ਆਈਵੀਐੱਫ ਤੋਂ ਬਾਅਦ ਕੁਦਰਤੀ ਤੌਰ 'ਤੇ ਗਰਭਵਤੀ ਹੋਣਾ ਕਿੰਨਾ ਸੌਖਾ ਜਾਂ ਔਖਾ, ਕੀ ਕਹਿੰਦੇ ਹਨ ਅੰਕੜੇ

ਦੇਬੀਨਾ ਅਤੇ ਗੁਰਮੀਤ ਚੌਧਰੀ

ਤਸਵੀਰ ਸਰੋਤ, INSTAGRAM/DEBINA BONNERJEE

ਤਸਵੀਰ ਕੈਪਸ਼ਨ, ਦੇਬੀਨਾ ਅਤੇ ਗੁਰਮੀਤ ਚੌਧਰੀ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਸਹਿਯੋਗੀ

ਮਸ਼ਹੂਰ ਭਾਰਤੀ ਟੈਲੀਵਿਜ਼ਨ ਅਦਾਕਾਰਾ ਦੇਬੀਨਾ ਬੈਨਰਜੀ ਆਪਣੀ ਦੂਜੀ ਧੀ ਦਿਵਿਸ਼ਾ ਨੂੰ 'ਮਿਰੇਕਲ ਬੇਬੀ' ਕਹਿੰਦੇ ਹਨ।

ਦੇਬੀਨਾ ਬੈਨਰਜੀ ਨੇ ਆਪਣੇ ਕਈ ਇੰਟਰਵਿਊਜ਼ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਦੂਜੀ ਪ੍ਰੈਗਨੈਂਸੀ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ। ਦਿਵਿਸ਼ਾ ਦਾ ਜਨਮ ਉਨ੍ਹਾਂ ਲਈ ਚਮਤਕਾਰ ਵਾਂਗ ਹੈ।

ਦਰਅਸਲ, ਅਪ੍ਰੈਲ 2022 ਵਿੱਚ ਉਨ੍ਹਾਂ ਦੀ ਪਹਿਲੀ ਧੀ ਲਿਆਨਾ ਦਾ ਜਨਮ ਆਈਵੀਐਫ (ਇਨ ਵਿਟਰੋ ਫਰਟੀਲਾਈਜੇਸ਼ਨ) ਤਕਨੀਕ ਨਾਲ ਹੋਇਆ ਸੀ।

ਪਹਿਲੀ ਧੀ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਉਹ ਦੂਜੀ ਵਾਰ ਗਰਭਵਤੀ ਹੋ ਗਏ। ਪਰ ਇਸ ਵਾਰ ਇਹ ਗਰਭ ਅਵਸਥਾ ਬਿਲਕੁਲ ਆਮ ਤੇ ਕੁਦਰਤੀ ਸੀ।

ਉਨ੍ਹਾਂ ਨੇ ਆਪਣੀ ਪਹਿਲੀ ਬੇਟੀ ਦੇ ਜਨਮ ਦੇ ਸੱਤ ਮਹੀਨੇ ਬਾਅਦ ਹੀ ਆਪਣੀ ਦੂਜੀ ਬੇਟੀ ਨੂੰ ਜਨਮ ਦਿੱਤਾ। ਇਹ ਪ੍ਰੀ-ਮੈਚਿਓਰ ਡਿਲੀਵਰੀ ਸੀ, ਭਾਵ ਬੱਚੀ ਨੇ 9 ਮਹੀਨੇ ਦਾ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਜਨਮ ਲੈ ਲਿਆ ਸੀ।

ਦੇਬੀਨਾ ਹੁਣ ਆਪਣੇ ਪਤੀ ਗੁਰਮੀਤ ਚੌਧਰੀ ਅਤੇ ਦੋਵੇਂ ਧੀਆਂ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਹਨ।

