ਲੋਕ ਸਭਾ ਚੋਣਾਂ: ਕੀ ਕਿਸਾਨ ਅੰਦੋਲਨ ਦੇ ਗੁੱਸੇ ਨੇ ਹਰਿਆਣਾ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾਇਆ

ਖੱਟਰ ਤੇ ਕਿਸਾਨਾਂ ਦਾ ਮੁਜ਼ਾਹਰਾ

ਤਸਵੀਰ ਸਰੋਤ, Getty Images

    • ਲੇਖਕ, ਸਤ ਸਿੰਘ ਅਤੇ ਪ੍ਰਭੂ ਦਿਆਲ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਲੋਕ ਸਭਾ ਦੀਆਂ 10 ਸੀਟਾਂ ’ਚੋਂ 5 ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਦੇ ਉਲਟ ਸਾਲ 2019 ਦੀਆਂ ਚੋਣਾਂ ’ਚ ਸਾਰੀਆਂ 10 ਸੀਟਾਂ ਹਾਰਨ ਵਾਲੀ ਕਾਂਗਰਸ ਪਾਰਟੀ ਨੇ ਇਨ੍ਹਾਂ ’ਚੋਂ ਅੱਧੀਆਂ ਸੀਟਾਂ ’ਤੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਹੈ।

ਹਰਿਆਣਾ ਦੀਆਂ ਦਸ ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ ਪੰਜ ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਅਗਲੇ ਤਿੰਨ ਕੁ ਮਹੀਨਿਆਂ ਬਾਅਦ ਹਰਿਆਣਾ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਦੀਆਂ ਸੰਭਾਵਨਾਵਾਂ ਵਧਾ ਦਿੱਤੀਆਂ ਹਨ।

ਹਰਿਆਣਾ ’ਚ ਸਭ ਤੋਂ ਵੱਧ ਫ਼ਰਕ ਨਾਲ ਜਿੱਤ ਦਰਜ ਕਰਵਾਉਣ ਵਾਲੇ ਦੋ ਉਮੀਦਵਾਰ ਕਾਂਗਰਸ ਦੇ ਦੀਪੇਂਦਰ ਸਿੰਘ ਹੂਡਾ ਅਤੇ ਕੁਮਾਰੀ ਸ਼ੈਲਜਾ ਹਨ।

ਹੂਡਾ ਤਕਰੀਬਨ 3.5 ਲੱਖ ਅਤੇ ਕੁਮਾਰੀ ਸ਼ੇਲਜਾ 2.5 ਲੱਖ ਵੋਟਾਂ ਨਾਲ ਜਿੱਤੇ ਹਨ।

ਹਰਿਆਣਾ ’ਚ ਭਾਜਪਾ ਦੀ ਹਾਰ ਲਈ ਕਈ ਕਾਰਨ ਜ਼ਿੰਮੇਵਾਰ ਹਨ।

ਰਾਹੁਲ ਗਾਂਧੀ

ਤਸਵੀਰ ਸਰੋਤ, Kumari Selja/FB

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਵੱਲੋਂ ਕੀਤੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਨਾਲ ਕਈ ਲੋਕ ਜੁੜ ਗਏ ਸਨ

ਭਾਜਪਾ ਦੇ ਨਤੀਜੇ ਆਸਾਂ ਦੇ ਉਲਟ ਕਿਉਂ ਆਏ

ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਜਿਸ ਨੂੰ 2019-2020 ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਲ ਭਰ ਚਲੇ ਕਿਸਾਨ ਅੰਦੋਲਨ ਦੌਰਾਨ ਸਖ਼ਤ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ।

ਮਾਹਰਾਂ ਨੇ ਵੀ ਸੂਬਾ ਅਤੇ ਕੇਂਦਰ ਦੋਵਾਂ ਹੀ ਭਾਜਪਾ ਸਰਕਾਰਾਂ ਦੇ ਵਿਰੁੱਧ, ਖ਼ਾਸ ਤੌਰ ’ਤੇ ਪੇਂਡੂ ਵੋਟਰਾਂ ਵਿਚਾਲੇ, ਸੱਤਾ ਵਿਰੋਧੀ ਭਾਵਨਾ ਦਾ ਹਵਾਲਾ ਦਿੱਤਾ ਹੈ।

