ਯੂਜੀਸੀ ਨੈੱਟ ਦਾ ਇਮਤਿਹਾਨ ਰੱਦ: ਮੰਤਰਾਲੇ ਨੇ ਇਹ ਦੱਸਿਆ ਕਾਰਨ, ਹੁਣ ਅੱਗੇ ਕੀ

ਤਸਵੀਰ ਸਰੋਤ, Getty Images
ਜਦੋਂ ਨੈਸ਼ਨਲ ਟੈਸਟਿੰਗ ਏਜੰਸੀ ਨੀਟ (ਯੂਜੀ) ਵਿੱਚ ਹੋਈਆਂ ਕਥਿਤ ਘਪਲੇਬਾਜ਼ੀਆਂ ਕਾਰਨ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸੇ ਦੌਰਾਨ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਅਦਾਰੇ ਵੱਲੋਂ ਹੀ ਲਈ ਜਾਂਦੀ ਯੂਜੀਸੀ ਨੈੱਟ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਹੈ।
ਯੂਜੀਸੀ ਨੈੱਟ ਉਚੇਰੀ ਸਿੱਖਿਆ ਦਾ ਇੱਕ ਅਹਿਮ ਇਮਤਿਹਾਨ ਹੈ। ਇਸਦਾ ਪਹਿਲਾ ਮਕਸਦ ਕਾਲਜਾਂ ਅਤੇ ਯੂਨੀਵਰਸਿਟੀ ਅਧਿਆਪਕਾਂ ਦੀ ਯੋਗਤਾ ਪ੍ਰੀਖਿਆ ਹੈ।
ਦੂਜੇ ਇਸ ਰਾਹੀਂ ਯੂਜੀਸੀ ਵੱਲੋਂ ਪੀਐੱਚਡੀ ਲਈ ਵਜ਼ੀਫਾ ਦਿੱਤਾ ਜਾਂਦਾ ਹੈ, ਜਿਸ ਨੂੰ ਜੂਨੀਅਰ ਰਿਸਰਚ ਸਕਾਲਰਸ਼ਿਪ ਕਿਹਾ ਜਾਂਦਾ ਹੈ।
ਤੀਜਾ ਇਸਦੇ ਨਤੀਜੇ ਨੂੰ ਦੇਸ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੀਐੱਚਡੀ ਦਾਖਲੇ ਦੀ ਯੋਗਤਾ ਪ੍ਰੀਖਿਆ ਵਜੋਂ ਵਰਤਿਆ ਜਾਂਦਾ ਹੈ।

ਆਪਣੇ ਨੋਟੀਫਿਕੇਨ ਵਿੱਚ ਯੂਜੀਸੀ ਨੇ ਕਿਹਾ ਹੈ ਕਿ ਇਮਤਿਹਾਨ ਦੀ ਅਗਲੀ ਤਾਰੀਕ ਜਲਦੀ ਹੀ ਦੱਸੀ ਜਾਵੇਗੀ।
ਯੂਜੀਸੀ ਨੂੰ ਗ੍ਰਹਿ ਮੰਤਰਾਲੇ ਅਧੀਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਸਾਈਬਰ ਕਰਾਈਮ ਥਰੈਟ ਐਨਲਿਸਟ ਯੂਨਿਟ ਵੱਲੋਂ ਇਮਤਿਹਾਨ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਜਾਣਕਾਰੀ ਤੋਂ ਮੁਢਲੇ ਤੌਰ ਉੱਤੇ ਇਹ ਸਮਝਿਆ ਗਿਆ ਕਿ ਇਮਤਿਹਾਨ ਪ੍ਰਕਿਰਿਆ ਨਾਲ ਕੁਝ ਸਮਝੌਤਾ ਹੋਇਆ ਹੋ ਸਕਦਾ ਹੈ। ਮਸਲਾ ਜਾਂਚ ਲਈ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮੰਤਰਾਲੇ ਨੇ ਕੀ ਕਿਹਾ

ਤਸਵੀਰ ਸਰੋਤ, twiiter
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨੈੱਟ ਇਮਤਿਹਾਨ ਰੱਦ ਕਰਨ ਬਾਰੇ ਐਨਟੀਏ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ, “ਇਮਤਿਹਾਨ ਵਿੱਚ ਧਾਂਦਲੀ ਦੇ ਸੰਕੇਤ ਮਿਲੇ ਹਨ। ਪ੍ਰੀਖਿਆ ਵਿੱਚ ਉੱਚ ਪੱਧਰ ਦੀ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਸਿੱਖਿਆ ਮੰਤਰਾਲੇ ਨੇ ਯੂਜੀਸੀ ਨੈਟ ਜੂਨ 2024 ਰੱਦ ਕਰਨ ਦਾ ਫੈਸਲਾ ਲਿਆ ਹੈ।”
ਇਮਤਿਹਾਨ ਮੰਗਲਵਾਰ ਨੂੰ ਦੋ ਸ਼ਿਫਟਾਂ ਵਿੱਚ ਲਿਆ ਗਿਆ ਸੀ ਅਤੇ ਦੇਸ ਭਰ ਵਿੱਚ 9.08580 ਉਮੀਦਵਾਰਾਂ ਨੇ ਇਹ ਇਮਤਿਹਾਨ ਦਿੱਤਾ ਸੀ।

