ਵੱਡੀ ਉਮਰ ’ਚ ਆਈਵੀਐੱਫ਼: ਕਿਸ ਉਮਰ ਤੋਂ ਬਾਅਦ ਬੱਚਾ ਪੈਦਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ

ਆਈਵੀਐੱਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਭ ਅਵਸਥਾ ਦੌਰਾਨ ਦਿਲ ਦਾ ਦਬਾਅ ਅਤੇ ਬੀਪੀ ਵੱਧਦਾ ਹੈ।

"ਇਹ ਇੱਕ ਚਮਤਕਾਰ ਹੈ।"

ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ 29 ਨਵੰਬਰ ਨੂੰ ਆਈਵੀਐੱਫ ਤਕਨੀਕ ਦੀ ਮਦਦ ਨਾਲ ਜੌੜੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ 70 ਸਾਲਾ ਸਫੀਨਾ ਨਮੁਕਵਾਯਾ ਦੇ ਮੂੰਹ ਵਿੱਚੋਂ ਇਹ ਪਹਿਲਾ ਵਾਕ ਨਿਕਲਿਆ।

ਸਫੀਨਾ ਇਸ ਅਫਰੀਕੀ ਦੇਸ਼ ਵਿੱਚ ਬੱਚੇ ਨੂੰ ਜਨਮ ਦੇਣ ਵਾਲੀਆਂ ਸਭ ਤੋਂ ਬਜ਼ੁਰਗ ਔਰਤਾਂ ਵਿੱਚੋਂ ਇੱਕ ਹੈ।

ਉਹਨਾਂ ਨੇ ਮਹਿਲਾ ਹਸਪਤਾਲ ਇੰਟਰਨੈਸ਼ਨਲ ਐਂਡ ਫਰਟੀਲਿਟੀ ਸੈਂਟਰ ਵਿੱਚ ਸਿਜੇਰੀਅਨ ਆਪ੍ਰੇਸ਼ਨ ਰਾਹੀਂ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਨਮ ਦਿੱਤਾ।

ਫਰਟੀਲਿਟੀ ਦੇ ਮਾਹਿਰ ਡਾਕਟਰ ਐਡਵਰਡ ਤਮਲੇ ਸਾਲਿ ਨੇ ਬੀਬੀਸੀ ਨੂੰ ਦੱਸਿਆ ਕਿ ਸਫੀਨਾ ਨੇ ਡੋਨਰ ਦੇ ਅੰਡੇ ਅਤੇ ਆਪਣੇ ਪਤੀ ਦੇ ਸ਼ੁਕਰਾਣੂ ਦੀ ਮਦਦ ਨਾਲ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਹੈ।

ਸਫੀਨਾ ਨਮੁਕਵਾਯਾ ਨੇ ਤਿੰਨ ਸਾਲ ਪਹਿਲਾਂ ਸਾਲ 2020 ਵਿੱਚ ਇਸੇ ਤਰ੍ਹਾਂ ਇੱਕ ਬੱਚੀ ਨੂੰ ਜਨਮ ਦਿੱਤਾ ਸੀ।

ਇੰਨੀ ਵੱਡੀ ਉਮਰ ਵਿੱਚ ਮਾਂ ਬਣਨ ਦਾ ਇੱਕੋ ਇੱਕ ਕਾਰਨ ਸੀ ਕਿ ਉਹ ਬੇਔਲਾਦ ਹੋਣ ਦੇ ਤਾਅਨੇ-ਮਿਹਣਿਆਂ ਤੋਂ ਪ੍ਰੇਸ਼ਾਨ ਸੀ।

ਸਫੀਨਾ ਵਾਂਗ ਬਨਾਸਕਾਂਠਾ (ਗੁਜਰਾਤ) ਦੀ ਰਹਿਣ ਵਾਲੀ ਗੀਤਾ ਬੇਨ (ਬਦਲਿਆ ਹੋਇਆ ਨਾਂ) ਨੂੰ ਵੀ ਬੱਚੇ ਨਾ ਹੋਣ ਕਾਰਨ ਸਮਾਜ ਦੇ ਕਈ ਤਾਅਨੇ ਝੱਲਣੇ ਪਏ ਸਨ।