ਜਾਟ ਭਾਈਚਾਰਾ ਜਿਨ੍ਹਾਂ ਦੀ ਆਬਾਦੀ 20 ਤੋਂ 25 ਫ਼ੀਸਦੀ ਹੈ, ਉਨ੍ਹਾਂ ਨੇ ਸਾਲ 2016 ਦੇ ਜਾਟ ਅੰਦੋਲਨ ਤੋਂ ਬਾਅਦ ਭਾਜਪਾ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਇਸ ਅੰਦੋਲਨ ’ਚ ਕਈ ਨੌਜਵਾਨਾਂ ਦੀਆਂ ਜਾਨਾਂ ਵੀ ਗਈਆਂ ਸਨ ਅਤੇ ਕਈਆਂ ਖ਼ਿਲਾਫ਼ ਐੱਫ਼ਆਈਆਰ ਵੀ ਦਰਜ ਹੋਈ ਸੀ।

ਇਹ ਅਸੰਤੁਸ਼ਟੀ ਕਿਸਾਨ ਅੰਦੋਲਨ ਦੌਰਾਨ ਆਪਣੇ ਸਿਖਰ ’ਤੇ ਪਹੁੰਚ ਗਈ ਸੀ।

ਪੇਂਡੂ ਖੇਤਰ ਦੀ ਅਸੰਤੁਸ਼ਟੀ ਦੇ ਜਵਾਬ ’ਚ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸੇਵਾ ਨਿਭਾ ਚੁੱਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਥਾਂ ’ਤੇ ਨਾਯਬ ਸੈਣੀ, ਜੋ ਕਿ ਇੱਕ ਨਰਮ ਤਬੀਅਤ ਦੇ ਮਾਲਕ ਹਨ ਅਤੇ ਓਬੀਸੀ ਭਾਈਚਾਰੇ ਨਾਲ ਸਬੰਧਤ ਹਨ, ਨੂੰ ਨਿਯੁਕਤ ਕੀਤਾ।

ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਗਠਜੋੜ ਭਾਈਵਾਲ ਜੇਜੇਪੀ ਨੇ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਅਲਵਿਦਾ ਕਹਿ ਦਿੱਤਾ ਸੀ।

ਹਾਲਾਂਕਿ ਚੋਣ ਨਤੀਜੇ ਦਰਸਾਉਂਦੇ ਹਨ ਇਹ ਕਦਮ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਅਸਫ਼ਲ ਰਿਹਾ ਹੈ, ਜਿਸ ਦੇ ਕਾਰਨ ਭਾਜਪਾ ਆਪਣੀਆਂ ਅੱਧੀਆਂ ਸੀਟਾਂ ਕਾਂਗਰਸ ਦੇ ਹੱਥੋਂ ਹਾਰ ਗਈ ਹੈ।

ਸਾਬਕਾ ਮੁੱਖ ਮੰਤਰੀ ਖੱਟਰ ਨੇ ਪੂਰੇ ਯਕੀਨ ਨਾਲ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਜਿੱਤ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਪਰ ਉਹ ਸਿਰਸਾ, ਹਿਸਾਰ ਅਤੇ ਸੋਨੀਪਤ ’ਚ ਆਪਣੇ ਚੁਣੇ ਹੋਏ ਉਮੀਦਵਾਰਾਂ ਨੂੰ ਵੀ ਨਾ ਜਿੱਤਾ ਸਕੇ।

ਕੁਮਾਰੀ ਸ਼ੈਲਜਾ

ਤਸਵੀਰ ਸਰੋਤ, Kumari Selja/FB

ਤਸਵੀਰ ਕੈਪਸ਼ਨ, ਕੁਮਾਰੀ ਸ਼ੈਲਜਾ ਨੇ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੂੰ 268497 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕਰਵਾਈ

ਸਿਰਸਾ ਲੋਕ ਸਭਾ ਹਲਕੇ ਤੋਂ ਇੰਡੀਆ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੂੰ 2,68,497 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਆਪਣੇ ਨਾਂ ਕੀਤੀ ਹੈ। ਇਸ ਚੋਣ ’ਚ ਕੁਮਾਰੀ ਸ਼ੈਲਜਾ ਨੂੰ 7,33,823 ਵੋਟਾਂ ਮਿਲੀਆਂ ਜਦੋਂਕਿ ਡਾਕਟਰ ਅਸ਼ੋਕ ਤੰਵਰ ਨੂੰ 4,65,326 ਵੋਟਾਂ ਪ੍ਰਾਪਤ ਹੋਈਆਂ ਹਨ।

ਸਿਰਸਾ ਲੋਕ ਸਭਾ ਹਲਕੇ ਤੋਂ ਜਿਥੇ ਕੁਮਾਰੀ ਸ਼ੈਲਜਾ ਨੇ ਕਾਂਗਰਸ ਦੀ ਟਿਕਟ ’ਤੇ ਤੀਜੀ ਵਾਰ ਜਿੱਤ ਪ੍ਰਾਪਤ ਕਰਕੇ ਹੈਟਰਿਕ ਬਣਾਈ ਹੈ ਉਥੇ ਹੀ ਡਾਕਟਰ ਅਸ਼ੋਕ ਤੰਵਰ ਦੀ ਹਾਰ ਦੀ ਹੈਟਰਿਕ ਬਣ ਗਈ ਹੈ।

ਡਾਕਟਰ ਅਸ਼ੋਕ ਤੰਵਰ ਦੋ ਵਾਰ 2014 ਤੇ 2019 ’ਚ ਕਾਂਗਰਸ ਦੀ ਟਿਕਟ ’ਤੇ ਸਿਰਸਾ ਲੋਕ ਸਭਾ ਹਲਕੇ ਤੋਂ ਹਾਰ ਚੁੱਕੇ ਹਨ ਜਦੋਂਕਿ ਹੁਣ ਤੀਜੀ ਵਾਰ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਪਰ ਭਾਜਪਾ ਉਨ੍ਹਾਂ ਨੂੰ ਜਿੱਤ ਨਾ ਦੇ ਸਕੀ।

ਸਿਰਸਾ ਲੋਕ ਸਭਾ ਹਲਕੇ ਤੋਂ ਇੰਡੀਆ ਗੱਠਜੋੜ ਤੇ ਭਾਜਪਾ ਦੇ ਉਮੀਦਵਾਰਾਂ ਤੋਂ ਇਲਾਵਾ ਜਨ ਨਾਇਕ ਜਨਤਾ ਪਾਰਟੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਸਣੇ 19 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਭਾਜਪਾ ਦੇ ਉਮੀਦਵਾਰ ਤੋਂ ਇਲਾਵਾ ਕਿਸੇ ਵੀ ਉਮੀਦਵਾਰ ਦੀ ਜ਼ਮਾਨਤ ਤੱਕ ਨਹੀਂ ਬਚ ਸਕੀ।

ਇਨੈਲੋ ਦੇ ਉਮੀਦਵਾਰ ਸੰਦੀਪ ਲੋਟ ਨੂੰ 92,453 ਵੋਟਾਂ ਮਿਲੀਆਂ ਜਦੋਂਕਿ ਜਜਪਾ ਦੇ ਰਮੇਸ਼ ਖੱਟਕ ਨੂੰ ਸਿਰਫ਼ 20080 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਹੈ।

ਅਸ਼ੋਕ ਤੰਵਰ ਨੂੰ ਆਖ਼ਰੀ ਮੌਕੇ ਆਮ ਆਦਮੀ ਪਾਰਟੀ ਤੋਂ ਭਾਜਪਾ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਤਾ ਦੱਗਲ ਦੀ ਥਾਂ ਖੜ੍ਹਾ ਕੀਤਾ ਗਿਆ।

