ਆਈਵੀਐੱਫ਼ : ਬੱਚੇ ਲਈ 7 ਸਾਲ ਦੀ ਉਡੀਕ, ਇੱਕੋ ਵੇਲ਼ੇ ਹੋਈਆਂ 5 ਕੁੜੀਆਂ, ਖੁਸ਼ੀ ਦੇ ਨਾਲ ਚਿੰਤਾ 'ਚ ਮਾਪੇ

ਪੰਜ ਬੱਚੇ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਅੰਕਿਤਾ ਤੇ ਪ੍ਰਕਾਸ਼ ਸਾਵ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਸਹਿਯੋਗੀ

ਝਾਰਖੰਡ ਦੇ ਰਾਂਚੀ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਔਰਤ ਨੇ ਪੰਜ ਬੱਚੀਆਂ ਨੂੰ ਜਨਮ ਦਿੱਤਾ।

ਇਨ੍ਹਾਂ ਬੱਚਿਆਂ ਦੀ ਮਾਂ ਅੰਕਿਤਾ ਕੁਮਾਰੀ ਅਤੇ ਪਿਤਾ ਪ੍ਰਕਾਸ਼ ਕੁਮਾਰ ਸਾਵ ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਵਿਆਹ ਤੋਂ ਸੱਤ ਸਾਲ ਬਾਅਦ ਬੱਚਿਆਂ ਦਾ ਜਨਮ ਦਿੱਤਾ ਹੈ। ਹਾਲਾਂਕਿ ਇਹ ਖੁਸ਼ੀ ਉਨ੍ਹਾਂ ਲਈ ਕਈ ਚਿੰਤਾਵਾਂ ਵੀ ਲੈ ਕੇ ਆਈ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀਆਂ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਫ਼ਿਲਹਾਲ ਸਥਿਰ ਹੈ। ਫ਼ਿਰ ਵੀ, ਉਨ੍ਹਾਂ ਨੂੰ ਅਗਲੇ ਕੁਝ ਹਫ਼ਤੇ ਹਸਪਤਾਲ ਵਿੱਚ ਰਹਿਣਾ ਪਵੇਗਾ।

ਉਨ੍ਹਾਂ ਦੀਆਂ ਧੀਆਂ ਨੂੰ ਦੋ ਵੱਖ-ਵੱਖ ਹਸਪਤਾਲਾਂ ਦੇ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ (ਐੱਨਆਈਸੀਯੂ) ਵਿੱਚ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ।

ਅੰਕਿਤਾ ਕੁਮਾਰੀ ਪਿਛਲੀ 7 ਮਈ ਤੋਂ ਰਿਮਸ ਵਿੱਚ ਮਹਿਲਾ ਅਤੇ ਪ੍ਰਸੂਤੀ ਵਿਭਾਗ ਦੇ ਪ੍ਰੋਫ਼ੈਸਰ ਡਾਕਟਰ ਸ਼ਸ਼ੀਬਾਲਾ ਸਿੰਘ ਦੀ ਦੇਖ-ਰੇਖ ਅਧੀਨ ਦਾਖਲ ਹਨ।

ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਗਰਭ ਵਿੱਚ ਇੱਕ ਤੋਂ ਵੱਧ ਬੱਚੇ ਹਨ।

ਉਹ ਡਾਕਟਰਾਂ ਦੀ ਨਿਗਰਾਨੀ ਹੇਠ ਸਨ। 22 ਮਈ ਦੀ ਦੁਪਹਿਰ ਨੂੰ ਉਨ੍ਹਾਂ ਨੂੰ ਅਚਾਨਕ ਦਰਦ (ਲੇਬਰ ਦਰਦ) ਹੋਇਆ ਅਤੇ ਜਿਸ ਦੇ ਅੱਧੇ ਘੰਟੇ ਦੌਰਾਨ ਪੰਜ ਧੀਆਂ ਦਾ ਜਨਮ ਹੋਇਆ।

