ਮਦਰਜ਼ ਡੇਅ ਵਿਸ਼ੇਸ਼: ਉਸ ਔਰਤ ਦੀ ਕਹਾਣੀ ਜਿਸ ਨੇ ਮਾਂ ਬਣਨ ਦੇ ਅਹਿਸਾਸ ਲਈ 10 ਵਾਰ ਝੱਲਿਆ ਗਰਭਪਾਤ ਦਾ ਦਰਦ

ਸ਼ੀਤਲ ਠਾਕਰ

ਤਸਵੀਰ ਸਰੋਤ, FB/Sheetal Thakker

ਤਸਵੀਰ ਕੈਪਸ਼ਨ, 10 ਵਾਰ ਦੇ ਮਿਸਕੈਰਿਜ (ਗਰਭਪਾਤ) ਤੋਂ ਬਾਅਦ ਸ਼ੀਤਲ ਨੇ ਬੱਚੀ ਨੂੰ ਜਨਮ ਦਿੱਤਾ
    • ਲੇਖਕ, ਦਰਸ਼ਨ ਠਾਕਰ ਅਤੇ ਜੈਦੀਪ ਵਸੰਤ
    • ਰੋਲ, ਬੀਬੀਸੀ ਦੇ ਲਈ

ਜਦੋਂ ਪਹਿਲੀ ਵਾਰ ਮੈਂ ਆਪਣੇ ਬੱਚੇ ਨੂੰ ਹੱਥਾਂ ਵਿੱਚ ਫੜਿਆ ਤਾਂ ਮੈਨੂੰ ਮੇਰਾ ਦਰਦ, ਨਿਰਾਸ਼ਾ ਅਤੇ ਮਾਯੂਸੀ ਸਭ ਭੁੱਲ ਗਿਆ ਜਿਹੜਾ ਮੈਂ ਪਿਛਲੇ 6 ਸਾਲਾਂ ਤੋਂ ਝੱਲ ਰਹੀ ਸੀ। ਬੱਚੇ ਨੂੰ ਦੇਖਦਿਆਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ।''

ਇਹ ਦਰਦ ਭਰੇ ਸ਼ਬਦ ਉਸ 36 ਸਾਲਾ ਸ਼ੀਤਲ ਠਾਕਰ ਦੇ ਹਨ, ਜਿਸ ਦਾ 10 ਵਾਰ ਮਿਸਕੈਰਿਜ (ਗਰਭਪਾਤ) ਹੋ ਚੁੱਕਿਆ ਹੈ। ਅਖ਼ੀਰ ਹੁਣ ਉਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ।

ਕਈ ਸਾਲਾਂ ਦੀ ਨਿਰਾਸ਼ਾ ਤੋਂ ਬਾਅਦ ਆਖ਼ਰਕਾਰ ਵੀਟਰੋ ਫਰਟੀਲਾਈਜ਼ੇਸ਼ਨ ਟ੍ਰੀਟਮੈਂਟ (IVF) ਦੇ ਨਾਲ ਸ਼ੀਤਲ ਗਰਭਵਤੀ ਹੋਈ।

ਇਹ ਵੀ ਪੜ੍ਹੋ:

ਆਮ ਤੌਰ 'ਤੇ IVF ਦੇ ਦੋ ਜਾਂ ਚਾਰ ਵਾਰ ਟਰੀਟਮੈਂਟ ਲੈਣ ਨਾਲ ਔਰਤ ਗਰਭਵਤੀ ਹੋ ਜਾਂਦੀ ਹੈ ਪਰ ਸ਼ੀਤਲ ਨੂੰ ਇਸ ਟਰੀਟਮੈਂਟ 25 ਵਾਰ ਕਰਵਾਉਣਾ ਪਿਆ।

ਸ਼ੀਤਲ ਮੰਨਦੀ ਹੈ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਲਈ 'ਲੱਕੀ' (ਕਿਸਮਤ ਵਾਲਾ ਹੈ) ਹੈ। ਉਨ੍ਹਾਂ ਦਾ ਬੱਚਾ ਪੈਦਾ ਹੋਣ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੂੰ ਪਬਲਿਕ ਪਰੋਸੀਕਿਉਟਰ (ਸਰਕਾਰੀ ਵਕੀਲ) ਦੀ ਨੌਕਰੀ ਮਿਲ ਗਈ।

