ਲੋਕ ਸਭਾ ਚੋਣ: ਪੰਜਾਬ ਵਿੱਚੋਂ ਇੱਕ ਵੀ ਸੀਟ ਨਾ ਜਿੱਤ ਸਕਣ ਵਾਲੀ ਭਾਜਪਾ ਕਿਸ ਅਧਾਰ 'ਤੇ 2027 ਨੂੰ ਨਿਸ਼ਾਨਾ ਦੱਸ ਰਹੀ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੰਜਾਬੀ
“ਪੰਜਾਬ ਦੇ ਨਾਲ ਮੇਰਾ ਖ਼ੂਨ ਦਾ ਰਿਸ਼ਤਾ ਹੈ,” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਾਸਤੇ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਨਹੀਂ ਭੇਜਿਆ।
ਪ੍ਰਧਾਨ ਮੰਤਰੀ ਨੇ ਉਪਰੋਕਤ ਬਿਆਨ ਪਟਿਆਲਾ ਰੈਲੀ ਦੌਰਾਨ ਦਿੱਤਾ ਸੀ। ਹਾਲਾਂਕਿ ਭਾਜਪਾ ਦਾ ਪੰਜਾਬ ਵਿੱਚ ਵੋਟ ਫ਼ੀਸਦੀ ਜ਼ਰੂਰ ਵੱਧ ਗਿਆ ਹੈ ਅਤੇ ਉਸ ਨੇ ਇਸ ਮਾਮਲੇ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
1996 ਤੋਂ ਬਾਅਦ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿੱਚ ਇਕੱਲੀ ਮੈਦਾਨ ਵਿੱਚ ਨਿੱਤਰੀ ਸੀ।
2024 ਦੀਆਂ ਆਮ ਚੋਣਾਂ ਵਿੱਚ ਪੰਜਾਬ ਹੀ ਉੱਤਰ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਭਾਜਪਾ ਦਾ ਖਾਤਾ ਨਹੀਂ ਖੁੱਲ੍ਹਿਆ।
ਭਾਜਪਾ ਨੇ ਹਰ ਹੀਲੇ ਨਾਲ ਹਿੰਦੂ ਤੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ ਸਕੀ।
ਪ੍ਰਧਾਨ ਮੰਤਰੀ ਦੀਆਂ ਚਾਰ ਰੈਲੀਆਂ ਵੀ ਭਾਜਪਾ ਲਈ ਕੋਈ ਸਿਆਸੀ ਜ਼ਮੀਨ ਤਿਆਰ ਨਹੀਂ ਕਰ ਸਕੀਆਂ।
ਭਾਜਪਾ ਸੂਬੇ ਦੇ 13 ਹਲਕਿਆਂ ਵਿੱਚੋਂ ਲੁਧਿਆਣਾ, ਗੁਰਦਾਸਪੁਰ, ਜਲੰਧਰ ਵਿਚ ਦੂਜੇ ਸਥਾਨ ’ਤੇ ਰਹੀ ਹੈ ਜਦਕਿ 6 ਹਲਕਿਆਂ, ਅੰਮ੍ਰਿਤਸਰ, ਫ਼ਿਰੋਜ਼ਪੁਰ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਤੀਜੇ ਨੰਬਰ ’ਤੇ ਰਹੀ।
ਇਸੇ ਤਰਾਂ ਭਾਜਪਾ ਬਠਿੰਡਾ, ਖਡੂਰ ਸਾਹਿਬ ਅਤੇ ਸੰਗਰੂਰ ਵਿੱਚ ਚੌਥੇ ਸਥਾਨ ’ਤੇ ਰਹੀ ਹੈ ਅਤੇ ਇਕੱਲਾ ਫ਼ਰੀਦਕੋਟ ਹਲਕਾ ਅਜਿਹਾ ਹੈ, ਜਿੱਥੇ ਭਾਜਪਾ ਪੰਜਵੇਂ ਨੰਬਰ ’ਤੇ ਹੈ ਅਤੇ ਇਸ ਹਲਕੇ ਤੋਂ ਹੰਸ ਰਾਜ ਹੰਸ ਭਾਜਪਾ ਦੇ ਉਮੀਦਵਾਰ ਸਨ।

