ਲੋਕ ਸਭਾ ਚੋਣਾਂ: ਅਯੁੱਧਿਆ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਕਿਉਂ ਦੇਖਣਾ ਪਿਆ - ਗਰਾਊਂਡ ਰਿਪੋਰਟ

ਅਯੁੱਧਿਆ
ਤਸਵੀਰ ਕੈਪਸ਼ਨ, ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਨੇ ਸਾਲ 2014 ਤੋਂ ਲਗਾਤਾਰ ਸੰਸਦ ਮੈਂਬਰ ਰਹੇ ਭਾਜਪਾ ਦੇ ਲੱਲੂ ਸਿੰਘ ਨੂੰ ਤਕਰੀਬਨ 40 ਹਜ਼ਾਰ ਵੋਟਾਂ ਨਾਲ ਮਾਤ ਦਿੱਤੀ ਹੈ।
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਅਯੁੱਧਿਆ ਤੋਂ

ਭਗਵੇਂ ਅਤੇ ਰਾਮ ਦੇ ਰੰਗ ਵਿੱਚ ਰੰਗੀ ਅਯੁੱਧਿਆ ਦੀਆਂ ਚੌੜੀਆਂ- ਸੋਹਣੀਆਂ ਸੜਕਾਂ ਇਸ ਸ਼ਹਿਰ ਵਿੱਚ ਤੁਹਾਡਾ ਸਵਾਗਤ ਕਰਦੀਆਂ ਹਨ।

ਭਗਵੇਂ ਰੰਗ ਵਿੱਚ ਰੰਗੀਆਂ ਇਮਾਰਤਾਂ, ਕੰਧਾਂ ਉੱਤੇ ਰਾਮਾਇਣ ਦੇ ਦ੍ਰਿਸ਼ ਅਤੇ ਕਈ ਥਾਵਾਂ ’ਤੇ ਜਾਰੀ ਵਿਕਾਸ ਕਾਰਜ...।

ਅਯੁੱਧਿਆ ’ਚ ਦਾਖਲ ਹੁੰਦਿਆਂ ਹੀ ਮਨ ਅੰਦਰ ਸਵਾਲ ਉੱਠਦਾ ਹੈ ਕਿ ਰਾਮ ਮੰਦਰ ਬਣਾਉਣ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿੱਚ ਇੱਥੋਂ ਕਿਵੇਂ ਹਾਰ ਸਕਦੀ ਹੈ ?

ਇਸ ਸਵਾਲ ਦਾ ਜਵਾਬ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਮਿਲ ਜਾਂਦਾ ਹੈ।

ਲਤਾ ਮੰਗੇਸ਼ਕਰ ਚੌਂਕ ਵਿੱਚ ਇੱਕ ਵਿਸ਼ਾਲ ਵੀਣਾ ਰੱਖੀ ਗਈ ਹੈ। ਚਾਰੇ ਪਾਸੇ ਲਾਈਟਾਂ ਹਨ। ਟ੍ਰੈਫਿਕ ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਜ਼ਦੀਕ ਹੀ ਪਾਰਕ ਵਿੱਚ ਸ਼ਰਧਾਲੂ ਔਰਤਾਂ ਕੱਪੜੇ ਸੁੱਕਣੇ ਪਾ ਰਹੀਆਂ ਹਨ।

ਭਾਜਪਾ ਦੀ ਹਾਰ

ਨੇੜਲੇ ਜ਼ਿਲ੍ਹਿਆਂ ਤੋਂ ਆਏ ਇਹ ਲੋਕ ਹੋਟਲ ਲੈਣ ਵਿੱਚ ਆਰਥਿਕ ਪੱਖ ਤੋਂ ਅਸਮਰੱਥ ਹਨ। ਪਰ ਬਿਨਾਂ ਸਿਰ ’ਤੇ ਛੱਤ ਭਾਵ ਖੁੱਲ੍ਹੇ ਆਸਾਮਨ ਹੇਠ ਠਹਿਰ ਕੇ ਵੀ ਇਹ ਬਹੁਤ ਖੁਸ਼ ਹਨ, ਕਿਉਂਕਿ ਉਨ੍ਹਾਂ ਨੇ ਭਗਵਾਨ ਰਾਮ ਦੇ ਦਰਸ਼ਨ ਕਰ ਲਏ ਹਨ।

ਚੌਂਕ ਤੋਂ ਫੈਜ਼ਾਬਾਦ ਵੱਲ ਜਾਣ ਵਾਲੀ ਨਵੀਂ ਬਣੀ ਸੜਕ ਨੂੰ ਵੀ ਬਹੁਤ ਸਜਾਇਆ ਗਿਆ ਹੈ। ਚੌੜੇ ਸਾਫ ਫੁੱਟਪਾਥ ਨਵੀਆਂ ਲਾਈਆਂ ਲਾਈਟਾਂ ਨਾਲ ਚਮਕ ਰਹੇ ਹਨ। ਕਿਤੇ-ਕਿਤੇ ਕੰਧਾਂ ਉੱਤੇ ਰਾਮਾਇਣ ਦੀਆਂ ਝਾਕੀਆਂ ਉਕੇਰੀਆਂ ਗਈਆਂ ਹਨ।

ਇੱਥੇ ਇੱਕ ਚਾਹ ਦੀ ਦੁਕਾਨ ਉੱਤੇ ਬੈਠੇ ਰਿਤਿਕ ਸਿੰਘ ਅਯੁੱਧਿਆ ਵਿੱਚ ਭਾਜਪਾ ਦੀ ਹਾਰ ਤੋਂ ਬਹੁਤ ਨਿਰਾਸ਼ ਹਨ।

ਉਨ੍ਹਾਂ ਦਾ ਕਹਿਣਾ ਹੈ, “ ਭਾਜਪਾ ਦੀ ਹਾਰ ਦੀ ਖ਼ਬਰ ਸੁਣ ਕੇ ਲੱਗਿਆ ਕਿ ਮਰ ਹੀ ਜਾਵਾਂ, ਪਰ ਮੈਂ ਪਰਿਵਾਰ ਦਾ ਇਕਲੌਤਾ ਪੁੱਤਰ ਹਾਂ, ਮਰ ਵੀ ਨਹੀਂ ਸਕਦਾ, ਪਰ ਮੈਨੂੰ ਅਫਸੋਸ ਬਹੁਤ ਹੈ। ਕਿਸੇ ਨਾਲ ਆਪਣਾ ਦੁੱਖ ਸਾਂਝਾ ਵੀ ਨਹੀਂ ਕਰ ਸਕਦੇ।”