ਹਾਲਾਂਕਿ, ਸ਼ੀਤਲ ਇਸਦਾ ਸਿਹਰਾ ਆਪਣੇ ਪਤੀ ਦੇ ਸਿਰ ਵੀ ਬੰਨਦੀ ਹੈ ਜਿਹੜੇ ਕਿ ਹਰ ਸਮੇਂ ਉਸਦੇ ਨਾਲ ਹਰ ਹਾਲਾਤ ਵਿੱਚ ਖੜ੍ਹੇ ਰਹੇ। ਪਰਿਵਾਰ ਨੇ ਸ਼ੀਤਲ ਦੀ ਪੂਰੀ ਦੇਖਭਾਲ ਕੀਤੀ ਜਿਸ ਕਾਰਨ ਡਾਕਟਰਾਂ ਦਾ ਇਹ ਇਲਾਜ ਸਫ਼ਲ ਰਿਹਾ। ਡਾਕਟਰਾਂ ਦੀ ਟੀਮ ਮੰਨਦੀ ਹੈ ਕਿ ਸ਼ੀਤਲ ਦੇ ਸਬਰ, ਸਹਿਣ-ਸ਼ਕਤੀ ਅਤੇ ਪੱਕੇ ਇਰਾਦੇ ਕਾਰਨ ਹੀ ਉਸ ਨੂੰ ਇਲਾਜ ਵਿੱਚ ਕਾਮਯਾਬੀ ਮਿਲੀ ਹੈ।

ਸ਼ੀਤਲ ਤੇ ਪ੍ਰਣਵ ਠਾਕਰ ਦੇ ਵਿਆਹ ਦੀ ਤਸਵੀਰ

ਤਸਵੀਰ ਸਰੋਤ, DarshanThakker

ਤਸਵੀਰ ਕੈਪਸ਼ਨ, ਪ੍ਰਨਵ ਠਾਕਰ ਜਮਨਾਗੜ੍ਹ ਕਸਬੇ ਦੇ ਰਹਿਣ ਵਾਲੇ ਹਨ ਅਤੇ ਸ਼ੀਤਲ ਜਮਖੰਬਾਲੀਆ ਕਸਬੇ ਨਾਲ ਸਬੰਧ ਰੱਖਦੀ ਹੈ। ਪੂਰੇ ਰੀਤੀ-ਰਿਵਾਜ਼ਾਂ ਨਾਲ ਦੋਵਾਂ ਦਾ 2006 ਵਿੱਚ ਵਿਆਹ ਹੋਇਆ ਸੀ।

ਸ਼ੀਤਲ ਕੋਈ ਦੂਜਾ ਰਾਹ ਵੀ ਚੁਣ ਸਕਦੀ ਸੀ ਜਿਵੇਂ ਬੱਚਾ ਗੋਦ ਲੈ ਸਕਦੀ ਸੀ ਜਾਂ ਫਿਰ ਸਰੋਗੇਸੀ ਰਾਹੀਂ ਬੱਚਾ ਪੈਦਾ ਕਰ ਸਕਦੀ ਸੀ। ਪਰ ਕੁਝ 'ਖਾਸ ਕਾਰਨਾਂ' ਕਰਕੇ ਸ਼ੀਤਲ ਇਸ ਦਰਦ ਵਿੱਚੋਂ ਲੰਘੀ ਅਤੇ ਖ਼ੁਦ ਮਾਂ ਬਣੀ।

6 ਸਾਲ ਤੱਕ ਕੀਤੀ ਕੋਸ਼ਿਸ਼

ਪ੍ਰਨਵ ਠਾਕਰ ਜਮਨਾਗੜ੍ਹ ਕਸਬੇ ਦੇ ਰਹਿਣ ਵਾਲੇ ਹਨ ਅਤੇ ਸ਼ੀਤਲ ਜਮਖੰਬਾਲੀਆ ਕਸਬੇ ਨਾਲ ਸਬੰਧ ਰੱਖਦੀ ਹੈ। ਪੂਰੇ ਰੀਤੀ-ਰਿਵਾਜ਼ਾਂ ਨਾਲ ਦੋਵਾਂ ਦਾ 2006 ਵਿੱਚ ਵਿਆਹ ਹੋਇਆ ਸੀ।