ਪੰਜ ਬੱਚੇ

ਤਸਵੀਰ ਸਰੋਤ, RIMS

ਤਸਵੀਰ ਕੈਪਸ਼ਨ, ਰਾਂਚੀ ਦੇ ਇੱਕ ਹਸਪਤਾਲ ਵਿੱਚ ਅੰਕਿਤਾ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ।

ਉਨ੍ਹਾਂ ਦਾ ਇਲਾਜ ਕਰ ਰਹੀ ਡਾਕਟਰ ਸ਼ਸ਼ੀਬਾਲਾ ਸਿੰਘ ਦੀ ਟੀਮ 'ਚ ਸ਼ਾਮਲ ਡਾਕਟਰ ਬੁਲੁਪ੍ਰਿਆ ਨੇ ਦੱਸਿਆ ਕਿ ਰਿਮਸ 'ਚ ਪਹਿਲੀ ਵਾਰ ਇਕੱਠੇ ਪੰਜ ਬੱਚਿਆਂ ਦਾ ਜਨਮ ਹੋਇਆ ਹੈ |

ਇਸ ਤੋਂ ਪਹਿਲਾਂ ਇੱਥੇ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਹੁਣ ਉਹ ਰਿਕਾਰਡ ਟੁੱਟ ਗਿਆ ਹੈ।

ਡਾਕਟਰ ਬੁਲੁਪ੍ਰਿਆ ਨੇ ਬੀਬੀਸੀ ਨੂੰ ਦੱਸਿਆ, "ਅਜਿਹੇ ਮਾਮਲੇ ਕਦੀ-ਕਦਾਈਂ ਆਉਂਦੇ ਹਨ ਪਰ ਅਜਿਹਾ ਹੋਣਾ ਬਹੁਤੀ ਹੈਰਾਨੀ ਦੀ ਗੱਲ ਨਹੀਂ ਹੈ।”

“ਇਸ ਤਰ੍ਹਾਂ ਦੇ ਜਣੇਪੇ ਦੇਸ ਅਤੇ ਦੁਨੀਆਂ ਵਿੱਚ ਹੁੰਦੇ ਰਹੇ ਹਨ। ਇਹ ਇੱਕ ਆਮ ਪ੍ਰਕਿਰਿਆ ਹੈ, ਜਦੋਂ ਗਰਭ ਵਿੱਚ ਇੱਕ ਤੋਂ ਵੱਧ ਅੰਡੇ ਹੁੰਦੇ ਹਨ। ਇਨ੍ਹਾਂ ਦਾ ਹੋਰ ਕੋਈ ਵੱਡਾ ਖਤਰਾ ਨਹੀਂ ਹੈ, ਪਰ ਜੇਕਰ ਭਰੂਣ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਮੇਂ ਤੋਂ ਪਹਿਲਾਂ ਡਿਲਿਵਰੀ ਅਤੇ ਬੱਚਿਆਂ ਦਾ ਘੱਟ ਵਜ਼ਨ ਵਰਗੀਆਂ ਸ਼ਿਕਾਇਤਾਂ ਪਾਈਆਂ ਜਾ ਸਕਦੀਆਂ ਹਨ।”

"ਅੰਕਿਤਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਸਾਨੂੰ ਸੱਤਵੇਂ ਮਹੀਨੇ ਵਿੱਚ ਹੀ ਉਸ ਦੀ ਡਿਲਿਵਰੀ ਕਰਨੀ ਪਈ। ਇਸ ਕਾਰਨ ਉਸ ਦੇ ਬੱਚਿਆਂ ਦਾ ਭਾਰ ਘੱਟ ਹੈ। ਉਨ੍ਹਾਂ ਦੇ ਫੇਫੜੇ ਕਮਜ਼ੋਰ ਹਨ। ਇਸ ਲਈ ਬੱਚਿਆਂ ਨੂੰ ਨਜ਼ਦੀਕੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।"

