ਨੀਟ ਵਿਵਾਦ ਨੂੰ ਸੁਲਝਾਉਣ ਲਈ ਲਿਆ ਗਿਆ ਵੱਡਾ ਫੈਸਲਾ, 1563 ਵਿਦਿਆਰਥੀਆਂ ਦੀ ਮੁੜ ਹੋਵੇਗੀ ਪ੍ਰੀਖਿਆ, ਜਾਣੋ ਪੂਰਾ ਵਿਵਾਦ

ਨੀਟ ਇਮਤਿਹਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਟਾਪ ਰੈਂਕ ਉੱਤੇ ਆਉਣ ਵਾਲੇ 67 ਬੱਚਿਆਂ ਵਿੱਚੋਂ ਛੇ ਅਜਿਹੇ ਹਨ ਜਿਨ੍ਹਾਂ ਨੇ ਹਰਿਆਣੇ ਦੇ ਇੱਕ ਹੀ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦਿੱਤਾ ਸੀ।
    • ਲੇਖਕ, ਉਮੰਗ ਪੋਤਦਾਰ
    • ਰੋਲ, ਬੀਬੀਸੀ ਪੱਤਰਕਾਰ

ਨੈਸ਼ਨਲ ਟੈਸਟਿੰਗ ਏਜੰਸੀ ਨੇ ਗਰੇਸ ਅੰਕ ਰੱਦ ਕਰਕੇ 1563 ਵਿਦਿਆਰਥੀਆਂ ਲਈ ਪਰਚਾ ਦੁਬਾਰਾ ਲੈਣ ਦਾ ਫੈਸਲਾ ਲਿਆ ਹੈ। ਇਹ ਨੀਟ ਨਾਲ ਜੁੜੇ ਵਿਵਾਦ ਵਿੱਚ ਇੱਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ।

ਜ਼ਰਾ ਸੋਚੋ ਕਿ ਤੁਸੀਂ ਭਾਵੇਂ ਨੈਸ਼ਨਲ ਇਲੀਜ਼ੀਬਿਟੀ ਕਮ ਐਂਟਰੈਂਸ ਟੈਸਟ ਯਾਨੀ ਨੀਟ ਪ੍ਰੀਖਿਆ ਦੇ ਟਾਪਰਾਂ ਵਿੱਚ ਸ਼ਾਮਲ ਹੋਵੋਂ ਪਰ ਹੋ ਸਕਦਾ ਹੈ ਕਿ ਤੁਹਾਨੂੰ ਦੇਸ ਦੇ ਸਿਰਮੌਰ ਮੈਡੀਕਲ ਕਾਲਜ ਏਮਜ਼ ਵਿੱਚ ਦਾਖਲਾ ਨਾ ਮਿਲੇ।

ਤੁਸੀਂ ਪੁੱਛੋਂਗੇ ਕਿ ਐਵੇਂ-ਕਿਵੇਂ ਕਿਉਂਕਿ ਨੀਟ ਪ੍ਰੀਖਿਆ ਵਿੱਚ 67 ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਲ ਕੀਤਾ ਹੈ।

ਇਹ ਇੱਕ ਲਾਮਿਸਾਲ ਸਥਿਤੀ ਹੈ। ਚਾਰ ਜੂਨ 2024 ਨੂੰ ਨੀਟ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਅਜਿਹੇ ਕਈ ਦਾਅਵੇ ਸਾਹਮਣੇ ਆਏ ਹਨ ਕਿ ਇਸ ਪ੍ਰੀਖਿਆ ਠੀਕ ਤਰ੍ਹਾਂ ਨਹੀਂ ਲਈ ਗਈ।

ਨੀਟ ਉਹ ਪੇਪਰ ਹੈ ਜਿਸ ਵਿੱਚ ਡਾਕਟਰੀ ਦੀ ਪੜ੍ਹਾਈ ਦੇ ਚਾਹਵਾਨ ਵਿਦਿਆਰਥੀ ਸ਼ਾਮਲ ਹੁੰਦੇ ਹਨ। ਇਸਦੇ ਅਧਾਰ ਉੱਤੇ ਉਨ੍ਹਾਂ ਨੂੰ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਮਿਲਦਾ ਹੈ।

ਟਾਪ ਰੈਂਕ ਉੱਤੇ ਆਉਣ ਵਾਲੇ 67 ਬੱਚਿਆਂ ਵਿੱਚੋਂ ਛੇ ਅਜਿਹੇ ਹਨ ਜਿਨ੍ਹਾਂ ਨੇ ਹਰਿਆਣੇ ਦੇ ਇੱਕ ਹੀ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦਿੱਤਾ ਸੀ।

ਕੁਝ ਬੱਚਿਆਂ ਨੂੰ ਇਸ ਤਰ੍ਹਾਂ ਵੀ ਨੰਬਰ ਮਿਲੇ ਹਨ ਜੋ ਇਮਤਿਹਾਨ ਦੇ ਗਣਿਤ ਫਾਰਮੂਲੇ ਮੁਤਾਬਕ ਸੰਭਵ ਹੀ ਨਹੀਂ ਸਨ।

ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦੇ ਹੋਏ ਨੀਟ ਲੈਣ ਵਾਲੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਮਤਿਹਾਨ ਵਿੱਚ ਕਿਸੇ ਵੀ ਧਾਂਦਲੀ ਜਾਂ ਪਰਚਾ ਲੀਕ ਹੋਣ ਦੇ ਸੰਭਾਵੀ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਹੈ ਕਿ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਜ਼ਿਆਦਾ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ਨ ਪੱਤਰ ਸਮੇਂ ਸਿਰ ਨਹੀਂ ਮਿਲਿਆ ਸੀ।

ਹਾਲਾਂਕਿ ਇਸ ਵਾਰ ਨੀਟ ਵਿੱਚ ਬੈਠਣ ਵਾਲੇ ਕਈ ਵਿਦਿਆਰਥੀ ਇਮਤਿਹਾਨ ਮੁੜ ਲਏ ਜਾਣ ਦੀ ਮੰਗ ਕਰ ਰਹੇ ਹਨ।

ਇਸ ਬਾਰੇ ਦੇਸ ਦੀਆਂ ਕਈ ਅਦਾਲਤਾਂ ਵਿੱਚ ਮੁਕੱਦਮੇ ਕਰ ਦਿੱਤੇ ਗਏ ਹਨ।

ਸੁਪਰੀਮ ਕੋਰਟ ਨੂੰ ਐੱਨਟੀਏ ਨੇ ਕੀ ਕਿਹਾ

ਐੱਨਟੀਏ ਦੀ ਪ੍ਰੈੱਸ ਕਾਨਫਰੰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਨਟੀਏ ਦੇ ਡੀਜੀ ਨੇ 8 ਜੂਨ ਪ੍ਰੈੱਸ ਕਾਨਫਰੰਸ ਕਰਕੇ ਦੁਹਰਾਇਆ ਸੀ ਕਿ ਪ੍ਰੀਖਿਆ ਨਾਲ ਪੂਰੇ ਦੇਸ ਵਿੱਚ ਕਿਤੇ ਵੀ ਸਮਝੌਤਾ ਨਹੀਂ ਕੀਤਾ ਗਿਆ ਅਤੇ ਪੂਰੀ ਪ੍ਰਕਿਰਿਆ ਪਾਰਦਰਸ਼ੀ ਸੀ

ਵੀਰਵਾਰ ਨੂੰ ਸੁਪਰੀਮ ਕੋਰਟ ਉਨ੍ਹਾਂ ਤਿੰਨ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਸੀ ਜਿਨ੍ਹਾਂ ਵਿੱਚ ਮੰਗ ਕੀਤੀ ਗਈ ਸੀ ਕਿ 1563 ਵਿਦਿਆਰਥੀਆਂ ਨੂੰ ਸਮੇਂ ਦੇ ਕਥਿਤ ਨੁਕਸਾਨ ਬਦਲੇ ਗਰੇਸ ਅੰਕ ਦੇਣ ਦਾ ਫੈਸਲਾ ਆਪਹੁਦਰਾ ਸੀ।

ਅਦਾਲਤ ਨੇ ਕਿਹਾ ਕਿ ਉਹ ਪਰਚਾ ਲੀਕ ਹੋਣ ਅਤੇ ਨਕਲ ਦੀਆਂ ਪਟੀਸ਼ਨ ਉੱਤੇ ਅਗਲੀ ਸੁਣਵਾਈ ਅੱਠ ਜੁਲਾਈ ਨੂੰ ਕਰੇਗੀ।

ਭਾਰਤ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਰੇਸ ਅੰਕਾਂ ਦਾ ਮੁੱਦਾ ਧਿਆਨ ਵਿੱਚ ਆਇਆ ਸੀ।

ਬੁੱਧਵਾਰ ਨੂੰ ਵਿਦਿਆਰਥੀਆਂ ਦੀ ਤਕਲੀਫ਼ ਉੱਤੇ ਵਿਚਾਰ ਕਰਨ ਲਈ ਬਣਾਈ ਗਈ ਉੱਚ ਸ਼ਕਤੀ ਕਮੇਟੀ ਨੇ ਪਾਇਆ ਕਿ ਗਰੇਸ ਅੰਕਾਂ ਕਾਰਨ “ਇੱਕਤਰਫਾ ਸਥਿਤੀ” (ਸਕਿਊਡ ਸਿਚੂਏਸ਼ਨ) ਪੈਦਾ ਹੋ ਗਈ ਹੈ। ਗਰੇਸ ਅੰਕ ਦੇਣ ਲੱਗਿਆ ਅਧਿਕਾਰੀਆਂ ਨੇ ਇਹ ਨਹੀਂ ਧਿਆਨ ਦਿੱਤਾ ਕਿ ਹਰਜਾਨਾ ਰਹਿ ਗਏ ਸਵਾਲਾਂ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਸੀ। ਇਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ “ਅਣਉਚਿਤ ਲਾਭ” ਮਿਲ ਗਿਆ।