ਵਿਆਹ ਤੋਂ ਤਿੰਨ ਸਾਲ ਬਾਅਦ ਤੱਕ ਵੀ ਦੋਵਾਂ ਦੇ ਕੋਈ ਬੱਚਾ ਨਹੀਂ ਹੋਇਆ ਸੀ। ਜਿਸ ਕਾਰਨ ਉਨ੍ਹਾਂ ਨੇ ਡਾਕਟਰ ਨਾਲ ਸਪੰਰਕ ਕੀਤਾ। ਇਨ੍ਹਾਂ ਤਿੰਨ ਸਾਲਾਂ ਵਿੱਚ ਇਸ ਜੋੜੇ ਨੇ ਬੱਚਾ ਪੈਦਾ ਕਰਨ ਦੇ ਕਈ ਤਰੀਕੇ ਅਪਣਾਏ ਜਿਵੇਂ ਹੋਮਿਊਪੈਥਿਕ, ਆਯੂਰਵੇਦਿਕ ਅਤੇ ਕੁਝ ਐਲੋਪੈਥਿਕ ਇਲਾਜ ਵੀ ਕਰਵਾਇਆ। ਪਰ ਕੋਈ ਨਤੀਜਾ ਨਹੀਂ ਨਿਕਲਿਆ।

ਸਾਲ 2012 ਵਿੱਚ, ਇਸ ਜੋੜੇ ਨੇ IVF ਇਲਾਜ ਕਰਵਾਉਣ ਦਾ ਫ਼ੈਸਲਾ ਲਿਆ। ਹਾਲਾਂਕਿ ਉਨ੍ਹਾਂ ਦਾ ਇਹ ਸਫ਼ਰ ਕਾਫ਼ੀ ਲੰਬਾ ਅਤੇ ਔਖਾ ਸੀ।

ਸ਼ੀਤਲ ਅਤੇ ਪ੍ਰਨਵ ਦਾ ਇਲਾਜ ਕਰਨ ਵਾਲੇ ਡਾਕਟਰ ਹਿਮਾਂਸ਼ੂ ਬਾਵੀਸ਼ੀ ਦਾ ਕਹਿਣਾ ਹੈ, "ਆਮ ਤੌਰ 'ਤੇ ਦੋ ਜਾਂ 4 ਵਾਰ IVF ਇਲਾਜ ਕਰਵਾਉਣ 'ਤੇ ਔਰਤ ਗਰਭਵਤੀ ਹੋ ਜਾਂਦੀ ਹੈ ਪਰ ਸ਼ੀਤਲ ਦੇ ਕੇਸ ਵਿੱਚ ਅਜਿਹਾ ਨਹੀਂ ਹੋਇਆ।''

ਡਾ. ਬਾਵਿਸ਼ੀ ਮੁਤਾਬਕ ਇਹ ਬਹੁਤ ਹੀ ਅਨੌਖਾ ਅਤੇ ਲੰਬਾ ਚੱਲਣ ਵਾਲਾ ਕੇਸ ਸੀ। ਨਾ ਸਿਰਫ਼ ਉਸ ਨੇ 25 ਵਾਰ IVF ਇਲਾਜ ਕਰਵਾਇਆ ਸਗੋਂ 6 ਸਾਲਾਂ ਵਿੱਚ 10 ਵਾਰ ਉਸਦਾ ਮਿਸਕੈਰਿਜ ਹੋਇਆ। ਇਸ ਦੌਰਾਨ ਇੱਕ ਵਾਰ ਕੁਝ ਮਹੀਨਿਆਂ ਤੱਕ ਉਸਦਾ ਭਰੂਣ ਚੰਗਾ ਵਿਕਿਸਤ ਹੋਇਆ ਸੀ, ਪਰ ਉਹ 'ਫੈਲੋਪੀਅਨ ਟਿਊਬ' ਵਿੱਚ ਸੀ ਜਿਸ ਕਾਰਨ ਡਾਕਟਰਾਂ ਨੇ ਮਾਂ ਦੇ ਬਚਾਅ ਲਈ ਭਰੂਣ ਨੂੰ ਡੇਗਣ ਦਾ ਫ਼ੈਸਲਾ ਕੀਤਾ।