ਲਤਾ ਮੰਗੇਸ਼ਕਰ ਚੌਂਕ
ਤਸਵੀਰ ਕੈਪਸ਼ਨ, ਲਤਾ ਮੰਗੇਸ਼ਕਰ ਚੌਂਕ

ਰਿਤਿਕ ਅਜੇ ਆਪਣੀ ਗੱਲ ਪੂਰੀ ਕਰ ਹੀ ਰਹੇ ਸੀ ਕਿ ਉਨ੍ਹਾਂ ਦੇ ਕੋਲ ਬੈਠੇ ਸੱਤਿਅਮ ਤ੍ਰਿਪਾਠੀ ਬੋਲ ਪਏ, “ਕਿਹੜੀ ਗੱਲ ਦਾ ਦੁੱਖ ਹੈ, ਮੈਨੂੰ ਤਾਂ ਬਹੁਤ ਖੁਸ਼ੀ ਹੈ। ਇਹ ਅਯੁੱਧਿਆ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦਾ ਹੀ ਨਤੀਜਾ ਹੈ।”

ਸੱਤਿਅਮ ਤ੍ਰਿਪਾਠੀ ਅੱਗੇ ਕਹਿੰਦੇ ਹਨ, “ਲੋਕਾਂ ਨੂੰ ਉਜਾੜ ਦਿੱਤਾ ਗਿਆ, ਦੁਕਾਨਾਂ ਤੋੜ ਦਿੱਤੀਆਂ ਗਈਆਂ। ਨਾ ਹੀ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਮੁੜ ਵਸੇਬਾ ਕੀਤਾ ਗਿਆ। ਭਾਜਪਾ ਆਗੂਆਂ ਨੂੰ ਬਹੁਤ ਹੰਕਾਰ ਹੋ ਗਿਆ ਸੀ ਕਿ ਉਹ ਕੁਝ ਵੀ ਕਰ ਲੈਣ ਪਰ ਇੱਥੋਂ ਦੇ ਲੋਕ ਚੁੱਪ ਰਹਿਣਗੇ।”

ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਨੇ ਸਾਲ 2014 ਤੋਂ ਲਗਾਤਾਰ ਸੰਸਦ ਮੈਂਬਰ ਰਹੇ ਭਾਜਪਾ ਦੇ ਲੱਲੂ ਸਿੰਘ ਨੂੰ ਤਕਰੀਬਨ 40 ਹਜ਼ਾਰ ਵੋਟਾਂ ਨਾਲ ਮਾਤ ਦਿੱਤੀ ਹੈ।

22 ਜਨਵਰੀ ਨੂੰ ਜਦੋਂ ਅਯੁੱਧਿਆ ਦੇ ਨਿਰਮਾਣ ਅਧੀਨ ਰਾਮ ਮੰਦਰ ’ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਸੀ ਤਾਂ ਉਸ ਸਮੇਂ ਇਸ ਪ੍ਰੋਗਰਾਮ ਦਾ ਟੀਵੀ ਉੱਤੇ ਲਗਾਤਾਰ ਸਿੱਧਾ ਦਿਖਾਇਆ ਗਿਆ ਸੀ। ਪੂਰੇ ਦੇਸ ਵਿੱਚ ਜੈ ਸ਼੍ਰੀ ਰਾਮ ਨਾਮ ਦੇ ਭਗਵੇਂ ਝੰਡੇ ਲਾਏ ਗਏ ਸਨ।

ਸੰਵਿਧਾਨ ਬਦਲਣ ਬਾਰੇ ਬਿਆਨ

ਇਸ ਡਿਵੀਜ਼ਨ ਦੀਆ ਸਾਰੀਆਂ ਪੰਜੇ ਲੋਕ ਸਭਾ ਸੀਟਾਂ ਉੱਤੇ ਕੇਂਦਰ ਅਤੇ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਹੈ।

ਲੋਕਾਂ ਨਾਲ ਗੱਲਬਾਤ ਕਰਕੇ ਭਾਜਪਾ ਦੀ ਇਸ ਹਾਰ ਦੇ ਕੁਝ ਕਾਰਨਾਂ ਨੂੰ ਸਮਝਿਆ ਜਾ ਸਕਦਾ ਹੈ।

ਜਿਵੇਂ ਕਿ ਜ਼ਿਆਦਾਤਰ ਲੋਕ ਇਹ ਦਾਅਵਾ ਕਰਦੇ ਹਨ ਕਿ ਫੈਜ਼ਾਬਾਦ (ਅਯੁੱਧਿਆ) ਤੋਂ ਭਾਜਪਾ ਦੇ ਉਮੀਦਵਾਰ ਲੱਲੂ ਸਿੰਘ ਨੇ ਵੋਟਿੰਗ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਜੇਤੂ ਮੰਨ ਲਿਆ ਸੀ। ਜ਼ਿਆਦਾ ਵਿਸ਼ਵਾਸ ਦੇ ਕਾਰਨ ਉਹ ਵੋਟਾਂ ਮੰਗਣ ਲਈ ਬਾਹਰ ਹੀ ਨਹੀਂ ਨਿਕਲੇ।

ਭਾਜਪਾ ਨੂੰ 400 ਤੋਂ ਪਾਰ ਸੀਟਾਂ ਮਿਲਣ ਮਗਰੋਂ ਸੰਵਿਧਾਨ ਵਿੱਚ ਬਦਲਾਅ ਸਬੰਧੀ ਉਨ੍ਹਾਂ ਦੇ ਬਿਆਨ ਨੇ ਪਿਛੜੀ ਅਤੇ ਦਲਿਤ ਆਬਾਦੀ ਦਾ ਇੰਡੀਆ ਗੱਠਬੰਧਨ ਦੇ ਹੱਕ ਵਿੱਚ ਧਰੁਵੀਕਰਨ ਕੀਤਾ।

ਦਲਿਤਾਂ ਅਤੇ ਪਿਛੜੇ ਵਰਗ ਨੂੰ ਲੱਗਿਆ ਕਿ ਸੰਵਿਧਾਨ ਖ਼ਤਰੇ ਵਿੱਚ ਹੈ।

ਇੱਥੋਂ ਦੀ ਇੱਕ ਵੱਡੀ ਆਬਾਦੀ ਆਪਣੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਉੱਤੇ ਵੀ ਨਾਰਾਜ਼ ਹੈ।

ਅਯੁੱਧਿਆ ਵਿੱਚ ਹੁਣ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਆ ਰਹੇ ਹਨ। ਇੱਥੇ ਕਾਰੋਬਾਰ ਵਧਿਆ ਹੈ। ਬਹੁਤ ਸਾਰੇ ਲੋਕ ਹੈਰਾਨ ਹਨ ਕਿ ਇੰਨਾ ਵਿਕਾਸ ਹੋਣ ਦੇ ਬਾਵਜੂਦ ਵੀ ਭਾਜਪਾ ਹਾਰ ਕਿਵੇਂ ਗਈ ਹੈ।

ਸਰਯੂ ਨਦੀ
ਤਸਵੀਰ ਕੈਪਸ਼ਨ, ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਹੀ ਅਯੁੱਧਿਆ ਦੇਸ ਭਰ ਦੇ ਹਿੰਦੂਆਂ ਲਈ ਸ਼ਰਧਾ ਦਾ ਕੇਂਦਰ ਬਣ ਗਿਆ ਹੈ।