ਇਸ ਲਈ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਵਿਕਲਪ ਦਿੱਤਾ ਜਾਵੇਗਾ ਕਿ ਜਾਂ ਤਾਂ ਉਹ ਬਿਨਾਂ ਗਰੇਸ ਅੰਕਾਂ ਤੋਂ ਆਪਣਾ ਨਤੀਜਾ ਸਵੀਕਾਰ ਕਰ ਲੈਣ ਜਾਂ ਫਿਰ ਪਰਚਾ ਦੁਬਾਰਾ ਦੇਣ। ਦੂਜੀ ਸਥਿਤੀ ਵਿੱਚ ਉਨ੍ਹਾਂ ਦੇ ਦੂਜੀ ਪ੍ਰੀਖਿਆ ਵਿੱਚ ਹਾਸਲ ਅੰਕ ਹੀ ਗਿਣੇ ਜਾਣਗੇ।

ਸਰਕਾਰੀ ਵਕੀਲ ਨੇ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਹੀ ਪਰਚੇ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਪਰਚੇ ਦਾ ਨਤੀਜਾ 23 ਜੂਨ ਤੱਕ ਲੈ ਕੇ 30 ਜੂਨ ਤੱਕ ਐਲਾਨ ਦਿੱਤਾ ਜਾਵੇਗਾ। ਇਸ ਤਰ੍ਹਾਂ ਕਾਊਂਸਲਿੰਗ ਲਈ ਪਹਿਲਾਂ ਤੋਂ ਤੈਅ ਤਰੀਕ ਜੋ ਕਿ 6 ਜੁਲਾਈ ਦੀ ਹੈ ਉਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਨੀਟ ਇਮਤਿਹਾਨ ਬਾਰੇ ਵਿਵਾਦ

ਇਸ ਵਾਰ ਨੀਟ ਇਮਤਿਹਾਨ ਪੰਜ ਮਈ ਨੂੰ ਹੋਇਆ ਸੀ। ਨੀਟ ਦੇਣ ਲਈ 24 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਇਆ ਸੀ।

ਇਸ ਵਿੱਚੋਂ 23.33 ਲੱਖ ਬੱਚੇ ਇਮਤਿਹਾਨ ਵਿੱਚ ਬੈਠੇ ਸਨ। ਪਹਿਲਾਂ ਤੋਂ ਤੈਅ ਤਰੀਕ ਮੁਤਾਬਕ 14 ਜੂਨ ਨੂੰ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ।

ਨੀਟ ਇਮਤਿਹਾਨ ਪ੍ਰਕਿਰਿਆ ਉੱਤੇ ਨਜ਼ਰ ਰੱਖਣ ਵਾਲੇ ਜਾਣਕਾਰਾਂ ਮੁਤਾਬਕ, ਗੜਬੜੀ ਦੇ ਸ਼ੱਕ ਦਾ ਪਹਿਲਾ ਸੰਕੇਤ ਇਸੇ ਗੱਲ ਤੋਂ ਮਿਲ ਗਿਆ ਸੀ।

ਇਸ ਤੋਂ ਇਲਾਵਾ ਕੋਚਿੰਗ ਸੰਸਥਾਵਾਂ ਅਤੇ ਵਿਦਿਆਰਥੀਆਂ ਨੇ ਨੀਟ ਇਮਤਿਹਾਨ ਬਾਰੇ ਗੰਭੀਰ ਚਿੰਤਾਵਾਂ ਸਾਹਮਣੇ ਰੱਖੀਆਂ ਹਨ।

ਨਤੀਜਿਆਂ ਮੁਤਾਬਕ 67 ਬੱਚੇ ਅਜਿਹੇ ਹਨ ਜਿਨ੍ਹਾਂ ਨੇ 100% ਅੰਕ ਹਾਸਲ ਕੀਤੇ ਹਨ। ਭਾਵ 720 ਵਿੱਚੋਂ 720 ਅੰਕ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਸੰਖਿਆ ਵਿੱਚ ਵਿਦਿਆਰਥੀਆਂ ਨੇ ਪੂਰੇ ਬਟਾ ਪੂਰੇ ਨੰਬਰ ਹਾਸਲ ਕੀਤੇ ਹਨ।