ਆਖਰਕਾਰ, ਉਸ ਨੇ ਆਈਵੀਐੱਫ ਦਾ ਸਹਾਰਾ ਲਿਆ ਅਤੇ 2016 ਵਿੱਚ ਇੱਕ ਬੱਚੇ ਦੀ ਮਾਂ ਬਣ ਗਈ।

ਬੱਚੇ ਨਾ ਹੋਣ ਦੇ ਦਰਦ ਨੂੰ ਦੂਰ ਕਰਨ ਵਾਲੀ ਤਕਨੀਕ

ਏਆਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸਾਲ 2021 ਵਿੱਚ ਇੱਕ ਨਵਾਂ ਕਾਨੂੰਨ ਅਸਿਸਟੈਂਟ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਲਾਗੂ ਹੋਇਆ ਸੀ।

ਗੀਤਾ ਬੇਨ ਨੇ ਬੀਬੀਸੀ ਸਹਿਯੋਗੀ ਆਰ ਦਿਵੇਦੀ ਨੂੰ ਦੱਸਿਆ ਕਿ ਉਹ ਵਿਆਹ ਦੇ 25 ਸਾਲ ਬਾਅਦ ਮਾਂ ਬਣੀ। ਉਸ ਸਮੇਂ ਉਨ੍ਹਾਂ ਦੀ ਉਮਰ 42 ਸਾਲ ਦੇ ਕਰੀਬ ਸੀ।

ਹੁਣ ਉਹ ਆਪਣੇ ਪਤੀ ਮਨੋਜ ਕੁਮਾਰ (ਬਦਲਿਆ ਹੋਇਆ ਨਾਮ) ਅਤੇ ਸੱਤ ਸਾਲ ਦੇ ਬੇਟੇ ਨਾਲ ਬਹੁਤ ਖੁਸ਼ ਹਨ।

ਮਨੋਜ ਕੁਮਾਰ ਦੱਸਦੇ ਹਨ ਕਿ ਵਿਆਹ ਦੇ ਇੰਨੇ ਸਾਲ ਬਾਅਦ ਵੀ ਬੱਚਾ ਨਾ ਹੋਣ 'ਤੇ ਲੋਕ ਉਹਨਾਂ ਨੂੰ ਵਾਰ-ਵਾਰ ਟੋਕਦੇ ਰਹਿੰਦੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਵਿਆਹਾਂ ਵਿੱਚ ਜਾਣਾ ਵੀ ਬੰਦ ਕਰ ਦਿੱਤਾ ਸੀ।

ਆਈਵੀਐੱਫ ਤਕਨੀਕ ਕੀ ਹੈ?

ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਨਯਨਾ ਪਟੇਲ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ 1978 'ਚ ਹੋਈ ਸੀ, ਜਦੋਂ ਲੈਸਲੀ ਬ੍ਰਾਊਨ ਟੈਸਟ ਟਿਊਬ ਬੇਬੀ ਨੂੰ ਜਨਮ ਦੇਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ ਸੀ।

ਗੁਜਰਾਤ ਦੇ ਆਨੰਦ ਵਿੱਚ ਆਕਾਂਕਸ਼ਾ ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾ. ਪਟੇਲ ਦਾ ਕਹਿਣਾ ਹੈ, "ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।"

ਉਹ ਅੱਗੇ ਦੱਸਦੇ ਹਨ, “ਇਸ ਦੌਰਾਨ ਅਸੀਂ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂ ਨੂੰ ਫਰਟਾਇਲ ਕਰਦੇ ਹਾਂ। ਜਦੋਂ ਭਰੂਣ ਤਿਆਰ ਹੁੰਦਾ ਹੈ, ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਹੈ। ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ਅਤੇ ਔਰਤਾਂ ਤੋਂ ਬਾਂਝਪਨ ਦਾ ਕਲੰਕ ਦੂਰ ਕੀਤਾ ਹੈ।"

