ਕੋਚਿੰਗ ਸੈਂਟਰ ਗਈ ਕੁੜੀ ਨਾਲ ਸਮੂਹਿਕ ਬਲਾਤਕਾਰ, ਤਿੰਨ ਦਿਨ ਬਾਅਦ ਵੀ ਗ੍ਰਿਫ਼ਤਾਰੀ ਨਹੀਂ

ਤਸਵੀਰ ਸਰੋਤ, Getty Images
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
"ਮੇਰੀ ਧੀ ਨੇ 12ਵੀਂ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਰੇਲਵੇ ਦੀ ਦਾਖਿਲਾ ਪ੍ਰੀਖਿਆ ਦੀ ਕੋਚਿੰਗ ਲੈ ਰਹੀ ਸੀ। ਉਸ ਦਿਨ ਵੀ ਉਹ ਕੋਚਿੰਗ ਲੈਣ ਗਈ ਸੀ। ਸ਼ਾਮ ਨੂੰ 4 ਵਜੇ ਸਾਨੂੰ ਇੱਕ ਮੁੰਡੇ ਦਾ ਫੋਨ ਆਇਆ ਤੇ ਕਿਹਾ ਕਿ ਉਨ੍ਹਾਂ ਦੀ ਧੀ ਸਿਹਤ ਠੀਕ ਨਹੀਂ ਹੈ ਇਸ ਲਈ ਉਸ ਨੂੰ ਬੱਸ ਅੱਡੇ ਤੋਂ ਲੈ ਜਾਓ।"
ਇਹ ਕਹਿਣਾ ਹੈ ਹਰਿਆਣਾ ਦੀ ਰਹਿਣ ਵਾਲੀ 19 ਸਾਲਾ ਰੇਪ ਪੀੜਤਾ ਦੇ ਪਿਤਾ ਦਾ, ਜੋ ਕਿ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਹਨ। ਉਹ ਫੋਨ ਆਉਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਧੀ ਨੇ ਹੱਡਬੀਤੀ ਦੱਸੀ।
ਪੀੜਤਾ ਦੇ ਪਿਤਾ ਨੇ ਅੱਗੇ ਦੱਸਿਆ, "ਉਸ ਦਿਨ ਮੇਰੀ ਬੇਟੀ ਜਿਵੇਂ ਹੀ ਉਹ ਕੋਚਿੰਗ ਸੈਂਟਰ ਨੇੜੇ ਬੱਸ ਉੱਤੇ ਉਤਰੀ, ਬੱਸ ਅੱਡੇ 'ਤੇ ਸਾਡਾ ਗੁਆਂਢੀ ਪੰਕਜ ਕੁਮਾਰ ਖੜ੍ਹਾ ਸੀ। ਪੰਕਜ ਨੇ ਬੇਟੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੱਸ ਅੱਡੇ ਪਿੱਛੇ ਹੀ ਖੇਤਾਂ ਵਿੱਚ ਲੈ ਗਿਆ। ਉੱਥੇ ਮਨੀਸ਼ ਅਤੇ ਨੀਸ਼ੂ ਨਾਮ ਦੇ ਦੋ ਹੋਰ ਮੁੰਡੇ ਵੀ ਮੌਜੂਦ ਸਨ।"
ਇਹ ਵੀ ਪੜ੍ਹੋ:
"ਫਿਰ ਉਨ੍ਹਾਂ ਨੇ ਉਸ ਨੂੰ ਪਾਣੀ ਪਿਆਇਆ 'ਤੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਖੂਹ ਨੇੜੇ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ।"
'ਸਮੇਂ 'ਤੇ ਕਾਰਵਾਈ ਨਹੀਂ ਕੀਤੀ'
ਮਾਪਿਆਂ ਨੇ ਮਹਿਲਾ ਪੁਲਿਸ ਥਾਣੇ ਵਿੱਚ ਤਿੰਨਾਂ ਨੌਜਵਾਨਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਫੌਜ ਵਿੱਚ ਭਰਤੀ ਹੈ, ਜਦੋਂ ਦੋ ਦਿਹਾੜੀਦਾਰ ਕਾਮੇ ਹਨ।

ਤਸਵੀਰ ਸਰੋਤ, Sat singh/bbc
ਹਾਲਾਂਕਿ ਪੀੜਤਾ ਦੀ ਮਾਂ ਦਾ ਇਲਜ਼ਾਮ ਹੈ ਕਿ ਮੁਲਜ਼ਮ ਖੁੱਲ੍ਹੇਆਮ ਪਿੰਡ ਵਿੱਚ ਘੁੰਮ ਰਹੇ ਸਨ ਪਰ ਪੁਲਿਸ ਨੇ ਕਾਰਵਾਈ ਕਰਨ ਵਿੱਚ ਦੇਰੀ ਕਰ ਦਿੱਤੀ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਉਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ:
ਹਾਲਾਂਕਿ ਬੀਬੀਸੀ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਅਨਿਰੁਧ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਵਾਈ ਵਿੱਚ ਕੋਈ ਢਿੱਲ ਨਹੀਂ ਵਰਤੀ ਅਤੇ ਮੁਲਜ਼ਮਾਂ ਖਿਲਾਫ਼ ਆਈਪੀਸੀ ਦੀ ਧਾਰਾ 376-ਡੀ (ਗੈਂਗਰੇਪ) ਅਤੇ ਧਾਰਾ 365 (ਅਗਵਾ) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਗ੍ਰਿਫ਼ਤਾਰੀ ਲਈ ਛਾਪੇਮਾਰੀ
ਪੁਲਿਸ ਦਾ ਦਾਅਵਾ ਹੈ ਕਿ ਇਹਘਟਨਾ ਬੁੱਧਵਾਰ ਰੇਵਾੜੀ ਜ਼ਿਲ੍ਹੇ ਦੇ ਖੇਤਰ ਵਿਚ ਹੋਈ ਸੀ, ਇਸ ਲਈ ਪੁਲਿਸ ਨੇ ਜ਼ੀਰੋ ਐਫ਼ਆਈਆਰ ਦਰਜ ਕੀਤੀ ਸੀ। ਦੂਜੇ ਦਿਨ ਇਹ ਮਾਮਲਾ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਪੁਲਿਸ ਨੂੰ ਤਬਦੀਲ ਕੀਤਾ ਗਿਆ। ਸ਼ੁੱਕਰਵਾਰ ਨੂੰ ਪੁਲਿਸ ਨੇ ਲੜਕੀ ਦੇ ਧਾਰਾ 164 ਤਹਿਤ ਬਿਆਨ ਦਰਜ ਕੀਤੇ ਹਨ।

ਤਸਵੀਰ ਸਰੋਤ, Sat singh/bbc
ਸ਼ੁੱਕਰਵਾਰ ਬਾਅਦ ਦੁਪਹਿਰ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ, ਹਰਿਆਣਾ ਪੁਲਿਸ ਦੇ ਏਡੀਜੀਪੀ ਸ੍ਰੀ ਕਾਂਤ ਜਾਧਵ ਨੇ ਕਿਹਾ ਕਿ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਾਧਵ ਨੇ ਕਿਹਾ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ।