ਸਾਲ 2023 ਵਿੱਚ ਪੂਰਿਆਂ ਵਿੱਚੋਂ ਪੂਰੇ ਨੰਬਰ ਲੈਣ ਵਾਲੇ ਸਿਰਫ਼ ਦੋ ਵਿਦਿਆਰਥੀ ਸਨ।

ਸਾਲ 2022 ਵਿੱਚ ਕਿਸੇ ਵੀ ਵਿਦਿਆਰਥੀ ਨੇ ਪੂਰੇ ਨੰਬਰ ਹਾਸਲ ਨਹੀਂ ਕੀਤੇ ਸਨ। ਉਸ ਸਾਲ ਵੀ ਨੀਟ ਦੇ ਕੁੱਲ ਅੰਕ 720 ਸਨ ਅਤੇ ਟਾਪ ਕਰਨ ਵਾਲੇ ਵਿਦਿਆਰਥੀ ਦੇ 715 ਨੰਬਰ ਸਨ।

ਇਸ ਵਾਰ ਵੀ ਜਿਸ ਗੱਲ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ, ਉਹ ਹੈ ਕਿ 67 ਟਾਪਰ ਵਿਦਿਆਰਥੀਆਂ ਵਿੱਚੋਂ 6 ਬੱਚਿਆਂ ਦੀ ਇਮਤਿਹਾਨ ਸੈਂਟਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਇੱਕ ਸੈਂਟਰ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਆਮ ਤੌਰ ਉੱਤੇ ਬਹੁਤ ਘੱਟ ਹੈ।

ਸ਼ੱਕ ਜਾਹਰ ਕਰਨ ਵਾਲੇ ਲੋਕ ਇੱਕ ਤੀਜੀ ਗੱਲ ਵੱਲ ਵੀ ਧਿਆਨ ਦਿਵਾਉਂਦੇ ਹਨ। ਉਹ ਇਹ ਹੈ ਕਿ ਕੁਝ ਵਿਦਿਆਰਥੀਆਂ ਦੇ ਇਮਤਿਹਾਨ ਦੇ 720 ਵਿੱਚ 718 ਅਤੇ 719 ਨੰਬਰ ਵੀ ਆਏ ਹਨ। ਜੋ ਕਿ ਫਾਰਮੂਲੇ ਮੁਤਾਬਕ ਸੰਭਵ ਹੀ ਨਹੀਂ ਹੈ।

ਗਰਾਫਿਕਸ

ਕਿਉਂਕਿ ਇਸ ਇਮਤਿਹਾਨ ਵਿੱਚ ਕਿਸੇ ਸਹੀ ਉੱਤਰ ਦੇ ਚਾਰ ਅੰਕ ਤੈਅ ਕੀਤੇ ਗਏ ਸਨ ਜਦਕਿ ਗਲਤ ਜਵਾਬ ਦਾ ਇੱਕ ਨੰਬਰ ਕੱਟ ਲਿਆ ਜਾਂਦਾ ਹੈ। ਜਿਸ ਦਾ ਇੱਕ ਜਵਾਬ ਗਲਤ ਹੋਇਆ ਤਾਂ ਉਸਦੇ ਚਾਰ ਨੰਬਰ ਕੱਟੇ ਜਾਣਗੇ ਅਤੇ 716 ਨੰਬਰ ਹਾਸਲ ਕਰੇਗਾ।

ਪਰਚਾ ਲੀਕ ਹੋਣ ਦੇ ਵੀ ਇਲਜ਼ਾਮ ਸਾਹਮਣੇ ਆ ਰਹੇ ਹਨ। ਇਸ ਸਿਲਸਿਲੇ ਵਿੱਚ ਬਿਹਾਰ ਵਿੱਚ ਇੱਕ ਪੁਲਿਸ ਰਿਪੋਰਟ ਦਰਜ ਕੀਤੀ ਗਈ ਹੈ ਅਤੇ 13 ਜਣੇ ਗ੍ਰਿਫਤਾਰ ਕੀਤੇ ਗਏ ਹਨ।

ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਹੈ।

ਨੀਟ ਇਮਤਿਹਾਨ ਵਿੱਚ ਜਿਸ ਤਰ੍ਹਾਂ ਵਿਦਿਆਰਥੀਆਂ ਦੇ ਵਧੀਆ ਨੰਬਰ ਆਏ ਹਨ, ਉਸ ਕਾਰਨ ਯੋਗਤਾ ਅੰਕ (ਕੁਆਲੀਫਾਈਇੰਗ ਸਕੋਰ) ਕਾਫ਼ੀ ਵਧ ਗਿਆ ਹੈ।

ਪਿਛਲੇ ਤਿੰਨ ਸਾਲਾਂ ਦੌਰਾਨ ਨੀਟ ਇਮਤਿਹਾਨ ਦਾ ਯੋਗਤਾ ਅੰਕ 130 ਸੀ ਜਦਕਿ ਇਸ ਸਾਲ ਇਹ ਵਧ ਕੇ 164 ਹੋ ਗਿਆ ਹੈ।

ਐੱਨਟੀਏ ਨੇ ਪਹਿਲਾਂ ਕੀ ਜਵਾਬ ਦਿੱਤਾ ਸੀ?