ਸ਼ੀਤਲ ਤੇ ਪ੍ਰਣਵ ਠਾਕਰ ਦੀ ਤਸਵੀਰ

ਤਸਵੀਰ ਸਰੋਤ, Darshan Thakker

ਤਸਵੀਰ ਕੈਪਸ਼ਨ, 'ਹਰ ਵਾਰ ਗਰਭਪਾਤ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਸਹਾਰਾ ਦਿੰਦੇ ਸੀ। ਮੈਂ ਉਸ ਨੂੰ ਹੌਸਲਾ ਦਿੰਦਾ ਸੀ ਤੇ ਉਹ ਮੈਨੂੰ ਇੱਕ ਸਕਾਰਾਤਮਕ ਜੋਸ਼ ਨਾਲ ਮੁੜ ਮਨਾਉਣ ਦੀ ਕੋਸ਼ਿਸ਼ ਕਰਦੀ ਸੀ।''

ਸ਼ੀਤਲ ਦਾ ਕਹਿਣਾ ਹੈ, "ਉਹ ਸਮਾਂ ਸਰੀਰਕ ਅਤੇ ਮਾਨਸਿਕ ਪੀੜ੍ਹਾ ਵਾਲਾ ਸੀ ਪਰ ਮੇਰੇ ਪਤੀ ਅਤੇ ਪਰਿਵਾਰ ਦੀ ਦੇਖਭਾਲ ਕਾਰਨ ਮੈਂ ਇਸ ਵਿੱਚ ਕਾਮਯਾਬ ਹੋ ਸਕੀ।''

''IVF ਦੇ ਦੌਰਾਨ, ਫੈਲੋਪੀਅਨ ਟਿਊਬ ਵਿੱਚ ਭਰੂਣ ਬਹੁਤ ਘੱਟ ਵਿਕਿਸਤ ਹੁੰਦਾ ਹੈ, ਪਰ ਮੇਰੇ ਕੇਸ ਵਿੱਚ ਅਜਿਹਾ ਹੋਇਆ ਅਤੇ ਮੈਨੂੰ ਇੱਕ ਹੋਰ ਦਰਦ ਵਿੱਚੋਂ ਲੰਘਣਾ ਪਿਆ।''

"ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਮੈਂ ਸੋਚਿਆ ਕਿ ਅਜਿਹਾ ਸਿਰਫ਼ ਮੇਰੇ ਨਾਲ ਹੀ ਕਿਉਂ ਹੋਇਆ?"

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਸ਼ੀਤਲ ਦੇ ਪਤੀ ਪ੍ਰਨਵ ਦੱਸਦੇ ਹਨ, "ਜਦੋਂ ਅਸੀਂ IVF ਇਲਾਜ ਕਰਵਾ ਰਹੇ ਸੀ। ਉਦੋਂ ਮੇਰੀ ਪਤਨੀ ਗਰਭਵਤੀ ਹੋਈ ਅਤੇ ਫਿਰ ਉਸਦਾ ਮਿਸਕੈਰਿਜ ਹੋ ਗਿਆ। ਇਹ ਸਾਡੇ ਲਈ ਬਹੁਤ ਹੀ ਨਿਰਾਸ਼ਾਜਨਕ ਸੀ।''

ਇਹ ਵੀ ਪੜ੍ਹੋ:

''ਹਰ ਵਾਰ ਗਰਭਪਾਤ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਸਹਾਰਾ ਦਿੰਦੇ ਸੀ। ਮੈਂ ਉਸ ਨੂੰ ਹੌਸਲਾ ਦਿੰਦਾ ਸੀ ਤੇ ਉਹ ਮੈਨੂੰ ਇੱਕ ਸਕਾਰਾਤਮਕ ਜੋਸ਼ ਨਾਲ ਮੁੜ ਮਨਾਉਣ ਦੀ ਕੋਸ਼ਿਸ਼ ਕਰਦੀ ਸੀ।''