ਉਹ 1991 ਵਿੱਚ ਆਈ ਇਸ ਕ੍ਰਾਂਤੀ ਦੇ ਦੂਜੇ ਪੜਾਅ ਦੀ ਇੰਟਰਾਸਾਈਟੋਪਲਾਸਮਿਕ ਸਪਰਮ ਇੰਜੈਕਸ਼ਨ (ICSI) ਤਕਨੀਕ ਦਾ ਵਰਣਨ ਕਰਦੇ ਹਨ।

ਉਨ੍ਹਾਂ ਅਨੁਸਾਰ, "ਆਈਸੀਐੱਸਆਈ ਨੇ ਉਨ੍ਹਾਂ ਜੋੜਿਆਂ ਲਈ ਮਾਤਾ-ਪਿਤਾ ਬਣਨਾ ਆਸਾਨ ਬਣਾ ਦਿੱਤਾ ਹੈ, ਜਿਨ੍ਹਾਂ ਵਿੱਚ ਮਰਦਾਂ ਦੇ ਸ਼ੁਕਰਾਣੂਆਂ ਦੀ ਘੱਟ ਜਾਂ ਮਾੜੀ ਗੁਣਵੱਤਾ ਹੁੰਦੀ ਹੈ। ਇਸ ਨੇ ਦਾਨ ਦੇ ਸ਼ੁਕਰਾਣੂ ਦੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤੀ ਹੈ।"

ਇਹੀ ਕਾਰਨ ਹੈ ਕਿ ਲੋਕ ਹੁਣ ਇਸ ਨੂੰ ਬਿਨਾਂ ਝਿਜਕ ਅਪਣਾ ਰਹੇ ਹਨ।

ਕੀ ਇਹ ਬਹੁਤਾ ਆਸਾਨ ਹੈ?

ਆਈਵੀਐੱਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2016 ਵਿੱਚ ਪੰਜਾਬ ਦੀ 72 ਸਾਲਾ ਦਲਜਿੰਦਰ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ।

ਪਰ ਸਭ ਕੁਝ ਇੰਨਾ ਵੀ ਆਸਾਨ ਨਹੀਂ ਹੈ।

ਪਿਛਲੇ ਕੁਝ ਸਾਲਾਂ ਵਿੱਚ ਆਈਵੀਐੱਫ਼ ਦਾ ਰੁਝਾਨ ਬਹੁਤ ਵਧਿਆ ਹੈ, ਪਰ ਇਹ ਹਰ ਵਾਰ ਨਹੀਂ ਹੁੰਦਾ ਕਿ ਕੋਈ ਇਸ ਪ੍ਰਕਿਰਿਆ ਰਾਹੀਂ ਮਾਤਾ-ਪਿਤਾ ਬਣ ਜਾਵੇ। ਕਈ ਵਾਰ ਇਸ ਦੇ ਕੇਸ ਵੀ ਫੇਲ ਹੋ ਜਾਂਦੇ ਹਨ।

ਡਾਕਟਰ ਪਟੇਲ ਕਹਿੰਦੇ ਹਨ, "ਕਈ ਵਾਰ ਜੋੜਿਆਂ ਨੂੰ ਪਹਿਲੀ ਵਾਰ ਖੁਸ਼ੀ ਮਿਲ ਜਾਂਦੀ ਹੈ ਅਤੇ ਕਈ ਵਾਰ ਇਹ ਪ੍ਰਕਿਰਿਆ ਬਹੁਤ ਲੰਬੀ ਸਾਬਤ ਹੁੰਦੀ ਹੈ।"