ਨੀਟ ਇਮਤਿਹਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਇਮਤਿਹਾਨ ਬਾਰੇ ਕੁਝ ਹੋਰ ਸ਼ਿਕਾਇਤਾਂ ਬਾਰੇ ਏਜੰਸੀ ਨੇ ਕਿਹਾ ਕਿ ਉਹ ਤੈਅ ਵਿਧਾਨ ਮੁਤਾਬਕ ਇਸ ਬਾਰੇ ਕਾਰਵਾਈ ਕਰ ਰਹੀ ਹੈ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਛੇ ਜੂਨ ਨੂੰ ਪ੍ਰੈੱਸ ਬਿਆਨ ਜਾਰੀ ਕਰਕੇ, ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਐੱਨਟੀਏ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਛੇਤੀ ਤੋਂ ਛੇਤੀ ਨਤੀਜਾ ਇੱਕ ਤੈਅ ਪ੍ਰਕਿਰਿਆ ਹੈ। ਇਸ ਵਾਰ ਐੱਨਟੀਏ ਨੇ ਇਹ ਕੰਮ 30 ਦਿਨਾਂ ਦੇ ਅੰਦਰ ਕੀਤਾ ਹੈ।

ਐੱਨਟੀਏ ਦਾ ਕਹਿਣਾ ਹੈ ਕਿ ਉਸਨੇ 1563 ਵਿਦਿਆਰਥੀਆਂ ਨੂੰ ਗਰੇਸ ਅੰਕ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਪੇਪਰ ਲਈ ਘੱਟ ਸਮਾਂ ਮਿਲਿਆ ਸੀ। ਕੁਝ ਪ੍ਰੀਖਿਆਰਥੀਆਂ ਨੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਕਿਹਾ ਸੀ ਕਿ ਪ੍ਰੀਖਿਆ ਕੇਂਦਰ ਸਮੇਂ ਸਿਰ ਇਮਤਿਹਾਨ ਸ਼ੁਰੂ ਨਹੀਂ ਕਰ ਸਕੇ।

ਐੱਨਟੀਏ ਨੇ ਕਿਹਾ ਕਿ ਸੈਂਟਰ ਦੀ ਸੀਸੀਟੀਵੀ ਫੁਟੇਜ ਦੇਖ ਕੇ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਗਰੇਸ ਅੰਕ ਦਿੱਤੇ ਗਏ। ਏਜੰਸੀ ਨੇ ਕਿਹਾ ਕਿ ਇਸ ਲਈ ਉਹੀ ਫਾਰਮੂਲਾ ਅਪਣਾਇਆ ਗਿਆ ਜੋ ਸੁਪਰੀਮ ਕੋਰਟ ਨੇ ਸਾਂਝੀ ਕਾਨੂੰਨ ਪ੍ਰੀਖਿਆ ਲਈ ਸੁਝਾਇਆ ਸੀ।

ਇਹੀ ਕਾਰਨ ਹੈ ਕਿ ਕੁਝ ਵਿਦਿਆਰਥੀਆਂ ਨੂੰ 718 ਵਰਗੇ ਅੰਕ ਮਿਲੇ। ਇਸ ਤੋਂ ਇਲਾਵਾ ਏਜੰਸੀ ਨੇ ਕਿਹਾ ਕਿ 720 ਅੰਕ ਹਾਸਲ ਕਰਨ ਵਾਲੇ ਛੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਗਰੇਸ ਅੰਕ ਮਿਲੇ ਹਨ। ਇਸ ਤੋਂ ਇਲਾਵਾ 44 ਹੋਰ ਵਿਦਿਆਰਥੀ ਜਿਨ੍ਹਾਂ ਨੂੰ 720 ਅੰਕ (ਸੌ ਫੀਸਦੀ ਅੰਕ) ਲਏ, ਉਨ੍ਹਾਂ ਨੂੰ ਫਿਜ਼ਿਕਸ ਦੇ ਇੱਕ ਪ੍ਰਸ਼ਨ ਲਈ ਰਿਵੀਜ਼ਨ ਅੰਕ ਦਿੱਤੇ ਗਏ ਹਨ।

ਐੱਨਟੀਏ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਪਰਚਾ ਲੀਕ ਹੋਇਆ ਹੈ। ਇਸ ਤੋਂ ਇਲਾਵਾ ਏਜੰਸੀ ਨੇ ਕਿਹਾ ਹੈ ਕਿ ‘ਪ੍ਰੀਖਿਆ ਦੀ ਸ਼ੁੱਧਤਾ’ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ।

ਇਮਤਿਹਾਨ ਬਾਰੇ ਕੁਝ ਹੋਰ ਸ਼ਿਕਾਇਤਾਂ ਬਾਰੇ ਏਜੰਸੀ ਨੇ ਕਿਹਾ ਕਿ ਉਹ ਤੈਅ ਵਿਧਾਨ ਮੁਤਾਬਕ ਇਸ ਬਾਰੇ ਕਾਰਵਾਈ ਕਰ ਰਹੀ ਹੈ।

ਵਿਦਿਆਰਥੀਆਂ ਅਤੇ ਹੋਰ ਲੋਕਾਂ ਦਾ ਕੀ ਕਹਿਣਾ ਹੈ?