ਤਸਵੀਰ ਸਰੋਤ, Getty Images
ਪੰਜਾਬ ਵਿੱਚ ਭਾਜਪਾ ਦੀ ਕੀ ਹੈ ਸਥਿਤੀ ਹੈ
ਬੇਸ਼ੱਕ ਭਾਜਪਾ ਪੰਜਾਬ ਵਿੱਚ ਹਾਰ ਗਈ ਪਰ ਉਸ ਦੇ ਵੋਟ ਪ੍ਰਤੀਸ਼ਤ ਵਿੱਚ ਵਾਧਾ ਜ਼ਰੂਰ ਹੋਇਆ ਹੈ। ਸਿਆਸੀ ਮਾਹਰਾਂ ਮੁਤਾਬਕ ਕਿਸਾਨਾਂ ਦਾ ਵਿਰੋਧ ਅਤੇ ਇਕੱਲਿਆਂ ਚੋਣ ਮੈਦਾਨ ਵਿੱਚ ਉੱਤਰਨ ਵਰਗੀਆਂ ਦੋ ਚੁਣੌਤੀਆਂ ਦਾ ਸਾਹਮਣਾ ਭਾਜਪਾ ਨੂੰ ਪੰਜਾਬ ਵਿੱਚ ਕਰਨਾ ਪਿਆ ਹੈ।
2019 ਵਿੱਚ ਭਾਜਪਾ ਨੂੰ ਪੰਜਾਬ ਵਿੱਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਦੋ ਸੀਟਾਂ ਉੱਤੇ ਜਿੱਤ ਮਿਲੀ ਸੀ।
ਇਸ ਵਾਰ ਭਾਵੇਂ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਪਰ ਭਾਜਪਾ ਦਾ ਪੰਜਾਬ ਵਿੱਚ ਵੋਟ ਪ੍ਰਤੀਸ਼ਤ 18.56 ਫ਼ੀਸਦੀ ਰਿਹਾ ਜਦਕਿ ਸ੍ਰੋਮਣੀ ਅਕਾਲੀ ਦਲ ਉਸ ਤੋਂ ਵੀ ਘੱਟ ਮਹਿਜ਼ 13.42 ਫ਼ੀਸਦੀ ਵੋਟਾਂ ਹਾਸਲ ਕਰ ਸਕਿਆ।
ਭਾਜਪਾ ਨੇ ਸ੍ਰੋਮਣੀ ਅਕਾਲੀ ਦਲ ਤੋਂ ਵੱਖ ਕੇ ਪਹਿਲੀ ਵਾਰ ਇਕੱਲੇ ਤੌਰ ਉੱਤੇ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਉਮੀਦਵਾਰ ਖੜੇ ਕੀਤੇ ਸਨ, ਜਿੰਨਾ ਵਿੱਚੋਂ ਸਿਰਫ਼ ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਤੋਂ ਹੀ ਕਾਂਗਰਸ ਨੂੰ ਟੱਕਰ ਦੇ ਸਕੇ ਹਨ।
ਫ਼ਿਰੋਜ਼ਪੁਰ ਸੀਟ ਤੋਂ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਤੀਜੇ ਨੰਬਰ ’ਤੇ ਰਹੇ ਹਨ।
ਯਾਦ ਰਹੇ ਕਿ ਫ਼ਿਰੋਜ਼ਪੁਰ ਸੰਸਦੀ ਸੀਟ ਦੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਦਾ ਚੰਗਾ ਆਧਾਰ ਹੈ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਸ਼ਹਿਰੀ, ਫ਼ਾਜ਼ਿਲਕਾ ਅਤੇ ਅਬੋਹਰ ਪ੍ਰਮੁੱਖ ਹਨ ਅਤੇ ਇੱਥੋਂ ਭਾਜਪਾ ਦੇ ਵਿਧਾਇਕ ਜਿੱਤਦੇ ਵੀ ਰਹੇ ਹਨ।
ਜੇਕਰ ਸੀਟ ਦੇ ਪੱਧਰ ਉੱਤੇ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਪ੍ਰਮੁੱਖ ਤੌਰ ਉੱਤੇ ਮੁਕਾਬਲਾ ਸੀ ਪਰ ਇੱਥੇ ਬਾਜ਼ੀ ਕਾਂਗਰਸ ਦੇ ਹੱਥ ਲੱਗ ਗਈ।