ਮੰਗਲਵਾਰ ਨੂੰ ਦੇਸ ਦੇ 317 ਸ਼ਹਿਰਾਂ ਵਿੱਚ ਕੁੱਲ ਰਜਿਸਟਰਡ ਉਮੀਦਵਾਰਾਂ ਵਿੱਚੋਂ 11.21 ਲੱਖ ਨੇ ਇਹ ਪ੍ਰੀਖਿਆ ਦਿੱਤੀ ਸੀ।
ਇਮਤਿਹਾਨ ਪੂਰਾ ਹੋਣ ਤੋਂ ਬਾਅਦ ਯੂਜੀਸੀ ਦੇ ਚੇਅਰਮੈਨ ਪ੍ਰੋਫੈਸਰ ਨਾਮੀਦਾਲਾ ਜਗਦੀਸ਼ ਕੁਮਾਰ ਕਿਹਾ ਕਿ ਕੁੱਲ ਰਜਿਸਟਰਡ ਉਮੀਦਵਾਰਾਂ ਵਿੱਚੋਂ ਕਰੀਬ 81% ਨੇ ਪ੍ਰੀਖਿਆ ਦਿੱਤੀ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ ਸਨ।
ਜ਼ਿਕਰਯੋਗ ਹੈ ਕਿ ਨੀਟ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਪਹਿਲਾਂ ਹੀ ਚੱਲ ਰਹੀ ਹੈ।

ਸਿੱਖਿਆ ਮੰਤਰਾਲੇ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਨੀਟ (ਯੂਜੀ) ਵਿੱਚ ਗਰੇਸ ਅੰਕਾਂ ਦਾ ਮਸਲਾ ਪਹਿਲਾਂ ਹੀ ਪੂਰੀ ਤਰ੍ਹਾਂ ਨਜਿੱਠਿਆ ਜਾ ਚੁੱਕਿਆ ਹੈ।
ਮੰਤਰਾਲੇ ਨੇ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਇਕਾਈ ਤੋਂ ਇਸ ਨੀਟ ਵਿੱਚ ਕਥਿਤ ਧਾਂਦਲੀਆਂ ਬਾਰੇ ਪੂਰੀ ਰਿਪੋਰਟ ਮੰਗ ਹੈ।
ਮੰਤਰਾਲੇ ਨੇ ਦੁਹਰਾਇਆ ਕਿ ਨੀਟ ਲੀਕ ਮਾਮਲੇ ਵਿੱਚ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਰੋਧੀ ਧਿਰ ਦਾ ਸਰਕਾਰ ਉੱਤੇ ਨਿਸ਼ਾਨਾ

