ਲੋਕ ਸਭਾ ਚੋਣਾਂ 2024: ਮੋਦੀ ਨੂੰ ਗੱਠਜੋੜ ਵਾਲੀ ਸਰਕਾਰ ਚਲਾਉਣ ਵਿੱਚ ਕੀ ਦਿੱਕਤਾਂ ਆ ਸਕਦੀਆਂ ਹਨ, ਕਿਹੜੇ ਫੈਸਲੇ ਲੈਣੇ ਹੁਣ ਸੌਖੇ ਨਹੀਂ ਹੋਣੇ

ਤਸਵੀਰ ਸਰੋਤ, ANI
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਣ ਜਾ ਰਹੇ ਹਨ।
ਉਨ੍ਹਾਂ ਤੋਂ ਪਹਿਲਾਂ ਅਜਿਹਾ ਸਿਰਫ ਇੱਕ ਵਾਰ ਹੋਇਆ ਸੀ, ਜਦੋਂ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਜਵਾਹਰ ਲਾਲ ਨਹਿਰੂ 16 ਸਾਲ ਤੱਕ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ।
ਲੇਕਿਨ ਮੋਦੀ ਦੀ ਜਿੱਤ ਵਿੱਚ ਉਨ੍ਹਾਂ ਦੀ ਪਾਰਟੀ ਦੀ 63 ਸੀਟਾਂ ਉੱਤੇ ਹਾਰ ਵੀ ਸ਼ਾਮਿਲ ਹੈ। ਆਪਣੇ ਦਮ ਉੱਤੇ ਸਰਕਾਰ ਨਾ ਬਣਾ ਸਕਣ ਦੀ ਸੂਰਤ ਵਿੱਚ ਤਾਂ ਉਹ ਪੂਰੀ ਤਰ੍ਹਾਂ ਆਪਣੇ ਸਹਿਯੋਗੀਆਂ 'ਤੇ ਨਿਰਭਰ ਹਨ।
ਆਪਣੇ ਲੰਬੇ ਸਿਆਸੀ ਜੀਵਨ ਵਿੱਚ, ਨਰਿੰਦਰ ਮੋਦੀ ਨੇ ਕਦੇ ਵੀ ਗੱਠਜੋੜ ਸਰਕਾਰ ਦੀ ਅਗਵਾਈ ਨਹੀਂ ਕੀਤੀ - ਨਾ ਤਾਂ ਗੁਜਰਾਤ ਵਿੱਚ ਮੁੱਖ ਮੰਤਰੀ ਵਜੋਂ, ਨਾ ਹੀ ਕੇਂਦਰ ਵਿੱਚ ਪਿਛਲੇ ਦੋ ਕਾਰਜਕਾਲਾਂ ਦੌਰਾਨ। ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੇ ਭਾਰਤ ਗਠਜੋੜ ਨੂੰ ਉਮੀਦ ਤੋਂ ਵੱਧ ਸੀਟਾਂ ਮਿਲੀਆਂ ਹਨ।
ਮਜ਼ਬੂਤ ਵਿਰੋਧੀ ਧਿਰ ਦੇ ਸਾਹਮਣੇ ਭਾਜਪਾ ਦੀ ਕਮਜ਼ੋਰ ਸਥਿਤੀ ਦੇ ਮੱਦੇਨਜ਼ਰ, ਮੋਦੀ ਲਈ ਪਾਰਟੀ ਦੇ ਅੰਦਰ ਅਤੇ ਸਥਿਰਤਾ ਨਾਲ ਸਰਕਾਰ ਚਲਾਉਣਾ ਇੱਕ ਖਾਸ ਚੁਣੌਤੀ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਦੀ ਨੈਤਿਕ ਹਾਰ ਦੱਸਿਆ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਦੇਸ ਨੇ ਮੋਦੀ ਜੀ ਨੂੰ ਕਹਿ ਦਿੱਤਾ ਹੈ ਕਿ ਸਾਨੂੰ ਤੁਸੀਂ, ਨਹੀਂ ਚਾਹੁੰਦੇ।''
ਸਾਲ 2014 ਅਤੇ 2019 ਦੀਆਂ ਆਮ ਚੋਣਾਂ ਵਾਂਗ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਚੋਣਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਲੜੀਆਂ ਸਨ। ਇਲਾਕੇ ਦੇ ਉਮੀਦਵਾਰ ਦਾ ਜ਼ਿਕਰ ਹੋਵੇ ਜਾਂ ਨਾ ਹੋਵੇ, ਹਰ ਪੋਸਟਰ ਉੱਤੇ ਮੋਦੀ ਦਾ ਚਿਹਰਾ ਸੀ।
ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਹਰ ਰੈਲੀ ਵਿੱਚ ‘ਮੋਦੀ ਦੀ ਗਾਰੰਟੀ’ ਦਾ ਨਾਅਰਾ ਦੁਹਰਾਇਆ। ਵਾਅਦਾ ਕੀਤਾ ਕਿ ਉਹ ਖ਼ੁਦ ਇਹ ਯਕੀਨੀ ਬਣਾਉਣਗੇ ਕਿ ਪਿਛਲੇ ਦਹਾਕੇ ਦੌਰਾਨ ਉਨ੍ਹਾਂ ਦੀ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਨੀਤੀਆਂ ਨੂੰ ਲਾਗੂ ਹੋਣ।
ਇਸ ਲਈ ਇਨ੍ਹਾਂ ਨਤੀਜਿਆਂ ਨੂੰ ਉਸ ਦੇ ਸਿਆਸੀ ਰੁਤਬੇ ਨੂੰ ਘਟਾਉਣ ਵਾਲਾ ਮੰਨਿਆ ਜਾ ਰਿਹਾ ਹੈ।

ਨਿਊਜ਼ ਵੈੱਬਸਾਈਟ 'ਦਿ ਵਾਇਰ ' ਦੀ ਸੰਪਾਦਕ ਸੀਮਾ ਚਿਸ਼ਤੀ ਨੇ ਬੀਬੀਸੀ ਨੂੰ ਦੱਸਿਆ, "ਪ੍ਰਧਾਨ ਮੰਤਰੀ ਮੋਦੀ ਦੇ ਅਕਸ ਨੂੰ ਭਾਰੀ ਸੱਟ ਵੱਜੀ ਹੈ। ਹੁਣ ਤੱਕ ਲੋਕਾਂ ਦੀਆਂ ਬਹੁਮਤ ਵਿੱਚ ਵੋਟਾਂ ਮਿਲਣ ਕਰਕੇ ਭਾਜਪਾ ਦੇ ਹਿੰਦੂਤਵ ਪ੍ਰੋਜੈਕਟ ਨੂੰ ਮਾਨਤਾ ਮਿਲ ਰਹੀ ਸੀ। ਇਸ ਲਈ ਹੁਣ ਪਾਰਟੀ ਆਪਣੇ ਦਮ ਉੱਤੇ ਸਰਕਾਰ ਨਹੀਂ ਬਣਾ ਸਕਦੀ, ਇਹ ਬਹੁਤ ਵੱਡਾ ਬਦਲਾਅ ਹੈ।''
ਭਾਜਪਾ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਸ ਉੱਤੇ ਮੀਡੀਆ ਨੂੰ ਦਬਾਉਣ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਸਨ।
ਮੋਦੀ ਸਰਕਾਰ ਉੱਤੇ ਮੁਸਲਮਾਨ ਵਿਰੋਧੀ ਮੰਨੇ ਜਾਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਵਿਆਪਕ ਮੁਜ਼ਾਹਰੇ ਹੋਏ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਸਰਕਾਰ ਨੂੰ ਖੇਤੀਬਾੜੀ ਕਾਨੂੰਨ ਨੂੰ ਵੀ ਵਾਪਸ ਲੈਣਾ ਪਿਆ।
ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਚੋਣ ਨਤੀਜਿਆਂ ਨੂੰ 'ਪ੍ਰਣਾਲੀ 'ਤੇ ਲੋਕਾਂ ਦੀ ਜਿੱਤ' ਕਰਾਰ ਦਿੱਤਾ।
ਮੋਦੀ ਅਜਿੱਤ ਨਹੀਂ ਹਨ

ਤਸਵੀਰ ਸਰੋਤ, ANI
ਇਸ ਸਭ ਦੇ ਬਾਵਜੂਦ ਜਦੋਂ ਨਰਿੰਦਰ ਮੋਦੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਭਾਜਪਾ ਦਫ਼ਤਰ ਪੁੱਜੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਫੁੱਲਾਂ ਦੀ ਵਰਖਾ ਹੋਈ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਗੂੰਜੇ। ਜੇਕਰ ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਨੂੰ ਲੈ ਕੇ ਉਨ੍ਹਾਂ ਦੇ ਮਨ 'ਚ ਕੋਈ ਚਿੰਤਾ ਹੈ ਵੀ ਤਾਂ ਇਹ ਜ਼ਾਹਰ ਨਹੀਂ ਹੋਈ।