ਪੰਜ ਬੱਚੇ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਪ੍ਰਕਾਸ਼ ਸਾਵ ਫ਼ਲਾਂ ਦੀ ਰੇਹੜੀ ਲਗਾ ਕੇ ਘਰ ਚਲਾਉਂਦੇ ਹਨ

ਆਈਵੀਐੱਫ਼ ਤਕਨੀਕ ਨਾਲ ਗਰਭ

ਡਾਕਟਰ ਬੁਲੁਪ੍ਰਿਆ ਨੇ ਦੱਸਿਆ ਕਿ ਅੰਕਿਤਾ ਆਈਵੀਐੱਫ਼ ਤਕਨੀਕ ਰਾਹੀਂ ਗਰਭਵਤੀ ਹੋਈ ਸੀ।

ਉਨ੍ਹਾਂ ਕਿਹਾ, "ਆਈਵੀਐੱਫ਼ ਉਨ੍ਹਾਂ ਲੋਕਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਜੋ ਕੁਦਰਤੀ ਤਰੀਕੇ ਨਾਲ ਮਾਪੇ ਨਹੀਂ ਬਣ ਸਕਦੇ ਹਨ।"

"ਅੰਕਿਤਾ ਸੱਤ ਸਾਲਾਂ ਤੋਂ ਮਾਂ ਨਹੀਂ ਸੀ ਬਣ ਸਕੀ ਸੀ। ਇਸ ਲਈ, ਉਸਨੇ ਹਜ਼ਾਰੀਬਾਗ ਦੇ ਇੱਕ ਹਸਪਤਾਲ ਤੋਂ ਆਪਣਾ ਆਈਵੀਐੱਫ਼ ਕਰਵਾਇਆ। ਉਹ ਕਈ ਮਹੀਨਿਆਂ ਤੋਂ ਉਸੇ ਡਾਕਟਰਾਂ ਦੀ ਨਿਗਰਾਨੀ ਵਿੱਚ ਸੀ।”

“ਉੱਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਿਆ ਕਿ ਉਹ ਇੱਕ ਤੋਂ ਵੱਧ ਬੱਚਿਆਂ ਨਾਲ ਗਰਭਵਤੀ ਸੀ। ਇਸ ਤੋਂ ਬਾਅਦ ਉਸ ਨੂੰ ਰਿਮਸ ਰੈਫਰ ਕਰ ਦਿੱਤਾ ਗਿਆ।”

"ਉਹ ਗਰਭ ਅਵਸਥਾ ਦੇ 28ਵੇਂ ਹਫ਼ਤੇ ਸਾਡੇ ਕੋਲ ਆਈ ਸੀ। ਅਸੀਂ ਚਾਹੁੰਦੇ ਸੀ ਕਿ ਉਸ ਦੀ ਡਿਲਿਵਰੀ ਨੌਂ ਮਹੀਨੇ ਪੂਰੇ ਹੋਣ ਤੋਂ ਬਾਅਦ ਹੋਵੇ, ਪਰ ਉਸ ਦੀ ਪ੍ਰੀਟਰਮ ਡਿਲਿਵਰੀ ਹੋ ਗਈ (ਸਮੇਂ ਤੋਂ ਪਹਿਲਾਂ ਡਿਲਿਵਰੀ ਹੋਣਾ)।”

“ਚੰਗੀ ਗੱਲ ਇਹ ਹੈ ਕਿ ਉਸ ਨੇ ਨਾਰਮਲ ਡਿਲਿਵਰੀ ਰਾਹੀਂ ਬੱਚੀਆਂ ਨੂੰ ਜਨਮ ਦਿੱਤਾ। ਕੋਈ ਅਪਰੇਸ਼ਨ ਨਹੀਂ ਕਰਨਾ ਪਿਆ।"