ਲਤਾ ਮੰਗੇਸ਼ਕਰ ਚੌਂਕ ਉੱਤੇ ਸ਼ਰਧਾਲੂਆਂ ਦੀਆਂ ਫੋਟੋਆਂ ਖਿੱਚਣ ਦਾ ਕੰਮ ਕਰਨ ਵਾਲੇ ਸੰਦੀਪ ਯਾਦਵ ਦਾ ਕਹਿਣਾ ਹੈ, “ਪੂਰਾ ਮਾਹੌਲ ਭਗਵਾ ਸੀ ਅਤੇ ਚਾਰੇ ਪਾਸੇ ਭਾਜਪਾ ਦਾ ਹੀ ਰੌਲਾ ਸੀ, ਪਰ ਫਿਰ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਭਾਜਪਾ ਹਾਰ ਕਿਵੇਂ ਗਈ ਹੈ।”

ਸੰਦੀਪ ਯਾਦਵ ਅੱਗੇ ਕਹਿੰਦੇ ਹਨ, "ਪਹਿਲਾਂ ਅਸੀਂ ਬੇਰੁਜ਼ਗਾਰ ਸੀ, ਫਿਰ ਇਹ ਸਰਕਾਰ ਆਈ, ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਇਆ। ਹੁਣ ਮੈਂ ਫੋਟੋਆਂ ਖਿੱਚਣ ਦਾ ਕੰਮ ਕਰਨ ਤੋਂ ਇਲਾਵਾ ਟਰੈਵਲ ਏਜੰਸੀ ਵੀ ਚਲਾਉਂਦਾ ਹਾਂ। ਇੱਕ ਮਹੀਨੇ ਵਿੱਚ ਆਸਾਨੀ ਨਾਲ 50 ਹਜ਼ਾਰ ਰੁਪਏ ਤੋਂ ਵੱਧ ਹੀ ਕਮਾ ਲੈਂਦੇ ਹਾਂ। ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕੰਮ ਮਿਲਿਆ ਹੈ। ਹਰ ਪਾਸੇ ਵਿਕਾਸ ਹੀ ਵਿਕਾਸ ਹੈ, ਪਰ ਇੰਨਾ ਕੰਮ ਕਰਵਾਉਣ ਦੇ ਬਾਵਜੂਦ ਵੀ ਭਾਜਪਾ ਨੂੰ ਹਾਰ ਗਈ।”

ਸਰਕਾਰ ਦਾ ਕੰਮ ਤਾਂ ਨਜ਼ਰ ਆ ਰਿਹਾ ਹੈ ਪਰ ਨਾਲ ਹੀ ਇੱਥੋਂ ਉਜਾੜੇ ਗਏ ਲੋਕ ਨਾਰਾਜ਼ ਵੀ ਹਨ।

ਇੱਕ ਹਿੰਦੂਵਾਦੀ ਮਹੰਤ ਦਾ ਕਹਿੰਦੇ ਹਨ, “ਜੇਕਰ ਮੀਡੀਆ ਇੱਥੋਂ ਦੇ ਲੋਕਾਂ ਦੇ ਮੁੱਦਿਆ ਨੂੰ ਤਰਜੀਹ ਦਿੰਦਾ ਤਾਂ ਸ਼ਾਇਦ ਉਨ੍ਹਾਂ ਮੁੱਦਿਆ ਚਰਚਾ ਹੁੰਦੀ ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ, ਲੇਕਿਨ ਟੀਵੀ ਉੱਤੇ ਤਾਂ ਸਿਰਫ ਇਹ ਵਿਖਾਇਆ ਜਾਂਦਾ ਰਿਹਾ ਕਿ ਭਾਜਪਾ ਭਗਵਾਨ ਰਾਮ ਨੂੰ ਲੈ ਕੇ ਆਈ ਹੈ। ਅਯੁੱਧਿਆ ਵਾਸੀਆਂ ਦੇ ਅਸਲ ਮੁੱਦੇ ਕੀ ਹਨ, ਇਨ੍ਹਾਂ ਬਾਰੇ ਤਾਂ ਚਰਚਾ ਹੀ ਨਹੀਂ ਹੋਈ।”

ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਹੀ ਅਯੁੱਧਿਆ ਦੇਸ ਭਰ ਦੇ ਹਿੰਦੂਆਂ ਲਈ ਸ਼ਰਧਾ ਦਾ ਕੇਂਦਰ ਬਣ ਗਿਆ ਹੈ।

ਹੁਣ ਇੱਥੇ ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਇੱਥੋਂ ਦੇ ਪ੍ਰਬੰਧਾਂ ਨੂੰ ਸੰਭਾਲਣਾ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਭਾਜਪਾ ਦੇ ਸਮਰਥਕ ਅਤੇ ਵੋਟਰ ਐੱਮਕੇ ਮਿਸ਼ਰਾ ਦਾ ਕਹਿਣਾ ਹੈ, “ਅਯੁੱਧਿਆ ਵਾਸੀ ਰਾਮ ਮੰਦਰ ਬਣਨ ਤੋਂ ਬਹੁਤ ਖੁਸ਼ ਸਨ, ਸਾਰਿਆਂ ਨੇ ਦੀਵਾ ਜਗਾਇਆ ਸੀ। ਜਦੋਂ ਵਿਸਥਾਰ ਦਾ ਕੰਮ ਸ਼ੁਰੂ ਹੋਇਆ ਤਾਂ ਉਦੋਂ ਵੀ ਬਹੁਤ ਵਧੀਆ ਲੱਗਿਆ। ਲੇਕਿਨ ਸਰਕਾਰ ਨੇ ਆਪਣੀ ਮਨਮਾਨੀ ਕੀਤੀ ਅਤੇ ਕਿਸੇ ਦੀ ਨਹੀਂ ਸੁਣੀ। ਲੋਕਾਂ ਦੀਆ ਦੁਕਾਨਾਂ ਲੈ ਲਈਆਂ ਗਈਆਂ ਪਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ। ਲੋਕਾਂ ਨੂੰ ਬਿਨਾਂ ਕੋਈ ਪ੍ਰਬੰਧ ਕੀਤਿਆਂ ਹੀ ਚੁੱਕ ਕੇ ਸੁੱਟ ਦਿੱਤਾ। ਇਸ ਕਰਕੇ ਹੀ ਲੋਕਾਂ ਵਿੱਚ ਗੁੱਸਾ ਸੀ ਅਤੇ ਜਦੋਂ ਉਨ੍ਹਾਂ ਨੇ ਇਹ ਦਿਖਾਇਆ ਤਾਂ ਉਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ।”