ਹਾਲ ਹੀ 'ਚ ਉਨ੍ਹਾਂ ਨੇ ਵਾਰਾਣਸੀ 'ਚ ਆਪਣੀ ਦੂਜੀ ਬੇਟੀ ਦਿਵਿਸ਼ਾ ਦਾ ਮੁੰਡਨ ਕਰਵਾਇਆ ਹੈ।

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਸਧਾਰਨ ਗਰਭ ਅਵਸਥਾ ਕਿੰਨੀ ਸੰਭਵ

ਨੋਇਡਾ ਵਿੱਚ ਰਹਿਣ ਵਾਲੇ ਅਤੇ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੇ ਇੱਕ ਜੋੜੇ ਨੇ ਵਿਆਹ ਦੇ ਦਸ ਸਾਲ ਬਾਅਦ ਆਈਵੀਐੱਫ ਤਕਨੀਕ ਦੀ ਮਦਦ ਲਈ।

ਪਹਿਲੇ ਬੱਚੇ ਦੇ ਦੋ ਸਾਲ ਬਾਅਦ ਉਹ ਦੂਜੀ ਵਾਰ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੀ ਦੂਜੀ ਗਰਭ-ਅਵਸਥਾ ਕੁਦਰਤੀ ਸੀ ਅਤੇ ਇਸ ਲਈ ਉਨ੍ਹਾਂ ਨੇ ਆਈਵੀਐੱਫ ਦੀ ਕੋਈ ਮਦਦ ਨਹੀਂ ਲਈ।

ਦੂਜੀ ਵਾਰ ਮਾਂ ਬਣਨ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਮਿਤਾਲੀ (ਬਦਲਿਆ ਹੋਇਆ ਨਾਮ) ਨੇ ਕਿਹਾ, "ਅਸੀਂ ਸੋਚਿਆ ਸੀ ਕਿ ਆਈਵੀਐੱਫ ਤੋਂ ਬਾਅਦ ਆਈਵੀਐੱਫ ਹੀ ਕਰਵਾਉਣਾ ਪਵੇਗਾ ਪਰ ਡਾਕਟਰਾਂ ਨੇ ਭਰੋਸਾ ਦਿੱਤਾ ਸੀ ਕਿ ਸਾਧਾਰਨ ਗਰਭ ਅਵਸਥਾ ਸੰਭਵ ਹੈ ਅਤੇ ਸਾਡੇ ਨਾਲ ਅਜਿਹਾ ਹੋਇਆ ਹੈ।"

ਗਰਭ ਅਵਸਥਾ

ਤਸਵੀਰ ਸਰੋਤ, PA

ਸਰੋਗੇਸੀ ਅਤੇ ਆਈਵੀਐੱਫ ਤਕਨੀਕਾਂ ਨਾਲ ਇਲਾਜ ਕਰਨ ਵਾਲੇ ਡਾਕਟਰ ਵੀ ਮੰਨਦੇ ਹਨ ਕਿ ਆਈਵੀਐੱਫ ਰਾਹੀਂ ਗਰਭ ਧਾਰਨ ਕਰਨ ਤੋਂ ਬਾਅਦ ਸਧਾਰਨ ਗਰਭ ਅਵਸਥਾ ਦੀਆਂ ਉਦਾਹਰਣਾਂ ਲਗਾਤਾਰ ਵਧ ਰਹੀਆਂ ਹਨ।

ਰਾਂਚੀ ਦੀ ਡਾਕਟਰ ਰੂਪਾਸ਼੍ਰੀ ਪੁਰਸ਼ੋਤਮ ਕਹਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ ਕਿ ਆਈਵੀਐਫ ਨਾਲ ਪਹਿਲੇ ਗਰਭ ਧਾਰਨ ਤੋਂ ਬਾਅਦ ਹਰ ਵਾਰ ਇਹੀ ਤਰੀਕਾ ਅਪਣਾਉਣਾ ਪਵੇ। ਸਾਡੇ ਇੱਥੇ ਕਈ ਔਰਤਾਂ ਦੀ ਦੂਜੀ ਗਰਭ ਅਵਸਥਾ ਪੂਰੀ ਤਰ੍ਹਾਂ ਨਾਲ ਸਧਾਰਨ ਸੀ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਸਿਹਤਮੰਦ ਹਨ।