"ਸਾਡੀ ਸੀਨੀਅਰ ਡਾਕਟਰ ਨੀਲਮ ਅਤੇ ਉਨ੍ਹਾਂ ਦੀ ਟੀਮ ਨੇ ਅੰਕਿਤਾ ਦੀ ਡਿਲਿਵਰੀ ਕਰਵਾਈ।”

“ਇਸ ਦੌਰਾਨ ਅੰਕਿਤਾ ਦੀ ਹਾਲਤ ਸਥਿਰ ਰਹੀ। ਜੇਕਰ ਉਸ ਦੀ ਸਿਹਤ ਇਸੇ ਤਰ੍ਹਾਂ ਠੀਕ ਰਹੀ ਤਾਂ ਉਸ ਨੂੰ ਕੁਝ ਹਫ਼ਤਿਆਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਦੇ ਬੱਚਿਆਂ ਨੂੰ ਹਸਪਤਾਲ ਵਿੱਚ ਕੁਝ ਹੋਰ ਹਫ਼ਤੇ ਬਿਤਾਉਣੇ ਪੈ ਸਕਦੇ ਹਨ।"

ਪੰਜ ਬੱਚੇ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਡਾਕਟਰ ਬੁਲੁਪ੍ਰਿਆ ਮੁਤਾਬਕ ਅੰਕਿਤਾ ਦਾ ਗਰਭਧਾਰਨ ਆਈਵੀਐੱਫ਼ ਤਕਨੀਕ ਨਾਲ ਹੋਇਆ

ਅੰਕਿਤਾ ਅਤੇ ਪ੍ਰਕਾਸ਼

27 ਸਾਲਾ ਅੰਕਿਤਾ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੀ ਰਹਿਣ ਵਾਲੀ ਹੈ। ਇਹ ਇਟਖੋਰੀ ਬਲਾਕ ਦਾ ਇੱਕ ਹਿੱਸਾ ਹੈ।

ਉਨ੍ਹਾਂ ਦਾ ਪਤੀ ਪ੍ਰਕਾਸ਼ ਸਾਵ ਫਲਾਂ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰਦਾ ਹੈ।

ਪਹਿਲਾਂ ਉਹ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਜਦੋਂ ਉਸਦੀ ਨੌਕਰੀ ਚਲੀ ਗਈ ਤਾਂ ਉਸਨੇ ਫਲ ਵੇਚਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ।

ਪ੍ਰਕਾਸ਼ ਸਾਵ ਨੇ ਬੀਬੀਸੀ ਨੂੰ ਦੱਸਿਆ, "ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਇੱਕੋ ਵਾਰ ਪੰਜ ਧੀਆਂ ਹੋਣਗੀਆਂ। ਵਿਆਹ ਦੇ ਇੰਨੇ ਦਿਨਾਂ ਬਾਅਦ ਬੱਚੇ ਨੇ ਜਨਮ ਲਿਆ, ਇਸ ਲਈ ਅਸੀਂ ਖੁਸ਼ ਹਾਂ ਪਰ ਹੁਣ ਇਨ੍ਹਾਂ ਬੱਚਿਆਂ ਦੀ ਜਾਨ ਬਚਾਉਣ ਦੀ ਫ਼ਿਕਰ ਵੀ ਹੈ।”

“ਰਿਮਸ ਦੇ ਐੱਨਆਈਸੀਯੂ ਵਿੱਚ ਬੈੱਡ ਖ਼ਾਲੀ ਨਾ ਹੋਣ ਕਾਰਨ ਮੈਨੂੰ ਆਪਣੀਆਂ ਦੋ ਨਵਜੰਮੀਆਂ ਧੀਆਂ ਨੂੰ ਰਾਂਚੀ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਬਾਕੀ ਤਿੰਨ ਧੀਆਂ ਰਿਮਸ ਵਿੱਚ ਹਨ।"

"ਮੇਰਾ ਸਵਾਲ ਇਹ ਹੈ ਕਿ ਜਦੋਂ ਮੇਰੀ ਪਤਨੀ 16 ਦਿਨ ਪਹਿਲਾਂ ਇੱਥੇ ਦਾਖਲ ਸੀ ਤਾਂ ਰਿਮਸ ਹਸਪਤਾਲ ਨੇ ਮੇਰੇ ਬੱਚਿਆਂ ਲਈ ਬੈੱਡਾਂ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ?”