ਥਾਂ-ਥਾਂ ਪੁਲਿਸ ਦੇ ਬੈਰੀਕੇਡ

ਅਯੁੱਧਿਆ ਵਿੱਚ ਸੁਰੱਖਿਆ ਲਈ ਥਾਂ-ਥਾਂ ਉੱਤੇ ਪੁਲਿਸ ਦੇ ਬੈਰੀਕੇਡ ਹਨ। ਸ਼ਹਿਰ ਵਿੱਚ ਆਉਣ-ਜਾਣ ਲਈ ਪਾਸ ਜਾਰੀ ਕੀਤੇ ਜਾ ਰਹੇ ਹਨ। ਲੇਕਿਨ ਸਥਾਨਕ ਲੋਕਾਂ ਦੀ ਸ਼ਿਕਾਇਤ ਹੈ ਕਿ ਇਨ੍ਹਾਂ ਬੈਰੀਕੇਡਾਂ ਦੇ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਿਸ਼ਰਾ ਕਹਿੰਦੇ ਹਨ, “ਵੀਆਈਪੀ ਨੇ ਸ਼ਾਮ 7 ਵਜੇ ਆਉਣਾ ਹੁੰਦਾ ਹੈ ਪਰ ਪੁਲਿਸ ਦੁਪਹਿਰ ਦੇ 12 ਵਜੇ ਹੀ ਬੈਰੀਕੇਡ ਲਗਾ ਦਿੰਦੀ ਹੈ। ਬੱਚਿਆਂ ਨੂੰ ਅਸੀਂ ਸਕੂਲੋਂ ਵੀ ਨਹੀਂ ਲਿਆ ਸਕਦੇ। ਘਰ ਸਾਹਮਣੇ ਹੈ ਪਰ ਸਾਨੂੰ ਚਾਰ ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ। ਜਦੋਂ ਇਹ ਸਮੱਸਿਆ ਸਥਾਨਕ ਵਿਧਾਇਕ ਅਤੇ ਸੰਸਦ ਮੈਂਬਰ ਨੂੰ ਦੱਸੀ ਤਾਂ ਉਨ੍ਹਾਂ ਨੇ ਅਣਸੁਣੀ ਕਰ ਦਿੱਤੀ। ਆਗੂਆਂ ਨੂੰ ਲੱਗ ਰਿਹਾ ਸੀ ਕਿ ਲੋਕਾਂ ਵਿੱਚ ਜਾਏ ਬਿਨਾਂ ਸਿਰਫ ਪੀਐੱਮ ਮੋਦੀ ਦੇ ਚਿਹਰੇ ਉੱਤੇ ਜਿੱਤ ਜਾਵਾਂਗੇ। ਇੱਥੇ ਅਯੁੱਧਿਆ ਵਾਲਿਆਂ ਤੋਂ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ।”

ਸਰਯੂ ਦੇ ਕਿਨਾਰੇ ਨੂੰ ਲਤਾ ਮੰਗੇਸ਼ਕਰ ਚੌਂਕ ਤੋਂ ਹੁੰਦੇ ਹੋਏ ਰਾਮ ਮੰਦਰ ਨਾਲ ਜੋੜਨ ਵਾਲੇ ਰਾਮ ਪਥ ਨੂੰ ਚੌੜਾ ਕਰ ਦਿੱਤਾ ਗਿਆ ਹੈ।

ਦੋਵੇਂ ਪਾਸੇ ਦੁਕਾਨਾਂ ਭਗਵੇਂ ਰੰਗ ਵਿੱਚ ਰੰਗੀਆਂ ਹੋਈਆਂ ਹਨ। ਇੱਥੇ ਆਉਣ ਵਾਲੇ ਸ਼ਰਧਾਲੂ ਆਸਾਨੀ ਨਾਲ ਰਾਮ ਮੰਦਰ ਤੱਕ ਜਾ ਸਕਦੇ ਹਨ। ਸੜਕ ਕਿਨਾਰੇ ਫੁੱਟਪਾਥ ਵੀ ਬਣਾਇਆ ਗਿਆ ਹੈ।

ਸੜਕ ਚੌੜੀ ਕਰਨ ਲਈ ਸੈਂਕੜੇ ਹੀ ਦੁਕਾਨਾਂ ਨੂੰ ਤੋੜਨਾ ਪਿਆ। ਕੁਝ ਤਾਂ ਪੂਰੀ ਤਰ੍ਹਾਂ ਨਾਲ ਸੜਕ ਵਿੱਚ ਆ ਗਈਆਂ ਅਤੇ ਕੁਝ ਦਾਂ ਸਿਰਫ ਕੁਝ ਕੁ ਫੁੱਟ ਦੀਆਂ ਹੀ ਰਹਿ ਗਈਆਂ ਹਨ।

ਸਰਯੂ ਨਦੀ
ਤਸਵੀਰ ਕੈਪਸ਼ਨ, ਸੈਂਕੜੇ ਹੀ ਲੋਕ ਹਨ ਜਿਨ੍ਹਾਂ ਦੇ ਘਰ ਅਤੇ ਦੁਕਾਨਾਂ ਸੜਕ ਚੌੜੀ ਕੀਤੇ ਜਾਣ ਦੀ ਭੇਂਟ ਚੜੀਆਂ ਹਨ।

ਇਸ ਰਸਤੇ ਦੇ ਜ਼ਿਆਦਾਤਰ ਦੁਕਾਨਦਾਰਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਸੀ। ਇੱਥੇ ਜ਼ਿਆਦਾਤਰ ਜਾਇਦਾਦਾਂ ਮੰਦਰਾਂ ਅਤੇ ਮਹੰਤਾਂ ਕੋਲ ਹਨ।

ਪਰ ਕਈ ਪਰਿਵਾਰ ਇੱਥੇ ਪੀੜ੍ਹੀਆਂ ਤੋਂ, ਕੁਝ ਤਾਂ 70 ਤੋਂ ਵੀ ਜ਼ਿਆਦਾ ਸਾਲਾਂ ਤੋਂ ਇੱਥੇ ਕਿਰਾਏਦਾਰ ਸਨ। ਸਮੇਂ ਦੇ ਨਾਲ ਕੁਝ ਦਾ ਜ਼ਮੀਨ ਉੱਤੇ ਕਬਜ਼ਾ ਹੋ ਗਿਆ ਸੀ।

ਜਦੋਂ ਸੜਕ ਚੌੜੀ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਇਦਾਦ ਦੀ ਮਾਲਕੀ ਦੇ ਦਸਤਾਵੇਜ਼ ਨਹੀਂ ਦਿਖਾ ਸਕੇ ਅਤੇ ਇਸੇ ਕਰਕੇ ਹੀ ਜ਼ਿਆਦਾਤਰ ਨੂੰ ਮਾਰਕਿਟ ਰੇਟ ’ਤੇ ਮੁਆਵਜ਼ਾ ਨਹੀਂ ਮਿਲ ਸਕਿਆ।