ਡਾ. ਬਾਵਿਸ਼ੀ ਦੱਸਦੇ ਹਨ , " IVF ਇਲਾਜ ਅਤੇ ਪ੍ਰੈਗਨੈਂਸੀ ਦੌਰਾਨ ਸਾਰੀਆਂ ਰਿਪੋਰਟਾਂ ਠੀਕ ਆਉਂਦੀਆਂ ਸਨ, ਪਰ ਕੁਝ ਅਜਿਹਾ ਹੁੰਦਾ ਕਿ ਉਹ ਬੱਚੇ ਨੂੰ ਜਨਮ ਨਹੀਂ ਦੇ ਪਾਉਂਦੀ ਸੀ। ਅਸੀਂ ਉਨ੍ਹਾਂ ਦੇ ਮਿਸਕੈਰਿਜਸ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਪਾ ਰਹੇ ਸੀ।''

ਦੋ ਦਹਾਕੇ ਦਾ ਤਜ਼ਰਬਾ ਰੱਖਣ ਵਾਲੀ ਡਾ. ਬਾਵਿਸ਼ੀ ਕਹਿੰਦੀ ਹੈ ਕਿ ਇਹ ਪਹਿਲੀ ਉਦਾਹਰਣ ਹੈ ਜਿਸ ਵਿੱਚ ਜੋੜੇ ਨੇ ਸਬਰ ਰੱਖ ਕੇ 25 ਵਾਰ IVF ਇਲਾਜ ਕਰਵਾਇਆ ਹੈ।

ਜਦੋਂ ਸਬਰ ਦਾ ਫਲ ਮਿਲਿਆ

6 ਸਾਲ ਦੀ ਉਡੀਕ, ਹਜ਼ਾਰਾਂ ਟੀਕਿਆਂ ਦੀ ਦਰਦ ਅਤੇ ਆਪਣਿਆਂ ਦੀਆਂ ਦੁਆਵਾਂ ਦੇ ਨਾਲ ਆਖ਼ਰ ਉਨ੍ਹਾਂ ਨੂੰ ਫਲ ਮਿਲਿਆ। 15 ਅਗਸਤ ਦੁਪਹਿਰ 12.30 ਵਜੇ ਸ਼ੀਤਲ ਨੇ ਇੱਕ ਕੁੜੀ ਨੂੰ ਜਨਮ ਦਿੱਤਾ।

ਬੱਚੀ ਦੀ ਤਸਵੀਰ

ਤਸਵੀਰ ਸਰੋਤ, Bavishi Fertility Institute

ਤਸਵੀਰ ਕੈਪਸ਼ਨ, ਪਕੰਤੀ ਵੱਡੇ ਆਪ੍ਰੇਸ਼ਨ ਨਾਲ ਹੋਈ ਅਤੇ ਉਸ ਸਮੇਂ ਉਸਦਾ ਭਾਰਤ 2.7 ਕਿੱਲੋਗ੍ਰਾਮ ਸੀ

ਪ੍ਰਨਵ ਦੱਸਦੇ ਹਨ, "ਸ਼ੀਤਲ ਨੂੰ ਜਦੋਂ ਲੇਬਰ ਰੂਮ ਵਿੱਚ ਖੜਿਆ ਗਿਆ। ਮੈਂ ਆਪਣੇ ਮਾਤਾ-ਪਿਤਾ ਨਾਲ ਬਾਹਰ ਉਡੀਕ ਕਰ ਰਿਹਾ ਸੀ। ਉਸ ਸਮੇਂ ਬਹੁਤ ਸਾਰੇ ਵਿਚਾਰ ਮੇਰੇ ਮਨ ਵਿੱਚ ਆ ਰਹੇ ਸੀ। ਅਚਾਨਕ, ਅਸੀਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਹ ਮੇਰੇ ਲਈ ਬਹੁਤ ਹੀ ਖੁਸ਼ੀ ਦਾ ਪਲ ਸੀ। ਅਸੀਂ ਖੁਸ਼ੀ ਨਾਲ ਚੀਕਾਂ ਮਾਰਨ ਲੱਗੇ ਅਤੇ ਮੈਂ ਭਾਵੁਕ ਹੋ ਗਿਆ।''