ਉਨ੍ਹਾਂ ਨੇ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਿੱਤ ਦੱਸਿਆ ਅਤੇ ਕਿਹਾ, ''ਇਹ ਮੈਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ।
ਆਉਣ ਵਾਲਾ ਸਮਾਂ ਨਰਿੰਦਰ ਮੋਦੀ ਲਈ ਨਵਾਂ ਅਤੇ ਔਖਾ ਹੋ ਸਕਦਾ ਹੈ ਅਤੇ ਪਹਿਲੀ ਵਾਰ ਗੱਠਜੋੜ ਦੀ ਸਰਕਾਰ ਚਲਾਉਣ ਲਈ ਹੋਰ ਮਿਹਨਤ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਚੋਣ ਤੋਂ ਪਹਿਲਾਂ ਭਾਜਪਾ ਨੇ ਆਪਣਾ ਸਭ ਤੋਂ ਪੁਰਾਣਾ ਸਹਿਯੋਗੀ ਅਕਾਲੀ ਦਲ ਗੁਆ ਦਿੱਤਾ ਅਤੇ ਆਪਣੀ ਦੂਜੀ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਨੂੰ ਦੋ ਹਿੱਸਿਆਂ ਵਿੱਚ ਤੋੜ ਦਿੱਤਾ।
ਇਸ ਨੇ ਆਪਣੇ ਛੋਟੇ ਸਹਿਯੋਗੀਆਂ ਪ੍ਰਤੀ ਪਾਰਟੀ ਦੇ ਰਵੱਈਏ ਦੀ ਇੱਕ ਬੁਰੀ ਮਿਸਾਲ ਕਾਇਮ ਕੀਤੀ।
ਅੰਗਰੇਜ਼ੀ ਅਖਬਾਰ 'ਦ ਹਿੰਦੂ ਬਿਜ਼ਨਸ ਲਾਈਨ' ਦੀ ਸਿਆਸੀ ਸੰਪਾਦਕ ਪੂਰਨਿਮਾ ਜੋਸ਼ੀ ਨੇ ਬੀਬੀਸੀ ਨੂੰ ਦੱਸਿਆ, "ਨਰਿੰਦਰ ਮੋਦੀ ਦੀ ਸਿਆਸੀ ਸਾਖ ਕਾਫ਼ੀ ਘੱਟ ਗਈ ਹੈ ਅਤੇ ਹੁਣ ਉਹ ਪਿਛਲੇ ਦੋ ਕਾਰਜਕਾਲਾਂ ਵਾਂਗ ਇੱਕ ਪਾਸੜ ਨੀਤੀਆਂ ਬਣਾਉਣ ਅਤੇ ਫ਼ੈਸਲੇ ਲੈਣ ਦੀ ਸਥਿਤੀ ਵਿੱਚ ਨਹੀਂ ਹੋਣਗੇ।"
ਜੋਸ਼ੀ ਅਨੁਸਾਰ ਗਠਜੋੜ ਦੇ ਦੌਰ ਵਿੱਚ ਭਾਜਪਾ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਖੁੱਲ੍ਹੇਆਮ ਨਫ਼ਰਤ ਭਰੇ ਬਿਆਨ ਦੇਣ ਦੇ ਰੁਝਾਨ ਨੂੰ ਵੀ ਠੱਲ੍ਹ ਪੈ ਸਕਦੀ ਹੈ।

ਘੱਟ ਗਿਣਤੀ ਮੁਸਲਮਾਨ
ਸਾਲ 2024 ਦੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਮੁਸਲਿਮ ਭਾਈਚਾਰੇ ਵਿਰੁੱਧ ਬੋਲੇ ਹਨ ਅਤੇ ਉਨ੍ਹਾਂ ਨੂੰ 'ਘੁਸਪੈਠੀਏ' ਤੱਕ ਕਹਿ ਦਿੱਤਾ।
ਇੱਕ ਰੈਲੀ ਵਿੱਚ ਲੋਕਾਂ ਨੂੰ ਕਿਹਾ ਕਿ ਹੁਣ ਉਨ੍ਹਾਂ ਨੂੰ ‘ਵੋਟ ਜਹਾਦ’ ਅਤੇ ‘ਰਾਮ ਰਾਜ’ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ।