ਡਾਕਟਰ ਰੂਪਾਸ਼੍ਰੀ ਨੇ ਬੀਬੀਸੀ ਨੂੰ ਦੱਸਿਆ, "ਅਕਸਰ ਆਈਵੀਐੱਫ ਤੋਂ ਬਾਅਦ ਸਧਾਰਨ ਗਰਭ ਅਵਸਥਾ ਦੇ ਮਾਮਲੇ ਸਾਡੇ ਸਾਹਮਣੇ ਆਉਂਦੇ ਹਨ ਅਤੇ ਇਹ ਆਮ ਗੱਲ ਹੈ। ਦਰਅਸਲ, ਔਰਤਾਂ ਵਿੱਚ ਵੱਡੀ ਉਮਰ ਵਿੱਚ ਵਿਆਹ ਜਾਂ ਕੁਝ ਮਾਮਲਿਆਂ ਵਿੱਚ ਡਾਕਟਰੀ ਕਾਰਨਾਂ ਕਰਕੇ ਬਾਂਝਪਨ ਦੀ ਸਮੱਸਿਆ ਆ ਜਾਂਦੀ ਹੈ।''

"ਫਿਰ ਉਹ ਆਈਵੀਐੱਫ ਰਾਹੀਂ ਗਰਭ ਧਾਰਨ ਕਰਨ ਲਈ ਸਾਡੇ ਕੋਲ ਆਉਂਦੇ ਹਨ। ਪਰ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਤਣਾਅ ਖਤਮ ਹੋ ਜਾਂਦਾ ਹੈ।''

''ਉਹ ਖੁਸ਼ ਰਹਿੰਦੀਆਂ ਹਨ। ਪਤੀ-ਪਤਨੀ ਦੇ ਸਬੰਧ ਹੋਰ ਮਜ਼ਬੂਤ ਹੋ ਜਾਂਦੇ ਹਨ ਉਦੋਂ ਉਨ੍ਹਾਂ ਦੀ ਆਮ ਗਰਭ ਅਵਸਥਾ ਦੀ ਸੰਭਾਵਨਾ ਵਧ ਜਾਂਦੀ ਹੈ।''

ਉਨ੍ਹਾਂ ਕਿਹਾ, ''ਵੱਡੀ ਉਮਰ ਦੀਆਂ ਬਾਂਝਪਣ ਝੱਲ ਰਹੀਆਂ ਔਰਤਾਂ ਨੂੰ ਆਮ ਤੌਰ 'ਤੇ ਥਾਇਰਾਇਡ, ਬਲੱਡ ਪ੍ਰੈਸ਼ਰ, ਸ਼ੂਗਰ, ਤਣਾਅ ਵਰਗੀਆਂ ਸ਼ਿਕਾਇਤਾਂ ਹੁੰਦੀਆਂ ਹਨ। ਇਸ ਕਾਰਨ, ਆਈਵੀਐੱਫ ਤੋਂ ਪਹਿਲੀ ਵਾਰ ਗਰਭਵਤੀ ਹੋਣ ਤੋਂ ਬਾਅਦ, ਕਈ ਵਾਰ ਉਨ੍ਹਾਂ ਨੂੰ ਦੂਜੇ ਬੱਚੇ ਲਈ ਵੀ ਆਈਵੀਐੱਫ ਦਾ ਸਹਾਰਾ ਲੈਣਾ ਪੈਂਦਾ ਹੈ।''

"ਇਸ ਲਈ ਆਈਵੀਐੱਫ ਤੋਂ ਬਾਅਦ ਨਾਰਮਲ ਡਿਲੀਵਰੀ ਦੀ ਦਰ ਥੋੜ੍ਹੀ ਘੱਟ ਹੁੰਦੀ ਹੈ। ਪਰ, ਜੇਕਰ ਉਹ ਸਿਹਤਮੰਦ ਹਨ ਤਾਂ ਉਨ੍ਹਾਂ ਦੀ ਦੂਜੀ ਗਰਭ ਅਵਸਥਾ ਦੀ ਕੁਦਰਤੀ ਹੋਣ ਦੀ ਉਮੀਦ ਜ਼ਿਆਦਾ ਵਧ ਜਾਂਦੀ ਹੈ।''