ਇਸੇ ਤਰ੍ਹਾਂ ਰਾਨੀਆ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਨੂੰ ਹਿਸਾਰ ਲੋਕ ਸਭਾ ਉਮੀਦਵਾਰ ਵਜੋਂ ਚੁਣਿਆ ਗਿਆ ਅਤੇ ਵਿਧਾਇਕ ਮੋਹਨ ਲਾਲ ਬਡੋਲੀ ਨੂੰ ਸੋਨੀਪਤ ਤੋਂ ਲੋਕ ਸਭਾ ਸੀਟ ਲਈ ਉਮੀਦਵਾਰ ਬਣਾਇਆ ਗਿਆ।

ਭਾਵੇਂ ਕਿ ਖੱਟਰ ਨੇ ਆਪਣੀ ਕਰਨਾਲ ਲੋਕ ਸਭਾ ਸੀਟ ਬਚਾ ਲਈ ਪਰ ਉਹ ਆਪਣੇ ਚੁਣੇ ਹੋਏ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ’ਚ ਅਸਫਲ ਰਹੇ, ਜਿਸ ਦੇ ਨਤੀਜੇ ਵਜੋਂ ਤਿੰਨ ਪ੍ਰਮੁੱਖ ਸੀਟਾਂ ’ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਦੀਪੇਂਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪੇਂਦਰ ਸਿੰਘ ਹੂਡਾ ਨੇ ਭਾਜਪਾ ਦੇ ਅਰਵਿੰਦ ਸ਼ਰਮਾ ਨੂੰ ਹਰਾ ਕੇ 342,834 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ।

ਵੱਡੀ ਜਿੱਤ ਅਤੇ ਹਾਰ

ਰੋਹਤਕ ਤੋਂ ਕਾਂਗਰਸੀ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਨੇ ਭਾਜਪਾ ਦੇ ਅਰਵਿੰਦ ਸ਼ਰਮਾ ਨੂੰ ਹਰਾ ਕੇ 3,42,834 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ।

ਇਹ ਜਿੱਤ ਪੂਰੇ ਸੂਬੇ ’ਚ ਸਭ ਤੋਂ ਵੱਧ ਫ਼ਰਕ ਦੀ ਅਗਵਾਈ ਕਰਦੀ ਹੈ। ਇਸੇ ਤਰ੍ਹਾਂ ਸਿਰਸਾ ਤੋਂ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜ਼ਾ ਨੇ 268,497 ਵੋਟਾਂ ਦੀ ਲੀਡ ਨਾਲ ਜਿੱਤ ਦਰਜ ਕੀਤੀ ਹੈ।

ਵਿਵਾਦਪੂਰਨ ਹਿਸਾਰ ਸੀਟ ’ਤੇ ਕਾਂਗਰਸ ਦੇ ਜੈ ਪ੍ਰਕਾਸ਼ ਨੇ 63,381 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ ਜਦਕਿ ਭਾਜਪਾ ਦੇ ਮਨੋਹਰ ਲਾਲ 2.3 ਲੱਖ ਵੋਟਾਂ ਨਾਲ ਜਿੱਤੇ ਹਨ।

ਇਹ ਵੀ ਪੜ੍ਹੋ-
ਪ੍ਰਦਰਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰ ਦੀ ਅਗਨੀਪੱਥ ਸਕੀਮ ਨੂੰ ਦੇਸ਼ ਭਰ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ

ਅਗਨੀਵੀਰ ਅਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਅਗਾਮੀ ਵਿਧਾਨ ਸਭਾ ਚੋਣਾਂ

ਚੋਣ ਮੁਹਿੰਮ ਦੇ ਦੌਰਾਨ ਨੌਜਵਾਨਾਂ ਲਈ ਚਲਾਈ ਗਈ ਅਗਨੀਪੱਥ ਯੋਜਨਾ ਅਤੇ ਵੱਧਦੀ ਬੇਰੁਜ਼ਗਾਰੀ ਕਾਰਨ ਵੋਟਰਾਂ ’ਚ ਭਾਰੀ ਰੋਸ ਵੇਖਿਆ ਗਿਆ ਸੀ।