ਅਜਿਹੇ ਹੀ ਇੱਕ ਦੁਕਾਨਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਆਪਣਾ ਦੁੱਖ ਫਰੋਲਿਆ,“ ਸਾਡੀ ਪੂਰੀ ਦੁਕਾਨ ਚਲੀ ਗਈ ਅਤੇ ਮੁਆਵਜ਼ਾ ਮਿਲਿਆ ਸਿਰਫ ਡੇਢ ਲੱਖ। ਹੁਣ ਜਦੋਂ ਨਵੀਂ ਦੁਕਾਨ ਕਿਰਾਏ ’ਤੇ ਲਈ ਤਾਂ ਉਸ ਦੀ ਪਗੜੀ ਹੀ 20 ਲੱਖ ਤੋਂ ਜ਼ਿਆਦਾ ਹੈ। ਉਹ ਦੁਕਾਨ ਸਾਡੇ ਕੋਲ ਤਿੰਨ ਪੀੜ੍ਹੀਆਂ ਤੋਂ ਸੀ, ਹੁਣ ਅਸੀਂ ਸੜਕ ਉੱਤੇ ਆ ਗਏ ਹਾਂ। ਸਾਰੀ ਉਮਰ ਭਾਜਪਾ ਦਾ ਸਾਥ ਦਿੱਤਾ, ਪਰ ਕਦੇ ਸੋਚਿਆ ਨਹੀਂ ਸੀ ਕਿ ਅਯੁੱਧਿਆ ਵਿੱਚ ਰਾਮ ਆਉਣਗੇ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ।”

ਸੈਂਕੜੇ ਹੀ ਲੋਕ ਹਨ ਜਿਨ੍ਹਾਂ ਦੇ ਘਰ ਅਤੇ ਦੁਕਾਨਾਂ ਸੜਕ ਚੌੜੀ ਕੀਤੇ ਜਾਣ ਦੀ ਭੇਂਟ ਚੜੀਆਂ ਹਨ, ਸਾਰਿਆਂ ਦੀ ਇਹੋ-ਜਿਹੀ ਹੀ ਕਹਾਣੀ ਹੈ।

ਸੋਸ਼ਲ ਮੀਡੀਆ ’ਤੇ...

ਅਯੁੱਧਿਆ ਦਾ ਇੱਕ ਵੱਡਾ ਹਿੱਸਾ ਸਰਯੂ ਦੇ ਕੰਢੇ ਵਸਿਆ ਹੋਇਆ ਹੈ। ਇੱਥੇ ਦਹਾਕਿਆਂ ਤੋਂ ਅਬਾਦੀ ਵਸ ਰਹੀ ਹੈ।

ਪਿਛਲੇ ਕੁਝ ਮਹੀਨਿਆਂ ਤੋਂ ਇੱਥੋਂ ਦੇ ਲੋਕਾਂ ਨੂੰ ਨੋਟਿਸ ਮਿਲ ਰਹੇ ਹਨ ਕਿ ਉਨ੍ਹਾਂ ਦੇ ਘਰ ਸਰਯੂ ਦੇ ਰੀਵਰਬੈੱਡ ਉੱਤੇ ਬਣੇ ਹੋਏ ਹਨ।

ਕਈ ਲੋਕ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੋਟਿਸ ਮਿਲੇ ਹਨ, ਉਨ੍ਹਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ, “ ਡਰ ਲੱਗਿਆ ਰਹਿੰਦਾ ਹੈ ਕਿ ਕਦੋਂ ਬੁਲਡੋਜ਼ਰ ਆਵੇਗਾ ਅਤੇ ਸਾਡੇ ਸਿਰ ਦੀ ਛੱਤ ਚਲੀ ਜਾਵੇਗੀ। ਸਾਨੂੰ ਹਟਾਉਣ ਦੀ ਤਾਂ ਗੱਲ ਹੋ ਰਹੀ ਹੈ ਪਰ ਸਾਨੂੰ ਕਿੱਥੇ ਵਸਾਇਆ ਜਾਵੇਗਾ , ਇਸ ਦੀ ਕੋਈ ਚਰਚਾ ਨਹੀਂ ਹੈ।”

ਫੈਜ਼ਾਬਾਦ ਲੋਕ ਸਭਾ ਹਲਕੇ ਵਿੱਚ 5 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ 4 ਉੱਤੇ ਭਾਜਪਾ ਨੂੰ ਹਾਰ ਮਿਲੀ ਹੈ ਅਤੇ ਅਯੁੱਧਿਆ ਵਿੱਚ ਲੱਲੂ ਸਿੰਘ ਨੂੰ ਸਮਾਜਵਾਦੀ ਪਾਰਟੀ ਦੇ ਜੇਤੂ ਉਮੀਦਵਾਰ ਤੋਂ ਕਰੀਬ 4 ਹਜ਼ਾਰ ਵੋਟਾਂ ਜ਼ਿਆਦਾ ਪਈਆਂ ਹਨ।

ਫੈਜ਼ਾਬਾਦ ਲੋਕ ਸਭਾ ਉੱਤੇ ਭਾਜਪਾ ਦੀ ਹਾਰ ਤੋਂ ਬਾਅਦ ਅਯੁੱਧਿਆ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਹਿੰਦੂਤਵੀਆਂ ਦੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇੱਥੋਂ ਦੇ ਲੋਕ ਅਜਿਹੇ ਸੰਦੇਸ਼ਾਂ ਤੋਂ ਦੁਖੀ ਹਨ।

ਰਾਜਾ ਸ਼ਰਮਾ ਇੱਕ ਭਜਨ ਗਾਇਕ ਹਨ। ਉਨ੍ਹਾਂ ਦਾ ਕਹਿਣਾ ਹੈ, “ ਮੈਂ ਸ਼੍ਰੀ ਰਾਮ, ਮੋਦੀ ਅਤੇ ਯੋਗੀ ਦੀ ਮਹਿਮਾ ਵਿੱਚ ਸੈਂਕੜੇ ਹੀ ਭਜਨ ਗਾਏ ਹਨ। ਹੁਣ ਭਾਜਪਾ ਦੀ ਹਾਰ ਤੋਂ ਬਾਅਦ ਲੋਕ ਅਯੁੱਧਿਆ ਵਾਸੀਆਂ ਉੱਤੇ ਟਿੱਪਣੀ ਕਰ ਰਹੇ ਹਨ, ਜੋ ਗਲਤ ਹੈ। ਕਦੇ ਸੋਚਿਆ ਵੀ ਨਹੀਂ ਸੀ ਕਿ ਰਾਮ ਦਾ ਨਾਮ ਲੈਣ ਵਾਲੇ ਅਯੁੱਧਿਆ ਵਾਸੀ ਗਾਲ੍ਹਾਂ ਸੁਣਨਗੇ।”