ਬੱਚਾ

ਤਸਵੀਰ ਸਰੋਤ, ©FITOPARDO/GETTYIMAGES

ਲਾਈਨ

ਅਜਿਹਾ ਕਿਉਂ ਹੁੰਦਾ ਹੈ

ਭਾਰਤ ਵਿੱਚ ਸਰੋਗੇਸੀ ਦੇ ਮੰਨੇ-ਪ੍ਰਮੰਨੇ ਮਾਹਰ ਡਾਕਟਰ ਨੈਨਾ ਪਟੇਲ ਵੀ ਡਾਕਟਰ ਰੂਪਾਸ਼੍ਰੀ ਦੀਆਂ ਗੱਲਾਂ ਨਾਲ ਸਹਿਮਤ ਹਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਆਈਵੀਐੱਫ ਤੋਂ ਬਾਅਦ ਸਧਾਰਨ ਗਰਭ ਅਵਸਥਾ ਦੀਆਂ ਸੈਂਕੜੇ ਉਦਾਹਰਣਾਂ ਹਨ, ਪਰ ਇਸ ਦੇ ਲਈ ਉਸ ਜੋੜੇ ਦਾ ਖੁਸ਼ ਅਤੇ ਤਣਾਅ ਮੁਕਤ ਹੋਣਾ ਜ਼ਰੂਰੀ ਹੈ।

ਡਾਕਟਰ ਨੈਨਾ ਪਟੇਲ ਨੇ ਕਿਹਾ, “ਜੇਕਰ ਆਈਵੀਐੱਫ ਦੇ ਬਾਅਦ ਵੀ ਕਿਸੇ ਮਹਿਲਾ ਵਿੱਚ ਅੰਡੇ ਦੀ ਗੁਣਵੱਤਾ ਚੰਗੀ ਹੈ। ਉਨ੍ਹਾਂ ਦਾ ਅੰਡਕੋਸ਼ (ਓਵਰੀ) ਠੀਕ ਹੈ ਅਤੇ ਉਨ੍ਹਾਂ ਦੇ ਪਤੀ ਦੇ ਸ਼ੁਕਰਾਣੂਆਂ ਦੀ ਗਿਣਤੀ ਵੀ ਠੀਕ ਹੈ, ਤਾਂ ਅਜਿਹੀਆਂ ਮਹਿਲਾਵਾਂ ਦੂਜੀ ਵਾਰ ਸਾਧਾਰਨ ਤਰੀਕੇ ਨਾਲ ਗਰਭਵਤੀ ਹੋ ਜਾਂਦੀਆਂ ਹਨ।''

"ਕਿਉਂਕਿ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਤਣਾਅ ਦਾ ਪੱਧਰ ਖ਼ਤਮ ਜਾਂ ਘੱਟ ਹੋ ਚੁੱਕਿਆ ਹੁੰਦਾ ਹੈ। ਉਨ੍ਹਾਂ ਦੀ ਸੈਕਸ ਲਾਈਫ ਚੰਗੀ ਹੁੰਦੀ ਹੈ। ਇਨ੍ਹਾਂ ਹਾਲਾਤਾਂ ਵਿੱਚ, ਉਨ੍ਹਾਂ ਦੀ ਕੁਦਰਤੀ ਗਰਭ ਅਵਸਥਾ ਬਿਲਕੁਲ ਆਮ ਗੱਲ ਹੈ।"