ਨਰਸ ਕਮਰੇ ਤੋਂ ਬਾਹਰ ਆਈ ਅਤੇ ਉਸ ਨੇ ਮੇਰੇ ਹੱਥਾਂ ਵਿੱਚ ਬੱਚਾ ਫੜਾਇਆ। ਉਸ ਨੇ ਕਿਹਾ,''ਸ਼ੀਤਲ ਨੇ ਮੈਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਮੈਂ ਬੱਚੇ ਨੂੰ ਉਸਦੇ ਪਿਤਾ ਦੇ ਹੱਥਾਂ ਵਿੱਚ ਦੇਵਾਂ ਕਿਉਂਕਿ ਉਹ ਇਸਦੀ ਬਹੁਤ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।''

ਪ੍ਰਨਵ ਕਹਿੰਦੇ ਹਨ, "ਪਹਿਲੇ ਕੁਝ ਸੈਕਿੰਡ ਤਾਂ ਮੈਂ ਬੋਲ ਹੀ ਨਹੀਂ ਸਕਿਆ। ਮੈਂ ਪੂਰੀ ਤਰ੍ਹਾਂ ਭਾਵੁਕ ਹੋ ਗਿਆ। ਮੈਂ ਆਪਣੀ ਨਵਜੰਮੀ ਬੱਚੀ ਪਕੰਤੀ ਵੱਲ ਦੇਖ ਰਿਹਾ ਸੀ। ਉਸ ਤੋਂ ਬਾਅਦ ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਆਖ਼ਰਕਾਰ ਉਨ੍ਹਾਂ ਨੇ ਸਾਡੀ ਦੁਆ ਕਬੂਲ ਕਰ ਲਈ ਹੈ।''

ਪਕੰਤੀ ਵੱਡੇ ਆਪ੍ਰੇਸ਼ਨ ਨਾਲ ਹੋਈ ਅਤੇ ਉਸ ਸਮੇਂ ਉਸਦਾ ਭਾਰਤ 2.7 ਕਿੱਲੋਗ੍ਰਾਮ ਸੀ।

'ਮੇਰਾ 10 ਵਾਰ ਗਰਭਪਾਤ ਕਿਉਂ ਹੋਇਆ'

ਜਦੋਂ ਸ਼ੀਤਲ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਡੌਪਸ਼ਨ ਅਤੇ ਸਰੋਗੇਸੀ ਦਾ ਰਸਤਾ ਕਿਉਂ ਨਹੀਂ ਅਪਣਾਇਆ ਤਾਂ ਉਨ੍ਹਾਂ ਨੇ ਕਿਹਾ,''ਮੈਂ ਉਸ ਸਮੇਂ ਸਿਰਫ਼ 30 ਸਾਲ ਦੀ ਸੀ ਅਤੇ ਸਰੀਰਕ ਤੇ ਮਾਨਸਿਕ ਪੱਖੋਂ ਬਿਲਕੁਲ ਤੰਦਰੁਸਤ ਸੀ। ਜੇ ਮੈਂ 40 ਸਾਲ ਦੀ ਹੁੰਦੀ ਤਾਂ ਸ਼ਾਇਦ ਬੱਚਾ ਗੋਦ ਲੈਣ ਬਾਰੇ ਸੋਚਦੀ ਅਤੇ ਡਾਕਟਰਾਂ ਨੇ ਵੀ ਮੈਨੂੰ ਸਰੋਗੇਸੀ ਕਰਵਾਉਣ ਦੀ ਲੋੜ ਨਹੀਂ ਦੱਸੀ।''