ਤਸਵੀਰ ਸਰੋਤ, Getty Images
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਯੂਜੀਸੀ ਨੈਟ ਅਤੇ ਨੀਟ ਇਮਤਿਹਾਨਾਂ ਬਾਰੇ ਸਵਾਲ ਪੁੱਛੇ ਹਨ।
ਖੜਗੇ ਨੇ ਐਕਸ ਉੱਤੇ ਲਿਖਿਆ, “ਨਰਿੰਦਰ ਮੋਦੀ ਜੀ, ਤੁਸੀਂ ਇਮਤਿਹਾਨ ਉੱਤੇ ਚਰਚਾ ਤਾਂ ਬਹੁਤ ਕਰਦੇ ਹੋ, ਨੀਟ ਇਮਤਿਹਾਨ ਉੱਤੇ ਚਰਚਾ ਕਦੋਂ ਕਰੋਗੇ।”
ਉਨ੍ਹਾਂ ਨੇ ਕਿਹਾ, ਯੂਜੀਸੀ ਨੈਟ ਇਮਤਿਹਾਨ ਰੱਦ ਕਰਨਾ ਲੱਖਾਂ ਵਿਦਿਆਰਥੀਆਂ ਦੀ ਭਾਵਨਾ ਦੀ ਜਿੱਤ ਹੈ। ਇਹ ਮੋਦੀ ਸਰਕਾਰ ਦੇ ਹੰਕਾਰ ਦੀ ਹਾਰ ਹੈ। ਜਿਸ ਕਾਰਨ ਉਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਕੁਚਲਣ ਦਾ ਯਤਨ ਕੀਤਾ।
ਉਨ੍ਹਾਂ ਨੇ ਕਿਹਾ, “ਕੇਂਦਰੀ ਸਿੱਖਿਆ ਮੰਤਰੀ ਪਹਿਲਾਂ ਕਹਿੰਦੇ ਹਨ ਕਿ ਨੀਟ ਯੂਜੀ ਵਿੱਚ ਪੇਪਰ ਲੀਕ ਨਹੀਂ ਹੋਇਆ। ਜਦੋਂ ਬਿਹਾਰ, ਗੁਜਰਾਤ ਅਤੇ ਹਰਿਆਣਾ ਵਿੱਚ ਸਿੱਖਿਆ ਮਾਫ਼ੀਆ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਹਨ ਤਾਂ ਸਿੱਖਿਆ ਮੰਤਰੀ ਮੰਨਦੇ ਹਨ ਕਿ ਕੁਝ ਘਪਲਾ ਹੋਇਆ ਹੈ।”
ਕਾਂਗਰਸ ਪ੍ਰਧਾਨ ਨੇ ਕਿਹਾ, “ਨੀਟ ਦਾ ਇਮਤਿਹਾਨ ਕਦੋਂ ਰੱਦ ਹੋਵੇਗਾ। ਉਨ੍ਹਾਂ ਨੇ ਕਿਹਾ, ਮੋਦੀ ਜੀ ਨੀਟ ਇਮਤਿਹਾਨ ਵਿੱਚ ਆਪਣੀ ਸਰਕਾਰ ਦੀ ਧਾਂਦਲੀ ਅਤੇ ਪੇਪਰ ਲੀਕ ਰੋਕਣ ਦੀ ਜ਼ਿੰਮੇਵਾਰੀ ਲਓ।”
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਯੂਜੀਸੀ ਨੈਟ ਇਮਤਿਹਾਨ ਰੱਦ ਹੋਣ ਤੋਂ ਸਰਕਾਰ ਨੂੰ ਘਰਿਆ।
ਉਨ੍ਹਾਂ ਨੇ ਐਕਸ ਉੱਤੇ ਲਿਖਿਆ, “ਭਾਜਪਾ ਸਰਕਾਰ ਦਾ ਲੀਕਤੰਤਰ ਅਤੇ ਲੱਚਰਤੰਤਰ ਨੌਜਵਾਨਾਂ ਲਈ ਘਾਤਕ ਹੈ। ਨੀਟ ਇਮਤਿਹਾਨ ਵਿੱਚ ਹੋਏ ਘਪਲੇ ਤੋਂ ਬਾਅਦ ਹੁਣ 18 ਜੂਨ ਨੂੰ ਹੋਈ ਨੈਟ ਦੀ ਪ੍ਰੀਖਿਆ ਗੜਬੜੀਆਂ ਦੀ ਆਸ਼ੰਕਾ ਦੇ ਕਾਰਨ ਰੱਦ ਕੀਤੀ ਗਈ। ਕੀ ਹੁਣ ਜਵਾਬਦੇਹੀ ਤੈਅ ਹੋਵੇਗੀ? ਕੀ ਸਿੱਖਿਆ ਮੰਤਰੀ ਜ਼ਿੰਮੇਵਾਰੀ ਲੈਣਗੇ”
ਇਸੇ ਦੌਰਾਨ ਕਾਂਗਰਸ ਦੇ ਵਿਦਿਆਰਥੀ ਸੰਗਠਨ ਨੈਸ਼ਨਲ ਸਟੂਡੈਂਟਸ ਯੂਨੀਅਨ ਨੇ ਐਨਟੀਏ ਉੱਤੇ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ ਹੈ।

ਤਸਵੀਰ ਸਰੋਤ, ANI
ਭਾਜਪਾ ਨੇ ਕੀ ਕਿਹਾ
ਨੈਟ ਇਮਤਿਹਾਨ ਰੱਦ ਹੋਣ ਬਾਰੇ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਰਾਹੀਂ ਭਾਜਪਾ ਦਾ ਪੱਖ ਰੱਖਿਆ।
“ਯੂਜੀਸੀ ਨੂੰ ਅਜਿਹੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਕਿ ਪ੍ਰੀਖਿਆ ਨਾਲ ਸਮਝੌਤਾ ਹੋਇਆ ਹੈ। ਭਾਰਤ ਸਰਕਾਰ ਨੇ ਫੌਰੀ ਕਾਰਵਾਈ ਕਰਦਿਆਂ 18 ਜੂਨ ਨੂੰ ਹੋਏ ਨੈਟ ਇਮਤਿਹਾਨ ਰੱਦ ਕਰ ਦਿੱਤੇ ਹਨ। ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਵਿਦਿਆਰਥੀਆਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ। ਅਤੇ ਬਿਹਾਰ ਪੁਲਿਸ ਦੀ ਅਪਰਾਧਿਕ ਇਕਾਈ ਤੋਂ ਰਿਪੋਰਟ ਮਿਲਣ ਮਗਰੋਂ ਨੀਟ (ਯੂਜੀ) ਇਮਤਿਹਾਨ ਵਿੱਚ ਕਾਰਵਾਈ ਦਾ ਵਾਅਦਾ ਕੀਤਾ ਹੈ।”