ਗਰਭ ਅਵਸਥਾ

ਤਸਵੀਰ ਸਰੋਤ, JULIA GALUZINSKAYA/GETTYIMAGES

ਲਾਈਨ

ਆਈਵੀਐੱਫ ਬਾਰੇ ਕੁਝ ਖ਼ਾਸ ਗੱਲਾਂ

  • ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਤਾਂ ਆਈਵੀਐੱਫ਼ ਦੀ ਵਰਤੋਂ ਕੀਤੀ ਜਾ ਸਕਦੀ ਹੈ
  • ਇਸ ਦੌਰਾਨ 14-15 ਦਿਨਾਂ ਲਈ ਟੀਕੇ ਲੱਗਦੇ ਹਨ
  • ਤੁਸੀਂ ਟੀਕਾ ਲਗਾਉਣਾ ਸਿੱਖ ਕੇ ਘਰ 'ਚ ਆਪਣੇ ਆਪ ਵੀ ਲਗਾ ਸਕਦੇ ਹੋ
  • ਮਹਿਲਾ ਦੀ ਉਮਰ 50 ਸਾਲ ਤੋਂ ਵੱਧ ਹੈ ਤਾਂ ਆਈਵੀਐੱਫ਼ ਨਹੀਂ ਕੀਤਾ ਜਾ ਸਕਦਾ
  • ਇੱਕ ਆਈਵੀਐੱਫ਼ ਦਾ ਖ਼ਰਚ 1.5-2 ਲੱਖ ਰੁਪਏ ਤੱਕ ਆਉਂਦਾ ਹੈ
ਲਾਈਨ

ਖੋਜ ਕੀ ਕਹਿੰਦੀ ਹੈ

ਆਈਵੀਐਫ ਤੋਂ ਬਾਅਦ ਸਧਾਰਨ ਗਰਭ ਅਵਸਥਾ ਦੇ ਮਾਮਲਿਆਂ 'ਤੇ ਕੀਤੀ ਗਈ ਖੋਜ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ ਕਿ ਹਰ ਪੰਜ ਵਿੱਚੋਂ ਇੱਕ ਯਾਨੀ 20 ਫੀਸਦ ਮਹਿਲਾਵਾਂ ਆਈਵੀਐੱਫ ਤੋਂ ਪਹਿਲੀ ਗਰਭ ਅਵਸਥਾ ਦੇ ਬਾਅਦ, ਦੂਜੀ ਵਾਰ ਸਧਾਰਨ ਤਰੀਕੇ ਨਾਲ ਗਰਭਵਤੀ ਹੋ ਜਾਂਦੀਆਂ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਪਹਿਲੀ ਗਰਭ ਅਵਸਥਾ ਦੇ ਤਿੰਨ ਸਾਲਾਂ ਦੇ ਅੰਦਰ ਦੂਜੀ ਵਾਰ ਗਰਭਵਤੀ ਹੋਈਆਂ ਅਤੇ ਬੱਚਿਆਂ ਨੂੰ ਜਨਮ ਦਿੱਤਾ।

ਇਹ ਖੋਜ ਪੱਤਰ ਪਿਛਲੇ ਮਹੀਨੇ (21 ਜੂਨ) ਨੂੰ ‘ਹਿਊਮਨ ਰੀਪ੍ਰੋਡਕਸ਼ਨ’ ਨਾਂ ਦੇ ਇੱਕ ਖੋਜ ਰਸਾਲੇ (ਜਰਨਲ) ਵਿੱਚ ਪ੍ਰਕਾਸ਼ਿਤ ਹੋਇਆ ਹੈ।

ਇਸ ਵਿੱਚ ਇੰਗਲੈਂਡ ਦੀਆਂ 22 ਅਜਿਹੀਆਂ ਮਹਿਲਾਵਾਂ ਦੇ ਇੰਟਰਵਿਊ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਪਹਿਲੀ ਆਈਫੀਐੱਫ ਗਰਭ ਅਵਸਥਾ ਤੋਂ ਬਾਅਦ ਦੂਜੀ ਵਾਰ ਕੁਦਰਤੀ ਤੌਰ 'ਤੇ ਸਫਲਤਾਪੂਰਵਕ ਗਰਭ ਧਾਰਨ ਕੀਤਾ ਸੀ।

ਹੁਣ ਇਹ ਅੰਕੜੇ ਪੂਰੀ ਦੁਨੀਆਂ ਵਿੱਚ ਚਰਚਾ 'ਚ ਹਨ।

ਗਰਭ ਅਵਸਥਾ
ਤਸਵੀਰ ਕੈਪਸ਼ਨ, ਬਾਂਝਪਣ ਵਧਣ ਦੇ 7 ਕਾਰਨ ਅਤੇ ਇਸ ਨਾਲ ਜੁੜੀ ਸਮੱਸਿਆ ਦਾ ਇਹ ਹੋ ਸਕਦਾ ਹੈ ਇਲਾਜ