ਵੋਟਰਾਂ ਨੇ ਖੁੱਲ੍ਹ ਕੇ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ, ਖ਼ਾਸ ਕਰਕੇ ਪੇਂਡੂ ਖੇਤਰਾਂ ’ਚ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐੱਮਆਈਈ) ਮੁਤਾਬਕ ਜਨਵਰੀ 2023 ਤੱਕ ਹਰਿਆਣਾ ’ਚ ਬੇਰੁਜ਼ਗਾਰੀ ਦਰ ਭਾਰਤ ’ਚ ਸਭ ਤੋਂ ਵੱਧ 37.4 ਫ਼ੀਸਦੀ ਸੀ। ਹਰਿਆਣਾ ’ਚ ਬੇਰੁਜ਼ਗਾਰੀ ਪਿਛਲੇ ਚਾਰ ਦਹਾਕਿਆਂ ’ਤੋਂ ਆਪਣੇ ਸਿਖਰ ’ਤੇ ਪਹੁੰਚ ਗਈ ਹੈ।

ਕੇਂਦਰ ਸਰਕਾਰ ਵੱਲੋਂ ਲਿਆਂਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਪੰਜਾਬ ਦੇ ਕਿਸਾਨਾਂ ਨੇ ਵੱਡੀ ਭੂਮਿਕਾ ਨਿਭਾਈ ਉਥੇ ਹੀ ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ।

ਕਿਸਾਨ ਅੰਦੋਲਨ ਦੌਰਾਨ ਦਿੱਲੀ ਜਾਂਦੇ ਕਿਸਾਨਾਂ ਨੂੰ ਡੱਕਣ ਲਈ ਹਰਿਆਣਾ ਸਰਕਾਰ ਨੇ ਆਪਣੀ ਪੂਰੀ ਤਾਕਤ ਲਾਈ।

ਜਿਥੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਪੁੱਟੀਆਂ ਗਈਆਂ ਤੇ ਕਈ ਥਾਈਂ ਸੜਕਾਂ ’ਤੇ ਤਿੱਖੇ ਸਰੀਏ ਗੱਡੇ ਗਏ ਉੱਥੇ ਹੀ ਪਹਿਲੇ ਤੇ ਦੂਜੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਪਾਣੀ ਦੀਆਂ ਬੁਝਾੜਾਂ, ਅੱਥਰੂ ਗੈਸ ਦੇ ਗੋਲੇ ਦਾਗੇ ਗਏ।

ਇਥੋਂ ਤੱਕ ਕਿ ਕਿਸਾਨਾਂ ’ਤੇ ਸਿੱਧੀਆਂ ਗੋਲੀਆਂ ਵੀ ਚਲਾਈਆਂ ਗਈਆਂ। ਪਹਿਲੇ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ, ਜਿਨ੍ਹਾਂ ਵਿੱਚ ਫ਼ਸਲਾਂ ਦੇ ਐੱਮਐੱਸਪੀ ਤੇ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਮੰਗਾਂ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ’ਚ ਰੋਹ ਲਗਾਤਾਰ ਵੱਧਦਾ ਰਿਹਾ, ਜੋ ਉਨ੍ਹਾਂ ਨੇ ਹੁਣ ਵੋਟ ਦੀ ਸੱਟ ਨਾਲ ਕੱਢਿਆ ਹੈ।

ਉੱਘੇ ਕਿਸਾਨ ਆਗੂ ਤੇ ਸਾਹਿਤਕਾਰ ਸੁਵਰਨ ਸਿੰਘ ਵਿਰਕ ਦੱਸਦੇ ਹਨ ਕਿ ਪਹਿਲੇ ਤੇ ਦੂਜੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਢਾਏ ਗਏ ਤਸ਼ੱਦਦ ਦਾ ਬਦਲਾ ਕਿਸਾਨਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲਿਆ ਹੈ।