ਇੱਕ ਮੁਸਲਿਮ ਔਰਤ ਨੇ ਬੀਬੀਸੀ ਨੂੰ ਦੱਸਿਆ, "ਹੁਣ ਕੁਝ ਵੀ ਲੁਕਵਾਂ ਨਹੀਂ ਹੈ, ਸਭ ਕੁਝ ਸਾਹਮਣੇ ਬਿਨਾਂ ਲਾਗ-ਲਪੇਟ ਦੇ ਕਿਹਾ ਜਾ ਰਿਹਾ ਹੈ।"
ਲੇਕਿਨ ਹਿੰਦੀ ਪੱਟੀ ਕਹੇ ਜਾਣ ਵਾਲੇ ਉੱਤਰੀ ਭਾਰਤ ਦੇ ਇਲਾਕਿਆਂ, ਮੰਦਿਰ ਲਹਿਰ ਦੇ ਕੇਂਦਰ ਅਯੁੱਧਿਆ-ਫੈਜ਼ਾਬਾਦ ਅਤੇ ਵਿੱਚ ਭਾਜਪਾ ਹਾਰ ਗਈ।
ਪਾਰਟੀ ਦੀ ਧਾਰਮਿਕ ਧਰੁਵੀਕਰਨ ਦੀ ਮੁਹਿੰਮ ਨੇ ਵਿਰੋਧੀ ਸਮਰਥਕਾਂ ਨੂੰ ਇਕਜੁੱਟ ਕੀਤਾ, ਅਤੇ ਲੋਕਾਂ ਨੇ ਧਰਮ ਨਿਰਪੱਖ ਭਾਰਤ ਲਈ ਸੰਵਿਧਾਨ ਨੂੰ ਬਚਾਉਣ ਲਈ ਇਸ ਦੀ ਅਪੀਲ ਲਈ ਵੋਟ ਦਿੱਤੀ।

ਤਸਵੀਰ ਸਰੋਤ, Getty Images
ਸੀਮਾ ਚਿਸ਼ਤੀ ਨੂੰ ਉਮੀਦ ਹੈ, ''2014 ਦੀਆਂ ਚੋਣਾਂ ਉਨ੍ਹਾਂ ਨੇ ਭਲੇ ਦਿਨਾਂ ਦੇ ਵਾਅਦੇ 'ਤੇ ਲੜੀਆਂ, 2019 ਦੀਆਂ ਚੋਣਾਂ ਬਾਲਾਕੋਟ ਹਮਲੇ ਰਾਹੀਂ ਪਾਕਿਸਤਾਨ ਨੂੰ ਮਾਰੀ ਸੱਟ ਉੱਤੇ ਅਤੇ 2024 ਦੀਆਂ ਮੰਗਲਸੂਤਰ, ਮੁਸਲਿਮ, ਮਟਨ ਦੇ ਨਾਂ ਉੱਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਲੜੀਆਂ। ਲੋਕਾਂ ਲਈ ਉਸ ਨੂੰ ਠੁਕਰਾਉਣਾ ਵੱਡੀ ਗੱਲ ਹੈ।"
ਰਾਮ ਮੰਦਰ ਅਤੇ ਧਾਰਾ 370 ਤੋਂ ਬਾਅਦ ਭਾਜਪਾ ਦਾ ਤੀਜਾ ਅਹਿਮ ਮੁੱਦਾ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝਾ ਸਿਵਲ ਕੋਡ ਜਾਂ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਿਆਉਣਾ ਹੈ।
ਲਿੰਗ ਸਮਾਨਤਾ ਦਾ ਵਾਅਦਾ ਕਰਨ ਵਾਲੇ ਯੂਸੀਸੀ ਬਾਰੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਕਾਫ਼ੀ ਸੰਦੇਹ ਹੈ, ਕਿ ਇਹ ਉਨ੍ਹਾਂ ਦੀਆਂ ਰਹੁ-ਰੀਤਾਂ ਅਤੇ ਜੀਵਨ ਢੰਗ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਇਸ ਤੀਜੇ ਕਾਰਜਕਾਲ ਵਿੱਚ ਯੂਸੀਸੀ ਸਮੇਤ ਕੋਈ ਵੀ ਨੀਤੀ ਲਿਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਹਿਯੋਗੀਆਂ ਦੇ ਸਮਾਜਿਕ-ਆਰਥਿਕ ਏਜੰਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਿਮਤੀ ਬਣਾਉਣੀ ਪਵੇਗੀ।
ਖਾਸ ਕਰਕੇ ਜਨਤਾ ਦਲ ਯੂਨਾਈਟਿਡ ਦੀ ਸਮਾਜਵਾਦੀ ਵਿਚਾਰਧਾਰਾ ਕਾਰਨ ਮੋਦੀ ਸਰਕਾਰ ਲਈ ਵੱਡੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਨਾ ਔਖਾ ਹੋ ਸਕਦਾ ਹੈ।