ਰਾਜਾ ਸ਼ਰਮਾ ਅੱਗੇ ਕਹਿੰਦੇ ਹਨ, “ ਅਯੁੱਧਿਆ ਦੇ ਲੋਕਾਂ ਵਿੱਚ ਉਮੀਦਵਾਰ ਪ੍ਰਤੀ ਭਾਰੀ ਨਾਰਾਜ਼ਗੀ ਦੇ ਬਾਵਜੂਦ, ਇਸ ਵਿਧਾਨ ਸਭਾ ਵਿੱਚ ਭਾਜਪਾ ਨੂੰ ਵੋਟ ਦਿੱਤੀ ਹੈ। ਹਾਰ ਦੇ ਲਈ ਇੱਥੋਂ ਦੇ ਲੋਕ ਨਹੀਂ ਬਲਕਿ ਲੱਲੂ ਸਿੰਘ ਜ਼ਿੰਮੇਵਾਰ ਹਨ, ਜੋ ਕਿ ਲੋਕਾਂ ਤੋਂ ਵੋਟ ਮੰਗਣ ਲਈ ਗਏ ਹੀ ਨਹੀਂ।”

ਅਯੁੱਧਿਆ
ਤਸਵੀਰ ਕੈਪਸ਼ਨ, ਅਰਸ਼ਦ ਖ਼ਾਨ ਅੱਗੇ ਕਹਿੰਦੇ ਹਨ, “ਅਯੁੱਧਿਆ ਵਿੱਚ ਬਹੁਤ ਵਿਕਾਸ ਹੋਇਆ ਹੈ, ਪਰ ਇਹ ਵਿਕਾਸ ਸਿਰਫ ਰਾਮ ਮੰਦਰ ਦੇ 3-4 ਕਿਲੋਮੀਟਰ ਦੇ ਘੇਰੇ ਤੱਕ ਹੀ ਸੀਮਤ ਰਿਹਾ ਹੈ।''

ਬੀਬੀਸੀ ਨੇ ਲੱਲੂ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲਣ ਆਏ ਲੋਕਾਂ ’ਚੋਂ ਜ਼ਿਆਦਾਤਰ ਤਾਂ ਉਦਾਸ ਹੀ ਸਨ। ਉਹ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਹਨ। ਲੱਲੂ ਸਿੰਘ ਨੇ ਵੀ ਬੀਬੀਸੀ ਨਾਲ ਮੁਲਾਕਾਤ ਨਹੀਂ ਕੀਤੀ।

ਭਾਜਪਾ ਦੀ ਹਾਰ ਨੂੰ ਹਿੰਦੂਤਵੀ ਸਿਆਸਤ ਦੀ ਹਾਰ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ।

ਹਨੂਮਾਨਗੜ੍ਹੀ ਮੰਦਰ ਨਾਲ ਜੁੜੇ ਹਿੰਦੂਤਵੀ ਸੰਤ ਵਰੁਣ ਮਹਾਰਾਜ ਦਾ ਕਹਿਣਾ ਹੈ, “ਇਹ ਹਿੰਦੂਤਵੀ ਸਿਆਸਤ ਦੀ ਹਾਰ ਨਹੀਂ ਹੈ। ਚੋਣਾਂ ਵਿੱਚ ਸਥਾਨਕ ਮੁੱਦੇ ਵੀ ਹੁੰਦੇ ਹਨ, ਸਾਡੇ ਸੰਸਦ ਮੈਂਬਰ ਦੇ ਕੁਝ ਬਿਆਨਾਂ ਦੇ ਕਾਰਨ ਦਲਿਤ ਅਤੇ ਪਿਛੜੇ ਵਰਗ ਦੇ ਲੋਕ ਵੱਖ ਹੋ ਗਏ। ਅਯੁੱਧਿਆ ਵਾਸੀ ਵੀਆਈਪੀ ਕਲਚਰ ਅਤੇ ਬੇਲਗਾਮ ਅਫ਼ਸਰਾਂ ਤੋਂ ਪੀੜਤ ਸਨ। ਇਹ ਨਾਰਾਜ਼ਗੀ ਦਿਖਾਈ ਦਿੱਤੀ ਹੈ।”

ਵਰੁਣ ਮਹਾਰਾਜ ਅੱਗੇ ਕਹਿੰਦੇ ਹਨ, “ਅੱਜ ਅਯੁੱਧਿਆ ਵਾਲਿਆਂ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆ ਹਨ, ਪਰ ਲੋਕ ਇਹ ਭੁੱਲ ਰਹੇ ਹਨ ਕਿ ਦੇਸ ਭਰ ਵਿੱਚ ਹਿੰਦੂਤਵ ਦੀ ਲਹਿਰ ਅਯੁੱਧਿਆ ਤੋਂ ਹੀ ਉੱਠੀ ਸੀ। ਅਯੁੱਧਿਆ ਨੇ ਹੀ ਭਾਜਪਾ ਨੂੰ ਸੱਤਾ ਤੱਕ ਪਹੁੰਚਾਇਆ ਹੈ। ਜਿਹੜੇ ਲੋਕ ਅਯੁੱਧਿਆ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਹਨ, ਉਹ ਅਸਲ ਵਿੱਚ ਰਾਮ ਭਗਤਾਂ ਨੂੰ ਗਾਲ੍ਹਾ ਕੱਢ ਰਹੇ ਹਨ। ਜਿਹੜਾ ਇੱਥੋਂ ਜਿੱਤਿਆ ਹੈ ਉਹ ਵੀ ਅਯੁੱਧਿਆ ਵਾਸੀ ਹੀ ਹੈ।”

ਹਨੂੰਮਾਨਗੜ੍ਹੀ ਮੰਦਰ ਨਾਲ ਜੁੜੇ ਦੇਵੇਸ਼ਚਾਰੀਆ ਭਾਜਪਾ ਦੀ ਹਾਰ ਤੋਂ ਹੈਰਾਨ ਨਹੀਂ ਹਨ।

ਧਾਰਮਿਕ ਸ਼ਰਧਾ ਦਾ ਵਿਸ਼ਾ

ਫੈਜ਼ਾਬਾਦ
ਤਸਵੀਰ ਕੈਪਸ਼ਨ, ਫੈਜ਼ਾਬਾਦ ਸੀਟ ’ਤੇ ਪਿਛੜੀਆਂ ਅਤੇ ਦਲਿਤ ਵੋਟਾਂ ਦਾ ਦਲਿਤ ਉਮੀਦਵਾਰ ਅਵਧੇਸ਼ ਪ੍ਰਸਾਦ ਦੇ ਹੱਕ ਵਿੱਚ ਹੋਣਾ, ਉਨ੍ਹਾਂ ਦੀ ਜਿੱਤ ਦਾ ਸਭ ਤੋਂ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