ਯੂਨੀਵਰਸਿਟੀ ਕਾਲਜ ਆਫ਼ ਲੰਡਨ ਦੇ ਈਜੀਏ ਇੰਸਟੀਚਿਊਟ ਫਾਰ ਵੂਮੈਨ ਹੈਲਥ ਦੇ ਡਾਕਟਰ ਏਨੇਟ ਥਵਾਈਟਸ ਦੀ ਅਗਵਾਈ ਵਾਲੀ ਚਾਰ ਡਾਕਟਰਾਂ ਦੀ ਟੀਮ ਨੇ 1980 ਤੋਂ 2021 ਦਰਮਿਆਨ ਦੁਨੀਆਂ ਭਰ ਦੀਆਂ 5000 ਤੋਂ ਵੱਧ ਔਰਤਾਂ 'ਤੇ ਕੀਤੀਆਂ ਗਈਆਂ 11 ਖੋਜਾਂ ਦੇ ਅੰਕੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ।

ਇਸ ਟੀਮ ਵਿੱਚ ਉਨ੍ਹਾਂ ਨਾਲ ਡਾਕਟਰ ਜੈਨੀਫ਼ਰ ਹਾਲ, ਡਾਕਟਰ ਜੂਡਿਫ਼ ਸਟੇਪਹੇਂਸਨ ਅਤੇ ਡਾਕਟਰ ਗੇਰਲਡਾਇਨ ਬੈਰੇਟ ਵੀ ਸ਼ਾਮਲ ਸਨ।

ਇਸ ਰਿਪੋਰਟ ਨਾਲ ਸਹਿਮਤੀ ਜਤਾਉਂਦੇ ਹੋਏ ਦਿੱਲੀ ਵਿੱਚ ‘ਫੇਮਿਨਿਸਟ’ ਨਾਮ ਦਾ ਇੱਕ ਆਈਫੀਐੱਫ ਕਲੀਨਿਕ ਚਲਾਉਣ ਵਾਲੇ ਡਾਕਟਰ ਸੌਜਨਿਆ ਅਗਰਵਾਲ ਕਹਿੰਦੇ ਹਨ ਕਿ ਮੋਟੇ ਤੌਰ 'ਤੇ 20 ਫੀਸਦੀ ਮਹਿਲਾਵਾਂ ਆਈਵੀਐੱਫ ਤੋਂ ਬਾਅਦ ਕੁਦਰਤੀ ਤੌਰ 'ਤੇ ਗਰਭਵਤੀ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ, “ਅਸਲ ਵਿੱਚ ਆਈਵੀਐੱਫ ਦੀ ਸਥਿਤੀ ਉਦੋਂ ਆਉਂਦੀ ਹੈ ਜਦੋਂ ਔਰਤਾਂ ਦੀਆਂ ਟਿਊਬਾਂ ਬੰਦ ਜਾਂ ਬਲੌਕ ਹੋਣ ਜਾਂ ਫਿਰ ਪਤੀ ਦੇ ਸ਼ੁਕਰਾਣੂਆਂ ਦੀ ਗਿਣਤੀ ਉਚਿਤ ਨਾ ਹੋਵੇ ਜਾਂ ਦੋਵਾਂ ਨਾਲ ਥੋੜ੍ਹੀਆਂ-ਥੋੜ੍ਹੀਆਂ ਸਮੱਸਿਆਵਾਂ ਹੋਣ। ਫਿਰ ਆਈਵੀਐੱਫ ਕਰਦੇ ਹਨ। ਇਸ ਗਰਭ ਅਵਸਥਾ ਦੌਰਾਨ ਛੋਟੀਆਂ-ਮੋਟੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।''

ਬੱਚੇ

ਤਸਵੀਰ ਸਰੋਤ, Getty Images

ਹਾਲਾਂਕਿ, ਡਾਕਟਰ ਸੌਜਨਿਆ ਦਾ ਇਹ ਵੀ ਮੰਨਣਾ ਹੈ ਕਿ ਆਈਵੀਐੱਫ ਕਰਵਾਉਣ ਵਾਲੀਆਂ ਜ਼ਿਆਦਾਤਰ ਔਰਤਾਂ ਇਹ ਜਾਨਣਾ ਚਾਹੁੰਦੀਆਂ ਹਨ ਕਿ ਕੀ ਅਗਲੀ ਵਾਰ ਵੀ ਆਈਵੀਐੱਫ ਕਰਨਾ ਹੋਵੇਗਾ।