ਇਸ ਸਮੇਂ ਭਾਰਤ ਵਿੱਚ ਲੋਕਾਂ ਦੀ ਆਮਦਨ ਵਿੱਚ ਗੈਰਬਰਾਬਰੀ ਆਪਣੇ ਸਿਖਰ ’ਤੇ ਹੈ ਅਤੇ ਦੇਸ ਦੀ ਜ਼ਿਆਦਾਤਰ ਦੌਲਤ ਕੁਝ ਕੁ ਲੋਕਾਂ ਕੋਲ ਸੀਮਤ ਹੋ ਚੁੱਕੀ ਹੈ।
ਸਿਆਸੀ ਸਥਿਰਤਾ

ਤਸਵੀਰ ਸਰੋਤ, ANI
ਸਿਰਫ ਗਠਜੋੜ ਦੇ ਭਾਈਵਾਲ ਹੀ ਨਹੀਂ, ਨਰਿੰਦਰ ਮੋਦੀ ਨੂੰ ਵੀ ਆਪਣੀ ਪਾਰਟੀ ਦੇ ਅੰਦਰੋਂ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨਾ ਪੈ ਸਕਦਾ ਹੈ।
ਪੂਰਨਿਮਾ ਜੋਸ਼ੀ ਦਾ ਕਹਿਣਾ ਹੈ, ''ਪਹਿਲਾਂ ਮੋਦੀ ਨੇ ਚੋਣਾਂ ਵਿੱਚ ਮਿਲੇ ਜ਼ਬਰਦਸਤ ਸਮਰਥਨ ਦੇ ਆਧਾਰ 'ਤੇ ਇੱਕਪਾਸੜ ਫੈਸਲੇ ਲਏ, ਪਾਰਟੀ ਦੇ ਸੀਨੀਅਰ ਆਗੂਆਂ ਨੂੰ ਲਾਂਭੇ ਕਰ ਦਿੱਤਾ ਅਤੇ ਪਾਰਟੀ ਨੂੰ ਉਨ੍ਹਾਂ ਦੇ ਮਗਰ ਇਵੇਂ ਤੁਰਨਾ ਪਿਆ ਜਿਵੇਂ ਫੌਜ ਦੇ ਜਨਰਲ ਦੇ ਮਗਰ ਫੌਜ ਹੋਵੇ ਪਰ ਹੁਣ ਇਹ ਅਨੁਸ਼ਾਸਨ ਨਹੀਂ ਰਹੇਗਾ।"
ਅਗਲੇ ਸਾਲ ਮੋਦੀ 75 ਸਾਲ ਦੇ ਹੋ ਜਾਣਗੇ, ਜਿਸ ਨੂੰ ਉਨ੍ਹਾਂ ਨੇ ਖੁਦ ਭਾਜਪਾ 'ਚ ਸੇਵਾਮੁਕਤੀ ਦੀ ਉਮਰ ਦੱਸਿਆ ਸੀ।
ਹਾਲਾਂਕਿ ਹੁਣ ਉਹ ਇਸ ਬਿਆਨ ਤੋਂ ਪਲਟ ਚੁੱਕੇ ਹਨ। ਹਾਲ ਹੀ ਵਿੱਚ ਹੋਈਆਂ ਚੋਣ ਰੈਲੀਆਂ ਵਿੱਚ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ‘ਰੱਬ ਨੇ ਭੇਜਿਆ ਹੈ’। ਲੇਕਿਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਵਿੱਚ ਉਨ੍ਹਾਂ ਦੇ ਸਿਖਰਲੇ ਅਹੁਦੇ ਉੱਤੇ ਬਣੇ ਰਹਿਣ ’ਤੇ ਸਵਾਲ ਚੁੱਕੇ ਜਾਣ।
ਆਜ਼ਾਦੀ
ਚੋਣ ਨਤੀਜਿਆਂ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਿਛਲੀਆਂ ਆਮ ਚੋਣਾਂ ਵਿੱਚ 53 ਸੀਟਾਂ ਉੱਤੇ ਜਿੱਤ ਲਗਭਗ ਦੁੱਗਣੀ ਕਰਨ ਵਿੱਚ ਸਫਲ ਹੋਈ ਹੈ।
ਨਤੀਜਿਆਂ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਅਤੇ ਕਿਹਾ ਕਿ ਦੇਸ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਪਿਛੜੇ ਨਾਗਰਿਕਾਂ ਨੇ ਇਸ ਨੂੰ ਬਚਾਉਣ ਲਈ ਵਿਰੋਧੀ ਧਿਰ ਨੂੰ ਵੋਟ ਦਿੱਤੀ ਹੈ।