ਜੇਕਰ ਇਸ ਸੀਟ ਦੇ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਦੀ ਹਾਰ ਦਾ ਪ੍ਰਮੁੱਖ ਕਾਰਨ ਪੇਂਡੂ ਹਲਕਿਆਂ ਵਿੱਚ ਵੋਟਾਂ ਘੱਟ ਮਿਲਣਾ ਹੈ।
ਖ਼ਾਸ ਤੌਰ ਉੱਤੇ ਦਾਖਾ ਅਤੇ ਜਗਰਾਉਂ ਹਲਕਿਆਂ ਦੇ ਵੋਟਰਾਂ ਨੇ ਬਿੱਟੂ ਦੀ ਹਾਰ ਵਿੱਚ ਵੱਡਾ ਯੋਗਦਾਨ ਪਾਇਆ।
ਦਾਖਾ ਹਲਕੇ ਵਿੱਚ ਬਿੱਟੂ ਨੂੰ ਮਹਿਜ਼ 7072 ਅਤੇ ਕਾਂਗਰਸ ਨੂੰ 40,276 ਵੋਟਾਂ ਹਾਸਲ ਹੋਈਆਂ ਸਨ। ਇਸ ਤਰਾਂ ਜਗਰਾਉਂ ਵਿੱਚ ਭਾਜਪਾ ਨੂੰ ਸਿਰਫ਼ 12,138 ਵੋਟਾਂ ਅਤੇ ਕਾਂਗਰਸ ਨੂੰ 34,734 ਵੋਟਾਂ ਮਿਲੀਆਂ।
ਹਾਲਾਂਕਿ ਰਵਨੀਤ ਸਿੰਘ ਬਿੱਟੂ ਪੰਜ ਸ਼ਹਿਰੀ ਹਲਕਿਆਂ ਵਿੱਚ ਲੀਡ ਲੈਣ ਵਿੱਚ ਕਾਮਯਾਬ ਰਹੇ ਪਰ ਪੇਂਡੂ ਇਲਾਕਿਆਂ ਵਿੱਚ ਉਨ੍ਹਾਂ ਨੂੰ ਨਿਰਾਸ਼ਾ ਮਿਲੀ ਹੈ। ਸਪੱਸ਼ਟ ਹੈ ਕਿ ਕਿਸਾਨਾਂ ਦਾ ਵਿਰੋਧ ਰਵਨੀਤ ਸਿੰਘ ਬਿੱਟੂ ਦੀ ਹਾਰ ਦਾ ਪ੍ਰਮੁੱਖ ਕਾਰਨ ਹੈ।

ਤਸਵੀਰ ਸਰੋਤ, CHARANJIT SINGH CHANNI/FB
ਜਲੰਧਰ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਨੇ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਪਰ ਇੱਥੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤਣ ਵਿੱਚ ਕਾਮਯਾਬ ਰਹੇ ਜਦੋਂਕਿ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੂਜੇ ਸਥਾਨ ਉੱਤੇ ਰਹੇ।
ਇਸ ਸੀਟ ਉੱਤੇ ਭਾਜਪਾ ਨੂੰ 21.64 ਫ਼ੀਸਦੀ ਵੋਟਾਂ ਹਾਸਿਲ ਹੋਈਆਂ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੂੰ ਮਹਿਜ਼ 6.87 ਫ਼ੀਸਦੀ ਵੋਟਾਂ ਹਾਸਿਲ ਹੋਈਆਂ।
ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਇਸ ਸੀਟ ਉੱਤੇ 21.12 ਫ਼ੀਸਦੀ ਵੋਟਾਂ ਹਾਸਲ ਕਰ ਕੇ ਤੀਜਾ ਸਥਾਨ ਉੱਤੇ ਰਹੇ।
ਪਟਿਆਲਾ ਸੀਟ ਉੱਤੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਕਰੜੀ ਟੱਕਰ ਦਿੱਤੀ।