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਵਿਦਿਆਰਥੀਆਂ ਅਤੇ ਕੋਚਿੰਗ ਸੈਂਟਰਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਹਨ।

ਸਿੱਖਿਆ ਦੇ ਖੇਤਰ ਨਾ ਜੁੜੀ ਵੈਬਸਾਈਟ ਕਰੀਅਰਸ 360 ਦੇ ਮੋਢੀ ਮਹੇਸ਼ਵਰ ਪੇਰੀ ਨੇ ਬੀਬੀਸੀ ਨੂੰ ਦੱਸਿਆ, “ਪੂਰੇ ਮਾਮਲੇ ਵਿੱਚ ਗੰਭੀਰ ਗੜਬੜੀਆਂ ਹਨ।”

ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਕਈ ਦਾਖਲਾ ਇਮਤਿਹਾਨ ਹੁੰਦੇ ਹਨ। ਆਮ ਤੌਰ ਉੱਤੇ ਕੁਝ ਵਿਦਿਆਰਥੀ ਹੁੰਦੇ ਹਨ ਜੋ ਵਧੀਆ ਨੰਬਰ ਲੈਂਦੇ ਹਨ। ਲੇਕਿਨ ਇਹ ਬਹੁਤ ਵੱਡਾ ਅਪਵਾਦ ਹੈ। ਅਸੀਂ ਇੱਕ ਜਾਂ ਦੋ ਜਣਿਆਂ ਦੀ ਨਹੀਂ 67 ਜਣਿਆਂ ਦੀ ਗੱਲ ਕਰ ਰਹੇ ਹਾਂ।”

ਉਨ੍ਹਾਂ ਦਾ ਇਹ ਵੀ ਹਿਣਾ ਹੈ ਕਿ ਗਰੇਸ ਮਾਰਕਸ ਦੇਣ ਦਾ ਕੰਮ ਗੈਰ-ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਦੋਂ ਪ੍ਰਸ਼ਨ-ਕੁੰਜੀ, ਨਤੀਜੇ ਤੋਂ ਪਹਿਲਾਂ ਛਾਪੀ ਜਾਂਦੀ ਸੀ ਤਾਂ ਸਿਰਫ ਐੱਨਟੀਏ ਜਾਂ ਪੇਪਰ ਲੈ ਰਹੀ ਕੋਈ ਹੋਰ ਸੰਸਥਾ ਹੀ ਸਪਸ਼ਟ ਕਰਦੀ ਸੀ ਕਿ ਕੀ ਪਰਚੇ ਵਿੱਚ ਕਿਸੇ ਸਮੱਸਿਆ ਕਾਰਨ ਵਾਧੂ ਅੰਕ ਦਿੱਤੇ ਜਾ ਰਹੇ ਹਨ ਜਾਂ ਨਹੀਂ।

ਉਨ੍ਹਾਂ ਨੇ ਕਿਹਾ, “ਇਸ ਮਾਮਲੇ ਵਿੱਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਫਿਰ ਹੀ ਉਨ੍ਹਾਂ ਨੇ ਸਪਸ਼ਟੀਕਰਨ ਦਿੱਤਾ।”

ਜਦੋਂ ਨਤੀਜਾ ਐਲਾਨਿਆ ਗਿਆ, ਤਾਂ ਕਈ ਲੋਕਾਂ ਨੇ ਸਵਾਲ ਚੁੱਕਿਆ ਕਿ ਆਖਰ ਕਿਸੇ ਨੂੰ 718 ਨੰਬਰ ਕਿਵੇਂ ਮਿਲ ਸਕਦੇ ਹਨ। ਫਿਰ ਐੱਨਟੀਏ ਨੇ ਇੱਕ ਟਵੀਟ ਵਿੱਚ ਸਪਸ਼ਟ ਕੀਤਾ ਕਿ ਗਰੇਸ ਅੰਕ ਦਿੱਤੇ ਗਏ ਸਨ।

ਨੀਟ ਦਾ ਕਟ ਆਫ ਵੀ ਵੱਡਾ ਹੈ

ਨੀਟ ਇਮਤਿਹਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਤੈਅ ਸਮੇਂ ਉੱਤੇ ਪੇਪਰ ਨਾ ਹੋਣ ਕਾਰਨ ਦਿੱਤੇ ਗਏ ਗਰੇਸ ਅੰਕ ਦੀ ਵਿਧੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕੋਚਿੰਗ ਸੰਸਥਾ ਫਿਜ਼ਿਕਸਵਾਲਾ ਦੇ ਮੋਢੀ ਅਲਖ ਪਾਂਡੇ ਨੇ ਕਿਹਾ ਕਿ ਉਹ ਖ਼ੁਦ ਇੱਕ ਵਿਦਿਆਰਥੀ ਦੀ ਉੱਤਰ ਪੱਤਰੀ ਦੀ ਜਾਂਚ ਕਰ ਚੁੱਕੇ ਹਨ।

