ਤਰਨਤਾਰਨ: ਸਬਜ਼ੀ ਵੇਚਣ ਵਾਲੇ ਪਰਿਵਾਰ ਨੇ ਪੁੱਤ ਦੇ ਝੂਠੇ ਮੁਕਾਬਲੇ ਦੀ ਲੜਾਈ ਲੜੀ, ਸਾਬਕਾ ਡੀਆਈਜੀ ਤੇ ਡੀਐੱਸਪੀ ਦੋਸ਼ੀ ਕਰਾਰ

ਬੌਬੀ
ਤਸਵੀਰ ਕੈਪਸ਼ਨ, ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੁਲਸ਼ਨ ਦਾ ਭਰਾ ਬੌਬੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

“ਸਾਡੇ ਇੱਕ ਭਰਾ ਨੂੰ ਪੁਲਿਸ ਨੇ ਖਾੜਕੂ ਦੱਸ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਅਤੇ ਫਿਰ ਪਰਿਵਾਰ ਦੇ ਤਿੰਨ ਮੈਂਬਰ ਇਨਸਾਫ਼ ਦੀ ਲੜਾਈ ਦੇ ਇੰਤਜਾਰ ਵਿੱਚ ਇਸ ਜਹਾਨ ਤੋਂ ਰੁਖ਼ਸਤ ਹੋ ਗਏ।”

ਇਹ ਸ਼ਬਦ ਹਨ ਤਰਨਤਾਰਨ ਦੇ ਰਹਿਣ ਵਾਲੇ ਬੌਬੀ ਦੇ ਜਿਨ੍ਹਾਂ ਦੇ ਭਰਾ ਗੁਲਸ਼ਨ ਕੁਮਾਰ ਨੂੰ 1993 ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

ਇਸ ਮਾਮਲੇ ਵਿੱਚ ਹੁਣ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਨੂੰ ਸੱਤ ਸਾਲ ਦੀ ਸਜ਼ਾ ਅਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਅਤੇ ਸਾਬਕਾ ਡੀਐੱਸਪੀ ਨੂੰ ਉਮਰ ਕੈਦ ਅਤੇ ਦੋ ਲੱਖ ਰੁਪਏ ਦੀ ਸਜ਼ਾ ਸੁਣਾਈ ਹੈ।

ਇਸ ਮਾਮਲੇ ਦੀ ਪਹਿਲੀ ਸ਼ਿਕਾਇਤ ਗੁਲਸ਼ਨ ਦੇ ਪਿਤਾ ਚਮਨ ਲਾਲ ਨੇ ਕੀਤੀ ਸੀ। ਜਿਨ੍ਹਾਂ ਦੀ ਮਾਮਲੇ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਕੇਸ ਦੀ ਪੈਰਵੀ ਗੁਲਸ਼ਨ ਦੇ ਭਰਾ ਬੌਬੀ ਨੇ ਕੀਤੀ।

ਪਰਿਵਾਰ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਜਗਜੀਤ ਸਿੰਘ ਬਾਜਵਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਸਾਬਕਾ ਡੀਆਈਜੀ ਦੀ ਸਜ਼ਾ ਵਿੱਚ ਵਾਧਾ ਕਰਨ ਦੇ ਲਈ ਉਹ ਉੱਚ ਅਦਾਲਤ ਵਿੱਚ ਅਪੀਲ ਕਰਨਗੇ।

ਸ਼ੁੱਕਰਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਅਤੇ ਸਾਬਕਾ ਡੀਐੱਸਪੀ ਗੁਰਬਚਨ ਸਿੰਘ ਨੂੰ ਤਰਨਤਾਰਨ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੇ ਕਤਲ ਲਈ ਦੋਸ਼ੀ ਕਰਾਰ ਦਿੰਦਿਆਂ ਦੋਵਾਂ ਲਈ ਸਜ਼ਾਵਾਂ ਤੈਅ ਕੀਤੀਆਂ ਸਨ।

ਇਸ ਮਾਮਲੇ ਵਿੱਚ ਅਦਾਲਤ ਨੇ ਤਿੰਨ ਹੋਰ ਪੁਲਿਸ ਕਰਮੀਆਂ ਨੂੰ ਵੀ ਕਸੂਰਵਾਰ ਮੰਨਿਆ ਗਿਆ ਹੈ, ਜਿਨ੍ਹਾਂ ਦੀ ਕੇਸ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ।

ਜਿਸ ਵਕਤ ਗੁਲਸ਼ਨ ਕੁਮਾਰ ਨੂੰ ਪੁਲਿਸ ਨੇ ਚੁੱਕਿਆ ਉਸ ਵਕਤ ਉਹ ਤਰਨਤਾਰਨ ਸਥਿਤੀ ਜੰਡਾਲਾ ਰੋਡ ਉੱਤੇ ਫ਼ਲ ਵੇਚਣ ਦਾ ਕੰਮ ਕਰਦਾ ਸੀ।