ਸੀਟ ਭਾਵੇਂ ਕਾਂਗਰਸ ਦੇ ਖਾਤੇ ਵਿੱਚ ਗਈ ਪਰ ਭਾਜਪਾ ਇੱਥੇ 25.09 ਫ਼ੀਸਦੀ ਨਾਲ ਤੀਜੇ ਸਥਾਨ ਉੱਤੇ ਰਹੀ। ਆਪ ਨੂੰ ਪਟਿਆਲਾ ਵਿੱਚ 25.25 ਫ਼ੀਸਦੀ ਵੋਟਾਂ ਮਿਲੀਆਂ।
ਜੇਕਰ ਸੰਗਰੂਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ 12.7 ਫ਼ੀਸਦੀ ਵੋਟਾਂ ਨਾਲ ਚੌਥੇ ਸਥਾਨ ਉੱਤੇ ਰਹੇ।
ਮਾਲਵੇ ਦੀ ਇਸ ਸੀਟ ਉੱਤੇ ਕਿਸਾਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਵੀ ਸ੍ਰੋਮਣੀ ਅਕਾਲੀ ਦਲ ਤੋਂ ਜ਼ਿਆਦਾ ਵੋਟਾਂ ਲੈਣ ਵਿੱਚ ਭਾਜਪਾ ਕਾਮਯਾਬ ਰਹੀ।
ਬਠਿੰਡਾ ਸੀਟ ਉੱਤੇ ਬੇਸ਼ੱਕ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜੇਤੂ ਰਹੀ ਪਰ ਬੇਜੀਪੀ ਨੇ ਇਸ ਸੀਟ ਉੱਤੇ 9.62 ਫ਼ੀਸਦੀ ਵੋਟਾਂ ਹਾਸਲ ਕੀਤੀਆਂ।
ਇਸ ਸੀਟ ਉੱਤੇ ਭਾਜਪਾ ਨੂੰ ਉਮੀਦ ਦੇ ਮੁਤਾਬਕ ਵੋਟਾਂ ਹਾਸਲ ਨਹੀਂ ਹੋਈਆ।
ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਜਿਸ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਬਾਵਜੂਦ ਹੰਸ ਰਾਜ ਹੰਸ ਨੇ ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 12 ਫ਼ੀਸਦੀ ਤੋਂ ਵੱਧ ਵੋਟ ਹਾਸਲ ਕਰ ਕੇ ਰਿਕਾਰਡ ਬਣਾਇਆ ਹੈ।
ਅਕਾਲੀ ਦਲ ਬਾਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ 1 ਲੱਖ 38 ਹਜ਼ਾਰ ਵੋਟ ਹਾਸਲ ਕੀਤੀ ਹੈ ਜਦਕਿ ਹੰਸ ਰਾਜ ਹੰਸ ਨੇ 1 ਲੱਖ 24 ਹਜ਼ਾਰ ਵੋਟ ਹਾਸਲ ਕੀਤੀ। ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 13.65 ਫ਼ੀਸਦੀ ਵੋਟ ਪਈ ਜਦੋਂਕਿ ਹੰਸ ਰਾਜ ਹੰਸ ਨੂੰ 12.21 ਪ੍ਰਤੀਸ਼ਤ ਵੋਟ ਹਾਸਲ ਹੋਈ।

ਤਸਵੀਰ ਸਰੋਤ, Getty Images
ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ 17 ਹਜ਼ਾਰ ਵੋਟ ਹਾਸਲ ਹੋਈ ਸੀ ਜਦੋਂਕਿ ਇਸ ਵਾਰੀ 9 ਹਲਕਿਆਂ ਵਿੱਚੋਂ ਭਾਜਪਾ ਉਮੀਦਵਾਰ ਨੂੰ 1 ਲੱਖ 24 ਹਜ਼ਾਰ ਵੋਟ ਹਾਸਲ ਹੋਈ।