ਗੀਤਾ ਬੇਨ ਦੱਸਦੀ ਹੈ ਕਿ ਆਈਵੀਐੱਫ਼ ਤੋਂ ਪਹਿਲਾਂ ਵੀ ਉਸ ਦਾ ਕਾਫੀ ਇਲਾਜ ਹੋਇਆ ਸੀ। ਪਰ ਫਿਰ ਜਦੋਂ ਆਈਵੀਐੱਫ਼ ਦਾ ਸਹਾਰਾ ਲਿਆ ਤਾਂ ਇਹ ਵੀ ਲਗਭਗ ਦੋ ਸਾਲਾਂ ਬਾਅਦ ਸਫਲ ਹੋਇਆ।

ਅੱਠ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਉਹ ਨੌਵੀਂ ਵਾਰ ਗਰਭਵਤੀ ਹੋਈ ਪਰ ਕੁਝ ਮਹੀਨਿਆਂ ਬਾਅਦ ਉਹਨਾਂ ਦਾ ਗਰਭਪਾਤ ਹੋ ਗਿਆ। ਫਿਰ, ਦਸਵੇਂ ਵਾਰ ਵਿੱਚ ਉਹ ਇੱਕ ਬੱਚੇ ਨੂੰ ਜਨਮ ਦੇਣ ਦੇ ਯੋਗ ਹੋਈ ਸੀ।

ਗੀਤਾ ਬੇਨ ਸਹਿਜ ਕਾਰਨ ਆਪਣਾ ਇਲਾਜ ਕਰਵਾ ਸਕੇ ਅਤੇ ਉਹਨਾਂ ਦੇ ਪਤੀ ਮਨੋਜ ਕੁਮਾਰ ਹਰ ਕਦਮ 'ਤੇ ਉਹਨਾਂ ਦੇ ਨਾਲ ਰਹੇ। ਬਹੁਤ ਸਾਰੇ ਮਾਮਲਿਆਂ ਵਿੱਚ, ਮਾਂ ਬਣਨ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਨੂੰ ਪਰਿਵਾਰ ਦਾ ਸਮਰਥਨ ਨਹੀਂ ਮਿਲਦਾ।

ਆਈਵੀਐੱਫ਼

ਕੀ ਇਹ ਸਫਲਤਾ ਦੀ ਗਾਰੰਟੀ ਹੈ?

ਇਸ 'ਤੇ ਡਾ. ਨਯਨਾ ਪਟੇਲ ਦਾ ਕਹਿਣਾ ਹੈ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ 'ਚ 80 ਫੀਸਦੀ ਸਫਲਤਾ ਮਿਲਦੀ ਹੈ।

ਜੇਕਰ ਔਰਤਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਵੇ ਤਾਂ ਬੱਚਾ ਹੋਣ ਦੀ ਸੰਭਾਵਨਾ 60 ਫੀਸਦੀ ਤੱਕ ਹੁੰਦੀ ਹੈ। ਜੇਕਰ ਉਮਰ 40 ਸਾਲ ਤੋਂ ਉੱਪਰ ਹੈ ਤਾਂ 18 ਤੋਂ 20 ਫ਼ੀਸਦੀ ਮਾਮਲਿਆਂ ਵਿੱਚ ਹੀ ਸਫ਼ਲਤਾ ਮਿਲਦੀ ਹੈ।

ਭਾਵਨਾਤਮਕ ਉਤਰਾਅ-ਚੜ੍ਹਾਅ ਵੱਡੀ ਚੁਣੌਤੀ

ਦਿੱਲੀ ਦੇ ਬਲੂਮ ਆਈਵੀਐੱਫ ਸੈਂਟਰ ਦੇ ਆਈਵੀਐੱਫ ਮਾਹਿਰ ਡਾਕਟਰ ਸੁਨੀਤਾ ਅਰੋੜਾ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਜੋੜੇ ਅਕਸਰ ਭਾਵਨਾਤਮਕ ਤੌਰ 'ਤੇ ਟੁੱਟ ਜਾਂਦੇ ਹਨ।

ਬੱਚਾ ਨਾ ਹੋਣ 'ਤੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦਾ ਅੰਦਾਜ਼ਾ ਮਨੋਜ ਕੁਮਾਰ ਦੀ ਇਸ ਟਿੱਪਣੀ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ।

