨੇ ਇਸ ਗਾਣੇ ਵਿੱਚ ਸਿੱਖ ਖਾੜਕੂ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਵੀ ਕੀਤਾ ਸੀ।
ਅਪ੍ਰੈਲ 2023 ਵਿੱਚ ਸਿੱਧੂ ਦਾ ਨਵਾਂ ਗਾਣਾ 'ਮੇਰਾ ਨਾਂ' ਰਿਲੀਜ਼ ਹੋਇਆ ਸੀ ਜੋ ਉਹਨਾਂ ਇੰਗਲੈਂਡ ਦੇ ਰੈਪਰ ਬਰਨਾ ਬੋਏ ਦੇ ਨਾਲ ਗਾਇਆ ਸੀ।
ਮੂਸੇਵਾਲਾ ਦੇ ਕਤਲ ਕੇਸ ਵਿੱਚ ਹੁਣ ਤੱਕ ਦਰਜਨਾਂ ਗਿਰਫ਼ਤਾਰੀਆਂ ਹੋ ਚੁੱਕੀਆਂ ਹਨ।
ਮੁੱਖ ਮੁਲਜ਼ਮਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸ਼ਾਮਿਲ ਹੈ।