ਸ਼ੀਤਲ ਤੇ ਪ੍ਰਣਵ ਠਾਕਰ ਦੀ ਤਸਵੀਰ

ਤਸਵੀਰ ਸਰੋਤ, Bavishi Fertility Institute

ਤਸਵੀਰ ਕੈਪਸ਼ਨ, ਵਿਆਹ ਤੋਂ 12 ਸਾਲ ਬਾਅਦ ਜੋੜੇ ਨੂੰ ਬੱਚੇ ਦਾ ਸੁਖ਼ ਮਿਲਿਆ

ਉਹ ਅੱਗੇ ਦੱਸਦੀ ਹੈ, "ਮੈਂ ਫ਼ੈਸਲਾ ਲਿਆ ਕਿ ਮੈਂ ਖ਼ੁਦ ਬੱਚੇ ਨੂੰ ਜਨਮ ਦੇਵਾਂਗੀ ਭਾਵੇਂ ਕੁਝ ਵੀ ਹੋਵੇ। ਮੈਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੱਕਾ ਇਰਾਦਾ ਰੱਖਿਆ।''

"ਮੈਂ ਖ਼ੁਦ ਮਾਂ ਬਣਨ ਦਾ ਅਹਿਸਾਸ ਲੈਣਾ ਚਾਹੁੰਦੀ ਸੀ, ਮਾਂ ਬਣਨ ਦੀ ਅਸਲ ਖੁਸ਼ੀ। ਮੈਨੂੰ ਮਾਣ ਹੈ ਕਿ ਮੈਂ ਹੌਸਲਾ ਨਹੀਂ ਛੱਡਿਆ।''

"ਮੈਂ ਆਪਣੀ ਕੁਖ਼ ਵਿੱਚ ਬੱਚੇ ਦੇ ਵਿਕਸਿਤ ਹੋਣ ਦਾ ਅਹਿਸਾਸ ਲੈਣਾ ਚਾਹੁੰਦੀ ਸੀ ਅਤੇ ਉਸ ਪਲ ਨੂੰ ਮਹਿਸੂਸ ਕਰਨਾ ਚਾਹੁੰਦੀ ਸੀ ਜਦੋਂ ਇੱਕ ਬੱਚਾ ਮਾਂ ਦੀ ਕੁੱਖ ਵਿੱਚ ਹਿੱਲ-ਜੁਲ ਕਰਦਾ ਹੈ।"

"ਮੈਂ ਸਕਾਰਾਤਮਕ ਸੋਚ ਅਤੇ ਸਕਾਰਾਤਮਕ ਵਿਚਾਰ ਰੱਖਣ ਦਾ ਰਾਹ ਚੁਣਿਆ ਜਿਸ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਆਪਣੇ ਖਾਣ-ਪੀਣ 'ਤੇ ਬਹੁਤ ਕਾਬੂ ਰੱਖਿਆ, ਸ਼ਾਇਦ ਮੇਰਾ ਸੁਆਦ ਖ਼ਤਮ ਹੋ ਗਿਆ ਸੀ ਪਰ ਇਸ ਨੇ ਮੇਰੇ ਬੱਚੇ ਨੂੰ ਬਹੁਤ ਫਾਇਦਾ ਪਹੁੰਚਾਇਆ। "

ਸ਼ੀਤਲ ਠਾਕਰ ਆਪਣੀ ਬੱਚੀ ਦੇ ਨਾਲ

ਤਸਵੀਰ ਸਰੋਤ, Darshan Thakker

ਤਸਵੀਰ ਕੈਪਸ਼ਨ, ਸ਼ੀਤਲ ਠਾਕਰ ਆਪਣੀ ਬੱਚੀ ਦੇ ਨਾਲ

ਸ਼ੀਤਲ ਦਾ ਕਹਿਣਾ ਹੈ,"ਜੇਕਰ ਮੈਂ ਸਰੋਗੇਸੀ ਦਾ ਰਾਹੁ ਚੁਣਦੀ ਤਾਂ ਮੈਨੂੰ ਇੱਕ 'ਰੈਡੀ-ਮੇਡ ਬੇਬੀ' ਮਿਲਦਾ। ਮੈਂ ਆਪਣੇ ਬੱਚੇ ਨੂੰ ਫੀਡ ਵੀ ਨਹੀਂ ਦੇ ਸਕਦੀ ਸੀ। ਮੈਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਆਉਣਾ ਚਾਹੁੰਦੀ ਸੀ।''