ਡਾ. ਅਰੋੜਾ ਕਹਿੰਦੇ ਹਨ, "ਉਹਨਾਂ ਦੇ ਮਨਾਂ 'ਤੇ ਇਹ ਹਾਵੀ ਹੁੰਦਾ ਹੈ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕੁਦਰਤੀ ਨਹੀਂ ਹੈ। ਇਲਾਜ ਕਰਦੇ ਸਮੇਂ ਅਸੀਂ ਸਭ ਤੋਂ ਵੱਧ ਧਿਆਨ ਇਹੋ ਰੱਖਦੇ ਹਾਂ ਕਿ ਮਰੀਜ਼ ਸਕਾਰਾਤਮਕ ਰਹੇ।”

ਉਹ ਕਹਿੰਦੇ ਹਨ, ''ਉਂਝ ਵੀ ਗਰਭ ਅਵਸਥਾ ਦੌਰਾਨ ਸਰੀਰਕ ਬਦਲਾਅ ਕਾਰਨ ਔਰਤਾਂ ਦਾ ਮਨੋਬਲ ਵਧਾਉਣ ਦੀ ਲੋੜ ਹੁੰਦੀ ਹੈ। ਅਜਿਹੇ 'ਚ ਡਾਕਟਰ ਆਪਣੇ ਪੱਧਰ 'ਤੇ ਕਾਊਂਸਲਿੰਗ ਕਰਦੇ ਹਨ। ਭਾਵਨਾਤਮਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰ ਆਈਵੀਐੱਫ ਕੇਂਦਰ ਲਈ ਇੱਕ ਕਾਉਂਸਲਰ ਹੋਣਾ ਕਾਨੂੰਨ ਤੌਰ ’ਤੇ ਲਾਜ਼ਮੀ ਹੈ।”

ਅਜਿਹੇ ਕਈ ਮਾਮਲੇ ਭਾਰਤ ਵਿੱਚ ਵੀ ਸੁਰਖੀਆਂ ’ਚ ਰਹੇ ਹਨ।

  • ਸਾਲ 2016 ਵਿੱਚ ਪੰਜਾਬ ਦੀ 72 ਸਾਲਾ ਦਲਜਿੰਦਰ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ।
  • ਆਂਧਰਾ ਪ੍ਰਦੇਸ਼ ਵਿੱਚ 2019 ’ਚ 74 ਸਾਲਾ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ।
  • ਰਾਜਸਥਾਨ ਵਿੱਚ 2022 ’ਚ ਇੱਕ 75 ਸਾਲਾ ਵਿਅਕਤੀ ਅਤੇ ਉਸਦੀ 70 ਸਾਲਾ ਪਤਨੀ ਨੂੰ 54 ਸਾਲ ਬਾਅਦ ਬੱਚੇ ਦੀ ਖੁਸ਼ੀ ਮਿਲੀ ਸੀ।

ਕਾਨੂੰਨ ਵੱਲੋਂ ਤੈਅ ਕੀਤੀ ਉਮਰ ਹੱਦ

ਆਈਵੀਐੱਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ 'ਤੇ ਡਾ ਨਯਨਾ ਪਟੇਲ ਦਾ ਕਹਿਣਾ ਹੈ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ 'ਚ 80 ਫੀਸਦੀ ਸਫਲਤਾ ਮਿਲਦੀ ਹੈ।

ਭਾਰਤ ਵਿੱਚ ਸਾਲ 2021 ਵਿੱਚ ਇੱਕ ਨਵਾਂ ਕਾਨੂੰਨ ਅਸਿਸਟੈਂਟ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਐਕਟ ਲਾਗੂ ਹੋਇਆ ਸੀ।