ਖਡੂਰ ਸਾਹਿਬ ਸੀਟ ਪੰਥਕ ਹੋਣ ਦੇ ਬਾਵਜੂਦ ਇੱਥੇ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ 86 ਹਜ਼ਾਰ 373 ਵੋਟਾਂ ਲੈਣ ਵਿੱਚ ਕਾਮਯਾਬ ਰਿਹਾ। ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਵੋਟ ਫ਼ੀਸਦੀ ਬਰਾਬਰ 8.25 ਫ਼ੀਸਦੀ ਰਿਹਾ ਹੈ।
ਅੰਮ੍ਰਿਤਸਰ ਸੀਟ ਉੱਤੇ ਬੇਸ਼ੱਕ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤਣ ਵਿੱਚ ਕਾਮਯਾਬ ਰਹੇ ਪਰ ਇੱਥੇ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੋ ਲੱਖ ਤੋਂ ਵੱਧ ਵੋਟਾਂ ਲੈ ਕੇ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਦਾ ਵੋਟ ਪ੍ਰਤੀਸ਼ਤ 22.88 ਫ਼ੀਸਦੀ ਰਿਹਾ।
ਖ਼ਾਸ ਗੱਲ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਇਸ ਸੀਟ ਉੱਤੇ ਵੀ ਚੌਥੇ ਸਥਾਨ ਉੱਤੇ ਰਿਹਾ।
ਦੁਆਬਾ ਦੀ ਸੀਟ ਹੁਸ਼ਿਆਰਪੁਰ 2014 ਅਤੇ 2019 ਵਿੱਚ ਭਾਜਪਾ ਦੇ ਖਾਤੇ ਵਿੱਚ ਗਈ ਪਰ 2024 ਵਿੱਚ ਇਸ ਸੀਟ ਉੱਤੇ ਭਾਜਪਾ 21.09 ਫ਼ੀਸਦੀ ਵੋਟਾਂ ਨਾਲ ਤੀਜੇ ਸਥਾਨ ਉੱਤੇ ਉੱਤੇ ਰਹੀ।
ਆਨੰਦਪੁਰ ਸਾਹਿਬ ਸੀਟ ਦਾ ਨਤੀਜਾ ਵੀ ਕਾਫ਼ੀ ਹੈਰਾਨੀਜਨਕ ਰਿਹਾ। ਭਾਜਪਾ ਸਭ ਤੋਂ ਲੇਟ ਇਸ ਸੀਟ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਭਾਜਪਾ ਇਸ ਸੀਟ ਉੱਤੇ 17.32 ਫ਼ੀਸਦੀ ਵੋਟਾਂ ਨਾਲ ਤੀਜਾ ਸਥਾਨ ਉੱਤੇ ਰਹੀ। ਸ਼੍ਰੋਮਣੀ ਅਕਾਲੀ ਦਲ ਇੱਥੇ ਵੀ ਚੌਥੇ ਸਥਾਨ ਉੱਤੇ ਰਹੀ।
ਫਤਹਿਗੜ ਸੀਟ ਉੱਤੇ ਭਾਜਪਾ ਨੇ ਗੇਜਾ ਰਾਮ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਇੱਥੇ ਵੀ ਭਾਜਪਾ 13.09 ਫ਼ੀਸਦੀ ਵੋਟਾਂ ਦੇ ਨਾਲ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੀ।

ਕੀ ਹੈ ਭਾਜਪਾ ਦਾ ਪੰਜਾਬ ਵਿੱਚ ਸਿਆਸੀ ਭਵਿੱਖ