ਇੰਡੀਆਤ ਗਠਜੋੜ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਹੁਣ ਸੰਸਦ ਵਿੱਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਵਾਜ਼ ਬੁਲੰਦ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, ANI
ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਭਾਜਪਾ ਉੱਤੇ ਸੂਬਿਆਂ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਨੂੰ ਵਿੱਤੀ ਸਹਾਇਤਾ ਰੋਕਣ ਦਾ ਇਲਜ਼ਾਮ ਲਾਇਆ ਹੈ।
ਚੋਣ ਨਤੀਜਿਆਂ ਵਿੱਚ ਮਜ਼ਬੂਤ ਸਥਿਤੀ ਵਿੱਚ ਆਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਦੇਸ ਦਾ ਸੰਘੀ ਢਾਂਚਾ ਹੋਰ ਮਜ਼ਬੂਤ ਹੋਣ ਦੀ ਆਸ ਹੈ।
ਭਾਜਪਾ ਉੱਤੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ, ਮੀਡੀਆ ਉੱਤੇ ਦਬਾਅ ਬਣਾਉਣ ਅਤੇ ਸਿਆਸਤਦਾਨਾਂ ਨੂੰ ਉੱਤੇ ਪੈਸੇ ਦੇ ਲਾਲਚ ਅਤੇ ਜਾਂਚ ਦਾ ਡਰਾਬਾ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।
ਸੀਮਾ ਚਿਸ਼ਤੀ ਦਾ ਕਹਿਣਾ ਹੈ, "ਇਸ ਸਭ ਦੇ ਬਾਵਜੂਦ ਜੇਕਰ ਵਿਰੋਧੀ ਧਿਰ ਇੰਨਾ ਕੁਝ ਕਰ ਸਕੀ ਹੈ, ਤਾਂ ਮੈਂ ਉਮੀਦ ਕਰਦੀ ਹਾਂ ਕਿ ਇਹ ਟੁਕੜੇ-ਟੁਕੜੇ ਹੋਏ ਭਾਰਤੀ ਸਮਾਜ ਨੂੰ ਇਕੱਜੁੱਟ ਕਰਨ ਦਾ ਮਾਹੌਲ ਸਿਰਜੇਗੀ।"
ਆਪਣੇ ਤੀਜੇ ਕਾਰਜਕਾਲ ਦੀ ਤਿਆਰੀ ਵਿੱਚ ਹੋ ਸਕਦਾ ਹੈ ਭਾਜਪਾ ਇੱਕ ਵਾਰ ਫਿਰ ਅਜਿਹਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰੇ ਜਿਸ ਤਹਿਤ ਟੀਵੀ ਅਤੇ ਡਿਜੀਟਲ ਮੀਡੀਆ ਉੱਤੇ ਸਰਕਾਰੀ ਕੰਟਰੋਲ ਵਧਾਇਆ ਜਾ ਸਕੇ।
ਮੁੱਖ ਧਾਰਾ ਮੀਡੀਆ ਉੱਤੇ ਸਰਕਾਰ ਅੱਗੇ ਝੁਕਣ ਜਾਂ ਵੱਡੀਆਂ ਕੰਪਨੀਆਂ ਦੁਆਰਾ ਖਰੀਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਦਬਾਅ ਹੇਠ ਕੰਮ ਕਰਨ ਦਾ ਇਲਜ਼ਾਮ ਲਗਦੇ ਰਹੇ ਹਨ।
ਯੋਗੇਂਦਰ ਯਾਦਵ ਨੇ ਭਾਜਪਾ ਦੇ ਤੀਜੇ ਕਾਰਜਕਾਲ ਵਿੱਚ ਇਹ ਦਬਾਅ ਘੱਟ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ, "ਮੈਨੂੰ ਉਮੀਦ ਹੈ ਕਿ ਮੀਡੀਆ ਹੁਣ ਜਾਗੇਗਾ ਅਤੇ ਆਪਣੀ ਆਵਾਜ਼ ਦੁਬਾਰਾ ਉਠਾਏਗਾ।"