ਡਾ. ਸੁਨੀਤਾ ਅਰੋੜਾ ਇਸ ਕਾਨੂੰਨ ਦੇ ਤਹਿਤ ਆਈਵੀਐੱਫ ਦੀ ਮਦਦ ਲੈਣ ਵਾਲੀ ਮਾਂ ਦੀ ਵੱਧ ਤੋਂ ਵੱਧ ਉਮਰ 50 ਸਾਲ ਅਤੇ ਪਿਤਾ ਦੀ ਉਮਰ 55 ਸਾਲ ਕਰਨ ਦਾ ਸਮਰਥਨ ਕਰਦੇ ਹਨ।

ਡਾ. ਅਰੋੜਾ ਕਹਿੰਦੇ ਹਨ, “ਵੱਧ ਉਮਰ ਤੈਅ ਕਰਨ ਦਾ ਇੱਕ ਕਾਰਨ ਬੱਚੇ ਦੇ ਪਾਲਣ ਪੋਸ਼ਨ ਨਾਲ ਜੁੜਿਆ ਹੋਇਆ ਹੈ। ਮੰਨ ਲਓ ਜਦੋਂ ਬੱਚਾ 15-20 ਸਾਲ ਦਾ ਹੋ ਜਾਂਦਾ ਹੈ ਅਤੇ ਮਾਂ-ਬਾਪ ਦੀ ਉਮਰ 70 ਸਾਲ ਤੋਂ ਵੱਧ ਜਾਂਦੀ ਹੈ, ਤਾਂ ਉਹ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਣਗੇ? ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ 50 ਸਾਲ ਤੋਂ ਬਾਅਦ ਮਾਂ ਬਣਨਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।”

ਉਹ ਕਹਿੰਦੇ ਹਨ, “45 ਸਾਲ ਤੋਂ ਵੱਧ ਉਮਰ ਦੇ ਆਈਵੀਐੱਫ਼ ਦੇ ਮਾਮਲਿਆਂ ਵਿੱਚ ਅਸੀਂ ਮੈਡੀਕਲ ਸਿਹਤ ਵੱਲ ਬਹੁਤ ਧਿਆਨ ਦਿੰਦੇ ਹਾਂ। ਕਿਉਂਕਿ ਗਰਭ ਅਵਸਥਾ ਦੌਰਾਨ ਦਿਲ ’ਤੇ ਦਬਾਅ ਵੱਧਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਕਈ ਵਾਰ ਔਰਤਾਂ ਅਜਿਹੀਆਂ ਤਬਦੀਲੀਆਂ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੀਆਂ।”

ਡਾ ਪਟੇਲ ਵੀ ਵੱਡੀ ਉਮਰ ਵਿੱਚ ਆਈਵੀਐੱਫ ਦਾ ਸਹਾਰਾ ਲੈਣ ਦੇ ਵਿਰੁੱਧ ਹਨ। ਪਰ ਉਹ ਕਹਿੰਦੇ ਹਨ ਕਿ ਕੁਝ ਮਾਮਲਿਆਂ ਵਿੱਚ ਇੱਕ ਜਾਂ ਦੋ ਸਾਲ ਦੀ ਛੋਟ ਬਾਰੇ ਵਿਚਾਰ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਉਹ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਜੇ ਪਤਨੀ ਦੀ ਉਮਰ 40-45 ਸਾਲ ਦੇ ਵਿਚਕਾਰ ਹੈ ਅਤੇ ਪਤੀ ਦੀ ਉਮਰ 56 ਸਾਲ ਹੈ ਜਾਂ ਪਤਨੀ ਦੀ ਉਮਰ 51 ਸਾਲ ਅਤੇ ਪਤੀ ਦੀ ਉਮਰ 53 ਸਾਲ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਤੰਦਰੁਸਤੀ ਦੇ ਅਧਾਰ 'ਤੇ ਆਈਵੀਐੱਫ਼ ਦੀ ਇਜਾਜ਼ਤ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।”