ਭਾਜਪਾ ਨੇ 2009 ਵਿੱਚ ਇੱਕ ਸੀਟ, 2019 ਅਤੇ 2014 ਵਿੱਚ ਦੋ-ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਭਾਜਪਾ ਦੇ ਪੰਜਾਬ ਵਿੱਚ ਵੋਟ ਫ਼ੀਸਦੀ ’ਤੇ ਨਜ਼ਰ ਮਾਰੀਏ ਤਾਂ 2019 ਵਿਚ 9.7 ਫ਼ੀਸਦੀ ਵੋਟ ਹਾਸਲ ਕੀਤੇ ਸਨ ਅਤੇ ਹੁਣ ਇਹ ਦਰ ਵੱਧ ਕੇ 18.56 ਫ਼ੀਸਦੀ ਹੋ ਗਈ ਹੈ।
ਇਸ ਤੋਂ ਸਾਫ਼ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਨੇ ਆਪਣੇ ਵੋਟ ਸ਼ੇਅਰ ਵਿਚ 8.86 ਫ਼ੀਸਦੀ ਦਾ ਵਾਧਾ ਕੀਤਾ ਹੈ।
ਹਾਲਾਂਕਿ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਸੀ। ਸਿਆਸੀ ਮਾਹਰ ਦੱਸਦੇ ਹਨ ਕਿ ਭਾਜਪਾ ਨੇ ਪੰਜਾਬ ਵਿਚ ਸ਼ਹਿਰੀ ਵੋਟ ਬੈਂਕ ਅਤੇ ਦਲਿਤ ਵੋਟ ਬੈਂਕ ’ਤੇ ਹੀ ਫੋਕਸ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਹੈ।
ਭਾਜਪਾ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਚੋਣ ਜ਼ਰੂਰ ਲੜ ਰਹੀ ਹੈ ਪਰ ਉਸ ਦਾ ਧਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ,“ਭਾਜਪਾ ਪੰਜਾਬ ਵਿੱਚ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਵਿੱਚ ਨਾਕਾਮ ਰਹੀ ਹੈ ਕਿ ਉਹ ਕਿਸਾਨਾਂ ਦੀ ਹਮਾਇਤੀ ਹੈ, ਜਿਸ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇ 6 ਹਜ਼ਾਰ ਰੁਪਏ ਸਾਲਾਨਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।”

ਤਸਵੀਰ ਸਰੋਤ, Getty Images
ਪਾਰਟੀਆਂ ਦਾ ਹਾਲ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੇਕਰ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਆਧਾਰ ਉੱਤੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ 32, ਕਾਂਗਰਸ ਨੂੰ 38, ਸ਼੍ਰੋਮਣੀ ਅਕਾਲੀ ਦਲ ਨੂੰ 9 ਅਤੇ ਭਾਜਪਾ ਨੂੰ 23 ਵਿਧਾਨ ਸਭਾ ਹਲਕਿਆਂ ਵਿੱਚ ਸਫਲਤਾ ਮਿਲੀ ਹੈ।