ਚਮਨ
ਤਸਵੀਰ ਕੈਪਸ਼ਨ, ਗੁਲਸ਼ਨ ਦੇ ਪਿਤਾ ਚਮਨ ਉਸ ਦੀ ਇੱਕ ਪੁਰਾਣੀ ਤਸਵੀਰ ਨਾਲ

ਕੀ ਸੀ ਪੂਰਾ ਮਾਮਲਾ

ਗੁਲਸ਼ਨ ਦੇ ਪਿਤਾ ਚਮਨ ਲਾਲ ਨੇ ਸੀਬੀਆਈ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਆਖਿਆ ਸੀ ਕਿ 22 ਜੂਨ,1993 ਨੂੰ ਜਦੋਂ ਉਹ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਘਰ ਵਿੱਚ ਸੁੱਤਾ ਪਿਆ ਸੀ ਉਸ ਸਮੇਂ ਡੀਐੱਸਪੀ ਦਿਲਬਾਗ ਸਿੰਘ (ਜੋ ਡੀਆਈਜੀ ਵਜੋਂ ਸੇਵਾਮੁਕਤ ਹੋਏ) ਦੀ ਅਗਵਾਈ ਵਿੱਚ ਡੀਆਈਜੀ ਤਰਨਤਾਰਨ ਪੁਲਿਸ ਦੀ ਇੱਕ ਟੀਮ ਨੇ ਘਰ ਉੱਤੇ ਰੇਡ ਕਰ ਕੇ ਉਸ ਨੂੰ ਅਤੇ ਉਸ ਦੇ ਤਿੰਨ ਪੁੱਤਰਾਂ ਗੁਲਸ਼ਨ ਕੁਮਾਰ, ਪਰਵੀਨ ਕੁਮਾਰ ਅਤੇ ਬੌਬੀ ਨੂੰ ਜ਼ਬਰਦਸਤੀ ਚੁੱਕ ਲਿਆ ਸੀ।

ਗੁਲਸ਼ਨ
ਤਸਵੀਰ ਕੈਪਸ਼ਨ, ਗੁਲਸ਼ਨ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ

ਸ਼ਿਕਾਇਤ ਮੁਤਾਬਕ ਕਰੀਬ ਇੱਕ ਮਹੀਨਾ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪਰਵੀਨ ਕੁਮਾਰ, ਬੌਬੀ ਅਤੇ ਚਮਨ ਲਾਲ ਨੂੰ ਤਾਂ ਛੱਡ ਦਿੱਤਾ ਗਿਆ ਪਰ ਗੁਲਸ਼ਨ ਕੁਮਾਰ ਨੂੰ ਹਿਰਾਸਤ ਵਿੱਚ ਹੀ ਰੱਖਿਆ।

ਚਮਨ ਲਾਲ ਮੁਤਾਬਕ 22 ਜੁਲਾਈ, 1993 ਨੂੰ ਗੁਲਸ਼ਨ ਕੁਮਾਰ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।

ਸੀਬੀਆਈ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਚਮਨ ਲਾਲ ਨੇ ਇਹ ਵੀ ਆਖਿਆ ਸੀ ਕਿ ਗੁਲਸ਼ਨ ਕੁਮਾਰ ਨੂੰ ਮਾਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਸੌਂਪੀ ਸੀ ਬਲਿਕ ਪੁਲਿਸ ਨੇ ਖ਼ੁਦ ਹੀ ਉਸ ਦਾ ਸਸਕਾਰ ਕਰ ਦਿੱਤਾ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਾਮਲਾ ਸੀਬੀਆਈ ਕੋਲ ਜਾਣਾ

ਸੁਪਰੀਮ ਕੋਰਟ ਦੇ ਹੁਕਮਾਂ 'ਤੇ 1995 ਵਿੱਚ ਇਹ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ।

ਏਜੰਸੀ ਨੇ ਜਾਂਚ ਤੋਂ ਬਾਅਦ 1999 ਵਿੱਚ ਆਪਣੀ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਸੀ।

ਸੀਬੀਆਈ ਨੇ ਇਸ ਮਾਮਲੇ ਦੀ ਤਹਿਕੀਕਾਤ ਤੋਂ ਬਾਅਦ ਅਦਾਲਤ ਵਿੱਚ ਜੋ ਚਾਰਜਸ਼ੀਟ ਦਾਇਰ ਕੀਤੀ ਉਸ ਵਿੱਚ ਖ਼ੁਲਾਸਾ ਕੀਤਾ ਗਿਆ ਕਿ ਗੁਰਬਚਨ ਸਿੰਘ, ਜੋ ਉਸ ਸਮੇਂ ਸਬ-ਇੰਸਪੈਕਟਰ ਸਨ ਅਤੇ ਤਰਨਤਾਰਨ (ਸਿਟੀ) ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ (ਐੱਸਐੱਚਓ) ਵਜੋਂ ਤਾਇਨਾਤ ਸਨ, ਨੇ ਗੁਲਸ਼ਨ ਕੁਮਾਰ ਨੂੰ ਘਰੋਂ ਚੁੱਕ ਕੇ ਗ਼ੈਰ-ਕਾਨੂੰਨੀ ਹਿਰਾਸਤ 'ਚ ਰੱਖਿਆ ਅਤੇ ਬਾਅਦ ਵਿੱਚ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ।