ਇਹ ਵੀ ਪੜ੍ਹੋ-

ਵੱਡੀ ਉਮਰ ’ਚ ਮਾਪੇ ਬਣਨ ਦੀਆਂ ਚੁਣੌਤੀਆਂ

  • ਡਾਕਟਰਾਂ ਮੁਤਾਬਕ ਵੱਡੀ ਉਮਰ ਵਿੱਚ ਔਰਤਾਂ ਦਾ ਸਰੀਰ ਬੱਚੇ ਨੂੰ ਜਨਮ ਦੇਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦਾ।
  • ਗਰਭ ਅਵਸਥਾ ਦੌਰਾਨ ਦਿਲ ਦਾ ਦਬਾਅ ਅਤੇ ਬੀਪੀ ਵੱਧਦਾ ਹੈ। ਕਈ ਵਾਰ ਔਰਤਾਂ ਇਸ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੀਆਂ।
  • ਵੱਧਦੀ ਉਮਰ ਵਿੱਚ ਬੱਚੇ ਨੂੰ ਸਰੀਰਕ ਅਤੇ ਆਰਥਿਕ ਤੌਰ 'ਤੇ ਪਾਲਣ ਦੀ ਜ਼ਿੰਮੇਵਾਰੀ ਵੀ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।

ਖਰਚਾ ਵੀ ਇੱਕ ਵੱਡਾ ਮਸਲਾ

ਆਈਵੀਐੱਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ ਪਟੇਲ ਕਹਿਦੇ ਹਨ ਕਿ ਜਿਹੜੀਆਂ ਔਰਤਾਂ ਆਈਵੀਐੱਫ ਦਾ ਸਹਾਰਾ ਲੈਂਦੀਆਂ ਹਨ, ਉਨ੍ਹਾਂ ਨੂੰ ਵਿੱਤੀ ਅਤੇ ਮਾਨਸਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਡਾ. ਸੁਨੀਤਾ ਅਰੋੜਾ ਦਾ ਕਹਿਣਾ ਹੈ ਕਿ ਆਈਵੀਐੱਫ ਦੇ ਇੱਕ ਸਾਈਕਲ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਹੈ। ਜੇਕਰ ਕਿਸੇ ਔਰਤ ਦੀ ਉਮਰ 21 ਤੋਂ 35 ਸਾਲ ਦੇ ਵਿਚਕਾਰ ਹੈ, ਤਾਂ ਇੱਕ ਜਾਂ ਦੋ ਵਾਰ ਵਿੱਚ ਬੱਚਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਜ਼ਿਆਦਾ ਉਮਰ ਹੋਣ ’ਤੇ ਕਈ ਵਾਰ ਸਫਲਤਾ ਆਈਵੀਐੱਫ ਤੋਂ ਬਾਅਦ ਹੀ ਮਿਲਦੀ ਹੈ ਅਜਿਹੀ ਸਥਿਤੀ ਵਿੱਚ ਜਿੰਨਾ ਜ਼ਿਆਦਾ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ, ਓਨਾ ਹੀ ਜ਼ਿਆਦਾ ਖਰਚ ਹੁੰਦਾ ਹੈ।

ਡਾ. ਪਟੇਲ ਕਹਿਦੇ ਹਨ ਕਿ ਜਿਹੜੀਆਂ ਔਰਤਾਂ ਆਈਵੀਐੱਫ ਦਾ ਸਹਾਰਾ ਲੈਂਦੀਆਂ ਹਨ, ਉਨ੍ਹਾਂ ਨੂੰ ਵਿੱਤੀ ਤੋਂ ਇਲਾਵਾ ਮਾਨਸਿਕ, ਸਰੀਰਕ ਅਤੇ ਸਮਾਜਿਕ ਪੱਧਰ 'ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਇੱਕ ਵਾਰ ਜਦੋਂ ਬੱਚਾ ਉਹਨਾਂ ਦੀ ਗੋਦ ਵਿੱਚ ਆ ਜਾਂਦਾ ਹੈ, ਤਾਂ ਉਹ ਸਾਰੇ ਦੁੱਖ-ਦਰਦ ਭੁੱਲ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)