ਉਹ ਦੱਸਦੇ ਹਨ ਕਿ ਹਰਿਆਣਾ ’ਚ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨਾਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਲੱਠ ਚੁੱਕਣ ਦੀ ਗੱਲ ਕਹੀ ਸੀ, ਉਸ ਨੂੰ ਹਰਿਆਣੇ ਦੇ ਕਿਸਾਨ ਚੋਣਾਂ ਵਿੱਚ ਨਹੀਂ ਭੁੱਲੇ ਤੇ ਲੱਠ ਚੁੱਕਣ ਦਾ ਬਦਲਾ ਆਪਣੇ ਵੋਟ ਨਾਲ ਲਿਆ ਹੈ।

ਬੇਰੁਜ਼ਗਾਰੀ ਸਾਰੇ ਭਾਈਚਾਰਿਆਂ, ਖ਼ਾਸ ਕਰਕੇ ਖੇਤੀਬਾੜੀ ਨਾਲ ਸਬੰਧਿਤ ਲੋਕਾਂ ਲਈ ਇੱਕ ਗੰਭੀਰ ਮੁੱਦਾ ਸੀ।

ਲੱਖਾਂ ਨੌਜਵਾਨ ਨੌਕਰੀਆਂ ਲਈ ਇਮਿਤਿਹਾਨ ਦੇ ਰਹੇ ਹਨ ਪਰ ਨਤੀਜਾ ਕੁਝ ਵੀ ਨਹੀਂ ਨਿਕਲ ਰਿਹਾ।

ਸੁਮਨ ਤੇ ਪੂਨਮ ਦੋਵੇਂ ਐੱਮਏ ਬੀਐੱਡ ਹਨ। ਉਹ ਦੱਸਦੇ ਹਨ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਮਿਤਿਹਾਨ ਤੋਂ ਇਮਿਤਿਹਾਨ ਦੇ ਰਹੇ ਹਨ ਪਰ ਹਾਸਿਲ ਕੁਝ ਵੀ ਨਹੀਂ ਹੋ ਰਿਹਾ।

ਸੁਮਨ ਨੇ ਕਿਹਾ, “ਕਦੇ ਪੇਪਰ ਲੀਕ ਤੇ ਕਦੇ ਕੋਰਟ ਕੇਸ।”

ਉਹ ਦੱਸਦੇ ਹਨ ਕਿ ਇਨ੍ਹਾਂ ਚੋਣਾਂ ’ਚ ਬੇਰੁਜ਼ਗਾਰੀ ਨੂੰ ਕਾਂਗਰਸ ਨੇ ਇੱਕ ਮੁੱਦਾ ਬਣਾਇਆ ਤੇ ਨੌਜਵਾਨਾਂ ਉਨ੍ਹਾਂ ਦੇ ਹੱਕ ਵਿੱਚ ਭੁਗਤੇ।

“ਮਹਿੰਗਾਈ ਵੀ ਭਾਜਪਾ ਦੀ ਹਾਰ ਦਾ ਇੱਕ ਕਾਰਨ ਰਿਹਾ ਹੈ।”

ਪੂਨਮ ਦਾ ਕਹਿਣਾ ਸੀ ਕਿ ਜਿਹੜੇ ਨੌਜਵਾਨਾਂ ਕੋਲ ਨੌਕਰੀ ਨਹੀਂ ਹੈ, ਉਨ੍ਹਾਂ ’ਤੇ ਮਹਿੰਗਾਈ ਦਾ ਅਸਰ ਰਿਹਾ ਹੈ ਤੇ ਉਨ੍ਹਾਂ ਨੇ ਮਹਿੰਗਾਈ ਦੇ ਚਲਦਿਆਂ ਭਾਜਪਾ ਵਿਰੁੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

 ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂਆਤ ਵਿੱਚ ਖੇਤੀ ਕਾਨੂੰਨ ਲਾਗੂ ਕਰਨ ਪ੍ਰਤੀ ਦਿਖਾਈ ਗਈ ਸਖ਼ਤੀ ਕਿਸਾਨਾਂ ਦੇ ਵਿਰੋਧ ਦਾ ਕਾਰਨ ਬਣੀ