ਸ਼ੁੱਕਰਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਡੀਐੱਸਪੀ ਦਿਲਬਾਗ ਸਿੰਘ (ਜੋ ਡੀਆਈਜੀ ਵਜੋਂ ਸੇਵਾਮੁਕਤ ਹੋਏ) ਨੂੰ ਸੱਤ ਸਾਲ ਅਤੇ ਐੱਸਐੱਚਓ ਗੁਰਬਚਨ ਸਿੰਘ (ਸੇਵਾ ਮੁਕਤ ਡੀਐਸਪੀ) ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ।

ਵਕੀਲ
ਤਸਵੀਰ ਕੈਪਸ਼ਨ, ਗੁਲਸ਼ਨ ਦੇ ਮਾਮਲੇ ਦੀ ਪੈਰਵਾਈ ਕਰਨ ਵਾਲੇ ਵਕੀਲ

ਸੌਖੀ ਨਹੀਂ ਸੀ ਕਾਨੂੰਨੀ ਲੜਾਈ

ਮ੍ਰਿਤਕ ਗੁਲਸ਼ਨ ਕੁਮਾਰ ਦੇ ਭਰਾ ਬੌਬੀ ਨੇ ਦੱਸਿਆ ਕਿ 31 ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਦੋਸ਼ੀਆਂ ਨੂੰ ਕੀਤੇ ਦੀ ਸਜ਼ਾ ਮਿਲ ਗਈ ਹੈ।

ਉਨ੍ਹਾਂ ਦੱਸਿਆ, “ਮੇਰੇ ਪਿਤਾ ਚਮਨ ਲਾਲ ਆਪਣੇ ਪੁੱਤਰ ਦੀ ਇਨਸਾਫ਼ ਦੀ ਲੜਾਈ ਲੜਦੇ ਹੋਏ ਇਸ ਜਹਾਨ ਤੋਂ ਰੁਖ਼ਸਤ ਹੋ ਗਏ। ਪਿਤਾ ਜੀ ਨੇ ਜਦੋਂ ਤੱਕ ਕਾਨੂੰਨੀ ਲੜਾਈ ਲੜੀ, ਪੈਰਾਂ ਵਿੱਚ ਜੁੱਤੀ ਨਹੀਂ ਪਾਈ ਸੀ।”

“ਇਸ ਦੌਰਾਨ ਪਰਿਵਾਰ ਨੂੰ ਬਹੁਤ ਵਾਰ ਧਮਕੀਆਂ ਵੀ ਮਿਲੀਆਂ ਪਰ ਉਨ੍ਹਾਂ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨ੍ਹਾਂ ਕੇਸ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਇਆ।”

ਬੌਬੀ ਦੱਸਦੇ ਹਨ ਕਿ ਗ਼ਰੀਬੀ ਦੇ ਬਾਵਜੂਦ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਸਮਝੌਤਾ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਬੇਸ਼ੱਕ ਅਦਾਲਤ ਨੇ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਪਰ ਉਹ ਚਾਹੁੰਦੇ ਸਨ ਕਿ ਸਜ਼ਾ ਹੋਰ ਸਖ਼ਤ ਹੋਣੀ ਚਾਹੀਦੀ ਸੀ।

ਬੌਬੀ ਨੇ ਦੱਸਿਆ ਕਿ ਉਹ ਤਿੰਨ ਭਰਾ ਸਨ ਅਤੇ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਹੁੰਦਾ ਸੀ।

ਗੁਲਸ਼ਨ ਕੁਮਾਰ ਸਾਰੇ ਭਰਾਵਾਂ ਵਿੱਚ ਵੱਡਾ ਸੀ ਉਸ ਦੀ ਕਮਾਈ ਨਾਲ ਹੀ ਘਰ ਚਲਦਾ ਸੀ।

ਬੌਬੀ ਨੇ ਦੱਸਿਆ ਕਿ ਗੁਲਸ਼ਨ ਕੁਮਾਰ ਦੀਆਂ ਨਿਸ਼ਾਨੀਆਂ ਤੱਕੜੀ ਅਤੇ ਰੇਹੜੀ, ਜਿਸ ਵਿੱਚ ਉਹ ਸਬਜ਼ੀ ਵੇਚਦਾ ਸੀ ਨੂੰ ਪਰਿਵਾਰ ਨੇ ਹਾਲੇ ਵੀ ਸੰਭਾਲਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)