ਉਨ੍ਹਾਂ ਨੇ ਦੇਖਿਆ ਕਿ ਵਿਦਿਆਰਥੀ ਨੂੰ ਐੱਨਟੀਏ ਨੇ 85 ਨੰਬਰ ਦਿੱਤੇ ਹਨ। ਬੀਬੀਸੀ ਅਲਖ ਪਾਂਡੇ ਦੀ ਸੁਤੰਤਰ ਪੁਸ਼ਟੀ ਨਹੀਂ ਕਰ ਸਕਦਾ।

ਇੰਨੇ ਜ਼ਿਆਦਾ ਉਮੀਦਵਾਰਾਂ ਨੂੰ ਜ਼ਿਆਦਾ ਅੰਕ ਮਿਲਣ ਕਾਰਨ ਕਟ-ਆਫ ਵੀ ਜ਼ਿਆਦਾ ਹੋ ਗਿਆ ਹੈ।

ਮੋਸ਼ਨ ਐਜੂਕੇਸ਼ਨ ਨਾਮ ਤੋਂ ਇੰਸਟੀਚਿਊਟ ਚਲਾਉਣ ਵਾਲੇ ਵਿਨੀਤ ਵਿਜੇ ਨੇ ਐਕਸ ਉੱਤੇ ਲਿਖਿਆ, “ਇਸ ਵਾਰ ਇੱਕੋ ਜਿਹੇ ਕਟ ਆਫ ਵਾਲੇ ਵਿਦਿਆਰਥੀਆਂ ਦੀ ਸੰਖਿਆ ਤਿੰਨ ਗੁਣਾ ਹੋ ਗਈ ਹੈ। ਇਹ ਅਸੰਭਵ ਹੈ। ਇਸ ਵਾਰ ਦਾ ਪਰਚਾ ਪਿਛਲੇ ਸਾਲ ਨਾਲੋਂ ਸੌਖਾ ਨਹੀਂ ਸੀ। ਚੀਟਿੰਗ ਕੀਤੀ ਗਈ ਹੈ। ਸਾਨੂੰ ਆਪਣੀ ਅਵਾਜ਼ ਚੁੱਕਣੀ ਚਾਹੀਦੀ ਹੈ।”

ਇਸ ਵਿਵਾਦ ਦਾ ਅਸਰ ਵਿਦਿਆਰਥੀਆਂ ਉੱਤੇ ਵੀ ਪਿਆ ਹੈ।

ਦਿੱਲੀ ਦੀ ਅਦਵਿਕਾ ਨੇ ਵੀ ਇਸ ਸਾਲ ਨੀਟ ਦਾ ਇਮਤਿਹਾਨ ਦਿੱਤਾ ਸੀ।

ਅਦਵਿਕਾ ਦਾ ਕਹਿਣਾ ਹੈ, “ਸਾਰਿਆਂ ਦਾ ਇਸ ਇਮਤਿਹਾਨ ਤੋਂ ਭਰੋਸਾ ਚੁੱਕਿਆ ਗਿਆ ਹੈ। ਮੈਂ 600 ਨੰਬਰ ਲਏ ਹਨ। ਮੈਨੂੰ ਉਮੀਦ ਸੀ ਕਿ ਸਕੋਰ ਵਿੱਚ ਮੇਰਾ ਦਰਜਾ 30 ਹਜ਼ਾਰ ਦੇ ਆਸ ਪਾਸ ਹੋਵੇਗਾ। ਲੇਕਿਨ ਮੈਨੂੰ 80 ਰੈਂਕ ਮਿਲਿਆ ਹੈ ਅਤੇ ਇਹ ਕਟ-ਆਫ ਤੋਂ ਕਾਫ਼ੀ ਥੱਲੇ ਹੈ।”

ਅਦਵਿਕਾ ਦਾ ਕਹਿਣਾ ਹੈ ਕਿ ਜੇ ਕੋਈ ਦੂਜਾ ਸਾਲ ਹੁੰਦਾ ਤਾਂ ਉਹ ਕਿਸੇ ਕਾਲਜ ਵਿੱਚ ਦਾਖ਼ਲਾ ਮਿਲ ਜਾਂਦਾ ਪਰ ਇਸ ਸਾਲ ਇਹ ਨਹੀਂ ਹੋ ਸਕਦਾ।

ਤੈਅ ਸਮੇਂ ਉੱਤੇ ਪੇਪਰ ਨਾ ਹੋਣ ਕਾਰਨ ਦਿੱਤੇ ਗਏ ਗਰੇਸ ਅੰਕ ਦੀ ਵਿਧੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ।