ਪ੍ਰਾਧਾਨ ਮੰਤਰੀ ਤੇ ਖੱਟਰ ਦੇ ਬਿਆਨਬਾਜ਼ੀ

ਸੁਵਰਨ ਸਿੰਘ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਕਹਿਣਾ ਕਿ ਕਾਂਗਰਸ ਵਾਲੇ ਸੱਤਾ ਵਿੱਚ ਆਏ ਤਾਂ ਉਹ ਲੋਕਾਂ ਦੀਆਂ ਮੱਝਾਂ ਚੋਂ ਅੱਧੀਆਂ ਮੱਝਾਂ ਖੋਲ੍ਹ ਕੇ ਲੈ ਜਾਣਗੇ, ਟੂੱਟੀਆਂ ਖੋਲ੍ਹ ਕੇ ਲੈ ਜਾਣਗੇ, ਇਨ੍ਹਾਂ ਬਿਆਨਾਂ ਦਾ ਲੋਕਾਂ ’ਤੇ ਉਲਟਾ ਅਸਰ ਹੋਇਆ ਹੈ ਤੇ ਉਨ੍ਹਾਂ ਨੇ ਵੋਟਾਂ ਪਾ ਕੇ ਭਾਜਪਾ ਦਾ ਵਿਰੁੱਧ ਦਰਸਾ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਤੇ ਸੰਸਥਾਵਾਂ ਦੀ ਕਥਿਤ ਦੁਰਵਰਤੋਂ ਕਰਨ ਕਾਰਨ ਵੀ ਲੋਕਾਂ ’ਚ ਭਾਜਪਾ ਪ੍ਰਤੀ ਭਾਰੀ ਗੁੱਸਾ ਸੀ, ਜੋ ਵੋਟਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੋ ਗਿਆ ਹੈ।

ਡੇਰਾ ਸੱਚਾ ਸੌਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਤੇ ਹਰਿਆਣਾ ਦੀ ਸਿਆਸਤ ਨੂੰ ਡੇਰੇ ਵੀ ਪ੍ਰਭਾਵਿਤ ਕਰਦੇ ਹਨ

ਡੇਰਾ ਫੈਕਟਰ

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਵੱਲੋਂ ਆਪਣਾ ਸਿਆਸੀ ਵਿੰਗ ਸਥਾਪਿਤ ਕੀਤਾ ਹੋਇਆ ਸੀ, ਜੋ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਹੁਣ ਭੰਗ ਕਰ ਦਿੱਤਾ ਗਿਆ ਹੈ।

ਹਰਿਆਣਾ ਤੇ ਪੰਜਾਬ ਵਿੱਚ ਹੁੰਦੀਆ ਚੋਣਾਂ ਦੌਰਾਨ ਡੇਰੇ ਵੱਲੋਂ ਬਣਾਇਆ ਗਿਆ ਸਿਆਸੀ ਵਿੰਗ ਫ਼ੈਸਲੇ ਲੈਂਦਾ ਰਿਹਾ ਹੈ, ਜਿਸ ਕਾਰਨ ਕਈ ਸਿਆਸੀ ਆਗੂ ਡੇਰੇ ’ਚ ਆਉਂਦੇ ਜਾਂਦੇ ਰਹੇ ਹਨ। ਪਰ ਹੁਣ ਡੇਰੇ ਦਾ ਕੋਈ ਜ਼ਿਆਦਾ ਰਸੂਖ ਲੋਕਾਂ ’ਚ ਨਹੀਂ ਰਿਹਾ।