"ਅੱਜ ਜਦੋਂ ਮੇਰੀ ਬੱਚੀ ਮੇਰੇ ਨਾਲ ਚਿਪਕਦੀ ਹੈ ਤਾਂ ਮੈਂ ਖ਼ੁਦ ਨੂੰ ਦੁਨੀਆਂ ਦੀ ਸਭ ਤੋਂ ਖੁਸ਼ਨਸੀਬ ਔਰਤ ਮਹਿਸੂਸ ਕਰਦੀ ਹਾਂ। ਲਗਦਾ ਹੈ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ।"

ਸ਼ੀਤਲ ਨੂੰ ਪਰਿਵਾਰ ਦਾ ਸਮਰਥਨ

37 ਸਾਲਾ ਪ੍ਰਨਵ ਠਾਕਰ ਆਪਣੇ ਪਰਿਵਾਰ ਵਿੱਚ ਹੁਣ ਤੱਕ ਸਭ ਤੋਂ ਛੋਟੀ ਔਲਾਦ ਸੀ। ਪਰ ਹੁਣ ਉਨ੍ਹਾਂ ਦੀ ਬੱਚੀ ਨੇ ਠਾਕਰ ਪਰਿਵਾਰ ਦੇ ਵੰਸ਼ ਨੂੰ ਅੱਗੇ ਵਧਾਇਆ ਹੈ। ਪ੍ਰਨਵ ਦੇ ਪਿਤਾ ਕਾਂਤੀਬਾਈ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ ਅਤੇ ਹੁਣ ਸੇਵਾ ਮੁਕਤ ਹੋ ਚੁੱਕੇ ਹਨ। ਪਰਿਵਾਰ ਦੇ ਮੁਖੀ ਦੇ ਤੌਰ 'ਤੇ ਉਹ ਪਰਿਵਾਰ ਦਾ ਬਹੁਤ ਧਿਆਨ ਰੱਖਦੇ ਹਨ। ਖ਼ਾਸ ਤੌਰ 'ਤੇ ਸ਼ੀਤਲ ਦਾ ਉਨ੍ਹਾਂ ਨੇ ਬਹੁਤ ਧਿਆਨ ਰੱਖਿਆ।

ਦਾਦਾ ਦਾਦੀ ਦੇ ਨਾਲ ਬੱਚੀ

ਤਸਵੀਰ ਸਰੋਤ, Darshan Thakker

ਤਸਵੀਰ ਕੈਪਸ਼ਨ, 9 ਮਹੀਨਿਆਂ ਦੀ ਇਸ ਪ੍ਰੈਗਨੈਂਸੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਬਹੁਤ ਧਿਆਨ ਰੱਖਿਆ

10 ਵਾਰ ਗਰਭਪਾਤ ਹੋਣ ਤੋਂ ਬਾਅਦ ਸ਼ੀਤਲ ਲਈ ਸੌਖਾ ਨਹੀਂ ਸੀ। ਪਰ 9 ਮਹੀਨਿਆਂ ਦੀ ਇਸ ਪ੍ਰੈਗਨੈਂਸੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਬਹੁਤ ਧਿਆਨ ਰੱਖਿਆ।

ਇਨ੍ਹਾਂ 6 ਸਾਲਾਂ ਦੌਰਾਨ ਉਨ੍ਹਾਂ ਨੇ ਮਾਸਟਰ ਡਿਗਰੀ ਲਈ ਵੀ ਅਪਲਾਈ ਕੀਤਾ ਸੀ। ਸੌਰਾਸ਼ਟਰਾ ਯੂਨੀਵਰਸਟੀ ਤੋਂ ਉਹ ਪਹਿਲਾਂ ਹੀ ਐਲਐਲਬੀ ਦੀ ਡਿਗਰੀ ਹਾਸਲ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ਸਰਦਾਰ ਪਟੇਲ ਯੂਨੀਵਰਸਟੀ ਤੋਂ ਉਨ੍ਹਾਂ ਨੇ ਐਮਐਲਬੀ ਦੀ ਡਿਗਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਪਬਲਿਕ ਪਰੋਸੀਕਿਊਟਰ ਦੀ ਨੌਕਰੀ ਵੀ ਮਿਲ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)