“ਸਭ ਨੂੰ ਪਤਾ ਸੀ ਕਿ ਮੇਰੀ ਪਤਨੀ ਪੰਜ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਬੀਤੀ ਰਾਤ ਅਚਾਨਕ ਮੈਨੂੰ ਕਿਹਾ ਗਿਆ ਕਿ ਦੋ ਬੱਚੀਆਂ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ ਕਿਉਂਕਿ ਐੱਨਆਈਸੀਯੂ ਵਿੱਚ ਉਨ੍ਹਾਂ ਲਈ ਜਗ੍ਹਾ ਨਹੀਂ ਹੈ। ਮੈਂ ਇੱਕ ਗਰੀਬ ਆਦਮੀ ਹਾਂ।”

“ਮੇਰੇ ਲਈ ਪ੍ਰਾਈਵੇਟ ਹਸਪਤਾਲ ਦਾ ਖਰਚਾ ਚੁੱਕਣਾ ਬਹੁਤ ਔਖਾ ਹੈ।"

ਪੰਜ ਬੱਚੇ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਪ੍ਰਕਾਸ਼ ਸਾਵ ਦੇ ਇਲਜ਼ਾਮ ਹਨ ਕਿ ਰਿਮਸ ਹਸਪਤਾਲ ਨੇ ਉਨ੍ਹਾਂ ਦੇ ਬੱਚਿਆਂ ਲਈ ਬੈੱਡ ਦਾ ਇੰਤਜ਼ਾਮ ਨਹੀਂ ਕੀਤਾ ਸੀ

ਰੀਮਸ ਮੈਨੇਜਮੈਂਟ ਨੇ ਪ੍ਰਕਾਸ਼ ਵਲੋਂ ਲਗਾਏ ਗਏ ਇਲਜ਼ਾਮਾਂ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ ਪਰ ਬਾਲ ਰੋਗ ਵਿਭਾਗ ਵਿੱਚ ਕੰਮ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਐੱਨਆਈਸੀਯੂ ਬੈੱਡ ਪਹਿਲਾਂ ਹੀ ਭਰੇ ਹੋਏ ਸਨ।

ਇਸੇ ਲਈ ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਸਿਰਫ਼ ਦੋ ਬੱਚਿਆਂ ਨੂੰ ਹੀ ਇੱਕ ਨਿੱਜੀ ਹਸਪਤਾਲ ਦੇ ਐੱਨਆਈਸੀਯੂ ਵਿੱਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਗਈ।

ਇੱਕ ਸੀਨੀਅਰ ਡਾਕਟਰ ਨੇ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਐੱਨਆਈਸੀਯੂ ਵਿੱਚ ਸੀਮਤ ਗਿਣਤੀ ਵਿੱਚ ਬਿਸਤਰੇ ਹਨ ਅਤੇ ਉਥੇ ਪਹਿਲਾਂ ਹੀ ਕਈ ਬੱਚੇ ਦਾਖਲ ਹਨ।”

“ਉਨ੍ਹਾਂ ਨੂੰ ਉਥੋਂ ਹਟਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਵੀ ਗੰਭੀਰ ਹਾਲਤ ਵਿੱਚ ਦਾਖਲ ਹਨ। ਅੰਕਿਤਾ ਦੇ ਮਾਮਲੇ ਵਿੱਚ ਪ੍ਰੀਟਰਮ ਡਿਲਿਵਰੀ ਹੋਈ ਹੈ, ਇਸ ਲਈ ਵੈਂਟੀਲੇਟਰ ਜਾਂ ਇਨਕਿਊਬੇਟਰ ਨੂੰ ਪਹਿਲਾਂ ਤੋਂ ਰਿਜ਼ਰਵ ਕਰਨਾ ਕਿਵੇਂ ਸੰਭਵ ਹੈ।”

ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਪਤੀ ਪੰਕਜ ਸਾਵ ਦੇ ਇਲਜ਼ਾਮ ਸਹੀ ਨਹੀਂ ਹਨ। ਇਹ ਸਲਾਹ ਉਨ੍ਹਾਂ ਦੇ ਬੱਚਿਆਂ ਦੀ ਜਾਨ ਬਚਾਉਣ ਲਈ ਦਿੱਤੀ ਗਈ ਸੀ। ਸਾਡੀ ਤਰਜੀਹ ਬੱਚਿਆਂ ਦਾ ਇਲਾਜ ਕਰਨਾ ਹੈ ਨਾ ਕਿ ਕਿਸੇ ਕਿਸਮ ਦਾ ਵਿਤਕਰਾ ਕਰਨ ਹੈ।"

9 ਬੱਚਿਆਂ ਨੂੰ ਜਨਮ

ਤਸਵੀਰ ਸਰੋਤ, SALOUM ARBY

ਤਸਵੀਰ ਕੈਪਸ਼ਨ, ਹਲੀਮੇ ਸਿਸੇ ਨੇ ਇੱਕੋ ਵਾਰ ਵਿੱਚ 9 ਬੱਚਿਆਂ ਨੂੰ ਜਨਮ ਦਿੱਤਾ ਸੀ

ਆਯੂਸ਼ਮਾਨ ਕਾਰਡ ਦੇ ਫ਼ਾਇਦੇ

ਮੰਗਲਵਾਰ ਸ਼ਾਮ ਨੂੰ ਜਨਮ ਸਰਟੀਫਿਕੇਟ ਬਣਾਏ ਜਾਣ ਤੋਂ ਬਾਅਦ ,ਆਖ਼ਰਕਾਰ ਬੱਚਿਆਂ ਦਾ ਅਧਿਕਾਰਤ ਤੌਰ 'ਤੇ ਆਯੂਸ਼ਮਾਨ ਕਾਰਡਾਂ ਵਿੱਚ ਜ਼ਿਕਰ ਕੀਤਾ ਗਿਆ। ਇਸ ਕਾਰਨ ਫ਼ਿਲਹਾਲ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਪੈਸੇ ਨਹੀਂ ਦੇਣੇ ਪੈਣਗੇ।

ਹਾਲਾਂਕਿ, ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ ਕਿ ਰਾਂਚੀ ਆ ਕੇ ਇਲਾਜ ਕਰਵਾਉਣ, ਖਾਣ-ਪੀਣ, ਅਤੇ ਹਸਪਤਾਲ ਦੇ ਬਾਹਰੋਂ ਦਵਾਈਆਂ ਖਰੀਦਣ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪਿਆ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਮੁਤਾਬਕ ਸਭ ਤੋਂ ਵੱਧ ਬੱਚਿਆਂ ਨੂੰ ਇੱਕੋ ਸਮੇਂ ਜਨਮ ਦੇਣ ਦਾ ਰਿਕਾਰਡ ਮੋਰਾਕੋ ਦੀ ਹਲੀਮਾ ਸਿਸੇ ਦੇ ਨਾਂ ਹੈ।

ਮਈ 2021 ਵਿੱਚ, ਉਨ੍ਹਾਂ ਨੇ 9 ਬੱਚਿਆਂ ਨੂੰ ਇਕੱਠਿਆਂ ਜਨਮ ਦਿੱਤਾ ਸੀ। ਇਨ੍ਹਾਂ ਵਿੱਚ 5 ਕੁੜੀਆਂ ਅਤੇ 4 ਮੁੰਡੇ ਸਾਮਲ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)