ਦੇਵੇਸ਼ਚਾਰੀਆ ਦਾ ਕਹਿਣਾ ਹੈ, ਹਾਰ ਤੋਂ ਦੁੱਖ ਹੈ, ਅਫਸੋਸ ਹੈ, ਪਰ ਹੈਰਾਨੀ ਵਾਲੀ ਗੱਲ ਨਹੀਂ ਹੈ। ਚੋਣਾਂ ਸਥਾਨਕ ਮੁੱਦਿਆਂ ਉੱਤੇ ਹੋਈਆਂ ਹਨ, ਅਯੁੱਧਿਆ ਦੇ ਲੋਕ ਵੀਆਈਪੀ ਕਲਚਰ ਤੋਂ ਬਹੁਤ ਤੰਗ ਹਨ। ਸਾਡੇ ਸੰਸਦ ਮੈਂਬਰ ਨੇ ਨਾ ਤਾਂ ਲੋਕਾਂ ਦੀ ਗੱਲ ਸੁਣੀ ਅਤੇ ਨਾ ਹੀ ਉਹ ਵੋਟਾਂ ਮੰਗਣ ਲਈ ਆਏ। ਸਿਰਫ ਹਿੰਦੂਤਵ ਦੇ ਨਾਮ ’ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਉਹ ਕਦੋਂ ਤੱਕ ਜਿੱਤਣਗੇ? ਲੋਕਤੰਤਰ ਵਿੱਚ ਲੋਕਾਂ ਦੀ ਵੀ ਆਪਣੀ ਆਵਾਜ਼ ਹੁੰਦੀ ਹੈ, ਜਿਸ ਨੂੰ ਸੁਣਿਆ ਜਾਣਾ ਚਾਹੀਦਾ ਹੈ।”

ਸੀਨੀਅਰ ਪੱਤਰਕਾਰ ਅਤੇ ਫੈਜ਼ਾਬਾਦ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਅਰਸ਼ਦ ਅਫ਼ਜ਼ਲ ਖ਼ਾਨ ਦੀ ਵੀ ਇਹੀ ਰਾਇ ਹੈ।

ਭਾਜਪਾ ਦੀ ਹਾਰ ਦਾ ਕਾਰਨ ਦੱਸਦੇ ਹੋਏ ਅਰਸ਼ਦ ਖ਼ਾਨ ਕਹਿੰਦੇ ਹਨ, “ ਰਾਮ ਮੰਦਰ ਧਾਰਮਿਕ ਵਿਸ਼ਵਾਸ ਦਾ ਵਿਸ਼ਾ ਹੈ ਅਤੇ ਅਯੁੱਧਿਆ ਦੇ ਹਰ ਵਿਅਕਤੀ ਦੀ ਰਾਮ ਮੰਦਰ ਵਿੱਚ ਆਸਥਾ ਹੈ। ਇੱਥੋਂ ਬਾਹਰ ਦੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਸਿਰਫ ਰਾਮ ਮੰਦਰ ਦੇ ਨਾਮ ’ਤੇ ਹੀ ਭਾਜਪਾ ਜਿੱਤ ਜਾਵੇਗੀ। ਜਦਕਿ ਇਸ ਵਾਰ ਦੀਆਂ ਚੋਣਾਂ ਵਿੱਚ ਸਥਾਨਕ ਮੁੱਦੇ ਭਾਰੂ ਰਹੇ।”

ਅਰਸ਼ਦ ਖ਼ਾਨ ਅੱਗੇ ਕਹਿੰਦੇ ਹਨ, “ਅਯੁੱਧਿਆ ਵਿੱਚ ਬਹੁਤ ਵਿਕਾਸ ਹੋਇਆ ਹੈ, ਪਰ ਇਹ ਵਿਕਾਸ ਸਿਰਫ ਰਾਮ ਮੰਦਰ ਦੇ 3-4 ਕਿਲੋਮੀਟਰ ਦੇ ਘੇਰੇ ਤੱਕ ਹੀ ਸੀਮਤ ਰਿਹਾ ਹੈ। ਇਹ ਫੈਜ਼ਾਬਾਦ ਦੇ ਪਿੰਡਾਂ ਤੱਕ ਨਹੀਂ ਪਹੁੰਚਿਆ। ਪਿਛਲੇ 3-4 ਸਾਲਾਂ ਤੋਂ ਇੱਥੇ ਸਾਰਾ ਧਿਆਨ ਰਾਮ ਮੰਦਰ ’ਤੇ ਹੀ ਸੀ।"

ਅਯੁੱਧਿਆ
ਤਸਵੀਰ ਕੈਪਸ਼ਨ, ਅਯੁੱਧਿਆ ਦੇ ਨੇੜੇ ਇੱਕ ਪਾਸੀ (ਅਨੁਸੂਚਿਤ ਜਾਤੀ) ਬਹੁਗਿਣਤੀ ਪਿੰਡ ’ਚ ਨੌਜਵਾਨ ਬਹੁਤ ਖੁਸ਼ ਹਨ।

ਉਹ ਆਪਣੀ ਗੱਲ ਜਾਰੀ ਰੱਖਦੇ ਹਨ,"ਅਫਸਰਾਂ ਅਤੇ ਸਰਕਾਰ ਦਾ ਪੂਰਾ ਧਿਆਨ ਮੰਦਰ ਦੇ ਛੇਤੀ ਤੋਂ ਛੇਤੀ ਬਣਨ ਅਤੇ ਚੋਣਾਂ ਤੋਂ ਪਹਿਲਾਂ ਇਸ ਦੇ ਉਦਘਾਟਨ ਉੱਤੇ ਸੀ। ਇਸ ਲਈ ਅਯੁੱਧਿਆ ਤੋਂ ਬਾਹਰ, ਪਿੰਡਾਂ ਦੇ, ਲੋਕਾਂ ਦੇ ਮੁੱਦੇ ਪਿੱਛੇ ਹੀ ਰਹਿ ਗਏ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਹ ਲੱਗਿਆ ਕਿ ਉਨ੍ਹਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਅਤੇ ਇੱਕ ਨਾਰਾਜ਼ਗੀ ਪੈਦਾ ਹੋਈ। ਇਹ ਭਾਜਪਾ ਦੀ ਹਾਰ ਦਾ ਇੱਕ ਕਾਰਨ ਵੀ ਹੈ।”

ਫੈਜ਼ਾਬਾਦ ਸੀਟ ’ਤੇ ਪਿਛੜੀਆਂ ਅਤੇ ਦਲਿਤ ਵੋਟਾਂ ਦਾ ਦਲਿਤ ਉਮੀਦਵਾਰ ਅਵਧੇਸ਼ ਪ੍ਰਸਾਦ ਦੇ ਹੱਕ ਵਿੱਚ ਹੋਣਾ, ਉਨ੍ਹਾਂ ਦੀ ਜਿੱਤ ਦਾ ਸਭ ਤੋਂ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