ਹਾਲਾਂਕਿ ਭਾਜਪਾ ਨੇ ਹਰਿਆਣਾ ’ਚ ਇਸ ਚੋਣ ਨੂੰ ਮੋਦੀ ਬਨਾਮ ਰਾਹੁਲ ਗਾਂਧੀ ਬਣਾਉਣ ਦਾ ਬਹੁਤ ਯਤਨ ਕੀਤਾ, ਪਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਭੁਪਿੰਦਰ ਸਿੰਘ ਹੁੱਡਾ ਨੇ ਅਕਤੂਬਰ ਵਿਧਾਨ ਸਭਾ ਚੋਣਾਂ ’ਚ ਜਾਟਲੈਂਡ ਜ਼ਿਲ੍ਹਿਆਂ ’ਚ ਦਬਦਬਾ ਬਣਾਉਣ ਦੀ ਸਫ਼ਲ ਕੋਸ਼ਿਸ਼ ਕੀਤੀ।

ਚੋਣ ਪ੍ਰਚਾਰ ਦੌਰਾਨ ਹੁੱਡਾ ਪਰਿਵਾਰ ਦਾ ਆਮ ਨਾਅਰਾ ਸੀ, “ਮੈਂ ਦਿੱਲੀ ਦੇ ਰਸਤੇ ਚੰਡੀਗੜ੍ਹ ਪਹੁੰਚਾਂਗਾ। ਤੁਸੀਂ ਮੇਰੇ ਪੁੱਤ ਦੀਪੇਂਦਰ ਨੂੰ ਰੋਹਤਕ ਤੋਂ ਜਿਤਾਓ। ਕਾਂਗਰਸ ਸੰਸਦ ਸੀਟ ਦੇ ਜ਼ਰੀਏ ਚੰਡੀਗੜ੍ਹ ਸੀਟ ’ਤੇ ਆਪਣਾ ਕਬਜ਼ਾ ਕਰੇਗੀ।”

ਅਭੈ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭੈ ਚੌਟਾਲਾ

ਆਈਐੱਨਐੱਲਡੀ ਅਤੇ ਜੇਜੇਪੀ ਹਾਸ਼ੀਏ ’ਤੇ

ਅਭੈ ਚੌਟਾਲਾ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਇਸ ਤੋਂ ਵੱਖ ਹੋਏ ਧੜੇ ਅਤੇ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਕਾਫੀ ਹੱਦ ਤੱਕ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ।

ਇਨੈਲੋ ਅਤੇ ਜੇਜੇਪੀ ਨੂੰ ਕ੍ਰਮਵਾਰ 1.75 ਫ਼ੀਸਦੀ ਅਤੇ 0.87 ਫ਼ੀਸਦੀ ਵੋਟ ਸ਼ੇਅਰ ਹੀ ਮਿਲਿਆ ਹੈ।

ਦਿਲਚਸਪ ਗੱਲ ਇਹ ਹੈ ਕਿ ‘ਨਨ ਆਫ਼ ਦਿ ਅਬਵ’ ਯਾਨੀ ਨੋਟਾ ਵਿਕਲਪ ਨੂੰ 0.33 ਫ਼ੀਸਦੀ ਵੋਟਾਂ ਹਾਸਲ ਹੋਈਆਂ ਹਨ, ਜੋ ਕਿ ਜੇਜੇਪੀ ਦੇ ਵੋਟ ਸ਼ੇਅਰ ਨਾਲੋਂ ਥੋੜ੍ਹਾ ਹੀ ਘੱਟ ਹੈ।

ਜੇਜੇਪੀ 2019 ਤੋਂ 2024 ਤੱਕ ਭਾਜਪਾ ਨਾਲ ਗਠਜੋੜ ਦੀ ਭਾਈਵਾਲ ਰਹੀ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਇਨੈਲੋ ਨੂੰ ਆਪਣਾ ਪਾਰਟੀ ਚਿੰਨ੍ਹ ਛੱਡਣਾ ਪੈ ਸਕਦਾ ਹੈ, ਕਿਉਂਕਿ ਉਹ ਲਗਾਤਾਰ ਤਿੰਨ ਚੋਣਾਂ ’ਚ ਲੋੜੀਦਾ 8 ਫ਼ੀਸਦ ਵੋਟ ਸ਼ੇਅਰ ਹਾਸਲ ਕਰਨ ’ਚ ਅਸਫ਼ਲ ਰਹੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)