ਮਹੇਸ਼ਵਰੀ ਪੇਰੀ ਦਾ ਕਹਿਣਾ ਹੈ, “ਤੁਸੀਂ ਪੇਪਰ ਇੱਕ ਘੰਟਾ ਦੇਰੀ ਨਾਲ ਸ਼ੁਰੂ ਕਰਵਾਉਣ ਉੱਤੇ ਮੈਨੂੰ 100 ਅੰਕ ਦਿੰਦੇ ਹੋ ਕਿਉਂਕਿ ਸਹੀ ਸਮੇਂ ਉੱਤੇ ਪੇਪਰ ਮਿਲਦਾ ਤਾਂ ਮੈਂ ਇਹ ਅੰਕ ਹਾਸਲ ਕਰ ਸਕਦਾ ਸੀ। ਲੇਕਿਨ ਵਾਧੂ ਸਮੇਂ ਵਿੱਚ ਮੈਂ ਉਨ੍ਹਾਂ ਵਿੱਚੋਂ ਕਈ ਸਵਾਲ ਗਲਤ ਕਰ ਸਕਦਾ ਸੀ।”

ਨੀਟ ਇਮਤਿਹਾਨ ਮੁੜ ਕਰਵਾਉਣ ਦੀ ਮੰਗ

ਨੀਟ ਇਮਤਿਹਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਈ ਵਿਦਿਆਰਥੀਆਂ ਦੀ ਮੰਗ ਹੈ ਕਿ ਇਮਤਿਹਾਨ ਦੋਬਾਰਾ ਹੋਣਾ ਚਾਹੀਦਾ ਹੈ।

ਕਈ ਵਿਦਿਆਰਥੀਆਂ ਦੀ ਮੰਗ ਹੈ ਕਿ ਇਮਤਿਹਾਨ ਦੋਬਾਰਾ ਹੋਣਾ ਚਾਹੀਦਾ ਹੈ।

ਅਦਵਿਕਾ ਕਹਿੰਦੇ ਹਨ, “ਮੈਂ ਚਾਹੁੰਦੀ ਹਾਂ ਕਿ ਇਮਤਿਹਾਨ ਦੋਬਾਰਾ ਹੋਵੇ। ਹੁਣ ਟਾਪ ਕਰ ਵਾਲੇ ਅੱਠ ਵਿਦਿਆਰਥੀ ਇੱਕ ਹੀ ਸੈਂਟਰ ਵਿੱਚ ਹੋਣ ਤਾਂ ਗੜਬੜ ਲੱਗਣਾ ਲਾਜ਼ਮੀ ਹੈ।”

ਇਮਤਿਹਾਨ ਦੋਬਾਰਾ ਕਰਵਾਏ ਜਾਣ ਦੀਆਂ ਅਰਜ਼ੀਆਂ ਸੁਪਰੀਮ ਕੋਰਟ ਵਿੱਚ ਲਾਈਆਂ ਗਈਆਂ ਹਨ।

17 ਮਈ ਨੂੰ ਅਦਾਲਤ ਨੇ ਅਜਿਹੀ ਹੀ ਇੱਕ ਅਰਜ਼ੀ ਉੱਤੇ ਨੋਟਿਸ ਜਾਰੀ ਕੀਤਾ ਸੀ ਪਰ ਅਦਾਲਤ ਨੇ ਕਿਹਾ ਸੀ ਕਿ ਇਸਦੀ ਸੁਣਵਾਈ ਛੁੱਟੀਆਂ ਤੋਂ ਬਾਅਦ ਹੋਵੇਗੀ।

ਉਸ ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਪਰਚਾ ਲੀਕ ਹੋਣ ਕਾਰਨ ਕਈ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਬਰਾਬਰੀ ਦਾ ਮੌਕਾ ਨਹੀਂ ਮਿਲਿਆ ਹੈ।

ਅਰਜ਼ੀ ਵਿੱਚ ਮੰਗ ਕੀਤੀ ਗਈ ਸੀ ਕਿ ਹਰ ਸੂਬੇ ਵਿੱਚ ਪਰਚਾ ਲੀਕ ਹੋਣ ਦੀ ਜਾਂਚ ਟੀਮ ਬਣਾਈ ਜਾਣੀ ਚਾਹੀਦੀ ਹੈ।

ਇਹ ਮੁੱਦਾ ਸਿਆਸੀ ਰੰਗ ਵੀ ਧਾਰਨ ਕਰ ਰਿਹਾ ਹੈ। ਸੱਤ ਜੂਨ ਨੂੰ ਕਾਂਗਰਸ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਮੰਗ ਕੀਤੀ ਕਿ ਨੀਟ ਇਮਤਿਹਾਨ ਦੀਆਂ ਬੇਕਾਇਦਗੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।