ਇਸ ਤੋਂ ਇਲਾਵਾ 15 ਹਲਕਿਆਂ ਵਿੱਚ ਆਜ਼ਾਦ ਉਮੀਦਵਾਰ ਲੀਡ ਲੈਣ ਵਿੱਚ ਕਾਮਯਾਬ ਰਹੇ।
ਸਿਆਸੀ ਮਾਹਰਾਂ ਮੁਤਾਬਕ ਭਾਜਪਾ ਦੇ ਲਈ ਪੰਜਾਬ ਦੀ ਸਿਆਸਤ ਵਿੱਚ ਪੈਰ ਜਮਾਉਣਾ ਇੰਨਾ ਸੌਖਾ ਨਹੀਂ ਹੈ ਕਿਉਂਕਿ ਜਦੋਂ ਤੱਕ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਉਸ ਦੇ ਸਟੈਂਡ ਸਪਸ਼ਟ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਵਿੱਚ ਭਾਜਪਾ ਨੂੰ ਸਫ਼ਲਤਾ ਮਿਲਣੀ ਔਖੀ ਹੈ।
ਮਾਹਰਾਂ ਮੁਤਾਬਕ ਕੇਂਦਰ ਅਤੇ ਪੰਜਾਬ ਦੇ ਮੁੱਦੇ ਵੱਖ ਵੱਖ ਹਨ, ਦੋਵਾਂ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ।
ਮਾਹਰ ਆਖਦੇ ਹਨ ਕਿ ਅਕਾਲੀ ਦਲ ਤੋਂ ਜਿਆਦਾ ਭਾਜਪਾ ਨੂੰ ਪੰਜਾਬ ਵਿੱਚ ਵੋਟ ਮਿਲਣ ਦਾ ਮਤਲਬ ਇਹ ਵੀ ਹੈ ਕਿ ਪਾਰਟੀ ਨੇ ਪੰਜਾਬ ਵਿੱਚ ਮਿਹਨਤ ਬਹੁਤ ਕੀਤੀ ਹੈ ਅਤੇ ਲੋਕਾਂ ਤੱਕ ਆਪਣੀ ਪਹੁੰਚ ਬਣਾਈ ਹੈ।
ਸੀਨੀਅਰ ਪੱਤਰਕਾਰ ਅਤੁੱਲ ਸੰਗਰ ਆਖਦੇ ਹਨ ਕਿ ਭਾਵੇਂ ਭਾਜਪਾ ਕੋਈ ਵੀ ਸੀਟ ਪੰਜਾਬ ਵਿੱਚ ਜਿੱਤ ਨਹੀਂ ਸਕੀ ਪਰ ਵੋਟ ਫ਼ੀਸਦੀ ਵੱਧਣਾ ਦਰਸਾਉਂਦਾ ਹੈ ਕਿ ਉਹ ਪੰਜਾਬ ਨੂੰ ਲੈ ਕੇ ਗੰਭੀਰ ਹੈ।
ਅਤੁੱਲ ਸੰਗਰ ਮੁਤਾਬਕ ਭਾਜਪਾ ਨੇ ਪੰਜਾਬ ਵਿੱਚ ਬਹੁਤ ਜ਼ੋਰ ਲਗਾਇਆ, ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਤੱਕ ਵੀ ਪਹੁੰਚ ਕੀਤੀ, ਸਿੱਖ ਉਮੀਦਵਾਰ ਉਤਾਰੇ ਅਤੇ ਇਸੇ ਕਰ ਕੇ ਪਾਰਟੀ ਦੀ ਵੋਟ ਫ਼ੀਸਦੀ ਵਿੱਚ ਵਾਧਾ ਹੋਇਆ ਹੈ।
ਅਤੁੱਲ ਮੁਤਾਬਕ ਭਾਜਪਾ ਦਾ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਹਨ ਅਤੇ ਇਸੇ ਲਈ ਪਾਰਟੀ ਜ਼ੋਰ ਲੱਗਾ ਰਹੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਜਗਰੂਪ ਸੇਖੋਂ ਮੰਨਦੇ ਹਨ ਕਿ ਜੇਕਰ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਇਨ੍ਹਾਂ ਦੀਆਂ ਆਸਾਂ ਪੂਰੀਆਂ ਹੋਣ ਦੀ ਉਮੀਦ ਬੱਝ ਸਕਦੀ ਹੈ।