ਉਨ੍ਹਾਂ ਕਿਹਾ, “ਲੋਕ ਪੁੱਛਦੇ ਹਨ, ਕਈ ਵਾਰ ਪੁੱਛਦੇ ਹਨ। ਇਸ ਦਾ ਜਵਾਬ ਹਰੇਕ ਕੇਸ ਲਈ ਵੱਖਰਾ ਹੁੰਦਾ ਹੈ ਅਤੇ ਉੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਕਈ ਟੈਸਟ ਕਰਦੇ ਹਾਂ। ਜੇਕਰ ਸਾਰੇ ਟੈਸਟ ਠੀਕ ਹਨ ਤਾਂ ਦੂਜੀ ਵਾਰ ਕੁਦਰਤੀ ਗਰਭ ਅਵਸਥਾ ਦੀ ਸੰਭਾਵਨਾ ਹੁੰਦੀ ਹੀ ਹੈ।''

ਸਾਰੇ ਟੈਸਟ ਠੀਕ ਹੋਣ ਤੋਂ ਬਾਅਦ ਵੀ ਆਈਵੀਐੱਫ ਦੀ ਨੌਬਤ ਕਿਉਂ ਆਉਂਦੀ ਹੈ, ਇਸ ਦਾ ਜਵਾਬ ਦਿੰਦੇ ਹੋਏ ਸੌਜਨਿਆ ਕਹਿੰਦੇ ਹਨ, “ਸੱਚ ਇਹ ਹੈ ਕਿ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਕੁਝ ਮਹਿਲਾਵਾਂ ਗਰਭ ਧਾਰਨ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ।''

''ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਅਸੀਂ ਅਣਐਕਸਪਲੇਨਡ ਇਨਫਰਟੀਲਿਟੀ ਕਹਿੰਦੇ ਹਾਂ। ਅਜਿਹੇ ਕੇਸ ਵੀ ਹੁੰਦੇ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਵੀ ਦੂਜੀ ਵਾਰ ਕੁਦਰਤੀ ਗਰਭ ਅਵਸਥਾ ਦੀ ਸੰਭਾਵਨਾ ਹੁੰਦੀ ਹੈ।''

ਆਈਵੀਐੱਫ ਕਦੋਂ ਸ਼ੁਰੂ ਹੋਇਆ

ਗਰਭਵਤੀ ਮਹਿਲਾ

ਤਸਵੀਰ ਸਰੋਤ, Getty Images

ਆਈਵੀਐੱਫ ਤਕਨੀਕ ਨੂੰ ਪਹਿਲੀ ਵਾਰ ਸਾਲ 1978 ਵਿੱਚ ਇਸਤੇਮਾਲ ਕੀਤਾ ਗਿਆ ਸੀ।

ਇੱਕ ਅੰਕੜੇ ਅਨੁਸਾਰ, ਇਸ ਤਕਨੀਕ ਨਾਲ ਪੂਰੀ ਦੁਨੀਆਂ ਵਿੱਚ ਹੁਣ ਤੱਕ ਇੱਕ ਕਰੋੜ ਤੋਂ ਵੱਧ ਬੱਚੇ ਪੈਦਾ ਹੋ ਚੁੱਕੇ ਹਨ।

ਆਈਵੀਐੱਫ ਨਾਲ ਪਹਿਲੇ ਗਰਭ ਧਾਰਨ ਤੋਂ ਬਾਅਦ, ਦੂਜੀ ਵਾਰ ਕੁਦਰਤੀ ਗਰਭ ਧਾਰਨ ਬਾਰੇ ਪਹਿਲਾਂ ਵੀ ਖੋਜ ਹੁੰਦੀ ਰਹੀ ਹੈ। ਅਜਿਹੇ ਖੋਜ ਤੋਂ ਪ੍ਰਾਪਤ ਅੰਕੜਿਆਂ ਦਾ ਨਵੇਂ ਅਧਿਐਨ ਵਿੱਚ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)