ਅਰਸ਼ਦ ਖ਼ਾਨ ਦਾ ਕਹਿਣਾ ਹੈ, “ਅਖਿਲੇਸ਼ ਯਾਦਵ ਦਾ ਪੀਡੀਏ ਨਾਅਰਾ ਇੱਥੇ ਕੰਮ ਕਰ ਗਿਆ ਹੈ। ਬੀਐੱਸਪੀ ਲਗਾਤਾਰ ਕਮਜ਼ੋਰ ਹੋ ਰਹੀ ਹੈ। ਉਸ ਦੀ ਵੋਟ ਇੰਡੀਆ ਗਠਜੋੜ ਵਿੱਚ ਚਲੀ ਗਈ। ਵੋਟਿੰਗ ਵਿੱਚ ਹਿੰਦੂਤਵੀ ਵੋਟਰ ਉਦਾਸੀਨ ਰਹੇ, ਪਰ ਮੁਸਲਮਾਨਾਂ ਨੇ ਇਕਜੁੱਟ ਹੋ ਕੇ ਵੋਟਿੰਗ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਵੀ ਇੰਡੀਆ ਗਠਜੋੜ ਦੀ ਜਿੱਤ ਦਾ ਵੱਡਾ ਕਾਰਨ ਹੈ।”

ਫੈਜ਼ਾਬਾਦ ਤੋਂ ਚੋਣ ਜਿੱਤਣ ਵਾਲੇ ਅਵਧੇਸ਼ ਪ੍ਰਸਾਦ ਮਿਲਕੀਪੁਰ ਸੀਟ ਤੋਂ ਮੂਜੌਦਾ ਵਿਧਾਇਕ ਹਨ। ਉਹ 9 ਵਾਰ ਵਿਧਾਇਕ ਅਤੇ ਸਮਾਜਵਾਦੀ ਸਰਕਾਰ ਵਿੱਚ ਕਈ ਵਾਰ ਮੰਤਰੀ ਰਹਿ ਚੁੱਕੇ ਹਨ।

ਬੀਬੀਸੀ ਪੱਤਰਕਾਰ ਦਿਲ ਨਵਾਜ਼ ਪਾਸ਼ਾ (ਸਭ ਤੋਂ ਖੱਬੇ) ਅਯੁੱਧਿਆ ਦੇ ਨੌਜਵਾਨਾਂ ਦੇ ਨਾਲ
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਦਿਲ ਨਵਾਜ਼ ਪਾਸ਼ਾ (ਸਭ ਤੋਂ ਖੱਬੇ) ਅਯੁੱਧਿਆ ਦੇ ਨੌਜਵਾਨਾਂ ਦੇ ਨਾਲ

79 ਸਾਲ ਦੇ ਅਵਧੇਸ਼ ਪ੍ਰਸਾਦ ਦਾ ਕਹਿਣਾ ਹੈ, “ਭਗਵਾਨ ਰਾਮ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਦਾ ਆਸ਼ੀਰਵਾਦ ਕਿਸ ਦੇ ਨਾਲ ਹੈ। ਇਹ ਭਾਜਪਾ ਦੇ ਹੰਕਾਰ ਦੀ ਹਾਰ ਹੈ। ਇਹ ਦਾਅਵਾ ਠੋਕ ਰਹੇ ਸਨ ਕਿ ਅਸੀਂ ਰਾਮ ਨੂੰ ਲੈ ਕੇ ਆਏ ਹਾਂ, ਇਹ ਉਸ ਰਾਮ ਨੂੰ ਲਿਆਉਣ ਦਾ ਦਾਅਵਾ ਕਰ ਰਹੇ ਸਨ ਜੋ ਕਿ ਸਦੀਆ ਤੋਂ ਅਯੁੱਧਿਆ ਵਿੱਚ ਹੀ ਹਨ।”

ਆਪਣੀ ਜਿੱਤ ਤੋਂ ਬੇਹੱਦ ਖੁਸ਼ ਅਵਧੇਸ਼ ਪ੍ਰਸਾਦ ਅੱਗੇ ਕਹਿੰਦੇ ਹਨ, “ਮੋਦੀ ਜੀ ਨੇ ਅਯੁੱਧਿਆ ਵਿੱਚ ਕਈ ਰੋਡ ਸ਼ੋਅ ਕੀਤੇ ਸਨ। ਮੈਨੂੰ ਲੱਗਿਆ ਸੀ ਕਿ ਮੋਦੀ ਜੀ ਅਯੁੱਧਿਆ ਤੋਂ ਚੋਣ ਲੜਨਗੇ। ਜੇਕਰ ਮੇਰੇ ਸਾਹਮਣੇ ਮੋਦੀ ਜੀ ਹੁੰਦੇ ਤਾਂ ਉਹ ਵੀ ਹਾਰ ਜਾਂਦੇ, ਕਿਉਂਕਿ ਇਹ ਚੋਣ ਮੈਂ ਨਹੀਂ ਸਗੋਂ ਅਯੁੱਧਿਆ ਦੀ ਜਨਤਾ ਨੇ ਲੜ੍ਹੀ ਹੈ। ਜਿਸ ਜਨਤਾ ਨੇ ਭਾਜਪਾ ਨੂੰ ਹਰਾਇਆ ਹੈ ਉਹ ਮੋਦੀ ਨੂੰ ਵੀ ਹਰਾ ਦਿੰਦੀ।”

ਅਯੁੱਧਿਆ ਦੇ ਨੇੜੇ ਇੱਕ ਪਾਸੀ (ਅਨੁਸੂਚਿਤ ਜਾਤੀ) ਬਹੁਗਿਣਤੀ ਪਿੰਡ ’ਚ ਨੌਜਵਾਨ ਬਹੁਤ ਖੁਸ਼ ਹਨ।

ਆਪਣਾ ਨਾਮ ਜ਼ਾਹਰ ਕੀਤੇ ਬਿਨ੍ਹਾਂ ਇੱਕ ਨੌਜਵਾਨ ਨੇ ਦੱਸਿਆ, “ਇਹ ਸਾਡੇ ਸਨਮਾਨ ਦੀ ਚੋਣ ਸੀ। ਅਖਿਲੇਸ਼ ਯਾਦਵ ਨੇ ਸਾਡੀ ਜਾਤੀ ਦੇ ਅਵਧੇਸ਼ ਪ੍ਰਸਾਦ ਨੂੰ ਟਿਕਟ ਦਿੱਤੀ। ਉਨ੍ਹਾਂ ਨੂੰ ਜਿਤਾਉਣਾ ਸਾਡੀ ਅਣਖ ਨਾਲ ਜੁੜਿਆ ਹੋਇਆ ਸੀ, ਮੇਰੇ ਵਰਗੇ ਸੈਂਕੜੇ ਦਲਿਤ ਨੌਜਵਾਨਾਂ ਨੇ ਸਮਾਜਵਾਦੀ ਪਾਰਟੀ ਨੂੰ ਜਿਤਾਉਣ ਲਈ ਦਿਨ-ਰਾਤ ਲੱਗੇ ਰਹੇ ਸਨ। ਹੁਣ ਅਸੀਂ ਖੁਸ਼ ਹਾਂ। ਅਸੀਂ ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲਿਆਂ ਨੂੰ ਸਬਕ ਸਿਖਾ ਦਿੱਤਾ ਹੈ। ਹੁਣ ਕੋਈ ਵੀ ਸੰਵਿਧਾਨ ਨਾਲ ਛੇੜਖਾਨੀ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)